ਸ਼ਬਦੰਗਲ-37

ਜੰਗ ਲੜਨ ਤੋਂ ਘੱਟ ਤਾਂ ਨਹੀਂ ਪੱਤਰਕਾਰੀ

*******************************
ਕਹਿੰਦੇ ਨੇ 'ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ'। ਹੋਣਗੀਆਂ, ਪਰ ਪੱਤਰਕਾਰਾਂ ਨੂੰ ਤਾਂ ਨਿੱਤ ਕਈ-ਕਈ ਮੁਹਿੰਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਹੀ ਘੱਟ ਅਖ਼ਬਾਰੀ ਅਦਾਰੇ ਹਨ, ਜੋ ਮੁਸੀਬਤ ਵਿਚ ਫਸੇ ਕਿਸੇ ਪੱਤਰਕਾਰ ਜਾਂ ਉਸ ਦੇ ਪਰਿਵਾਰ ਨਾਲ਼ ਖੜ੍ਹਦੇ ਹਨ। ਮੁਸੀਬਤਾਂ ਵਿਚ ਫਸਣਾ ਅਤੇ ਫਿਰ ਇਕੱਲਿਆਂ ਹੀ ਉਨ੍ਹਾਂ ਦਾ ਟਾਕਰਾ ਕਰਨਾ, ਪੱਤਰਕਾਰੀ ਦਾ ਹਿੱਸਾ ਹੀ ਬਣ ਗਿਆ ਹੈ। ਇਸ ਵਿਚ ਕਸੂਰ ਕਿਸ ਦਾ ਹੈ, ਇਸ ਲੇਖ ਦਾ ਵਿਸ਼ਾ ਨਹੀਂ ਹੈ। ਹਾਲੇ ਤਾਂ ਅਸੀਂ ਇਹ ਦੱਸਣ ਦਾ ਹੀਲਾ ਹੀ ਕਰਨ ਲੱਗੇ ਹਾਂ ਕਿ ਹਰ ਸਰਕਾਰ ਦੇ ਹਰ ਮੰਤਰਾਲੇ ਦੇ ਭਾਈਵਾਲ ਦਿਸਣ ਵਾਲ਼ੇ ਪੱਤਰਕਾਰਾਂ ਨੂੰ ਕਿਹੜੇ-ਕਿਹੜੇ ਦਹਿਰਮਾਂ ਵਿਚੋਂ ਗੁਜ਼ਰਨਾ ਪੈਂਦਾ ਹੈ ਤੇ ਉਹ ਵੀ ਆਮ ਤੌਰ 'ਤੇ ਆਪਣੇ ਹੀ ਬਲ-ਬੁੱਤੇ। ਪੱਤਰਕਾਰਾਂ ਦੀਆਂ ਜਥੇਬੰਦੀਆਂ ਵੀ ਹਨ, ਪਰ ਉਨ੍ਹਾਂ ਵਿਚ ਵੀ ਬਹੁਤਾ ਕਰ ਕੇ 'ਸਰਕਾਰੀਏ' ਹੀ ਭਾਰੂ ਹੁੰਦੇ ਹਨ। 

ਹਰ ਕਿਸੇ ਦੇ ਹੱਕਾਂ ਲਈ ਕਲਮ ਵਾਹੁਣ ਵਾਲ਼ਿਆਂ ਨੂੰ ਮੁਸੀਬਤ ਵਿਚੋਂ ਕੱਢਣ ਵਾਲ਼ੇ ਘੱਟ ਹੀ ਹਨ। ਹਾਂ, ਜਹਾਨ ਭਰ ਵਿਚ ਪੱਤਰਕਾਰਾਂ ਦਾ ਬਚਾਅ ਕਰਨ ਦੇ ਹੀਲੇ ਕਰਦੀ ਇਕ ਸੰਸਥਾ ਹੈ 'ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ', ਜਿਸ ਦਾ ਦਫ਼ਤਰ ਅਮਰੀਕਾ ਦੇ ਸ਼ਹਿਰ ਨਿਊ ਯਾਰਕ ਵਿਚ ਹੈ। ਇਹ ਸੰਸਥਾ ਨਾ ਲਾਭ, ਨਾ ਹਾਨੀ ਦੇ ਆਧਾਰ 'ਤੇ ਕੰਮ ਕਰਨ ਵਾਲ਼ੀ ਗ਼ੈਰਸਰਕਾਰੀ ਸੰਸਥਾ ਹੈ, ਜਿਸ ਨਾਲ਼ ਜਹਾਨ ਭਰ ਵਿਚੋਂ 'ਪੱਤਰ-ਪ੍ਰੇਰਕ' ਜੁੜੇ ਹੋਏ ਹਨ। ਇਹ ਸੰਸਥਾ 'ਪ੍ਰੈੱਸ' ਦੀ ਅਜ਼ਾਦੀ ਖ਼ਾਤਰ ਅਤੇ ਪੱਤਰਕਾਰਾਂ ਦੇ ਹੱਕਾਂ ਦੀ ਰਾਖੀ ਲਈ ਕੰਮ ਕਰਦੀ ਹੈ। 'ਅਮੈਰਿਕਨ ਜਰਨਲਿਜ਼ਮ ਰੀਵਿਊ' ਨੇ ਇਸ ਸੰਸਥਾ ਨੂੰ 'ਪੱਤਰਕਾਰੀ ਦਾ ਰੈੱਡਕਰਾਸ' ਕਰਾਰ ਦਿੱਤਾ ਹੋਇਆ ਹੈ। 
ਇਸ ਕਮੇਟੀ ਦੀ ਸਥਾਪਨਾ 1981 ਵਿਚ, ਪੈਰਾਗੁਏ ਦੇ ਪੱਤਰਕਾਰ ਅਲਸੀਬੀਏਡਜ਼ ਗੌਨਜ਼ਾਲੇਜ਼ ਡੇਲਵੱਲੇ ਨੂੰ ਤੰਗ ਕੀਤੇ ਜਾਣ ਦੇ ਜੁਆਬ ਵਿਚ ਕੀਤੀ ਗਈ ਸੀ। ਇਸ ਦੇ ਬਾਨੀ ਚੇਅਰਮੈਨ ਵਾਲਟਰ ਕ੍ਰੌਨਕਾਈਟ ਸਨ। 1992 ਤੋਂ ਇਸ ਕਮੇਟੀ ਨੇ ਜਹਾਨ ਭਰ ਵਿਚ, ਆਪਣਾ ਕੰੰਮ ਕਰਦਿਆਂ ਮਾਰੇ ਗਏ ਪੱਤਰਕਾਰਾਂ ਦੀ ਸਾਲਾਨਾ ਸੂਚੀ ਬਣਾਉਣੀ ਸ਼ੁਰੂ ਕੀਤੀ ਹੋਈ ਹੈ। 2016 ਵਿਚ ਇਸ ਕਮੇਟੀ ਅਨੁਸਾਰ, 48 ਪੱਤਰਕਾਰ ਆਪਣੇ ਕੰਮ ਦੇ ਸਬੰਧ ਵਿਚ ਮਾਰੇ ਗਏ ਸਨ। 2015 ਵਿਚ 78 ਪੱਤਰਕਾਰ ਮਾਰ ਸੁੱਟੇ ਗਏ ਸਨ। ਇਨ੍ਹਾਂ ਵਿਚੋਂ ਅੱਧੇ ਤੋਂ ਵੱਧ ਜੰਗ ਦੇ ਮੁਹਾਜ਼ ਤੋਂ ਖ਼ਬਰਾਂ ਲੈਂਦਿਆਂ ਗੋਲੀਬਾਰੀ ਦੇ ਸ਼ਿਕਾਰ ਹੋਏ ਸਨ।
1992 ਤੋਂ ਜੁਲਾਈ, 2017 ਤਕ 1246 ਪੱਤਰਕਾਰਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਇਸੇ ਤਰ੍ਹਾਂ ਦੀ ਇਕ ਹੋਰ ਸੰਸਥਾ, ਜਿਸ ਨੂੰ 'ਰਿਪੋਰਟਰਜ਼ ਵਿਦਾਊਟ ਬਾਰਡਰਜ਼' ਦੇ ਨਾਲ਼-ਨਾਲ਼ 'ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਲਿਸਟਸ' ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਇਨ੍ਹਾਂ ਮੌਤਾਂ ਦੀ ਗਿਣਤੀ ਵੱਧ ਦੱਸੀ ਹੈ। ਇਹ ਸੰਸਥਾ ਵੀ ਇਸ ਸਬੰਧ ਵਿਚ ਹਰ ਸਾਲ ਆਪਣੀ ਰਿਪੋਰਟ ਪ੍ਰਕਾਸ਼ਤ ਕਰਦੀ ਹੈ। ਇਹ ਸੰਸਥਾ, 'ਇੰਟਰਨੈਸ਼ਨਲ ਫਰੀਡਮ ਆਫ ਐਕਸਪ੍ਰੈੱਸ਼ਨ ਐਕਸਚੇਂਜ'{ਆਈ ਐੱਫ ਈ ਐਕਸ} ਦੀ ਬਾਨੀ ਮੈਂਬਰ ਹੈ। 'ਆਈ ਐੱਫ ਈ ਐਕਸ' ਸੱਤਰ ਤੋਂ ਵੱਧ ਅਜਿਹੀਆਂ ਗ਼ੈਰਸਰਕਾਰੀ ਸੰਸਥਾਵਾਂ ਦਾ ਜਹਾਨ ਪੱਧਰੀ ਨੈੱਟਵਰਕ ਹੈ, ਜੋ ਜਹਾਨ ਭਰ ਵਿਚ ਵਿਚਾਰਾਂ ਦੇ ਪ੍ਰਗਟਾਵੇ ਦੀ ਖੁੱਲ੍ਹ ਦੀਆਂ ਉਲੰਘਣਾਵਾਂ ਉੱਤੇ ਨਜ਼ਰ ਹੀ ਨਹੀਂ ਰੱਖਦੀਆਂ, ਸਗੋਂ ਪ੍ਰਗਟਾਵੇ ਦੀ ਖੁੱਲ੍ਹ ਮਾਨਣ ਤੋਂ ਜਬਰੀ ਰੋਕੇ ਜਾਂਦੇ ਪੱਤਰਕਾਰਾਂ, ਲੇਖਕਾਂ ਅਤੇ ਹੋਰਨਾਂ ਨੂੰ ਇਸ ਪੱਖੋਂ ਬਚਾਉਂਦੀਆਂ ਵੀ ਹਨ।
'ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ'{'ਸੀ ਪੀ ਜੇ'} ਦਾ ਕਹਿਣ ਹੈ ਕਿ ਅਜੇ ਵੀ 259 ਪੱਤਰਕਾਰ ਜੇਲ੍ਹਾਂ ਅੰਦਰ ਡੱਕੇ ਹੋਏ ਹਨ। ਇਹ ਗਿਣਤੀ ਇਕ ਰਿਕਾਰਡ ਹੈ। ਦਰਜਨਾਂ ਹੀ ਪੱਤਰਕਾਰ, ਤੁਰਕੀ ਵਿਚ ਕੈਦ ਹਨ, ਪਰ 'ਸੀ ਪੀ ਜੇ' ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੀ ਕਿ ਉਨ੍ਹਾਂ ਪੱਤਰਕਾਰਾਂ ਨੂੰ ਜੇਲ੍ਹਾਂ ਵਿਚ ਡੱਕਣ ਦੀ ਸਿੱਧੀ ਵਜ੍ਹਾ ਉਨ੍ਹਾਂ ਦਾ ਕੰਮ ਹੈ। ਇਕ ਹੋਰ ਸੂਤਰ ਦਾ ਕਹਿਣ ਹੈ ਕਿ ਜੇਲ੍ਹਾਂ ਵਿਚ ਡੱਕੇ ਹੋਏ ਪੱਤਰਕਾਰਾਂ ਦੀ ਗਿਣਤੀ 140 ਹੈ। 
'ਸੀ ਪੀ ਜੇ' ਦੀ ਰਿਪੋਰਟ ਅਨੁਸਾਰ, "ਤੁਰਕੀ ਵਿਚ ਮੀਡੀਆ ਦਾ ਅਜ਼ਾਦੀ, 2016 ਤਕ ਦਬਾਅ ਹੇਠ ਸੀ ਤੇ ਉਦੋਂ ਤੋਂ ਹੀ ਅਧਿਕਾਰੀ, ਪੱਤਰਕਾਰਾਂ ਨੂੰ ਹਿਰਾਸਤ ਵਿਚ ਲੈਂਦੇ, ਉਨ੍ਹਾਂ ਨੂੰ ਦੁਖੀ ਕਰਦੇ, ਉਨ੍ਹਾਂ ਨੂੰ ਨੌਕਰੀਆਂ ਤੋਂ ਕਢਾਉਂਦੇ ਅਤੇ ਉਨ੍ਹਾਂ ਦੇ ਨਵੇਂ ਥਾਂ ਕੰਮ ਕਰਨ ਦੇ ਰਾਹ ਬੰਦ ਕਰਦੇ ਆ ਰਹੇ ਹਨ।" ਇਸ ਰਿਪੋਰਟ ਅਨੁਸਾਰ ਹੀ, ਤੁਰਕੀ ਦੀ ਸਰਕਾਰ ਨੇ 100 ਤੋਂ ਵੱਧ ਪੱਤਰਕਾਰਾਂ ਨੂੰ ਹਿਰਾਸਤ ਵਿਚ ਲਿਆ ਅਤੇ ਤਕਰੀਬਨ 100 ਅਖ਼ਬਾਰੀ ਅਦਾਰੇ ਬੰਦ ਕਰਾਏ ਹੋਏ ਹਨ।
ਤੁਰਕੀ ਤੋਂ ਇਲਾਵਾ, ਹੋਰ ਮੁਲਕਾਂ ਵਿਚ 259 ਪੱਤਰਕਾਰ ਕੈਦ ਸਨ, ਪਿਛਲੇ ਤੋਂ ਪਿਛਲੇ ਸਾਲ ਇਹ ਗਿਣਤੀ 199 ਸੀ। ਇਨ੍ਹਾਂ ਵਿਚ ਉਹ ਪੱਤਰਕਾਰ ਸ਼ਾਮਲ ਨਹੀਂ ਹਨ, ਜਿਹੜੇ ਲਾਪਤਾ ਹੋ ਚੁੱਕੇ ਹਨ ਜਾਂ ਜਿਹੜੇ ਗ਼ੈਰਸਰਕਾਰੀ ਗਰੁੱਪਾਂ ਦੇ ਕਬਜ਼ੇ ਵਿਚ ਸਨ। ਮਿਸਾਲ ਦੇ ਤੌਰ 'ਤੇ ਬਰਤਾਨੀਆ ਦਾ ਅਜ਼ਾਦ ਪੱਤਰਕਾਰ ਜੌਹਨ ਕੈਂਟਲੀ, 'ਇਸਲਾਮਿਕ ਸਟੇਟ' ਦੇ ਕਬਜ਼ੇ ਵਿਚ ਸੀ, ਪਰ ਉਸ ਨੂੰ 'ਲਾਪਤਾ' ਜਾਂ 'ਅਗਵਾ ਕੀਤਾ' ਹੋਇਆ ਕਰਾਰ ਦਿੱਤਾ ਗਿਆ ਸੀ। ਤੁਰਕੀ ਤੋਂ ਮਗਰੋਂ ਪੱਤਰਕਾਰਾਂ ਦੀ ਜਾਨ ਦਾ ਖਉ ਬਣਿਆ ਹੋਇਆ ਸੀ ਚੀਨ, ਜਿੱਥੇ ਪਹਿਲੀ ਦਸੰਬਰ ਨੂੰ 38 ਪੱਤਰਕਾਰ ਹਿਰਾਸਤ ਵਿਚ ਸਨ। ਚੀਨ ਵਿਚ ਬਹੁਤੇ ਪੱਤਰਕਾਰ, ਮਨੁੱਖੀ ਹੱਕਾਂ ਦੀ ਉਲੰਘਣਾ ਵਿਰੁੱਧ ਰੋਸ ਪ੍ਰਗਟ ਕਰਨ 'ਤੇ ਹੀ ਸੀਖਾਂ ਪਿੱਛੇ ਡੱਕੇ ਜਾ ਰਹੇ ਹਨ। ਮਿਸਰ, ਜਹਾਨ ਵਿਚੋਂ ਤੀਜੀ ਥਾਂ ਹੈ, ਜਿੱਥੇ 25 ਪੱਤਰਕਾਰ ਕੈਦ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਕੋਈ ਸੁਣਵਾਈ ਨਾ ਹੋਣ 'ਤੇ ਵੀ ਕਈ-ਕਈ ਸਾਲਾਂ ਤੋਂ ਕੈਦ ਹਨ। 
ਜੇ ਲੋਕਾਂ ਨੂੰ ਇਨਸਾਫ਼ ਦੁਆਉਣ ਵਾਲ਼ੇ ਹੀ ਮੁਜਰਮ ਕਰਾਰ ਦਿੱਤੇ ਜਾ ਰਹੇ ਹਨ ਤਾਂ ਅਸਲ ਵਿਚ ਜੁਰਮ ਕਰਨ ਵਾਲ਼ਆਂ ਨੂੰ ਤਾਂ ਸਨਮਾਨ ਹੀ ਮਿਲਦੇ ਹੋਣਗੇ। ਸਭ ਤੋਂ ਵੱਡਾ ਸਿਤਮ ਤਾਂ ਇਹ ਹੈ ਕਿ ਪੱਤਰਕਾਰਾਂ ਨੂੰ 'ਸਿੱਧੇ ਹੱਥੀਂ' ਲੈਣ ਦਾ ਇਹ ਰੁਝਾਨ ਕੌਮਾਂਤਰੀ ਪੱਧਰ 'ਤੇ ਜਾੜ ਕਰੀ ਜਾ ਰਿਹਾ ਹੈ। ਕੁੱਝ ਵਿਦੇਸ਼ੀ ਪੱਤਰਕਾਰਾਂ ਦੀਆਂ ਸੰਖੇਪ ਦਾਸਤਾਨਾਂ ਕੁੱਝ ਇਸ ਤਰ੍ਹਾਂ ਹਨ:
ਮਿਸਰ ਦਾ ਪੱਤਰਕਾਰ ਮਹਿਮੂਦ ਅਬੂ ਜ਼ੈਦ, ਜੋ 'ਸ਼ਾਅਕਨ' ਵਜੋਂ ਮਸ਼ਹੂਰ ਹੈ, ਇਕ ਫੋਟੋ ਜਰਨਲਿਸਟ ਹੈ। ਉਹ ਇਕ ਬਰਤਾਨਵੀ ਫੋਟੋ ਏਜੰਸੀ 'ਡੀਮੋਟਿਕਸ' ਲਈ ਕੰੰਮ ਕਰਦਾ ਸੀ ਕਿ ਉਸ ਨੂੰ 14 ਅਗੱਸਤ, 2013 ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਕਾਹਿਰਾ ਦੇ ਰੱਬਾ ਅਲ-ਅਦਾਵੀਆ ਚੌਕ ਵਿਚੋਂ ਜਦੋਂ ਉਸ ਨੂੰ ਫੜਿਆ ਗਿਆ, ਉਹ ਗੱਦੀ ਤੋਂ ਲਾਹੇ ਹੋਏ ਰਾਸ਼ਟਰਪਤੀ ਮੁਹੰਮਦ ਮੋਰਸੀ ਦੇ ਹਮਾਇਤੀਆਂ ਵੱਲੋਂ ਕੀਤੇ ਜਾ ਰਹੇ ਇਕ ਮੁਜ਼ਾਹਰੇ ਦੀਆਂ ਤਸਵੀਰਾਂ ਖਿੱਚ ਰਿਹਾ ਸੀ। ਉਸ ਨੂੰ ਮੁਜਰਮ ਕਰਾਰ ਦਿੱਤੇ ਬਗ਼ੈਰ ਹੀ ਜੇਲ੍ਹ ਵਿਚ ਡੱਕਿਆ ਹੋਇਆ ਹੈ। ਇਸ ਵੇਲ਼ੇ ਉਸ ਦੀ ਉਮਰ ੨੯ ਸਾਲਾਂ ਦੀ ਹੈ ਤੇ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੈ।
ਵੀਅਤਨਾਮ ਦੀ ਨਗੂਯੇਨ ਨਗੋਕ ਨੂ ਕਯੂਨਹ, ਜੋ 'ਮੇ ਨਾਮ' {ਮਦਰ ਮਸ਼ਰੂਮ} ਵਜੋਂ ਮਸ਼ਹੂਰ ਬਲਾਗ ਲੇਖਕਾ ਹੈ, ਨੂੰ 29 ਜੂਨ, 2017 ਤੋਂ ਦਸ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੋਈ ਹੈ। ਉਸ ਨੇ ਪੁਲਸ ਹਿਰਾਸਤ ਵਿਚ ਮਾਰੇ ਗਏ ਕੁੱਝ ਲੋਕਾਂ ਬਾਰੇ 'ਫੇਸਬੁੱਕ' ਉੱਤੇ ਇਕ ਟੋਟਾ ਲਿਖਿਆ ਸੀ, ਜਿਸ ਤੋਂ ਉਸ ਦੇ ਖ਼ਿਲ਼ਾਫ਼, ਸਰਕਾਰ ਦੀ ਭੰਡੀ ਕਰਨ ਦੇ ਦੋਸ਼ ਅਧੀਨ ਕੇਸ ਦਰਜ ਕਰ ਲਿਆ ਗਿਆ ਸੀ। ਉਦੋਂ ਤੋਂ ਹੀ 24 ਹੋਰ ਵੀਅਤਨਾਮੀ ਸ਼ਹਿਰੀ, ਪੱਤਰਕਾਰ ਅਤੇ ਬਲੌਗਰ ਇਸੇ ਤਰ੍ਹਾਂ ਦੇ ਦੋਸ਼ਾਂ ਅਧੀਨ ਕੈਦ ਹਨ।
ਦਸੰਬਰ, 2013 ਵਿਚ ਤਹਿਰਾਨ ਵਿਚੋਂ ਫੜ ਕੇ, ਇਰਾਨ ਦੇ ਫੋਟੋਗ੍ਰਾਫ਼ਰ ਸੋਹੇਲ ਅਰਬੀ ਨੂੰ ਦੋ ਮਹੀਨੇ ਇਕੱਲਿਆਂ ਡੱਕਿਆ ਗਿਆ ਤੇ ਫਿਰ ਉਸ ਨੂੰ ਭੰਨਿਆ-ਤੋੜਿਆ ਗਿਆ ਤਾਂ ਕਿ ਉਹ ਇਹ ਮੰਨ ਜਾਵੇ ਕਿ ਉਹ ਇਸਲਾਮ ਦੀ ਬੇਹੁਰਮਤੀ ਕਰਨ ਲਈ 'ਫੇਸਬੁੱਕ' ਉੱਤੇ ਨਾ ਸਿਰਫ਼ ਇਕ 'ਨੈੱਟਵਰਕ' ਬਣਾਉਣ ਵਾਲ਼ਿਆਂ ਵਿਚ ਸ਼ਾਮਲ ਸੀ। ਉਹ ਹਾਲ਼ੇ ਵੀ ਜੇਲ੍ਹ ਵਿਚ ਸੜ ਰਿਹਾ ਹੈ।
29 ਦਸੰਬਰ, 2016 ਨੂੰ ਫੜਿਆ ਗਿਆ, ਤੁਰਕੀ ਦਾ ਇਨਾਮਯਾਫ਼ਤਾ ਤਫ਼ਤੀਸ਼ੀ ਪੱਤਰਕਾਰ ਅਹਿਮਦ ਸੀਕ, ਦਹਿਸ਼ਤਗ਼ਰਦੀ ਦੇ ਦੋਸ਼ਾਂ ਅਧੀਨ 15 ਸਾਲ ਦੀ ਕੈਦ ਕੱਟ ਰਿਹਾ ਹੈ ਕਿਉਂ ਕਿ ਉਸ ਨੇ ਕਈ ਮਾਮਲਿਆਂ ਵਿਚ ਸਰਕਾਰ ਦੀ ਆਲੋਚਨਾ ਕੀਤੀ ਸੀ।

ਤੀਜਾ ਪੰਜਾਬ
**********
ਅਬਾਦੀ ਦੇ ਪੱਖ ਤੋਂ ਪੰਜਾਬ ਬਹੁਤ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਜਹਾਨ ਵਿਚ ਜਿੱਥੇ ਵੀ ਆਲੂ ਮਿਲੇਗਾ, ਉੱਥੇ ਪੰਜਾਬੀ ਵੀ ਜ਼ਰੂਰ ਮਿਲੇਗਾ। ਪਰ ਖਿੱਤੇ ਦੇ ਰੂਪ ਵਿਚ ਹਾਲੇ ਤਕ ਦੋ ਹੀ ਪੰਜਾਬ ਹਨ-'ਚੜ੍ਹਦਾ ਪੰਜਾਬ' ਅਤੇ 'ਲਹਿੰਦਾ ਪੰਜਾਬ'। ਧਰਤੀ ਦੇ ਨਕਸ਼ੇ ਉੱਤੇ ਹੁਣ ਇਕ ਤੀਜਾ ਪੰਜਾਬ ਵੀ ਲੱਭ ਪਿਆ ਹੈ। ਇਹ ਪੰਜਾਬ, ਜੋ ਆਸਟਰੇਲੀਆ ਦੇ ਨੇੜੇ ਹੈ, ਕੱਲ੍ਹ-ਪਰਸੋਂ ਹੀ ਨਹੀਂ ਵਸਿਆ। ਇਸ ਨੂੰ ਵਸੇ ਨੂੰ ਡੇਢ ਸੌ ਸਾਲ ਹੋ ਗਏ ਹਨ। ਇਹ ਤੀਜਾ ਪੰਜਾਬ, ਕੁਈਨਜ਼ਲੈਂਡ ਅਤੇ ਨਾਰਦਰਨ ਟੈਰੇਟਰੀ ਦੀ ਸਰਹੱਦ ਉੱਤੇ ਵਸਿਆ ਹੋਇਆ ਹੈ। ਧਰਤੀ ਦੇ ਇਸ ਟੋਟੇ ਨੂੰ ੧੮੮੦ ਵਿਚ 'ਪੰਜਾਬ' ਕਿਹਾ ਗਿਆ ਸੀ। ਅੰਗਰੇਜ਼ੀ ਵਿਚ ਇਸ ਦੇ ਨਾਂ ਦੇ ਸ਼ਬਦ-ਜੋੜ ਕੁੱਝ ਇਸ ਤਰ੍ਹਾਂ ਲਿਖੇ ਹੋਏ ਹਨ ਕਿ ਇਸ ਨਾਂ ਦਾ ਉਚਾਰਣ 'ਪੰਜੌਬ' ਵਰਗਾ ਹੋ ਸਕਦਾ ਹੈ, ਪਰ ਅਸਲ ਵਿਚ ਇਹ 'ਪੰਜਾਬ' ਹੀ ਹੈ। ਇਸ ਪੰਜਾਬ ਦੀ ਬੁੱਕਲ ਵਿਚ ਵੀ ਪੰਜ ਦਰਿਆ ਵਗਦੇ ਹਨ, ਜਿਨ੍ਹਾਂ ਦੇ ਨਾਂ 'ਲੋਗਨ', 'ਅਲਬਰਟ', 'ਪਿੰਪਾਨੀਆ', 'ਕੂਮੇਰਾ' ਅਤੇ 'ਨੇਰੰਗ' ਹਨ। ਇਹ ਜਾਣਕਾਰੀ, 'ਸਿੱਖ ਹੈਰੀਟੇਜ ਐਸੋਸੀਏਸ਼ਨ' ਦੇ ਨੁਮਾਇੰਦੇ ਤਰੁਣਪ੍ਰੀਤ ਸਿੰਘ ਨੇ ਦਿੰਦਿਆਂ ਕਿਹਾ, "ਇਸ ਪੰਜਾਬ ਨੂੰ ਦੇਖਣ ਜਾਣ ਲਈ ਤੁਹਾਨੂੰ ਨਾ ਕਿਸੇ ਸਮੁੰਦਰੀ ਜਹਾਜ਼ 'ਤੇ ਚੜ੍ਹਨ ਦੀ ਲੋੜ ਹੈ, ਨਾ ਹੀ ਆਪਣਾ ਪਾਸਪੋਰਟ ਨਾਲ਼ ਲਿਜਾਣ ਦੀ ਲੋੜ ਹੈ। ਸ਼ਾਇਦ ਇਹ ਸਾਡੇ ਲੋਕਾਂ ਲਈ ਨਵੇਂ ਸਾਲ ਦਾ ਤੁਹਫ਼ਾ ਹੀ ਹੈ।"
ਇਸ ਪੰਜਾਬ ਦਾ ਰਕਬਾ ੪੪੬ ਵਰਗ ਮੀਲ ਹੈ। ਕਿਸੇ ਵੇਲ਼ੇ ਇੱਥੇ ਪਸ਼ੂ ਪਾਲ਼ੇ ਜਾਂਦੇ ਸਨ। ਇਸ ਵਿਚ ਹਵੇਲੀ ਵਰਗਾ ਇਕ ਮਕਾਨ ਵੀ ਹੈ। ਇਸ ਖਿੱਤੇ ਦੀ ਜ਼ਮੀਨ ਬਹੁਤ ਉਪਜਾਊ ਹੈ ਤੇ ਇਸ ਵਿਚ ਸੰਗਤਰਿਆਂ, ਨਿੰਬੂਆਂ, ਅੰਬਾਂ, ਬੇਰਾਂ, ਕੇਲਿਆਂ ਤੇ ਹੋਰ ਫਲਾਂ ਦੇ ਬਾਗ਼ ਹਨ। ਹੁਣ ਇਹ ਦੇਖਿਆ ਜਾ ਰਿਹਾ ਹੈ ਕਿ ਇਸ ਪੰਜਾਬ ਦਾ ਸਬੰਧ ਪਹਿਲੇ ਦੋ ਪੰਜਾਬਾਂ ਨਾਲ਼ ਵੀ ਹੈ ਕਿ ਨਹੀਂ।#