ਬਾਜ਼ਾਂ ਤੋਂ 'ਸਿੱਧੇ ਕਰਾਏ' ਜਾਣ ਲੱਗੇ ਕਬੂਤਰ
>>>>>>>>>><<<<<<<<<<
ਕਿਸੇ ਜ਼ਮਾਨੇ ਵਿਚ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਚਿੜੀਆਂ ਤੋਂ ਬਾਜ਼ ਤੁੜਾਏ ਸਨ, ਜਿਸ ਕਰ ਕੇ, ਅੱਜ ਵੀ ਜਦੋਂ ਬਾਜ਼ਾਂ ਦੀ ਗੱਲ ਛਿੜਦੀ ਹੈ ਤਾਂ ਬਦੋਬਦੀ 'ਬਾਜਾਂ ਵਾਲ਼ੇ' ਦਾ ਚੇਤਾ ਆ ਜਾਂਦਾ ਹੈ। ਇਸ ਵਾਰ ਬਾਜ਼ਾਂ ਦੀ ਗੱਲ ਰਤਾ ਕੁ ਵੱਖਰੇ ਢੰਗ ਨਾਲ਼ ਛਿੜੀ ਹੈ। ਗੁਰੂ ਸਾਹਿਬ ਦੀਆਂ ਚਿੜੀਆਂ ਨੇ ਬਾਜ਼ ਸਿੱਧੇ ਕੀਤੇ ਸਨ, ਪਰ ਇਸ ਵਾਰ ਬਾਜ਼ਾਂ ਤੋਂ ਕਬੂਤਰ 'ਸਿੱਧੇ ਕਰਾਏ' ਜਾਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ। ਕੁੱਝ ਪਾਠਕ ਪੁੱੱਛ ਸਕਦੇ ਹਨ ਕਿ ਇਹ 'ਕਬੂਤਰ ਵਿੰਗੇ' ਕਿੱਦਾਂ ਹੋਏ ਹਨ। ਪਿਛਲੇ ਸਾਲ ਦੌਰਾਨ ਕੈਨੇਡਾ ਵਿਚ ੧੪੨ ਵਾਰ ਕਬੂਤਰਾਂ ਨੇ ਸਕਾਈਟਰੇਨ ਚਲਾਏ ਜਾਣ ਵਿਚ ਦੇਰ ਕਰਾਈ ਸੀ। ਯਾਨੀ 142 ਵਾਰੀ 'ਸਕਾਈਟਰੇਨ ਲੇਟ' ਹੋਣ ਦੀ ਵਜ੍ਹਾ ਕਬੂਤਰ ਹੀ ਸਨ। ਫਿਰ ਕਬੂਤਰਾਂ ਵਿਚ ਹੀ ਵਿੰਗ ਪਿਆ ਹੋਇਆ ਨਾ?
ਹੁਣ ਅਗਲਾ ਸੁਆਲ ਇਹ ਹੋ ਸਕਦਾ ਹੈ ਪਈ ਕਬੂਤਰਾਂ ਦਾ ਇਹ ਵਿੰਗ ਕੱਢਣ ਲਈ, ਬਾਜ਼ਾਂ ਨੂੰ ਹੀ ਕਿਉਂ ਚੁਣਿਆ ਗਿਆ! ਪਿਛਲੇ ਦਿਨੀਂ 'ਮੈਟਰੋ' ਦੀ ਫੋਟੋ ਪੱਤਰਕਾਰ 'ਵਾਨਯੀ ਲੀ' ਨੇ ਆਪਣੀ ਇਕ ਰਿਪੋਰਟ ਵਿਚ ਇਸ ਸਬੰਧੀ ਕਈ ਖ਼ੁਲਾਸੇ ਕੀਤੇ ਹਨ। ਉਸ ਨੇ ਆਪਣੀ ਇਸ ਰਿਪੋਰਟ ਵਿਚ 'ਐਵਰੋ' ਨਾਂ ਦੇ ਇਕ ਖ਼ਾਸ ਨਸਲ ਦੇ ਬਾਜ਼ ਦਾ ਜ਼ਿਕਰ ਕੀਤਾ ਹੈ, ਜਿਸ ਨੂੰ ਦੇਖਦਿਆਂ ਹੀ ਕਬੂਤਰ 'ਫੁਰਰ' ਕਰ ਕੇ ਉੱਡ ਜਾਂਦੇ ਹਨ। ਕਿਹਾ ਜਾਂਦਾ ਹੈ ਕਿ 'ਪੇਰੇਗ੍ਰਾਈਨ' ਨਸਲ ਦੇ ਬਾਜ਼ ਜਹਾਨ ਦੇ ਸਭ ਤੋਂ ਤੇਜ਼ ਰਫ਼ਤਾਰ ਪਰਿੰਦੇ ਹਨ। ਉਹ ਜਦੋਂ ਉਡਦੇ ਹੋਏ, ਕਿਸੇ ਸ਼ਿਕਾਰ ਨੂੰ ਨੱਪਣ ਲਈ ਉਸ ਵੱਲ ਹਵਾਈ ਟੁੱਭੀ ਮਾਰਦੇ ਹਨ ਤਾਂ ਉਸ ਵੇਲ਼ੇ ਉਨ੍ਹਾਂ ਦੀ ਰਫ਼ਤਾਰ 390 ਕਿਲੋ ਮੀਟਰ ਪ੍ਰਤੀ ਘੰਟਾ ਹੁੰਦੀ ਹੈ। ਇਸ ਤੋਂ ਇਲਾਵਾ ਵੈਨਕੂਵਰ ਦੇ ਬਜ਼ਾਰਾਂ ਵਿਚ aੁੱਡਦੇ ਕਬੂਤਰ, ਇਨ੍ਹਾਂ ਬਾਜ਼ਾਂ ਦਾ ਮਨ ਭਾਉਂਦੀ ਖੁਰਾਕ ਹਨ। ਇਸ ਕਿਸਮ ਦੇ ਬਾਜ਼, ਵੈਨਕੂਵਰ ਵਿਚ 'ਸਕਾਈਟਰੇਨ' ਦੇ ਸਟੇਸ਼ਨਾਂ ਤੋਂ ਕਬੂਤਰਾਂ ਨੂੰ ਦੂਰ ਰੱਖਣ ਲਈ ਵਰਤੇ ਜਾਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ ਕਿਉਂ ਕਿ ਇਹ ਕਬੂਤਰ, ਗੱਡੀਆਂ ਸਮੇਂ ਸਿਰ ਚਲਾਉਣ ਦੇ ਰਾਹ 'ਚ ਅੜਿੱਕੇ ਪਾ ਰਹੇ ਹਨ।
ਕਬੂਤਰਾਂ ਨੂੰ ਡਰਾਉਣ ਲਈ ਬਾਜ਼ਾਂ ਦੀ ਵਰਤੋਂ ਕਰਨ ਦਾ ਇਹ ਫੁਰਨਾ, ਵੈਨਕੂਵਰੀਆਂ ਨੂੰ ਹੀ ਫੁਰਿਆ ਹੋਵੇ, ਇਹੋ ਜਿਹੀ ਵੀ ਗੱਲ ਨਹੀਂ ਹੈ। ਬਾਜ਼ਾਂ ਨੂੰ ਇਸ ਕੰਮ ਲਈ ਤੇ ਫ਼ਸਲੀ ਕੀੜੇ ਮਾਰਨ ਲਈ ਬਰਤਾਨੀਆ ਵਿਚ ਕਾਫੀ ਅਰਸਾ ਪਹਿਲਾਂ ਤੋਂ ਵਰਤਿਆ ਜਾ ਰਿਹਾ ਹੈ। ਕਿਸੇ ਜ਼ਮਾਨੇ ਵਿਚ ਬਾਜ਼ਾਂ ਨਾਲ਼ ਸ਼ਿਕਾਰ ਕਰਨ ਦਾ ਰਿਵਾਜ ਵੀ ਰਿਹਾ ਹੈ। ਭਾਵੇਂ ਬਾਜ਼ਾਂ ਦੇ ਸਹਾਰੇ ਪੰਛੀਆਂ ਨੂੰ ਕਈ ਥਾਵਾਂ ਤੋਂ ਉਡਾਉਣਾ ਬਹੁਤ ਪੁਰਾਣਾ ਰਿਵਾਜ ਹੈ, ਪਰ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਤੋਂ ਕਬੂਤਰਾਂ ਅਤੇ ਹੋਰ ਪੰਛੀਆਂ ਨੂੰ ਬਾਜ਼ਾਂ ਜਾਂ ਸ਼ਿਕਰਿਆਂ ਦੀ ਮਦਦ ਨਾ ਉਡਾਏ ਜਾਣ ਦਾ ਰਿਵਾਜ ਬਹੁਤਾ ਪੁਰਾਣਾ ਨਹੀਂ ਹੈ। ਬਾਜ਼ਾਂ ਜਾਂ ਸ਼ਿਕਰਿਆਂ ਦੀ ਮਦਦ ਨਾਲ਼ ਪੰਛੀਆਂ ਨੂੰ ਡਰਾਉਣ/ ਉਡਾਉਣ ਦੇ ਸਬੰਧ ਵਿਚ ਇਕ ਮਾਹਰ ਦਾ ਇਹ ਕਹਿਣ ਹੈ, "ਪੰੰਛੀਆਂ 'ਤੇ ਕਾਬੂ ਪਾਉਣ ਲਈ ਪੰਛੀਆਂ ਨੂੰ ਹੀ ਵਰਤਣ ਦੇ ਢੰਗ ਦੀ ਕਾਮਯਾਬੀ ਇਸ ਹਕੀਕਤ ਉੱਤੇ ਆਧਾਰਤ ਹੈ ਕਿ ਬਹੁਤ ਸਾਰੇ ਪੰਛੀ, ਬਾਜ਼ਾਂ ਅਤੇ ਸ਼ਿਕਰਿਆਂ ਦੀ ਸ਼ਿਕਾਰੀ ਤਬੀਅਤ ਦੀ ਵਜ੍ਹਾ ਨਾਲ਼ ਉਨ੍ਹਾਂ ਤੋਂ ਡਰਿਆ ਕਰਦੇ ਹਨ। ਇਸ ਕਰ ਕੇ ਇਹ ਵੱਡੇ ਪੰਛੀ, ਸਬੰਧਤ ਇਲਾਕੇ ਵਿਚ ਜਿੱਥੇ ਕਿਤੇ ਵੀ ਹੋਣ, ਮਸਲੇ ਪੈਦਾ ਕਰਨ ਵਾਲ਼ੇ ਕਰਨ ਵਾਲ਼ੇ ਪੰਛੀਆਂ ਨੂੰ ਖਿੰਡ-ਪੁੰਡ ਜਾਣ ਲਈ ਮਜਬੂਰ ਕਰਦੇ ਹਨ।"
ਪੰਛੀਆਂ ਨੂੰ ਡਰਾਉਣ ਲਈ ਬਾਜ਼ ਵਰਤਣ ਦੇ ਖ਼ਰਚੇ ਦੀ ਦਰ, ਬਾਜ਼ ਮੁਹੱਈਆ ਕਰਨ ਵਾਲੀਆਂ ਕੰਪਨੀਆਂ ਉੱਤੇ ਨਿਰਭਰ ਕਰਦੀ ਹੈ। ਬਹੁਤ ਸਾਰੀਆਂ ਕੰਪਨੀਆਂ, ਆਪਣੇ ਬਾਜ਼ ਦੇ ਮਿਹਨਤਾਨੇ ਬਾਰੇ ਦੱਸਣ ਤੋਂ ਪਹਿਲਾਂ ਉਸ ਦਾ ਕੰਮ ਦੇਖਣ 'ਤੇ ਜ਼ੋਰ ਦਿੰਦੀਆਂ ਹਨ। ਓਦਾਂ ਕੋਈ ਵੀ ਕੰਪਨੀ ਆਪਣੇ ਬਾਜ਼ ਜਾਂ ਸ਼ਿਕਰੇ ਵੱਲੋਂ ਅੱਧੇ ਤੋਂ ਇਕ ਘੰਟੇ ਤਕ ਕੀਤੀ ਜਾਣ ਵਾਲ਼ੀ 'ਸੇਵਾ' ਬਦਲੇ 60 ਤੋਂ 80 ਪੌਂਡ ਯਾਨੀ ਤਿੰਨ ਘੰਟਿਆਂ ਬਦਲੇ 150 ਪੌਂਡ ਲੈ ਲੈਂਦੀਆਂ ਹਨ।
ਵੈਨਕੂਵਰ ਵਿਚ 'ਟਰਾਂਸਲਿੰਕ' ਨੇ ਸਟੇਸ਼ਨਾਂ ਤੋਂ ਕਬੂਤਰ ਡਰਾਉਣ/ ਉਡਾਉਣ ਲਈ ਬਾਜ਼ਾਂ ਦੀ ਅਜ਼ਮਾਇਸ਼ੀ ਵਰਤੋਂ ਕਰਨ ਖ਼ਾਤਰ 6
ਹਫ਼ਤਿਆਂ ਦਾ ਪ੍ਰਾਜੈਕਟ ਬਣਾਇਆ ਹੈ। ਇਸ ਪ੍ਰਾਜੈਕਟ ਅਧੀਨ, 'ਐਵਰੋ' ਨਾਂ ਦਾ ਬਾਜ਼ ਅਤੇ ਉਸ ਦੀ ਦੇਖ-ਰੇਖ ਕਰਨ ਵਾਲ਼ਾ ਵਿਅਕਤੀ ਕਿਮ ਕਾਮਸਟਰਾ, 'ਸਕਾਈਟਰੇਨ' ਵਿਚ ਸਵਾਰ ਹੋ ਜਾਂਦੇ ਹਨ ਤੇ 'ਐਵਰੋ' ਰਾਹ ਵਿਚ ਆਉਂਦੇ ਸਟੇਸ਼ਨਾਂ ਦੀਆਂ ਪਟੜੀਆਂ ਉੱਤੋਂ ਕਬੂਤਰਾਂ ਨੂੰ ਉਡਾਈ ਜਾਂਦਾ ਹੈ। ਇਹ ਕੰਮ ਕਰਦਿਆਂ ਉਹ ਕਬੂਤਰਾਂ ਉੱਤੇ ਹਮਲਾ ਨਹੀਂ ਕਰਦਾ ਤੇ ਉਨ੍ਹਾਂ ਵੱਲ ਦੇਖ ਕੇ ਜਾਂ ਉਨ੍ਹਾਂ ਨੂੰ ਦਿਸ ਕੇ ਹੀ ਡਰਾ/ ਉਡਾ ਦਿੰਦਾ ਹੈ।
ਕਾਮਸਟਰਾ ਨੇ ਦੱਸਿਆ ਕਿ ਇਕ ਦਿਨ, ਨਿਊ ਵੈਸਟਮਿੰਸਟਰ ਵਿਚ 'ਟਵੈਂਟੀਸੈਕੰਡ ਸਟਰੀਟ' ਸਟੇਸ਼ਨ ਉੱਤੇ 70 ਤੋਂ ਵੱਧ ਕਬੂਤਰ ਸਨ ਤੇ ਇਹ ਪ੍ਰਾਜੈਕਟ ਸ਼ੁਰੂ ਕਰਨ ਦੇ ਤਿੰਨ ਹਫ਼ਤਿਆਂ ਦੌਰਾਨ ਉੱਥੇ ਇਕ ਵੀ ਕਬੂਤਰ ਨਹੀਂ ਦਿਸਦਾ ਸੀ। ਉਸ ਦਾ ਕਹਿਣ ਹੈ, "ਇਹ ਹੈ, ਕਬੂਤਰਾਂ ਉੱਤੇ ਬਾਜ਼ ਦੀ ਮੌਜੂਦਗ਼ੀ ਦਾ ਕੁਦਰਤੀ ਅਸਰ। ਇਸ ਦੌਰਾਨ ਕੁੱਝ ਵੀ ਅਣਮਨੁੱਖੀ ਨਹੀਂ ਹੋਇਆ ਕਿਉਂ ਕਿ 'ਐਵਰੋ' ਮੇਰੇ ਹੱਥ ਉੱਤੇ ਬੈਠਾ ਰਿਹਾ ਤੇ ਉਹ ਕਿਸੇ ਵੀ ਪੰਛੀ ਨੂੰ ਮਾਰਨ ਜਾਂ ਨੁਕਸਾਨ ਪਹੁੰਚਾਉਣ ਖ਼ਾਤਰ ਉੱਡ ਕੇ ਨਹੀਂ ਗਿਆ। ਕਈ ਚੁਸਤ ਕਬੂਤਰ ਤਾਂ ਉਸ ਨੂੰ ਦੇਖਦਿਆਂ ਹੀ 'ਫੁਰਰ' ਹੋ ਜਾਂਦੇ ਰਹੇ।"
'ਸਕਾਈਟਰੇਨ' ਪ੍ਰਾਜੈਕਟ ਦੇ ਮੁਖੀ ਵਿਵੀਅਨ ਕਿੰਗ ਦੇ ਕਹਿਣ ਅਨੁਸਾਰ, ਇਹ ਕਾਮਯਾਬ ਰਿਹਾ ਪਹਿਲਾ ਢੰਗ ਹੈ। ਉਨ੍ਹਾਂ ਨੇ ਕਿਹਾ, "ਅਸੀਂ ਜਾਲ ਵੀ ਵਰਤ ਕੇ ਦੇਖੇ, ਅਸੀਂ ਚੋਭਾਂ ਵੀ ਵਰਤੀਆਂ, ਅਸੀਂ ਬਾਜ਼ਾਂ ਦੀਆਂ ਅਵਾਜ਼ਾਂ ਕੱਢਣ ਦੀਆਂ ਸਾਂਗਾਂ ਲਾ-ਲਾ ਵੀ ਦੇਖ ਲਈਆਂ, ਪਰ ਕਬੂਤਰ ਜਾ-ਜਾ ਕੇ ਮੁੜ ਆਉਂਦੇ ਰਹੇ।"
ਕਾਮਸਟਰਾ ਦੇ ਕਹਿਣ ਅਨੁਸਾਰ, ਪਰ ਹੁਣ ਅਸਲੀ ਬਾਜ਼ ਦਾ ਡਰ ਹੀ ਉਨ੍ਹਾਂ ਨੂੰ ਡਰਾਉਣ ਅਤੇ ਡਰੇ ਰਹਿਣ ਵਿਚ ਕਾਮਯਾਬ ਰਿਹਾ ਹੈ। 'ਐਵਰੋ' ਅਤੇ ਉਸ ਦੀ ਸੰਭਾਲ ਕਰਨ ਵਾਲ਼ੇ 'ਕਾਮਸਟਰਾ' ਦੀ ਜੋੜੀ ਨੇ ਆਪਣਾ ਕੰਮ 'ਟਵੈਂਟੀਸੈਕੰਡ ਸਟਰੀਟ' ਸਟੇਸ਼ਨ ਤੋਂ ਸ਼ੁਰੂ ਕਰ ਕੇ, 'ਵੀ ਸੀ ਸੀ ਕਲਾਰਕ', 'ਬੁੱਰਾਡ', 'ਰੂਪਰਟ', 'ਰੈੱਨਫਰਿਊ' ਅਤੇ 'ਹੋਲਡਮ' ਸਟੇਸ਼ਨਾਂ ਤਕ ਜਾਰੀ ਰੱਖਿਆ। ਹਰ ਸਟੇਸ਼ਨ ਉੱਤੇ ਕਾਮਸਟਰਾ ਗੱਡੀ ਵਿਚੋਂ ਉੱਤਰ ਜਾਂਦਾ ਅਤੇ ਐਵਰੋ ਉਸ ਦੇ ਹੱਥ ਦੀ ਮੁੱਠ ਉੱਤੇ ਬੈਠਾ ਰਹਿੰਦਾ।
ਕਾਮਸਟਰਾ ਦੇ ਕਹਿਣ ਮੁਤਾਬਕ, "ਅਸੀਂ ਇਨ੍ਹਾਂ ਵਿਚੋਂ ਕਿਸੇ ਵੀ ਸਟੇਸ਼ਨ ਉੱਤੇ ਅਚਾਨਕ ਹੀ ਜਾ ਉੱਤਰਦੇ, ਜਿਸ ਨਾਲ਼ ਕਬੂਤਰਾਂ ਨੂੰ ਭੰਬਲਭੂਸਾ ਜਿਹਾ ਪੈ ਜਾਂਦਾ ਕਿਉਂ ਕਿ ਉਹ ਅਚਾਨਕ ਹੀ ਬਾਜ਼ ਨੂੰ ਉੱਥੇ ਦੇਖ ਕੇ ਘਬਰਾ ਜਾਂਦੇ। ਓਦਾਂ ਇਕ ਗੱਲ ਕਬੂਤਰਾਂ ਨੂੰ ਵੀ ਮਹਿਸੂਸ ਹੋ ਗਈ ਕਿ 'ਐਵਰੋ' ਨੇ ਉਨ੍ਹਾਂ ਵਿਚੋਂ ਕਿਸੇ ਦਾ ਵੀ ਸ਼ਿਕਾਰ ਨਹੀਂ ਕੀਤਾ ਸੀ। ਹੈਰਾਨੀ ਵਾਲ਼ੀ ਗੱਲ ਹੈ ਕਿ ਕਬੂਤਰ, 'ਐਵਰੋ' ਨੂੰ ਪਛਾਨਣ ਲੱਗ ਪਏ ਹਨ।"
ਤੁਸੀਂ ਸੋਚਦੇ ਹੋਵੋਗੇ ਕਿ ਇਹ ਬਾਜ਼ ਅਤੇ ਬਾਜ਼ ਵਾਲ਼ਾ ਕਿੱਥੋਂ ਆਏ ਹੋਣਗੇ। ਕਾਮਸਟਰਾ, 'ਰੈਪਟਰਜ਼ ਰਿੱਜ ਬਰਡਜ਼ ਆਫ ਪਰੇਅ ਇੰਕ.' ਦਾ ਭਾਈਵਾਲ ਹੈ। ਉਸ ਦੀ ਇਸ ਰੱਖ ਵਿਚ 20 ਕੰਮ-ਕਾਜੀ ਬਾਜ਼ ਹਨ। ਇਕ ਦਿਨ ਉਹ, 'ਐਵਰੋ' ਦੀ ਥਾਂ ਕੋਈ ਹੋਰ ਬਾਜ਼ ਲੈ ਕੇ ਸਕਾਈਟਰੇਨ ਸਟੇਸ਼ਨਾਂ ਉੱਤੇ ਘੁੰਮਿਆ। ਉਸ ਨੇ ਦੱਸਿਆ ਕਿ ਕਬੂਤਰ ਉਸ ਬਾਜ਼ ਤੋਂ ਵੀ ਡਰਦੇ ਰਹੇ। ਉਸ ਦਾ ਕਹਿਣ ਹੈ ਕਿ ਜੇ ਸਮੁੱਚੇ 'ਸਕਾਈਟਰੇਨ ਨੈੱਟਵਰਕ' ਉੱਤੇ ਗਸ਼ਤ ਕਰਨ ਦੀ ਲੋੜ ਵੀ ਪੈ ਜਾਵੇ ਤਾਂ ਉਸ ਕੋਲ ਇਸ ਕੰਮ ਲਈ ਬਾਜ਼ ਕਾਫੀ ਗਿਣਤੀ ਵਿਚ ਹਨ। ਹਾਂ, ਇਸ ਕੰਮ ਲਈ ਟਰਾਂਸਲਿੰਕ ਨੂੰ ਮੋਟੀ ਰਕਮ ਖ਼ਰਚਣੀ ਪੈ ਸਕਦੀ ਹੈ।
ਵਿਵੀਅਨ ਕਿੰਗ ਦੇ ਕਹਿਣ ਅਨੁਸਾਰ, 6 ਹਫ਼ਤਿਆਂ ਵਿਚ, ਹਰ ਸਟੇਸ਼ਨ ਉੱਤੇ ਇਕ ਦਿਨ ਵਿਚ ਤਿੰਨ ਗੇੜੇ ਮਾਰਨ ਦਾ ਖ਼ਰਚਾ 18,000 ਡਾਲਰ ਬਣਦਾ ਹੈ। 28 ਜਨਵਰੀ ਨੂੰ ਇਹ ਪ੍ਰਾਜੈਕਟ ਸਿਰੇ ਲੱਗ ਜਾਣਾ ਹੈ। ਇਸ ਤੋਂ ਮਗਰੋਂ 'ਟਰਾਂਸਲਿੰਕ' ਦਾ ਅਮਲਾ ਇਸ ਕਾਰਵਾਈ ਦੇ ਨਤੀਜੇ ਦਾ ਵਿਸ਼ਲੇਸ਼ਣ ਕਰੇਗਾ ਤੇ ਆਪਣੀ ਰਿਪੋਰਟ, ਬੋਰਡ ਨੂੰ ਸੌਂਪੇਗਾ। ਬੋਰਡ ਹੀ ਇਸ ਗੱਲ ਦਾ ਫ਼ੈਸਲਾ ਕਰੇਗਾ ਕਿ ਇਹ ਪ੍ਰਾਜੈਕਟ ਜਾਰੀ ਰੱਖਣਾ ਹੈ ਜਾਂ ਨਹੀਂ। ਫ਼ੈਸਲਾ ਕੁੱਝ ਵੀ ਹੋਵੇ, ਜਾਨਵਰਾਂ ਦੀ ਭਲਾਈ ਚਾਹੁਣ ਵਾਲ਼ੇ ਅਤੇ ਸਕਾਈਟਰੇਨ ਵਾਲ਼ੇ ਦੋਵੇਂ ਹੀ ਲੋਕਾਂ ਨੂੰ ਇਹ ਕਹਿ ਰਹੇ ਹਨ ਕਿ ਉਹ ਕਬੂਤਰਾਂ ਨੂੰ ਚੋਗਾ ਪਾਉਣਾ ਬੰਦ ਕਰ ਦੇਣ।
ਵਿਵੀਅਨ ਕਿੰਗ ਦਾ ਕਹਿਣ ਹੈ, "ਮਸਲਾ ਇਹ ਹੈ ਕਿ ਅਸੀਂ ਇਸ ਸਭ ਕੁੱਝ ਨਾਲ਼ ਸਿੱਝਣ ਦੇ ਹੀਲੇ ਕਰਦੇ ਹਾਂ ਤੇ ਕਬੂਤਰ ਹਰਕਤ ਵਿਚ ਰਹਿੰਦੇ ਹਨ ਤੇ ਲੋਕ ਉਨ੍ਹਾਂ ਨੂੰ ਚੋਗਾ ਪਾਈ ਜਾਂਦੇ ਹਨ।"
ਕਾਮਸਟਰਾ ਨੇ ਦੱਸਿਆ ਕਿ ਬੁੱਰਾਡ ਸਟੇਸ਼ਨ ਉੱਤੇ ਲਗਾਏ ਹੋਏ ਇਕ ਬੋਰਡ ਰਾਹੀਂ ਲੋਕਾਂ ਨੂੰ ਇਹ ਚਿਤਾਵਨੀ ਵੀ ਦਿੱਤੀ ਹੋਈ ਹੈ ਕਿ ਪੰਛੀਆਂ ਨੂੰ ਚੋਗਾ ਪਾਉਣਾ ਕਾਨੂੰਨੀ ਉਲੰਘਣਾ ਹੈ। ਇਸ ਨਾਲ਼ ਕਬੂਤਰ ਹੀ ਮੁੜ ਕੇ ਨਹੀਂ ਆ ਜਾਂਦੇ, ਸਗੋਂ ਇਹ ਚੋਗਾ ਕਬੂਤਰਾਂ ਦੀ ਸਿਹਤ ਲਈ ਵੀ ਖ਼ਰਾ ਨਹੀਂ ਹੈ ਤੇ ਕਬੂਤਰਾਂ ਨੂੰ ਖਾਣ ਵਾਲ਼ੇ ਵੱਡੇ ਜਾਨਵਰਾਂ ਲਈ ਵੀ ਚੰਗਾ ਨਹੀਂ ਹੈ। ਵਿਵੀਅਨ ਕਿੰਗ ਨੇ ਵੀ ਇਹ ਬੇਨਤੀ ਕੀਤੀ ਹੈ, "ਕਿਰਪਾ ਕਰ ਕੇ ਪਰਿੰਦਿਆਂ ਨੂੰ ਚੋਗਾ ਨਾ ਪਾਓ, ਅਸੀਂ ਹਰ ਇਕ ਦੇ ਬਚਾਅ ਖ਼ਾਤਰ ਸਿਸਟਮ ਨੂੰ ਰਤਾ ਕੁ ਸੁਥਰਾ ਬਣਾਉਣ ਦੇ ਹੀਲੇ ਕਰ ਰਹੇ ਹਾਂ।"
ਦੇਖੋ ਜੀ, ਬਚਾਅ ਤਾਂ ਇਕੋ ਧਿਰ ਦਾ ਹੋਏਗਾ, ਬੰਦਿਆਂ ਦਾ ਕਰਾ ਲਓ ਜਾਂ ਪੰਛੀਆਂ ਦਾ ਕਰਾ ਲਓ। ਕੀ ਕਹਿੰਦੇ? #
