ਗਾਰਗੀ ਵੱਲੋਂ ਲਿਖੇ ਰੇਖਾ-ਚਿੱਤਰਾਂ ਵਿਚੋਂ ਲੱਭਿਆ ਗਾਰਗੀ
>>>>>>>>>>>>><<<<<<<<<<<<<<
ਗਾਰਗੀ ਯਾਨੀ ਬਲਵੰਤ ਗਾਰਗੀ, ਕਸਬਾ ਸ਼ਹਿਣੇ ਦਾ ਬਾਣੀਆ ਸੀ ਤੇ ਬਾਣੀਏ ਨਾਲ਼ 'ਚਤਰ' ਸ਼ਬਦ ਲਾਉਣ ਦੀ ਲੋੜ ਨਹੀਂ ਹੁੰਦੀ। ਬਾਣੀਆ ਹੋਵੇ ਜਾਂ ਭਾਪਾ, ਇਹ ਕਿਸੇ ਵੀ ਖੇਤਰ ਵਿਚ ਮਾਰ ਨਹੀਂ ਖਾਂਦੇ ਤੇ ਖੇਤਰ ਸਾਹਿਤ ਅਤੇ ਕਲਾ ਦਾ ਵੀ ਹੋ ਸਕਦਾ ਹੈ। ਅੱਜ ਆਪਾਂ ਬਾਣੀਆਂ ਜਾਂ ਭਾਪਿਆਂ ਦੀ ਨਹੀਂ, ਗਾਰਗੀ ਦੀ ਹੀ ਗੱਲ ਕਰਨੀ ਹੈ ਕਿਉਂ ਕਿ ਉਸ ਦਾ 'ਹੁਕਮ' ਹੀ ਇਹੋ ਹੈ। ਇਸ ਤੋਂ ਪਹਿਲਾਂ ਕਿ 'ਹੁਕਮ' ਸ਼ਬਦ ਤੁਹਾਨੂੰ ਹੈਰਾਨ ਕਰੇ, ਇਹ ਦੱਸਣਾ ਜ਼ਰੂਰੀ ਹੈ ਕਿ ਉਸ ਨੇ, ਰੇਖਾ-ਚਿੱਤਰਾਂ ਦੀ ਆਪਣੀ ਕਿਤਾਬ 'ਸ਼ਰਬਤ ਦੀਆਂ ਘੁੱਟਾਂ' ਦਾ ਸਮਰਪਣ ਏਦਾਂ ਲਿਖਿਆ ਹੋਇਆ ਹੈ: ਉਸ ਲੇਖਕ ਨੂੰ ਜੋ ਮੇਰੀ ਮੌਤ ਪਿੱਛੋਂ ਮੇਰੇ ਉਤੇ ਅਜੇਹਾ ਰੇਖਾ-ਚਿੱਤਰ ਲਿਖੇ
ਇੱਥੇ ਵੀ ਗਾਰਗੀ ਨੇ ਚਤਰਾਈ ਕੀਤੀ ਹੋਈ ਹੈ ਕਿ ਖ਼ਬਰੇ ਕਿੰਨੇ ਪੰਜਾਬੀ ਲੇਖਕ, ਇਸ ਕਿਤਾਬ ਦਾ ਸਮਰਪਣ ਹਥਿਆਉਣ ਦਾ ਹੀਲਾ ਕਰਨ ਖ਼ਾਤਰ ਹੀ ਉਸ 'ਉੱਤੇ' ਰੇਖਾ-ਚਿੱਤਰ ਲਿਖਣ ਲਈ ਤਿਆਰ ਹੋ ਜਾਣ। ਮੈਂ ਵੀ ਇਸੇ ਹੀ ਵਜ੍ਹਾ ਨਾਲ਼ ਰੇਖਾ-ਚਿੱਤਰ ਵਰਗਾ ਇਹ ਲੇਖ ਲਿਖਣ ਲੱਗਿਆ ਹਾਂ। ਓਦਾਂ ਮੈਥੋਂ ਪਹਿਲਾਂ ਵੀ ਕਈ ਲੇਖਕ, ਗਾਰਗੀ ਦੀ ਇਹ ਰੀਝ ਪੂਰੀ ਕਰਨ ਦਾ ਦਾਅਵਾ ਕਰ ਚੁੱਕੇ ਹਨ। ਮੇਰਾ ਲਿਖਿਆ ਇਹ ਲੇਖ ਗਾਰਗੀ ਦੇ ਗਜ਼ ਉੱਤੇ ਪੂਰਾ ਉੱਤਰੇ ਜਾਂ ਨਾ, ਆਪਾਂ ਆਪਣੇ ਮਨ ਦਾ ਮੋਰ ਨਚਾ ਹੀ ਲੈਣਾ ਹੈ। ਐਵੇਂ ਦੱਸਣ ਖ਼ਾਤਰ ਹੀ ਦੱਸਦਾਂ ਹਾਂ ਕਿ ਮੈਂ ਦੋ ਵਾਰ ਬਲਵੰਤ ਗਾਰਗੀ ਦੇ 'ਦਰਸ਼ਨ' ਹੀ ਨਹੀਂ ਕੀਤੇ, ਉਸ ਨਾਲ਼ ਗੱਲਾਂ ਵੀ ਕੀਤੀਆਂ ਹੋਈਆਂ ਹਨ।
'ਸ਼ਰਬਤ ਦੀਆਂ ਘੁੱਟਾਂ' ਦੇ ਸ਼ੁਰੂ ਵਿਚ ਹੀ ਗਾਰਗੀ ਲਿਖਦਾ ਹੈ, "ਮੈਂ ਸਾਧ ਤੇ ਚੋਰ ਦੋਹਾਂ ਨੂੰ ਫੜ ਕੇ ਪਾਠਕ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹਾਂ।" ਇਸ ਲੇਖ ਵਿਚ ਮੈਂ, ਗਾਰਗੀ ਵੱਲੋਂ ਲਿਖੇ ਹੋਏ ਰੇਖਾ-ਚਿੱਤਰ ਪੜ੍ਹਨ ਮਗਰੋਂ ਇਹ ਦੱਸਣ ਦਾ ਹੀਲਾ ਕਰ ਰਿਹਾ ਕਿ ਉਸ ਨੇ ਕਿੰਨੇ ਚੋਰ ਤੇ ਕਿੰਨੇ ਸਾਧ ਫੜੇ ਹਨ ਅਤੇ ਉਹ ਆਪ ਕਿੰਨੀ ਵਾਰੀ ਚੋਰ ਅਤੇ ਕਿੰਨੀ ਵਾਰ ਸਾਧ ਬਣਿਆ ਹੈ।
ਗਾਰਗੀ ਮਧਰੇ ਜਿਹੇ ਕੱਦ-ਕਾਠ ਵਾਲ਼ਾ ਅਤੇ ਗੋਲ ਜਿਹੇ ਚਿਹਰੇ ਵਾਲ਼ਾ 'ਕਲੀਨ ਸ਼ੇਵਡ' ਵਿਅਕਤੀ ਸੀ। ਭਾਵੇਂ ਉਹ ਬਹੁਤ ਵੱਡਾ ਨਾਟਕ ਲੇਖਕ ਤੇ ਨਿਰਦੇਸ਼ਕ 'ਸਮਝਿਆ' ਜਾਂਦਾ ਰਿਹਾ ਹੈ, ਪਰ ਉਸ ਨੂੰ ਆਪ ਕਦੇ 'ਚੱਜ ਨਾਲ਼' ਫੋਟੋ ਖਿਚਾਉਣੀ ਵੀ ਨਹੀਂ ਆਈ ਸੀ। ਉਹ, ਫੋਟੋ ਖਿਚਾਉਣ ਲੱਗਿਆਂ, ਸਰ ਜਗਦੀਸ਼ ਚੰਦਰ ਬੋਸ ਵਾਂਗ ਆਪਣੀ ਗੱਲ੍ਹ ਉੱਤੇ ਜਾਂ ਠੋਡੀ ਦੇ ਹੇਠਾਂ ਹੱਥ ਟਿਕਾ ਲਿਆ ਕਰਦਾ ਸੀ। ਉਸ ਦੀਆਂ ਕੁੱਝ ਤਸਵੀਰਾਂ ਤਾਂ ਏਦਾਂ ਲੱਗਦੀਆਂ ਹਨ, ਜਿੱਦਾਂ ਫੋਟੋ ਖਿਚਾਉਣ ਵੇਲ਼ੇ ਉਸ ਦੀ ਦਾਹੜ ਦੁਖਦੀ ਹੋਵੇ।
ਗਾਰਗੀ ਦੇ ਲਿਖੇ ਇਹ ਰੇਖਾ-ਚਿੱਤਰ, ਇਕ ਵਾਰ ਨਹੀਂ, ਕਈ-ਕਈ ਵਾਰ ਇਹ ਚੁਗਲੀ ਕਰਦੇ ਹਨ ਕਿ ਉਹ ਬਲਵੰਤ ਗਾਰਗੀ ਨਹੀਂ 'ਬਹੁਰੰਗ ਗਾਰਗੀ' ਸੀ। 'ਅੰਮ੍ਰਿਤਾ ਪ੍ਰੀਤਮ' ਰੇਖਾ ਚਿੱਤਰ ਵਿਚ ਉਹ ਲਿਖਦਾ ਹੈ, "...ਮੈਂ ਉਦੋਂ ਲਿਖਦਾ ਹਾਂ ਜਦੋਂ ਪੈਸੇ ਦੀ ਤੋਟ ਹੋਵੇ ਜਾਂ ਕਿਸੇ ਨੂੰ ਉਡੀਕ ਰਿਹਾ ਹੋਵਾਂ।" ਇੱਥੇ ਕਿਸੇ ਨੂੰ ਉਡੀਕਣ ਦਾ ਅਰਥ ਵੀ ਪੈਸੇ ਦੀ ਤੋਟ ਦੂਰ ਕਰਨ ਵਾਲ਼ੇ ਕਿਸੇ ਮਾਲਦਾਰ ਦੀ ਉਡੀਕ ਕਰਨਾ ਹੀ ਲੱਗਦਾ ਹੈ। ਇਸ ਤੋਂ ਅਗਲੇ ਹੀ ਰੇਖਾ ਚਿੱਤਰ 'ਰਾਜਿੰਦਰ ਸਿੰਘ ਬੇਦੀ' ਵਿਚ ਉਹ ਕਹਿੰਦਾ ਹੈ, "...ਇਹ ਕਦੇ ਨਹੀਂ ਹੋਇਆ ਕਿ ਤੁਸੀਂ ਸਾਰੇ ਕੰਮ ਮੁਕਾ ਕੇ, ਵਕਤ ਨੂੰ ਪਾਵੇ ਨਾਲ਼ ਬੰਨ੍ਹ ਕੇ ਲਿਖਣਾ ਸ਼ੁਰੂ ਕਰੋ। ਲਿਖਣੈ ਤਾਂ ਹੁਣੇ, ਇਸੇ ਵੇਲ਼ੇ, ਇਸੇ ਘੜੀ। ਲਿਖਣਾ ਸਾਹ ਲੈਣ ਵਾਂਗ ਹੈ। ਲੇਖਕ ਹਰ ਘੜੀ, ਹਰ ਪਲ ਜੀਂਵਦਾ ਹੈ..."।
ਰੇਖਾ ਚਿੱਤਰ 'ਬਲਵੰਤ ਗਾਰਗੀ' ਵਿਚ ਉਹ ਲਿਖਦਾ ਹੈ, "ਗਾਰਗੀ ਪਹਿਲਾ ਪੰਜਾਬੀ ਲੇਖਕ ਹੈ, ਜਿਸ ਉੱਤੇ ਸੋਹਣੀਆਂ ਕੁੜੀਆਂ ਨੇ ਇਤਬਾਰ ਕੀਤਾ। ਆਮ ਤੌਰ ਤੇ ਪੰਜਾਬੀ ਲੇਖਕ ਤੇ ਸੋਹਣੀ ਕੁੜੀ ਦਾ ਘਟ ਹੀ ਮੇਲ ਹੁੰਦਾ ਹੈ।" ਉਸ ਨੇ ਆਪਣੇ ਬਾਰੇ ਏਦਾਂ ਵੀ ਲਿਖਿਆ ਹੋਇਆ ਹੈ ਕਿ ਉਹ ਬਹੁਤੇ ਨਾਟਕ ਤੇ ਕਹਾਣੀਆਂ ਉਦੋਂ ਲਿਖਦਾ ਹੈ, ਜਦੋਂ ਕਿਸੇ ਦੀ ਉਡੀਕ ਵਿਚ ਬੈਠਾ ਹੋਵੇ। ਲੱਗਦੇ ਹੱਥ ਦੱਸਣਾ ਬਣਦਾ ਹੈ ਕਿ ਗਾਰਗੀ ਨੇ 'ਸ਼ਰਬਤ ਦੀਆਂ ਘੁੱਟਾਂ' ਵਿਚ, ਸ਼ਾਮਲ ਹੋਰ ਰੇਖਾ-ਚਿੱਤਰਾਂ ਵਿਚ ਵੀ ਆਪਣੇ ਬਾਰੇ ਕਈ ਗੱਲਾਂ ਦੁਹਰਾਉਣ ਦੇ ਬਾਵਜੂਦ ਆਪਣੇ ਦੋ ਰੇਖਾ-ਚਿੱਤਰ 'ਬਲਵੰਤ ਗਾਰਗੀ' ਅਤੇ 'ਆਪਣੀ ਛਾਂ' ਵੀ ਸ਼ਾਮਲ ਕੀਤੇ ਹੋਏ ਹਨ। ਇਸ ਤੋਂ ਬਾਅਦ ਵੀ ਉਸ ਨੇ ਲੇਖਕਾਂ ਨੂੰ ਉਸ 'ਉਤੇ ਅਜੇਹਾ ਰੇਖਾ-ਚਿੱਤਰ ਲਿਖਣ' ਦਾ 'ਹੁਕਮ' ਵੀ ਲਾਇਆ ਹੋਇਆ ਹੈ। ਗਾਰਗੀ ਬਾਰੇ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੂੰ 'ਆਪਣਾ ਪ੍ਰਚਾਰ' ਕਰਨ ਦੀ ਆਦਤ ਵੀ ਸੀ।
'ਬਲਵੰਤ ਗਾਰਗੀ' ਰੇਖਾ-ਚਿੱਤਰ ਵਿਚ ਉਸ ਨੇ 'ਆਪਣਾ ਪ੍ਰਚਾਰ' ਏਦਾਂ ਵੀ ਕੀਤਾ ਹੋਇਆ ਹੈ, "ਜਦੋਂ ਉਸ 'ਕੁਆਰੀ ਟੀਸੀ', 'ਬੇਬੇ' ਤੇ 'ਲੋਹਾ ਕੁੱਟ' ਲਿਖੇ, ਉਦੋਂ ਤਕ ਉਸ ਕੋਈ ਪੰਜਾਬੀ ਪੁਸਤਕ ਨਹੀਂ ਸੀ ਪੜ੍ਹੀ। ਇਸ ਮੁਆਮਲੇ ਵਿਚ ਉਹ ਬਿਲਕੁਲ ਅਨਪੜ੍ਹ ਸੀ। ਉਸ ਨੂੰ ਇਹ ਵੀ ਨਹੀਂ ਸੀ ਪਤਾ, ਕਿ ਭਾਈ ਵੀਰ ਸਿੰਘ ਵੀ ਕੋਈ ਕਵੀ ਸੀ। ਉਦੋਂ ਦੀ ਵਰਤਮਾਨ ਪੰਜਾਬੀ ਕਹਾਣੀ ਜਾਂ ਨਾਟਕ ਦੇ ਪੱਧਰ ਦਾ ਉਸ ਨੂੰ ਕੋਈ ਗਿਆਨ ਨਹੀਂ ਸੀ। ਉਸ ਦੀਆਂ ਕੁੱਝ ਕਹਾਣੀਆਂ ਛਪੀਆਂ ਤੇ ਉਹ ਲੇਖਕ ਬਣ ਗਿਆ। ਇਸ ਪਿੱਛੋਂ ਉਸ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ।"
'ਪੰਜਾਬੀ ਪੜ੍ਹਨੀ ਸ਼ੁਰੂ ਕੀਤੀ' ਤੋਂ ਚੇਤਾ ਆ ਗਿਆ ਕਿ ਉਸ ਨੂੰ ਗੁਰਮੁਖੀ ਯਾਨੀ ਪੰਜਾਬੀ ਲਿਖਣੀ ਨਹੀਂ ਸੀ ਆਉਂਦੀ। ਉਹ ਅੰਗਰੇਜ਼ੀ ਜਾਂ ਉਰਦੂ ਵਿਚ ਹੀ ਲਿਖਦਾ ਸੀ ਤੇ ਪੰਜਾਬੀ ਉਹ ਕਿਸੇ ਨੂੰ ਬੋਲ ਕੇ ਹੀ ਲਿਖਾਉਂਦਾ ਸੀ। ਉਸ ਲਈ ਪੰਜਾਬੀ ਲਿਖਣ ਵਾਲ਼ਿਆਂ ਵਿਚ ਸੰਤੋਖ ਸਿੰਘ ਧੀਰ, ਕ੍ਰਿਸ਼ਨਜੀਤ ਅਤੇ ਅਮਰੀਕ ਗਿੱਲ ਦੇ ਨਾਂ ਵੱਜਦੇ ਹਨ। ਇਸ ਮਾਮਲੇ ਵਿਚ ਗੁਰਬਚਨ ਭੁੱਲਰ, ਜੋ ਉਸ ਦੇ ਲਾਗੇ-ਛਾਗੇ ਰਹਿਣ ਵਾਲ਼ਿਆਂ ਵਿਚੋਂ ਹੈ, ਦੀ ਗਵਾਹੀ ਇਸ ਤਰ੍ਹਾਂ ਹੈ, "ਨਿਹੰਗ ਦੇ, ਡਾਂਗ ਨਾਲ਼ ਰੇਤੇ ਉੱਤੇ ਪਾਏ 'ਉ' ਤਕ ਗੁਰਮੁਖੀ ਪੜ੍ਹੇ ਗਾਰਗੀ ਦਾ ਬਠਿੰਡੇ ਦੇ ਇਲਾਕੇ ਵਾਲ਼ਾ ਸ਼ਬਦ-ਭੰਡਾਰ ਦੰਗ ਕਰ ਦਿੰਦਾ ਹੈ। ਬਹੁਤੇ ਲੋਕਾਂ ਨੂੰ ਇਹ ਪਤਾ ਨਹੀਂ ਕਿ ਗਾਰਗੀ ਏਨੀ ਖ਼ੂਬਸੂਰਤ ਪੰਜਾਬੀ ਗੁਰਮੁਖੀ ਵਿਚ ਨਹੀਂ, ਫ਼ਾਰਸੀ ਅੱਖ਼ਰਾਂ ਵਿਚ ਲਿਖਦਾ ਸੀ ਤੇ ਫੇਰ aਰਦੂ ਤੇ ਪੰਜਾਬੀ, ਦੋਵੇਂ ਭਾਸ਼ਾਵਾਂ ਪੜ੍ਹੇ ਆਪਣੇ ਕਿਸੇ ਚੇਲੇ-ਚਾਂਟੇ ਤੋਂ ਗੁਰਮੁਖੀ ਵਿਚ ਉਤਾਰਾ ਕਰਵਾ ਲੈਂਦਾ ਸੀ।"
ਕੁੱਝ ਲੋਕ ਇਹ ਦਾਅਵੇ ਕਰਦੇ ਹਨ ਕਿ ਗਾਰਗੀ ਉਨ੍ਹਾਂ ਨੂੰ ਗੁਰਮੁਖੀ ਵਿਚ ਚਿੱਠੀਆਂ ਲਿਖਦਾ ਰਿਹਾ ਹੈ। ਪੰਜਾਬੀ ਲਿਖਣ ਬਾਰੇ ਗਾਰਗੀ ਨੇ ਆਪ ਲਿਖਿਆ ਹੋਇਆ ਹੈ, "ਉਹ ਕਲਮ ਨਹੀਂ, ਡਾਂਗ ਨਾਲ਼ ਲਿਖਦਾ ਹੈ। ਕਾਗ਼ਜ਼ਾਂ ਦਾ ਵੈਰੀ ਹੈ। ਕਈ ਵਾਰ ਇਕ ਸਤਰ ਵਿਚ ਸਿਰਫ਼ ਚਾਰ ਅੱਖ਼ਰ ਹੁੰਦੇ ਹਨ, ਤੇ ਇਕ ਸਫ਼ੇ ਉੱਤੇ ਮਸਾਂ ਛੇ ਸਤਰਾਂ।"ਲਿਖਣ ਸਬੰਧੀ ਉਸ ਦੀ ਇਕ ਮਸ਼ਹੂਰ ਫੜ੍ਹ ਦੇਖੋ: "...ਆਇਰਲੈਂਡ ਦੀ ਪ੍ਰਸਿੱਧ ਨਾਟਕਕਾਰ ਲੇਡੀ ਗਰੈਗਰੀ ਦੇ ਨਾਟਕ ਨੂੰ ਤਿੰਨ ਘੰਟਿਆਂ ਵਿਚ ਉਸ ਪੰਜਾਬੀ ਰੰਗ ਵਿਚ ਢਾਲ ਦਿੱਤਾ-'ਰਾਈ ਦਾ ਪਹਾੜ'।"
ਗਾਰਗੀ ਕਿਸੇ ਦਾ ਰੇਖਾ ਚਿੱਤਰ ਲਿਖਣਾ ਸ਼ੁਰੂ ਕਰਦਿਆਂ ਸਬੰਧਤ ਵਿਅਕਤੀ ਤੋਂ ਕੋਈ ਬਦਲਾ ਲੈਂਦਾ ਹੀ ਲੱਗਦਾ ਹੈ। ਰੇਖਾ ਚਿੱਤਰ ਖ਼ਤਮ ਕਰਨ ਤੋਂ ਪਹਿਲਾਂ, ਮਿੱਥ ਕੇ ਉਸ ਵਿਅਕਤੀ ਦੀ ਸਿਫ਼ਤ ਵਿਚ ਚਾਰ ਕੁ ਫ਼ਿਕਰੇ ਲਿਖਦਾ ਹੈ। ਇਸ ਸਬੰਧ ਵਿਚ ਉਸ ਵੱਲੋਂ ਲਿਖੇ ਹੋਏ ਰੇਖਾ ਚਿੱਤਰ 'ਆਈ. ਸੀ. ਨੰਦਾ' ਦੀ ਮਿਸਾਲ ਦੇਣਾ ਸਾਰਥਕ ਹੋਵੇਗਾ। ਦੇਖੋ, ਇਸ ਰੇਖਾ ਚਿੱਤਰ ਦੇ ਬਹਾਨੇ ਫਿਰ ਆਪਣਾ ਪ੍ਰਚਾਰ, "ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦ ਲਾਹੌਰ ਮੈਂ ਤਾਜ਼ਾ ਤਾਜ਼ਾ ਇਕ ਫ਼ਿਲਮ ਕੰਪਨੀ ਖੋਲ੍ਹੀ ਸੀ।"...ਵਗ਼ੈਰਾ...ਵਗ਼ੈਰਾ...।
ਇਸੇ ਹੀ ਰੇਖਾ-ਚਿੱਤਰ ਵਿਚ ਗਾਰਗੀ ਲਿਖਦਾ ਹੈ, "ਉਸ (ਨੰਦਾ) ਨੂੰ ਪੰਜਾਬੀ ਨਾਟਕ ਦਾ ਪਿਤਾ ਆਖਿਆ ਜਾਂਦਾ ਏ। ਪਰ ਲੇਖਕਾਂ ਦੀ ਨਵੀਂ ਪੀੜ੍ਹੀ ਉਸ ਨੂੰ ਬਹੁਤਾ ਮਾਨ ਨਹੀਂ ਦੇਂਦੀ।" ਇਹ ਤੇ ਇਸ ਤੋਂ ਵੀ ਭੈੜੇ ਢੰਗ ਨਾਲ਼ ਨੰਦਾ ਦਾ ਅਪਮਾਨ ਕਰਨ ਮਗਰੋਂ ਇਸ ਲੇਖ ਦੇ ਅੰਤ ਵਿਚ ਗਾਰਗੀ ਸਾਹਬ ਨੰਦਾ ਬਾਰੇ ਏਦਾਂ ਫ਼ਰਮਾਉਂਦੇ ਹਨ, "ਉਹ ਪੰਜਾਬੀ ਨਾਟਕ ਦਾ ਜੀਊਂਦਾ ਜਾਗਦਾ ਮੀਊਜ਼ੀਅਮ ਹੈ। ਉਸ ਦਾ ਤਜਰਬਾ ਵਿਸ਼ਾਲ ਹੈ। ਪਹਿਲੇ ਸਮਿਆਂ ਦੀਆਂ ਅਣਲਿਖੀਆਂ ਘਟਨਾਵਾਂ ਦੀ ਉਹ ਖਾਣ ਹੈ। ਪੁਰਾਣੇ ਰਾਸਧਾਰੀਆਂ, ਪਾਰਸੀ ਕੰਪਨੀਆਂ ਦੇ ਐਕਟਰਾਂ, ਨਕਲੀਆਂ, ਭੰਡਾਂ, ਮਰਾਸੀਆਂ ਦੀਆਂ ਗੱਲਾਂ ਤੇ ਨੌਟੰਕੀ ਨਾਟਕ ਦੀਆਂ ਪਰੰਪਰਾਵਾਂ ਦਾ ਉਹ ਭੰਡਾਰ ਹੈ।" ਅਸਲ ਵਿਚ ਗਾਰਗੀ ਨੇ ਨੰਦਾ ਵੱਲ ਨੂੰ ਜ਼ਹਿਰ ਬੁਝੇ ਤੀਰ ਹੀ ਛੱਡੇ ਹੋਏ ਹਨ ਕਿਉਂ ਕਿ ਗਾਰਗੀ ਨੂੰ ਨਾਟਕਕਾਰ ਵਜੋਂ ਨੰਦਾ ਦੀ ਮਕਬੂਲੀਅਤ ਦਾ ਸਾੜਾ ਸੀ।
ਗਾਰਗੀ ਵਿਚ ਜਿਹੜੀ ਗੱਲ ਕਹਿਣ-ਕਰਨ ਦੀ ਹਿੰਮਤ ਨਹੀਂ ਨਹੀਂ ਹੁੰਦੀ ਸੀ, ਉਹ ਗੱਲ ਉਹ ਹੋਰਨਾਂ ਦੇ ਮੂੰਹ ਪਾ ਕੇ ਕਹਿ-ਕਹਾ ਲੈਂਦਾ। ਰੇਖਾ-ਚਿੱਤਰ 'ਪ੍ਰਿੰਸੀਪਲ ਤੇਜਾ ਸਿੰਘ' ਉਸ ਨੇ ਇਸੇ ਹੀ ਮਕਸਦ ਨਾਲ਼ ਲਿਖਿਆ ਲੱਗਦਾ ਹੈ। ਉਸ ਦੇ ਗੁੱਝੇ ਵਾਰ ਦੇਖਣ ਲਈ ਇਸ ਰੇਖਾ-ਚਿੱਤਰ ਦੀਆਂ ਇਹ ਸਤਰਾਂ ਪੜ੍ਹੋ, "ਇਕ ਦਿਨ ਪ੍ਰੋਫੈਸਰ ਮੋਹਨ ਸਿੰਘ ਬਾਰੇ ਗੱਲਾਂ ਕਰਦੇ ਆਖਣ ਲੱਗੇ, 'ਨਜ਼ਮਾਂ ਦੀ ਪਹਿਲੀ ਕਿਤਾਬ ਜੋ ਮੋਹਨ ਸਿੰਘ ਨੇ ਲਿਖੀ, ਉਸ ਦਾ ਨਾਂ ਸੀ ਕਾਗ਼ਜ਼ੀ ਬਦਾਮ। ਉਹ ਖ਼ੁਸ਼ਖ਼ਤ ਲਿਖ ਕੇ ਨਜ਼ਮਾਂ ਮੇਰੇ ਕੋਲ ਲੈ ਆਇਆ। ਮੈਂ ਸਾਰੀਆਂ ਨਜ਼ਮਾਂ ਪੜ੍ਹੀਆਂ ਤੇ ਉਸ ਨੂੰ ਆਖਿਆ, 'ਮੇਰੀ ਰਾਇ ਮੰਨੇਂਗਾ?' ਉਸ ਸ਼ਰਧਾ ਨਾਲ਼ ਆਖਿਆ, 'ਹਾਂ।' ਮੈਂ ਆਖਿਆ, 'ਇਨ੍ਹਾਂ ਸਾਰੀਆਂ ਨਜ਼ਮਾਂ ਨੂੰ ਅੱਗ ਲਾ ਦੇ। ਇਹ ਨਾ ਪੜ੍ਹਨ ਯੋਗ ਹਨ ਨਾ ਛਪਣ ਯੋਗ। ਇਸ ਪਿੱਛੋਂ ਲਿਖ, ਉਹ ਠੀਕ ਹੋਣਗੀਆਂ।' ਮੋਹਨ ਸਿੰਘ ਨੇ ਮੇਰੀ ਰਾਇ ਮੰਨ ਲਈ। 'ਕਾਗ਼ਜ਼ੀ ਬਦਾਮ' ਕਦੇ ਨਹੀਂ ਛਪੇ। 'ਚਾਰ ਹੰਝੂ', ਤੇ ਉਸ ਪਿੱਛੋਂ ਉਸ ਦੀ ਪਹਿਲੀ ਕਿਤਾਬ 'ਸਾਵੇ ਪੱਤਰ' ਆਈ।"
ਇਸੇ ਹੀ ਲੇਖ ਵਿਚ ਉਹ ਲਿਖਦਾ ਹੈ, "ਕਰਤਾਰ ਸਿੰਘ ਦੁੱਗਲ ਬਾਰੇ ਉਹ ਸ਼ੁਰੂ ਤੋਂ ਆਖਦੇ ਰਹੇ, 'ਕਹਾਣੀ ਲਿਖਦਾ ਏ-ਕਹਾਣੀ ਦਾ ਵਲ ਤਾਂ ਆਉਂਦਾ ਏ, ਪਰ ਜ਼ਬਾਨ? ਜ਼ਬਾਨ ਨਹੀਂ ਆਉਂਦੀ। ਦੁੱਗਲ ਉਸ ਤਰਖਾਣ ਵਾਂਗ ਹੈ, ਜਿਸ ਕੋਲ ਬਸੋਲਾ, ਤੇਸਾ, ਹਥੌੜੀ ਸਭ ਕੁੱਝ ਹੋਵੇ, ਪਰ ਰੰਦਾ ਨਾ ਹੋਵੇ।" ਇਸੇ ਹੀ ਲੇਖ ਦੀਆਂ ਇਨ੍ਹਾਂ ਸਤਰਾਂ ਵਿਚ ਗਾਰਗੀ ਦੀ ਧਾਰ ਦੇਖੋ, "ਪੰਜਾਬ ਦੀ ਵੰਡ ਨੇ ਜੋ ਦਰਦ, ਤਕਲੀਫ਼ ਲਿਆਂਦੀ, ਉਸ ਪੀੜ ਵਿਚੋਂ ਅੰਮ੍ਰਿਤਾ ਕਵਿਤਰੀ ਬਣੀ। ਇਸ ਤੋਂ ਪਹਿਲਾਂ ਅੰਮ੍ਰਿਤਾ ਪ੍ਰੀਤਮ ਜਗਤ ਸਿੰਘ ਕੁਆਤਰੇ ਦੀ ਨੂੰਹ ਸੀ ਤੇ ਹਿਤਕਾਰੀ ਜੀ ਦੀ ਧੀ। ਪਰ ਹੁਣ ਜਗਤ ਸਿੰਘ ਕੁਆਤਰਾ ਅੰਮ੍ਰਿਤਾ ਪ੍ਰੀਤਮ ਦਾ ਸਹੁਰਾ ਏ ਤੇ ਹਿਤਕਾਰੀ ਉਹ ਦਾ ਪਿਤਾ।"
ਇਨ੍ਹਾਂ ਸਤਰਾਂ ਵਿਚ ਮਾਈਕਰੋਫੋਨ ਹੀ 'ਪ੍ਰਿੰਸੀਪਲ ਤੇਜਾ ਸਿੰਘ' ਦੇ ਹੱਥ ਵਿਚ ਹੈ, ਉਸ ਵਿਚੋਂ ਬੋਲਦਾ ਤਾਂ ਗਾਰਗੀ ਹੀ ਹੈ। ਇਸ ਲੇਖ ਦੇ ਅੰਤ ਵਿਚ ਉਹ ਆਪਣੇ-ਆਪ ਨੂੰ 'ਪ੍ਰਿੰਸੀਪਲ ਤੇਜਾ ਸਿੰਘ' ਤੋਂ ਵੱਡਾ ਦਿਖਾਉਣ ਦਾ ਹੀਲਾ ਕਰਦਾ ਹੈ। ਗਾਰਗੀ ਦੀ 'ਭਾਸ਼ਾ ਦੇ ਕਮਾਲ' ਦਿਖਾਉਣ ਲਈ ਇੱਥੇ ਥਾਂ ਹੀ ਨਹੀਂ ਬਚੀ, ਪਰ ਆਪਣੀਆਂ ਲਿਖਤਾਂ ਦਾ ਵਣਜਾਰਾ ਗਾਰਗੀ, ਪੈਸਿਆਂ ਖ਼ਾਤਰ ਲਿਖਣ ਦੇ ਮਾਮਲੇ ਵਿਚ ਬਹੁਤ ਹੀ ਹੇਠਾਂ ਵੀ ਉੱਤਰ ਜਾਂਦਾ ਰਿਹਾ ਹੈ ਤੇ ਉਸ ਵੱਲੋਂ ਸਿਰਫ਼ ਪੈਸੇ ਲਈ ਘੜੀਆਂ ਕੁੱਝ ਲਿਖਤਾਂ ਮੇਰੀ ਨਜ਼ਰੋਂ ਵੀ ਲੰਘੀਆਂ ਹਨ। 'ਸ਼ਰਬਤ ਦੀਆਂ ਘੁੱਟਾਂ' ਨਾਂ ਦੀ ਇਸ ਕਿਤਾਬ ਵਿਚ ਸ਼ਾਮਲ ਲੇਖ 'ਦੁੱਧ ਵਿਚ ਬਰਾਂਡੀ' ਵਿਚ ਉਹ ਕਦੇ 'ਪੋਲਾ ਜਿਹਾ ਘੁੱਟ ਭਰਨ' ਅਤੇ ਫਿਰ 'ਇਕ ਘੁੱਟ ਹੋਰ ਭਰੀ' ਲਿਖ ਕੇ, ਆਪਣੀ ਇਸ ਕਿਤਾਬ ਦੇ ਸਿਰਲੇਖ ਉੱਤੇ ਹੀ ਨੁਕਤਾਚੀਨੀ ਕਰਨ ਲਈ ਰਾਹ ਖੋਲ੍ਹ 'ਚੁੱਕਾ' ਹੈ, ਜਿਸ ਨੂੰ ਉਹ 'ਚੁੱਕਿਆ ਹੈ' ਲਿਖਦਾ ਹੈ। ਨਾਟਕ ਨਿਰਦੇਸ਼ਨ ਦੇ ਮਾਮਲੇ ਵਿਚ ਉਸ ਬਾਰੇ ਇਹੋ ਲਿਖਣਾ ਕਾਫੀ ਹੈ ਕਿ ਉਹ, ਉਸ ਦੀ ਤਾਰੀਫ਼ ਕਰਨ ਵਾਲ਼ੀ ਲੇਖਕਾ ਉਮਾ ਵਾਸੂਦੇਵ ਨੂੰ ਸੜਕ ਉੱਤੇ ਮਟਕ-ਮਟਕ ਤੁਰਦੀ ਦੇਖ ਕੇ ਹੀ ਆਪਣੇ ਇਕ ਨਾਟਕ ਵਿਚ ਮੁੱਖ ਭੂਮਿਕਾ ਦੇਣ ਲਈ ਤਿਆਰ ਹੋ ਗਿਆ ਸੀ। ਹਾਲੇ ਵੀ 'ਅਸਲ ਗਾਰਗੀ' ਦੇ ਅਸਲ ਦਰਸ਼ਨ ਹੋਏ ਕਿ ਨਹੀਂ?#
