ਸ਼ਬਦੰਗਲ-41



ਭੰਸਾਲੀ ਦਾ 'ਪਦਮਾਵਤੀ ਤਮਾਸ਼ਾ' ਕੁੱਝ ਬਹੁਤਾ ਹੀ ਮਹਿੰਗਾ ਨਹੀਂ ਰਿਹਾ?
>>>>>>>>>>>>>>>>>><<<<<<<<<<<<<<<<
ਸਿਆਣੇ ਕਹਿੰਦੇ ਹਨ ਪਈ ਨਿਰੇ ਦੁੱਧ ਨਾਲ਼ ਜਾਂ ਨਿਰੇ ਚੌਲ਼ਾਂ ਨਾਲ਼ ਖੀਰ ਨਹੀਂ ਬਣਦੀ।ਖੀਰ ਬਣਾਉਣ ਲਈ ਹੋਰ ਵੀ ਬੜਾ ਕੁੱਝ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਹੀ ਨੋਟਾਂ ਦੀਆਂ ਦੱਥੀਆਂ ਫੂਕਣ ਨਾਲ਼ ਹੀ ਫ਼ਿਲਮਾਂ ਵੀ ਨਹੀਂ ਬਣ ਜਾਂਦੀਆਂ। ਫ਼ਿਲਮਾਂ ਬਣਾਉਣ ਲਈ ਨੋਟ ਖ਼ਰਚਣ ਦੇ ਨਾਲ਼ ਹੀ ਹੋਰ ਵੀ ਬਹੁਤ ਕੁੱਝ ਕਰਨਾ ਪੈਂਦਾ ਹੈ। ਪ੍ਰਚਾਰਿਆ ਜਾ ਰਿਹਾ ਹੈ ਕਿ ਸੰਜੇ ਲੀਲਾ ਭੰਸਾਲੀ ਨੇ 'ਪਦਮਾਵਤੀ' ਜਾਂ 'ਪਦਮਾਵਤ' ਬਣਾਉਣ ਲਈ 200 ਕਰੋੜ ਤੋਂ ਵੱਧ ਰੁਪਏ ਖ਼ਰਚੇ ਹਨ। ਇਸ ਫ਼ਿਲਮ ਦਾ ਵਿਰੋਧ ਕਰਨ ਵਾਲ਼ਿਆਂ ਵੱਲੋਂ ਇਸ ਫ਼ਿਲਮ ਦਾ ਸੈੱਟ ਲੂਹਣ ਸਮੇਤ ਕਈ ਹੋਰ ਥਾਂਈਂ ਅੱਗਾਂ ਲਾਉਣ ਨਾਲ਼ ਵੀ ਕਰੋੜਾਂ ਰੁਪਏ ਦਾ ਮਾਲ-ਮੱਤਾ ਸੜਿਆ ਹੋਵੇਗਾ। ਇੰਨਾ ਨੁਕਸਾਨ ਕਰ ਕੇ, ਫ਼ਿਲਮ ਦੇ ਰੂਪ ਵਿਚ ਜੋ ਸਾਹਮਣੇ ਆਇਆ ਹੈ, ਉਸ ਨੂੰ ਦੇਖ ਕੇ ਲੋਕਾਂ ਨੇ ਭੰਸਾਲੀ ਨੂੰ ਗਾਲ਼ਾਂ ਹੀ ਕੱਢੀਆਂ ਹਨ। ਦੇਖੇ ਬਿਨਾਂ ਹੀ ਇਸ ਫ਼ਿਲਮ ਦਾ ਵਿਰੋਧ ਕਰਨ ਵਾਲ਼ੀ 'ਕਰਨੀ ਸੈਨਾ' ਨੂੰ 'ਬਦਕਰਨੀ ਸੈਨਾ' ਕਿਹਾ ਜਾਣਾ ਵੀ ਸੁਭਾਵਕ ਹੀ ਹੈ।
ਇਹ ਫ਼ਿਲਮ, 1540 ਵਿਚ ਮਲਿਕ ਮੁਹੰਮਦ ਜਾਯਸੀ ਵੱਲੋਂ ਲਿਖੀ ਹੋਈ ਇਕ ਕਵਿਤਾ ਦੇ ਆਧਾਰ 'ਤੇ ਬਣਾਈ ਗਈ ਦੱਸੀ ਜਾਂਦੀ ਹੈ। ਇਸ ਫ਼ਿਲਮ ਦੀ ਪਟਕਥਾ ਵਿਚ ਭੰਸਾਲੀ ਨੇ ਆਪਣੇ ਪੱਲਿਓਂ ਵੀ ਬੜਾ ਕੁੱਝ ਪਾਇਆ ਹੋਵੇਗਾ। ਇਸ ਵਿਚ ਦੀਪਿਕਾ ਪਾਦੂਕੋਨ ਨੇ ਰਾਣੀ ਪਦਮਾਵਤੀ ਦਾ ਕਿਰਦਾਰ ਨਿਭਾਇਆ ਹੈ, ਸ਼ਾਹਿਦ ਕਪੂਰ ਨੇ, ਬੇਮਿਸਾਲ ਹੁਸਨ ਦੀ ਮਲਕਾ ਪਦਮਾਵਤੀ ਦੇ ਪਤੀ ਰਾਜਾ ਰਤਨ ਸਿੰਘ ਦਾ ਕਿਰਦਾਰ ਨਿਭਾਇਆ ਹੈ। ਰਣਵੀਰ ਸਿੰਘ ਨੇ ਅਲਾਓਦੀਨ ਖ਼ਿਲਜੀ ਦਾ ਕਿਰਦਾਰ ਅਦਾ ਕੀਤਾ ਹੈ।ਇਸ ਫ਼ਿਲਮ ਵਿਚ 13ਵੀਂ ਸਦੀ ਦਾ ਜ਼ਮਾਨਾ ਦਿਖਾਇਆ ਗਿਆ ਹੈ।
ਫ਼ਿਲਮ ਬਣਾਉਂਦਿਆਂ ਭੰਸਾਲੀ ਦਾ ਸਾਰਾ ਜ਼ੋਰ ਸ਼ਾਹੀ ਸ਼ਾਨੋ-ਸ਼ੌਕਤ ਦਿਖਾਉਣ ਵਿਚ ਕੋਈ ਕਮੀ ਨਾ ਛੱਡਣ ਵਿਚ ਹੀ ਲੱਗਾ ਹੋਇਆ ਦਿਸਦਾ ਹੈ। ਸਿਨੇਮੈਟੋਗ੍ਰਾਫ਼ਰ ਸੁਦੀਪ ਚੈਟਰਜੀ ਨੇ ਹਰ ਦ੍ਰਿਸ਼ ਵਿਚ ਜਾਨ ਪਾਉਣ ਦਾ ਹੀਲਾ ਕੀਤਾ ਹੋਇਆ ਹੈ। ਕੋਈ ਸਿਨੇਮੈਟੋਗ੍ਰਾਫਰ ਕਿਸੇ ਫ਼ਿਲਮ ਵਿਚ ਜਾਨ ਪਾਉਂਦਿਆਂ ਆਪਣੀ ਜਾਨ ਦੇਣੋਂ ਤਾਂ ਰਿਹਾ ਕਿਉਂ ਕਿ ਨਿਰਦੇਸ਼ਕ ਨੇ ਵੀ ਕੁੱਝ ਕਰਨਾ ਹੁੰਦਾ ਹੈ। ਫ਼ਿਲਮ ਦੇ ਗੀਤ, ਕਹਾਣੀ ਨੂੰ ਅੱਗੇ ਵਧਾਉਣ ਦੀ ਥਾਂ ਉਸ ਦੀ ਚਾਲ ਵਿਚ ਅੜਿੱਕਾ ਪਾਉਂਦੇ ਹੀ ਲੱਗਦੇ ਹਨ। ਪਟਕਥਾ ਕੱਸ ਕੇ, ਫ਼ਿਲਮ ਦੀ ਲੰਬਾਈ ਘਟਾਈ ਜਾ ਸਕਦੀ ਸੀ। ਭਾਰਤ ਵਿਚ ਬਣੀ ਹੁਣ ਤਕ ਦੀ ਸਭ ਤੋਂ ਮਹਿੰਗੀ (ਪਈ) ਇਹ ਫ਼ਿਲਮ 2ਡੀ, 3ਡੀ ਅਤੇ ਇਮੈਕਸ 3ਡੀ ਤਕਨੀਕਾਂ ਵਿਚ ਦਿਖਾਈ ਜਾ ਰਹੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਰਾਣੀ ਪਦਮਾਵਤੀ ਪਹਿਲੀ ਵਾਰੀ ਕਿਸੇ ਫ਼ਿਲਮ ਦਾ ਵਿਸ਼ਾ ਨਹੀਂ ਬਣਾਈ ਗਈ। ਸੰਜੇ ਲੀਲਾ ਭੰਸਾਲੀ ਇਕ ਸਹਾਇਕ ਐਡੀਟਰ ਵਜੋਂ ਇਸ ਵਿਸ਼ੇ ਉੱਤੇ ਪਹਿਲਾਂ ਵੀ ਕੰਮ ਕਰ ਚੁੱਕਾ ਹੈ ਤੇ ਉਹ ਪ੍ਰਾਜੈਕਟ ਸੀ ਟੀਵੀ ਲੜੀਵਾਰ 'ਭਾਰਤ ਏਕ ਖੋਜ', ਜਿਸ ਦੇ ਨਿਰਦੇਸ਼ਕ ਸ਼ਿਆਮ ਬੈਨੇਗਲ ਹਨ। ਇਸ ਲਵੀਵਾਰ ਦੀ ਇਕ ਲੜੀ 'ਪਦਮਾਵਤ' ਦੇ ਸਬੰਧ ਵਿਚ ਸੀ।ਇਸ ਲੜੀ ਵਿਚ ਓਮ ਪੁਰੀ ਨੇ ਅਲਾਓਦੀਨ ਖ਼ਿਲਜੀ ਦਾ ਕਿਰਦਾਰ ਨਿਭਾਇਆ ਸੀ। ਇਹ ਟੀਵੀ ਸੀਰੀਅਲ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਸੀ ਤੇ ਉਸ ਵੇਲ਼ੇ ਕਿਸੇ ਰਾਜਪੂਤ ਨੇ ਇਸ ਦਾ ਵਿਰੋਧ ਨਹੀਂ ਕੀਤਾ ਸੀ।
ਇਸ ਤੋਂ ਇਲਾਵਾ ਰਾਣੀ ਪਦਮਿਨੀ ਦੀ ਕਹਾਣੀ ਦੇ ਆਧਾਰ 'ਤੇ ਭਾਰਤ ਵਿਚ ਹੋਰ ਕਈ ਫ਼ਿਲਮਾਂ ਬਣਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚ, 1930 ਵਿਚ ਦੇਬਕੀ ਬੋਸ ਦੀ ਖ਼ਾਮੋਸ਼ ਫ਼ਿਲਮ 'ਕਾਮੋਨਾਰ ਅਗੁਨ' ਯਾਨੀ 'ਫਲੇਮਜ਼ ਆਫ ਫਲੈੱਸ਼' ਅਤੇ 1964 ਵਿਚ ਬਣਾਈ ਗਈ ਹਿੰਦੀ ਫ਼ਿਲਮ 'ਮਹਾਰਾਨੀ ਪਦਮਿਨੀ' ਵੀ ਸ਼ਾਮਲ ਹਨ। 1963 ਵਿਚ ਇਹ ਕਹਾਣੀ 'ਚਿਤੂਰ ਰਾਨੀ ਪਦਮਿਨੀ' ਸਿਰਲੇਖ ਹੇਠ ਤਾਮਿਲ ਵਿਚ ਫ਼ਿਲਮਾਈ ਗਈ ਸੀ। 2009 ਵਿਚ 'ਸੋਨੀ ਟੀਵੀ' ਤੋਂ ਹਿੰਦੀ ਸੀਰੀਅਲ 'ਚਿਤੌੜ ਕੀ ਰਾਨੀ ਪਦਮਿਨੀ ਕਾ ਜੌਹੜ' ਪ੍ਰਸਾਰਿਆ ਗਿਆ ਸੀ। ਫਿਰ 2017ਵਿਚ ਸੰਜੇ ਲੀਲਾ ਭੰਸਾਲੀ ਨੇ ਅਦਾਕਾਰਾ ਦੀਪਿਕਾ ਪਾਦੂਕੋਨ ਨੂੰ ਪਦਮਿਨੀ ਬਣਾ ਕੇ ਹਿੰਦੀ ਫ਼ਿਲਮ 'ਪਦਮਾਵਤੀ' ਬਣਾਉਣ ਦਾ ਫੈਸਲਾ ਕੀਤਾ।
ਇਸ ਦੌਰਾਨ ਇਹ ਰੌਲ਼ਾ ਪੈ ਗਿਆ ਕਿ ਭੰਸਾਲੀ ਨੇ ਅਲਾਓਦੀਨ ਖ਼ਿਲਜੀ ਅਤੇ ਪਦਮਿਨੀ ਦੇ ਆਪਸ ਵਿਚ ਪਿਆਰ-ਮੁਹੱਬਤ ਕਰਨ ਦੇ ਦ੍ਰਿਸ਼ ਫ਼ਿਲਮਾਏ ਹਨ, ਜਿਨ੍ਹਾਂ ਦੇ ਵਿਰੁੱਧ 'ਸ਼੍ਰੀ ਰਾਜਪੂਤ ਕਰਨੀ ਸੈਨਾ' ਨੇ ਮੁਜ਼ਾਹਰੇ ਕਰਨੇ ਕਰ ਕੇ ਭੰਸਾਲੀ ਦੇ ਸਿਰ ਇਹ ਦੋਸ਼ ਲਾਏ ਸਨ ਕਿ ਉਹ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰ ਰਿਹਾ ਹੈ। ਕੁੱਝ ਲੋਕਾਂ ਨੇ ਭੰਸਾਲੀ ਉੱਤੇ ਹਮਲਾ ਕੀਤਾ ਤੇ ਅੱਗ ਲਾ ਕੇ ਫ਼ਿਲਮ ਦੇ ਸੈੱਟ ਨੂੰ ਵੀ ਨੁਕਸਾਨ ਪਹੁੰਚਾਇਆ। ਇਨ੍ਹਾਂ ਵਿਰੋਧਾਂ ਦੇ ਕਾਰਨ ਹੀ 'ਪਦਮਾਵਤੀ' ਨੂੰ 'ਪਦਮਾਵਤ' ਬਣਾ ਦਿੱਤਾ ਗਿਆ।
ਫ਼ਿਲਮ ਦੇਖਣ ਮਗਰੋਂ ਬਹੁਤ ਸਾਰੇ ਇਤਿਹਾਸਕਾਰਾਂ ਨੇ ਕਿਹਾ ਹੈ ਕਿ ਭੰਸਾਲੀ ਵੱਲੋਂ ਇਸ ਫ਼ਿਲਮ ਵਿਚ, ਰਣਵੀਰ ਸਿੰਘ ਵੱਲੋਂ ਨਿਭਾਏ ਗਏ, ਅਲਾਓਦੀਨ ਖ਼ਿਲਜੀ ਦੇ ਕਿਰਦਾਰ ਨੂੰ ਗ਼ਲਤ ਰੰਗਤ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣ ਹੈ ਕਿ ਉਹ, ਉੱਨਾ ਜ਼ਾਲਮ ਨਹੀਂ ਸੀ, ਜਿੰਨਾ ਭੰਸਾਲੀ ਨੇ ਦਿਖਾਇਆ ਹੈ। ਇਸ ਫ਼ਿਲਮ ਦਾ ਖ਼ਿਲਜੀ, ਫ਼ਿਲਮੀ ਤਾਂ ਹੈ, ਪਰ ਉਸ ਦਾ ਠਾਠ-ਬਾਠ ਸ਼ਾਹਾਨਾ ਨਹੀਂ ਹੈ। ਇਨ੍ਹਾਂ ਇਤਿਹਾਸਕਾਰਾਂ ਦਾ ਖ਼ਿਆਲ ਹੈ ਕਿ ਭੰਸਾਲੀ, ਖ਼ਿਲਜੀ ਅਤੇ ਪਦਮਾਵਤੀ ਦੇ ਚਿੱਤਰਣ ਵਿਚ ਮਾਰ ਖਾ ਗਿਆ ਹੈ। ਅਲਾਓਦੀਨ ਦੇ ਸਮਕਾਲੀ ਕਵੀ ਅਮੀਰ ਖ਼ੁਸਰੋ ਨੇ ਖ਼ਿਲਜੀ ਨੂੰ ਇੰਨਾ ਵਹਿਸ਼ੀ ਨਹੀਂ ਦਰਸਾਇਆ ਸੀ।
ਇਹ ਫ਼ਿਲਮ ਬਣਾਉਣ ਅਤੇ ਰਿਲੀਜ਼ ਕਰਨ ਦੇ ਖ਼ਿਲਾਫ਼ ਕੀਤੇ ਗਏ ਮੁਜ਼ਾਹਰਿਆਂ ਦੇ ਸਬੰਧ ਵਿਚ ਕਿਸੇ ਸਿੱਟੇ ਉੱਤੇ ਪਹੁੰਚਣ ਬਗ਼ੈਰ, ਇਹ ਲੇਖ ਲਿਖਣ ਦਾ ਕੋਈ ਮਕਸਦ ਨਹੀਂ ਰਹਿ ਜਾਵੇਗਾ। ਸੰਜੇ ਲੀਲਾ ਭੰਸਾਲੀ ਭਾਰਤ ਦੀ ਹੁਣ ਤਕ ਦੀ ਬਹੁਤ ਹੀ 'ਸ਼ਾਨਦਾਰ ਫ਼ਿਲਮ' ਵਿਚ ਜਲਾਲੁੱਦੀਨ ਖ਼ਿਲਜੀ (ਰਜ਼ਾ ਮੁਰਾਦ) ਨੂੰ, ਆਪਣੇ ਭਤੀਜੇ/ ਜੁਆਈ ਅਲਾਓਦੀਨ ਖ਼ਿਲਜੀ ਦਾ ਸੁਭਾਅ ਦਰਸਾਉਂਦੀਆਂ ਹਰਕਤਾਂ ਤਾੜਦਾ ਦਿਖਾਉਂਦਾ ਹੈ। ਅਲਾਓਦੀਨ ਖ਼ਿਲਜੀ ਨੂੰ ਕਿਹਾ ਜਾਂਦਾ ਹੈ ਕਿ ਉਹ ਸ਼ੁਤਰਮੁਰਗ਼ ਦਾ ਵਾਲ਼ ਲਿਆਵੇ, ਪਰ ਉਹ ਵਾਲ਼ ਦੀ ਥਾਂ ਸ਼ੁਤਰਮੁਰਗ਼ ਨੂੰ ਨੂੜ ਕੇ ਲੈ ਆਉਂਦਾ ਹੈ। ਉਹ ਇਸ ਤਰ੍ਹਾਂ ਨੱਚਦਾ ਦਿਖਾਇਆ ਗਿਆ ਹੈ ਜਿੱਦਾਂ ਉਹ ਪਾਗਲ ਹੀ ਨਾ ਹੋਵੇ, ਸਗੋਂ ਜਿੱਦਾਂ ਉਸ ਨੂੰ ਨਿਯਮਾਂ ਦੇ ਨਾਲ਼-ਨਾਲ਼ ਆਪਣੀ ਰਾਣੀ ਮੇਹਿਰੂਨਿੱਸਾ (ਅਦਿੱਤੀ ਰਾਓ ਹੈਦਰੀ) ਸਮੇਤ ਹਾਜ਼ਰ ਹੋਰ ਔਰਤਾਂ ਦੀ ਇੱਜ਼ਤ ਦਾ ਵੀ ਕੋਈ ਲਿਹਾਜ਼ ਨਾ ਹੋਵੇ। ਫ਼ਿਲਮ ਦੀ ਪਟਕਥਾ ਵਿਚ ਅਲਾਓਦੀਨ ਖ਼ਿਲਜੀ ਦਾ ਕਿਰਦਾਰ ਲਿਖਣ ਵੱਲ 'ਖ਼ਾਸ ਧਿਆਨ' ਦਿੱਤਾ ਹੋਇਆ ਸਪੱਸ਼ਟ ਦਿਸਦਾ ਹੈ।
ਧੀ ਦਾ ਖ਼ਸਮ
=========
ਇਸ ਟੋਟੇ ਦੇ ਸਿਰਲੇਖ ਤੋਂ ਇਕ ਬਹੁਤੀ ਹੀ ਗੰਦੀ ਗਾਲ਼ ਚੇਤੇ ਆਉਣ ਲਈ ਮੈਂ ਆਪਣੇ ਪਾਠਕਾਂ ਤੋਂ ਮੁਆਫ਼ੀ ਮੰਗਦਾ ਹਾਂ, ਪਰ ਇਹ ਸਤਰਾਂ ਪੜ੍ਹ ਕੇ ਤੁਸੀਂ ਸਮਝ ਜਾਓਗੇ ਕਿ ਇਹ ਸਿਰਲੇਖ ਕਾਫੀ ਢੁੱਕਵਾਂ ਹੈ। ਭਾਰਤ ਦੇ ਸੂਬੇ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲੇ ਦੇ ਇਕ ਪਿੰਡ ਦੇ ਇਕ ੩੬ ਸਾਲਾ ਬੰਦੇ ਨੇ ਆਪਣੀ ਅੱਲ੍ਹੜ ਉਮਰ ਦੀ ਧੀ ਨਾਲ਼ ਵਿਆਹ ਕਰਾਇਆ ਹੋਇਆ ਹੈ। ਉਹ ਬੜੀ ਚਲਾਕੀ ਨਾਲ਼ ਇਸ ਕੁਕਰਮ ਨੂੰ ਜਾਇਜ਼ ਵੀ ਠਹਿਰਾਊਂਦਾ ਹੈ। ਪਿੰਡ ਕਾਸੀਆਝੋਰਾ ਦੇ ਰਹਿਣ ਵਾਲ਼ੇ ਅਫ਼ਜ਼ੂਦੀਨ ਅਲੀ ਨਾਂ ਦੇ ਇਸ ਬੰਦੇ ਦਾ ਕਹਿਣ ਹੈ ਕਿ ਉਸ ਨੇ ਇਹ ਨਿਕਾਹ 'ਅੱਲ੍ਹਾ-ਤਾਲਾ ਦੀ ਇਜਾਜ਼ਤ ਨਾਲ਼' ਕਰਾਇਆ ਹੈ। ਹੁਣ ਉਹ ਕੁੜੀ ਆਪਣੇ ਬਾਪ ਤੋਂ ਗਰਭਵਤੀ ਹੈ। ਇਸ ਮਾਮਲੇ ਵਿਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਕੁੜੀ ਦੀ ਮਾਂ ਯਾਨੀ ਸਬੰਧਤ ਵਿਅਕਤੀ ਦੀ ਬੀਵੀ, ਇਸ ਨਿਕਾਹ ਦੀ ਮੁੱਖ ਗਵਾਹ ਸੀ। ਤਕਰੀਬਨ ਛੇ ਮਹੀਨੇ ਪਹਿਲਾਂ ਇਹ 'ਅਸਾਧਾਰਨ ਵਿਆਹ' ਬਹੁਤ ਹੀ 'ਸਾਧਾਰਨ ਤੇ ਸਾਦਾ ਢੰਗ' ਨਾਲ਼ ਕੀਤਾ ਗਿਆ ਸੀ। ਇਸ ਵਿਆਹ ਦਾ ਭੇਤ ਕੁੜੀ ਦੇ ਗਰਭਵਤੀ ਹੋਣ ਦੀਆਂ ਅਲਾਮਤਾਂ ਜ਼ਾਹਰ ਹੋਣ ਨਾਲ਼ ਖੁੱਲ੍ਹਿਆ ਹੈ।
ਇਹ ਭਾਂਡਾ ਭੱਜਣ ਦੀ ਵਜ੍ਹਾ ਨਾਲ਼ ਪਿੰਡ ਦੇ ਲੋਕਾਂ ਵਿਚ ਰੋਹ ਫੈਲ ਗਿਆ ਤੇ ਉਨ੍ਹਾਂ ਦੇ ਘਰ ਉੱਤੇ ਹਮਲਾ ਕਰਨ ਦੇ ਮਨਸੂਬੇ ਬਣਾਏ ਜਾਣ ਲੱਗ ਪਏ। ਬਨੇਰਹਟ ਥਾਣੇ ਦੀ ਪੁਲਸ ਨੂੰ ਇਨ੍ਹਾਂ ਮਨਸੂਬਿਆਂ ਦੀ ਸੂਹ ਮਿਲ ਗਈ ਤਾਂ ਅਫ਼ਜ਼ੂਦੀਨ ਅਲੀ, ਉਸ ਦੀ ਪਹਿਲੀ ਬੀਵੀ ਸਕੀਨਾ ਅਤੇ 15ਸਾਲਾ ਧੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲਸ ਨੇ ਉਨ੍ਹਾਂ ਤੇਹਾਂ ਨੂੰ ਐੱਸ. ਡੀ. ਓ. ਦੀ ਅਦਾਲਤ ਵਿਚ ਪੇਸ਼ ਕੀਤਾ ਤਾਂ ਮੈਜਿਸਟਰੇਟ ਨੂੰ ਤਿੰਨੇ ਹੀ ਮੁਲਜ਼ਮ ਛੱਡਣੇ ਪਏ ਕਿਉਂ ਕਿ ਇਹ ਮਾਮਲਾ ਉਸ ਦੇ ਕਾਨੂੰਨੀ ਹੱਕਾਂ ਹੇਠ ਨਹੀਂ ਆਉਂਦਾ ਸੀ। ਉਂਜ ਵੀ ਕਿਸੇ ਨੇ ਉਨ੍ਹਾਂ ਵਿਰੁੱਧ ਕੋਈ ਸ਼ਿਕਾਇਤ ਦਰਜ ਨਹੀਂ ਕਰਾਈ ਸੀ। ਪੁਲਸ ਨੇ ਵੀ ਅਫ਼ਜ਼ੂਦੀਨ ਅਲੀ ਦੇ ਖ਼ਿਲਾਫ਼ ਜਬਰ ਜਿੰਨਾਹ ਦਾ ਕੋਈ ਕੇਸ ਨਹੀਂ ਬਣਾਇਆ ਸੀ। ਸੋ ਐੱਸ. ਡੀ. ਓ. ਅਤਾਨੂ ਕੁਮਾਰ ਰੇਅ ਨੇ ਤਿੰਨੇ ਹੀ ਮੁਲਜ਼ਮ ਸਿੱਧੇ ਹੀ ਰਿਹਾਅ ਕਰ ਦਿੱਤੇ ਹਨ।
ਲੱਗਦਾ ਨਹੀਂ, ਪਈ ਸੱਚੀਂ ਹੀ 'ਅੱਲਾ-ਤਾਲਾ' ਦਾ ਬੜਾ ਕਰਮ ਹੈ ਉਨ੍ਹਾਂ ਤੇਹਾਂ ਉੱਤੇ?#