ਸੌ ਸਾਲ ਤੋਂ ਵੱਧ ਉਮਰ ਦੇ ਸਿਨੇਮਾ ਨੂੰ
ਅਜੇ ਵੀ ਨਿਆਣਾ ਤਾਂ ਨਾ ਸਮਝੋ
***************************
ਇਤਿਹਾਸ ਨੂੰ ਮਿਥਹਾਸ ਬਣਾਉਣ ਦਾ ਦੋਸ਼ ਕੁੱਝ ਸਾਹਿਤਕਾਰਾਂ ਦੇ ਨਾਲ਼-ਨਾਲ਼ ਫ਼ਿਲਮਸਾਜ਼ਾਂ ਦੇ ਸਿਰ ਵੀ ਲੱਗਦਾ ਰਹਿੰਦਾ ਹੈ। ਇਹੋ ਜਿਹੇ ਦੋਸ਼ਾਂ ਦੇ ਸਬੰਧ ਵਿਚ ਹੀ ਇਸ ਵੇਲ਼ੇ ਭਾਰਤ ਦੀ ਫ਼ਿਲਮ ਸਨਅਤ ਘੋਰ ਬੈਚੇਨੀ ਦੇ ਦੌਰ ਵਿਚੋਂ ਲੰਘ ਰਹੀ ਹੈ। ਇਸ ਬੇਚੈਨੀ ਦੀ ਮੁੱਖ ਵਜ੍ਹਾ ਹੈ ਕਿ ਫ਼ਿਲਮਸਾਜ਼ ਸੰਜੇ ਲੀਲਾ ਭੰਸਾਲੀ ਦੇ ਸਿਰ ਇਹ ਦੋਸ਼ ਲੱਗੇ ਹੋਏ ਹਨ ਕਿ ਉਨ੍ਹਾਂ ਨੇ ਆਪਣੀ ਫ਼ਿਲਮ ਵਿਚ 'ਪਦਮਾਵਤੀ' ਦਾ ਕਿਰਦਾਰ ਚਿੱਤਰਦਿਆਂ ਉਸ ਨਾਲ਼ ਅਨਿਆਂ ਕੀਤਾ ਹੈ। ਇਹ ਫ਼ਿਲਮ ਰਿਲੀਜ਼ ਕਰਨ ਲਈ ਤਿਆਰ ਹੈ ਜਦੋਂ ਕਿ 'ਸ੍ਰੀ ਰਾਜਪੂਤ ਕਰਨੀ ਸੇਨਾ' ਇਸ ਫ਼ਿਲਮ ਨੂੰ ਰਿਲੀਜ਼ ਕਰਨ 'ਤੇ ਪਾਬੰਦੀ ਲੁਆਉਣ ਖ਼ਾਤਰ ਅੱਡੀਆਂ ਤਕ ਜ਼ੋਰ ਲਾਉਂਦੀ ਰਹੀ ਹੈ। ਇਸ ਜਥੇਬੰਦੀ ਦੇ ਪ੍ਰਧਾਨ ਲੋਕੇਂਦਰ ਸਿੰਘ ਕਲਵੀ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਇਸ ਫ਼ਿਲਮ ਵਿਚ 'ਪਦਮਾਵਤੀ' ਦਾ ਕਿਰਦਾਰ ਨਿਭਾਉਣ ਵਾਲ਼ੀ ਦੀਪਿਕਾ ਪਾਦੂਕੋਨ ਦਾ ਨੱਕ ਓਦਾਂ ਹੀ ਵੱਢਿਆ ਜਾਣਾ ਚਾਹੀਦਾ ਹੈ, ਜਿੱਦਾਂ ਲਛਮਣ ਨੇ ਸਰੂਪਨਖਾ ਦਾ ਵੱਢਿਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਹੈ, "ਪਦਮਿਨੀ ਸਾਡੇ ਇਤਿਹਾਸ ਦਾ ਅੰਗ ਹੈ। ਇਸ ਫ਼ਿਲਮ ਰਾਹੀਂ ਇਤਿਹਾਸ ਤੋੜ-ਮੋੜ ਕੇ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਫ਼ਿਲਮ ਵਿਚ ਸਾਡੀ ਸਭਿਆਚਾਰਕ ਪਛਾਣ ਅਤੇ ਸੰਵੇਦਨਸ਼ੀਲਤਾ ਬਰਕਰਾਰ ਰੱਖੇ ਜਾਣ ਦੀ ਲੋੜ ਹੈ।"
ਇਸ ਦੌਰਾਨ ਹੀ ਗੋਆ ਵਿਚ 'ਭਾਰਤ ਦਾ ੪੮ਵਾਂ ਕੌਮਾਂਤਰੀ ਫ਼ਿਲਮ ਮੇਲਾ' ਸ਼ੁਰੂ ਹੋਣ ਤੋਂ ਮਸਾਂ ਇਕ ਹਫ਼ਤਾ ਪਹਿਲਾਂ, ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਸ ਫ਼ਿਲਮ ਮੇਲੇ ਵਿਚ ਦਿਖਾਉਣ ਲਈ ਛਾਂਟੀਆਂ ਹੋਈਆਂ ਫ਼ਿਲਮਾਂ ਦੀ ਸੂਚੀ ਵਿਚੋਂ ਖੜ੍ਹੇ-ਪੈਰ ਹੀ ਦੋ ਬਹੁਤ ਅਹਿਮ ਫ਼ਿਲਮਾਂ 'ਐੱਸ ਦੁਰਗਾ' ਅਤੇ 'ਨਿਊਡ' ਕੱਢ ਦਿੱਤੀਆਂ ਹਨ ਜਦੋਂ ਕਿ 'ਇੰਡੀਅਨ ਪੈਨੋਰਮਾ' ਦੀ ੧੩ ਮੈਂਬਰੀ ਮੁਨਸਿਫ਼ ਟੀਮ ਨੇ ਇਹ ਫ਼ਿਲਮਾਂ ਦਿਖਾਉਣ ਲਈ ਚੁਣੀਆਂ ਹੋਈਆਂ ਸਨ। ਮੰਤਰਾਲੇ ਦੀ ਇਸ ਕਾਰਵਾਈ ਵਿਰੁੱਧ ਰੋਸ ਪ੍ਰਗਟ ਕਰਨ ਲਈ 'ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਔਫ ਇੰਡੀਆ' ਦੇ ਮੁੱਖ ਮੁਨਸਿਫ਼ ਸੁਜੌਏ ਘੋਸ਼ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
'ਜਨਤਾ ਦੇ ਜਜ਼ਬਾਤ ਨਾਲ਼ ਖਿਲਵਾੜ ਕੀਤੇ ਜਾਣ' ਦੇ ਬਹਾਨੇ ਅਕਸਰ ਹੀ ਕੁੱਝ ਸਮਾਜਕ ਜਥੇਬੰਦੀਆਂ ਅਤੇ ਸਰਕਾਰੀ ਅਧਿਕਾਰੀ ਕਈ ਫ਼ਿਲਮਾਂ ਦਿਖਾਉਣ ਉੱਤੇ ਇਤਰਾਜ਼ ਹੀ ਨਹੀਂ ਕਰ ਦਿੰਦੇ, ਸਗੋਂ ਇਸ ਗੱਲ ਦਾ ਫੈਸਲਾ ਵੀ ਆਪਣੇ ਹੱਥ ਲੈ ਲੈਂਦੇ ਹਨ ਕਿ ਲੋਕਾਂ ਨੂੰ ਕੀ ਦੇਖਣਾ ਚਾਹੀਦੈ ਜਾਂ ਕੀ ਨਹੀਂ ਦੇਖਣਾ ਚਾਹੀਦੈ। ਇਨ੍ਹਾਂ ਲੋਕਾਂ ਵੱਲੋਂ ਇਸ ਤਰ੍ਹਾਂ ਆਪੇ ਹੀ ਮੱਤ-ਪੱਤ ਦੇ ਰਾਖੇ ਬਣ ਜਾਣ ਨਾਲ਼, ਵਿਚਾਰਾਂ ਦੇ ਪ੍ਰਗਟਾਵੇ ਦੀ ਖੁੱਲ੍ਹ ਦੇ ਅਤੇ ਕਲਾਤਮਕ ਹੱਕਾਂ ਦੇ, ਪਰ ਹੀ ਨਹੀਂ ਕੁਤਰ ਸੁੱਟੇ ਜਾਂਦੇ, ਸਗੋਂ ਕਰੋੜਾਂ ਰੁਪਏ ਦੀ ਲਾਗਤ ਨਾਲ਼ ਬਣੀਆਂ ਫ਼ਿਲਮਾਂ ਡੱਕ ਦੇਣ ਨਾਲ਼ ਇਨ੍ਹਾਂ ਫ਼ਿਲਮਾਂ ਦੇ ਪ੍ਰੋਡਿਊਸਰ ਘਰ-ਘਾਟ ਵੇਚਣ ਤਕ ਵੀ ਮਜਬੂਰ ਹੋ ਜਾਂਦੇ ਹਨ। ਬਹੁਤੀ ਵਾਰੀ, ਇਤਰਾਜ਼ ਕਰਨ ਵਾਲ਼ਿਆਂ ਨੇ ਉਹ ਫ਼ਿਲਮਾਂ ਦੇਖੀਆਂ ਵੀ ਨਹੀਂ ਹੁੰਦੀਆਂ।
ਜਿਸ ਦੇਸ਼ ਵਿਚ ਗ਼ਰੀਬੀ ਦੀਆਂ, ਔਰਤਾਂ ਨੂੰ ਉਧਾਲ ਕੇ ਉਨ੍ਹਾਂ ਦੀ ਪੱਤ ਲੁੱਟਣ ਦੀਆਂ, ਭ੍ਰਿਸ਼ਟਾਚਾਰ ਦੀਆਂ, ਬੇਰੁਜ਼ਗ਼ਾਰੀ ਦੀਆਂ, ਅਬਾਦੀ ਵਧਣ ਦੀਆਂ, ਰੁਪਏ-ਪੈਸੇ ਦੀ ਬੇਕਦਰੀ ਦੀਆਂ ਸਮੱਸਿਆਵਾਂ ਦੀ ਭਰਮਾਰ ਹੋਵੇ, ਓਥੇ ਵਿਰਸੇ ਅਤੇ ਇਤਿਹਾਸ ਦੀ ਰਾਖੀ ਦੇ ਮੂਰਖ਼ਾਨਾ ਖ਼ਿਆਲਾਂ ਨੂੰ ਅਹਿਮੀਅਤ ਦੇਣੀ ਹੋਰ ਵੀ ਅਹਿਮਕਾਨਾ ਲੱਗਣ ਲੱਗਦੀ ਹੈ। ਇਸ ਦੇ ਨਾਲ਼ ਹੀ ਇਕ ਸੁਆਲ ਸਾਡੇ ਮਨਾਂ ਵਿਚ ਉੱਸਲਵੱਟੇ ਭੰਨਣ ਲੱਗਦਾ ਹੈ ਕਿ ਅਸੀਂ ਸੌ ਸਾਲ ਤੋਂ ਵੱਧ ਦੇ ਹੋ ਗਏ ਸਿਨੇਮਾ ਨੂੰ ਨਿਆਣਾ ਸਮਝਣਾ ਕਦੋਂ ਬੰਦ ਕਰਾਂਗੇ।
'ਮੁੰਬਈ ਫ਼ਿਲਮ ਫੈਸਟੀਵਲ' ਵਿਚ ਆਪਣੀ ਫ਼ਿਲਮ 'ਸੈਕਸੀ ਦੁਰਗਾ' ਦੇ ਇਸ ਪੁਰਾਣੇ ਸਿਰਲੇਖ ਬਾਰੇ ਪੁੱਛੇ ਗਏ ਸੁਆਲਾਂ ਦੇ ਜੁਆਬ ਦਿੰਦਿਆਂ ਇਸ ਫ਼ਿਲਮ ਦੇ ਨਿਰਦੇਸ਼ਕ ਸਾਨਲ ਕੁਮਾਰ ਸਸੀਧਰਨ ਨੇ ਦੱਸਿਆ ਸੀ ਕਿ ਗਲੀ ਵਿਚ ਕਿਸੇ ਵੱਲੋਂ ਛੇੜੀ ਜਾ ਰਹੀ ਕਿਸੇ ਕੁੜੀ ਦਾ ਨਾਂ (ਭਾਰਤੀ ਦੇਵੀ ਦੁਰਗਾ ਦੇ ਨਾਂ) ਉੱਤੇ ਦੁਰਗਾ ਰੱਖੇ ਹੋਣ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ, ਇਸ ਨਾਂ ਤੋਂ ਪਹਿਲਾਂ ਸ਼ਬਦ 'ਸੈਕਸੀ' ਲਗਾਉਣ ਨਾਲ਼ ਸਾਰਿਆਂ ਨੂੰ ਹੀ ਬੜੀ ਆਸਾਨੀ ਨਾਲ਼ ਹੀ ਮਿਰਚਾਂ ਲੱਗ ਗਈਆਂ।
"ਇਹ ਦੋਹਰੇ ਮਾਪਦੰਡ ਕਿਉਂ? ਇਹ ਵਿਰੋਧ ਕਿਉਂ? ਮੈਂ ਇਹ ਸੁਆਲ ਪੁੱਛਣੇ ਚਾਹੁੰਦਾ ਹਾਂ," ਨਿਰਦੇਸ਼ਕ ਸਸੀਧਰਨ ਨੇ ਕਿਹਾ। ਉਨ੍ਹਾਂ ਦੀ ਇਸ ਫ਼ਿਲਮ ਨੂੰ 'ਯੇਰੇਵਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ' ਵਿਚ 'ਗੋਲਡਨ ਐਪਰੀਕੌਟ' ਇਨਾਮ ਅਤੇ 'ਮਾਮੀ' ਵਿਖੇ 'ਇੰਡੀਆ ਗੋਲਡ ਸਪੈਸ਼ਲ ਜਿਊਰੀ ਮੈਨਸ਼ਨ' ਮਿਲਣ ਦੇ ਨਾਲ਼-ਨਾਲ਼ 'ਰੌਟਰਡਮ-2017' ਵਿਖੇ 'ਹਿਵੋਸ ਟਾਈਗਰ' ਇਨਾਮ ਦੇ ਕੇ ਨਿਵਾਜ਼ਿਆ ਹੋਇਆ ਹੈ।ਭਾਰਤ ਦਾ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਸ਼ਬਦ 'ਦੁਰਗਾ' ਦੇ ਗੇੜ ਵਿਚ ਹੀ ਫਸਿਆ ਹੋਇਆ ਹੈ ਤੇ ਉਸ ਨੂੰ ਸਸੀਧਰਨ ਵੱਲੋਂ ਇਸ ਫ਼ਿਲਮ ਦੇ ਪਿਛੋਕੜ ਵਿਚ, ਭਾਰਤ ਵਿਚ ਔਰਤਾਂ ਦੀ ਇੱਜ਼ਤ ਲਈ ਪੈਦਾ ਹੋ ਚੁੱਕੇ ਖ਼ਤਰਿਆਂ ਦੇ ਸਬੰਧ ਵਿਚ ਪਾਈ ਗਈ ਹਾਲ-ਪਾਹਰਿਆ ਨਹੀਂ ਸੁਣਦੀ। ਨਿਰਦੇਸ਼ਕ ਨੇ ਇਸ ਫ਼ਿਲਮ ਵਿਚ ਇਸ ਮਾਮਲੇ ਵਿਚ ਧਰਮਾਂ ਦਾ ਆਪਸੀ ਨਾਪਾਕ ਗੱਠਜੋੜ ਵੀ ਦਿਖਾਇਆ ਹੈ।
ਇਸ ਤੋਂ ਪਹਿਲਾਂ ਦੀਪਾ ਮਹਿਤਾ ਦੀ ਫ਼ਿਲਮ 'ਫਾਇਰ' ਵੀ ਸੱਜੇ ਪੱਖੀ ਸਿਆਸਤਦਾਨਾਂ ਦੇ ਇਤਰਾਜ਼ਾਂ ਦਾ ਸ਼ਿਕਾਰ ਹੋ ਚੁੱਕੀ ਹੈ ਕਿਉਂ ਕਿ ਉਸ ਫ਼ਿਲਮ ਵਿਚ, ਆਪਸ ਵਿਚ ਸਮਲਿੰਗੀ ਸਬੰਧ ਰੱਖਣ ਵਾਲ਼ੀਆਂ ਦੋ ਔਰਤਾਂ ਦੇ ਨਾਮ 'ਰਾਧਾ' ਅਤੇ 'ਸੀਤਾ' ਸਨ। ਨਿਰਦੇਸ਼ਕ ਪੈਨ ਨਲਿਨ ਨੂੰ ਆਪਣੀ ਫ਼ਿਲਮ 'ਐਂਗਰੀ ਇੰਡੀਅਨ ਗੌਡੈੱਸਿਜ਼' ਉੱਤੇ ਕੈਂਚੀ 'ਵਾਹੁਣ' ਦਾ ਹੁਕਮ ਹੋਇਆ ਸੀ। ਨਿਰਦੇਸ਼ਕ ਕਰਨ ਜੌਹਰ ਨੂੰ ਆਪਣੀ ਫ਼ਿਲਮ 'ਸਟੂਡੈਂਟ ਔਡ ਦ ਯੀਅਰ' ਦੇ ਇਕ ਗੀਤ ਵਿਚ 'ਸੈਕਸੀ ਰਾਧਾ' ਦੀ ਥਾਂ 'ਦੇਸੀ ਰਾਧਾ' ਕਰਨਾ ਪਿਆ ਸੀ।
ਇਸ ਦੌਰਾਨ ਮਰਾਠੀ ਫ਼ਿਲਮ 'ਨਿਊਡ', ਜੋ ਚੋਣ ਕਮੇਟੀ ਨੂੰ ਬਹੁਤ ਹੀ ਪਸੰਦ ਆਈ ਸੀ ਤੇ ਜੋ 'ਇੰਡੀਅਨ ਪੈਨੋਰਾਮਾ ਸੈਕਸ਼ਨ' ਦਿਖਾਈ ਜਾਣ ਵਾਲ਼ੀ ਪਹਿਲੀ ਫ਼ਿਲਮ ਸੀ, ਦਿਖਾਈ ਜਾਣ ਤੋਂ ਰੋਕ ਦੇਣ 'ਤੇ ਉਸ ਦੇ ਨਿਰਦੇਸ਼ਕ ਰਵੀ ਜਾਧਵ ਨੂੰ ਕੁੱਝ ਨਹੀਂ ਸੁੱਝ ਰਿਹਾ। ਜਾਧਵ ਨੇ ਇਸ ਫ਼ਿਲਮ ਰਾਹੀਂ ਉਸ ਕੁੜੀ ਦੀ ਕਹਾਣੀ ਦਰਸਾਈ ਹੈ, ਜੋ ਕਿਸੇ ਆਰਟ ਸਕੂਲ ਵਿਚ ਨੰਗੇ ਪਿੰਡੇ ਆਪਣੀਆਂ ਤਸਵੀਰਾਂ ਬਣਵਾਉਣ ਲਈ ਮਾਡਲਿੰਗ ਕਰਨ ਲਈ ਤਿਆਰ ਹੋ ਜਾਂਦੀ ਹੈ। ਇਸ ਫ਼ਿਲਮ ਦਾ ਟ੍ਰੇਲਰ ਦੇਖ ਕੇ ਤਾਂ ਲੱਗਦਾ ਹੈ ਕਿ ਇਹ ਬਹੁਤ ਹੀ ਦਮਦਾਰ ਫ਼ਿਲਮ ਹੈ, ਪਰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਾਲ਼ੇ ਇਸ ਦੇ ਸਿਰਲੇਖ ਵਿਚ ਹੀ ਫਸੇ ਹੋਏ ਹਨ। ਓਦਾਂ ਇਸ ਫ਼ਿਲਮ ਦੇ ਪੋਸਟਰਾਂ ਵਿਚ 'ਨਿਊਡ' ਨਾਲ਼ ਛੋਟੇ ਅੱਖ਼ਰਾਂ ਵਿਚ ਸ਼ਬਦ 'ਚਿੱਤ੍ਰ' ਵੀ ਛਪਿਆ ਹੋਇਆ ਹੈ।
ਕਿਸੇ ਫ਼ਿਲਮ ਉੱਤੇ ਪਾਬੰਦੀ ਲਾਉਣ ਦਾ ਦੂਜਾ ਅਰਥ ਉਸ ਨੂੰ ਹੋਰ ਮਕਬੂਲ ਕਰਨਾ ਵੀ ਹੁੰਦਾ ਹੈ। ਇਤਾਲਵੀ ਫ਼ਿਲਮ ਨਿਰਦੇਸ਼ਕ ਫੈਡਰਿਕੋ ਫੇਲਿਨੀ, ਸੈਂਸਰਸ਼ਿੱਪ ਦੇ ਜ਼ੁਲਮ ਤੋਂ ਨਿਜਾਤ ਹਾਸਲ ਕਰਨ ਲਈ ਇਹ ਕਹਿੰਦਾ ਹੁੰਦਾ ਸੀ, "ਸੈਂਸਰਸ਼ਿੱਪ ਉਹ ਇਸ਼ਤਿਹਾਰਬਾਜ਼ੀ ਹੈ, ਜਿਸ ਦਾ ਭੁਗਤਾਨ ਸਰਕਾਰ ਕਰਦੀ ਹੈ।" ਮੁਜ਼ੱਫ਼ਰਨਗਰ ਦੇ ਫ਼ਸਾਦਾਂ ਦੇ ਆਧਾਰ 'ਤੇ ਬਣਾਈ ਹੋਈ ਫ਼ਿਲਮ 'ਮੁਜ਼ੱਫ਼ਰਨਗਰ-ਦ ਬਰਨਿੰਗ ਲਵ' ਨੂੰ ਇਕ ਵੱਖਰੀ ਹੀ ਸਮੱਸਿਆ ਨਾਲ਼ ਜੂਝਣਾ ਪੈ ਰਿਹਾ ਹੈ ਕਿਉਂ ਕਿ ਸਿਨੇਮਾ ਮਾਲਕਾਂ ਨੇ ਆਪ ਹੀ ਫੈਸਲਾ ਕਰ ਲਿਆ ਹੈ ਕਿ ਉਹ ਇਹ ਫ਼ਿਲਮ ਨਹੀਂ ਦਿਖਾਉਣਗੇ ਕਿ ਇਹ ਫ਼ਿਲਮ ਰਿਲੀਜ਼ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਹਰੀਸ਼ ਕੁਮਾਰ ਨੇ ਪੱਤਰਕਾਰਾਂ ਸਾਹਮਣੇ ਕਿਹਾ, "ਸਾਡੀ ਫ਼ਿਲਮ ਰੋਕੀ ਜਾਣ ਲਈ ਕੋਈ ਸਿਆਸੀ ਦਬਾਅ ਨਹੀਂ ਹੈ, ਬੱਸ ਅਧਿਕਾਰੀ ਹੀ ਇਸ ਦੇ ਰਾਹ ਵਿਚ ਅੜਿੱਕੇ ਪਾ ਰਹੇ ਹਨ। ਫ਼ਿਲਮ ਸੈਂਸਰ ਹੋ ਚੁੱਕੀ ਹੈ, ਸਾਨੂੰ 'ਯੂ/ਏ' ਸਰਟਫਿਕੇਟ ਦਿੱਤਾ ਜਾ ਚੁੱਕਾ ਹੈ, ਪਰ ਉਸ ਸਰਟੀਫਿਕੇਟ ਨੂੰ 'ਰੱਦੀ ਦਾ ਟੁਕੜਾ' ਸਮਝਿਆ ਜਾ ਰਿਹਾ ਹੈ। ਸਾਨੂੰ ਇਹ ਸਰਟੀਫਿਕੇਟ ਲੈਣ ਲਈ ਚਾਰ ਮਹੀਨੇ ਜੁਤੀਆਂ ਘਸਾਉਣੀਆਂ ਪਈਆਂ ਸਨ। ਬਿਜਨੌਰ ਅਤੇ ਸ਼ਾਮਲੀ ਦੇ ਜ਼ਿਲਾ ਮੈਜਿਸਟਰੇਟ ਸਾਡਾ ਸਰਟੀਫਿਕੇਟ ਦੇਖਣ ਲਈ ਵੀ ਤਿਆਰ ਨਹੀਂ ਹਨ।" ਜਿਨ੍ਹਾਂ ਸ਼ਹਿਰਾਂ ਵਿਚ ਫ਼ਿਲਮ ਦਿਖਾਈ ਜਾ ਰਹੀ ਹੈ, ਉੱਥੇ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ। ਹੋਰ ਤਾਂ ਹੋਰ, ਮੁਜ਼ੱਫ਼ਰਨਗਰ ਵਿਚ ਇਹ ਫ਼ਿਲਮ ਦਿਖਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਦਿੱਲੀ ਖੇਤਰ, ਬਿਜਨੌਰ, ਸਹਾਰਨਪੁਰ, ਗ਼ਾਜ਼ੀਆਬਾਦ ਦੇ ਨਾਲ਼-ਨਾਲ਼ ਪੱਛਮੀ ਉੱਤਰ ਪ੍ਰਦੇਸ਼ ਦੇ ਲੋਕ ਇਹ ਫ਼ਿਲਮ ਦੇਖਣ ਨੂੰ ਤਰਸਾਏ ਜਾ ਰਹੇ ਹਨ। ਕਈ ਸ਼ਹਿਰਾਂ ਦੇ ਲੋਕ, 'ਪਦਮਾਵਤੀ' ਦਾ ਰੂਪ, ਜੋ ਅਲਾਓਦੀਨ ਖ਼ਿਲਜੀ ਨੇ ਤਾਂ ਸ਼ੀਸ਼ੇ ਵਿਚ ਉਸ ਦੇ ਅਕਸ ਵਜੋਂ ਹੀ ਤੱਕ ਹੀ ਲਿਆ ਸੀ, ਸਿਨੇਮਾਈ ਅਕਸ ਵਜੋਂ ਵੀ ਨਹੀਂ ਦੇਖ ਸਕਣਗੇ ਕਿਉਂ ਕਿ ਉਨ੍ਹਾਂ ਦੇ ਸ਼ਹਿਰਾਂ ਵਿਚ ਇਹ ਫ਼ਿਲਮ ਦਿਖਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਫ਼ਿਲਮਸਾਜ਼ ਸੁਜੋਏ ਘੋਸ਼ ਨੇ 'ਇੰਟਰਨੈਸ਼ਨਲ ਫ਼ਿਲਮ ਫੈਸਟਵਿਲ ਔਫ ਇੰਡੀਆ' ਦੇ ਇੰਡੀਅਨ ਪੈਨੋਰਾਮਾ ਸੈਕਸ਼ਨ ਦੇ ਮੁਨਸਿਫ਼ਾਂ ਦੀ ਕਮੇਟੀ (ਜਿਊਰੀ) ਦੇ ਮੁਖੀ ਵਜੋਂ ਅਸਤੀਫ਼ਾ ਦੇ ਦਿੱਤਾ ਹੈ ਕਿਉਂ ਕਿ ਇਸ ਮੇਲੇ ਵਿਚ ਦਿਖਾਈਆਂ ਜਾਣ ਲਈ ਚੁਣੀਆਂ ਹੋਈਆਂ ਫ਼ਿਲਮਾਂ ਦੀ ਸੂਚੀ ਵਿਚੋਂ ਦੋ ਫ਼ਿਲਮਾਂ ਕੱਢ ਦੇਣ ਨਾਲ਼ ਇਕ ਰੱਫੜ ਪੈ ਚੁੱਕਾ ਹੈ। ਇਹ ਫ਼ਿਲਮਾਂ ਗੋਆ ਵਿਖੇ 20 ਤੋਂ 28 ਨਵੰਬਰ ਤਕ ਹੋਣ ਵਾਲ਼ੇ ਫ਼ਿਲਮ ਮੇਲੇ ਵਿਚ ਦਿਖਾਉਣੀਆਂ ਸਨ ਕਿ ਇਨ੍ਹਾਂ ਵਿਚੋਂ ਮਲਿਆਲਮ ਫ਼ਿਲਮ 'ਐੱਸ ਦੁਰਗਾ' ਅਤੇ ਮਰਾਠੀ ਫ਼ਿਲਮ 'ਨਿਊਡ' ਕੱਢ ਸੁੱਟੀਆਂ ਗਈਆਂ।
'ਐੱਸ ਦੁਰਗਾ', ਜਿਸ ਦਾ ਪਹਿਲਾਂ ਨਾਂ 'ਸੈਕਸੀ ਦੁਰਗਾ' ਸੀ, ਇਕ 'ਸੜਕੀ ਫ਼ਿਲਮ' ਹੈ, ਜਿਸ ਵਿਚ ਇਕ ਮਰਦ-ਔਰਤ ਨਾਲ਼ ਕੁੱਝ ਲੋਕਾਂ ਵੱਲੋਂ ਵਧੀਕੀਆਂ ਕੀਤੀਆਂ ਗਈਆਂ ਦਿਖਾਈਆਂ ਗਈਆਂ ਹਨ।'ਨਿਊਡ' ਵਿਚ ਉਸ ਔਰਤ ਦੀ ਜਦੋ-ਜਹਿਦ ਦਿਖਾਈ ਗਈ ਹੈ, ਜੋ ਮੁੰਬਈ ਵਿਖੇ ਗੁਪਤ ਰੂਪ ਵਿਚ, ਨੰਗੇ ਪਿੰਡੇ ਮਾਡਲਿੰਗ ਕਰਦੀ ਹੈ। ਸੈਂਸਰ ਬੋਰਡ ਦੀ ਸਥਾਪਨਾ, ਕਿਸੇ ਬੱਚੇ ਨੂੰ ਤੁਰਨਾ ਸਿਖਾਉਣ ਵਿਚ ਉਸ ਦੇ ਬਾਪ ਵੱਲੋਂ ਪਾਏ ਜਾਣ ਵਾਲ਼ੇ ਯੋਗਦਾਨ ਵਜੋਂ ਹੀ ਸਮਝੀ ਜਾਣੀ ਚਾਹੀਦੀ ਹੈ। ਜਦੋਂ ਉਹ ਬੱਚਾ ਤੁਰਨਾ ਸਿੱਖ ਜਾਂਦਾ ਹੈ ਤਾਂ ਉਹ ਆਪਣੇ ਬਾਪ ਵੱਲੋਂ ਦਿੱਤੇ ਹੋਏ ਸਹਾਰੇ ਅਤੇ ਆਪਣੇ ਪੁਰਾਣੇ ਟਰਾਈਸਿਕਲ ਨੂੰ ਗੌਲਣਾ ਵੀ ਛੱਡ ਦਿੰਦਾ ਹੈ। ਹੁਣ ਜਦੋਂ ਸਾਡਾ ਸਿਨੇਮਾ ਸੌ ਸਾਲ ਤੋਂ ਵੀ ਵੱਧ ਉਮਰ ਦਾ ਹੋ ਚੁੱਕਾ ਹੈ, ਉਸ ਨੂੰ ਨਿਆਣਾ ਸਮਝਣਾ ਅਤੇ ਤੁਰਨਾ ਸਿਖਾਉਣ ਵਿਚ ਦਿੱਤੇ ਹੋਏ ਯੋਗਦਾਨ ਦਾ ਚੇਤਾ ਕਰਾ ਕੇ ਉਸ ਦਾ ਕੰਮ ਰੋਕਣਾ ਜਾਇਜ਼ ਹੈ? ਕੋਈ ਜਣਾ ਸਾਡੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਾਲਿਆਂ ਨੂੰ ਬਾਲਗ਼ ਬਣਨ ਦੀ ਸਲਾਹ ਦੇਵੇ।#
