-ਫ਼ਿਲਮ 'ਦ ਪੋਸਟ' ਦੇਖਣ ਮਗਰੋਂ-
'ਅਖ਼ਬਾਰ ਪਰਜਾ ਲਈ ਹੁੰਦਾ ਹੈ ਨਾ ਕਿ ਹੁਕਮਰਾਨਾਂ ਲਈ'
<<<<<<<<<<<<<<<>>>>>>>>>>>>>>
ਜਦੋਂ ਭਾਰਤ ਵਿਚ ਰਾਜਪੂਤਾਂ ਦੀ ਆਣ, ਬਾਣ ਅਤੇ ਸ਼ਾਨ ਦੇ ਕਥਿਤ ਸੁਆਲ ਦੇ ਆਧਾਰ 'ਤੇ ਬਣਾਈ ਦੱਸੀ ਜਾਂਦੀ, ਸੰਜੇ ਲੀਲਾ ਭੰਸਾਲੀ ਦੀ ਦੋ ਕਰੋੜੀ ਫ਼ਿਲਮ 'ਪਦਮਾਵਤ' ਦੀਆਂ ਟਿਕਟਾਂ ਲੈਣ ਲਈ ਲੋਕ ਤਰਲੋਮੱਛੀ ਹੋ ਰਹੇ ਸਨ, ਹਾਲੀਵੁਡ ਦੇ ਨਾਮੀ ਫ਼ਿਲਮਸਾਜ਼ ਸਟੀਵਨ ਸਪੀਲਬਰਗ ਨੇ ਕੋਈ ਬਹੁਤਾ ਰੌਲ਼ਾ ਪਾਏ ਬਗ਼ੈਰ ਹੀ ਆਪਣੀ ਫ਼ਿਲਮ 'ਦ ਪੋਸਟ' ਰਿਲੀਜ਼ ਕਰ ਦਿੱਤੀ ਹੋਈ ਸੀ। ਇਸ ਫ਼ਿਲਮ ਦੀ ਕਹਾਣੀ ਦਾ ਕੇਂਦਰੀ ਤੰਦ ਇਹੋ ਹੀ ਹੈ ਕਿ ਜਿਸ ਅਖ਼ਬਾਰ ਵਿਚ ਅਗਲੇ ਹੀ ਦਿਨ ਜੁੱਤੀਆਂ ਜਾਂ ਪਕੌੜੇ ਲਪੇਟ ਲਏ ਜਾਂਦੇ ਹਨ, ਉਸ ਨੂੰੰ ਸਹੀ ਅਰਥਾਂ ਵਿਚ ਪਾਠਕਾਂ ਤਕ ਪਹੁੰਚਾਉਣ ਲਈ ਸਿਆਹੀ ਹੀ ਨਹੀਂ, ਲਹੂ ਵੀ ਲੱਗਦਾ ਹੈ। ਇਹ ਫ਼ਿਲਮ ਦੇਖਦਿਆਂ, ਜਾਰਜ ਔਰਵੈੱਲ ਦਾ ਉਹ ਕਥਨ ਵੀ ਯਾਦ ਆਉਂਦਾ ਰਿਹਾ, ਜਿਸ ਵਿਚ ਉਨ੍ਹਾਂ ਨੇ ਏਦਾਂ ਕਿਹਾ ਹੋਇਆ ਹੈ, "ਪ੍ਰੈੱਸ ਦੀ ਅਜ਼ਾਦੀ, ਜੇ ਇਸ ਦਾ ਕੋਈ ਅਰਥ ਹੈ ਤਾਂ ਉਹ ਇਹੋ ਹੀ ਹੈ ਕਿ ਅਜ਼ਾਦੀ ਆਲੋਚਨਾ ਕਰਨ ਦੀ ਅਤੇ ਵਿਰੋਧ ਕਰਨ ਦੀ।"
ਪਿਛਲੇ ਸਾਲ ਬਣਨੀ ਸ਼ੁਰੂ ਹੋ ਕੇ ਇਸ ਸਾਲ ਰਿਲੀਜ਼ ਕਰ ਦਿੱਤੀ ਗਈ, ਅੰਗਰੇਜ਼ੀ ਫ਼ਿਲਮ 'ਦ ਪੋਸਟ' ਇਕ ਸਿਆਸੀ ਹੀ ਨਹੀਂ, ਸਨਸਨਖ਼ੇਜ਼ ਫ਼ਿਲਮ ਵੀ ਹੈ। ਇਕ ਇਤਿਹਾਸਕ ਘਟਨਾ ਦੇ ਅਧਾਰ 'ਤੇ ਇਸ ਫ਼ਿਲਮ ਦੀ ਪਟਕਥਾ ਲਿਜ਼ ਹੰਨਾਹ ਅਤੇ ਜੌਸ਼ ਸਿੰਗਰ ਨੇ ਲਿਖੀ ਹੈ। ਅਦਾਕਾਰਾ ਮੈਰਿਲ ਸਟਰੀਪ ਨੇ ਇਸ ਫ਼ਿਲਮ ਵਿਚ 'ਕੈਥਰੀਨ ਗ੍ਰਾਹਮ' ਦਾ ਅਤੇ ਅਦਾਕਾਰ ਟੌਮ ਹੈਂਕਸ ਨੇ 'ਬੈੱਨ ਬ੍ਰੈਡਲੀ' ਦਾ ਕਿਰਦਾਰ ਨਿਭਾਇਆ ਹੈ। ਇਹ ਕਹਾਣੀ 1970 ਵਿਚ ਵਾਪਰਦੀ ਦਿਖਾਈ ਗਈ ਹੈ। 'ਦ ਪੋਸਟ' ਅਸਲ ਵਿਚ 'ਦ ਵਾਸ਼ਿੰਗਟਨ ਪੋਸਟ' ਦੀ ਸੱਚੀ ਕਹਾਣੀ ਦਾ ਫ਼ਿਲਮੀ ਉਤਾਰਾ ਹੀ ਹੈ। ਇਸ ਫ਼ਿਲਮ ਵਿਚ, ਅਮਰੀਕਾ ਅਤੇ ਵੀਅਤਨਾਮ ਵਿਚਾਲ਼ੇ 30 ਸਾਲ ਹੁੰਦੀ ਰਹੀ ਲੜਾਈ ਦੇ ਸਬੰਧ ਵਿਚ ਅਮਰੀਕਾ ਸਰਕਾਰ ਵੱਲੋਂ ਆਪਣੇ ਲੋਕਾਂ ਅੱਗੇ ਬੋਲੇ ਹੋਏ ਵੱਡੇ ਝੂਠਾਂ ਦਾ ਪਰਦਾ ਫ਼ਾਸ਼ ਕਰਨ ਵਾਲ਼ੇ ਦਸਤਾਵੇਜ਼ 'ਪੈਂਟਾਗਨ ਪੋਪਰਜ਼' ਅਖ਼ਬਾਰ ਵਿਚ ਨਸ਼ਰ ਕਰਨ ਦੀ ਕਹਾਣੀ ਦਰਸਾਈ ਗਈ ਹੈ। ਜਹਾਨ ਭਰ ਵਿਚ ਇਸ ਫ਼ਿਲਮ ਨੂੰ ਲੋਕਾਂ ਨੇ ਸਿਰ-ਮੱਥੇ ਚੁੱਕ ਲਿਆ ਹੈ।
ਇਹ ਫ਼ਿਲਮ, ਜਿਸ ਵਿਚ ਅਮਰੀਕਾ ਦੇ ਰਾਸ਼ਟਰਪਤੀਆਂ ਰਿਚਰਡ ਨਿਕਸਨ ਅਤੇ ਡੌਨਲਡ ਟਰੰਪ ਦੀਆਂ ਸਰਕਾਰਾਂ ਵੇਲ਼ੇ ਦੇ ਝਾਉਲੇ ਪੈਂਦੇ ਹਨ, 'ਨੈਸ਼ਨਲ ਬੋਰਡ ਆਫ ਰੀਵਿਊ' ਵੱਲੋਂ ਸਾਲ 2017 ਦੀ ਸਭ ਤੋਂ ਵਧੀਆ ਫ਼ਿਲਮ ਕਰਾਰ ਦਿੱਤੀ ਗਈ ਹੈ। 'ਟਾਈਮ' ਅਤੇ 'ਅਮੈਰੀਕਨ ਫ਼ਿਲਮ ਇੰਸਟੀਚਿਊਟ' ਨੇ ਇਹ ਫ਼ਿਲਮ, ਸਾਲ ਦੀਆਂ 10 ਵੱਡੀਆਂ ਫ਼ਿਲਮਾਂ ਵਿਚ ਸ਼ੁਮਾਰ ਕੀਤੀ ਹੈ। 90ਵੇਂ ਅਕੈਡਮੀ ਐਵਾਰਡਜ਼ ਵਿਚ ਇਸ ਫ਼ਿਲਮ ਨੂੰ 'ਸਭ ਤੋਂ ਵਧੀਆ ਫ਼ਿਲਮ' ਵਜੋਂ ਅਤੇ ਇਸ ਦੀ ਅਦਾਕਾਰਾ ਮੈਰਿਲ ਸਟਰੀਪ ਨੂੰ 'ਵਧੀਆ ਅਦਾਕਾਰਾ' ਵਜੋਂ ਨਾਮਜ਼ਦ ਕੀਤਾ ਗਿਆ ਹੈ। ਹੋਰ ਕਈ ਵੱਡੇ ਇਨਾਮਾਂ ਲਈ ਵੀ ਇਹ ਫ਼ਿਲਮ ਅਤੇ ਇਸ ਦੇ ਅਦਾਕਾਰ ਨਾਮਜ਼ਦ ਕੀਤੇ ਗਏ ਹਨ।
ਇਹ ਫ਼ਿਲਮ ਦਿਖਾਉਂਦੀ ਹੈ ਕਿ 1966 ਵਿਚ ਅਮਰੀਕਾ ਦੇ ਵਿਦੇਸ਼ ਵਿਭਾਗ ਦਾ ਫੌਜੀ ਵਿਸ਼ਲੇਸ਼ਕ ਡੇਨੀਅਲ ਐਲਸਬਰਗ, ਵੀਅਤਨਾਮ ਵਿਚ ਅਮਰੀਕੀ ਫੌਜ ਦੀ ਚੜ੍ਹਤ ਦੀਆਂ ਸਰਜ਼ਰਮੀਆਂ ਦਾ ਵੇਰਵਾ, ਅਮਰੀਕਾ ਦੇ ਰੱਖਿਆ ਮੰਤਰੀ ਰੌਬਰਟ ਮੈਕਨਾਮਰਾ ਖ਼ਾਤਰ ਦਰਜ ਕਰ ਲਈ, ਅਮਰੀਕੀ ਦਸਤਿਆਂ ਨਾਲ਼ ਜੰਗ ਦੇ ਮੁਹਾਜ਼ 'ਤੇ ਜਾਂਦਾ ਹੈ। ਉੱਥੋਂ ਵਾਪਸ ਆਉਂਦਿਆਂ ਹਵਾਈ ਜਹਾਜ਼ ਵਿਚ ਮੈਕਨਾਮਰਾ, ਐਲਸਬਰਗ ਅਤੇ ਰਾਸ਼ਟਰਪਤੀ ਲਿੰਡਨ ਜੌਹਨਸਨ ਨੂੰ ਕਹਿੰਦਾ ਹੈ ਕਿ ਵੀਅਤਨਾਮ ਦੇ ਮਾਮਲੇ 'ਚੋਂ ਕੁੱਝ ਨਹੀਂ ਨਿੱਕਲਣਾ। ਜਹਾਜ਼ ਵਿਚੋਂ ਉੱਤਰਦਿਆਂ ਹੀ ਮੈਕਨਾਮਰਾ ਆਪਣੇ ਪਹਿਲੇ ਕਥਨ ਤੋਂ ਉਲਟ ਜੰਗ ਵਿਚ ਵਿਸ਼ਵਾਸ ਜਤਾਉਂਦਾ ਹੈ। ਐਲਸਬਰਗ ਉਸ ਵੱਲੋਂ ਕੀਤੀ ਹੋਈ ਇਹ ਦੋਗਲੀ ਗੱਲ ਸੁਣ ਲੈਂਦਾ ਹੈ।
ਕਈ ਸਾਲ ਬਾਅਦ ਜਦੋਂ ਐਲਸਬਰਗ, ਸਿਵਲੀਅਨ ਫੌਜੀ ਠੇਕੇਦਾਰ ਕੰਪਨੀ 'ਰੈਂਡ ਕਾਰਪੋਰੇਸ਼ਨ' ਵਿਚ ਕੰਮ ਕਰਦਾ ਹੈ ਤਾਂ ਉਹ ਚੋਰੀ-ਚੋਰੀ, ਵੀਅਤਨਾਮ ਦੀ ਜੰਗ ਸਬੰਧੀ ਰਿਪੋਰਟਾਂ ਦੀਆਂ ਫੋਟੋਕਾਪੀਆਂ ਕਰ ਲੈਂਦਾ ਹੈ। ਫਿਰ ਉਹ, ਇਹ ਦਸਤਾਵੇਜ਼ 'ਦ ਨਿਊ ਯਾਰਕ ਟਾਈਮਜ਼' ਦੇ ਰਿਪੋਰਟਰਾਂ ਨੂੰ ਦੇ ਦਿੰਦਾ ਹੈ। ਦੂਜੇ ਪਾਸੇ 'ਦ ਵਾਸ਼ਿੰਟਨ ਪੋਸਟ' ਦੀ ਪ੍ਰਕਾਸ਼ਕ/ ਮਾਲਕਣ ਕੈਥਰੀਨ ਗ੍ਰਾਹਮ ਆਪਣੇ ਪਤੀ ਫਿਲ ਗ੍ਰਾਹਮ ਅਤੇ ਬਾਪ ਯੂਜੀਨ ਮੇਯਰ ਦੀ ਮੌਤ ਬਾਅਦ ਆਪਣੇ ਅਦਾਰੇ ਦੀ ਕਾਰਗ਼ੁਜ਼ਾਰੀ ਬਿਹਤਰ ਬਣਾਉਣ ਲਈ ਕਈ ਹੀਲੇ ਕਰ ਰਹੀ ਹੈ। ਉਸ ਕੋਲ ਅਖ਼ਬਾਰ ਚਲਾਉਣ ਦਾ ਅਨੁਭਵ ਨਹੀਂ ਹੈ। ਉਸ ਦੇ ਸਲਾਹਕਾਰ ਉਸ ਦੀ ਹਰ ਸਲਾਹ ਰੱਦ ਕਰ ਦਿੰਦੇ ਹਨ। ਇਨ੍ਹਾਂ ਵਿਚ ਹੀ ਉਸ ਦੇ ਅਖ਼ਬਾਰ ਦਾ ਮੁੱਖ ਸੰਪਾਦਕ ਬੈੱਨ ਬ੍ਰੈਡਲੀ ਵੀ ਹੈ। ਬ੍ਰੈਡਲੀ 'ਦ ਨਿਊ ਯਾਰਕ ਟਾਈਮਜ਼' ਵੱਲੋਂ ਆਪਣੀਆਂ ਕੱਢੀਆਂ ਹੋਈਆਂ ਖ਼ਾਸ ਖ਼ਬਰਾਂ ਛਾਪਣ ਤੋਂ ਖਿਝਿਆ ਹੋਇਆ ਹੈ।
ਇਸ ਦੌਰਾਨ ਮੈਕਨਾਮਰਾ ਨੇ ਕੈਥਰੀਨ ਨੂੰ ਦੱਸਿਆ ਕਿ 'ਦ ਟਾਈਮਜ਼' ਜੰਗ ਸਬੰਧੀ ਖ਼ਬਰਾਂ ਵਿਚ ਉਸ ਦਾ ਠੁੱਕ ਬੰਨ੍ਹ ਰਿਹਾ ਹੈ। ਇਸ ਗੱਲ-ਬਾਤ ਵਿਚੋਂ ਹੀ ਇਹ ਗੱਲ ਵੀ ਨਿੱਕਲ ਆਉਂਦੀ ਹੈ ਕਿ ਸਰਕਾਰ ਬਹੁਤ ਸਮੇਂ ਤੋਂ ਵੀਅਤਨਾਮ ਦੀ ਜੰਗ ਬਾਰੇ ਅਮਰੀਕਾ ਦੀ ਜਨਤਾ ਨੂੰ ਹਨ੍ਹੇਰੇ ਵਿਚ ਰੱਖ ਰਹੀ ਹੈ। ਇਹ ਜਾਣਕਾਰੀ ਛਪਣ ਹੀ ਵਾਲ਼ੀ ਸੀ ਕਿ ਇਕ ਅਦਾਲਤ ਨੇ 'ਦ ਟਾਈਮਜ਼' ਨੂੰ ਇਸ ਜਾਣਕਾਰੀ ਦੀਆਂ ਅਗਲੀਆਂ ਕੜੀਆਂ ਛਾਪਣ ਤੋਂ ਰੋਕ ਦਿੱਤਾ।
'ਦ ਪੋਸਟ' ਦੇ ਸਹਾਇਕ ਸੰਪਾਦਕ ਬੈੱਨ ਬਗਡੀਕੀਅਨ ਨੇ ਇਹ ਪਤਾ ਲਗਾ ਲਿਆ ਕਿ ਇਹ ਦਸਤਾਵੇਜ਼ 'ਲੀਕ' ਕਰਨ ਦਾ ਮੁੱਖ ਸੂਤਰ ਐਲਸਬਰਗ ਹੈ। ਐਲਸਬਰਗ ਨੇ ਬਗਡੀਕੀਅਨ ਨੂੰ ਉਨ੍ਹਾਂ ਦਸਤਾਵੇਜ਼ਾਂ ਦੇ ਉਤਾਰੇ ਦੇ ਦਿੱਤੇ, ਜੋ ਉਸ ਨੇ 'ਦ ਟਾਈਮਜ਼' ਨੂੰ ਦਿੱਤੇ ਸਨ। ਇਸ ਫ਼ਿਲਮ ਦੇ ਇਕ ਦ੍ਰਿਸ਼ ਵਿਚ 'ਦ ਪੋਸਟ' ਦੇ ਰਿਪੋਰਟਰਾਂ ਦੀ ਇਕ ਟੀਮ ਇਨ੍ਹਾਂ ਦਸਤਾਵੇਜ਼ਾਂ ਦੇ ਦੱਥਿਆਂ ਵਿਚੋਂ 'ਖ਼ਬਰਾਂ ਦਾ ਮਸਾਲਾ' ਛਾਂਟਦੀ ਦਿਖਾਈ ਗਈ ਹੈ। 'ਦ ਪੋਸਟ' ਦੇ ਵਕੀਲ ਇਹ ਨਸੀਹਤ ਕਰ ਰਹੇ ਹਨ ਕਿ ਇਹ ਸਮੱਗਰੀ ਛਾਪੀ ਨਾ ਜਾਵੇ ਨਹੀਂ ਤਾਂ ਨਿਕਸਨ ਸਰਕਾਰ ਇਸ ਅਖ਼ਬਾਰ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦੇਵੇਗੀ।
ਕਈ ਤਰ੍ਹਾਂ ਦੇ ਦਬਾਅ ਹੇਠੋਂ ਨਿੱਕਲ ਕੇ ਕੈਥਰੀਨ ਗ੍ਰਾਹਮ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ 'ਤੇ ਬਣਾਈਆਂ ਹੋਈਆਂ ਖ਼ਬਰਾਂ ਛਾਪਣ ਲਈ ਤਿਆਰ ਹੋ ਜਾਂਦੀ ਹੈ। ਇਹ ਖ਼ਬਰਾਂ ਛਪਣ 'ਤੇ ਵਾਈਟ ਹਾਊਸ ਨੂੰ ਵੱਟ ਚੜ੍ਹ ਜਾਂਦਾ ਹੈ। ਮਾਮਲਾ ਸੁਪਰੀਮ ਕੋਰਟ ਵਿਚ ਚਲਿਆ ਜਾਂਦਾ ਹੈ। 'ਦ ਪੋਸਟ' ਅਤੇ 'ਦ ਟਾਈਮਜ਼' ਕਟਹਿਰੇ ਵਿਚ ਖੜ੍ਹੇ ਕੀਤੇ ਜਾਂਦੇ ਹਨ। ਸੁਪਰੀਮ ਕੋਰਟ ਵਿਚ ਜਿਊਰੀ 6-3 ਦੇ ਮੁਕਾਬਲੇ ਵਿਚ ਫੈਸਲਾ 'ਦ ਵਾਸ਼ਿੰਗਟਨ ਪੋਸਟ' ਦੀ ਪ੍ਰਕਾਸ਼ਕਾ ਕੈਥਰੀਨ ਗ੍ਰਾਹਮ ਦੇ ਹੱਕ ਵਿਚ ਦੇ ਦਿੰਦੀ ਹੈ।ਇਹ ਫ਼ਿਲਮ, ਜਹਾਨ ਭਰ ਵਿਚ ਸਾਰਥਕ ਪੱਤਰਕਾਰੀ ਦੇ ਹਮਾਇਤੀਆਂ ਨੇ ਬਹੁਤ ਪਸੰਦ ਕੀਤੀ ਹੈ।
'ਐੱਨ ਡੀ ਟੀ ਵੀ' ਦੇ ਸੀਨੀਅਰ ਐਡੀਟਰ ਪ੍ਰਿਯਦਰਸ਼ਨ ਨੇ ਸਿਨੇਮਾ ਦੇ ਦਰਸ਼ਕਾਂ ਨੂੰ ਅਪੀਲ਼ ਕਰਦਿਆਂ ਇਉਂ ਲਿਖਿਆ ਹੋਇਆ ਹੈ, "ਜੇ 'ਪਦਮਾਵਤ' ਬਾਰੇ ਬਹਿਸ ਤੋਂ ਵਿਹਲ ਮਿਲ ਜਾਵੇ ਤਾਂ ਸਟੀਵਨ ਸਪੀਲਬਰਗ ਦੀ ਫ਼ਿਲਮ 'ਦ ਪੋਸਟ' ਦੇਖ ਲਓ। ਵੀਅਤਨਾਮ ਦੀ ਜੰਗ ਦੌਰਾਨ ਅਮਰੀਕੀ ਸਰਕਾਰ ਆਪਣੀ ਹੀ ਜਨਤਾ ਨਾਲ਼ ਝੂਠ ਬੋਲ ਰਹੀ ਹੈ।...ਅਮਰੀਕੀ ਸਵੈਮਾਣ ਦੇ ਨਾਂ 'ਤੇ ਗਭਰੂ ਮੁੰਡੇ ਮਾਰੇ ਜਾ ਰਹੇ ਹਨ। ਇਸ ਸਬੰਧ ਵਿਚ ਖ਼ਬਰਾਂ ਛਪਣ 'ਤੇ ਨਿਆਂਪਾਲਿਕਾ ਨੂੰ ਹਥਿਆਰ ਵਜੋਂ ਵਰਤ ਕੇ ਪ੍ਰੈੱਸ ਦੀ ਅਜ਼ਾਦੀ ਨੂੰ ਮਿੱਧਣ ਦਾ ਹੀਲਾ ਕੀਤਾ ਜਾਣ ਲੱਗਦਾ ਹੈ । ...ਖ਼ਬਰ ਛਪਦੀ ਹੈ, ਸਰਕਾਰ ਸੁਪਰੀਮ ਕੋਰਟ ਤਕ ਪਹੁੰਚਦੀ ਹੈ। ਸੁਪਰੀਮ ਕੋਰਟ ਨੇ ਕਿਹਾ, 'ਅਖ਼ਬਾਰ ਪਰਜਾ ਲਈ ਹੁੰਦਾ ਹੈ, ਹੁਕਮਰਾਨਾਂ ਲਈ ਨਹੀਂ ਹੁੰਦਾ।' ਅਦਾਲਤ ਦੇ ਫੈਸਲੇ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਵਾਈਟ ਹਾਊਸ ਅਮਰੀਕਾ ਨਹੀਂ ਹੈ। ਸਰਕਾਰ ਦੇ ਹਿੱਤ, ਅਮਰੀਕਾ ਦੇ ਹਿੱਤ ਨਹੀਂ ਹਨ। ਸਰਕਾਰ ਦੇ ਖ਼ਿਲਾਫ਼ ਲਿਖਣਾ, ਦੇਸ਼ ਦੇ ਖ਼ਿਲਾਫ਼ ਲਿਖਣਾ ਨਹੀਂ ਹੈ।
"ਇਹ ਕਹਿਣ ਦੀ ਲੋੜ ਨਹੀਂ ਕਿ 'ਦ ਪੋਸਟ' ਦੇਖਦਿਆਂ ਆਪਣਾ ਵਤਨ ਯਾਦ ਆਇਆ, ਉੱਥੋਂ ਦੇ ਅਖ਼ਬਾਰ ਯਾਦ ਆਏ, ਆਪਣੀ 'ਮੋਦੀਆਂ ਵਾਲ਼ੀ' ਸਰਕਾਰ ਯਾਦ ਆਈ। ਜਦੋਂ ਤੁਸੀਂ ਦੇਸ਼-ਭਗਤੀ ਨੂੰ ਪੈਮਾਨਾ ਬਣਾਉਣ ਲੱਗਦੇ ਹੋ ਤਾਂ ਦੇਸ਼ ਛੋਟਾ ਹੋਣ ਲੱਗਦਾ ਹੈ ਤੇ ਸੁਆਰਥ ਵੱਡੇ ਹੋਣ ਲੱਗਦੇ ਹਨ। ਇਹ ਫ਼ਿਲਮ ਦੇਸ਼-ਭਗਤਾਂ ਨੂੰ ਵੀ ਦੇਖਣੀ ਚਾਹੀਦੀ ਹੈ, ਮੀਡੀਆ ਦੇ ਸੰਪਾਦਕਾਂ ਨੂੰ ਵੀ!"
'ਹਿੰਦੁਸਤਾਨ ਟਾਈਮਜ਼' ਨੇ ਇਹ ਫ਼ਿਲਮ 'ਸਾਡੇ ਸਮਿਆਂ ਦੀ ਸਭ ਤੋਂ ਵੱਧ ਬਹਾਦਰੀ ਭਰੀ ਫ਼ਿਲਮ' ਕਰਾਰ ਦਿੱਤੀ ਹੈ ਤੇ ਪੰਜਾਂ ਵਿਚੋਂ ਪੰਜ ਸਟਾਰ ਦਿੱਤੇ ਹਨ। ਰੋਹਣ ਨਾਹਰ ਨੇ ਆਪਣੇ ਰੀਵਿਊ ਵਿਚ ਲਿਖਿਆ ਹੈ ਕਿ ਨਿਊਜ਼ਰੂਮ ਵਿਚ ਹੋਣ ਦਾ ਵੀ ਨਸ਼ਾ ਹੁੰਦਾ ਹੈ, ਇਸ ਗੱਲ ਦਾ ਇਲਮ ਇਹ ਫ਼ਿਲਮ ਦੇਖ ਕੇ ਹੀ ਹੋਇਆ। ਕਿਸੇ ਦਿਨ ਇਹ ਫ਼ਿਲਮ ਉਨ੍ਹਾਂ ਲੋਕਾਂ ਨੂੰ ਹੀ ਦਿਖਾਈ ਜਾਣੀ ਚਾਹੀਦੀ ਹੈ, ਜਿਹੜੇ ਨਿਊਜ਼ਰੂਮ ਵਿਚ ਬੈਠ ਕੇ ਕੰਮ ਕਰਨ ਵਾਲਿਆਂ ਦੇ ਪਿੰਡਿਆਂ ਵਿਚ ਦੌੜਦੀ ਬਿਜਲੀ ਮਹਿਸੂਸ ਕਰਨੀ ਚਾਹੁੰਦੇ ਹੋਣ। ਨਿਊਜ਼ਰੂਮ ਦੇ ਕਿਸੇ ਵੀ ਡੈਸਕ ਉੱਤੇ, ਕਿਸੇ ਵੇਲ਼ੇ ਵੀ ਕੋਈ ਮੀਟਿੰਗ ਸ਼ੁਰੂ ਹੋ ਸਕਦੀ ਹੈ। ਐਡੀਟਰ-ਇਨ-ਚੀਫ਼ ਦਾ ਕਮਰਾ ਕਦੇ ਵੀ ਕਿਸੇ ਛੋਟੇ ਸ਼ਹਿਰ ਦੇ ਕਿਸੇ ਸਰਕਾਰੀ ਦਫ਼ਤਰ ਦੀ ਸ਼ਕਲ ਅਖ਼ਤਿਆਰ ਕਰ ਸਕਦਾ ਹੈ। ਜੋਸ਼ੀਲੇ ਰਿਪੋਰਟਰ ਇਸ ਕਮਰੇ ਵਿਚ ਵੜਦੇ ਹਨ, ਬਾਹਰ ਨਿੱਕਲਦੇ ਹਨ। ਸੱਚੀਂ, ਨਿਊਜ਼ਰੂਮ ਵਿਚ ਕਦੇ ਕਿਸੇ ਤਹਿਜ਼ੀਬੋ-ਤਮੀਜ਼ ਦਾ ਪਹਿਰਾ ਨਹੀਂ ਹੋ ਸਕਦਾ।
ਇਸ ਲਿਹਾਜ਼ ਤੋਂ ਸਟੀਵਨ ਸਪੀਲਬਰਗ ਦੀ ਇਹ ਫ਼ਿਲਮ ਕਿਸੇ ਦਸਤਾਵੇਜ਼ੀ ਫ਼ਿਲਮ ਤੋਂ ਘੱਟ ਨਹੀਂ ਹੈ। ਦੇਖਿਆ ਜਾਵੇ ਤਾਂ ਇਹ ਫ਼ਿਲਮ, ਇਕ ਤਰ੍ਹਾਂ ਨਾਲ਼ 'ਸਟੀਵਨ ਸਪੀਲਬਰਗਾਨਾ ਫ਼ਿਲਮ' ਹੈ, ਸਾਡੇ ਜ਼ਮਾਨੇ ਦੀਆਂ ਸਭ ਤੋਂ ਅਹਿਮ ਫ਼ਿਲਮਾਂ ਵਿਚੋਂ ਇਕ ਹੈ। ਸਰਕਾਰ ਨਾਲ਼ ਪੇਚਾ ਪੈ ਜਾਣ ਦੌਰਾਨ 'ਦ ਪੋਸਟ' ਦਾ ਐਡੀਟਰ-ਇਨ-ਚੀਫ ਬ੍ਰੈਡਲੀ ਅਤੇ ਪ੍ਰਕਾਸ਼ਕਾ ਕੈਥਰੀਨ ਸੰਸਾਰ ਨੂੰ ਇਹ ਦੱਸਣ ਦਾ ਹੀਲਾ ਕਰ ਲੈਂਦੇ ਹਨ ਕਿ ਉਨ੍ਹਾਂ ਦਾ ਅਖ਼ਬਾਰ 'ਦ ਪੋਸਟ' ਖ਼ਬਰਾਂ ਪੜਾ੍ਹਉਣ ਦਾ ਸਾਧਨ ਹੀ ਨਹੀਂ ਹੈ, ਸਗੋਂ ਖ਼ਬਰਾਂ ਕੱਢ-ਲਿਆ ਕੇ ਛਾਪਣ ਦਾ ਸਾਧਨ ਵੀ ਹੈ।
ਇਕ ਦ੍ਰਿਸ਼ ਵਿਚ 'ਦ ਪੋਸਟ' ਦਾ ਮੁੱਖ ਸੰਪਾਦਕ ਇਹ ਕਹਿੰਦਾ ਹੈ, "ਕੀ ਇਹ ਵੀ ਸਾਨੂੰ ਪ੍ਰਸ਼ਾਸਨ ਹੀ ਦੱਸੇਗਾ ਅਸੀਂ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ?" ਇਸ ਫ਼ਿਲਮ ਵਿਚ ਦਿਖਾਇਆ ਹੋਇਆ ਨਿਊਜ਼ਰੂਮ ਸਿਗਰਟਾਂ ਦੇ ਧੂੰਏਂ ਨਾਲ਼ ਵੀ ਭਰਿਆ ਹੋਇਆ ਹੈ। ਜਿਹੜੇ ਪੱਤਰਕਾਰ ਨੇ ਇਹ ਫ਼ਿਲਮ ਨਹੀਂ ਦੇਖੀ, ਉਹ ਹਾਲੇ ਵੀ ਦੇਖ ਲਵੇ। ਅੱਵਲ ਤਾਂ ਹਰ 'ਅਸਲੀ ਪੱਤਰਕਾਰ' ਦੇ ਲੈਪਟਾਪ ਵਿਚ ਇਸ ਫ਼ਿਲਮ ਦੀ ਡਿਜੀਟਲ ਕਾਪੀ ਹੋਣੀ ਚਾਹੀਦੀ ਹੈ। ਇਹ ਹੁਣ ਤੁਸੀਂ ਦੇਖਣਾ ਹੈ ਕਿ ਤੁਸੀਂ ਅਸਲੀ ਪੱਤਰਕਾਰ ਹੋ ਜਾਂ ਸਪਲੀਮੈਂਟੀਏ ਹੋ।#
