ਸ਼ਬਦੰਗਲ-27


ਜੈ ਨਿਰਾਨ ਜਯਾਨੇਸਨ-ਜੈ ਕੈਨੇਡੀਅਨ ਪੁਲਸ
===================== 
ਅਖ਼ਬਾਰਾਂ ਦੇ ਨਿਊਜ਼ ਰੂਮਜ਼ ਵਿਚ ਕੰਮ ਕਰਦਿਆਂ, ਤਜਰਬੇ ਨਾਲ਼ ਹੀ ਇਹ ਗੱਲ ਸਿੱਖੀ ਸੀ ਕਿ ਖ਼ਬਰਾਂ ਜਾਂ ਲੇਖਾਂ ਦਾ ਸੰਪਾਦਨ ਕਰਦਿਆਂ, ਕੁੱਝ ਸ਼ਬਦ ਜਾਂ ਸਤਰਾਂ ਕੱਟ ਦੇਣਾ ਹੀ ਸੰਪਾਦਨ ਨਹੀਂ ਹੁੰਦਾ। ਕੱਟੇ ਹੋਏ ਸ਼ਬਦਾਂ ਜਾਂ ਸਤਰਾਂ ਦੀ ਥਾਂ, ਕੁੱਝ ਹੋਰ ਸ਼ਬਦ ਜਾਂ ਸਤਰਾਂ ਲਿਖਣਾ ਜਾਂ ਪਾਉਣਾ ਵੀ ਸੰਪਾਦਨ ਦੇ ਹੁਨਰ ਦਾ ਹਿੱਸਾ ਹੁੰਦਾ ਹੈ। ਇਹ ਲੇਖ ਪੁਲਸ ਬਾਰੇ ਹੈ, ਪਰ ਇਸ ਵਿਚ ਸੰਪਾਦਨ ਦੇ ਹੁਨਰ ਦਾ ਜ਼ਿਕਰ ਬੇਵਜ੍ਹਾ ਹੀ ਨਹੀਂ ਕੀਤਾ ਗਿਆ। ਮੈਨੂੰ ਲੱਗਦਾ ਹੈ ਕਿ ਪੁਲਸ ਦਾ ਕੰਮ ਵੀ, ਸੰਪਾਦਨ ਦੇ ਹੁਨਰ ਦੇ ਇਸ ਨੁਕਤੇ ਨਾਲ਼ ਬਹੁਤ ਮਿਲਦਾ-ਜੁਲਦਾ ਹੈ।
ਗੱਲ ਕੀਤੀ ਹੈ ਤਾਂ ਇਹ ਨਿਖ਼ਾਰਨੀ ਵੀ ਪਊਗੀ। ਜੇ ਸੰਪਾਦਨ ਕਰਦਿਆਂ ਕੋਈ ਸੰਪਾਦਕ ਕਿਸੇ ਲੇਖ ਜਾਂ ਖ਼ਬਰ ਦਾ ਕੁੱਝ ਹਿੱਸਾ ਕੱਟ ਦਿੰਦਾ ਹੈ ਤਾਂ ਹੋ ਸਕਦਾ ਹੈ ਕਿ ਉਹ ਖ਼ਬਰ ਜਾਂ ਲੇਖ ਪੜ੍ਹਨ ਵਾਲ਼ੇ ਕੁੱਝ ਪਾਠਕਾਂ ਨੂੰ ਉਹ ਲੇਖ ਜਾਂ ਖ਼ਬਰ ਪੜ੍ਹਦਿਆਂ ਕੱਟੇ ਹੋਏ ਹਿੱਸੇ ਵਾਲ਼ੀ ਥਾਂ ਆਉਣ 'ਤੇ, ਅੱਗੇ ਪੜ੍ਹਨ ਵਿਚ ਇਕ ਮਾਨਸਕ ਹੁਝਕਾ ਜਿਹਾ ਲੱਗੇ। ਉਨ੍ਹਾਂ ਪਾਠਕਾਂ ਨੂੰ ਉਸ ਹੁਝਕੇ ਜਿਹੇ ਤੋਂ ਬਚਾਉਣ ਲਈ ਸਿਆਣਾ ਸੰਪਾਦਕ ਕੱਟੇ ਹੋਏ ਸ਼ਬਦਾਂ ਜਾਂ ਸਤਰਾਂ ਦੀ ਥਾਂ ਕੁੱਝ ਸੰਖੇਪ ਜਿਹੇ ਸ਼ਬਦ ਆਪ ਹੀ ਲਿਖ ਦੇਵੇਗਾ। ਹੁਣ ਤੁਸੀਂ ਕਹੋਗੇ ਕਿ ਭਲਾ ਇਸ ਗੱਲ ਦਾ ਪੁਲਸ ਨਾਲ਼ ਕੀ ਲੈਣ-ਦੇਣ ਹੋਇਆ! ਪੁਲਸ ਜਦੋਂ ਕਿਸੇ ਮੁਲਜ਼ਮ ਨੂੰ ਕਿਸੇ ਗੁਨਾਹ ਦੇ ਸਬੰਧ ਵਿਚ ਫੜ ਕੇ ਥਾਣੇ ਲਿਜਾਂਦੀ ਹੈ ਤਾਂ ਉਸ ਦਾ ਕੰਮ, ਉਸ ਮੁਲਜ਼ਮ ਨੂੰ ਕੁੱਟਣਾ-ਮਾਰਨਾ ਜਾਂ ਤਸੀਹੇ ਦੇਣਾ ਹੀ ਨਹੀਂ ਹੋਣਾ ਚਾਹੀਦਾ, ਸਗੋਂ ਉਸ ਮੁਲਜ਼ਮ ਨੂੰ ਅੱਗੋਂ ਗੁਨਾਹ ਕਰਨੋਂ ਬਚਣ ਲਈ ਤਿਆਰ ਕਰਨਾ ਵੀ ਹੋਣਾ ਚਾਹੀਦਾ ਹੈ। ਜੇ ਪੁਲਸ ਉਸ ਮੁਲਜ਼ਮ ਨੂੰ ਸੁਧਾਰਨ ਦਾ ਹੀਲਾ ਕਰਨ ਦੀ ਥਾਂ, ਮਾੜੇ ਸੰਪਾਦਕ ਵੱਲੋਂ ਕੁੱਝ ਸ਼ਬਦ ਜਾਂ ਸਤਰਾਂ ਕੱਟ ਕੇ ਅੱਗੇ ਲੰਘ ਜਾਣ ਵਾਂਗ ਉਸ ਮੁਲਜ਼ਮ ਨੂੰ ਕੁੱਟਣ-ਮਾਰਨ ਵੱਲ ਹੀ ਵਧੇਰੇ ਗ਼ੌਰ ਕਰਦੀ ਹੈ ਤਾਂ ਹੋ ਸਕਦਾ ਹੈ ਕਿ ਉਸ ਕੁੱਟ-ਮਾਰ ਵਿਰੁੱਧ ਰੋਸ ਜ਼ਾਹਰ ਕਰਨ ਲਈ ਉਹ ਮੁਲਜ਼ਮ ਅਗਲੀ ਵਾਰ ਹੋਰ ਵੱਡਾ ਗੁਨਾਹ ਕਰੇ।
ਹੁਣ ਵਾਰੀ ਹੈ, ਇਸ ਸਬੰਧ ਵਿਚ ਕੋਈ ਢੁੱਕਵੀਂ ਮਿਸਾਲ ਦੇਣ ਦੀ। ਇਸੇ ਹੀ ਸਾਲ ਅਗੱਸਤ ਦੇ ਦੂਜੇ ਹਫ਼ਤੇ ਦੌਰਾਨ ਟੋਰਾਂਟੋ ਦੀ ਪੁਲਸ ਨੇ ਇਕ ਮੁੰਡੇ ਨੂੰ, ਕਿਸੇ ਨੌਕਰੀ ਲਈ ਇੰਟਰਵਿਊ ਦੇਣ ਜਾਣ ਵੇਲ਼ੇ ਪਹਿਨਿਆ ਜਾਣ ਵਾਲ਼ਾ ਲਿਬਾਸ ਚੋਰੀ ਕਰਨ ਦੇ ਹੀਲੇ ਕਰਦਾ ਫੜ ਲਿਆ। ਉਸ ਨੂੰ ਹਿਰਾਸਤ ਵਿਚ ਲੈਣ ਵਾਲ਼ੇ ਕਾਂਸਟੇਬਲ ਨਿਰਾਨ ਜਯਾਨੇਸਨ ਨੇ ਉਸ ਨੂੰ ਫੜਦਿਆਂ ਹੀ ਕੁੱਟਣ-ਮਾਰਨ ਦੀ ਥਾਂ, ਉਸ ਨਾਲ਼ ਗੱਲਾਂ ਕਰਦਿਆਂ ਉਸ ਦੇ ਮਨ ਦੀ ਵੇਦਨਾ ਸੁਣਨ-ਸਮਝਣ ਦਾ ਹੀਲਾ ਕੀਤਾ। ਚੋਰੀ ਕਰਨ ਲਈ ਮਜਬੂਰ ਹੋਏ ਉਸ ਨੌਜੁਆਨ ਦੀ ਦਾਸਤਾਨ ਸੁਣ ਕੇ ਉਸ ਪੁਲਸ ਮੁਲਾਜ਼ਮ ਦਾ ਮਨ ਪਸੀਜ ਗਿਆ।
ਇਹ ਲੇਖ ਲਿਖਣ ਦੀ ਅਸਲ ਵਜ੍ਹਾ ਉਸ ਪੁਲਸ ਮੁਲਾਜ਼ਮ ਵੱਲੋਂ ਉਸ ਨੌਜੁਆਨ ਨੂੰ ਚੋਰੀ ਕਰਨ ਦਾ ਹੀਲਾ ਕਰਨ ਦੇ ਦੋਸ਼ ਹੇਠ ਕੁੱਟਣ-ਫੈਂਟਣ ਦੀ ਥਾਂ, ਕੀਤਾ ਹੋਇਆ ਬਦਲਵਾਂ ਅਮਲ ਹੈ। ਇਸ ਬਦਲਵੇਂ ਅਮਲ ਦਾ ਨਤੀਜਾ ਹੀ ਹੈ ਕਿ ਹੁਣ ਕੱਪੜੇ ਚੋਰੀ ਕਰਨ ਦਾ ਹੀਲਾ ਕਰਨ ਵਾਲ਼ੇ ਉਸ ਮੁੰਡੇ ਨੂੰ ਉਹੀ ਨੌਕਰੀ ਮਿਲ ਗਈ ਹੈ, ਜਿਸ ਲਈ ਇੰਟਰਵਿਊ ਦੇਣ ਜਾਣ ਖ਼ਾਤਰ ਉਸ ਨੇ ਕੱਪੜੇ ਚੋਰੀ ਕਰਨ ਦਾ ਹੀਲਾ ਕੀਤਾ ਸੀ। ਕਾਂਸਟੇਬਲ ਨਿਰਾਨ ਜਯਾਨੇਸਨ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਸੋਮਵਾਰ ਉਹ ਮੁੰਡਾ ਕੱਪੜੇ ਚੋਰੀ ਕਰਨ ਲੱਗਿਆਂ ਫੜਿਆ ਗਿਆ ਸੀ, ਉਸ ਤੋਂ ਅਗਲੇ ਹੀ ਸੋਮਵਾਰ ਉਹ ਕੰਮ 'ਤੇ ਲੱਗ ਗਿਆ ਸੀ।
ਹੋਇਆ ਇਹ ਸੀ ਕਿ ਇਕ ਸਟੋਰ ਦੇ ਸਟਾਫ ਨੇ ਸਮਝ ਲਿਆ ਕਿ ਉਹ ਮੁੰਡਾ ਇਕ ਕਮੀਜ਼, ਇਕ ਟਾਈ ਅਤੇ ਜੁਰਾਬਾਂ ਦਾ ਇਕ ਜੋੜਾ ਚੋਰੀ ਕਰਨ ਦੇ ਹੀਲੇ ਕਰ ਰਿਹਾ ਹੈ। ਉਨ੍ਹਾਂ ਨੇ ਤੁਰੰਤ ਹੀ ਪੁਲਸ ਨੂੰ ਇਤਲਾਹ ਦੇ ਕੇ, ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਉਸ ਨੂੰ ਜਿਸ ਪੁਲਸ ਮੁਲਾਜ਼ਮ ਦੇ ਹਵਾਲੇ ਕੀਤਾ ਗਿਆ ਸੀ, ਉਸ ਨੇਕ-ਦਿਲ ਪੁਲਸ ਮੁਲਾਜ਼ਮ ਦਾ ਨਾਂ ਹੀ ਨਿਰਾਨ ਜਯਾਨੇਸਨ ਹੈ।
ਜਯਾਨੇਸਨ ਨੇ ਏਦਾਂ ਦੱਸਿਆ, "ਉਹ ਨੌਜੁਆਨ, ਜ਼ਿੰਦਗ਼ੀ ਦੀਆਂ ਮੁਸ਼ਕਲਾਂ ਵਿਚ ਬੁਰੀ ਤਰ੍ਹਾਂ ਉਲਝਿਆ ਹੋਇਆ ਸੀ। ਉਹ ਕੋਈ ਨੌਕਰੀ ਜਾਂ ਕੰਮ ਹਾਸਲ ਕਰ ਕੇ ਇਹ ਮੁਸ਼ਕਲਾਂ ਸੁਲਝਾਉਣ ਦਾ ਹੀਲਾ ਕਰਦਿਆਂ, ਆਪਣੇ ਘਰ ਦਿਆਂ ਜੀਆਂ ਨੂੰ ਸੁੱਖ ਦੇਣਾ ਚਾਹੁੰਦਾ ਸੀ ਕਿਉਂ ਕਿ ਉਸ ਕੋਲ ਰੁਜ਼ਗ਼ਾਰ ਦਾ ਕੋਈ ਵਸੀਲਾ ਨਹੀਂ ਸੀ। ਉਹ ਇਕ ਨੌਕਰੀ ਹਾਸਲ ਕਰਨ ਖ਼ਾਤਰ ਇੰਟਰਵਿਊ ਦੇਣ ਜਾਣਾ ਚਾਹੁੰਦਾ ਸੀ, ਪਰ ਉਸ ਕੋਲ਼ ਇੰਟਰਵਿਊ ਦੇਣ ਜਾਣ ਮੌਕੇ 'ਤੇ ਪਹਿਨਣ ਯੋਗ ਅਤੇ ਢੁੱਕਵੇਂ ਕੱਪੜੇ ਨਹੀਂ ਸਨ। ਫੜੇ ਜਾਣ ਮਗਰੋਂ ਉਸ ਮੁੰਡੇ ਨੇ ਆਪਣਾ ਹਾਲ ਸੁਣਾਉਂਦਿਆਂ ਮੈਨੂੰ ਦੱਸਿਆ ਕਿ ਉਸ ਦਾ ਬਾਪ ਬਿਮਾਰ ਰਹਿੰਦਾ ਹੈ ਤੇ ਉਸ ਦੇ ਇਲਾਜ ਉੱਤੇ ਮੋਟੀ ਰਕਮ ਖ਼ਰਚੀ ਜਾ ਚੁੱਕੀ ਹੈ। ਉਸ ਦੇ ਪਰਿਵਾਰ ਦੀ ਹਾਲਤ ਬਹੁਤ ਪਤਲੀ ਹੈ।"
ਸੀਨੀਅਰ ਅਧਿਕਾਰੀ ਸਟਾਫ ਸਰਜੈਂਟ ਪੌਲ ਬੋਇਸ ਨੇ ਕਾਂਸਟੇਬਲ ਨਿਰਾਨ ਜਯਾਨੇਸਨ ਦੇ ਕੰਮ ਦੀ ਤਾਰੀਫ਼ ਕਰਦਿਆਂ ਦੱਸਿਆ ਕਿ ਉਸ 18 ਸਾਲਾ ਮੁੰਡੇ ਨੂੰ ਹਿਰਾਸਤ ਵਿਚ ਲੈਣ ਨਾਲ਼ ਕਿਸੇ ਦਾ ਵੀ ਕੁੱਝ ਨਹੀਂ ਬਣਨਾ ਸੀ। ਜਦੋਂ ਮੈਨੂੰ ਇਸ ਸਬੰਧ ਵਿਚ ਇਤਲਾਹ ਮਿਲੀ ਤਾਂ ਮੈਂ ਇਸ ਅਮਲ ਦੇ ਹੱਕ ਵਿਚ ਪ੍ਰਤੀਕਰਮ ਦਿੱਤਾ ਕਿਉਂ ਨਿਰਾਨ ਜਯਾਨੇਸਨ ਵੱਲੋਂ ਚੰਗੀ ਕਾਰਵਾਈ ਕਰਨ ਨਾਲ਼, ਹੋਰ ਉਲਝਣ ਦੀ ਥਾਂ, ਸਾਰੇ ਹੀ ਮਸਲੇ ਸੁਲਝ ਗਏ। ਇਸ ਨਾਲ਼, ਪੁਲਸ ਵੱਲੋਂ ਲੋਕਾਂ ਦਾ ਭਲਾ ਕਰਨ ਵਾਲ਼ੀ ਨਮੂਨੇ ਦੀ ਸੰਸਥਾ ਬਣਨ ਦੇ ਉਦੇਸ਼ਾਂ ਪ੍ਰਤੀ ਵੀ ਧਿਆਨ ਦਿੱਤਾ ਜਾ ਸਕਿਆ ਹੈ।"
ਭਾਵੇਂ ਲੱਗਦਾ ਹੈ ਕਿ ਗੱਲ ਇੱਥੇ ਹੀ ਮੁੱਕ ਗਈ ਹੈ, ਪਰ ਮੈਨੂੰ ਲੱਗਦਾ ਹੈ ਕਿ ਜੇ ਇਸੇ ਹੀ ਗੱਲ ਦਾ ਦੂਜਾ ਪਹਿਲੂ ਨਾ ਛੋਹਿਆ ਗਿਆ ਤਾਂ ਇਹ ਲੇਖ ਲਿਖਣ ਦਾ ਉਦੇਸ਼ ਪੂਰਾ ਨਹੀਂ ਹੋਵੇਗਾ। ਨਾਮ ਤੋਂ ਨਿਰਾਨ ਜਯਾਨੇਸਨ, ਉਹ ਭਾਰਤੀ ਲੱਗਦਾ ਹੈ, ਜਿਸ ਦਾ ਸਬੰਧ ਦੱਖਣੀ ਭਾਰਤ ਨਾਲ਼ ਹੋਵੇ। ਜੇ ਉਹ ਪੰਜਾਬ ਵਿਚ ਜੰਮਿਆ ਹੁੰਦਾ ਜਾਂ ਪੰਜਾਬ ਪੁਲਸ ਵਿਚ ਮੁਲਾਜ਼ਮਤ ਕਰਦਾ ਹੁੰਦਾ ਤੇ ਇਸ ਲੇਖ ਦੇ ਪਹਿਲੇ ਹਿੱਸੇ ਵਿਚ ਦਰਜ ਕੀਤੀ ਹੋਈ ਵਾਰਦਾਤ ਪੰਜਾਬ ਵਿਚ ਕਿਤੇ ਹੋਈ ਹੁੰਦੀ ਤਾਂ ਜੋ ਹੋਣਾ ਸੀ, ਉਸ ਵੱਲ ਗ਼ੌਰ ਕੀਤਾ ਜਾਣਾ ਬਣਦਾ ਹੈ। 
ਪੰਜਾਬ ਪੁਲਸ ਦੇ ਮੁਲਾਜ਼ਮ ਨੇ ਉਸ ਮੁਲਜ਼ਮ ਨੇ ਉਸ ਨੂੰ ਫੜਦਿਆਂ ਸਾਰ ਹੀ ਉਸ ਦੇ ਕੰਨਾਂ ਉੱਤੇ ਅਜਿਹੇ ਪੰਜ-ਸੱਤ ਲਫੇੜੇ ਜੜਨੇ ਸਨ ਕਿ ਉਸ ਦੇ ਕੰਨਾਂ ਨੇ ਨਾ ਸਿਰਫ਼ 'ਸਾਂ-ਸਾਂ' ਕਰਨ ਨਹੀਂ ਲੱਗ ਜਾਣਾ ਸੀ, ਸਗੋਂ ਉਨ੍ਹਾਂ ਵਿਚੋਂ ਅੱਗ ਨਿੱਕਲਦੀ ਵੀ ਉਸ ਨੌਜੁਆਨ ਨੂੰ ਮਹਿਸੂਸ ਹੋਣੀ ਸੀ। ਜਦੋਂ ਕਿੰਨਾ ਹੀ ਸਮਾਂ ਉਸ ਨੂੰ ਪੁਲਸ ਮੁਲਾਜ਼ਮ ਵੱਲੋਂ ਉਸ ਨੂੰ ਕੀਤੇ ਹੋਏ ਸੁਆਲ ਨਹੀਂ ਸੁਣਨੇ ਸੀ, ਉਸ ਨੂੰ ਜ਼ਮੀਨ ਉੱਤੇ ਸੁੱਟ ਕੇ ਉਸ ਦੀਆਂ ਵੱਖੀਆਂ ਵਿਚ ਦੋ-ਚਾਰ ਠੁੱਡੇ ਵੀ ਵੱਜ ਚੁੱਕੇ ਹੋਣੇ ਸਨ ਤੇ ਉਹ ਧਰਤੀ ਉੱਤੇ ਲਿਟਦੇ ਰਹਿਣ ਲਈ ਮਜਬੂਰ ਹੋ ਜਾਣਾ ਸੀ।
ਇੱਥੇ ਹੀ ਬੱਸ ਨਹੀਂ, ਅਗਲੇ ਦਿਨ ਦੇ ਅਖ਼ਬਾਰਾਂ ਵਿਚ, ਥਾਣੇ ਦੇ ਸਾਰੇ ਅਮਲੇ ਵੱਲੋਂ ਉਸ ਮੁੰਡੇ ਨੂੰ ਅੱਗੇ ਪੈਰਾਂ ਵਿਚ ਬਹਾ ਕੇ ਖਿਚਾਈ ਹੋਈ ਤਸਵੀਰ ਛਪੀ ਹੋਣੀ ਸੀ ਤੇ ਉਸ ਮੁੰਡੇ ਲਈ ਪੱਕਾ ਚੋਰ ਬਣ ਜਾਣ ਦਾ ਰਾਹ ਖੁੱਲ੍ਹ ਗਿਆ ਹੋਣਾ ਸੀ। ਕਿਸੇ ਨੇ ਵੀ ਇਹ ਨਹੀਂ ਦੇਖਣਾ ਸੀ ਕਿ ਉਸ ਨੇ ਚੋਰੀ ਕਰਨ ਦਾ ਹੀਲਾ ਕੀਤਾ ਵੀ ਸੀ ਜਾਂ ਉਸ ਨੂੰ ਇਹ ਗੁਨਾਹ ਕਿਹੜੇ ਹਾਲਾਤ ਅਧੀਨ ਕਰਨਾ ਪੈ ਰਿਹਾ ਸੀ। ਕਈ ਵਾਰ ਜਦੋਂ ਸਾਨੂੰ ਉਸ ਗੁਨਾਹ ਦੀ ਵੀ ਬਹੁਤ ਜ਼ਿਆਦਾ ਸਜ਼ਾ, ਤਫ਼ਤੀਸ਼ ਕਰਨ ਦੌਰਾਨ ਹੀ ਦੇ ਦਿੱਤੀ ਜਾਂਦੀ ਹੈ ਤਾਂ ਸਾਡਾ ਮਨ ਕੁਰਲਾਉਂਦਾ ਹੈ ਕਿ ਜੇ ਬੇਕਸੂਰ ਹੋ ਕੇ ਵੀ ਆਹੀ ਕੁੱਝ ਭੁਗਤਣਾ ਸੀ ਤਾਂ ਗੁਨਾਹ ਕਰ ਹੀ ਲੈਂਦਾ। ਅਜਿਹੇ ਮੌਕਿਆਂ 'ਤੇ ਜ਼ਮੀਰ ਦਾ ਵੱਡਾ ਹਿੱਸਾ ਤੁਹਾਨੂੰ ਸੱਚੀਂ ਦਾ ਗੁਨਾਹਗ਼ਾਰ ਬਣਨ ਲਈ ਉਕਸਾਉਣ ਲੱਗਦਾ ਹੈ।
ਇਹ ਸੱਚਾਈ ਹੈ ਕਿ ਪੰਜਾਬ ਵਿਚ ਫੜੇ ਗਏ ਬਹੁਤ ਸਾਰੇ ਬੇਗੁਨਾਹ ਲੋਕ, ਪੁਲਸ ਵੱਲੋਂ ਕੀਤੀ ਗਈ ਨਜਾਇਜ਼ ਕੁੱਟ-ਮਾਰ ਦੀ ਵਜ੍ਹਾ ਨਾਲ਼ ਮੁਲਜ਼ਮ ਤੋਂ ਮੁਜਰਮ ਬਣਨ ਦਾ ਸਫ਼ਰ ਕਰ ਜਾਂਦੇ ਹਨ। ਅਗਲੀਆਂ ਵਾਰਦਾਤਾਂ ਕਰਨ ਸਮੇਂ ਇਹੋ ਗੱਲ ਉਨ੍ਹਾਂ ਨੂੰ ਚੇਤੇ ਰਹਿੰਦੀ ਹੈ ਕਿ 'ਭਲਾਮਾਣਸ ਬਣ ਕੇ ਵੀ ਤੂੰ ਚੱਡੇ ਪੜਵਉਣ ਤੋਂ ਬਗ਼ੈਰ ਕੀ ਖੱਟਿਆ ਸੀ।' 
ਕਾਂਸਟੇਬਲ ਨਿਰਾਨ ਜਯਾਨੇਸਨ ਵੱਲੋਂ, ਆਦੀ ਚੋਰ ਸਮਝੇ ਜਾਂਦੇ ਉਸ ਨੌਜੁਆਨ ਨੂੰ ਨੌਕਰੀ ਲਈ ਇੰਟਰਵਿਊ ਦੇਣ ਜਾਣ ਖ਼ਾਤਰ ਤਿਆਰ ਹੋਣ ਲਈ ਢੁੱਕਵੇਂ ਕੱਪੜੇ ਅਤੇ ਹੋਰ ਸਾਮਾਨ ਲੈ ਕੇ ਦੇਣ ਮਗਰੋਂ ਉਸ ਮੁੰਡੇ ਨੂੰ ਰੁਜ਼ਗ਼ਾਰ ਮਿਲਣ ਜਾਣਾ, ਕਈ ਮੈਡਲਾਂ ਅਤੇ ਤਰੱਕੀਆਂ ਮਿਲ ਜਾਣ ਵਾਂਗ ਲੱਗਦਾ ਹੋਏਗਾ। ਭਾਵੇਂ ਪੁਲਸ ਨੇ ਉਸ ਬੇਰਜ਼ਗ਼ਾਰ ਨੌਜੁਆਨ ਨੂੰ ਨੌਕਰੀ ਹਾਸਲ ਕਰਨ ਵਿਚ ਸਹਾਇਤਾ ਦਿੱਤੀ ਹੈ, ਪਰ ਉਸ ਨੂੰ ਅੱਗੇ ਬਹਾ ਕੇ ਉਸ ਨਾਲ਼ ਤਸਵੀਰ ਖਿਚਾ ਕੇ ਅਖ਼ਬਾਰਾਂ ਵਿਚ ਨਹੀਂ ਛਪਾਈ ਅਤੇ ਉਸ ਦਾ ਨਾਂ ਵੀ ਨਸ਼ਰ ਨਹੀਂ ਕੀਤਾ। ਇਹ ਘਟਨਾ ਸਾਨੂੰ ਪੰਜਾਬ ਤੋਂ ਆਇਆਂ ਨੂੰ ਕੈਨੇਡਾ ਦੀ ਪੁਲਸ ਦੇ ਵਾਰੇ-ਵਾਰੇ ਜਾਣ ਨੂੰ ਮਜਬੂਰ ਨਹੀਂ ਕਰਦੀ? ਧੰਨ ਕੈਨੇਡਾ-ਧੰਨ ਇੱਥੋਂ ਦੀ ਪਲਸ! ਨਿਰਾਨ ਜਯਾਨੇਸਨ-ਜ਼ਿੰਦਾਬਾਦ!! #