ਸ਼ਬਦੰਗਲ-36

        ਸੁਹਾਨੀ ਰਾਤ ਢਲ ਚੁਕੀ ਨਾ ਜਾਨੇ ਤੁਮ ਕਬ 'ਜਾਓਗੇ'?
>>>>>>>>>>>>><<<<<<<<<<<<<
ਜੇ ਤੁਸੀਂ ਇਹ ਲੇਖ ਪੜ੍ਹਨਾ ਸ਼ੁਰੂ ਕਰਨ ਤੋਂ ਪਹਿਲਾਂ ਹੀ, ਇਸ ਲੇਖ ਦੇ ਸਿਰਲੇਖ ਨੂੰ ਗ਼ਲਤ ਮੰਨਦਿਆਂ ਇਸ ਬਾਰੇ ਚਰਚਾ ਛੇੜ ਲਈ ਹੈ ਤਾਂ ਸਾਡਾ ਵੀ ਫ਼ਰਜ਼ ਹੈ ਕਿ ਇਸ ਬਾਰੇ ਗੱਲ ਸਾਫ਼ ਕਰ ਕੇ ਹੀ ਅੱਗੇ ਤੁਰੀਏ। ਤੁਸੀਂ ਜਿਸ ਗੀਤ ਦੇ ਬੋਲਾਂ ਦੀ ਗੱਲ ਕਰਦੇ ਹੋ, ਉਹ 1949 ਵਿਚ ਆਈ ਹਿੰਦੀ ਫ਼ਿਲਮ 'ਦੁਲਾਰੀ' ਦਾ ਹੈ ਤੇ ਉਸ ਦੇ ਸ਼ੁਰੂਆਤੀ ਬੋਲ, "ਸੁਹਾਨੀ ਰਾਤ ਢਲ ਚੁਕੀ ਨਾ ਜਾਨੇ ਤੁਮ ਕਬ ਆਓਗੇ" ਹਨ। ਇਸ ਸਿਰਲੇਖ ਵਿਚ ਮੈਂ ਜਾਣ-ਬੁੱਝ ਕੇ 'ਆਓਗੇ' ਦੀ ਥਾਂ 'ਜਾਓਗੇ' ਲਿਖਿਆ ਹੈ ਕਿਉਂ ਕਿ ਇਸ ਸਿਰਲੇਖ ਦਾ 'ਦੁਲਾਰੀ' ਅਤੇ ਉਸ ਦੇ ਗੀਤ ਨਾਲ਼ ਦੂਰ ਦਾ ਵੀ ਵਾਹ-ਵਾਸਤਾ ਨਹੀਂ ਹੈ। ਸੋ ਇਹ ਸਿਰਲੇਖ ਜਿੱਦਾਂ ਲਿਖਿਆ ਹੋਇਆ ਹੈ, ਓਦਾਂ ਹੀ ਠੀਕ ਸਮਝ ਕੇ ਲੇਖ ਪੜ੍ਹਨ ਦਾ ਹੀਲਾ ਕੀਤਾ ਜਾਵੇ।
ਸਿਰਲੇਖ ਦੀ ਸਾਰਥਕਤਾ ਦੇ ਸਬੰਧ ਵਿਚ ਹੀ ਇਕ ਹੋਰ ਗੱਲ ਏਦਾਂ ਹੈ ਕਿ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਇਕ ਵਿਡੀਓ 'ਭੱਜੀ ਫਿਰਦੀ' ਹੈ ਯਾਨੀ 'ਵਾਇਰਲ ਹੋਈ' ਫਿਰਦੀ ਹੈ। ਆਪਾਂ ਉਹ ਵਿਡੀਓ ਨਾ ਦੇਖ ਲਈਏ? ਮੈਂ ਤੁਹਾਨੂੰ ਇਸ ਕਾਲਮ ਵਿਚ ਉਹ ਵਿਡੀਓ ਤਾਂ ਨਹੀਂ ਦਿਖਾ ਸਕਾਂਗਾ, ਪਰ ਇਸ ਲੇਖ ਰਾਹੀਂ ਉਸ ਵਿਡੀਓ ਦਾ 'ਸਾਊਂਡਟਰੈਕ' ਤਾਂ ਸੁਣਾ (ਪੜ੍ਹਾ) ਹੀ ਸਕਦਾ ਹਾਂ। ਇਹ ਵਿਡੀਓ ਫ਼ਿਲਮ ਚੱਲਣੀ ਸ਼ੁਰੂ ਹੋਣ ਸਾਰ ਕਿਸੇ ਗਾਇਕ ਦੀ ਇਹ ਆਵਾਜ਼ ਸੁਣਾਈ ਦਿੰਦੀ ਹੈ:
"ਸੁਹਾਨੀ ਰਾਤ ਢਲ ਚੁਕੀ, ਨਾ ਜਾਨੇ ਤੁਮ ਕਬ ਆਓਗੇ..."
ਗਾਣੇ ਦੇ ਬੋਲ ਦੱਬੇ ਜਾਂਦੇ ਹਨ ਤੇ ਸਕਰੀਨ ਉੱਤੇ ਇਕ ਬਹੁਤ ਹੀ ਸੁਨੱਖੀ ਜਿਹੀ ਲੱਗਦੀ ਅਤੇ ਸ਼ਰਾਬ ਜਾਂ ਕਿਸੇ ਹੋਰ ਚੀਜ਼ ਦੇ ਨਸ਼ੇ ਵਿਚ ਗੜੁੱਚ ਹੋਈ ਲੱਗਦੀ ਅਤੇ ਕੈਮਰੇ ਦੇ ਲੈਨਜ਼ ਵੱਲ ਟਿਕਟਿਕੀ ਬੰਨ੍ਹ ਕੇ ਦੇਖੀ ਜਾਂਦੀ ਇਕ ਔਰਤ (ਜੋ ਪਾਕਿਸਤਾਨ ਦੀ ਮੀਡੀਆ ਹਸਤੀ ਅਰੂਸਾ ਆਲਮ ਸਮਝੀ ਜਾਂਦੀ ਹੈ), ਦਾ ਚਿਹਰਾ ਦਿਸਦਾ ਹੈ। ਇਹ ਔਰਤ ਰਤਾ ਕੁ ਪਿੱਛੇ ਹਟਦੀ ਹੈ ਤਾਂ ਤੋਤਾ ਰੰਗੀ ਜਿਹੀ ਦਸਤਾਰ ਵਾਲੀ ਕੋਈ ਸਿੱਖ ਸ਼ਖ਼ਸੀਅਤ ਨਜ਼ਰ ਆਉਂਦੀ ਹੈ (ਜੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮਝੇ ਜਾਂਦੇ ਹਨ)। ਇਸ ਸ਼ਖ਼ਸ ਨੇ ਦੋਹਾਂ ਹੱਥਾਂ ਨਾਲ਼ ਉਹ ਗਲਾਸ ਫੜਿਆ ਹੋਇਆ ਹੈ, ਜਿਸ ਵਿਚ ਸ਼ਰਾਬ ਪਾਈ ਹੋਈ ਸਮਝੀ ਜਾਂਦੀ ਹੈ। ਇੰਨੇ ਵਿਚ ਕਿਸੇ ਮਰਦ ਦੀ ਇਹ ਅਵਾਜ਼, ਜੋ ਕਾਂਗਰਸੀ ਵਿਧਾਇਕ 'ਰਾਣਾ ਸੋਢੀ' ਦੀ ਸਮਝੀ ਜਾਂਦੀ ਹੈ, ਸੁਣਾਈ ਦਿੰਦੀ ਹੈ: 
"ਨੌਟੀ ਆਏਗੀ..."
"ਕਿੱਥੋਂ ਆਏਗੀ ਬਿਊਟੀ," ਇਕ ਹੋਰ ਔਰਤ ਦੀ, ਸ਼ਰਾਬ ਦੇ ਨਸ਼ੇ ਵਿਚ ਤਰ ਹੋਈ ਅਵਾਜ਼ ਆਉਂਦੀ ਹੈ। ਫਿਰ 'ਰਾਣਾ ਸੋਢੀ' ਜਾਪਦੇ ਬੰਦੇ ਦੀ, ਨਸ਼ੱਈ ਜਿਹੀ ਅਵਾਜ਼ ਆਉਂਦੀ ਹੈ:
"ਚੇਅਰਜ਼!"
ਇਸ ਦੇ ਨਾਲ਼ ਹੀ ਦੋ ਗਲਾਸ ਖ਼ੜਕਦੇ ਦਿਸਦੇ ਹਨ ਤੇ ਦੋ ਤੀਵੀਆਂ "ਚੇਅਰਜ਼ !" ਕਹਿੰਦੀਆਂ ਸੁਣਾਈ ਦਿੰਦੀਆਂ ਹਨ। ਨਾਲ਼ ਹੀ 'ਰਾਣਾ ਸੋਢੀ' ਜਾਪਦਾ ਬੰਦਾ ਬੋਲਦਾ ਹੈ: 
"ਜੀਤ ਤੇਰਾ ਗਲਾਸ ਕਿੱਥੇ ਹੈ?" 
ਵੱਡੇ ਸ਼ੀਸ਼ਿਆਂ ਵਾਲ਼ੀ, ਨਜ਼ਰ ਦੀ ਐਨਕ ਲਾਈ ਇਕ ਹੋਰ ਔਰਤ, ਜਿਸ ਨੇ ਸੁਰਖ਼ ਲਿਬਾਸ ਪਾਇਆ ਹੋਇਆ ਹੈ, ਖਾਲੀ ਹੱਥ ਹੀ ਗਲਾਸ ਖੜਕਾਉਣ ਦੇ ਅੰਦਾਜ਼ ਵਿਚ ਚੁੱਕਦੀ ਹੈ ਤਾਂ 'ਰਾਣਾ ਸੋਢੀ' ਜਾਪਦਾ ਬੰਦਾ, ਉਸ ਔਰਤ ਵੱਲ ਆਪਣਾ ਗਲਾਸ ਵਧਾ ਕੇ ਇਹ ਕਹਿੰਦਾ ਸੁਣਾਈ ਦਿੰਦਾ ਹੈ:
"ਅਮਰਜੀਤ ਇਕ ਘੁੱਟ ਤਾਂ ਲੈ ਲਾ..." 
"ਮੈਂ ਵੋਡਕਾ ਪੀਂਦੀ ਨਹੀਂ...।" 'ਜੀਤ' ਜਾਂ 'ਅਮਰਜੀਤ' ਜੁਆਬ ਦਿੰਦੀ ਹੈ।
"ਇਕ ਘੁੱਟ ਤਾਂ ਲੈ ਲਾ...।" 'ਰਾਣਾ ਸੋਢੀ' ਲੱਗਦਾ ਬੰਦਾ ਆਪਣਾ ਜੂਠਾ ਗਲਾਸ ਉਸ ਔਰਤ ਨੂੰ ਫੜਾਉਣ ਦਾ ਹੀਲਾ ਕਰਦਾ ਹੈ:
"ਇਕ ਸਿੱਪ ਲੈ ਲਾ..., ਯਾਰ ਇਕ ਸਿੱਪ ਨਾਲ਼ ਓਥੇ ਕੀ..."
"ਮੈਂ ਇੱਥੋਂ ਲੈ ਲੈਂਦੀ ਆਂ," ਇਹ ਕਹਿ ਕੇ ਸੁਰਖ਼ ਸੂਟ ਵਾਲ਼ੀ 'ਜੀਤ' ਜਾਂ 'ਅਮਰਜੀਤ', ਅਰੂਸਾ ਆਲਮ ਸਮਝੀ ਜਾਂਦੀ ਔਰਤ ਦਾ ਗਲਾਸ ਚੁੱਕ ਕੇ ਕਹਿੰਦੀ ਹੈ। ਫਿਰ ਕੈਮਰਾ ਇਨ੍ਹਾਂ ਦੋਹਾਂ ਔਰਤਾਂ ਤੋਂ ਖੱਬੇ ਪਾਸੇ ਵੱਲ ਚਲਿਆ ਜਾਂਦਾ ਹੈ ਤਾਂ ਫਰੇਮ ਵਿਚ ਜਿਹੜਾ ਮਰਦਾਨਾ ਚਿਹਰਾ ਦਿਸਦਾ ਹੈ, ਉਹ 'ਰਾਣਾ ਸੋਢੀ' ਦਾ ਹੀ ਹੈ। ਗਾਇਕ ਦੀ ਅਵਾਜ਼ ਇਕ ਵਾਰ ਫਿਰ ਉੱਚੀ ਹੁੰਦੀ ਹੈ ਤੇ ਸਾਰੀ ਪਾਰਟੀ ਦਾ ਦ੍ਰਿਸ਼ ਦਿਖਾ ਕੇ ਇਹ ਵਿਡੀਓ ਅਚਾਨਕ ਬੰਦ ਹੋ ਜਾਂਦੀ ਹੈ, ਜਿਵੇਂ ਵਿਡੀਓ ਬਣਾਉਣ ਵਾਲ਼ੇ ਨੇ 'ਫੜੇ ਜਾਣ ਦੇ ਡਰੋਂ' ਕੈਮਰਾ ਬੰਦ ਕਰ ਲਿਆ ਹੋਵੇ।
ਇਸ ਸਾਲ ਹੀ ਮਾਰਚ ਵਿਚ ਆਪਣੀ ਸਰਕਾਰ ਬਣਾਉਣ ਮਗਰੋਂ, ਜੇ ਸਾਢੇ ਨੌਂ ਮਹੀਨਿਆਂ ਵਿਚ ਹੀ ਮਹਾਰਾਜਾ ਵੀ ਤੇ ਕੈਪਟਨ ਵੀ, ਅਮਰਿੰਦਰ ਸਿੰਘ ਨੇ ਲੋਕਾਂ ਨਾਲ਼ ਕੀਤੇ ਹੋਏ ਵਾਅਦੇ ਵਿਸਾਰ ਦਿੱਤੇ ਹਨ ਤੇ ਉਹ ਆਪਣੇ ਸਾਥੀਆਂ ਨਾਲ਼ ਸ਼ਰਾਬਨੋਸ਼ੀ ਦੀਆਂ ਮਹਿਫ਼ਿਲਾਂ ਸਜਾਉਣ ਲੱਗ ਪਏ ਹਨ ਤਾਂ ਇਹ ਬਹੁਤ ਵੱਡੀ ਗੱਲ ਹੈ ਕਿਉਂ ਕਿ ਉਹ ਮਹਾਰਾਜਾ ਹੀ ਕੀ, ਜਿਹੜਾ ਲੋਕਾਂ ਨਾਲ਼ ਕੀਤੇ ਹੋਏ ਵਾਅਦੇ ਸਾਲਾਂ ਬੱਧੀ ਮੌਰਾਂ ਉੱਤੇ ਢੋਂਦਾ ਫਿਰੇ! ਹੁਣ ਤੁਸੀਂ ਕਹੋਗੇ ਪਈ "ਕੈਪਟਨ ਆਲ਼ਾ ਬਿੱਲਾ ਵੀ ਨਿੱਕਲ ਆਇਆ ਝੋਲ਼ੇ ਵਿਚੋਂ ਬਾਹਰ!" ਓਏ ਭਲੇ ਮਾਣਸੋ, ਇਹ ਬਿੱਲਾ, ਝੋਲ਼ੇ ਵਿਚ ਵੜਿਆ ਹੀ ਕਦੋਂ ਸੀ।
ਹੁਣ ਤਾਂ ਨਾਅਰੇ ਦਾ ਕੰਮ ਦਿੰਦਾ ਉਹ ਗਾਣਾ ਵੀ ਚੇਤੇ ਆਉਂਦਾ ਹੋਊ, ਜੋ 'ਚਾਹੁੰਦਾ ਏ ਪੰਜਾਬ ਕੈਪਟਨ ਦੀ ਸਰਕਾਰ' ਜਿਹੇ ਬੋਲਾਂ ਨਾਲ਼ ਸ਼ੁਰੂ ਹੁੰਦਾ ਸੀ। ਇਹ ਪਾਰਟੀ ਤਾਂ ਕਿਸੇ ਬੰਦੇ ਨੇ ਵਿਡੀਓ ਦੇ ਰੂਪ ਵਿਚ ਸਾਰੇ ਜਹਾਨ ਨੂੰ ਦਿਖਾ ਹੀ ਦਿੱਤੀ ਹੈ। ਖ਼ਬਰੇ ਹੋਰ ਕਿੰਨੀਆਂ ਪਾਰਟੀਆਂ, ਜਿਨ੍ਹਾਂ ਦੀਆਂ ਵਿੱਡੀਓ ਨਹੀਂ ਬਣੀਆਂ 'ਲੋਕਾਂ ਦੇ ਭੂਰੇ ਉੱਤੇ ਕੱਠ' ਕਰਨ ਵਾਂਗ ਕੈਪਟਨ ਅਤੇ ਉਸ ਦਾ ਟੋਲਾ ਕਰ ਚੁੱਕੇ ਹੋਣਗੇ। ਅਰੂਸਾ ਆਲਮ ਤਾਂ ਅਰੂਸਾ ਆਲਮ, ਹੋਰ ਪਤਾ ਨਹੀਂ ਲਖਨਊ ਦੀਆਂ ਕਿਹੜੀਆਂ-ਕਿਹੜੀਆਂ 'ਫ਼ਿਰਦੌਸਾਂ' ਨਚਾ ਚੁੱਕਾ ਹੋਊ 'ਆਪਣਾ ਮਹਾਰਾਜਾ'। ਪੰਜਾਬ ਦੀ ਤਰੱਕੀ ਤਾਂ ਇਸ ਪਾਰਟੀ ਵਿਚ ਮਰਦਾਂ ਦੇ ਬਰਾਬਰ ਬਹਿ ਕੇ ਗਲਾਸ ਖੜਕਾਉਂਦੀਆਂ ਬੀਬੀਆਂ ਨੇ ਦਿਖਾ ਹੀ ਦਿੱਤੀ ਹੈ। ਹੈ ਨਾ ਔਰਤ ਵੱਲੋਂ ਮਰਦ ਦੇ ਗਲਾਸ ਨਾਲ ਗਲਾਸ ਲਾ ਕੇ, ਨਾ ਸੱਚ ਮੋਢੇ ਨਾਲ਼ ਮੋਢਾ ਲਾ ਕੇ ਤੁਰਨਾ ਤੇ ਤੁਰਨਾ ਵੀ ਖੁਲ੍ਹੇਆਮ?
ਹੁਣ ਤਾਂ ਤੁਹਾਨੂੰ ਵੀ ਲੱਗਦਾ ਹੋਵੇਗਾ ਕਿ ਲੋਕ, ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ 'ਆਉਣ' ਦੀ ਨਹੀਂ, ਸਗੋਂ 'ਜਾਣ' ਦੀ ਉਡੀਕ ਕਰਨ ਲੱਗ ਪਏ ਹਨ ਤੇ ਇਸੇ ਹੀ ਵਜ੍ਹਾ ਨਾਲ਼ ਇਸ ਲੇਖ ਦੇ ਸਿਰਲੇਖ ਵਿਚ 'ਆਓਗੇ' ਨਹੀਂ, 'ਜਾਓਗੇ' ਲਿਖਿਆ ਗਿਆ ਹੈ।
ਕਰਤੂਤ ਪੁੱਤ ਦੀ, ਬਦਲਾ ਮਾਂ ਤੋਂ
*******************
ਅਖੇ 'ਚੋਰ ਨੂੰ ਨਾ ਫੜੋ, ਉਸ ਦੀ ਮਾਂ ਨੂੰ ਫੜੋ'! ਇਹ ਸਲਾਹ ਪਤਾ ਨਹੀਂ ਕਿਨ੍ਹੇ ਦਿੱਤੀ ਤੇ ਅਗਲਿਆਂ ਨੇ ਮੰਨ ਵੀ ਲਈ। ਇਕ ੨੬ ਸਾਲਾ ਮੁੰਡੇ ਦੀ, ੪੦ ਕੁ ਸਾਲਾ ਮਾਂ ਨੂੰ ਆਪਣੇ ਪੁੱਤ ਦੀ 'ਕਰਤੂਤ' ਬਦਲੇ ਇਕ ਨਹੀਂ, ਕਈ ਅਜ਼ਾਬ ਭੁਗਤਣੇ ਪਏ ਹਨ। ਭਾਰਤ ਵਿਚ ਉੱਤਰ ਪ੍ਰਦੇਸ਼ ਦੇ ਜ਼ਿਲਾ ਮੁਜ਼ੱਫ਼ਰਨਗਰ ਦੇ ਇਕ ਪਿੰਡ ਦੀ ੨੪ ਸਾਲਾ ਕੁੜੀ ਨੂੰ, ਇਕ ੨੬ ਸਾਲਾ ਮੁੰਡਾ ਪਿਆਰ ਹੀ ਨਹੀਂ ਕਰਨ ਲੱਗ ਪਿਆ, ਸਗੋਂ ਉਹ, ਉਸ ਨਾਲ਼ ਵਿਆਹ ਕਰਾਉਣ ਖ਼ਾਤਰ ਉਸ ਨੂੰ ਉਧਾਲ ਕੇ ਵੀ ਲੈ ਗਿਆ। ਇਸ ਮੁੰਡੇ ਦੇ ਇਸ ਕਾਰੇ ਦਾ ਬਦਲਾ ਲੈਣ ਲਈ, ਕੁੜੀ ਦੇ ਘਰ ਦਿਆਂ ਨੇ ਮੁੰਡੇ ਦੇ ਟੱਬਰ ਦੇ ਜੀਆਂ ਨੂੰ ਅਗਵਾ ਹੀ ਨਹੀਂ ਕੀਤਾ, ਸਗੋਂ ਕਈ ਜਣਿਆਂ ਨੇ ਰਲ਼ ਕੇ, ਮੁੰਡੇ ਦੀ ਮਾਂ ਨਾਲ਼ ਜਿਸਮਾਨੀ ਧੱਕਾ ਵੀ ਕੀਤਾ।
ਪੁਲਸ ਨੇ ਦੱਸਿਆ ਕਿ ਇਹ ਘਟਨਾ ਹਾਲ ਹੀ ਵਿਚ, ਉੱਤਰ ਪ੍ਰਦੇਸ਼ ਦੇ ਹੀ ਜ਼ਿਲਾ ਸ਼ਾਮਲੀ ਦੇ ਪਿੰਡ ਨੋਜਲ ਵਿਚ ਵਾਪਰੀ ਹੈ। ਇਹ ਜਾਣਕਾਰੀ ਮੁਜ਼ੱਫ਼ਰਨਗਰ ਵਿਚ ਐੱਸ. ਪੀ. ਅਜੈ ਪਾਲ ਨੇ ਪੱਤਰਕਾਰਾਂ ਨੂੰ ਦਿੱਤੀ। ਇਸ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੁਖੀ ਔਰਤ ਦੇ ੨੬ ਸਾਲਾ ਪੁੱਤਰ ਨੂੰ ਮੁਜ਼ੱਫ਼ਰਨਗਰ ਜ਼ਿਲੇ ਦੇ ਇਕ ਪਿੰਡ ਦੀ ਇਕ ੨੪ ਸਾਲਾ ਕੁੜੀ, ਜੋ ਗ਼ਾਜ਼ੀਆਬਾਦ ਵਿਚ ਪੜ੍ਹਦੀ ਸੀ, ਨਾਲ਼ ਪਿਆਰ ਹੋ ਗਿਆ। ਇਹ ਮੁੰਡਾ, ਜੋ ਗ਼ਾਜ਼ੀਆਬਾਦ ਦੇ ਪਿੰਡ ਭੋਪੁਰਾ ਵਿਚ ਰਹਿੰਦਾ ਸੀ, ੨੦ ਨਵੰਬਰ ਨੂੰ ਉਸ ਕੁੜੀ ਨੂੰ ਉਧਾਲ਼ ਕੇ ਕਿਤੇ ਲੈ ਗਿਆ। ਕੁੜੀ ਦੇ ਪਰਿਵਾਰ ਦੇ ਜੀਆਂ ਨੇ ਆਪਣੀ ਅਣਖ਼ ਉੱਤੇ ਲੱਗਿਆ ਇਹ ਦਾਗ਼ ਮਿਟਾਉਣ ਲਈ ੧੯ ਨਵੰਬਰ ਨੂੰ, ਉਧਾਲ਼ਾ ਕਰਨ ਵਾਲ਼ੇ ਮੁੰਡੇ ਦੇ ਭਰਾ, ਮਾਂ, ਪਿਤਾ ਅਤੇ ਜੀਜੇ ਨੂੰ ਅਗਵਾ ਕਰ ਲਿਆ ਤੇ ਸ਼ਾਮਲੀ ਜ਼ਿਲੇ ਵਿਚ ਹੀ ਕਿਸੇ ਘਰ ਅੰਦਰ ਡੱਕ ਦਿੱਤਾ। ਕੁੜੀ ਦੇ ਪਰਿਵਾਰ ਦੇ ਜੀਆਂ ਨੇ ਮੁੰਡੇ ਦੇ ਪਰਿਵਾਰ ਦੇ ਜੀਆਂ ਨੂੰ ਡਰਾਇਆ-ਧਮਕਾਇਆ ਹੀ ਨਹੀਂ, ਸਗੋਂ ਕਈ ਜਣਿਆਂ ਨੇ ਰਲ਼ ਕੇ ਮੁੰਡੇ ਦੀ ਮਾਂ ਦੀ ਪੱਤ ਵੀ ਲੁੱਟੀ ਯਾਨੀ ਆਪਣੀ ਅਣਖ਼ ਉੱਤੇ ਲੱਗਿਆ ਹੋਇਆ ਦਾਗ਼ ਲਾਹ ਕੇ ਮੁੰਡੇ ਦੀ ਮਾਂ ਦੀ ਚੁੰਨੀ ਉੱਤੇ ਲਾਉਣ ਦਾ ਹੀਲਾ ਕੀਤਾ।
ਇਕ ਸੂਹ ਦੇ ਆਧਾਰ 'ਤੇ ਪੁਲਸ ਨੇ ੨੫ ਦਸੰਬਰ ਨੂੰ ਉਸ ਘਰ ਉੱਤੇ ਛਾਪਾ ਮਾਰਿਆ ਤੇ ਮੁੰਡੇ ਦੇ ਪਰਿਵਾਰ ਦੇ ਜੀਆਂ ਨੂੰ ਛੁਡਾਇਆ। ਪਹਿਲਾਂ ਪੁਲਸ ਨੇ ਉਧਾਲੇ ਦਾ ਕੇਸ ਦਰਜ ਕੀਤਾ ਹੋਇਆ ਸੀ, ਪਰ ਫਿਰ ਤਫ਼ਤੀਸ਼ ਕਰਨ ਮਗਰੋਂ ਸਮੂਹਕ ਬਲਾਤਕਾਰ ਦਾ ਕੇਸ ਦਰਜ ਕੀਤਾ। ਇਸ ਦੇ ਨਾਲ਼ ਹੀ ਪੁਲਸ ਨੇ ਕੁੜੀ ਦੇ ਬਾਪ, ਦੋ ਭਰਾਵਾਂ ਦੇ ਨਾਲ਼-ਨਾਲ਼ ਗ੍ਰਾਮ ਪ੍ਰਧਾਨ ਅਤੇ ਉਸ ਦੇ ਪੁਤਰ ਦੇ ਨਾਂ ਵੀ ਇਸ ਕੇਸ ਦੇ ਮੁਲਜ਼ਮਾਂ ਵਿਚ ਦਰਜ ਕੀਤੇ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਾਮ ਪ੍ਰਧਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਜਦੋਂ ਕਿ ਬਾਕੀ ਸਭ ਫ਼ਰਾਰ ਹਨ। ਇਸ ਮਾਂ ਨੂੰ ਆਪਣੇ ਘਰ ਇਹ ਪੁੱਤ ਜੰਮਣ 'ਤੇ ਕੀਤੇ ਹੋਏ ਚਾਹ-ਮਲਾਰ ਬੜੇ ਯਾਦ ਆਉਂਦੇ ਹੋਣਗੇ। ਉਸ ਦੀ, ਆਪਣੇ ਨੂੰਹ-ਪੁੱਤਰ ਦੇ ਸਿਰੋਂ ਪਾਣੀ ਵਾਰ-ਵਾਰ ਪੀਣ ਦੀ ਰੀਝ ਦਾ ਕੀ ਬਣਿਆ ਹੋਵੇਗਾ?#