ਸ਼ਬਦੰਗਲ-43



ਗਲੀ-ਗਲੀ ਚਰਚੇ ਕਰਾਉਣ ਵਾਲ਼ਾ
  ਹੁਸਨ ਅਸਲ ਵਿਚ ਸ਼ੈਅ ਕੀ ਏ!
>>>>>>>><<<<<<<<
ਕੋ ਸਿਆਣਾ ਹੀ ਹੋਊਗਾ, ਜਿਸ ਨੇ ਇਹ ਕਿਹਾ ਹੋਇਆ ਹੈ ਕਿ ਸਾਨੂੰ ਕਿਸੇ ਦੇ ਚਿਹਰੇ-ਮੁਹਰੇ ਅਤੇ ਰੂਪ-ਰੰਗ ਤੋਂ ਅਗਲੇ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਨਹੀਂ ਲਾ ਲੈਣਾ ਚਾਹੀਦਾ ਕਿਉਂ ਕਿ ਹੁਸਨ ਤਾਂ ਚਮੜੀ ਜਿੰਨਾ ਹੀ ਡੂੰਘਾ ਹੁੰਦਾ ਹੈ। ਓਦਾਂ ਵੀ ਕਿਸੇ ਦਾ ਚਿਹਰਾ-ਮੁਹਰਾ ਅਤੇ ਰੰਗ-ਰੂਪ ਅਗਲੇ ਦੇ ਸੁਭਾਅ ਬਾਰੇ ਕੁੱਝ ਨਹੀਂ ਦੱਸਦੇ। ਇਹੋ ਗੱਲ ਏਦਾਂ ਵੀ ਕਹੀ ਹੋਈ ਹੈ, ਅਖੇ, "ਕਿਸੇ ਦੀ ਦਿੱਖ ਹੀ ਅਕਸਰ ਕਿਸੇ ਦੇਖਣ ਵਾਲ਼ੇ ਨੂੰ ਧੋਖਾ ਦਿੰਦੀ ਹੈ।" ਯਾਨੀ ਬੰਦਾ ਉਹੋ-ਜਿਹਾ ਹੁੰਦਾ ਨਹੀਂ, ਜਿਹੋ-ਜਿਹਾ ਦਿਸਦਾ ਹੈ।
ਇਸ ਸਭ ਕੁੱਝ ਦੇ ਬਾਵਜੂਦ ਕਿਸੇ ਬੰਦੇ ਦਾ ਬਾਹਰੀ ਕਲਬੂਤ ਨਜ਼ਰਅੰਦਾਜ਼ ਕਰਨਾ ਵੀ ਇੰਨਾ ਸੌਖਾ ਨਹੀਂ ਹੈ। ਸੁਨੱਖੇ ਲੋਕ ਬਦੋਬਦੀ ਤੁਹਾਡੀਆਂ ਨਜ਼ਰਾਂ ਆਪਣੇ ਪਿੱਛੇ ਲਾ ਲੈਂਦੇ ਹਨ। ਕਿਸੇ ਵੀ ਸੁਨੱਖੇ ਬੰਦੇ ਜਾਂ ਤੀਵੀਂ ਵੱਲੋਂ ਨਜ਼ਰਾਂ ਹਟਣ ਦਾ ਨਾਂ ਨਹੀਂ ਲਿਆ ਕਰਦੀਆਂ। ਜਿਹੜੇ ਹੁਸਨ ਨੂੰ ਦੇਖਣ ਦੀ ਭੁੱਖ ਨਹੀਂ ਮਰਦੀ, ਜਿਸ ਹੁਸਨ ਦੇ ਚਰਚੇ ਗਲੀ-ਗਲੀ ਅਤੇ ਹੱਟੀਆਂ-ਭੱਠੀਆਂ ਉੱਤੇ ਹੁੰਦੇ ਹੋਣ, ਉਹ ਆਖ਼ਰ ਨੂੰ ਹੈ ਕੀ ਏ, ਉਹ ਆਖ਼ਰ ਨੂੰ ਸ਼ੈਅ ਕੀ ਏ? ਇਸ ਸੁਆਲ ਦਾ ਜੁਆਬ ਟੁੱਕ 'ਤੇ ਡੇਲੇ ਵਰਗਾ ਨਹੀਂ ਹੈ।
ਇਸ ਸੁਆਲ ਦਾ ਜੁਆਬ ਲੱਭਣ ਖ਼ਾਤਰ ਖੋਜੀਆਂ ਨੇ ਬੜੇ ਚਿਰਾਂ ਤੋਂ ਦਿਨ-ਰਾਤ ਇਕ ਕੀਤੇ ਹੋਏ ਹਨ। ਉਨ੍ਹਾਂ ਨੇ ਇਸ ਸਬੰਧ ਵਿਚ ਮਨੁੱਖੀ ਮਨ ਤਾਂ ਹੰਘਾਲ਼ੇ ਹੀ ਹਨ, ਜਾਨਵਰਾਂ ਤਕ ਦਾ ਵਤੀਰਾ ਵੀ ਆਪਣੀ ਖੋਜ ਹੇਠ ਲਿਆਂਦਾ ਹੈ। ਉਨ੍ਹਾਂ ਨੇ ਸੁਨੱਖੇ ਲੋਕਾਂ ਦੀਆਂ ਕੁੱਝ ਸਿਫ਼ਤਾਂ ਛਾਂਟੀਆਂ ਹਨ, ਜਿਨ੍ਹਾਂ ਦੀ ਵਜਾ ਨਾਲ਼ ਉਹ, ਹੋਰ ਲੋਕਾਂ ਦੀਆਂ ਨਜ਼ਰਾਂ ਕੀਲ ਕੇ ਆਪਣੇ ਪਿੱਛੇ ਲਾ ਲੈਂਦੇ ਹਨ। ਵਿਗਿਆਨੀ ਇਸ ਗੱਲ ਦੀ ਥਾਹ ਪਾਉਣ ਦੇ ਹੀਲੇ ਵੀ ਕਰ ਰਹੇ ਹਨ ਕਿ ਹੋ ਸਕਦਾ ਹੈ ਕਿ ਹੁਸਨ ਦੇ ਦੀਵਾਨੇ ਹੋ ਜਾਣ ਦਾ ਕੋਈ ਹਕੀਕੀ ਪੱਖ ਵੀ ਹੋਵੇ। ਕੁੱਝ ਮਨੁੱਖਾਂ ਜਾਂ ਤੀਂਵੀਂਆਂ ਦੀਆਂ ਤਸਵੀਰਾਂ ਦੇਖਦਿਆਂ ਇਹ ਦੱਸਣਾ ਬਹੁਤਾ ਔਖਾ ਨਹੀਂ ਹੈ ਕਿ ਕਿਹੜੇ ਚਿਹਰੇ ਤੁਹਾਡੇ ਦਿਲ ਜਾਂ ਨਜ਼ਰ ਨੂੰ ਧੂਹ ਪਾਉਂਦੇ ਹਨ। ਵੱਖ-ਵੱਖ ਲੋਕ, ਆਪਣੇ ਸੁਹਜ-ਸੁਆਦ ਅਨੁਸਾਰ, ਵੱਖ-ਵੱਖ ਚਿਹਰੇ ਛਾਂਟ ਸਕਦੇ ਹਨ। ਇਸ ਤੋਂ ਬਾਅਦ, ਉਹ ਚਿਹਰੇ ਪਸੰਦ ਕਰਨ ਦੀ ਵਜ੍ਹਾ ਪੁੱਛੇ ਜਾਣ 'ਤੇ ਸ਼ਾਇਦ ਉਹ ਚੋਣਕਾਰ ਕੋਈ ਸਹੀ ਜਾਂ ਠੋਸ ਜੁਆਬ ਨਾ ਹੀ ਦੇ ਸਕਣ।
ਖੋਜੀਆਂ ਨੇ ਕੋਈ ਚਿਹਰਾ ਦਿਲਕਸ਼ ਲੱਗਣ ਦੀ ਵਜ੍ਹਾ ਲੱਭਦਿਆਂ, ਇਸ ਦੀ ਇਕ ਵਜ੍ਹਾ 'ਸਮਰੂਪਤਾ' ਯਾਨੀ 'ਸਿਮਿੱਟਰੀ' ਵੀ ਦੱਸੀ ਹੈ। ਕਿਸੇ ਸਮਰੂਪ ਚਿਹਰੇ ਦੇ ਦੋਵੇਂ ਪਾਸੇ ਇਕੋ-ਜਿਹੇ ਦਿਸਦੇ ਹਨ। ਭਾਵੇਂ ਚਿਹਰੇ ਦੇ ਦੋਵੇਂ ਪਾਸੇ ਇੰਨ-ਬਿੰਨ ਇਕੋ ਜਿਹੇ ਜਾਂ ਸ਼ੀਸ਼ੇ ਵਿਚ ਦਿਸਦੇ ਅਕਸ ਵਰਗੇ ਨਹੀਂ ਹੁੰਦੇ, ਪਰ ਸਾਡੀਆਂ ਅੱਖਾਂ ਨੂੰ ਉਸ ਚਿਹਰੇ ਦੇ ਦੋਹਾਂ ਪਾਸਿਆਂ ਵਿਚ ਇਕਸਾਰਤਾ ਦਿਸਿਆ ਕਰਦੀ ਹੈ।
ਸਕਾਟਲੈਂਡ ਦੀ 'ਯੂਨੀਵਰਿਸਿਟੀ ਔਫ ਸਟੱਰਲਿੰਗ' ਵਿਚ ਕੰਮ ਕਰਦੇ ਮਨੋਵਿਗਿਆਨੀ ਐਂਥਨੀ ਲਿਟਲ ਦਾ ਕਹਿਣ ਹੈ, "ਲੋਕਾਂ ਦੇ ਚਿਹਰੇ ਆਮ ਤੌਰ 'ਤੇ ਇਕਸਾਰਤਾ ਵਿਚ ਬਾਰੀਕ ਜਿਹੇ ਫ਼ਰਕ ਦੀ ਵਜ੍ਹਾ ਨਾਲ਼ ਹੀ ਵੱਖਰੇ-ਵੱਖਰੇ ਹੁੰਦੇ ਹਨ।" ਉਨ੍ਹਾਂ ਦਾ ਇਹ ਕਹਿਣ ਵੀ ਹੈ ਕਿ ਹਰ ਇਕ ਦਾ ਚਿਹਰਾ, ਇਕਸਾਰਤਾ ਦੇ ਪੱਖ ਤੋਂ ਹੀ ਦੂਜੇ ਚਿਹਰਿਆਂ ਨਾਲ਼ੋਂ ਰਤਾ ਕੁ ਅਲੱਗ ਹੁੰਦਾ ਹੈ। ਕਈ ਚਿਹਰੇ ਇਕੋ ਜਿਹੇ ਲੱਗਣ ਦੇ ਬਾਵਜੂਦ ਉਨ੍ਹਾਂ ਵਿਚ ਬਹੁਤ ਸਾਰੀਆਂ ਅਸਮਾਨਤਾਵਾਂ ਹੁੰਦੀਆਂ ਹਨ, ਪਰ ਉਹ ਅਸਮਾਨਤਾਵਾਂ ਮਹੀਨ ਜ਼ਰੂਰ ਹੋ ਸਕਦੀਆਂ ਹਨ ਅਤੇ ਹੋ ਸਕਦਾ ਹੈ ਕਿ ਕੋਈ ਤਿੱਖੀ ਨਜ਼ਰ ਵੀ ਉਨ੍ਹਾਂ ਵਿਚਾਲ਼ੇ ਫ਼ਰਕ ਤਾੜਨ ਜੋਗੀ ਨਾ ਹੋਵੇ।
ਕਿਸੇ ਚਿਹਰੇ ਦੇ ਦਿਲਕਸ਼ ਹੋਣ ਦੀ ਵਜ੍ਹਾ ਉਸ ਦੀਆਂ ਅੱਖਾਂ ਵਿਚਾਲੜਾ ਫ਼ਾਸਲਾ ਵੀ ਹੋ ਸਕਦਾ ਹੈ। ਇਸ ਫ਼ਾਸਲੇ ਦਾ ਇਕ ਖ਼ਾਸ ਹੱਦ ਤੋਂ ਘੱਟ ਜਾਂ ਵੱਧ ਹੋਣਾ ਕਿਸੇ ਨੂੰ ਕਿਸੇ ਹੋਰ ਦੇ ਮੁਕਾਬਲੇ ਕਰੂਪ ਜਾਂ ਘੱਟ ਸੁਨੱਖਾ ਬਣਾ ਸਕਦਾ ਹੈ। 'ਯੂਨੀਵਰਿਸਿਟੀ ਔਫ ਕੈਲਿਫੋਰਨੀਆ', ਸੈਨ ਡੀਆਗੋ ਅਤੇ ਕੈਨੇਡਾ ਦੀ 'ਯੂਨੀਵਰਸਿਟੀ ਔਫ ਟੋਰੌਂਟੋ' ਦੇ ਖੋਜੀਆਂ ਨੇ ਅੱਖਾਂ ਵਿਚਕਾਰਲੇ ਫ਼ਾਸਲੇ ਦਾ ਸਹੀ ਅਨੁਪਾਤ ਖੋਜਿਆ ਹੈ। ਉਨ੍ਹਾਂ ਦਾ ਕਹਿਣ ਹੈ ਕਿ ਅੱਖਾਂ ਦੇ ਆਪਸੀ ਫ਼ਾਸਲੇ ਦੇ ਨਾਲ਼-ਨਾਲ਼, ਅੱਖਾਂ ਅਤੇ ਮੂੰਹ ਵਿਚਾਲੜੇ ਫ਼ਾਸਲੇ ਦੀ ਵੀ ਕਾਫੀ ਅਹਿਮੀਅਤ ਹੈ। ਇਹ ਫ਼ਾਸਲਾ, ਸਬੰਧਤ ਚਿਹਰੇ ਦੀ ਉਚਾਈ ਦੇ ਇਕ-ਤਿਹਾਈ ਤੋਂ ਰਤਾ ਕੁ ਵੱਧ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਕੋਈ ਚਿਹਰਾ ਚੰਗਾ ਲੱਗਣ ਦੇ ਕਈ ਹੋਰ ਮਹੀਨ ਤੋਂ ਮਹੀਨ ਸਬੱਬ ਵੀ ਹੋ ਸਕਦੇ ਹਨ।
'ਯੂਨੀਵਰਸਿਟੀ ਔਫ ਪੈਨਸਿਲਵੇਨੀਆ', ਫਿਲਾਡੇਲਫੀਆ ਵਿਚ ਕੰਮ ਕਰਦੀ ਮਨੋਵਿਗਿਆਨਕਾ ਕੋਰੇਨ ਅਪੀਸੇਲੀਆ ਦਾ ਕਹਿਣ ਹੈ ਕਿ ਮਨੋਵਿਗਿਆਨ ਵਿਚ ਇਹ ਗੱਲ ਬਹੁਤ ਜਾਣੀ-ਪਛਾਣੀ ਹੈ ਕਿ ਜਿਨ੍ਹਾਂ ਚੀਜ਼ਾਂ ਦੇ ਅਸੀਂ ਵਾਕਫ਼ ਹੁੰਦੇ ਹਾਂ, ਉਹ ਸਾਨੂੰ ਆਪਣੇ ਵੱਲ ਵਧੇਰੇ ਖਿੱਚਦੀਆਂ ਹਨ। ਯਾਨੀ ਕਈਆਂ ਦੇ ਹੁਸਨ ਜਾਂ ਸੁਨੱਖੀ ਦਿੱਖ ਦਾ ਅਸਰ ਚਮੜੀ ਤਕ ਹੀ ਸੀਮਤ ਨਾ ਰਹਿ ਕੇ ਉਸ ਦੇ ਧੁਰ ਅੰਦਰ ਤਕ ਹੁੰਦਾ ਹੈ। ਵਿਗਿਆਨੀਆਂ ਨੇ ਬਹੁਤ ਚਿਰ ਪਹਿਲਾਂ ਇਹ ਸਾਬਤ ਕਰ ਦਿੱਤਾ ਸੀ ਕਿ ਸੁਨੱਖੇ ਚਿਹਰਿਆਂ ਵਾਲ਼ੇ ਲੋਕਾਂ ਵੱਲ ਵਿਸ਼ੇਸ਼ ਧਿਆਨ ਹੀ ਨਹੀਂ ਦਿੱਤਾ ਜਾਂਦਾ, ਉਨ੍ਹਾਂ ਨੂੰ ਵਿਸ਼ੇਸ਼ ਰਿਆਇਤਾਂ ਵੀ ਦਿੱਤੀਆਂ ਜਾਂਦੀਆਂ ਹਨ। ਦਿਲਕਸ਼ ਅਤੇ ਸੁਨੱਖੇ ਲੋਕਾਂ ਨੂੰ, ਉਨ੍ਹਾਂ ਦੇ ਮੁਕਾਬਲੇ ਘੱਟ ਸੁਨੱਖੇ ਲੋਕਾਂ ਤੋਂ ਪਹਿਲਾਂ ਨੌਕਰੀਆਂ ਮਿਲਣ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ। ਸੁਨੱਖੇ ਲੋਕ, ਕੁਹਜਿਆਂ ਦੇ ਮੁਕਾਬਲੇ ਵਧੇਰੇ ਕਮਾਉਂਦੇ ਹਨ। ਸੁਨੱਖੇ ਲੋਕਾਂ ਦੇ ਦੋਸਤ ਛੇਤੀ ਹੀ ਨਹੀਂ ਬਣਦੇ, ਜ਼ਿਆਦਾ ਵੀ ਬਣਦੇ ਹਨ।
ਇਹ ਲੇਖ ਲਿਖਣ ਦੀ ਪ੍ਰੇਰਨਾ, ਅਮਰੀਕਾ ਦੇ ਕੰਸਾਸ ਸਿਟੀ ਵਿਚ ਰਹਿੰਦੀ ਇਕ ਅਜ਼ਾਦ ਪੱਤਰਕਾਰਾ ਵੱਲੋਂ ਕੀਤੇ ਗਏ, ਜਿਸ ਸਮਾਜਕ ਪ੍ਰਯੋਗ ਨੇ ਦਿੱਤੀ ਹੈ, ਉਸ ਦਾ ਜ਼ਿਕਰ ਕਰਨਾ ਵੀ ਬਣਦਾ ਹੈ। ਈਸਥਰ ਹੌਨਿਗ ਨਾਂ ਦੀ ਇਸ ਪੱਤਰਕਾਰਾ ਨੇ ਆਪਣੇ ਚਿਹਰੇ ਦੀ ਇਕ ਤਸਵੀਰ ਖਿੱਚ ਕੇ ਉਸ ਦੀਆਂ ਕਾਪੀਆਂ 25 ਤੋਂ ਵੱਧ ਮੁਲਕਾਂ ਨੂੰ ਭੇਜੀਆਂ ਤਾਂ ਕਿ ਉਨ੍ਹਾਂ ਮੁਲਕਾਂ ਵਿਚ ਸੁਹੱਪਣ ਦੇ ਮਿਆਰ ਪਰਖ਼ੇ ਜਾ ਸਕਣ। ਇਸ ਬੀਬੀ ਨੇ ਵੱਖ-ਵੱਖ ਮੁਲਕਾਂ ਦੇ ਫੋਟੋਸ਼ਾਪਿੰਗ-ਕਾਰੀਗ਼ਰਾਂ ਨੂੰ ਆਪਣੀ ਫੋਟੋ ਦੇ ਉਤਾਰੇ ਭੇਜਦਿਆਂ ਬੇਨਤੀ ਕੀਤੀ ਕਿ ਉਹ ਆਪਣੇ-ਆਪਣੇ ਮੁਲਕ ਦੇ, ਹੁਸਨ ਸਬੰਧੀ ਮਿਆਰਾਂ ਵੱਲ਼ ਧਿਆਨ ਦਿੰਦਿਆਂ, ਫੋਟੋਸ਼ਾਪਿੰਗ ਦੀ ਮਦਦ ਨਾਲ਼, ਉਸ ਫੋਟੋ ਵਿਚ ਉਸ ਦੇ ਚਿਹਰੇ ਦਾ ਸ਼ਿੰਗਾਰ ਕਰ ਕੇ ਫੋਟੋ ਵਾਪਸ ਭੇਜਣ। ਉਸ ਨੇ ਆਪਣੀ ਤਸਵੀਰ ਦੀਆਂ ਕਾਪੀਆਂ, ਸਾਰੇ ਜਹਾਨ ਵਿਚ ਫੋਟੋਸ਼ਾਪਿੰਗ ਦੇ 40 ਕਾਰੀਗ਼ਰਾਂ ਨੂੰ ਭੇਜੀਆਂ ਤੇ ਨਾਲ਼ ਹੀ ਇਕ ਸੁਨੇਹਾ ਭੇਜਿਆ, ਜਿਸ ਵਿਚ ਉਸ ਨੇ ਉਨ੍ਹਾਂ ਨੂੰ, 'ਮੈਨੂੰ ਸੁਨੱਖੀ ਬਣਾ ਦਿਓ" ਕਿਹਾ ਹੋਇਆ ਸੀ। ਜਿਵੇਂ ਦੱਸਿਆ ਜਾ ਚੁੱਕਾ ਹੈ, ਇਸ ਤਰ੍ਹਾਂ ਕਰਨ ਪਿੱਛੇ ਉਸ ਦਾ ਮਕਸਦ ਵੱਖ-ਵੱਖ ਦੇਸ਼ਾਂ ਦੇ ਸਭਿਆਚਾਰਾਂ ਵਿਚ ਸੁੰਦਰਤਾ ਸਬੰਧੀ ਮਿਆਰ ਜਾਨਣਾ ਸੀ।
ਉਸ ਨੇ ਆਪਣੇ ਇਸ ਪ੍ਰਾਜੈਕਟ ਦਾ ਸਿਰਲੇਖ 'ਬੀਫੋਰ ਐਂਡ ਆਫਟਰ' ਯਾਨੀ 'ਸ਼ਿੰਗਾਰ ਕਰਨ ਤੋਂ ਪਹਿਲਾਂ ਅਤੇ ਮਗਰੋਂ' ਰੱਖਿਆ। ੨੫ ਤੋਂ ਵੱਧ ਮੁਲਕਾਂ ਦੇ ਫੋਟੋਸ਼ਾਪ ਕਾਰੀਗ਼ਰਾਂ ਨੇ ਹੌਨਿਗ ਦੀ ਫੋਟੋ ਉੱਤੇ ਕਾਰੀਗ਼ਰੀ ਕਰ ਕੇ ਫੋਟੋ ਵਾਪਸ ਭੇਜੀਆਂ। ਉਸ ਨੂੰ ਉਮੀਦ ਸੀ ਕਿ ਹਰ ਮੁਲਕ ਦਾ ਕਾਰੀਗ਼ਰ ਉਸ ਦੀ ਫੋਟੋ ਵਿਚ ਆਪਣੇ ਮੁਲਕ ਦੀਆਂ, ਸੁਹੱਪਣ ਸਬੰਧੀ ਮਾਨਤਾਵਾਂ ਦੇ ਹਿਸਾਬ ਨਾਲ਼ ਸਿਫ਼ਤੀ ਅਦਲਾ-ਬਦਲੀ ਕਰੇਗਾ, ਪਰ ਉਹ ਦੇਖ ਕੇ ਹੈਰਾਨ ਹੀ ਰਹਿ ਗਈ ਕਿ ਕੁੱਝ ਤਸਵੀਰਾਂ ਤਾਂ ਕੁੱਝ ਤੋਂ ਕੁੱਝ ਹੋਰ ਹੀ ਬਣਾ ਦਿੱਤੀਆਂ ਗਈਆਂ ਸਨ। ਉਸ ਨੇ ਆਪਣੇ ਇਸ ਪ੍ਰਯੋਗ ਬਾਰੇ ਰੌਸ਼ਨੀ ਪਾਉਣ ਦੌਰਾਨ ਕਿਹਾ, "ਕੁੱਝ ਤਸਵੀਰਾਂ ਵਿਚ ਕੀਤੀਆਂ ਤਬਦੀਲੀਆਂ ਦੇਖ ਕੇ ਤਾਂ ਮੇਰਾ ਦਿਲ ਚੀਕਾਂ ਮਾਰਨ ਨੂੰ ਵੀ ਕੀਤਾ। ਮੋਰੱਕੋ ਤੋਂ ਭੇਜੀ ਗਈ ਮੇਰੀ ਤਸਵੀਰ ਵਿਚ ਮੈਨੂੰ ਉੱਥੋਂ ਵਾਲ਼ਾ ਲਿਬਾਸ ਵੀ ਪੁਆ ਦਿੱਤਾ ਗਿਆ। ਇਹ ਤਸਵੀਰ ਦੇਖਦਿਆਂ ਤਾਂ ਮੇਰਾ ਸਾਹ ਰੁਕੂੰ-ਰੁਕੂੰ ਕਰਦਾ ਰਿਹਾ ਕਿਉਂ ਕਿ ਇਸ ਤਸਵੀਰ ਤੋਂ ਮੇਰੀ ਨਜ਼ਰ ਹਟ ਨਹੀਂ ਰਹੀ ਸੀ।" 
ਉਸ ਨੇ ਦੱਸਿਆ ਕਿ ਹਰ ਤਸਵੀਰ ਕਿਸੇ ਨਾ ਕਿਸੇ ਮੁਲਕ ਦੇ ਸਭਿਆਚਾਰ ਤੇ ਹੁਸਨ ਦੀ ਦਿਲਚਸਪ ਕਹਾਣੀ ਸੁਣਾਉਂਦੀ ਹੈ। ਇਸ ਪ੍ਰਾਜੈਕਟ ਦਾ ਸਮੁੱਚਾ ਪ੍ਰਭਾਵ ਬਹੁਤ ਚੰਗਾ ਰਿਹਾ। ਇਸ ਨਾਲ਼ ਇਸ ਤਰ੍ਹਾਂ ਦੇ ਹੋਰ ਕੌਮਾਂਤਰੀ ਪ੍ਰਯੋਗ ਕਰਨ ਦਾ ਰਾਹ ਖੁੱਲ੍ਹਿਆ ਹੈ। ਇਸ ਨਾਲ਼ ਇਕ ਬਹੁਪੱਖੀ ਸੰਵਾਦ ਛਿੜਨ ਦੀ ਸੰਭਾਵਨਾ ਵੀ ਪੈਦਾ ਹੋਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੁੱਝ ਮੁਲਕਾਂ ਤੋਂ ਕਈ-ਕਈ ਕਲਾਕਾਰਾਂ ਨੇ ਆਪੋ-ਆਪਣੇ ਕੰਮ ਦੇ ਨਮੂਨੇ ਭੇਜੇ ਹਨ, ਜਿੱਦਾਂ ਭਾਰਤ ਵਿਚੋਂ ਵੱਖ-ਵੱਖ ਛੁਹਾਂ ਵਾਲ਼ੀਆਂ ਤਿੰਨ ਤਸਵੀਰਾਂ ਆਈਆਂ ਹਨ। ਇਸ ਕੁੜੀ ਵੱਲੋਂ ਇਹ ਪ੍ਰਯੋਗ ਕਰਨ ਨਾਲ਼ ਸੰਸਾਰ ਭਰ ਦੇ ਮੁਲਕਾਂ ਵਿਚਾਲੜਾ ਆਪਸੀ ਫ਼ਾਸਲਾ ਹੋਰ ਵੀ ਘਟ ਗਿਆ ਨਹੀਂ ਲੱਗਦਾ? ਲੱਗਦਾ ਨਹੀਂ ਪਈ ਇਹ ਰੰਗਲੀ ਦੁਨੀਆ, ਦਿਨੋ-ਦਿਨ ਹੋਰ ਵੀ ਰੰਗਲੀ ਹੋਈ ਜਾ ਰਹੀ ਹੈ?#