ਸ਼ਬਦੰਗਲ-33

ਆਪੇ ਮੈਂ ਰੱਜੀ-ਪੁੱਜੀ ਆਪੇ ਮੇਰੇ ਬੱਚੇ ਜੀਣ
*********************************
ਬਚਪਨ ਵਿਚ ਆਪਣੇ ਭਾਈਆ ਜੀ (ਬਾਬੇ ਸਮੁੰਦੇ) ਤੋਂ ਸੁਣੀਆਂ ਹੋਈਆਂ, ਰਾਜਿਆਂ-ਮਹਾਰਾਜਿਆਂ ਦੀਆਂ 'ਬਾਤਾਂ' ਵਿਚੋਂ ਤਕਰੀਬਨ ਹਰ ਬਾਤ ਵਿਚ ਭਾਈਆ ਜੀ ਦਾ ਬੋਲਿਆ ਹੋਇਆ ਇਹ ਸੰਵਾਦ ਹੁਣ ਵੀ ਮੇਰੇ ਕੰਨਾਂ ਵਿਚ ਗੂੰਜਦਾ ਰਹਿੰਦਾ ਹੈ:
"ਰਾਣੀ ਮਹਿਲਾਂ ਵਿਚ ਆ ਕੇ ਖੱਟੀ ਦੁਪੱਟੀ ਲੈ ਕੇ ਪੈ ਗਈ ਤਾਂ ਰਾਜੇ ਨੇ ਆ ਕੇ ਕਿਹਾ, 'ਰਾਣੀ, ਤੂੰ ਸਿਖ਼ਰ ਦੁਪਹਿਰੇ ਏਦਾਂ ਪੈ ਗਈ, ਕੀ ਗੱਲ ਹੋ ਗਈ?' 
"ਰਾਣੀ ਕਹਿੰਦੀ, 'ਰਾਜਾ ਪੁੱਛ ਨਾ ਪੁੱਛ!' ਤਾਂ ਰਾਜੇ ਨੇ ਕਿਹਾ, 'ਹੋ ਸਹੁਰੀਏ! ਮੈਂ ਨਾ ਪੁੱਛੂੰ, ਪੁੱਛੂ ਕੌਣ!!"
ਅੱਜ ਜਦੋਂ ਵੀ ਕਦੇ ਕਿਤੇ ਕੋਈ ਅਨਿਆਈ ਜਾਂ ਨਿਹੱਕੀ ਗੱਲ ਹੁੰਦੀ ਹੈ ਤਾਂ ਭਾਈਆ ਜੀ ਦਾ ਬੋਲਿਆ ਹੋਇਆ ਇਹ ਸੰਵਾਦ 'ਹੋ ਸਹੁਰੀਏ! ਮੈਂ ਨਾ ਪੁੱਛੂੰ, ਪੁੱਛੂ ਕੌਣ!!' ਯਾਦ ਆ ਜਾਂਦਾ ਹੈ। ਪਤਾ ਨਹੀਂ ਕਦੋਂ ਤੋਂ, ਮੈਂ ਇਹ ਸੰਵਾਦ ਪੱਤਰਕਾਰੀ ਨਾਲ਼ ਜੋੜ ਲਿਆ ਹੋਇਆ ਹੈ। ਜੇ ਅਨਿਆਂ ਜਾਂ ਨਿਹੱਕ ਵੱਲ ਕੋਈ ਪੱਤਰਕਾਰ ਉਂਗਲ ਨਹੀਂ ਕਰਦਾ ਤਾਂ ਤਾਂ ਫਿਰ ਕੌਣ ਕਰੇਗਾ? 
ਅਜੇ ਕੱਲ੍ਹ (3 ਦਸੰਬਰ, ਦਿਨ ਐਤਵਾਰ) ਦੀ ਹੀ ਗੱਲ ਹੈ ਕਿ ਸਰੀ ਸੈਂਟਰ ਤੋਂ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਰਣਦੀਪ ਸਰਾਏ ਨੇ ਤਕਰੀਬਨ ਡੇਢ ਸੌ ਲੋਕਾਂ ਦੀ ਹਾਜ਼ਰੀ ਵਿਚ 'ਰਲ਼-ਮਿਲ਼ ਇੱਕੀ ਪਾਉਣ' ਵਾਂਗ ਹੀ 'ਰਲ਼-ਮਿਲ਼ 'ਕੱਤੀ ਜਣੇ' ਸਨਮਾਨ ਸੁੱਟੇ। ਇਹ 31 ਜਣੇ ਵੀ ਉਨ੍ਹਾਂ 150 ਬੰਦਿਆਂ ਵਿਚ ਸ਼ਾਮਲ ਸਨ, ਜੋ ਇਹ 'ਸਭ ਕੁੱਝ' ਹੋਣ ਦੇ ਗਵਾਹ ਹਨ। ਇਸ ਦਾ ਮਤਲਬ ਇਹ ਹੋਇਆ ਕਿ ਇਸ ਸਮਾਗਮ ਵਿਚ ਦਰਸ਼ਕਾਂ/ ਸਰੋਤਿਆਂ ਵਜੋਂ ਤਾਂ ਮਸਾਂ 119 ਜਣੇ ਹੀ ਸ਼ਾਮਲ ਸਨ। ਇਸ ਦਾ ਮਤਲਬ ਇਹ ਵੀ ਹੋਇਆ ਕਿ ਇਨ੍ਹਾਂ ਡੇਢ ਸੌ ਲੋਕਾਂ ਨੂੰ ਛੱਡ ਕੇ, ਬ੍ਰਿਟਿਸ਼ ਕੋਲੰਬੀਆ ਵਿਚੋਂ ਅਬਾਦੀ ਦੇ ਹਿਸਾਬ ਨਾਲ਼ ਦੂਜੇ ਤੇ ਰਕਬੇ ਦੇ ਹਿਸਾਬ ਨਾਲ਼ ਤੀਜੇ ਸ਼ਹਿਰ ਸਰੀ ਵਿਚ ਵਸਦੇ ਤਕਰੀਬਨ ਪੰਜ ਲੱਖ ਲੋਕਾਂ ਦੀ ਕਦਰ ਤਾਂ ਫੈਡਰਲ ਸਰਕਾਰ ਅਤੇ ਉਸ ਦੇ ਮੈਂਬਰ ਪਾਰਲੀਮੈਂਟ ਰਣਦੀਪ ਸਰਾਏ ਦੀ ਨਜ਼ਰ ਵਿਚ ਕੱਖ ਵੀ ਨਹੀਂ ਹੈ। ਇੱਥੇ ਇਹ ਕਹਿਣਾ ਹੀ ਨਹੀਂ, ਉੱਚੇ ਤੋਂ ਉੱਚੇ ਸੁਰ ਵਿਚ ਕਹਿਣਾ ਵੀ ਬਣਦਾ ਹੈ ਕਿ ਸ੍ਰੀ ਸਰਾਏ ਨੇ ਚੋਣ, ਸਰੀ ਸੈਂਟਰ ਤੋਂ ਲੜੀ ਹੈ, ਪਰ ਇਸ ਵੇਲ਼ੇ ਉਹ ਸਮੁੱਚੇ ਕੈਨੇਡਾ ਦੀ ਪਾਰਲੀਮੈਂਟ ਦੇ ਮੈਂਬਰ ਹਨ। ਇਸ ਕਰ ਕੇ ਉਨ੍ਹਾਂ ਨੂੰ ਹੁਣ ਹਲਕਾਵਾਰ ਸਿਆਸਤ ਕਰਨੀ ਛੱਡ ਕੇ, ਸਮੁੱਚੇ ਕੈਨੇਡਾ ਨੂੰ ਆਪਣੀ ਨਜ਼ਰ ਵਿਚ ਰੱਖਣਾ ਚਾਹੀਦਾ ਹੈ। ਇਹ ਲੇਖ ਲਿਖੇ ਜਾਣ ਦੀ ਇਕ ਵਜ੍ਹਾ ਉਹ ਟਿੱਪਣੀ ਵੀ ਹੈ, ਜੋ ਸ੍ਰੀ ਸਰਾਏ ਨੇ ਇਸ ਸਨਮਾਨ ਸਮਾਗਮ ਤੋਂ ਮਗਰੋਂ 'ਫੇਸਬੁੱਕ' ਉੱਤੇ ਕੀਤੀ ਹੋਈ ਹੈ। ਪਹਿਲਾਂ ਉਹ ਟਿੱਪਣੀ ਹੀ ਪੜ੍ਹ ਲਓ ਪਾਠਕੋ ਪਿਆਰਿਓ:
"ਅੱਜ ਦੀ ਸ਼ਾਮ, ਸਰੀ ਸੈਂਟਰ ਵਿਚ ਆਪਣੇ ਭਾਈਚਾਰੇ ਦੇ ਨਿਰਾਲੇ ਮੈਂਬਰਾਂ ਨੂੰ 'ਕੈਨੇਡਾ 150 ਕਮਿਊਨਿਟੀ ਐਵਾਰਡਜ਼' ਨਾਲ਼ ਸਨਮਾਨਣਾ ਮੈਨੂੰ ਸੱਚੀਂਓਂ ਹੀ ਬਾਗ਼ੋ-ਬਾਗ਼ ਕਰ ਗਿਆ। ਇਨ੍ਹਾਂ ਵਿਚ ਚਾਹੇ ਗਭਰੂ ਹੋਣ ਜਾਂ ਸਿਆਣੀ ਉਮਰ ਦੇ ਬਾਬੇ, ਇਹ ਸਾਰੇ ਹੀ ਉਹ ਖ਼ਾਸ ਵਿਅਕਤੀ ਹਨ, ਜੋ ਸਰੀ ਨੂੰ ਬਹੁਤ ਹੀ ਪਸੰਦੀਦਾ ਸ਼ਹਿਰ ਬਣਾਉਣ ਲਈ ਬਹੁਤ ਹੀ ਤਹਿਦਿਲੀ ਨਾਲ਼ ਅਣਥੱਕ ਹੀਲੇ ਕਰਦਿਆਂ ਆਪਣਾ ਯੋਗਦਾਨ ਪਾਉਂਦੇ ਹਨ। ਅੱਜ ਹਾਲ ਵੰਨ-ਸੁਵੰਨਤਾ, ਏਕਤਾ ਅਤੇ ਸਹਿਯੋਗ ਨਾਲ਼ ਭਰਿਆ ਹੋਇਆ ਸੀ ਤੇ ਮੈਨੂੰ ਇਸ ਗੱਲੋਂ ਸਰੀ ਸੈਂਟਰ ਦਾ ਨੁਮਾਇੰਦਾ ਹੋਣ 'ਤੇ ਮਾਣ ਹੋ ਰਿਹਾ ਸੀ!
ਇਕ ਵਾਰ ਫਿਰ, ਇਹ ਸਨਮਾਨ ਹਾਸਲ ਕਰਨ ਵਾਲ਼ਿਆਂ ਨੂੰ, ਉਨ੍ਹਾਂ ਦੇ ਪਰਿਵਾਰਾਂ ਤੇ ਦੋਸਤਾਂ ਨੂੰ ਹਮੇਸ਼ਾ ਉਨ੍ਹਾਂ ਦਾ ਸਾਥ ਦੇਣ ਲਈ ਵਧਾਈਆਂ।" 
ਇਸ ਟਿੱਪਣੀ ਵਿਚ ਸ਼੍ਰੀ ਸਰਾਏ ਨੇ ਬਹੁਤ ਹੀ ਸਪੱਸ਼ਟ ਰੂਪ ਵਿਚ ਇਹ ਕਿਹਾ ਹੋਇਆ ਹੈ, "ਇਹ ਸਾਰੇ ਹੀ ਉਹ ਖ਼ਾਸ ਵਿਅਕਤੀ ਹਨ, ਜੋ ਸਰੀ ਨੂੰ ਬਹੁਤ ਹੀ ਪਸੰਦੀਦਾ ਸ਼ਹਿਰ ਬਣਾਉਣ ਲਈ ਬਹੁਤ ਹੀ ਤਹਿਦਿਲੀ ਨਾਲ਼ ਅਣਥੱਕ ਹੀਲੇ ਕਰਦਿਆਂ ਆਪਣਾ ਯੋਗਦਾਨ ਪਾਉਂਦੇ ਹਨ।" ਇਹ ਮਾਣ ਸਨਮਾਨ ਹਾਸਲ ਕਰਨ ਵਾਲ਼ੇ ਬਹੁਤ ਸਾਰੇ ਲੋਕਾਂ ਦੀਆਂ ਪ੍ਰੋਫਾਈਲਜ਼ ਫਰੋਲ ਕੇ ਦੇਖੀਏ ਤਾਂ ਪਤਾ ਲੱਗ ਜਾਂਦਾ ਹੈ ਕਿ ਇਨ੍ਹਾਂ ਲੋਕਾਂ ਨੇ 'ਸਰੀ ਸ਼ਹਿਰ ਨੂੰ ਪਸੰਦੀਦਾ ਸ਼ਹਿਰ ਬਣਾਉਣ ਲਈ ਬਹੁਤ ਹੀ ਤਹਿਦਿਲੀ ਨਾਲ਼ ਅਣਥੱਕ ਹੀਲੇ ਕਰਦਿਆਂ' ਕਿੰਨਾ ਕੁ ਯੋਗਦਾਨ ਪਾਇਆ ਹੋਇਆ ਹੈ। ਇਨ੍ਹਾਂ ਵਿਚੋਂ ਕਈਆਂ ਦੇ ਤਾਂ ਸਰੀ ਦੇ ਲੋਕਾਂ ਨੇ 'ਦਰਸ਼ਨ' ਵੀ ਨਹੀਂ ਕੀਤੇ ਹੋਏ।
ਇਨ੍ਹਾਂ ਬੰਦਿਆਂ/ ਬੰਦੀਆਂ ਨੂੰ ਸਨਮਾਨਤ ਕਰਨ ਲਈ ਇਹ ਸਮਾਗਮ 'ਬੇਅਰ ਕਰੀਕ ਪਾਰਕ' ਵਰਗੀ ਖੁੱਲ੍ਹੀ ਥਾਂ ਕਰਨ ਦੀ ਥਾਂ, 'ਸਰੀ ਸਿਟੀ ਹਾਲ' ਵਿਚ ਕੀਤਾ ਗਿਆ ਤਾਂ ਕਿ ਇਸ ਸਮਾਗਮ ਵਿਚ 'ਮਾਣ-ਤਾਣ' ਹਾਸਲ ਕਰਨ ਵਾਲ਼ੇ ਜਾਂ ਉਨ੍ਹਾਂ ਖ਼ਾਤਰ ਤਾੜੀਆਂ ਮਾਰਨ ਵਾਲ਼ੇ ਹੀ ਆ ਸਕਣ ਅਤੇ ਇਹ 'ਮਾਣ-ਸਨਮਾਨ' ਦੇਣ ਲਈ ਚੁਣੇ ਹੋਏ ਲੋਕਾਂ ਅਤੇ ਉਨ੍ਹਾਂ ਨੂੰ ਚੁਣਨ ਦੇ ਢੰਗ ਉੱਪਰ ਨੁਕਤਚੀਨੀ ਕਰਨ ਵਾਲ਼ਾ ਕੋਈ ਵੀ ਵਿਅਕਤੀ ਅੰਦਰ ਨਾ ਆ ਸਕੇ। 
ਮੀਡੀਆ ਵੱਲੋਂ ਨਸ਼ਰ ਕੀਤੀਆਂ ਗਈਆਂ ਖ਼ਬਰਾਂ ਵਿਚ ਦੱਸਿਆ ਗਿਆ ਹੈ ਕਿ 3 ਦਸੰਬਰ (ਐਤਵਾਰ) ਨੂੰ ਕੀਤੇ ਗਏ ਇਸ 'ਸਨਮਾਨ ਸਮਾਗਮ' ਵਿਚ, ਸਨਮਾਨੇ ਜਾਣ ਵਾਲ਼ੇ 31 ਵਿਅਕਤੀਆਂ ਸਮੇਤ ਤਕਰੀਬਨ 150 ਵਿਅਕਤੀ ਹੀ ਸ਼ਾਮਲ ਸਨ। ਇਹ ਸਮਾਗਮ, ਸਰੀ ਸੈਂਟਰ ਤੋਂ ਚੁਣੇ ਹੋਏ ਮੈਂਬਰ ਪਾਰਲੀਮੈਂਟ ਰਣਦੀਪ ਸਰਾਏੇ ਵੱਲੋਂ ੩੧ ਲੋਕਾਂ ਨੂੰ 'ਕੈਨੇਡਾ 150 ਕਮਿਊਨਿਟੀ ਐਵਾਰਡਜ਼' ਨਾਲ਼ ਸਨਮਾਨਣ ਲਈ ਕਰਾਇਆ ਗਿਆ। 
ਇਸ 'ਸਨਮਾਨ ਸਮਾਗਮ' ਸਬੰਧੀ ਖ਼ਬਰਾਂ ਵਿਚ ਇਸ ਗੱਲ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਹੋਇਆ ਸੀ ਕਿ ਇਸ ਸਮਾਗਮ ਵਿਚ, ਇਨਾਮ ਲੈਣ ਆਏ 31 ਲੋਕਾਂ ਸਮੇਤ ਮਸਾਂ 150 ਕੁ ਵਿਅਕਤੀ ਹੀ ਹਾਜ਼ਰ ਸਨ। ਇਨ੍ਹਾਂ ਖ਼ਬਰਾਂ ਅਨੁਸਾਰ, 'ਕੈਨੇਡੀਅਨ ਫੈਡਰੇਸ਼ਨ ਦੀ 150ਵੀਂ ਵਰ੍ਹੇ ਗੰਢ ਦੇ ਜਸ਼ਨਾਂ ਦੇ ਹਿੱਸੇ ਵਜੋਂ' ਇਹ ਇਨਾਮ, 'ਇਨਾਮ ਹਾਸਲ ਕਰਨ ਵਾਲ਼ਿਆਂ ਵੱਲੋਂ ਸਰੀ ਸ਼ਹਿਰ ਵਿਚ ਸਾਡੇ ਭਾਈਚਾਰੇ ਲਈ ਕੀਤੇ ਚੰਗੇ ਕੰਮ ਦੀ ਕਦਰ ਕਰਨ ਲਈ' ਦਿੱਤੇ ਗਏ ਹਨ। ਸਨਮਾਨੇ ਗਏ ਵਿਅਕਤੀਆਂ ਨੂੰ ਸ੍ਰੀ ਸਰਾਏ ਨੇ ਆਪਣੇ ਹੱਥੀਂ 'ਕੈਨੇਡਾ 150' ਮੈਡਲ ਦਿੱਤੇ। 
ਸਨਮਾਨੇ ਗਏ ਵਿਅਕਤੀਆਂ ਦੀਆਂ ਕਈ ਸ਼੍ਰੇਣੀਆਂ ਬਣਾਈਆਂ ਹੋਈਆਂ ਸਨ। 'ਉੱਦਮੀਆਂ ਦੀ ਸ਼੍ਰੇਣੀ' ਵਿਚ ਰਾਜ ਤੂਰਾ, ਡੇਲ ਲੂਟਜ਼, ਡੌਨ ਮੁੱਰੇ, ਸੁੱਚਾ ਸੇਖੋਂ ਅਤੇ ਚਰਨ ਸੇਠੀ ਦਾ ਸਨਮਾਨ ਕੀਤਾ ਗਿਆ। 'ਲੀਡਰਸ਼ਿੱਪ ਸ਼੍ਰੇਣੀ' ਵਿਚ ਫ਼ਯਾਜ਼ ਖ਼ਾਨ, ਅਨੀਤਾ ਹੱਬਰਮੈਨ, ਮੂਸਾ ਇਸਮਾਈਲ, ਇੰਦਰਵੀਰ ਸੋਢੀ, ਦੀਪਕ ਸ਼ਰਮਾ, ਬੌਨੀ ਬਰਨਸਾਈਡ ਅਤੇ ਡਾਕਟਰ ਰਮਨ ਸੱਗੂ ਸਨਮਾਨੇ ਗਏ। 'ਬੇਮਿਸਾਲ ਸੇਵਾ' ਲਈ ਸਾਰਜੈਂਟ ਜੈਗ ਖੋਸਾ, ਰੌਸ਼ੈੱਲ ਪ੍ਰਸਾਦ, ਡਾਕਟਰ ਗ੍ਰੈੱਗ ਚੈਂਗ, ਜੋਸ਼ ਵਾਲਟਮੈਨ, ਆਸ਼ਿਆਨਾ ਖ਼ਾਨ, ਗਿਆਨੀ ਨਰਿੰਦਰ ਸਿੰਘ ਵਾਲੀਆ, ਹਰਜਿੰਦਰ ਸਿੰਘ ਥਿੰਦ, ਮੀਰਾ ਗਿੱਲ ਅਤੇ ਸ਼ਾਇਨ ਵਿਲੀਅਮਜ਼ ਦਾ ਸਨਮਾਨ ਕੀਤਾ ਗਿਆ। 'ਲਾਅ ਇਨਫੋਰਸਮੈਂਟ ਸ਼੍ਰੇਣੀ' ਵਿਚ ਪ੍ਰਭੀਰ ਟਿਵਾਣਾ ਅਤੇ ਕਲਵਿੰਦਰ (ਕੈਲ) ਦੋਸਾਂਝ ਦਾ ਮਾਣ-ਤਾਣ ਕੀਤਾ ਗਿਆ। 'ਹੀਰੋਇਜ਼ਮ ਸਬੰਧੀ ਸ਼੍ਰੇਣੀ' ਵਿਚ ਅਲੈਕਸ ਸੰਘਾ ਅਤੇ ਰੈਚੇਲ ਫੇਹਰ ਨੂੰ ਸਨਮਾਨ ਦਿੱਤਾ ਗਿਆ ਜਦੋਂ ਕਿ 'ਵਾਲੰਟਰਿਜ਼ਮ ਸ਼੍ਰੇਣੀ ਲਈ' ਮੈਡਲ ਡੈਰਿਲ ਡੇਲਾ ਕਰੂਜ਼, ਬ੍ਰੇਂਡਾ ਡੂਡਫੀਲਡ, ਨਰਿੰਦਰ ਸਿੰਘ ਸੰਧੂ, ਨਰਿਮਾ ਡੇਲਾ ਕਰੂਜ਼ ਅਤੇ ਗੈਰੀ ਜੌਹਲ ਨੂੰ ਦਿੱਤੇ ਗਏ।
ਸ਼੍ਰੀ ਸਰਾਏ ਨੇ ਇਹ ਮੁਕਾਬਲਾ ਬਹੁਤ ਸਖ਼ਤ ਹੋਣ ਦੀ ਇਤਲਾਹ ਦੇਣ ਦਾ ਹੀਲਾ ਕਰਦਿਆਂ, ਸਨਮਾਨ ਹਾਸਲ ਕਰਨ ਵਾਲ਼ਿਆਂ ਨੂੰ ਦੱਸਿਆ ਕਿ ਇਨ੍ਹਾਂ ਸਨਮਾਨਾਂ ਲਈ ਨਾਮਜ਼ਦਗ਼ੀਆਂ ਵੱਡੀ ਗਿਣਤੀ ਵਿਚ ਆਈਆਂ ਹੋਈਆਂ ਸਨ। ਉਨ੍ਹਾਂ ਨੇ ਸਨਮਾਨੇ ਗਏ ਵਿਅਕਤੀਆਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ, "ਤੁਹਾਨੂੰ ਖ਼ਾਸ ਤੌਰ 'ਤੇ ਮਾਣ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਸਨਮਾਨ ਦੇਣ ਲਈ ਚੁਣਨਾ ਮੇਰੇ ਹੀ ਵੱਸ ਵਿਚ ਨਹੀਂ ਸੀ, ਸਗੋਂ ਸਮੁੱਚੇ ਭਾਈਚਾਰੇ ਨੇ ਤੁਹਾਨੂੰ ਇਹ ਮਾਣ-ਤਾਣ ਦੇਣ ਲਈ ਚੁਣਿਆ ਹੈ ਕਿਉਂ ਕਿ ਭਾਈਚਾਰੇ ਨੇ ਤੁਹਾਡੀਆਂ ਨਾਮਜ਼ਦਗ਼ੀਆਂ ਭਰੀਆਂ ਸਨ।"
'ਖ਼ਰੇ ਸੱਚ ਵਰਗੀ ਜਾਪਦੀ' ਇਹ ਗੱਲ ਕਰਦਿਆਂ ਸ਼੍ਰੀ ਸਰਾਏ ਨੇ ਕਿਹਾ, "ਇਸ ਰਸਮ ਦਾ ਸਭ ਤੋਂ ਸੁਨੱਖਾ ਭਾਗ ਇਹ ਹੈ ਕਿ ਸਰੀ ਸ਼ਹਿਰ ਦੀ ਵੰਨ-ਸੁਵੰਨਤਾ, ਉਤਸ਼ਾਹ ਅਤੇ ਏਕਤਾ ਨਾਲ਼ ਇਹ ਹਾਲ ਭਰਿਆ ਹੋਇਆ ਹੈ ਕਿਉਂ ਕਿ ਇੱਥੇ ਮਾਣ-ਤਾਣ ਹਾਸਲ ਕਰਨ ਵਾਲ਼ੇ, ਵੰਨ-ਸੁਵੰਨੇ ਪਿਛੋਕੜਾਂ ਨਾਲ਼ ਸਬੰਧਤ ਹਨ ਤੇ ਇਨ੍ਹਾਂ ਵਿਚ ਗਭਰੂ ਵੀ ਹਨ ਤੇ ਸਿਆਣੀ ਉਮਰ ਦੇ ਲੋਕ ਵੀ ਹਨ। ਇਨ੍ਹਾਂ ਸਾਰਿਆਂ ਨੇ ਆਪਣੇ ਕੰਮ ਵਿਚ ਆਪਣਾ ਦਿਲ ਲਾਇਆ ਹੈ ਤੇ ਰੂਹ ਫੂਕੀ ਹੈ। ਆਪਣੇ ਭਾਈਚਾਰੇ ਖ਼ਾਤਰ ਕੀਤੇ ਵਿਸ਼ੇਸ਼ ਕੰਮਾਂ ਲਈ ਲੋਕਾਂ ਨੇ ਅੱਜ ਇੱਥੇ ਭਰਪੂਰ ਢੰਗ ਨਾਲ਼ ਇਨ੍ਹਾਂ ਦੀ ਪਿੱਠ ਥਾਪੜੀ ਹੈ।"
ਇਹ ਸਨਮਾਨ ਦਿੱਤੇ ਜਾਣ ਦਾ ਪ੍ਰਚਾਰ, 'ਲਿਮਿਟਿਡ ਐਡੀਸ਼ਨ ਕੈਨੇਡਾ 150 ਮੈਡਲ' ਦੱਸ ਕੇ, ਯਾਨੀ 'ਥੋੜ੍ਹੇ ਹੀ ਰਹਿ ਗਏ, ਥੋੜ੍ਹੇ ਹੀ ਰਹਿ ਗਏ!" ਦਾ ਹੋਕਾ ਦੇ ਕੇ ਵੀ ਕੀਤਾ ਜਾਂਦਾ ਰਿਹਾ ਹੈ।'ਉੱਦਮੀਆਂ ਦੀ ਸ਼੍ਰੇਣੀ' ਵਿਚ ਸਨਮਾਨੇ ਗਏ ਕੁੱਝ ਲੋਕਾਂ ਦੇ ਕੰਮ ਦੇ ਖੇਤਰ ਦਾ ਹੀ ਪਤਾ ਨਹੀਂ ਲੱਗਦਾ। ਇਨ੍ਹਾਂ ਵਿਚੋਂ ਇਕ ਵਿਅਕਤੀ 'ਲੈਂਡ ਡਿਵੈਲਪਰ' ਹੋਣ ਦਾ ਦਾਅਵੇਦਾਰ ਵੀ ਹੈ ਤੇ ਉਹ ਬਹੁਤ ਹੀ ਮਾੜੇ ਅੰਦਾਜ਼ ਵਿਚ ਗਾਉਣ ਤੇ ਨੱਚਣ ਵਾਲ਼ਾ ਕਲਾਕਾਰ ਵੀ ਕਹਾਉਂਦਾ ਹੈ। ਉਸ ਦੇ ਕਿਸ ਉੱਦਮ ਨੂੰ ਮੈਡਲ ਦਿੱਤਾ ਗਿਆ ਹੈ, ਇਹ ਗੱਲ ਬਹੁਤੇ ਲੋਕਾਂ ਨੂੰ ਸਮਝ ਨਹੀਂ ਆ ਰਹੀ। 'ਲੀਡਰਸ਼ਿੱਪ ਸ਼੍ਰੇਣੀ' ਵਿਚ ਸਨਮਾਨੇ ਗਏ ਵਿਅਕਤੀ ਕਿਸੇ ਵੀ ਖੇਤਰ ਵਿਚ ਅਗਵਾਈ ਜਾਂ ਸੇਧ ਦਿੰਦੇ ਨਹੀਂ ਦੇਖੇ ਗਏ। ਇਨ੍ਹਾਂ 'ਲੀਡਰਾਂ' ਵੱਲੋਂ ਕੀਤੇ ਹੋਏ 'ਚੰਗੇ ਕੰਮਾਂ' ਦਾ ਨਿਗਮਾ ਪਾਇਆ ਹੁੰਦਾ ਤਾਂ ਸ਼ਾਇਦ ਅੱਜ ਇਹ ਸਤਰਾਂ ਨਾ ਪੜਨ੍ਹੀਆਂ ਪੈਂਦੀਆਂ। 'ਬੇਮਿਸਾਲ ਸੇਵਾ' ਲਈ ਸਾਰਜੈਂਟ ਜੈਗ ਖੋਸਾ ਨੂੰ ਇਨਾਮ ਦੇਣ ਲਈ ਚੁਣਨਾ ਬਹੁਤ ਹੀ ਚੰਗੀ ਗੱਲ ਹੈ। ਇਸੇ ਹੀ ਸ਼੍ਰੇਣੀ ਵਿਚ ਆਸ਼ਿਆਨਾ ਖ਼ਾਨ ਅਤੇ ਹਰਜਿੰਦਰ ਸਿੰਘ ਥਿੰਦ ਨੂੰ ਲੱਕੜ ਨਾਲ਼ ਲੋਹਾ 'ਵੈਲਡ' ਕਰਨ ਦਾ ਹੀਲਾ ਕਰਨ ਵਾਂਗ ਆਪਸ ਵਿਚ 'ਨਰੜ' ਦੇਣਾ ਰੇਡੀਓ ਦੇ ਪੱਕੇ ਸਰੋਤਿਆਂ ਨੂੰ ਬਹੁਤ ਰੜਕਿਆ ਹੈ ਤੇ ਇਕ ਵਾਰ ਫਿਰ 'ਕਿੱਥੇ ਟਿੱਕ-ਟਿੱਕ, ਕਿੱਥੇ ਟੈਂ-ਟੈਂ' ਵਾਲ਼ੀ ਮਿਸਾਲ ਉੱਭਰ ਕੇ ਸਾਹਮਣੇ ਆਈ ਹੈ। ਕਿੱਥੇ ਕਈ ਸਾਲਾਂ ਤੋਂ ਇਕ ਬਹੁਤ ਹੀ ਸਫ਼ਲ ਟਾਕ ਸ਼ੋਅ ਪੇਸ਼ ਕਰਨ ਵਾਲ਼ੇ ਹਰਜਿੰਦਰ ਸਿੰਘ ਥਿੰਦ ਤੇ ਕਿੱਥੇ ਫ਼ਿਲਮੀ ਗੀਤਾਂ ਨਾਲ਼ ਦੋ ਇੱਧਰ ਦੀਆਂ ਤੇ ਦੋ ਓਧਰ ਦੀਆਂ ਮਾਰ ਕੇ ਸਮਾਂ ਬਿਤਾਉਣ ਵਾਲ਼ੇ ਆਸ਼ਿਆਨਾ ਬੇਗ਼ਮ ਸਾਹਿਬਾ! ਇਨ੍ਹਾਂ ਨੂੰ ਇਕੋ ਤੱਕੜੀ ਵਿਚ ਤੋਲ ਕੇ, ਉਨ੍ਹਾਂ ਵਿਚੋਂ ਸਨਮਾਨ ਕਿਸ ਦਾ ਕੀਤਾ ਹੈ ਤੇ ਅਪਮਾਨ ਕਿਸ ਦਾ ਕੀਤਾ ਹੈ, ਸ੍ਰੀ ਸਰਾਏ ਹੀ ਦੱਸ ਸਕਦੇ ਹਨ। ਮੀਰਾ ਗਿੱਲ ਵਰਗੀ 'ਸਭ ਗੁਣ ਸੰਪਨ ਸ਼ਖ਼ਸੀਅਤ' ਨੂੰ ਵੀ ਇਹ ਸਨਮਾਨ ਦੇ ਕੇ, ਉਨ੍ਹਾਂ ਨਾਲ਼ ਵੀ ਮੇਰੇ ਖ਼ਿਆਲ ਅਨੁਸਾਰ ਨਿਆਂ ਨਹੀਂ ਕੀਤਾ ਗਿਆ। ਉਨ੍ਹਾਂ ਨੂੰ ਅਲੱਗ ਤੌਰ 'ਤੇ ਜਨਤਕ ਰੂਪ ਵਿਚ ਸਨਮਾਨਣ ਦੀ ਲੋੜ ਸੀ ਤਾਂ ਕਿ ਉਨ੍ਹਾਂ ਦੇ ਪ੍ਰਸ਼ੰਸਕ, ਆਪਣੀ ਮਨਭਾਉਂਦੀ ਸ਼ਖ਼ਸੀਅਤ ਨੂੰ ਆਪਣੀਆਂ ਅੱਖਾਂ ਸੌਹੇਂ ਸਨਮਾਨਤ ਹੁੰਦੀ ਦੇਖ ਸਕਦੇ। 
ਇਸ ਤੋਂ ਇਲਾਵਾ 'ਪ੍ਰਿੰਟ ਮੀਡੀਆ' ਵਿਚੋਂ ਸ਼੍ਰੀ ਸਰਾਏ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੂੰ ਕੋਈ ਵੀ ਬੰਦਾ 'ਸਰੀ ਦਾ ਸਹੀ ਸੇਵਾਦਾਰ' ਨਹੀਂ ਲੱਗਿਆ। ਓਦਾਂ ਵੀ ਮੈਡਲ ਤਾਂ ਲਾ-ਪਾ ਕੇ ਸਾਰੇ 31 ਬਚੇ ਸਨ। ਸੱਚ, ਯਾਦ ਆ ਗਿਆ ਕਿ ਇਸ ਸਮਾਗਮ ਵਿਚ ਦਿੱਤੇ ਜਾਣ ਲਈ 32 ਮੈਡਲ ਰੱਖੇ ਹੋਏ ਸਨ, ਪਰ ਕੋਈ ਜਣਾ ਇਸ ਸਨਮਾਨ ਨੂੰ ਅਪਮਾਨ ਸਮਝਦਿਆਂ, ਮੈਡਲ ਲੈਣ ਹੀ ਨਹੀਂ ਆਇਆ। 'ਰਾਤਾਂ ਛੋਟੀਆਂ ਤੇ ਯਾਰ ਬਥੇਰੇ' ਵਾਂਗ ਹੀ ਸ਼੍ਰੀ ਸਰਾਏ ਹੋਰ ਕਿੰਨੇ ਕੁ 'ਯਾਰਾਂ' ਦਾ ਮਾਣ ਰੱਖ ਸਕਦੇ ਸਨ, ਮਾਣ ਕਰ ਸਕਦੇ ਸਨ!#