-ਕਲਮਕਾਰੀ ਦੇ ਬਹਾਨੇ-
ਗੋਰੇ-ਗੋਰੇ ਝੂਠ ਬੋਲ ਕੇ ਹੁਣ ਬੈਠ ਗੋਰੀ ਪਛਤਾਵੇ
>>>>>>>>>>><<<<<<<<<<<<
ਕੁੱਝ ਵੀ ਲਿਖਣ ਤੋਂ ਪਹਿਲਾਂ, ਪਤਾ ਨਹੀਂ ਕਿਉਂ ਚਿੱਤ ਕਰਦੈ ਹੈ ਪਈ ਇਕ ਸ਼ਿਅਰ ਅਰਜ਼ ਕੀਤਾ ਜਾਵੇ। ਸ਼ਿਅਰ ਹੈ ਜੀ:
ਧਰਤੀ ਜਾਪੇ ਭੀੜੀ-ਭੀੜੀ,
ਅੰਬਰ ਜਾਪੇ ਨੀਵਾਂ-ਨੀਵਾਂ,
ਸਮਝ ਲਓ ਫ਼ਿਰ ਆ ਚੱਲਿਆ ਏ
ਥੋਡੇ ਉੱਤੇ ਸ਼ਬਾਬ ਬਾਬਿਓ।
ਸਭ-ਕੁੱਝ ਰੋਕ ਕੇ ਇਹ ਸ਼ਿਅਰ ਚਲਾਉਣ ਦੀ ਵਜ੍ਹਾ ਵੀ ਬਿਆਨਣੀ ਹੀ ਪਊ। ਮਸਾਂ 29 ਸਾਲਾਂ ਦੀ ਇਕ ਗੋਰੀ-ਗੋਰੀ ਕੁੜੀ, ਅਮਰੀਕਾ ਦੇ ਹਾਕਮ ਡੋਨਲਡ ਟਰੰਪ ਦੇ 'ਗੋਰੇ ਮਹੱਲ' ਯਾਨੀ 'ਸਫੈਦ ਘਰ' ਯਾਨੀ 'ਵਾਈਟ ਹਾਊਸ' ਵਿਚ ਹਨ੍ਹੇਰੀ ਆਂਗੂੰ ਆ ਵੜੇ ਤੇ ਆਉਂਦੀ ਹੀ ਚਾਰੇ ਖੂੰਜੇ ਮੱਲ ਲਵੇ ਤਾਂ ਉਸ ਨੂੰ ਤਾਂ ਵਾਈਟ ਹਾਊਸ ਵੀ ਭੀੜਾ-ਭੀੜਾ ਯਾਨੀ 'ਵਾਈਟ ਕੋਠੜੀ' ਜਿਹਾ ਹੀ ਲੱਗਦਾ ਹੋਣੈ। ਲੱਗਦਾ ਵੀ ਕਿਉਂ ਨਾ, ਉਹ ਤਾਂ ਆਈ ਹੀ ਸਿੱਧੀ 'ਟਰੰਪਵਰਲਡ' ਯਾਨੀ ਟਰੰਪ ਦੇ ਘੜੇ ਵਿਚੋਂ ਸੀ।ਉਹ ਤਾਂ ਸੀ ਹੀ ਟਰੰਪ ਦੇ ਘੜੇ ਦੀ ਮੱਛੀ! ਇਸ ਤੋਂ ਪਹਿਲਾਂ ਕਿ ਗੱਲ ਦਾ ਬਹੁਤਾ ਹੀ ਖਿਲਾਰਾ ਜਿਹਾ ਪਿਆ ਲੱਗੇ, ਖ਼ੁਲਾਸਾ ਕਰ ਦਿੰਨੇ ਹਾਂ ਪਈ ਇਸ ਬੀਬੀ ਦਾ ਨਾਂ 'ਹੋਪ ਹਿੱਕਸ' ਹੈ, ਜੋ ਪਿੱਛੇ ਜਿਹੇ ਹੀ ਵਾਈਟ ਹਾਊਸ ਦੇ ਕਮਿਊਨੀਕੇਸ਼ਨ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਗਈ ਹੈ। ਏਦਾਂ ਦੀਆਂ ਵੀਹ ਸਿਆਸੀ ਔਂਸਰ ਝੋਟੀਆਂ ਹਰ ਰੋਜ਼ ਵਾਈਟ ਹਾਊਸ ਵਿਚ ਵੜਦੀਆਂ ਨੇ ਤੇ ਵੀਹ ਹਰ ਰੋਜ਼ ਨਿੱਕਲਦੀਆਂ ਨੇ ਤਾਂ ਇਸ ਦੀ ਕੁੜਤੀ ਨੂੰ ਕਿਹੜੇ, ਸੋਨੇ ਦੇ ਬੀੜੇ ਲੱਗੇ ਹੋਏ ਸਨ ਪਈ ਉਸ ਲਈ ਇਹ ਲੇਖ ਲਿਖਣਾ ਪੈ ਗਿਆ!
ਇਸ ਦੇ ਜੁਆਬ ਵਿਚ ਵੀ "ਕਈ ਏਦਾਂ ਦੀਆਂ ਹੀ ਹੁੰਦੀਆਂ ਨੇ" ਕਹਿ ਕੇ ਵੀ ਸਾਰਿਆ ਜਾ ਸਕਦਾ ਸੀ, ਪਰ ਏਦਾਂ ਸਰਨਾ ਨਹੀਂ। ਕਹਿੰਦੇ ਹਨ ਪਈ ਇਹ ਬੀਬੀ, ਵਾਈਟ ਹਾਊਸ ਵਿਚ ਮਗਰੋਂ ਵੜੀ ਸੀ, ਪਰ ਸ਼ਾਇਰ ਖ਼ਾਤਿਰ ਗ਼ਜ਼ਨਵੀ ਦੇ ਕਹਿਣ ਮੁਤਾਬਕ, "ਮੁਝ ਸੇ ਪਹਿਲੇ ਉਸ ਗਲੀ ਮੇਂ ਮੇਰੇ ਅਫ਼ਸਾਨੇ ਗਏ!" ਗਲੀ ਵੀ ਉਹ, ਜਿਸ ਦੇ ਉੱਤੇ ਵਾਈਟ ਹਾਊਸ ਪੈਂਦਾ ਹੈ। ਇਸ ਬੀਬੀ ਨੂੰ ਵਾਈਟ ਹਾਊਸ ਵਿਚ ਹੀ ਇਸ ਦੇ ਦੋ ਆਸ਼ਕ (ਕਾਗ਼ਜ਼ਾਂ ਵਿਚ ਦੋ ਹੀ ਸਨ, ਬਾਕੀਆਂ ਦੀ ਗਿਣਤੀ ਬਾਰੇ ਹਕੀਕੀ ਤੌਰ 'ਤੇ ਕੁੱਝ ਕਹਿਣਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਵੀ ਹੈ) ਵੀ ਟੱਕਰ ਗਏ। ਹੁਣ ਲੋਕ ਪੁੱਛਦੇ ਹਨ ਕਿ ਹੋਪ ਹਿੱਕਸ, ਵਾਈਟ ਹਾਊਸ ਵਿਚ ਵੜਨ ਤੋਂ ਪਹਿਲਾਂ ਹੀ ਆਸ਼ਕਾਨਾ ਤਿਕੋਣ ਵਿਚ ਫਸੀ ਹੋਈ ਸੀ ਜਾਂ ਉਸ ਨੇ ਇਹ ਯੱਭ, ਵਾਈਟ ਹਾਊਸ ਦੇ ਅੰਦਰੋਂ ਸਹੇੜਿਆ ਸੀ।
'ਨਿਊ ਯਾਰਕ' ਪਰਚੇ ਵਿਚ ਛਪੀ, ਔਲਵੀਆ ਨੂਜ਼ੀ ਦੀ ਇਕ ਰਿਪੋਰਟ ਅਨੁਸਾਰ, ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਬਕਾ ਮੁਹਿੰਮ ਮੈਨੇਜਰ ਕੋਰੀ ਲੇਵਾਂਡੋਵਸਕੀ, ਜੋ ਚੋਣ ਮੁਹਿੰਮ ਦੇ ਦਿਨਾਂ ਤੋਂ ਹੀ ਹੋਪ ਹਿੱਕਸ ਉੱਤੇ ਮਰਿਆ ਪਿਆ ਸੀ, ਨੇ ਸਾਬਕਾ ਸਟਾਫ਼ ਸੈਕ੍ਰੇਟਰੀ ਰੌਬ ਪੋਰਟਰ ਉੱਤੇ ਲੱਗੇ ਹੋਏ, ਘਰੇਲੂ ਹਿੰਸਾ ਦੇ ਦੋਸ਼ ਜੱਗ-ਜ਼ਾਹਰ ਕਰ ਦਿੱਤੇ ਸਨ ਕਿਉਂ ਕਿ 'ਡੇਲੀ ਮੇਲ' ਨੇ ਆਪਣੀ ਇਕ ਰਿਪੋਰਟ ਵਿਚ ਇਹ ਖ਼ੁਲਾਸਾ ਕਰ ਦਿੱਤਾ ਸੀ ਕਿ ਰੌਬ ਪੋਰਟਰ ਅਤੇ ਹੋਪ ਹਿੱਕਸ, ਵਾਈਟ ਹਾਊਸ ਵਿਚ ਕੰਮ ਕਰਨ ਦੌਰਾਨ ਪਿਆਰ-ਪੀਂਘਾਂ ਚੜ੍ਹਾ ਰਹੇ ਹਨ।
ਪੋਰਟਰ ਦੀਆਂ ਦੋ ਸਾਬਕਾ ਘਰ ਆਲ਼ੀਆਂ ਉਸ ਉੱਤੇ ਇਹ ਦੋਸ਼ ਲਾਉਂਦੀਆਂ ਰਹੀਆਂ ਹਨ ਕਿ ਉਹ, ਉਨ੍ਹਾਂ ਨੂੰ ਜਿਨਸੀ ਤਸੀਹੇ ਦਿੰਦਾ ਰਿਹਾ ਹੈ, ਜਿਸ ਕਰ ਕੇ ਉਸ ਨੂੰ ਨੌਕਰੀ ਤੋਂ ਹਟਾਉਣਾ ਚਾਹੀਦਾ ਹੈ। ਪੋਰਟਰ ਦੀ ਦੂਜੀ ਘਰ ਆਲ਼ੀ ਜੈਨੀਫਰ ਵਿੱਲਾਊਬੀ ਨੇ 'ਨਿਊ ਯਾਰਕ' ਮੈਗਜ਼ੀਨ ਨੂੰ ਦੱਸਿਆ ਸੀ ਕਿ ਪੋਰਟਰ ਉਸ ਨੂੰ ਘੜੀ-ਮੁੜੀ ਇਹੋ ਕਹਿੰਦਾ ਹੈ ਕਿ ਉਹ ਆਪਣੇ ਬਲਾਗ ਉੱਤੋਂ ਉਹ ਟਿੱਪਣੀ ਮਿਟਾ ਦੇਵੇ, ਜਿਸ ਵਿਚ ਉਸ ਨੇ ਪੋਰਟਰ ਵੱਲੋਂ ਕਥਿਤ ਰੂਪ ਵਿਚ ਦਿੱਤੇ ਹੋਏ ਜਿਸਮਾਨੀ ਤਸੀਹਿਆਂ ਦੇ ਵੇਰਵੇ ਦਿੱਤੇ ਹੋਏ ਹਨ।
ਕੋਰੀ ਲੇਵਾਂਡੋਵਸਕੀ ਨਾਲ਼ ਕੰਮ ਕਰਦੇ ਰਹੇ ਇਕ ਵਿਅਕਤੀ ਨੇ ਵੀ 'ਨਿਊ ਯਾਰਕ' ਪਰਚੇ ਨੂੰ ਇਕ ਗੁਪਤ ਬਿਆਨ ਦੇ ਕੇ ਦੱਸਿਆ ਹੋਇਆ ਹੈ ਕਿ ਲੇਵਾਂਡੋਵਸਕੀ ਦੇ ਕੰਨੀਂ ਇਹ ਭਿਣਕ ਪੈ ਚੁੱਕੀ ਸੀ ਕਿ ਹੋਪ ਹਿੱਕਸ, ਪੋਰਟਰ ਨਾਲ਼ 'ਫਸੀ ਹੋਈ' ਹੈ। ਉਦੋਂ ਪੋਰਟਰ 40 ਸਾਲਾਂ ਦਾ ਸੀ ਜਦੋਂ ਕਿ ਹਿੱਕਸ ਮਸਾਂ 29 ਸਾਲਾਂ ਦੀ ਸੀ। ਇਸ ਤਰ੍ਹਾਂ, ਉਨ੍ਹਾਂ ਦਾ ਆਪਸੀ ਤੋੜ-ਵਿਛੋੜਾ ਹੋ ਗਿਆ। ਇਸ ਦੌਰਾਨ ਇਹ ਵੀ ਪਤਾ ਲੱਗਿਆ ਕਿ ਪਿਛਲੇ ਮਹੀਨੇ, ਵਾਈਟ ਹਾਊਸ ਦੀ 'ਕਮਿਊਨੀਕੇਸ਼ਨਜ਼ ਡਾਇਰੈਕਟਰ' ਵਜੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਚੁੱਕੀ ਹਿੱਕਸ, ਵਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਜੌਹਨ ਕੇਲੀ ਦੇ ਕਥਿਤ ਅਪਮਾਨਜਨਕ ਵਤੀਰੇ ਤੋਂ ਵੀ ਦੁਖੀ ਸੀ।
ਵਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ 'ਨਿਊ ਯਾਰਕ' ਮੈਗਜ਼ੀਨ ਨੂੰ ਦੱਸਿਆ ਕਿ ਕੇਲੀ ਨੂੰ ਹੋਪ ਹਿੱਕਸ ਦਾ ਵਾਈਟ ਹਾਊਸ ਅੰਦਰ 'ਲੁਸ਼-ਲੁਸ਼' ਕਰ ਕੇ ਤੁਰਨਾ-ਫਿਰਨਾ ਉੱਕਾ ਹੀ ਨਹੀਂ ਭਾਉਂਦਾ ਸੀ। ਇਸ ਅਧਿਕਾਰੀ ਦੇ ਕਹਿਣ ਅਨੁਸਾਰ, "ਕੇਲੀ ਉਸ ਨੂੰ 'ਹਾਈ ਸਕੂਲ ਤੋਂ ਸਿੱਧੀ ਭਰਤੀ' ਕਹਿੰਦਾ ਹੁੰਦਾ ਸੀ। ਉਹ ਤਾਂ ਇਹ ਵੀ ਕਹਿ ਦਿੰਦਾ ਹੁੰਦਾ ਸੀ ਕਿ ਉਸ ਦਾ ਤਜਰਬਾ ਉਸ ਦੇ ਸਿਰ ਦੀ ਥਾਂ, ਗਲ਼ ਦੇ ਹੇਠਾਂ ਹੀ ਹੈ।" ਅੰਦਰਲੀਆਂ ਜਾਨਣ ਵਾਲ਼ੇ ਇਸ ਅਧਿਕਾਰੀ ਨੇ ਇਹ ਵੀ ਕਿਹਾ ਸੀ, "ਉਹ (ਕੇਲੀ) ਇਹੋ ਜਿਹੀ ਕਿਸੇ ਵੀ ਤੀਵੀਂ ਨੂੰ ਪਸੰਦ ਨਹੀਂ ਕਰਦਾ ਸੀ, ਜਿਸ ਦਾ ਰੁਤਬਾ ਕਿਸੇ ਪੱਖੋਂ ਉਸ ਉੱਤੇ ਭਾਰੂ ਹੁੰਦਾ ਹੋਵੇ। ਉਹ ਚਾਹੁੰਦਾ ਸੀ ਕਿ ਤੀਵੀਂ, ਨੀਵੀਂ ਹੀ ਰੱਖੀ ਜਾਵੇ। ਇਸੇ ਹੀ ਵਜ੍ਹਾ ਨਾਲ਼ ਉਸ ਦੀ, ਇਵਾਂਕਾ ਨਾਲ਼ ਵੀ ਨਹੀਂ ਬਣਦੀ ਸੀ।"
ਸੀ. ਐੱਨ. ਐੱਨ. ਨੇ ਕਦੇ ਇਕ ਰਿਪੋਰਟ ਵਿਚ ਕਿਹਾ ਸੀ ਕਿ ਟਰੰਪ ਨੇ, ਹਿੱਕਸ ਵੱਲੋਂ, ੨੦੧੬ ਦੀਆਂ ਚੋਣਾਂ ਵਿਚ ਰੂਸ ਦੇ ਦਖ਼ਲ ਦੀ ਜਾਂਚ ਦੇ ਮਾਮਲੇ ਵਿਚ 'ਕੌਂਗਰੈਸ਼ਨਲ ਇਨਵੈਸਟੀਗੇਟਿਵ ਕਮੇਟੀ' ਦੀ ਤਫ਼ਤੀਸ਼ ਵਿਚ ਦਿੱਤੇ ਹੋਏ ਬਿਆਨ ਦੇ ਸਬੰਧ ਵਿਚ ਉਸ ਨੂੰ 'ਝਿੜਕਿਆ' ਸੀ। ਇਕ ਹੋਰ ਸੂਤਰ ਨੇ 'ਪੀਪਲ' ਨਾਂ ਦੇ ਪਰਚੇ ਨੂੰ ਦੱਸਿਆ ਸੀ ਕਿ ਉਦੋਂ ਹੀ ਹਿੱਕਸ ਨੇ ਮਹਿਸੂਸ ਕਰ ਲਿਆ ਸੀ ਕਿ ਅਸਤੀਫ਼ਾ ਦੇਣ ਦਾ ਵੇਲ਼ਾ ਆ ਗਿਆ ਹੈ।
ਜਾਣਕਾਰ ਤਾਂ ਇਹ ਵੀ ਦੱਸਦੇ ਹਨ ਕਿ ਹੋਪ ਹਿੱਕਸ ਨੇ ਆਪਣੇ ਆਸ਼ਕਾਂ ਨਾਲ਼ ਵਾਈਟ ਹਾਊਸ ਵਿਚ ਖੁੱਲ੍ਹ ਕੇ ਗ਼ਦਰ ਮਚਾਇਆ ਹੋਇਆ ਸੀ ਤੇ ਬਾਕੀ ਅਧਿਕਾਰੀ ਇਹ ਸੋਚਦੇ ਰਹਿੰਦੇ ਸਨ ਕਿ 'ਰਾਸ਼ਟਰਪਤੀ ਸਾਹਿਬ' ਇਸ ਬਾਰੇ ਕੀ ਸੋਚਦੇ ਹੋਣਗੇ। ਉਹ, ਰਾਸ਼ਟਰਪਤੀ ਟਰੰਪ ਨੂੰ ਵੀ ਕਈ ਵਾਰੀ ਹਿੱਕਸ ਦੇ ਕਮਰੇ ਦੇ ਬੂਹੇ ਦੇ ਅੱਗੇ ਦੱਬਵੀਂ ਸੁਰ ਵਿਚ, "ਹੋਪ!", "ਹੋਪੀ!!" "ਹੋਪਸਟਰ ਬੂਹਾ ਤਾਂ ਖੋਲ੍ਹ!!!" ਜਿਹੀਆਂ ਅਵਾਜ਼ਾਂ ਮਾਰਦੇ ਦੇਖ/ ਸੁਣ ਚੁੱਕੇ ਸਨ।
ਕਈ ਮੁਲਾਜ਼ਮ ਤਾਂ ਹਿੱਕਸ ਨੂੰ ਟਰੰਪ ਦਾ 'ਰਿਮਾਈਂਡਰ' ਵੀ ਕਿਹਾ ਕਰਦੇ ਸਨ। ਟਰੰਪ ਬੋਲਦਾ-ਬੋਲਦਾ ਅਚਾਨਕ ਹੀ ਕਹਿ ਦਿੰਦਾ, "ਹੋਪੀ, ਉਹ ਭਲਾ ਕੀ ਸੀ?" ਟਰੰਪ ਨੂੰ ਵਾਈਟ ਹਾਊਸ ਵਿਚ ਹੋਪ ਹਿੱਕਸ ਦੀ ਯਾਦਾਸ਼ਤ ਉੱਤੇ ਹੀ ਇਤਬਾਰ ਸੀ। ਇਹ ਵੀ ਸੁਣਨ ਵਿਚ ਆਇਆ ਹੈ ਕਿ ਰਾਸ਼ਟਰਪਤੀ ਟਰੰਪ ਦੀ ਮਨਜ਼ੂਰਿ-ਨਜ਼ਰ ਹੋਣ ਦੀ ਵਜ੍ਹਾ ਨਾਲ਼ ਹੋਪ ਹਿੱਕਸ ਕਈ ਵਾਰ ਇਹੋ ਜਿਹਾ ਬਕਵਾਸ ਕਰ ਦਿੰਦੀ ਸੀ ਕਿ ਬਾਅਦ ਵਿਚ ਉਹ ਆਪਣੀ ਸਫ਼ਾਈ ਵਿਚ ਇਹ ਕਹਿੰਦੀ, "ਮੈਂ ਕੀ ਕਰਾਂ, ਕਿਸੇ ਨੂੰ ਮੇਰੀ ਗੱਲ ਸਮਝ ਕਿਉਂ ਨਹੀਂ ਆਉਂਦੀ?" ਚੋਣ ਵਿਚ ਰੂਸ ਦੇ ਦਖ਼ਲ ਦੇ ਮਾਮਲੇ ਦੀ ਤਫ਼ਤੀਸ਼ ਕਰ ਰਹੀ ਕਮੇਟੀ ਸਾਹਮਣੇ ਵੀ ਹਿੱਕਸ ਨੇ 'ਗੋਰਾ' ਯਾਨੀ 'ਚਿੱਟਾ ਬਕਵਾਸ' ਹੀ ਕੀਤਾ ਸੀ, ਜਿਸ ਦਾ ਸਪੱਸ਼ਟੀਕਰਨ ਦੇਣ ਲੱਗਿਆਂ ਉਸ ਨੇ ਕਿਹਾ ਕਿ ਉਸ ਨੂੰ ਆਪਣੇ ਬੌਸ ਖ਼ਾਤਰ ਕਈ ਵਾਰੀ 'ਗੋਰੇ' ਯਾਨੀ 'ਚਿੱਟੇ ਝੂਠ' ਬੋਲਣੇ ਪੈਂਦੇ ਰਹੇ ਹਨ। ਓਦਾਂ, ਇਹ ਵੀ ਸਭ ਤੋਂ ਵੱਡਾ 'ਗੋਰਾ ਝੂਠ' ਸੀ। ਫ਼ਰਕ ਇੰਨਾ ਸੀ ਕਿ ਉਸ ਦੇ ਝੂਠ ਬੋਲਣ ਦੇ ਅੰਦਾਜ਼ ਵਿਚ ਵਿਸ਼ਵਾਸ ਦੀ ਮਾਤਰਾ ਲੋੜ ਤੋਂ ਕਿਤੇ ਵੱਧ ਹੁੰਦੀ ਸੀ। ਉਸ ਦੀਆਂ ਇਹ ਗੱਲਾਂ ਵਾਈਟ ਹਾਊਸ ਦੇ ਬਹੁਤ ਸਾਰੇ ਅਧਿਕਾਰੀ ਸਹੀ ਮੰਨਦੇ ਹੁੰਦੇ ਹਨ।
ਫ਼ਿਲਮ ਅਦਾਕਾਰਾ ਜਿਹੀ ਲੱਗਦੀ ਹੋਪ ਹਿੱਕਸ ਬਚਪਨ ਵਿਚ ਹੀ ਬੱਚਿਆਂ ਦੀਆਂ ਕਿਤਾਬਾਂ ਅਤੇ ਕੱਪੜਿਆਂ ਦੀ ਮਾਡਲਿੰਗ ਕਰਦੀ ਹੁੰਦੀ ਸੀ। ਅੰਗਰੇਜ਼ੀ ਵਿਚ ਬੀ. ਏ. ਪਾਸ ਕਰਨ ਮਗਰੋਂ ਉਹ ਆਪਣੇ ਪਰਿਵਾਰ ਦੇ ਕਾਰੋਬਾਰ ਵਿਚ ਇਸ਼ਤਿਹਾਰਬਾਜ਼ ਮੈਥਿਊ ਹਿਲਟਜ਼ਿਕ ਦੀ ਸਹਾਇਕਾ ਵਜੋਂ ਕੰਮ ਕਰਨ ਲੱਗ ਪਈ। ਫਿਰ ਉਸ ਨੇ ਫ਼ਿਲਮਾਂ ਵਿਚ ਅਦਾਕਾਰ ਬਣਨ ਦੇ ਹੀਲੇ ਕੀਤੇ। ਹਿਲਟਜ਼ਿਕ ਤੋਂ ਹਾਸਲ ਕੀਤੇ ਤਜਰਬੇ ਦੇ ਆਧਾਰ 'ਤੇ ਉਸ ਨੇ 'ਟਰੰਪ ਆਰਗੇਨਾਈਜ਼ੇਸ਼ਨ' ਵਿਚ ਕੰਮ ਹੀ ਨਹੀਂ ਲੱਭ ਲਿਆ, ਸਗੋਂ ਇਵਾਂਕਾ ਟਰੰਪ ਦੀ ਨੇੜਤਾ ਵੀ ਕਮਾ ਲਈ।
ਸੁਆਲ ਤਾਂ ਇਹ ਹੈ ਕਿ 27 ਸਾਲਾਂ ਦੀ ਉਮਰ ਦੀ ਲੈਰੀ ਜਿਹੀ ਮੁਟਿਆਰ ਹੋਪ ਹਿੱਕਸ ਦੀ ਝੋਲ਼ੀ ਵਿਚ ਡੋਨਾਲਡ ਟਰੰਪ ਦੀ ਪ੍ਰੈੱਸ ਸਕੱਤਰੀ ਕਿੱਦਾਂ ਆ ਡਿੱਗੀ, ਉਹ ਵੀ ਇਸ ਕਿਸਮ ਦਾ ਕੋਈ ਖ਼ਾਸ ਤਜਰਬਾ ਰੱਖਣ ਬਗ਼ੈਰ ਹੀ। ਹੈਰਾਨੀ ਤਾਂ ਇਸ ਗੱਲ ਦੀ ਵੀ ਰਹੀ ਕਿ ਉਹ ਵਾਈਟ ਹਾਉਸ ਵਿਚ ਇੰਨਾ ਚਿਰ ਕੱਢ ਕਿੱਦਾਂ ਗਈ। ਕਹਿੰਦੇ ਨੇ ਕਿ ਟਰੰਪ ਵੀ ਬੋਹੜ ਵਾਂਗ, ਆਪਣੇ ਹੇਠ ਕਿਸੇ ਨੂੰ ਉੱਗਣ-ਮੌਲਣ ਨਹੀਂ ਦਿੰਦਾ।
ਵਾਈਟ ਹਾਊਸ ਵਿਚੋਂ ਕੱਢੀ ਜਾਣ ਤੋਂ ਕੁੱਝ ਹਫ਼ਤੇ ਪਹਿਲਾਂ ਹਿੱਕਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਬਹੁਤਾ ਹੀ ਖਿੱਚਿਆ ਹੋਇਆ ਸੀ। ਉਨ੍ਹੀਂ ਹੀ ਦਿਨੀਂ, ਉਸ ਨਾਲ਼ ਵਾਈਟ ਹਾਊਸ ਵਿਚ ਮੁਲਾਕਾਤ ਕਰਨ ਵਾਲ਼ੇ ਇਕ ਪੱਤਰਕਾਰ ਨੇ ਬਹੁਤ ਅਹਿਮ ਇੰਕਸ਼ਾਫ਼ ਕੀਤੇ ਹਨ। ਉਹ ਪੱਤਰਕਾਰ ਲਿਖਦਾ ਹੈ, "ਉਹ (ਹਿੱਕਸ) ਮੈਨੂੰ ਡੋਨਲਡ ਟਰੰਪ ਦੇ 'ਐਂਟੇਚੈਂਬਰ' ਤੋਂ 'ਟਰੰਪ ਟਾਵਰ' ਦੀ 26ਵੀਂ ਫਲੋਰ ਉੱਤੇ ਲੈ ਕੇ ਗਈ ਤੇ ਇੰਨਾ ਚਿਰ ਉਡੀਕ ਕਰਾਉਣ ਲਈ ਘੜੀ-ਘੜੀ ਮੇਰੇ ਕੋਲੋਂ ਮੁਆਫ਼ੀ ਮੰਗੀ ਜਾਵੇ। ਉਹ ਰਤਾ ਕੁ ਘਬਰਾਈ ਹੋਈ ਵੀ ਸੀ ਕਿ ਕਿਉਂ ਕਿ ਉਸ ਦਿਨ ਵਾਈਟ ਹਾਊਸ ਵਿਚ ਹਾਜ਼ਰ ਸਾਰੇ ਅਧਿਕਾਰੀਆਂ ਨੂੰ ਛੱਡ ਕੇ, ਉਸ ਨਾਲ਼, ਉਸ ਬਾਰੇ ਹੀ ਗੱਲ-ਬਾਤ ਕੀਤੀ ਜਾਣੀ ਸੀ। ਮੈਂ ਦੇਖ ਰਿਹਾ ਸਾਂ ਕਿ ਹਿੱਕਸ ਨੂੰ ਲੋਕਾਂ ਨਾਲ਼ ਬਗਲਗੀਰ ਹੋਣ ਦੀ ਤੇ ਉਨ੍ਹਾਂ ਨੂੰ ਖ਼ੁਸ਼ ਰੱਖਣ ਦੀ ਆਦਤ ਹੈ। ਹਿੱਕਸ ਨਹੀਂ ਚਾਹੁੰਦੀ ਸੀ ਕਿ ਮੈਂ ਉਸ ਬਾਰੇ ਗੱਲਾਂ, ਉਸ ਨਾਲ਼ ਹੀ ਕਰਾਂ। ਮੈਂ ਇਸ ਕੰਮ ਲਈ, ਟਰੰਪ ਦੀ ਹਾਜ਼ਰੀ ਦਾ ਫ਼ਾਇਦਾ ਉਠਾਉਣਾ ਚਾਹਿਆ। ਮੈਂ ਜਿੰਨੀ ਵਾਰੀ ਵੀ ਟਰੰਪ ਦਾ ਧਿਆਨ ਹਿੱਕਸ ਵੱਲ ਦੁਆਉਣ ਦਾ ਹੀਲਾ ਕੀਤਾ, ਆਪਣੇ ਬਾਰੇ ਹੀ ਗੱਲਾਂ ਕਰਨ ਵਾਲ਼ੇ ਟਰੰਪ ਨੇ ਹਿੱਕਸ ਵੱਲ ਦੇਖ ਕੇ ਮੁਸਕਰਾਉਂਦਿਆਂ ਇਹੋ ਹੀ ਕਿਹਾ, "ਹੋਪ? ਹੋਪਸ, ਹੋਪਸਟਰ ਤਾਂ ਕਮਾਲ ਐ!"
ਹਿੱਕਸ ਦੇ ਕੰਮ ਦੇ ਸਬੰਧ ਵਿਚ ਇਹ ਪੱਤਰਕਾਰ ਦੱਸਦਾ ਹੈ ਕਿ ਉਸ ਦਾ ਮੁੱਖ ਕੰਮ ਮੀਡੀਆ ਨੂੰ ਟਰੰਪ ਤੋਂ ਦੂਰ ਰੱਖ ਕੇ, ਆਪਣੇ ਨਾਲ਼ ਹੀ ਉਲਝਾਈ ਰੱਖਣਾ ਸੀ। ਉਹ, ਇਕ ਤਰ੍ਹਾਂ ਨਾਲ਼ ਟਰੰਪ ਦੀ ਮੁੱਖ ਗੇਟਕੀਪਰ ਹੀ ਸੀ। ਉਸ ਨੂੰ ਕਈ ਵਾਰੀ, ਭੜਕਾਹਟ ਭਰੇ ਪਲਾਂ ਵਿਚ ਭੰਬਲਭੂਸਾ ਪੈਣ ਦੌਰਾਨ ਟਿਕ-ਟਿਕਾਅ ਕਰਾਉਣ ਖ਼ਾਤਰ ਵੀ ਸੱਦਿਆ ਜਾਂਦਾ ਸੀ। ਅਜਿਹੇ ਹਾਲਾਤ ਵਿਚ ਉਸ ਦਾ ਮੁੱਖ ਕੰਮ, ਟਰੰਪ ਵੱਲੋਂ ਕੀਤੇ ਹੋਏ ਕਿਸੇ ਬਕਵਾਸ ਉੱਤੇ ਮਿੱਟੀ ਪਾਉਣਾ ਹੀ ਹੁੰਦਾ ਸੀ। ਇਕ ਵਾਰ ਹੋਪ ਹਿੱਕਸ ਨੇ ਟਰੰਪ ਦੇ ਮੁਹਿੰਮ ਮੈਨੇਜਰ ਵੱਲੋਂ ਮਧੋਲ ਸੁੱਟੀ ਇਕ ਰਿਪੋਰਟਰ ਕੁੜੀ ਨੂੰ ਇਹ ਕਹਿ ਕੇ ਨਕਾਰ ਸੁੱਟਿਆ ਸੀ ਕਿ ਉਹ ਤਾਂ ਹਰ ਵੇਲ਼ੇ 'ਇਹੋ ਭਾਲਦੀ ਹੈ ਕਿ ਸਾਰਾ ਜਹਾਨ ਉਸ ਵੱਲ਼ ਹੀ ਦੇਖਦਾ ਰਹੇ।'# {ਬਾਕੀ ਅਗਲੇ ਹਫ਼ਤੇ}
