ਸ਼ਬਦੰਗਲ-29



'ਸੂਰਜ ਦੀ ਦੂਜੀ ਅੱਖ' ਵੀ ਚੋਭ ਕੇ ਹੀ ਹਟਿਆ ਨਾਵਲਕਾਰ

============================
ਬਹੁਤ ਮਹਿੰਗਾ ਪਏਗਾ ਇਤਿਹਾਸ ਨੂੰ ਮਿਥਹਾਸ ਬਣਾਉਣਾ
*********************************************
ਜੇ 'ਸੂਰਜ ਦੀ ਅੱਖ' ਸਿਰਲੇਖ ਵਾਲ਼ਾ ਇਹ ਨਾਵਲ ਪੜ੍ਹਨ ਤੋਂ ਪਹਿਲਾਂ, ਮੈਂ ਬਲਦੇਵ ਸਿੰਘ 'ਸੜਕਨਾਮਾ' ਦਾ ਲਿਖਿਆ ਹੋਇਆ ਉਹ ਨਾਵਲ (ਢਾਵਾਂ ਦਿੱਲੀ ਦੇ ਕਿੰਗਰੇ) ਨਾ ਪੜ੍ਹਿਆ ਹੁੰਦਾ, ਜਿਸ ਨੇ ਉਨ੍ਹਾਂ ਨੂੰ ਸਾਹਿਤ ਅਕੈਡਮੀ ਦਾ ਵਕਾਰੀ ਇਨਾਮ ਦੁਆਇਆ ਸੀ ਤਾਂ ਸ਼ਾਇਦ ਇਹ ਗੱਲ ਸਮਝ ਨਾ ਆਉਂਦੀ ਕਿ ਸਾਹਿਤ 'ਸਕੈਂਡਲ' ਜਾਂ 'ਸਾਜ਼ਿਸ਼' ਵੀ ਹੋ ਸਕਦਾ ਹੈ। 'ਢਾਵਾਂ ਦਿੱਲੀ ਦੇ ਕਿੰਗਰੇ' ਨਾਵਲ 'ਦੁੱਲਾ ਭੱਟੀ' ਦੀ ਕਹਾਣੀ ਦਾ ਨਾਵਲੀ ਪੁਨਰ ਕਥਨ ਹੈ ਤੇ 'ਸੂਰਜ ਦੀ ਅੱਖ' ਨਾਵਲ 'ਮਹਾਰਾਜਾ ਰਣਜੀਤ ਸਿੰਘ' ਦੇ ਇਤਿਹਾਸ ਦਾ ਨਾਵਲੀ ਰੁਪਾਂਤਰ ਹੈ। ਇਤਿਹਾਸ ਜਾਂ ਇਤਿਹਾਸਕ ਪਾਤਰਾਂ ਦੇ ਆਧਾਰ ਉੱਤੇ ਨਾਟਕ ਜਾਂ ਪਟਕਥਾਵਾਂ ਲਿਖਣਾ ਤਾਂ ਕੋਈ ਪ੍ਰਾਪਤੀ ਜਾਂ ਨਵੀਂ ਗੱਲ ਹੋ ਸਕਦੀ ਹੈ, ਪਰ ਇਤਿਹਾਸ ਨੂੰ ਮਿਥਹਾਸ ਬਣਾ ਕੇ ਕਾਲਪਨਿਕ ਛੋਹਾਂ ਦੇਣਾ ਤਾਂ ਕਿਸੇ ਇਤਿਹਾਸਕ ਤੱਥ ਜਾਂ ਸੱਚਾਈ ਨੂੰ ਤੋੜਨਾ-ਮਰੋੜਨਾ ਹੀ ਕਿਹਾ ਜਾ ਸਕਦਾ ਹੈ।
ਪਹਿਲਾਂ 'ਦੁੱਲਾ ਭੱਟੀ' ਦੀ ਇਤਿਹਾਸਕ ਸਮੱਗਰੀ ਨੂੰ ਨਾਵਲ ਬਣਾ ਕੇ ਸਲ਼ਹਿੱਤ ਅਕੈਡਮੀ ਦਾ ਇਨਾਮ ਹਾਸਲ ਕਰ ਕੇ ਬਲਦੇਵ ਸਿੰਘ 'ਸੜਕਨਾਮਾ' ਨੇ ਹੁਣ 'ਮਹਾਰਾਜਾ ਰਣਜੀਤ ਸਿੰਘ' ਦੇ ਇਤਿਹਾਸ ਨੂੰ ਨਾਵਲ ਵਜੋਂ 'ਤਲ਼ ਕੇ' ਇਨਾਮਾਂ ਦੀ ਖਾਣ ਹੀ ਲੱਭ ਲਈ ਲੱਗਦੀ ਹੈ। 'ਸੂਰਜ ਦੀ ਅੱਖ' ਵਿਚ ਮਹਾਰਾਜਾ ਰਣਜੀਤ ਸਿੰਘ ਦਾ ਕਿਰਦਾਰ ਬਹੁਤ ਹੀ ਛੁਟਿਆ ਕੇ ਅਤੇ ਝੁਠਲਾਅ ਕੇ ਲਿਖਣ ਦੇ ਦੋਸ਼ ਲੱਗਣ ਮਗਰੋਂ ਇਹ 'ਨਾਵਲ' ਕਾਫੀ ਚਰਚਾ ਵਿਚ ਆ ਗਿਆ। ਇਸ ਚਰਚਾ ਕਾਰਨ ਹੀ, ੪੨ ਇਤਿਹਾਸਕ ਕਿਤਾਬਾਂ ਦੇ ਆਧਾਰ 'ਤੇ ਲਿਖਿਆ, 598 ਪੰਨਿਆਂ ਤੇ 71 ਅਧਿਆਵਾਂ ਵਾਲ਼ਾ ਇਹ ਨਾਵਲ ਪੜ੍ਹਨ ਦਾ ਯੱਭ ਮੈਂ ਵੀ ਸਹੇੜ ਲਿਆ। ਮਹਾਰਾਜਾ ਰਣਜੀਤ ਸਿੰਘ ਦੀ ਕਥਿਤ ਕਿਰਦਾਰਕੁਸ਼ੀ ਤਾਂ ਇਕ ਪਾਸੇ ਰਹਿ ਗਈ, ਮੈਨੂੰ ਤਾਂ ਇਸ ਨਾਵਲ ਦੇ ਲੇਖਕ ਵੱਲੋਂ ਇਸ ਨਾਵਲ ਵਿਚ ਪੰਜਾਬੀ ਭਾਸ਼ਾ ਨਾਲ਼ ਕੀਤਾ ਹੋਇਆ ਜਬਰ-ਜ਼ਨਾਹ ਹੀ ਬਹੁਤਾ ਰੜਕਿਆ ਹੈ। ਇਸ ਲੇਖ ਦਾ ਆਧਾਰ ਵੀ ਇਹੋ ਹੀ ਹੈ।
ਭਾਸ਼ਾ ਕਿਸੇ ਵੀ ਰਚਨਾ ਦੀ ਸਵਾਰੀ ਦਾ ਸਾਧਨ ਹੁੰਦੀ ਹੈ ਤੇ ਲੇਖਕ, ਭਾਸ਼ਾ ਦੇ ਪਹਿਰੇਦਾਰ ਹੁੰਦੇ ਹਨ। ਉਨ੍ਹਾਂ ਨੂੰ ਭਾਸ਼ਾ ਦੀ ਸੁੱਚਤਾ ਤੇ ਸ਼ੁੱਧਤਾ ਦਾ ਬਚਾਅ ਕਰਨਾ ਚਾਹੀਦਾ ਹੈ। ਵਿਸ਼ੇ ਦਾ ਲਿਹਾਜ਼ ਰੱਖਣਾ ਜ਼ਰੂਰੀ ਹੈ, ਪਰ ਭਾਸ਼ਾ ਦਾ ਬਚਾਅ ਕਰਨਾ ਉਸ ਤੋਂ ਵੀ ਜ਼ਰੂਰੀ ਹੈ। ਇਸ ਕਿਤਾਬ ਵਿਚ ਲੇਖਕ ਨੇ ਮਸਾਂ ਇਕ ਵਾਰ 'ਕਿ' ਸ਼ਬਦ ਵਰਤਿਆ ਹੈ। ਓਦਾਂ ਇਸ ਸ਼ਬਦ (ਕਿ) ਤੋਂ ਬਗ਼ੈਰ ਹੀ ਲਿਖੀ ਇਸ ਕਿਤਾਬ ਵਿਚ, ਅਧੂਰੇ ਵਾਕਾਂ ਵਿਚ 'ਅਰਧ ਵਿਰਾਮ' (,) ਦੀ ਥਾਂ, 'ਪੂਰਨ ਵਿਰਾਮ' (।) ਲਗਾਏ ਹੋਏ ਹਨ। 'ਵਿਰਾਮ ਚਿੰਨ੍ਹ ਅੰਕਣ' ਦੀ ਪ੍ਰਵਾਹ ਹੀ ਨਹੀਂ ਕੀਤੀ ਗਈ। ਬਹੁਤ ਸਾਰੇ ਸ਼ਬਦ-ਜੋੜ ਵਾਰ-ਵਾਰ ਗ਼ਲਤ ਲਿਖੇ ਹੋਏ ਹਨ। ਕਈ ਵਾਰੀ ਲੱਗਦਾ ਹੈ ਕਿ ਲੇਖਕ ਨੇ ਇਹ ਕਿਤਾਬ ਲਿਖੀ ਨਹੀਂ, ਸਗੋਂ ਕਿਸੇ ਸਕੂਲੀ ਵਿਦਿਆਰਥੀ ਨੂੰ ਸੁਣਾ ਕੇ, ਉਸ ਕੋਲੋਂ ਲਿਖਾਈ ਹੈ ਤੇ ਉਸ ਬੱਚੇ ਨੇ ਉਸ ਵੇਲ਼ੇ ਜਿਹੋ-ਜਿਹੇ ਸਬਦ-ਜੋੜ ਸੁੱਝੇ, ਲਿਖ ਦਿੱਤੇ। ਇਕ ਸਤਰ ਦੇ ਫਾਸਲੇ 'ਤੇ ਹੀ ਇਕ ਸਬਦ, ਦੋ ਤਰ੍ਹਾਂ ਦੇ ਸ਼ਬਦ-ਜੋੜਾਂ ਨਾਲ਼ ਲਿਖਿਆ ਮਿਲਦਾ ਹੈ। ਇਸ ਨਾਵਲ ਵਿਚ ਕਿਸ ਖਿੱਤੇ ਦੀ ਭਾਸ਼ਾ ਵਰਤੀ ਗਈ ਹੈ, ਕੋਈ ਪਤਾ ਨਹੀਂ ਲੱਗਦਾ। 2017 ਵਿਚ ਛਪੀ ਕਿਤਾਬ ਵਿਚ ਦਰਜ ਸੰਵਾਦਾਂ ਨੂੰ ਨਾ ਵੀ ਗੌਲੀਏ, ਬਿਰਤਾਤਾਂ ਵਿਚ ਵੀ ਕਿਸੇ ਹੋਰ ਹੀ ਖਿੱਤੇ ਦੀ ਭਾਸ਼ਾ, ਪੰਜਾਬੀ ਵਜੋਂ ਵਰਤੀ ਹੋਈ ਹੈ। 'ਕੁੰਬਦਾ', 'ਰਾਹਕ', 'ਬਨਾਣ', 'ਆਂਦੇ' ਵਰਗੇ ਸ਼ਬਦਾਂ ਦੀ ਭਰਮਾਰ ਹੈ, ਇਸ ਨਾਵਲ ਵਿਚ।
ਪਹਿਲੇ ਹੀ ਅਧਿਆਇ ਵਿਚ 'ਗੱਡੇ ਵਿਚ ਬੈਠੇ' ਬੱਚੇ ਡਰ ਗਏ ਤੇ 'ਗੱਡੇ ਵਿਚ ਬੈਠੀ' ਤੀਵੀਂ ਵੱਲ ਝਾਕਣ ਲੱਗੇ...' ਘੜੀ-ਘੜੀ 'ਗੱਡੇ ਉੱਤੇ' ਲਿਖਣ ਦੀ ਥਾਂ 'ਗੱਡੇ ਵਿਚ' ਲਿਖਿਆ ਹੋਇਆ ਹੈ। ਲੇਖਕ ਵੱਲੋਂ ਪੰਜਾਬੀ ਸ਼ਬਦਾਂ ਦੀ ਵਰਤੋਂ ਦਾ ਨਮੂਨਾ ਦੇਖੋ ਜਦੋਂ ਉਸ ਨੇ 'ਸਿਰ ਵਾਲ਼ਾ ਮੜਾਸਾ', 'ਫਿਰ ਡਾਂਗ ਇਕ ਹੱਥ ਵਿਚੋਂ ਦੂਜੀ ਵਿਚ', 'ਇਕ ਦੂਸਰਾ' (ਇਕ ਹੋਰ), 'ਪੰਜਾ' (ਪੰਜਾਂ) 'ਕਰਾਨਾਂ ਪਿਆਵਾਂ' 'ਗੁਜਰਾਂਵਾਲ਼ੇ ਵਾਲ਼ੇ ਪਾਸਿਓਂ' ਦੀ ਥਾਂ 'ਗੁਜਰਾਂਵਾਲ਼ੇ ਪਾਸਿਓਂ' 'ਸਿਰ' ਦੀ ਥਾਂ 'ਸੁਰ', 'ਵਾਪਸ' ਨਾਲ਼ 'ਪਰਤਣਾ ਵੀ ਲਿਖਿਆ ਹੋਇਆ ਹੈ।
ਸ਼ਬਦ-ਜੋੜਾਂ ਦੇ ਮਾਮਲੇ ਵਿਚ ਤਾਂ ਉਸ ਨੇ ਸਿਰਾ ਹੀ ਲਾਇਆ ਹੋਇਆ ਹੈ। ਉਹ 'ਸਿਹਤਯਾਬ' ਦੀ ਥਾਂ 'ਸਹਿਤਯਾਬ', 'ਸਿਹਤ' ਦੀ ਥਾਂ 'ਸੇਹਿਤ', 'ਸਿਵਾਏ' ਜਾਂ 'ਇਲਾਵਾ' ਦੀ ਥਾਂ 'ਸਿਵਾ', 'ਮਾਹਰ' ਦੀ ਥਾਂ 'ਵਿਸ਼ੇਸ਼ੱਗ', 'ਗ਼ਲਤ ਅਫ਼ਵਾਹਾਂ' (ਅਫ਼ਵਾਹਾਂ 'ਸਹੀ' ਵੀ ਹੁੰਦੀਆਂ ਹਨ ਭਲਾ?, 'ਕੌਤਕੀ' ਦੀ ਥਾਂ 'ਕੌੜੀ', 'ਤੰਬੂ' ਦੀ ਥਾਂ 'ਤੰਬਤੂ', 'ਲਹਿਜੇ' ਦੀ ਥਾਂ ਲਹਿਜ਼ੇ', 'ਵਾਗਾਂ' ਦੀ ਥਾਂ 'ਵਾਂਗਾਂ', 'ਹੈ ਨਾ' ਦੀ ਥਾਂ 'ਹੈ ਵੇ ਨਾ', 'ਸੁਝਾਅ' ਦੀ ਥਾਂ 'ਸੁਝਾ', 'ਸੁਭਾਅ' ਦੀ ਥਾਂ 'ਸੁਭਾ', 'ਫ਼ਤਿਹ' ਦੀ ਥਾਂ 'ਫਤੇਹ', 'ਫ਼ਰਮਾਨ' ਦੀ ਥਾਂ 'ਫ਼ੁਰਮਾਨ', 'ਕਤਲੇਆਮ' ਦੀ ਥਾਂ 'ਕਤਲੇ ਆਮ', 'ਉਦੋਂ' ਦੀ ਥਾਂ 'ਉਹਨਾਂ ਦਿਨਾਂ ਵਿਚ', 'ਘੇਰ ਲਿਆ' ਦੀ ਥਾਂ 'ਘੇਰੇ ਵਿਚ ਲੈ ਲਿਆ', 'ਖੜ੍ਹਾ ਕਰ ਦਿੱਤਾ' ਦੀ ਥਾਂ 'ਖੜ੍ਹਾ ਦਿੱਤਾ', 'ਖੋਲ੍ਹ' ਦੀ ਥਾਂ 'ਖੋਹਲ', 'ਕਿਲਾ' ਦੀ ਥਾਂ 'ਕਿਲ੍ਹਾ', 'ਪਤਾ ਲੱਗਿਐ' ਦੀ ਥਾਂ 'ਪਤਾ ਚੱਲਿਐ', 'ਉਨ੍ਹਾਂ' ਤੇ 'ਇਨ੍ਹਾਂ' ਦੀ ਥਾਂ 'ਉਹਨਾਂ' ਤੇ 'ਇਹਨਾਂ', 'ਹਾਲਾਤ' ਦੀ ਥਾਂ 'ਹਾਲਾਤਾਂ', 'ਮੌਕਾਪ੍ਰਸਤ' ਦੀ ਥਾਂ 'ਮੌਕਾ ਪ੍ਰਸਤ', 'ਪਵੇਗਾ' ਦੀ ਥਾਂ 'ਹੋਵੇਗਾ', 'ਘਟ ਰਹੇ' ਦੀ ਥਾਂ 'ਘੱਟ ਰਹੇ', 'ਵਧ ਰਹੇ' ਦੀ ਥਾਂ 'ਵੱਧ ਰਹੇ', 'ਉਨ੍ਹਾਂ' (ਸਨਮਾਨ ਸੂਚਕ) ਦੀ ਥਾਂ 'ਉਸ', 'ਆਉਣ' ਦੀ ਥਾਂ 'ਆਵਣ', 'ਲਹਿਜਾ' ਦੀ ਥਾਂ 'ਲਹਿਜ਼ਾ', 'ਦੇ' ਦੀ ਥਾਂ 'ਨੇ', 'ਸੁਆਗਤ' ਦੀ ਥਾਂ 'ਸਵਾਗਤ', 'ਬਿਹਤਰ' ਦੀ ਥਾਂ 'ਬੇਹਤਰ', 'ਸੇਹ' ਦੀ ਥਾਂ 'ਸਹੇ', 'ਬੁਲਾਉਣ' ਜਾਂ 'ਸੱਦਣ' ਦੀ ਥਾਂ 'ਬਲਾਵਣ', 'ਸ਼ਗੂਫ਼ੇ' ਦੀ ਥਾਂ 'ਸ਼ਾਗੂਫੇ', 'ਬੈਠਿਆ' ਦੀ ਥਾਂ 'ਬੈਇਠਆ', 'ਛੱਡਿਆ' ਦੀ ਥਾਂ 'ਛੋੜਿਆ', 'ਪਾਉਂਦਾ' ਦੀ ਥਾਂ 'ਪਾਂਦਾ', 'ਅੱਲ੍ਹਾ' ਦੀ ਥਾਂ 'ਅੱਲਾਹ', 'ਬਣਾਉਣੀ' ਦੀ ਥਾਂ 'ਬਨਾਉਣੀ', 'ਚੁੱਕਾ' ਦੀ ਥਾਂ 'ਚੁੱਕਿਆ', 'ਸਾਜ਼ ਸੁਰ ਕਰਨ' ਦੀ ਥਾਂ 'ਸਾਜ਼ਾਂ ਨੂੰ ਸੁਰ ਵਿਚ ਕਰਨ', 'ਸਾਰੰਗੀ' ਦੀ ਥਾਂ 'ਸੁਰੰਗੀ' ਲਿਖਦਾ ਹੈ।
'ਸੜਕਨਾਮਾ' ਸਾਹਿਬ ਨੂੰ 'ਸੜਕੇ' ਅਤੇ 'ਸੜ ਕੇ' ਦਾ ਫ਼ਰਕ ਸਮਝਣ ਦੀ ਹੀ ਨਹੀਂ, ਸਿੱਖਣ ਦੀ ਵੀ ਲੋੜ ਹੈ, ਨਹੀਂ ਤਾਂ ਉਹ 'ਕਰ ਕੇ' ਦੀ ਥਾਂ 'ਕਰਕੇ' ਨਾ ਲਿਖਦੇ। ਉਨ੍ਹਾਂ ਦੇ ਲਿਖੇ ਹੋਏ ਕੁੱਝ ਵਾਕ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ: 
'ਪਰ ਮਿਸਲਾਂ ਵਿਚ ਹੁਣ ਮਹਾਂ ਸਿੰਘ ਦੀ ਕੂਟਨੀਤੀ ਅਤੇ ਜੰਗੀ ਮਾਮਲਿਆਂ ਦੀ ਸੂਝ ਦਾ, ਮੁਕਾਬਲੇ ਵਿਚ ਕੋਈ ਸਰਦਾਰ ਨਹੀਂ ਸੀ।' –ਪੰਨਾ 40
'ਭੱਜ ਜਾਣਾ ਜਾਂ ਜੰਗ ਲੜਨ ਤੋਂ ਨਾਂਹ ਕਰਨੀ ਵੀ ਅਣਖ ਨੂੰ ਮਿਲਣਾ ਸੀ।' –ਪੰਨਾ 41
'ਆਪਣੇ ਕੁੱਤੇ ਬਿੱਲਿਆਂ ਨਾਲ ਧੀਆਂ ਵਿਆਹ ਛੱਡਦੇ ਨੇ।'-ਪੰਨਾ 43
'ਇਹੀ ਕੁੱਝ ਉਸ ਨੇ ਆਪਣੀ ਪੁੱਤਰ ਮਹਿਤਾਬ ਕੌਰ ਨੂੰ ਦੱਸਿਆ ਸੀ।' –ਪੰਨਾ 44
'ਤੁਰਨ ਲੱਗੇ ਨੇ ਭਰੋਸਾ ਦੁਆ ਗਿਆ।' –ਪੰਨਾ 48
'ਉਸ ਦੀ ਮਾਂ ਦਾ ਕਿਸੇ ਗ਼ੈਰ ਨਾਲ ਨਜਾਇਜ਼ ਸਬੰਧ ਸਨ।' ਪੰਨਾ-55
'ਮਹਾਂ ਸਿੰਘ ਨੇ ਮਨ ਵਿਚ ਸਹੁੰ ਖਾ ਲਈ-ਛੱਡਣੀ ਮੈਂ ਆਪਣੀ ਮਾਂ ਵੀ ਨਹੀਂ।' –ਪੰਨਾ 55 (ਹੋਰ ਕਿਸ ਦੀ ਨਹੀਂ ਛੱਡੀ?)
'ਇਹੋ ਜੇਹਾ ਬੰਦਾ 'ਨੇਰੇ ਕਮਰੇ 'ਚ "ਆ ਜੇ" ਮੇਰੀ ਤਾਂ ਜਾਨ ਈ "ਨਿਕਲ ਜਾਏ" –ਪੰਨਾ 57, 58 (ਇਕ ਵਾਕ ਵਿਚ ਦੋ ਖਿੱਤਿਆਂ ਦੀ ਬੋਲੀ)
ਨਾਵਲਕਾਰ ਨੇ ਇਕ ਨਾਂ ਕਦੇ 'ਗੁਲਾਮ ਮੋਹਉਦਦੀਨ', ਕਦੇ 'ਗੁਲਾਮ ਮੋਹੀਓਦੀਨ' ਤੇ ਕਦੇ 'ਗੁਲਾਮ ਮੋਹੀਉਦੀਨ' ਲਿਖਿਆ ਹੋਇਆ ਹੈ। ਪੰਨਾ-120
ਇਕੋ ਪੰਨੇ ਉੱਤੇ ਇਕ ਪਾਤਰ ਦਾ ਨਾਂ ਇਕ ਵਾਰ 'ਫਤੇਹ ਸਿੰਘ ਕਾਲਿਆਂ ਵਾਲਾ', ਦੂਜੀ ਵਾਰ 'ਫਤੇਹ ਸਿੰਘ ਆਹਲੂਵਾਲੀਆ' ਤੇ ਤੀਜੇ ਥਾਂ 'ਫਤੇਹ ਸਿੰਘ ਕਲਿਆਂਵਾਲਾ' ਵੀ ਲਿਖਿਆ ਹੋਇਆ ਹੈ। ਪੰਨਾ-126, 127, 128
ਇਕੋ ਹੀ ਪੈਰੇ ਵਿਚ ਸ਼ਬਦ 'ਵਿਹਲੇ' ਲਿਖ ਕੇ, ਫਿਰ 'ਵੇਹਲੇ' ਵੀ ਲਿਖ ਦਿੱਤਾ ਹੈ। ਪੰਨਾ-131
-ਵਾਹ! ਆਫਰੀਨ, ਮਾਸ਼ਾ-ਅੱਲਾਹ।' ਰਣਜੀਤ ਸਿੰਘ ਦੇ ਮੂੰਹੋਂ ਨਿਕਲਿਆ। ਪੰਨਾ-136
...ਪਹਿਲਾਂ ਮੀਂਹ ਕੁੱਝ ਮੱਠਾ ਹੋਇਆ, ਫਿਰ ਘੱਟਦਾ, ਘੱਟਦਾ ਘੱਟ ਗਿਆ। (ਹੈ ਨਾ 'ਅੱਧਕਾਂ' ਦੀ ਬਹਾਰ ਲਿਆਂਦੀ ਹੋਈ?)
ਪੰਨਾ 137 ਉੱਤੇ ਜਿਸ ਸ਼ਾਹੂਕਾਰ ਦਾ ਨਾਂ 'ਨਾਰੂੜ ਮੱਲ' ਲਿਖਿਆ ਹੋਇਆ ਹੈ, ਪੰਨਾ 138 ਉੱਤੇ ਉਸ ਦਾ ਨਾਂ 'ਅਰੂੜ ਮੱਲ' ਹੋ ਜਾਂਦਾ ਹੈ।
ਸੂਰਜ ਅੰਮ੍ਰਿਤਸਰ ਸ਼ਹਿਰ ਉੱਪਰ ਹੇਠਾਂ ਲਹਿ ਗਿਆ। ਪੰਨਾ-139
ਪੰਜਾਬੀ ਦੇ ਮਹਾਵਿਦਵਾਨਾਂ ਵਿਚ ਸ਼ੁਮਾਰ ਹੋਣ ਦਾ ਹੀਲਾ ਕਰਦਿਆਂ ਇਸ ਨਾਵਲਕਾਰ ਨੇ ਇਸ ਨਾਵਲ ਵਿਚ ਹਿੰਦੀ ਦੇ ਕਈ ਸ਼ਬਦ ਬਹੁਤ ਧੜੱਲੇ ਨਾਲ਼ ਵਰਤੇ ਹਨ, ਜਿੱਦਾਂ 'ਲਪਕਿਆ', 'ਚਿੱਲਾਇਆ', 'ਮ੍ਰਿਤੂ', 'ਕਠੋਰ', 'ਹੋੜ', 'ਵਿਸ਼ੇਸ਼ੱਗ', 'ਸੁੱਖਦ', 'ਜੈਸੀ', 'ਵਿਸਫੋਟ', 'ਨਿਓਂਤਾ', 'ਪਾਈ' (ਸਕੀ), ਸਤ੍ਹਰਾਂ (ਸਤਾਰਾਂ), 'ਚਕਿਤ', 'ਦੁਬਕੇ', 'ਟਪਕ'(ਦਾ), 'ਲਟਕ'(ਦੀਆਂ), 'ਨਿਤੰਭ', 'ਸਤੱਭਧ' ਦੀ ਥਾਂ 'ਸਤੰਭ', 'ਲੱਜਾ', 'ਨਿਹਾਰ(ਦਾ)', 'ਜਲਦੀ ਸੇ ਪਹਿਲੇ' ਆਦਿ।
ਇਸ ਨਾਵਲਕਾਰ ਦੀ ਫ਼ਿਕਰੇਸਾਜ਼ੀ ਦਾ ਆਨੰਦ ਵੀ ਮਾਣੋ: 
*'ਉਹ ਰਣਜੀਤ (ਸਿੰਘ ਨਹੀਂ ਲਿਖਿਆ, ਜਿੱਦਾਂ ਮਹਾਰਾਜਾ ਰਣਜੀਤ ਸਿੰਘ, ਨਾਵਲਕਾਰ ਦੇ ਮਾਮੇ ਦਾ ਪੁੱਤ ਹੋਵੇ) ਵੱਲੋਂ ਕੀਤੇ ਮਿਆਣੀ ਉੱਪਰ ਹਮਲੇ ਵਾਲੀ ਘਟਨਾ ਲਕੋ ਗਿਆ।'(ਇਸ ਵਿਚ 'ਕੀਤੇ' ਸ਼ਬਦ, 'ਉੱਪਰ' ਤੋਂ ਬਾਅਦ ਲਿਖਣਾ ਬਣਦਾ ਸੀ)।
*'ਸਾਂਹਸੀ ਬਸ਼ੀਰਾ ਘਰ ਗਿਆ ਤਾਂ ਉਸ ਦੀ ਅੰਮਾਂ ਉਧੜ ਕੇ ਗਲ ਪੈ ਗਈ।'
*'ਉਸ ਨੂੰ ਦੋ ਵੱਡੇ ਸਦਮੇਂ ਲੱਗੇ। ਪਹਿਲਾ ਅਹਿਮਦ ਖ਼ਾਨ ਸ਼ਾਹਨਚੀ, ਉਸ ਦੇ ਬਹਾਦਰ ਜਰਨੈਲ ਦੇ ਮਾਰੇ ਜਾਣ ਦੀ ਖ਼ਬਰ ਨੇ ਉਸ ਦੇ ਤੇਵਰ ਬਦਲ ਦਿੱਤੇ ਸਨ ਤੇ ਹੁਣ ਹਸ਼ਮਤ ਚੱਠਾ ਦੇ ਰਣਜੀਤ ਹੱਥੋਂ ਮਾਰੇ ਜਾਣ ਦੀ ਘਟਨਾ ਨੇ, ਉਸ ਦੇ ਪੈਰਾਂ ਹੇਠਾਂ ਅੱਗ ਬਾਲ ਦਿੱਤੀ।' ਇਸ ਫ਼ਿਕਰੇ ਦਾ 'ਚਿੰਨ੍ਹ ਅੰਕਣ' ਦੇਖਣ ਹੀ ਵਾਲ਼ਾ ਹੈ।
*'...ਪਰ ਹੁਣ ਇਹ ਘਟਨਾਵਾਂ ਅਫਗਾਨਾਂ ਲਈ ਸਿੱਧੀ ਵੰਗਾਰ ਸੀ।' (ਘਟਨਾਵਾਂ 'ਸੀ' ਨਹੀਂ 'ਸਨ' ਹੋਣੀਆਂ ਚਾਹੀਦੀਆਂ ਸਨ)।
*'ਮਿਸਲਾਂ ਦੇ ਸਰਦਾਰ ਜ਼ਮਾਨ ਸ਼ਾਹ ਦਾ ਹਮਲਾ ਰੋਕਣ ਲਈ....' ਇੰਨਾ ਫ਼ਿਕਰਾ ਪੜ੍ਹ ਕੇ ਹੀ ਪਾਠਕ ਚਕਰਾਅ ਜਾਂਦਾ ਹੈ।
*'-ਨਹੀਂ ਮਾਂ, ਜੰਗ ਨੂੰ ਏਨਾ ਸਸਤਾ ਨਾ ਕਰ। ਅਫ਼ਗਾਨ ਆਖਦੇ ਨੇ, ਜਿੱਥੋਂ ਦੀ ਸਾਡੇ ਘੋੜੇ ਲੰਘ ਜਾਣ ਇਕ ਵਾਰ, ਉੱਥੇ ਘਾਹ ਨਹੀਂ ਉੱਗਦਾ।' (ਇਸ ਵਾਕ ਵਿਚ 'ਇਕ ਵਾਰ', 'ਜਿੱਥੋਂ ਦੀ' ਤੋਂ ਬਾਅਦ ਹੋਣਾ ਚਾਹੀਦਾ ਹੈ)। 
*'-ਪੁੱਤਰ ਤੂੰ ਵੀ ਜਾਣ ਲੈ। ਜਿੱਧਰੋਂ ਦੀ ਗੁਰੂ ਦੇ ਸਿੰਘ ਲੰਘ ਜਾਣ, ਅਫ਼ਗਾਨ ਘੋੜਿਆਂ ਉੱਪਰ ਚੜ੍ਹਨ ਜੋਗੇ ਰਹਿੰਦੇ ਹੀ ਨਹੀਂ।' (ਇਸ ਵਾਕ ਵਿਚ 'ਹੀ ਨਹੀਂ', 'ਜੋਗੇ' ਤੋਂ ਮਗਰੋਂ ਲਿਖਣਾ ਬਣਦਾ ਸੀ ਤੇ ਸੰਵਾਦ ਦੀ ਰਵਾਨਗੀ ਬਰਕਰਾਰ ਰੱਖਣੀ ਬਣਦੀ ਸੀ।
*'ਵਾਜਿਆਂ ਦੇ ਵੱਜਣ ਤੋਂ ਸ਼ਬਦ 'ਵਾਜੇ' ਬਣਿਆ ਹੈ ਤੇ ਵਾਜਾ ਵੱਜਣ ਨਾਲ਼ ਆਉਣ ਵਾਲ਼ੇ ਜੋਸ਼ ਤੋਂ ਸ਼ਬਦ 'ਗੱਜਣ' ਬਣਿਆ ਹੈ, ਜਿਸ ਦਾ ਇਕ ਰੂਪ 'ਗਾਜੇ' ਹੈ। ਸੋ ਵਾਜਾ ਪਹਿਲਾਂ ਵੱਜਦਾ ਹੈ ਤੇ ਉਸ ਦੀ ਅਵਾਜ਼ ਉੱਤੇ ਗੱਜਿਆ ਜਾਂਦਾ ਹੈ। ਇਸ ਤਰਤੀਬ ਕਰ ਕੇ ਹੀ ਇਹ ਸ਼ਬਦ 'ਵਾਜੇ-ਗਾਜੇ' ਲਿਖਿਆ ਜਾਂਦਾ ਹੈ, ਪਰ ਇਹ ਨਾਵਲਕਾਰ 'ਗਾਜੇ-ਵਾਜੇ' ਲਿਖ ਰਿਹਾ ਹੈ।
*'...ਤੇ ਸਿੰਘਾਂ ਦੀਆਂ ਨਰਦਾਂ ਸਿੱਧੀਆਂ ਸਨ।' ਨਰਦਾਂ ਦੇ ਸਿੱਧੀਆਂ-ਪੁੱਠੀਆਂ ਹੋਣ ਦਾ ਕੋਈ ਅਰਥ ਨਹੀਂ, ਜਦੋਂ ਕਿ ਅਰਥ ਤਾਂ 'ਕੌਡਾਂ' ਦੇ ਪੁੱਠੀਆਂ-ਸਿੱਧੀਆਂ ਹੋਣ ਦਾ ਹੁੰਦਾ ਹੈ।
*'ਪੰਜਾਬ ਦੀ ਇਸ ਸਮੇਂ ਬੜੀ ਖ਼ਤਰਨਾਕ ਰਾਜਨੀਤਕ ਸਥਿਤੀ ਸੀ।' ਲੇਖਕ ਨੂੰ ਇਹ ਵਾਕ ਏਦਾਂ ਲਿਖਣਾ ਬਣਦਾ ਸੀ, 'ਇਸ ਸਮੇਂ ਪੰਜਾਬ ਦੀ ਰਾਜਨੀਤਕ ਸਥਿਤੀ ਬੜੀ ਖ਼ਤਰਨਾਕ ਸੀ।'
*'...ਥਾਪਾ ਨੇ ਆਪਣੇ ਏਲਚੀ ਸੰਸਾਰ ਚੰਦ ਕੋਲ ਭੇਜਿਆ' ਦੀ ਥਾਂ '...ਥਾਪਾ ਨੇ ਆਪਣਾ ਏਲਚੀ, ਸੰਸਾਰ ਚੰਦ ਕੋਲ ਭੇਜਿਆ' ਲਿਖਣਾ ਚਾਹੀਦਾ ਸੀ।
*'ਜ਼ਮਾਨ ਸ਼ਾਹ ਦੀ ਡਰਦੀ ਫੌਜ ਅੱਗੇ ਅੱਗੇ ਦੌੜ ਪਈ।' ਵਿਚ 'ਡਰਦੀ' ਸ਼ਬਦ, 'ਫੌਜ' ਤੋਂ ਅੱਗੇ ਲਿਖਿਆ ਹੋਣਾ ਚਾਹੀਦਾ ਸੀ।
*'ਇਸ ਵਾਰ ਵਾਪਸ ਮੁੜਦੀਆਂ ਉਸ ਦੀਆਂ ਫੌਜਾਂ ਰਣਜੀਤ ਸਿੰਘ ਦਾ ਪਿੱਛਾ ਕਰਦੀ ਫੌਜ ਤੋਂ ਘਬਰਾਈਆਂ, ਆਪਣੀਆਂ ਤੋਪਾਂ ਜੇਹਲਮ ਦਰਿਆ ਵਿਚ ਹੀ ਛੱਡ ਕੇ ਭੱਜ ਆਈਆਂ ਸਨ।' ਲੇਖਕ ਦੇ ਇਸ 'ਮਹਾਵਾਕ' ਵਿਚ ਕਈ ਵਾਰੀ ਤੋਪਾਂ ਘਬਰਾਈਆਂ ਦਿਸਦੀਆਂ ਹਨ, ਕਈ ਵਾਰੀ ਰਣਜੀਤ ਸਿੰਘ ਦਾ ਪਿੱਛਾ ਕਰਦੀ ਫੌਜ ਤੋਂ 'ਉਸ ਦੀਆਂ ਫੌਜਾਂ' ਘਬਰਾਈਆਂ ਦਿਸਦੀਆਂ ਹਨ। ਇਸ ਨਾਵਲ ਵਿਚ ਪਾਠਕਾਂ ਨੂੰ ਇਮਤਿਹਾਨ ਵਿਚ ਪਾਉਣ ਵਾਲ਼ੇ ਇਹੋ ਜਿਹੇ ਬਹੁਤ ਸਾਰੇ ਫ਼ਿਕਰੇ ਹਨ, ਜਿਨ੍ਹਾਂ ਨੂੰ ਸਮਝਣ ਦਾ ਹੀਲਾ ਕਰਦਿਆਂ, ਉਹ ਲੇਖਕ ਨੂੰ 'ਸਲਾਮ' ਕਰ ਕੇ ਹੀ ਛੁਟਕਾਰਾ ਹਾਸਲ ਕਰਦੇ ਹਨ। 
*'ਇਸ ਸਮੇਂ ਰਣਜੀਤ ਸਿੰਘ ਆਪਣੀ ਗੜ੍ਹੀ ਨੂੰ ਮਜ਼ਬੂਤ ਕਰਨ ਅਤੇ ਮੁਰੰਮਤ ਕਰਨ ਵਿਚ ਰੁਝਿਆ ਹੋਇਆ ਸੀ।' ਇਸ ਵਾਕ ਵਿਚ ਦੋ ਝੋਲਾਂ ਹਨ, ਜੋ ਇਕ ਤਾਂ 'ਨੂੰ' ਹਟਾਉਣ ਨਾਲ਼ ਦੂਰ ਹੁੰਦੀ ਹੈ, ਦੂਜੀ, ਅਤੇ ਮਗਰੋਂ 'ਉਸ ਦੀ' ਲਿਖ ਕੇ ਦੂਰ ਹੁੰਦੀ ਹੈ।
*'ਰਣਜੀਤ ਸਿੰਘ ਨੇ ਘੋੜੇ ਉੱਪਰ ਜਾ ਕੇ ਸ਼ਹਿਰ ਦੀ ਦੀਵਾਰ ਦਾ ਨਿਰੀਖਣ ਕੀਤਾ।' ਇਸ ਵਾਕ ਵਿਚ 'ਘੋੜੇ ਉੱਪਰ ਜਾ ਕੇ' ਦੀ ਥਾਂ 'ਘੋੜੇ ਉੱਤੇ ਸਵਾਰ ਹੋ ਕੇ' ਲਿਖਣਾ ਬਣਦਾ ਸੀ।
*'ਮੋਹਰ ਸਿੰਘ ਅਤੇ ਸਾਹਿਬ ਸਿੰਘ ਦੇ ਪਰਿਵਾਰਾਂ ਨੇ ਸਹੀ ਸਲਾਮਤ ਕਿਲ੍ਹੇ ਵਿਚੋਂ ਬਾਹਰ ਜਾਣ ਲਈ ਬੇਨਤੀ ਕੀਤੀ।' ਇੱਥੇ 'ਸਹੀ ਸਲਾਮਤ' ਕਿਲੇ ਵਿਚੋਂ ਅਤੇ ਬਾਹਰ ਦੇ ਵਿਚਾਲ਼ੇ ਲਿਖਣਾ ਬਣਦਾ ਸੀ।
*'ਇੱਥੇ ਹੀ ਇਕ ਵਾਕ ਹੈ, 'ਰਣਜੀਤ ਸਿੰਘ ਨੇ ਦੂਰ ਦੀ ਸੋਚਦਿਆਂ ਹੁਕਮ ਦਿੱਤਾ-'ਕੋਈ ਵੀ ਉਹਨਾਂ ਦਾ ਰਸਤਾ ਨਹੀਂ ਰੋਕੇਗਾ।' ਹੁਕਮ ਏਦਾਂ ਹੋਣਾ ਚਾਹੀਦਾ ਸੀ, 'ਕੋਈ ਵੀ ਉਨ੍ਹਾਂ ਦਾ ਰਸਤਾ ਨਾ ਰੋਕੇ।' 
*'ਸਿੰਘ ਸਾਹਬ ਅਗਰ ਜਾਨ ਬਖਸ਼ੀ ਜਾਏ ਔਰ ਪੂਰੀ ਹਿਫਾਜ਼ਤ ਨਾਲ ਕਿਲ੍ਹੇ ਵਿਚੋਂ ਜਾਣ ਦਿੱਤਾ ਜਾਏ ਤਾਂ ਮੈਂ ਬਾਹਰ ਆ ਸਕਦਾ ਹਾਂ। ਭੰਗੀ ਸਰਦਾਰ ਦੀ ਇਹ ਸ਼ਰਤ ਹੈ।' (ਜਾਨ ਦੀ ਖ਼ੈਰ ਮੰਗਣ ਵਾਲ਼ੇ ਸ਼ਰਤਾਂ ਨਹੀਂ ਮਨਾ ਸਕਿਆ ਕਰਦੇ ਨਾਵਲਕਾਰ ਸਾਹਬ!)
*'...ਪਰ ਇਹਨਾਂ ਰਿਆਸਤਾਂ ਦੇ ਸਰਦਾਰਾਂ ਨੇ ਜਿਸ ਖ਼ੁਸ਼ੀ ਅਤੇ ਉਤਸ਼ਾਹ ਨਾਲ ਉਸ ਦਾ ਸਵਾਗਤ ਕੀਤਾ, ਉਹ ਬਾਗ਼ੋ-ਬਾਗ਼ ਹੋ ਗਿਆ। (ਇਸ ਫ਼ਿਕਰੇ ਵਿਚ 'ਖ਼ੁਸ਼ੀ ਅਤੇ ਉਤਸ਼ਾਹ' ਹੀ 'ਬਾਗ਼ੋ-ਬਾਗ਼' ਹਨ)।
*'...ਪੰਜਾਬ ਦਾ ਵਧੇਰੇ ਹਿੱਸਾ ਹੁਣ ਇਕ ਮੁੱਠ ਜੇ ਤੇ ਉਹਨਾਂ ਦਾ ਮਹਾਰਾਜਾ ਰਣਜੀਤ ਸਿੰਘ ਵੇ।'
*'ਮਾਈ ਸੁੱਖਾਂ, ਜੱਸਾ ਸਿੰਘ ਨਾਲੋਂ ਦੁਖੀ ਸੀ, ਉਸ ਨੂੰ ਭਸੀਨ ਪਿੰਡ ਲਾਗੇ ਬੈਠੀ ਫੌਜ ਦਾ ਸਮਾਂ ਨਹੀਂ ਭੁਲਦਾ, ਜਦ ਉਸ ਦਾ ਪਤੀ ਗੁਲਾਬ ਸਿੰਘ ਭੰਗੀ ਵਧੇਰੇ ਸ਼ਰਾਬ ਪੀਣ ਕਾਰਨ ਮਰ ਗਿਆ ਸੀ। ਬੋਲੀ-'....।' (ਇਸ ਵਾਕ ਵਿਚ ਝੋਲਾਂ ਤਾਂ ਹਨ ਹੀ, ਵਿਆਕਰਣ ਦੀਆਂ ਧੱਜੀਆਂ ਵੀ ਬਹੁਤ ਬੁਰੀ ਤਰ੍ਹਾਂ ਉਡਾਈਆਂ ਹੋਈਆਂ ਹਨ)।
*'ਰਣਜੀਤ ਸਿੰਘ ਦੇ ਅਜੇ ਘੋੜ ਸਵਾਰ ਪਰਤ ਕੇ ਨਹੀਂ ਸਨ ਆਏ।' ਦੀ ਥਾਂ 'ਰਣਜੀਤ ਸਿੰਘ ਦੇ ਘੋੜ ਸਵਾਰ ਅਜੇ ਪਰਤੇ ਨਹੀਂ ਸਨ' ਹੋਣਾ ਚਾਹੀਦਾ ਸੀ।
*'...ਸਦਾ ਕੌਰ ਨੇ ਕਿਹਾ-'ਕਾਕਾ ਜੀ, ਮੈਂ ਆਪਣੇ ਆਪ ਰੋਕ ਨਾ ਪਾਈ, ਸੋਲਾਂ ਸਤ੍ਹਰਾਂ ਵਰ੍ਹੇ ਹੋ ਗਏ, ਸੰਸਾਰ ਚੰਦ ਦੇ ਦਾਦੇ ਨੇ ਕਾਂਗੜਾ ਅਸਾਂ ਪਾਸੋਂ ਖੋਹਿਆ ਸੀ। ਉਸ ਦਾ ਨਾਮ ਹੀ ਘੁਮੰਡ ਚੰਦ ਕਟੋਚ ਨਹੀਂ ਸੀ, ਸੱਚ ਵਿਚ ਹੀ ਉਹ ਬਹੁਤ ਘੁਮੰਡੀ ਸੀ।' (ਇਸ ਵਾਕ ਦੇ ਐਬ ਪਾਠਕਾਂ ਤੋਂ ਗੁੱਝੇ ਨਹੀਂ ਹਨ)।
*'-ਮਾਈ ਜੀ, 'ਟੋਕਿਆ ਰਣਜੀਤ ਸਿੰਘ ਨੇ-ਤੁਸੀਂ ਦੀ ਬਟਾਲੇ ਲੋੜ ਏ।...' ਇਸ ਵਾਕ-ਅੰਸ਼ ਲੇਖਕ ਨੇ 'ਵਿਰਾਮ ਚਿੰਨ੍ਹ ਅੰਕਣ' ਦੀਆਂ ਕਲਾਬਾਜ਼ੀਆਂ ਪੁਆ ਦਿੱਤੀਆਂ ਹਨ।
*'ਪਿੱਛੇ ਪਿੱਛੇ ਰਣਜੀਤ ਸਿੰਘ ਫੌਜ ਲੈ ਕੇ ਬਟਾਲੇ ਆ ਗਿਆ। ਸਦਾ ਕੌਰ ਨੇ ਉਸ ਦਾ ਮਹਾਰਾਜੇ ਵਾਂਗ ਸਵਾਗਤ ਕੀਤਾ।' (ਸੁਆਗਤ ਕਰਨ ਵਾਲ਼ਾ ਮਹਰਾਜਾ ਹੈ ਕਿ ਕਰਾਉਣ ਵਾਲ਼ਾ? ਅੰਦਾਜ਼ਾ ਲਾਉਣ ਦੀ ਥਾਂ, ਵਾਕ ਬਣਤਰ ਵਿਚੋਂ ਲੱਭੋ) ਪੰਨਾ-੧੩੨
*'ਕੀ ਬਦਸੂਰਤ ਸਰੀਰ ਵਿਚ ਵਲਵਲੇ ਨਹੀਂ ਉੱਠਦੇ? ਮੇਰਾ ਵੀ ਜੀ ਕਰਦੈ, ਰੂਹ ਦੇ ਰੱਜ ਨਾਲ ਕਿਸੇ ਔਰਤ ਨੂੰ ਚਾਹਾਂ, ਉਹ ਮੈਨੂੰ ਚਾਹੇ। ਤਲਵਾਰ ਨਾਲ ਮੈਂ ਜਿਸਦਾ ਚਾਹਾਂ, ਜਿਸਮ ਹਾਸਲ ਕਰ ਸਕਦਾਂ, ਮਨ ਨਹੀਂ ਹਾਸਲ ਕਰ ਸਕਦਾ।'
*'ਸਰਕਾਰ ਦੀ ਗਰਜ਼ ਲਈ ਮੈਂ ਗਰਜ਼ਪੁਰੇ ਜਾ ਰਿਹਾਂ।'
*'ਰੰਗ ਵਿਚ ਭੰਗ ਮਿਲਾਵਣ ਆ ਗਿਆ ਸੀ।'
*'ਫ਼ਕੀਰ ਨੇ, ਜਿੰਨਾ ਨਰਮ ਲਹਿਜ਼ਾ ਹੋ ਸਕਦਾ ਸੀ, ਆਪਣੀ ਗੱਲ ਕਹੀ।'
*'ਉਸ ਵੇਲੇ ਰਣਜੀਤ ਸਿੰਘ, ਮੋਰਾਂ ਦੇ ਪੈਰਾਂ ਦੀਆਂ ਝਾਂਜਰਾਂ ਦੀ ਆਵਾਜ਼ ਨਾਲ ਖੀਵਾ ਹੋ ਰਿਹਾ ਸੀ।' (ਕੋਈ ਪੁੱਛੇ ਪਈ ਝਾਂਜਰਾਂ 'ਹੱਥਾਂ ਦੀਆਂ' ਵੀ ਹੁੰਦੀਆਂ ਹਨ ਭਲਾ?)
*'ਹੁਣ ਸਾਹਬ ਸਿੰਘ ਬੇਦੀ ਉੱਠ ਕੇ ਖੜ੍ਹਾ ਹੋ ਗਿਆ।' (ਨਾਵਲਕਾਰ ਨੇ ਇਸ ਸਨਮਾਨਤ ਸ਼ਖ਼ਸੀਅਤ ਦਾ ਸਨਮਾਨ ਵੀ ਲਾਹ ਕੇ ਔਹ ਮਾਰਿਆ ਹੈ)।
*'ਉਸ ਵਿਚ ਬੜਾ ਹੱਥ-ਜੱਸ ਏ।' ('ਉਸ ਦੇ ਹੱਥ ਬੜਾ ਜੱਸ ਏ।' ਹੋਣਾ ਚਾਹੀਦਾ ਹੈ)।
ਇਸ ਤੋਂ ਇਲਾਵਾ ਲੇਖਕ ਨੇ ਪੰਜਾਬੀ ਭਾਸ਼ਾ ਨੂੰ 'ਐਬਾਂ' ਨਾਲ਼ ਵੀ 'ਸ਼ਿੰਗਾਰਿਆ' ਹੈ। ਮਿਸਾਲਾਂ ਹਾਜ਼ਰ ਹਨ: ਇਹ ਲੇਖਕ 'ਮੁੜਦਿਆਂ' ਨਾਲ਼ ਅਤੇ 'ਪਰਤਣ' ਨਾਲ਼ 'ਵਾਪਸ' ਲਿਖਣਾ ਅਤੇ 'ਸਿਰਫ਼' ਨਾਲ਼ 'ਹੀ' ਵੀ ਲਿਖਣਾ ਨਹੀਂ ਭੁੱਲਿਆ। ਕਿਰਿਆ ਪਿੱਛੇ ਲੱਗਣ ਵਾਲ਼ਾ 'ਕੇ' ਉਸ ਕਿਰਿਆ ਨਾਲ਼ ਜੋੜ ਕੇ ਇਕ ਸ਼ਬਦ ਬਣਾ ਦੇਣਾ ਜਿੱਦਾਂ, 'ਕਰ' ਅਤੇ 'ਕੇ' ਜੋੜ ਕੇ 'ਕਰਕੇ' ਵਾਂਗ ਲਿਖਣਾ ਅਤੇ 'ਘੋਖਦਿਆਂ' ਦੀ ਥਾਂ 'ਘੋਖ ਕਰਦਿਆਂ' ਲਿਖਣਾ ਇਸ ਨਾਵਲਕਾਰ ਦਾ ਹੀ ਕਮਾਲ ਹੈ। 
ਇਹ ਲੇਖਕ ਤਾਂ 'ਤੀਰਾਂ ਨਾਲ਼ ਉੱਡਦੇ ਪੰਛੀ ਫੁੰਡ ਦਿੰਦਾ ਹੈ' ਜਦੋਂ 'ਉੱਡਦੇ ਪੰਛੀ ਤੀਰਾਂ ਨਾਲ਼ ਫੁੰਡਣੇ' ਬਣਦੇ ਹਨ। aਹ 'ਫ਼ਜ਼ਰ ਦੀ ਪਹਿਲੀ ਨਮਾਜ਼' ਪੜ੍ਹਦਾ ਹੈ ਜਦੋਂ ਕਿ 'ਫ਼ਜ਼ਰ' (ਸਵੇਰ) ਦੀ ਨਮਾਜ਼ 'ਪਹਿਲੀ ਹੀ ਹੁੰਦੀ ਹੈ। ਇਹ ਲੇਖਕ 'ਸਾਜ਼ ਸੁਰਨ ਕਰਨ' ਦੀ ਥਾਂ 'ਸਾਜ਼ ਨੂੰ ਸੁਰ ਕਰਨ' ਅਤੇ 'ਹਾਥੀ ਸ਼ਿੰਗਾਰਨ' ਦੀ ਥਾਂ 'ਹਾਥੀ ਨੂੰ ਸ਼ਿੰਗਾਰਨ' ਅਤੇ 'ਰੋਟੀ ਖਾਣ' ਦੀ ਥਾਂ 'ਰੋਟੀ ਨੂੰ ਖਾਣ' ਦਾ ਆਦੀ ਹੈ। 'ਸਿੰਧ' ਨੂੰ ਅੰਗਰੇਜ਼ੀ ਵਿਚ 'ਇੰਡਸ' ਲਿਖਿਆ ਜਾਂਦਾ ਹੈ, ਪਰ ਇਹ ਨਾਵਲਕਾਰ ਇਸ ਦਰਿਆ ਨੂੰ ਇਸ ਨਾਵਲ ਵਿਚ 'ਇੰਡੂਸ' ਲਿਖਦਾ ਹੈ। ਇਕ ਜਰਨੈਲ ਦਾ ਨਾਮ 'ਵੈਂਚੁਰਾ' ਹੈ, ਜੋ ਇਸ ਲੇਖਕ ਨੇ ਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨੀਆਂ ਦੀ ਜਾਣਕਾਰੀ ਨਾ ਹੋਣ ਕਾਰਨ 'ਵੈਂਤੁਰਾ' ਲਿਖਿਆ ਹੈ। 
ਇਸ ਨਾਵਲਕਾਰ ਨੇ ਮਹਾਰਾਜੇ ਨੂੰ ਘੜੀ-ਘੜੀ 'ਕਾਣਾ' ਕਹਿ ਕੇ ਆਪਣੀ 'ਲਿਆਕਤ' ਦਾ ਸਬੂਤ ਦਿੱਤਾ ਹੈ ਜਦੋਂ ਕਿ ਸਾਡੀ ਬੋਲ-ਚਾਲ ਵਿਚ ਕਾਣੇ ਨੂੰ ਕਾਣਾ ਅਤੇ ਗੰਜੇ ਨੂੰ ਗੰਜਾ ਕਹਿਣਾ ਚੰਗਾ ਨਹੀਂ ਸਮਝਿਆ ਜਾਂਦਾ। ਇਸ ਨਾਵਲਕਾਰ ਨੇ ਇਸ ਨਾਵਲ ਵਿਚ ਤਕਰੀਬਨ ਵੀਹ ਵਾਰ ਇਹ ਗੁਨਾਹ ਕੀਤਾ ਹੈ। ਆਪਾਂ ਕਿਸੇ ਵੀ ਵਿਅਕਤੀ ਦੇ ਹਵਾਲ਼ੇ ਨਾਲ਼ ਹਮੇਸ਼ਾ ਇਹੋ ਕਹਿੰਦੇ ਹਾਂ ਕਿ ਫਲਾਣਾ ਦੇਖਦਾ ਹੈ, ਫਲਾਣਾ ਸੁਣਦਾ ਹੈ। ਅਸੀਂ ਇਹ ਕਦੇ ਨਹੀਂ ਕਹਿੰਦੇ/ ਸੁਣਦੇ / ਲਿਖਦੇ ਕਿ ਫਲਾਣੇ ਦੀਆਂ ਅੱਖਾਂ ਦੇਖਦੀਆਂ ਹਨ ਜਾਂ ਫਲਾਣੇ ਦੇ ਕੰਨ ਸੁਣਦੇ ਹਨ। ਇਸ ਨਾਵਲਕਾਰ ਨੇ ਵਾਰ-ਵਾਰ ਮਹਾਰਾਜੇ ਦੀ ਅੱਖ ਦੇ ਕਾਣ ਦੀ ਉਹ ਦਫ਼ਾ ਪੁੱਟੀ ਹੈ ਕਿ ਰਹੇ ਰੱਬ ਦਾ ਨਾਂ। ਕੁੱਝ ਨਮੂਨੇ ਦੇਖੋ:-
*'ਉਸ ਦੀ ਅੱਖ ਬੇਚੈਨ ਹੋ ਗਈ।'
*'ਸੁਣਦਿਆਂ ਹੀ ਰਣਜੀਤ ਸਿੰਘ ਦੀ ਮੋਟੀ ਅੱਖ ਸੱਜੇ ਖੱਬੇ ਘੁੰਮਦੀ ਚਮਕ ਉੱਠੀ....।'
*'ਉਹ ਖੁੱਲ੍ਹੀ ਅੱਖ ਨਾਲ਼ ਵੱਡੇ ਸੁਪਨੇ ਦੇਖਣ ਲੱਗਾ।' (ਖੁੱਲ੍ਹੀ ਅੱਖ ਨਾਲ਼ ਵੱਡੇ ਸੁਪਨੇ ਦੇਖਣ ਦੀ ਮਨਾਹੀ ਤਾਂ ਨਹੀਂ। 'ਖੁੱਲ੍ਹੀ ਅੱਖ' ਨਾਲ਼ 'ਬੰਦ ਸੁਪਨੇ' ਤਾਂ ਕੋਈ ਤਸ਼ਬੀਹ ਬਣ ਸਕਦੀ ਸੀ)।
*'ਬੇਚੈਨੀ ਨਾਲ਼ ਸਿਰ ਘੁਮਾ ਘੁਮਾ ਹਰ ਪਾਸੇ ਵੇਖਦੀ ਮੋਟੀ ਅੱਖ।'
...
ਜਿੱਦਾਂ ਇਹ ਨਾਵਲ ਪੜ੍ਹਦਾ ਮੈਂ ਕਈ ਵਾਰੀ ਇਸ ਨੂੰ ਅੱਧ-ਵਿਚਾਲ਼ੇ ਛੱਡਣ ਲਈ ਤਿਆਰ ਹੋ ਗਿਆ ਸਾਂ, ਓਦਾਂ ਹੀ ਇਹ ਲੇਖ ਹੱਦੋਂ ਵੱਧ ਲੰਬਾ ਹੋਣੋਂ ਬਚਾਉਂਦਿਆਂ ਮੈਂ ਇਸ ਨਾਵਲ ਵਿਚ ਕੀਤੀਆਂ ਹੋਈਆਂ ਸੈਂਕੜੇ ਹੋਰ ਕਰਿਸ਼ਮਾਈ ਗ਼ਲਤੀਆਂ ਦਾ ਜ਼ਿਕਰ ਕਰਨਾ ਛੱਡ ਰਿਹਾ ਹਾਂ ਕਿਉਂ ਕਿ ਅਖ਼ਬਾਰ ਵਿਚ ਲੇਖ ਲਿਖਣ ਲਈ ੫੯੮ ਪੰਨੇ ਨਹੀਂ ਹੁੰਦੇ। ਇਸ ਦੇ ਨਾਲ਼ ਹੀ ਮੈਂ ਪੰਜਾਬੀ ਸਾਹਿੱਤ ਦੇ ਕਰਤਿਆਂ-ਧਰਤਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਨਾਵਲਕਾਰ ਦਾ ਇਹ ਇਨਾਮ ਭੋਟੂ ਨਜਾਇਜ਼ ਧੰਦਾ ਬੰਦ ਕਰਾਉਣ ਅਤੇ ਇਤਿਹਾਸ ਨੂੰ ਮਿਥਹਾਸ ਬਣਾਉਣ ਦੇ ਰੁਝਾਨ ਉੱਤੇ ਪਾਬੰਦੀ ਲੁਆਉਣ ਨਹੀਂ ਤਾਂ ਮਿਥਹਾਸ ਬਣਿਆ ਇਤਿਹਾਸ, ਪਰਿਹਾਸ ਹੀ ਬਣ ਕੇ ਰਹਿ ਜਾਵੇਗਾ।#