ਭੰਗ ਹੁਣ ਭੁੱਜਦੀ ਨਹੀਂ, ਇਤਿਹਾਸ ਘੜਦੀ ਹੈ
**********************************
ਮੇਰੇ ਕੈਨੇਡਾ ਵਸਣ ਦੇ ਚਾਰ ਸਾਲਾਂ ਦੌਰਾਨ ਭੰਗ, ਤਕਰੀਬਨ ਚੌਦਾਂ ਵਾਰ ਕੈਨੇਡਾ ਦੇ ਅਖ਼ਬਾਰਾਂ ਦੀ ਮੁੱਖ ਸੁਰਖ਼ੀ ਬਣ ਚੁੱਕੀ ਹੈ। ਕੱਲ੍ਹ-ਪਰਸੋਂ ਵੀ ਕੈਨੇਡਾ ਦੇ ਅਖ਼ਬਾਰਾਂ ਵਿਚ ਭੰਗ, ਜਿਸ ਨੂੰ 'ਮੈਰੀਜੁਆਨਾ', 'ਮੈਰੀਬੁਆਨਾ', 'ਕੈਨਾਬਿਜ਼', 'ਪੌਟ' ਅਤੇ ਹੋਰ ਪਤਾ ਨਹੀਂ ਕੀ-ਕੀ ਕਿਹਾ ਜਾਂਦਾ ਹੈ, ਸੁਰਖ਼ੀ ਬਣੀ ਸੀ, ਜੋ ਕੁੱਝ ਇਸ ਤਰ੍ਹਾਂ ਸੀ: 'ਫੈਡਰਲ ਸਰਕਾਰ ਵੱਲੋਂ ਭੰਗ ਉੱਤੇ ਇਕ ਡਾਲਰ ਪ੍ਰਤੀ ਗ੍ਰਾਮ ਟੈਕਸ ਲਾਉਣ ਦਾ ਐਲਾਨ'।
ਭੰਗ ਬਾਰੇ ਕੋਈ ਹੋਰ ਗੱਲ ਕਰਨ ਤੋਂ ਪਹਿਲਾਂ ਦੱਸਣਾ ਬਣਦਾ ਹੈ ਕਿ ਉਹ ਸਮਾਂ ਬੀਤ ਗਿਆ ਜਦੋਂ ਕਿਸੇ ਦੇ ਘਰ ਭੰਗ ਭੁੱਜਣ ਦਾ ਮਿਹਣਾ ਮਾਰਿਆ ਜਾਂਦਾ ਸੀ। ਹੁਣ ਭੰਗ ਨਿਰਾ ਨਸ਼ੇ ਦਾ ਸਾਮਾਨ ਵੀ ਨਹੀਂ ਰਹੀ, ਸਗੋਂ ਇਹ ਕਈ ਨਸ਼ੇ ਛੁਡਾਉਣ ਦਾ ਹੀ ਨਹੀਂ, ਕਈ ਬਿਮਾਰੀਆਂ ਤੋਂ ਛੁਡਾਉਣ ਦਾ ਸਾਧਨ ਵੀ ਬਣ ਗਈ ਹੈ। ਹੁਣ ਭੰਗ ਦੀ ਪੈਦਾਵਾਰ ਵਧਾਉਣ ਲਈ ਯੂਨੀਵਰਸਿਟੀਜ਼ ਵਿਚ ਕੋਰਸ ਕਰਾਏ ਜਾਣ ਦਾ ਪ੍ਰਬੰਧ ਕੀਤਾ ਜਾਣ ਲੱਗ ਪਿਆ ਹੈ। ਸਿੱਧੇ-ਸਾਦੇ ਸ਼ਬਦਾਂ ਵਿਚ ਕਹੀਏ ਤਾਂ ਭੰਗ, ਕੈਨੇਡਾ ਲਈ ਓਦਾਂ ਹੀ ਹੈ, ਜਿੱਦਾਂ ਪੰਜਾਬ ਵਿਚ ਮੱਕੀ ਤੋਂ ਬਾਅਦ ਝੋਨਾ ਸੀ। ਇਸ ਵੇਲ਼ੇ ਤਾਂ ਏਦਾਂ ਹੀ ਲੱਗਦਾ ਹੈ ਕਿ ਜੇ ਕੈਨੇਡਾ ਦੀ ਸਰਕਾਰ ਦੀਆਂ ਕੌਡੀਆਂ ਢੰਗ-ਸਿਰ ਪੈ ਗਈਆਂ ਤਾਂ ਕੈਨੇਡਾ ਦੀ ਆਰਥਕਤਾ ਵਿਚ ਭੰਗ ਦਾ ਖ਼ਾਸ ਸਥਾਨ ਹੋਵੇਗਾ। ਪੰਜਾਬ ਵਿਚ ਕੋਈ ਮੋਟਾ ਖ਼ਰਚਾ ਪੈਣ 'ਤੇ ਜੱਟ ਅਕਸਰ ਹੀ 'ਐਤਕੀਂ ਝੋਨਾ ਚੱਕ ਕੇ ਪਹਿਲਾਂ ਇਹੋ ਕੰਮ ਕਰਨੈ' ਕਹਿੰਦੇ ਸੁਣੀਂਦੇ ਸਨ। ਹੁਣ ਕੈਨੇਡਾ ਵਿਚ ਭੰਗ ਦੇ ਕਾਸ਼ਤਕਾਰ ਵੀ ਸ਼ਾਇਦ 'ਝੋਨੇ' ਦੀ ਥਾਂ 'ਭੰਗ' ਕਹਿ ਕੇ ਇਹੋ ਭਾਵ ਜ਼ਾਹਰ ਕਰਿਆ ਕਰਨਗੇ।
ਇੱਥੇ ਭੰਗ ਦੀਆਂ ਦਵਾਈਆਂ ਵੇਚਣ ਵਾਲ਼ੇ ਇਕ ਸਟੋਰ ਵਿਚ ਕੁੱਝ ਦੇਰ ਕੰਮ ਕਰਨ ਦੌਰਾਨ ਪਤਾ ਲੱਗਿਆ ਕਿ ਭੰਗ ਦੀਆਂ ਦਵਾਈਆਂ, ਸੋਨੇ ਨਾਲ਼ੋਂ ਵੀ ਮਹਿੰਗੀਆਂ ਹਨ। ਉਸ ਸਟੋਰ ਵਿਚ, ਦਵਾਈਆਂ ਵਿਚ ਵਟੀ ਹੋਈ ਭੰਗ ਤੋਲਣ ਲਈ, ਸੋਨੇ ਦੇ ਗਹਿਣੇ ਤੋਲਣ ਲਈ ਵਰਤੇ ਜਾਂਦੇ ਕੰਡਿਆਂ ਨਾਲ਼ੋਂ ਵੀ ਵਧੀਆ ਕੰਡੇ ਵਰਤੇ ਜਾਂਦੇ ਹਨ। ਸਟੋਰ ਦੇ ਇਕ ਸੀਨੀਅਰ ਮੁਲਾਜ਼ਮ ਨੇ ਦੱਸਿਆ ਸੀ ਕਿ ਉਸ ਸਟੋਰ ਵਿਚ ਇਹੋ ਜਿਹੀਆਂ ਦਵਾਈਆਂ ਹਨ, ਜਿਨ੍ਹਾਂ ਦਾ ਭਾਅ, ਸੋਨੇ ਦੇ ਭਾਅ ਨਾਲ਼ੋਂ ਚਾਰ ਗੁਣਾ ਹੈ।
ਹਾਲ ਹੀ ਵਿਚ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਕ ਗ੍ਰਾਮ ਭੰਗ ਉੱਤੇ ਇਕ ਡਾਲਰ ਜਾਂ ਪ੍ਰਚੂਨ ਵਿਚ ਵਿਕਣ ਵਾਲ਼ੀ ਭੰਗ ਦੇ ਭਾਅ ਦੇ 10 ਫੀ ਸਦੀ ਵਿਚੋਂ ਜਿਹੜਾ ਵੀ ਵੱਧ ਹੋਵੇਗਾ, ਉਸ ਜਿੰਨਾ ਟੈਕਸ ਲਾਇਆ ਜਾਇਆ ਕਰੇਗਾ। 10 ਨਵੰਬਰ (2017) ਨੂੰ ਨਸ਼ਰ ਹੋਈਆਂ ਖ਼ਬਰਾਂ ਮੁਤਾਬਕ, ਅਗਲੇ ਸਾਲ ਭੰਗ ਨੂੰ ਕੈਨੇਡਾ ਵਿਚ ਕਾਨੂੰਨੀ ਦਰਜਾ ਮਿਲ ਜਾਣ ਮਗਰੋਂ ਕੈਨੇਡਾ ਦੀ ਸਰਕਾਰ, ਸੂਬਾਈ ਸਰਕਾਰਾਂ ਅਤੇ ਟੈਰੀਟਰੀਜ਼ ਹਰ ਸਾਲ ਹੋਰ ਇਕ ਅਰਬ ਡਾਲਰ ਦੇ ਜੁਗਾੜੀ ਬਣ ਜਾਣਗੇ।
'ਦ ਕੈਨੇਡੀਅਨ ਪ੍ਰੈੱਸ' ਨੂੰ ਖ਼ਬਰਾਂ ਦਿੰਦੀ ਬੀਬੀ ਮੀਆ ਰਾਬਸਨ ਲਿਖਦੀ ਹੈ ਕਿ ਟੋਰੋਂਟੋ ਪੁਲਸ ਦੇ ਮੁਖੀ ਰਹਿ ਚੁੱਕੇ ਲਿਬਰਲ ਮੈਂਬਰ ਪਾਰਲੀਮੈਂਟ ਬਿੱਲ ਬਲੇਅਰ, ਜੋ ਭੰਗ ਨੂੰ ਕਾਨੂੰਨੀ ਦਰਜਾ ਦੁਆਉਣ ਦੇ ਸਬੰਧ ਵਿਚ ਟਰੂਡੋ ਸਰਕਾਰ ਦੇ ਝੰਡਾ ਬਰਦਾਰ ਹਨ, ਨੇ ਕਿਹਾ ਹੈ ਕਿ ਜਾਇਜ਼ ਭੰਗ ਉੱਤੇ ਟੈਕਸ ਲਗਾਉਣ ਦੀ ਤਜਵੀਜ਼ ਉੱਤੇ ਸਲਾਹ-ਮਸ਼ਵਰੇ ਕਰਨ ਦਾ ਸਮਾਂ 7 ਦਸੰਬਰ ਨੂੰ ਪੁੱਗ ਜਾਣਾ ਹੈ। ਇਸ ਤੋਂ ਮਗਰੋਂ ਕੇਂਦਰੀ ਵਿੱਤ ਮੰਤਰੀ, ਸੂਬਿਆਂ ਅਤੇ ਟੈਰੀਟਰੀਜ਼ ਦੇ ਵਿੱਤ ਮੰਤਰੀ 10-11 ਦਸੰਬਰ ਨੂੰ ਔਟਵਾ ਵਿਚ ਹੋਣ ਵਾਲ਼ੀ ਮੀਟਿੰਗ ਵਿਚ ਹੀ ਇਸ ਬਾਰੇ ਕੁੱਝ ਕਹਿ ਸਕਣਗੇ। ਇਸ ਟੈਕਸ ਵਜੋਂ ਉਗਰਾਹੀ ਹੋਈ ਰਕਮ, ਕੇਂਦਰ ਸਰਕਾਰ, ਸੂਬਾਈ ਸਰਕਾਰਾਂ ਅਤੇ ਟੈਰੀਟਰੀਜ਼ ਵਿਚ ਇਕੋ-ਜਿਹੀ ਵੰਡ ਲਈ ਜਾਵੇਗੀ। ਇਸ ਤੋਂ ਇਲਾਵਾ ਭੰਗ ਜਾਂ ਇਸ ਤੋਂ ਬਣੇ ਮਾਲ ਉੱਤੇ ਕੇਂਦਰੀ ਅਤੇ ਸੂਬਾਈ ਵਿਕਰੀ ਟੈਕਸ ਵੱਖਰੇ ਉਗਰਾਹੇ ਜਾਣਗੇ। ਸੂਬਿਆਂ ਵਿਚ ਵਿੱਕਰੀ ਟੈਕਸ ਦੀਆਂ ਦਰਾਂ ਵੱਖ-ਵੱਖ ਹੋਣ ਦੀ ਵਜ੍ਹਾ ਨਾਲ਼, ਦੇਸ਼ ਭਰ ਵਿਚ ਭੰਗ ਦਾ ਵਿਕਰੀ ਮੁੱਲ ਵੀ ਵੱਖਰਾ-ਵੱਖਰਾ ਹੋਵੇਗਾ। ਬਲੇਅਰ ਦਾ ਕਹਿਣ ਹੈ ਕਿ ਇਸ ਯੋਜਨਾ ਤੋਂ ਕੇਂਦਰ ਸਰਕਾਰ ਅਤੇ ਸੂਬਾਈ ਸਰਕਾਰਾਂ ਲਈ ਤਕਰੀਬਨ ਇਕ ਅਰਬ ਡਾਲਰ ਹੋਰ ਦਾ ਜੁਗਾੜ ਹੋ ਜਾਵੇਗਾ। ਇਸ ਦੇ ਨਾਲ਼ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਇਹ ਦੇਖਣਾ ਰਹਿੰਦਾ ਹੈ ਕਿ ਭੰਗ ਨੂੰ ਕਾਨੂੰਨੀ ਦਰਜਾ ਮਿਲਣ ਮਗਰੋਂ ਲੋਕ ਭੰਗ ਕਿੰਨੀ ਕੁ ਖਰੀਦਦੇ ਹਨ।
ਇਸ ਸਭ ਕੁੱਝ ਤੋਂ ਏਦਾਂ ਹੀ ਲੱਗਦਾ ਹੈ ਕਿ ਹਰ ਸੂਬਾ, ਭੰਗ ਦੇ ਸਬੰਧ ਵਿਚ ਫੈਡਰਲ ਢਾਂਚੇ ਵਿਚ ਸ਼ਾਮਲ ਹੋਵੇਗਾ। ਜਿਹੜੇ ਸੂਬਿਆਂ ਦੀਆਂ ਸਰਕਾਰਾਂ ਇਸ ਢਾਂਚੇ ਦਾ ਹਿੱਸਾ ਨਹੀਂ ਬਣਨਗੀਆਂ, ਉਨ੍ਹਾਂ ਦੇ ਲੋਕ ਵੀ ਕਾਨੂੰਨੀ ਦਰਜਾ ਹਾਸਲ ਭੰਗ ਖਰੀਦ ਸਕਣਗੇ, ਪਰ ਉਨ੍ਹਾਂ ਨੂੰ ਐਕਸਾਈਜ਼ ਟੈਕਸ 50 ਸੈਂਟਸ ਪ੍ਰਤੀ ਗ੍ਰਾਮ ਜਾਂ ਭੰਗ ਦੇ ਭਾਅ ਦੇ 5 ਫੀ ਸਦੀ ਜਿੰਨਾ ਅਤੇ ਜੀ ਐੱਸ ਟੀ ਵੀ ਅਦਾ ਕਰਨਾ ਪਿਆ ਕਰੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸੂਬਾਈ ਟੈਕਸ ਵੀ ਦੇਣਾ ਪਿਆ ਕਰੇਗਾ। ਸੂਬੇ ਹਾਲ ਦੀ ਘੜੀ, ਕੇਂਦਰ ਦੀ ਭੰਗ-ਰੇਖਾ ਵਿਚ ਦਾਖ਼ਲ ਹੋਣ ਲਈ ਉਤਾਵਲੇ ਨਹੀਂ ਲੱਗਦੇ।
ਇਸ ਦੌਰਾਨ, ਅਨਟੌਰੀਓ ਦੇ ਵਿੱਤ ਮੰਤਰੀ ਚਾਰਲਸ ਸੂਜ਼ਾ ਨੇ ਭੰਗ ਤੋਂ ਮਿਲਣ ਵਾਲ਼ੇ ਮਾਲੀਏ ਦੀ ਅੱਧੋ-ਅੱਧ ਵੰਡ ਸਹੀ ਨਹੀਂ ਮੰਨੀ ਕਿਉਂ ਕਿ ਸੂਬਿਆਂ ਨੂੰ ਕੇਂਦਰ ਸਰਕਾਰ ਦੇ ਕਾਨੂੰਨ ਲਾਗੂ ਕਰਨ, ਇਨਸਾਫ਼ ਕਰਨ, ਸੜਕ ਸੁਰੱਖਿਆ ਅਤੇ ਸਿੱਖਿਆ ਸਬੰਧੀ ਖ਼ਰਚਿਆਂ ਨਾਲ਼ੋਂ ਕਿਤੇ ਵੱਧ ਖ਼ਰਚੇ ਪੈਂਦੇ ਹਨ। ਮੈਨੀਟੋਬਾ ਦੇ ਪ੍ਰੀਮੀਅਰ ਬਰੀਅਨ ਪੱਲੀਸਟਰ ਦਾ ਕਹਿਣ ਹੈ ਕਿ ਔਟਵਾ ਟੈਕਸਾਂ ਦੀ ਵਸੂਲੀ ਵਿਚੋਂ ਹਿੱਸਾ ਚਾਹੁੰਦਾ ਹੈ, ਪਰ ਭੰਗ ਨੂੰ ਕਾਨੂੰਨੀ ਦਰਜਾ ਦਿੱਤੇ ਜਾਣ ਦੀ ਕੀਮਤ 'ਤੇ ਨਹੀਂ। ਬ੍ਰਿਟਿਸ਼ ਕੋਲੰਬੀਆ ਦੀ ਵਿੱਤ ਮੰਤਰੀ ਕੈਰੋਲ ਜੇਮਜ਼ ਨੇ ਵੀ ਟੈਕਸਾਂ ਦੀ ਵਸੂਲੀ ਤੋਂ ਮਿਲਣ ਵਾਲ਼ੇ ਮਾਲੀਏ ਦੀ ਵੰਡ ਦੇ ਮਾਮਲੇ ਵਿਚ ਅਨਟੌਰੀਓ ਦੀ ਸੁਰ ਵਿਚ ਸੁਰ ਮਿਲਾਈ ਹੈ। ਜੇਮਜ਼ ਦਾ ਕਹਿਣ ਹੈ, "ਜਦੋਂ ਸਾਨੂੰ ਬ੍ਰਿਟਿਸ਼ ਕੋਲੰਬੀਆ ਵਿਚ ਬਹੁਤੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ ਤਾਂ ਸਾਨੂੰ ਇਹ ਮਾਲੀਆ ਅੱਧੋ-ਅੱਧ ਕਰਨਾ ਸਹੀ ਨਹੀਂ ਲੱਗਦਾ।"
ਭੰਗ ਉਤਪਾਦਕਾਂ ਅਤੇ ਵਿਤਰਕਾਂ ਦੀ ਜਥੇਬੰਦੀ 'ਕੈਨੋਪੀ ਗ੍ਰੋਥ' ਦੇ ਮੁੱਖ ਕਾਰਜਕਾਰੀ ਅਧਿਕਾਰੀ ਬਰੂਸ ਲਿੰਟਨ ਦਾ ਕਹਿਣ ਹੈ ਕਿ ਟੈਕਸ ਸਬੰਧੀ ਵਿਉਂਤ ਬਿਲਕੁਲ ਉਸੇ ਤਰ੍ਹਾਂ ਦੀ ਹੈ, ਜਿਸ ਤਰ੍ਹਾਂ ਦੀ ਹੋਣ ਦੀ ਆਸ ਕੀਤੀ ਗਈ ਸੀ ਤੇ ਉਨ੍ਹਾਂ ਨੂੰ ਤਾਂ ਇਹੋ ਮਨਜ਼ੂਰ ਹੈ। ਭੰਗ ਦੀ ਕਾਸ਼ਤ ਕਰਨ-ਕਰਾਉਣ ਵਾਲ਼ੀਆਂ 60 ਤੋਂ ਵੱਧ ਕੰਪਨੀਆਂ, ਜੋ 'ਹੈਲਥ ਕੈਨੇਡਾ' ਵੱਲੋਂ ਮਨਜ਼ੂਰਸ਼ੁਦਾ ਹਨ, ਹੁਣ ਭੰਗ ਦਾ ਵਧੇਰੇ ਅਤੇ ਚੰਗਾ ਉਤਪਾਦਨ ਲੈਣ ਲਈ ਇਸ ਸਬੰਧ ਵਿਚ ਟਰੇਂਡ ਵਿਗਿਆਨੀਆਂ, ਖੋਜੀਆਂ ਅਤੇ ਮਾਹਰਾਂ ਦਾ ਆਸਰਾ ਲੈਣ ਲੱਗੀਆਂ ਹਨ। ਇਸ ਸਬੰਧ ਵਿਚ ਬਹੁਤ ਸਾਰੀਆਂ ਯੂਨੀਵਰਸਿਟੀਜ਼, ਜਿਨ੍ਹਾਂ ਵਿਚ ਯੂਨੀਵਰਸਿਟੀ ਔਫ ਗੁਏਲਫ, ਅਨਟੌਰੀਓ ਯੂਨੀਵਰਸਿਟੀ, ਕਵਾਂਟਲਿਨ ਯੂਨੀਵਰਸਿਟੀ ਵੀ ਸ਼ਾਮਲ ਹਨ, ਦਵਾਈ-ਦਾਰੂ ਬਣਾਉਣ ਲਈ ਵਰਤੀ ਜਾਣ ਵਾਲ਼ੀ ਭੰਗ ਉਗਾਉਣ ਵਿਚ ਤਕਨੀਕ ਸਹਾਇਤਾ ਦੇਣ ਸਬੰਧੀ ਸਿਖਲਾਈ ਦੇਣ ਦੇ ਪ੍ਰੋਗਰਾਮ ਬਣਾ ਰਹੀਆਂ ਹਨ। ਇਸ ਵੇਲ਼ੇ ਭੰਗ, ਕੈਨੇਡਾ ਵਿਚ ਉਹ ਕਾਰੋਬਾਰ ਬਣ ਚੁੱਕੀ ਹੈ, ਜਿਸ ਵਿਚ ਅਮੀਰ ਲੋਕ ਸਰਮਾਇਆਕਾਰੀ ਕਰਨ ਖ਼ਾਤਰ 'ਟੁੱਟ-ਟੁੱਟ ਪੈ ਰਹੇ' ਹਨ।
ਕਵਾਂਟਲਿਨ ਯੂਨੀਵਰਸਿਟੀ ਨੇ ਭੰਗ ਦੀ ਕਾਸ਼ਤ ਅਤੇ ਵੇਚ-ਵੱਟ ਦੇ ਨਾਲ਼-ਨਾਲ਼ ਇਸ ਵਾਸਤੇ ਮਾਲੀ ਜੁਗਾੜ ਕਰਨ ਸਬੰਧੀ ਪੜ੍ਹਾਈ ਕਰਾਉਣ ਦੀਆਂ ਯੋਜਨਾਵਾਂ ਉਲੀਕੀਆਂ ਹਨ। ਇਸ ਸਬੰਧ ਵਿਚ ਇਹ ਯੂਨੀਵਰਸਿਟੀ, 'ਨੈਸ਼ਨਲ ਇੰਸਟੀਚਿਊਟ ਫਾਰ ਕੈਨਾਬਿਜ਼ ਹੈਲਥ ਐਂਡ ਐਜੂਕੇਸ਼ਨ' (ਨੀਸ਼ੇ), ਜੋ ਕੈਨੇਡਾ ਵਿਚ ਭੰਗ ਤੋਂ ਬਣੀਆਂ ਹੋਈਆਂ ਵਧੀਆ ਦਵਾਈਆਂ ਮੁਹੱਈਆ ਕਰਾਉਣ ਲਈ ਸਮਰਪਤ ਹੈ, ਤੋਂ ਵੀ ਸੇਧ ਲੈ ਰਹੀ ਹੈ। ਇਸ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਭੰਗ ਦੀ ਬਿਜਾਈ, ਸਹੀ ਤੇ ਲਾਹੇਵੰਦ ਬੂਟਿਆਂ ਦੀ ਪਛਾਣ, ਇਲਾਜ ਵਿਧੀਆਂ, ਭੰਗ ਦੀ ਫ਼ਸਲ ਨੂੰ ਲੱਗਣ ਵਾਲ਼ੇ ਕੀੜਿਆਂ ਦੀ ਰੋਕਥਾਮ, ਭੰਗ ਸੁਕਾਉਣ ਅਤੇ ਉਸ ਨੂੰ ਸੰਭਾਲਣ ਦੇ ਢੰਗ ਸਿਖਾਉਣ ਦੇ ਨਾਲ਼-ਨਾਲ਼, ਭੰਗ ਸਬੰਧੀ ਕਾਨੂੰਨਾਂ ਤੇ ਨਿਯਮਾਂ ਦੀ ਜਾਣਕਾਰੀ ਵੀ ਦਿੱਤੀ ਜਾਇਆ ਕਰੇਗੀ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਭੰਗ ਦੇ ਕਾਰੋਬਾਰ ਵਿਚ ਪੈਣ ਲਈ ਸਰਮਾਏ ਦਾ ਜੁਗਾੜ ਕਰਨ ਦੇ ਰਾਹੇ ਵੀ ਪਾਇਆ ਜਾਇਆ ਕਰੇਗਾ।
ਕੈਨੇਡਾ ਦੀਆਂ 60 ਪ੍ਰਵਾਨਤ ਭੰਗ ਉਗਾਊ ਕੰਪਨੀਆਂ ਨੂੰ ਵੱਡੀ ਗਿਣਤੀ ਵਿਚ ਮਾਹਰ ਵਿਗਿਆਨੀਆਂ ਦੀ ਲੋੜ ਹੈ। ਭੰਗ ਨੂੰ ਕਾਨੂੰਨੀ ਮਾਨਤਾ ਦੇਣ ਦੇ ਸਬੰਧ ਵਿਚ ਕਰਾਏ ਗਏ ਇਕ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੈਨੇਡਾ ਦੇ ੬੮ ਫੀ ਸਦੀ ਲੋਕ, ਭੰਗ ਨੂੰ ਕਾਨੂੰਨੀ ਦਰਜਾ ਦੇਣ ਦੇ ਹੱਕ ਵਿਚ ਹਨ। ਇਹ ਸਰਵੇਖਣ, ਡਲਹੌਜ਼ੀ ਯੂਨੀਵਰਸਿਟੀ, ਹੈਲੀਫੈਕਸ ਵਿਚ ਕਰਾਇਆ ਗਿਆ ਹੈ।
ਜਿਹੜੇ ਲੋਕ ਹੁਣ ਤਕ ਭੰਗ ਦੇ ਪਕੌੜਿਆਂ ਬਾਰੇ ਹੀ ਜਾਣਦੇ ਹਨ, ਉਹ ਅਗਲੇ ਸਮਿਆਂ ਵਿਚ ਭੰਗ ਦੀਆਂ 'ਬਰਾਊਨੀਜ਼' ਅਤੇ 'ਮੱਫਿਨਜ਼' ਦਾ ਸੁਆਦ ਵੀ ਦੇਖਣ ਜੋਗੇ ਹੋ ਜਾਣਗੇ। ਬੱਚਿਆਂ ਲਈ ਭੰਗ ਦੀਆਂ 'ਕੈਂਡੀਜ਼' ਤੇ 'ਕੁਕੀਜ਼' ਆ ਜਾਣਗੀਆਂ। ਇਸ ਤੋਂ ਇਲਾਵਾ, ਬ੍ਰਿਟਿਸ਼ ਕੋਲੰਬੀਆ ਦੇ 81 ਫੀ ਸਦੀ ਲੋਕਾਂ ਨੇ ਇਨ੍ਹਾਂ ਚੀਜ਼ਾਂ ਨਾਲ਼ ਆਪਣੀ ਔਲਾਦ ਦੇ ਵਿਗੜ ਜਾਣ ਦਾ ਖ਼ਦਸ਼ਾ ਵੀ ਜ਼ਾਹਰ ਕੀਤਾ ਹੈ।
ਸੋ ਭੰਗ ਦੀ ਜਿਸ ਬੇੜੀ ਵਿਚ ਕੈਨੇਡਾ ਸਰਕਾਰ ਤਰੱਕੀ ਦੇ ਸਫ਼ਰ 'ਤੇ ਰਵਾਨਾ ਹੋਣ ਦੀਆਂ ਤਿਆਰੀਆਂ ਕਰ ਰਹੀ ਹੈ, ਉਹ ਤਰਦੀ ਰਹੇਗੀ ਜਾਂ ਗ਼ਰਕ ਹੋ ਜਾਵੇਗੀ, ਇਸ ਸੁਆਲ ਦਾ ਜੁਆਬ ਹਾਲੇ ਭਵਿੱਖ ਦੀ ਕੁੱਖ ਵਿਚ ਹੈ।#
