ਸ਼ਬਦੰਗਲ-35


ਸੋਚੀ ਜਾਣ ਦੀ ਥਾਂ ਬੁੱਢੇ ਹੋਣ ਦੀਆਂ ਬਰਕਤਾਂ ਮਾਣੋ ਹਜ਼ੂਰ!
<<<<<<<<<<<<<<>>>>>>>>>>>>>
ਅਖੇ 'ਉਮਰ ਤਾਂ ਇਕ ਗਿਣਤੀ ਹੀ ਹੈ।' ਜਾਂ 'ਦਿਲ ਹੋਣਾ ਚਾਹੀਦਾ ਜੁਆਨ, ਉਮਰਾਂ 'ਚ ਕੀ ਰੱਖਿਆ।' ਇਹੋ ਜਿਹੇ ਫ਼ਿਕਰੇ ਦਿਨ ਵਿਚ ਦੋ-ਤਿੰਨ ਵਾਰ ਤਾਂ ਸੁਣਨ ਨੂੰ ਮਿਲ ਹੀ ਜਾਂਦੇ ਹਨ। ਇਸ ਤੋਂ ਅੱਗੇ ਗੱਲ ਆਈ-ਗਈ ਹੋ ਕੇ ਹੀ ਰਹਿ ਜਾਂਦੀ ਹੈ। ਅੱਜ ਆਪਾਂ ਇਸ ਲੇਖ ਰਾਹੀਂ, ਉਹ ਗਈ ਹੋਈ ਗੱਲ ਹੀ ਮੋੜ ਲਿਆਉਣੀ ਹੈ। ਇਸ ਤੋਂ ਪਹਿਲਾਂ ਕਿ ਸਾਡੇ ਪਾਠਕਾਂ ਵਿਚੋਂ ਕਈ ਜਣੇ ਇਹ ਕਹਿਣ ਲੱਗ ਪੈਣ, "ਭਲਾ ਉਮਰ ਵੀ ਕਿਸੇ ਨੇ ਜਿੱਤੀ ਹੈ? ਇਹ ਤਾਂ ਐਵੇਂ ਵਾਧੂ ਗੱਲਾਂ ਨੇ!" ਅਸੀਂ ਆਪਣੇ ਪਾਠਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਮਰੀਕਾ ਦੀ ਇਕ 70 ਸਾਲਾ ਔਰਤ ਨੇ 60 ਸਾਲ ਦੀ ਉਮਰ ਵਿਚ ਜੌੜੇ ਬੱਚੇ ਜੰਮ ਕੇ ਆਪਣੀ ਉਮਰ ਨੂੰ ਪਛਾੜਿਆ ਹੋਇਆ ਹੈ। ਲਓ ਪਹਿਲਾਂ, ਡਾ. ਫਰੀਡਾ ਬਰਨਬਾਮ ਨਾਂ ਦੀ, ਜੌੜਿਆਂ ਦੀ ਇਸ ਮਾਂ ਬਾਰੇ ਹੀ ਜਾਣ ਲਓ। 60 ਸਾਲ ਦੀ ਉਮਰ ਵਿਚ ਮਾਂ ਬਣਨ ਮਗਰੋਂ ਇਸ ਔਰਤ ਨੇ ਆਪਣੀ ਸਮਰੱਥਾ ਫਿਰ ਪਛਾਣੀ ਅਤੇ 'ਮੀਡੀਆ ਸਾਈਕਾਲੋਜਿਸਟ' ਵਜੋਂ ਜ਼ਿੰਦਗ਼ੀ ਸ਼ੁਰੂ ਕੀਤੀ। ਉਹ ਆਪਣੀ ਤੀਜੀ ਕਿਤਾਬ 'ਸ਼ੈਟਰਿੰਗ ਦ ਮੋਲਡ' ਯਾਨੀ 'ਸਾਂਚਾ ਤੋੜਨਾ' ਰਿਲੀਜ਼ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ। ਇਸ ਕਿਤਾਬ ਦੇ ਸਿਰਲੇਖ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਕਿਤਾਬ ਵਿਚ ਉਸ ਨੇ 'ਬਕਸੇ ਤੋਂ ਬਾਹਰ ਨਿੱਕਲ ਕੇ ਸੋਚਣ' ਵਰਗੀ ਗੱਲ ਕੀਤੀ ਹੈ। ਉਹ ਆਪਣੇ ਦਸ ਸਾਲਾਂ ਦੇ ਜੌੜੇ ਬੱਚਿਆਂ ਨਾਲ਼ ਇਕ 'ਰਿਐਲਿਟੀ ਟੀਵੀ ਸ਼ੋਅ' ਵੀ ਸ਼ੁਰੂ ਕਰਨ ਨੂੰ ਫਿਰਦੀ ਹੈ। ਡਾ. ਫਰੀਡਾ ਨੇ 'ਸਿਆਣੀ ਉਮਰ' ਨੂੰ 'ਸੱਚੀਂ ਹੀ ਸਿਆਣੀ' ਸਾਬਤ ਕਰਨ ਦੇ ਹੀਲੇ ਹੀ ਨਹੀਂ ਕੀਤੇ, ਸਗੋਂ ਇਨ੍ਹਾਂ ਵਿਚ ਕਾਮਯਾਬੀ ਵੀ ਹਾਸਲ ਕਰ ਕੇ ਦਿਖਾਈ ਹੈ। ਉਸ ਦਾ ਕਹਿਣ ਹੈ, "ਮੇਰੇ ਲਈ ਤਾਂ ਉਮਰ ਸ਼ੁਰੂ ਹੀ 60 ਸਾਲਾਂ ਤੋਂ ਹੋਈ ਹੈ। ਉਸ ਦੇ ਪੁੱਤਰ 'ਜੌਸ਼' ਅਤੇ 'ਜੈਰੇਟ' ਇਸ ਦਾਅਵੇ ਦੇ ਸਹੀ ਹੋਣ ਦੇ ਸਬੂਤ ਹਨ। ਇਹ ਕਾਰਨਾਮੇਂ ਉਸ ਨੇ ਇਕ ਆਮ ਔਰਤ ਵਜੋਂ ਹੀ ਕਰ ਦਿਖਾਏ ਹਨ ਕਿਊਂ ਕਿ ਉਸ ਕੋਲ ਦੋ ਦਿਮਾਗ਼ ਜਾਂ ਦੋ ਦਿਲ ਨਹੀਂ ਹਨ।
ਪੰਜ ਬੱਚਿਆਂ ਦੀ ਇਹ ਮਾਂ, ਜਹਾਨ ਭਰ ਦੀਆਂ ਔਰਤਾਂ ਨੂੰ ਪ੍ਰੇਰਦੀ ਹੋਈ ਕਹਿੰਦੀ ਹੈ, "ਇਹ ਜ਼ਿੰਦਗ਼ੀ ਹਰ ਤਰ੍ਹਾਂ ਦੀ ਪ੍ਰਾਪਤੀ ਕਰਨ ਲਈ ਕਾਫੀ ਹੈ। ਉਤਸ਼ਾਹ ਹੀ ਜੁਆਨੀ ਦਾ ਚਸ਼ਮਾ ਹੈ। ਹੁਣ ਮੈਂ ਇਕੱਲੀ ਨਹੀਂ ਹਾਂ, ਹੋਰ ਬਹੁਤ ਸਾਰੀਆਂ ਔਰਤਾਂ ਉਮਰ ਦਾ ਪਿੰਜਰਾ ਤੋੜ ਕੇ ਬਾਹਰ ਆ ਰਹੀਆਂ ਹਨ। ਉਹ ਵੇਲ਼ੇ ਲੱਦ ਗਏ, ਜਦੋਂ ਔਰਤਾਂ ਆਪਣੀ ਉਮਰ ਲੁਕਾਉਂਦੀਆਂ ਹੁੰਦੀਆਂ ਸਨ। ਨਵੇਂ ਹਿਸਾਬ ਵਿਚ 60 ਸਾਲ ਦੀ ਉਮਰ ਹੁਣ 40 ਸਾਲਾਂ ਦੇ ਬਰਾਬਰ ਹੈ। 10 ਸਾਲ ਪਹਿਲਾਂ 60 ਸਾਲਾਂ ਦਾ ਵਿਅਕਤੀ ਬੁੱਢਾ ਸਮਝਿਆ ਜਾਂਦਾ ਸੀ। ਹੁਣ ਉਮਰ, ਸਾਲਾਂ ਵਿਚ ਨਹੀਂ ਗਿਣੀ ਜਾਂਦੀ। ਉਮਰ ਦੀ ਪ੍ਰੀਭਾਸ਼ਾ ਤੁਸੀਂ ਆਪ ਸਿਰਜਦੇ ਹੋ।" ਡਾ. ਫਰੀਡਾ ਦੀ ਇਕ ਕਿਤਾਬ ਦਾ ਸਿਰਲੇਖ 'ਲਾਈਫ ਬਿਗਿੰਨਜ਼ ਐਟ 60 : ਏ ਨਿਊ ਵਿਊ ਔਫ ਮਦਰਹੁੱਡ, ਮੈਰਿਜ ਐਂਡ ਰੀਇਨਵੈਂਟਿੰਗ ਅਵਰਸੇਲਵਜ਼' ਯਾਨੀ 'ਜ਼ਿੰਦਗ਼ੀ 60 ਤੋਂ ਸ਼ੁਰੂ ਹੁੰਦੀ ਹੈ: ਮਮਤਾ, ਵਿਆਹ ਅਤੇ ਸਵੈ-ਖੋਜ ਬਾਰੇ ਇਕ ਨਵੀਂ ਦ੍ਰਿਸ਼ਟੀ'।
ਇਸ ਕਿਤਾਬ ਵਿਚ ਉਹ ਫ਼ਰਮਾਉਂਦੇ ਹਨ ਕਿ ਔਰਤਾਂ ਹੁਣ ਕੰਮਾਂ-ਕਾਰਾਂ ਤੋਂ ਵਿਹਲੀਆਂ ਹੋਣ ਦੀ ਥਾਂ, ਆਪਣੇ ਅੰਦਰੋਂ ਆਪਣੇ-ਆਪ ਨੂੰ ਨਵੇਂ ਸਿਰਿਓਂ ਖੋਜਦੀਆਂ ਹਨ। ਉਹ ਲਿਖਦੇ ਹਨ, "ਦਾਦੀ ਮਾਂ ਹੁਣ ਕੁਰਸੀ ਉੱਤੇ ਝੂਟੇ ਨਹੀਂ ਲੈਂਦੀ। ਉਹ ਕਸਰਤ ਕਰਦੀ ਹੈ ਅਤੇ ਯਾਤਰਾ ਕਰਦੀ ਹੈ। ਜ਼ਿੰਦਗ਼ੀ ਇਕ 'ਡਰੈੱਸ ਰਿਹਰਸਲ' ਹੈ ਤੇ ਤੁਸੀਂ ਇਸ ਤੋਂ ਬਾਅਦ ਇਕ ਹੋਰ ਮੌਕਾ ਹਾਸਲ ਕਰ ਸਕਦੇ ਹੋ।"
ਡਾ. ਐਂਡਰੀਆ ਬਰਾਂਡਟ ਚਿਤਵ-ਚਿਤਵ ਕੇ ਬੁੱਢੇ ਹੋਣ ਦੀ ਸਿਫ਼ਾਰਸ਼ ਕਰਦਿਆਂ ਕਹਿੰਦੇ ਹਨ, "ਤੁਸੀਂ ਉਮਰੋਂ ਸਿਆਣੇ ਹੋਣ ਦੇ ਨਾਂਹ-ਵਾਚਕ ਤੱਥ ਟਾਲ਼ ਨਹੀਂ ਸਕਦੇ, ਪਰ ਤੁਸੀਂ ਵਾਰ-ਵਾਰ ਇਨ੍ਹਾਂ ਤੱਥਾਂ ਦੀ ਉਗਾਲ਼ੀ ਵੀ ਨਹੀਂ ਕਰ ਸਕਦੇ, ਨਾ ਹੀ ਤੁਸੀਂ ਇਨ੍ਹਾਂ ਤੱਥਾਂ ਨੂੰ ਫ਼ਜ਼ੂਲ ਹੀ ਫੁਲਾ-ਫੁਲਾ ਕੇ ਆਪਣੇ ਸਿਰ ਚੜ੍ਹਾ ਸਕਦੇ ਹੋ। ਸਗੋਂ ਤੁਸੀਂ ਆਪਣਾ ਧਿਆਨ ਉਮਰ ਪੱਖੋਂ ਸਿਆਣੇ ਹੋਣ ਦੇ ਫ਼ਾਇਦਿਆਂ ਵੱਲ ਲਾਓ ਤੇ ਇਹ ਫ਼ਾਇਦੇ ਬਹੁਤ ਹਨ। ਜਦੋਂ ਅਸੀਂ ਬੁਢਾਪੇ ਵਿਚ ਕੀਤੀਆਂ ਜਾ ਸਕਣ ਵਾਲ਼ੀਆਂ ਪ੍ਰਾਪਤੀਆਂ ਦੇ ਮਾਮਲੇ ਵਿਚ ਆਪਣੇ-ਆਪ ਨੂੰ ਸੀਮਤ ਕਰ ਲੈਂਦੇ ਹਾਂ ਤਾਂ ਅਸੀਂ ਆਪਣੇ-ਆਪ ਨੂੰ ਬਦਲਣ ਦੇ ਰਾਹ ਵਿਚ ਰੁਕਾਵਟ ਪਾ ਲੈਂਦੇ ਹਾਂ। ਫਿਰ ਅਸੀਂ ਆਪਣੇ ਆਨੰਦ ਖ਼ਾਤਰ ਕੁੱਝ ਕਰਨ ਦੀ ਥਾਂ, ਉਹ ਸਭ ਕੁੱਝ ਕਰਨ ਲੱਗ ਪੈਂਦੇ ਹਾਂ, ਜੋ ਲੋਕ ਸਾਡੇ ਵੱਲੋਂ ਕੀਤਾ ਜਾਂਦਾ ਦੇਖਣਾ ਚਾਹੁੰਦੇ ਹਨ।"
ਵੈੱਬਸਾਈਟ 'ਏਜਵਿਦਪਰਪਜ਼.ਕਾਮ' ਦੀ ਸਹਾਇਤਾ ਨਾਲ਼ ਮਨੋਰੋਗਾਂ ਦਾ ਇਲਾਜ ਕਰਨ ਵਾਲ਼ੀ ਡਾਕਟਰ ਬਰਾਂਡਟ ਦਾ ਕਹਿਣ ਹੈ ਕਿ ਬੁੱਢੇ ਹੋ ਰਹੇ ਲੋਕਾਂ ਨੂੰ ਬਣੀਆਂ-ਬਣਾਈਆਂ ਤੇ ਪੁਰਾਣੀਆਂ ਲੀਹਾਂ ਉੱਤੇ ਚਲਾਉਣਾ ਬਹੁਤ ਹੀ ਨੁਕਸਾਨਦੇਹ ਹੈ। ਉਨ੍ਹਾਂ ਦਾ ਕਹਿਣ ਹੈ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਬਹੁਤ ਸਾਰੀਆਂ ਬਿਰਧ ਔਰਤਾਂ ਆਪਣਾ ਸਮਾਂ ਅਤੇ ਤਾਕਤ ਬੁਢਾਪੇ ਨੂੰ ਮੋੜਨ ਦੇ ਹੀਲੇ ਕਰਨ ਵਿਚ ਹੀ ਖ਼ਰਚੀ ਜਾਣ ਦੇ ਚੱਕਰ ਵਿਚ ਪਈਆਂ ਰਹਿੰਦੀਆਂ ਹਨ। ਉਹ ਕਹਿੰਦੇ ਹਨ, "ਤੁਸੀਂ ਆਪਣੀ ਬਾਕੀ ਬਚੀ ਜ਼ਿੰਦਗ਼ੀ ਅਤੇ ਆਪਣੇ ਰਹਿੰਦੇ-ਖੂੰਹਦੇ ਵਸੀਲੇ ਦੁਬਾਰਾ ਜੁਆਨ ਦਿਸਣ ਦੇ ਹੀਲੇ ਕਰਨ ਵਿਚ ਬਰਬਾਦ ਕਰ ਸਕਦੇ ਹੋ ਜਾਂ ਤੁਸੀਂ ਬੁੱਢੇ ਹੋਣ ਦੀਆਂ ਬਰਕਤਾਂ ਮਾਣ ਸਕਦੇ ਹੋ।" 
ਮਾਰਕ ਟਵੇਨ ਨੇ ਕਦੇ ਕਿਹਾ ਸੀ, "ਉਮਰੋਂ ਸਿਆਣੇ ਹੋਣਾ, ਹੋਣ ਨਾਲ਼ੋਂ ਸਮਝਣ ਦਾ ਮੁੱਦਾ ਵਧੇਰੇ ਹੈ। ਜੇ ਤੁਸੀਂ ਇਸ ਨੂੰ ਸਮਝਣਾ ਜਾਂ ਗੌਲਣਾ ਛੱਡ ਦਿਓਂ ਤਾਂ ਇਸ ਦਾ ਅਸਰ ਘਟ ਜਾਂਦਾ ਹੈ।" ਸੋ ਇਸ ਵੱਲ ਧਿਆਨ ਦੇਣਾ ਹੀ ਛੱਡ ਦਿਓ। ਯੇਲ ਯੂਨੀਵਰਸਿਟੀ ਵੱਲੌਂ ਕਰਾਏ ਗਏ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬੁੱਢੇ ਹੋਣ ਬਾਰੇ ਹਾਂ-ਪੱਖੀ ਸੋਚਣ ਵਾਲ਼ੇ ਲੋਕ, ਇਸ ਬਾਰੇ ਨਾ-ਪੱਖੀ ਸੋਚਣ ਵਾਲ਼ਿਆਂ ਦੇ ਮੁਕਾਬਲੇ ਸਾਢੇ ਸੱਤ ਸਾਲ ਵੱਧ ਜੀਂਦੇ ਰਹਿੰਦੇ ਹਨ।
ਖ਼ੁਸ਼ੀਆਂ ਅਤੇ ਚਾਅ ਕਦੇ ਬੇਹੇ ਨਹੀਂ ਹੁੰਦੇ ਅਤੇ ਉਨ੍ਹਾਂ ਦੀ ਮਿਆਦ ਕਦੇ ਨਹੀਂ ਪੁੱਗਦੀ। 'ਮਾਈਂਡਫੁਲ ਏਜਿੰਗ: ਇਮਬਰੇਸਿੰਗ ਯੂਅਰ ਲਾਈਫ ਆਫਟਰ 50 ਟੂ ਫਾਈਂਡ ਫੁਲਫਿਲਮੈਂਟ, ਪਰਪਜ਼ ਐਂਡ ਜੁਆਏ' ਯਾਨੀ 'ਮਨੋਂ ਜੀਣਾ: 50 ਸਾਲ ਜੀਣ ਬਾਅਦ ਸੰਤੁਸ਼ਟੀ, ਮੰਤਵ ਅਤੇ ਅਨੰਦ ਲੱਭਣ ਖ਼ਾਤਰ ਆਪਣੀ ਜ਼ਿੰਦਗ਼ੀ ਨੂੰ ਜੱਫੀ ਪਾਉਣਾ' ਦੀ ਲੇਖਕਾ ਬਰਾਂਡਟ ਅੱਗੇ ਲਿਖਦੀ ਹੈ, "ਆਪਣੇ ਅਨੰਦ ਨੂੰ ਮੁੱਖ ਰੱਖ ਕੇ ਹੀ ਸਾਰੇ ਫੈਸਲੇ ਕਰੋ ਅਤੇ ਆਪਣੀ ਬੋਲ-ਚਾਲ ਵਿਚੋਂ 'ਮੈਂ ਬਹੁਤ ਬੁੱਢਾ ਹੋ ਗਿਆ ਹਾਂ' ਕੱਢ ਹੀ ਸੁੱਟੋ।" 
ਡਾ. ਐਂਡਰੀਆ ਬਰਾਂਡਟ ਦਾ ਕਹਿਣ ਹੈ, "ਉਮਰੋਂ ਸਿਆਣੇ ਹੋਣ ਦਾ ਅਮਲ ਬਹੁਤ ਹੀ ਅਟੱਲ ਹੈ, ਪਰ ਆਪਣੀ ਉਮਰ ਅਸੀਂ ਕਿਸ ਤਰ੍ਹਾਂ ਵਧਣ ਦੇਣੀ ਹੈ।" ਇਸ ਸਬੰਧ ਵਿਚ ਉਹ ਕੁੱਝ ਨੁਕਤੇ ਸੁਝਾਉਂਦੇ ਹਨ:
-ਸਿਆਣੇ ਹੋਣ ਦੇ ਸਬੰਧ ਵਿਚ ਦੁਬਾਰਾ ਸੋਚੋ। ਜੇ ਤੁਸੀਂ ਯਾਤਰਾ ਕਰਨੀ ਚਾਹੁੰਦੇ ਹੋ, ਯਾਤਰਾ ਕਰੋ। ਜੇ ਤੁਸੀਂ ਆਪਣਾ ਕੰਮ ਬਹੁਤ ਪਸੰਦ ਕਰਦੇ ਹੋ ਅਤੇ ਸੇਵਾ ਮੁਕਤ ਨਹੀਂ ਹੋਣਾ ਚਾਹੁੰਦੇ ਤਾਂ ਕੰਮ ਕਰਦੇ ਰਹੋ। ਜੇ ਤੁਹਾਨੂੰ ਆਪਣਾ ਕੰਮ ਬਹੁਤ ਯਾਦ ਆਉਂਦਾ ਹੈ ਤਾਂ ਇਹੋ ਜਿਹਾ ਢੰਗ ਅਪਣਾਵੋ ਕਿ ਤੁਸੀਂ ਵਾਲੰਟੀਅਰ ਬਣ ਕੇ ਅਧਿਆਪਨ ਕਰਨ ਅਤੇ ਮਾਰਗ ਦਰਸਾਉਣ ਵਰਗੇ ਕੰਮ ਅੰਸ਼ਕ ਰੂਪ ਵਿਚ ਕਰਦੇ ਰਹੋ।
-ਸਮਾਜਕ ਕੰਮਾਂ ਵਿਚ ਆਪਣੀ ਸਮਰੱਥਾ ਮੁਤਾਬਕ ਵੱਧ ਤੋਂ ਵੱਧ ਹਿੱਸਾ ਲਓ। ਜਦੋਂ ਸਾਡੇ ਕੋਲ ਹਰ ਰੋਜ਼ ਕਰਨ ਲਈ ਕੋਈ ਕੰਮ ਨਹੀਂ ਰਹਿ ਜਾਂਦਾ ਤੇ ਸਾਡੇ ਬੱਚੇ ਆਪੋ-ਆਪਣੇ ਕੰਮਾਂ ਵਿਚ ਰੁੱਝ ਜਾਂਦੇ ਹਨ ਤਾਂ ਉਮਰੋਂ ਸਿਆਣੇ ਹੋਣਾ ਬਹੁਤ ਹੀ ਇਕਲਾਪੇ ਭਰਿਆ ਅਨੁਭਵ ਹੋ ਜਾਂਦਾ ਹੈ। ਇਹੋ ਜਿਹੇ ਮੌਕੇ ਨਵੇਂ-ਨਵੇਂ ਮਿੱਤਰ ਬਣਾਵੋ। ਸਿਆਣੀ ਉਮਰ ਦੇ ਲੋਕਾਂ ਲਈ ਕਸਰਤ ਕਰਾਉਣ ਵਾਲ਼ੇ ਗਰੁੱਪਾਂ ਦੇ ਮੈਂਬਰ ਬਣੋ।
-ਆਪਣੇ ਸਰੀਰ ਨੂੰ ਫਿੱਟ ਰੱਖਣ ਵੱਲੋਂ ਬੇਧਿਆਨੇ ਨਾ ਹੋਵੋ। ਤੁਹਾਨੂੰ ਆਪਣੇ ਨਿਸ਼ਾਨਿਆਂ ਦੀ ਪੂਰਤੀ ਲਈ ਤੁਹਾਡੇ ਸਰੀਰ ਦੀ ਲੋੜ ਪੈਂਦੀ ਰਹਿਣੀ ਹੈ। ਆਪਣੇ ਬੁਢਾਪੇ ਨੂੰ ਆਪਣੇ ਵੱਸ ਵਿਚ ਰੱਖਣ ਲਈ ਕਸਰਤ, ਖ਼ਾਸ ਤੌਰ 'ਤੇ ਭਾਰ ਸਬੰਧੀ ਸਿਖਲਾਈ ਲੈਣੀ ਬਹੁਤ ਲਾਜ਼ਮੀ ਹੈ।
-ਡਾਕਟਰ ਬਰਾਂਡਟ ਸਾਹਿਬਾ ਦਾ ਇਹ ਸੁਝਾਅ ਇਸ ਉਮਰੇ ਬਹੁਤ ਅਜੀਬ ਲੱਗ ਸਕਦਾ ਹੈ, ਪਰ ਉਹ ਕਹਿੰਦੇ ਹਨ ਕਿ ਪਿਆਰ ਸਬੰਧੀ ਸਾਂਝ ਬਣਾਈ ਹੀ ਨਾ ਜਾਵੋ, ਸਗੋਂ ਉਸ ਵਿਚ ਪਿਆਰ ਦੀ ਚਿਣਗ ਵੀ ਮਘਾਈ ਰੱਖੋ। ਉਹ ਤਾਂ ਇਹ ਵੀ ਕਹਿੰਦੇ ਹਨ ਕਿ ਇਸ ਪੱਖੋਂ ਨਵਾਂ ਭਾਈਵਾਲ ਵੀ ਲੱਭਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣ ਹੈ ਕਿ ਪਿਆਰ ਕਰਨ ਜਾਂ ਦੁਬਾਰਾ ਪਿਆਰ ਵੱਲ ਮੁੜਨ ਦੇ ਮਾਮਲੇ ਵਿਚ ਤੁਸੀਂ ਕਦੇ ਵੀ ਵੱਤੋਂ ਖੁੰਝੇ ਨਹੀਂ ਹੁੰਦੇ। ਤੁਸੀਂ ਆਪਣੀ ਉਮਰ ਪੁੱਗਣ ਦੀਆਂ ਅਲਾਮਤਾਂ ਜ਼ਾਹਰ ਹੋ ਜਾਣ ਮਗਰੋਂ ਵੀ ਜਿਸਮਾਨੀ ਆਨੰਦ ਮਾਨਣ ਅਤੇ ਅੱਖਾਂ ਲੜਾਉਣ ਜੋਗੇ ਹੁੰਦੇ ਹੋ।
-ਇਹ ਮੰਨ ਲਓ ਕਿ ਕਿਸੇ ਦਿਨ ਤੁਸੀਂ ਮਰ ਜਾਓਗੇ। ਡਰਦੇ-ਡਰਦੇ ਜੀਣਾ ਤੁਹਾਨੂੰ ਭਵਿੱਖ ਬਾਰੇ ਵਿਉਂਤਾਂ ਬਣਾਉਣ ਤੋਂ ਰੋਕਦਾ ਹੈ। ਤੁਸੀਂ ਜੀਵਨ ਦੀ ਨਾਸ਼ਵਾਨਤਾ ਦੀਆਂ ਗੱਲਾਂ ਕਰਨ ਲਈ ਕਿਸੇ ਢੁੱਕਵੇਂ ਗਰੁੱਪ ਵਿਚ ਸ਼ਾਮਲ ਹੋ ਸਕਦੇ ਹੋ। ਜਿਸ ਚੀਜ਼ ਤੋਂ ਤੁਸੀਂ ਡਰਦੇ ਹੋ, ਉਸ ਬਾਰੇ ਗੱਲਾਂ ਕਰ-ਕਰ ਕੇ, ਤੁਸੀਂ ਉਸ ਚੀਜ਼ ਨੂੰ ਨਿਹੱਥੀ ਅਤੇ ਸਾਹ-ਸੱਤਹੀਣ ਕਰ ਸੁੱਟਦੇ ਹੋ। 
ਹੁਣ ਤੁਹਾਨੂੰ ਇਕ ਇਹੋ ਜਿਹੀ ਤੀਵੀਂ ਦੀ ਗੱਲ ਦੱਸਣੀ ਬਹੁਤ ਜ਼ਰੂਰੀ ਹੈ, ਜਿਸ ਨੇ 60 ਸਾਲ ਦੀ ਉਮਰ ਵਿਚ ਜੌੜੇ ਬੱਚਿਆਂ ਨੂੰ ਜਨਮ ਦੇ ਕੇ ਇਕ ਮਿਸਾਲ ਕਾਇਮ ਕਰ ਦਿੱਤੀ ਸੀ। ਅਸੀਂ ਡਾ. ਫਰੀਡਾ ਬਰਨਬਾਮ ਨਾਂ ਦੀ ਤੀਵੀਂ ਦੀ ਗੱਲ ਕਰਦੇ ਹਾਂ, ਜਿਸ ਨੇ ਸੰਨ 2007 ਵਿਚ 60 ਸਾਲਾਂ ਦੀ ਉਮਰੇ ਜੌੜੇ ਪੁੱਤਾਂ ਨੂੰ ਜਨਮ ਦੇਣ ਵਾਲ਼ੀ, ਸਭ ਤੋਂ ਵੱਡੀ ਉਮਰ ਦੀ ਅਮਰੀਕੀ ਤੀਵੀਂ ਬਣ ਕੇ ਦਿਖਾਇਆ ਸੀ। ਇਸ ਵੇਲ਼ੇ ਇਹ ਬੀਬੀ 70 ਸਾਲਾਂ ਦੀ ਹੋ ਚੁੱਕੀ ਹੈ। ਨਿਊ ਜਰਸੀ ਵਿਚ ਰਹਿੰਦੀ ਇਹ ਬੀਬੀ ਦੱਸਦੀ ਹੈ ਕਿ ਉਹ ਅਜੇ ਵੀ ਦਸ-ਦਸ ਸਾਲਾਂ ਦੇ ਆਪਣੇ ਦੋਹਾਂ ਮੁੰਡਿਆਂ 'ਜੌਸ਼' ਤੇ ਜੈਰਿਟ' ਨੂੰ ਦੌੜ ਕੇ ਫੜ ਲੈਣ ਦੇ ਨਾਲ਼-ਨਾਲ਼ ਆਪਣੇ 12 ਸਾਲਾਂ ਦੇ ਪੁੱਤ 'ਐਰੀ' ਨੂੰ ਵੀ ਸੰਭਾਲ ਲੈਂਦੀ ਹੈ। ਇਹ, ਪੰਜ ਨਿਅਣਿਆਂ ਦੀ ਮਾਂ ਦੱਸਦੀ ਹੈ ਕਿ ਉਸ ਨੇ ਪਹਿਲੇ ਬੱਚੇ ਨੂੰ ਉਦੋਂ ਜਨਮ ਦਿੱਤਾ ਸੀ, ਜਦੋਂ ਉਹ ੨੬ ਸਾਲਾਂ ਦੀ ਸੀ। ਉਹ ਕਹਿੰਦੀ ਹੈ ਕਿ ਉਹ ਜਿੰਨੀ ਹੁਣ ਫੁਰਤੀਲੀ ਤੇ ਮਜ਼ਬੂਤ ਮਹਿਸੂਸ ਕਰਦੀ ਹੈ, ਉੱਨੀ ਪਹਿਲੀ ਵਾਰੀ ਮਾਂ ਬਣ ਕੇ ਵੀ ਮਹਿਸੂਸ ਨਹੀਂ ਕਰਦੀ ਸੀ।
ਇਸ ਬੀਬੀ ਨੂੰ ਬਹੁਤੀ ਹੀ ਵੱਖਰੀ ਅਤੇ ਸਖ਼ਤ ਹੱਡੀ ਵਾਲੀ ਵੀ ਮੰਨ ਲਈਏ ਤਾਂ ਵੀ ਮਾਂ ਬਣਨ ਦੀ ਔਸਤ ਉਮਰ ਵਧ ਰਹੀ ਹੈ। ਬਹੁਤ ਸਾਰੀਆਂ ਬੀਬੀਆਂ ਜਿਨ੍ਹਾਂ ਦੀ ਵਰੇਸ 20 ਤੋਂ 30 ਸਾਲ ਹੈ, ਆਪਣੀ ਜ਼ਿੰਦਗ਼ੀ ਸੌਖੀ ਬਣਾਉਣ ਦੇ ਆਹਰ ਵਿਚ ਮਾਂ ਬਣਨਾ ਆਮ ਹੀ ਟਾਲ਼ਦੀਆਂ ਰਹਿੰਦੀਆਂ ਹਨ। ਖ਼ਬਰੇ ਇਹੋ ਵਜ੍ਹਾ ਹੈ ਕਿ ਅਮਰੀਕਾ ਦੀ ਸਮੁੱਚੀ ਜਨਮ ਦਰ ਘਟ ਗਈ ਹੈ।
ਫਰੀਡਾ ਬਰਨਬਾਮ ਤੇ ਉਸ ਦੇ ਪਤੀ 'ਕੇਨ' ਨੇ 35 ਸਾਲ ਪਹਿਲਾਂ ਆਪਣੇ ਪਹਿਲੇ ਬੱਚੇ 'ਜੈਸਨ' ਨੂੰ ਜਨਮ ਦਿੱਤਾ ਸੀ। ਉਸ ਤੋਂ ਚਾਰ ਸਾਲ ਮਗਰੋਂ ਉਨ੍ਹਾਂ ਨੇ ਆਪਣੇ ਦੂਜੇ ਬੱਚੇ (ਕੁੜੀ) 'ਅਲਾਨਾ' ਨੂੰ ਜਨਮ ਦਿੱਤਾ ਸੀ। ਜਦੋਂ ਉਨ੍ਹਾਂ ਦੇ ਇਹ ਦੋਵੇਂ ਬੱਚੇ ਪਲ਼ ਗਏ ਤਾਂ ਉਹ ਇਕ ਤਰ੍ਹਾਂ ਨਾਲ਼ 'ਵਿਹਲੇ ਜਿਹੇ' ਹੋ ਗਏ ਤੇ ਇਸ ਤਰ੍ਹਾਂ 'ਖਾਲੀ ਜਿਹੇ' ਹੋ ਜਾਣਾ ਉਨ੍ਹਾਂ ਨੂੰ ਪਸੰਦ ਨਹੀਂ ਸੀ। ਇਹ ਗੱਲ ਕਰਦਿਆਂ ਫਰੀਡਾ ਨੇ ਕਿਹਾ, "ਮੇਰਾ ਚਿੱਤ ਹਾਲੇ ਵੀ ਬੱਚਾ ਜੰਮਣ ਨੂੰ ਕਰਦਾ ਰਹਿੰਦਾ ਸੀ। ਇਕ ਦਿਨ ਮੈਂ ਇਕ ਬੱਚਾ ਦੇਖਿਆ, ਜਿਸ ਨੂੰ ਦੇਖਦਿਆਂ ਹੀ ਮੇਰੇ ਅੰਦਰਲੀ ਮਮਤਾ ਨੇ ਉਬਾਲਾ ਜਿਹਾ ਮਾਰਿਆ ਤੇ ਮੇਰਾ ਚਿੱਤ ਕਰੇ ਪਈ ਮੈਂ ਉਸ ਨੂੰ ਚੁੱਕ ਕੇ ਕਿਤੇ ਦੌੜ ਹੀ ਜਾਵਾਂ। ਮੈਂ ਸੋਚਾਂ ਪਈ ਬੱਚਾ ਫੜਾਂ ਤੇ ਛੱਡਾਂ ਹੀ ਨਾ। ਮੈਂ ਦੇਖਿਆ ਪਈ ਜਿੱਦਾਂ-ਜਿੱਦਾਂ ਤੁਸੀਂ ਉਮਰੋਂ ਸਿਆਣੇ ਹੁੰਦੇ ਹੋ, ਤੁਹਾਡਾ ਚਿੱਤ ਕਹੀ ਜਾਂਦੈ ਪਈ ਤੁਹਾਡੇ ਬੱਚਾ ਹੋਣਾ ਚਾਹੀਦੈ। ਮੈਨੂੰ ਜੁਆਨੀ ਵੇਲ਼ੇ ਵੀ ਬੱਚੇ ਦੀ ਇੰਨੀ ਤਲਬ ਨਹੀਂ ਹੋਈ ਸੀ।" 
ਇਹ ਸਿਆਣੀ-ਬਿਆਣੀ ਤੀਵੀਂ ਦੱਸਦੀ ਹੈ ਕਿ ਉਹ ਅਜੇ ਚਾਲ਼ੀ ਕੁ ਸਾਲਾਂ ਦੀ ਸੀ ਕਿ ਉਸ ਨੂੰ ਹਮਲ ਠਹਿਰ ਕੇ ਡਿੱਗ ਪਿਆ। ਫਿਰ ਉਸ ਨੇ ਮਸਨੂਈ ਢੰਗ ਨਾਲ਼ ਹਮਲ ਠਹਿਰਾਉਣ ਦਾ ਇਲਾਜ ਕਰਾਉਣਾ ਸ਼ੁਰੂ ਕੀਤਾ। ੫੩ ਸਾਲ ਦੀ ਉਮਰ ਵਿਚ ਉਸ ਨੇ ਆਪਣੇ ਤੀਜੇ ਬੱਚੇ 'ਐਰੀ' ਨੂੰ ਜਨਮ ਦਿੱਤਾ। ਉਸ ਨੇ ਉਦੋਂ ਕਿਹਾ, "ਆਹ ਤਾਂ ਕਮਾਲ ਹੀ ਹੋ ਗਿਆ।" ਇਹ ਸੁਣ ਕੇ ਉਸ ਦੇ ਪਤੀ ਨੇ ਕਿਹਾ, "ਆਪਾਂ ਇਹੋ ਜਿਹਾ ਕਮਾਲ਼ ਫਿਰ ਕਰਾਂਗੇ।" ਫਰੀਡਾ ਦੀ ਉਮਰ 60 ਸਾਲਾਂ ਤੋਂ ਘੱਟ ਸੀ ਕਿ ਉਸ ਨੇ ਫਿਰ ਨਕਲੀ ਢੰਗ ਨਾਲ਼ ਹਾਮਲਾ ਹੋਣ ਦਾ ਫੈਸਲਾ ਕਰ ਲਿਆ, ਪਰ ਇਸ ਮਾਮਲੇ ਵਿਚ ਇਕ ਰੁਕਾਵਟ ਸੀ ਕਿ ਅਮਰੀਕੀ ਡਾਕਟਰ ਇਸ ਉਮਰ ਦੀ ਔਰਤ ਨੂੰ ਇਹ ਢੰਗ ਅਪਣਾਉਣ ਦੀ ਇਜਾਜ਼ਤ ਨਹੀਂ ਦਿੰਦੇ ਸਨ। 
"ਜੇ ਉਹੀ ਨਰਾਜ਼ ਹੁੰਦੇ ਤਾਂ ਹੋਰ ਗੱਲ ਸੀ, ਮੇਰਾ ਆਪਣਾ ਪੁੱਤਰ ਜੈਸਨ ਖ਼ਫ਼ਾ ਹੋਇਆ ਫਿਰਦਾ ਸੀ, ਫ਼ਰੀਡਾ ਨੇ ਦੱਸਿਆ, "ਮੁੰਡਾ ਕਹਿੰਦਾ ਪਈ ਅਸੀਂ ਸ਼ੁਦਾਈ ਹੋ ਗਏ ਹਾਂ।" ਫਿਰ ਫ਼ਰੀਡਾ ਤੇ ਉਸ ਦੇ ਪਤੀ ਨੇ ਦੱਖਣੀ ਅਫ਼ਰੀਕਾ ਜਾ ਕੇ ਇਹ ਕੰਮ ਕਰਾਉਣ ਦਾ ਫੈਸਲਾ ਕਰ ਲਿਆ ਕਿਉਂ ਕਿ ਉੱਥੋਂ ਦੇ ਡਾਕਟਰਾਂ ਨੂੰ ਉਸ ਦੀ ਉਮਰ ਬਾਰੇ ਬਹੁਤੀ ਚਿੰਤਾ ਨਹੀਂ ਸੀ। ਉਹ ਕਹਿੰਦੀ ਹੈ ਕਿ ਜੇ ਲੋੜ ਪੈਂਦੀ ਤਾਂ ਉਸ ਨੇ ਡਾਕਟਰਾਂ ਅੱਗੇ ਆਪਣੀ ਉਮਰ ਬਾਰੇ ਝੂਠ ਵੀ ਬੋਲ ਦੇਣਾ ਸੀ। ਖ਼ੈਰ, ਉਸ ਨੇ ਜੌੜੇ ਨੇ ਪੁੱਤ ਜੰਮ ਕੇ ਹੀ ਦਮ ਲਿਆ ਤੇ ਹੁਣ, ਇਹ ਸਭ ਕੁੱਝ ਇਤਿਹਾਸ ਦਾ ਅੰਗ ਹੈ। ਹੁਣ ਕਹਿਣ ਵਾਲ਼ੀ ਕੋਈ ਗੱਲ ਰਹਿ ਗਈ ਏ ਭਲਾ?#