ਸ਼ਬਦੰਗਲ-44


ਅਜੇ ਹੋਰ ਕਿਹੜੀ-ਕਿਹੜੀ ਚੋਟੀ ਸਰ ਕਰਨੀ ਏ ਬਾਦਸ਼ਾਹੋ?
>>>>>>>>>>>>>><<<<<<<<<<<<<<
ਮਸਤੰਸਰ ਹੁਸੈਨ ਤਾਰੜ, ਜੀ ਹਾਂ, ਇਹੋ ਨਾਂ ਏ ਇਸ ਬੰਦੇ ਦਾ। ਮੈਂ ਲਿਖਣ ਲੱਗੇ ਨੇ ਚਾਰ ਵਾਰ ਕੱਟਿਆ, ਤੁਸੀਂ ਸਹੀ ਬੋਲਣ ਲਈ ਪੰਜ-ਛੇ ਹੀਲੇ ਤਾਂ ਕਰੋਗੇ ਹੀ। ਪਾਕਿਸਤਾਨ ਵਿਚ ਇਕ ਆਦਮੀ ਦੀ ਕਾਰ ਦੇ ਕਾਗ਼ਜ਼ ਪੂਰੇ ਨਹੀਂ ਸਨ ਤੇ ਉਹ ਟਰੈਫਿਕ ਪੁਲੀਸ ਦੇ ਅੜਿੱਕੇ ਆ ਗਿਆ। ਬੰਦਾ ਮਿੰਨਤਾਂ ਕਰੀ ਜਾਵੇ ਕਿ ਉਸ ਦਾ ਚਲਾਨ ਨਾ ਕੀਤਾ ਜਾਵੇ।
"ਇਕ ਸ਼ਰਤ 'ਤੇ ਜਾਣ ਦਿਆਂਗਾ," ਪੁਲਸ ਵਾਲ਼ੇ ਨੇ ਕਿਹਾ।
"ਹੁਕਮ ਕਰੋ," ਗੱਡੀ ਵਾਲ਼ਾ ਬੋਲਿਆ।
"ਦਸ ਵਾਰ ਸਹੀ-ਸਹੀ 'ਮਸਤੰਸਰ ਹੁਸੈਨ ਤਾਰੜ' ਕਹਿ ਦੇ, ਤੇਰਾ ਚਲਾਨ ਨਹੀਂ ਕਰਦੇ," ਪੁਲਸ ਵਾਲ਼ੇ ਨੇ ਕਿਹਾ। ਗੱਡੀ ਵਾਲ਼ਾ ਤਿੰੰਨ ਕੁ ਵਾਰ ਇਹ ਨਾਂ ਸਹੀ ਬੋਲਣ ਦੇ ਹੀਲੇ ਕਰਨ ਮਗਰੋਂ ਬੋਲਿਆ, "ਜਨਾਬ ਚਲਾਨ ਹੀ ਕਰ ਦਿਓ।" ਪਿਛਲੇ ਦਿਨੀਂ ਪਾਕਿਸਤਾਨ ਦੇ ਕਿਸੇ ਟੀਵੀ ਚੈਨਲ ਤੋਂ ਇਸ ਬੰਦੇ ਨੂੰ ਇੰਟਰਵਿਊ ਦਿੰਦਿਆਂ ਦੇਖਿਆ ਤਾਂ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ ਲੱਗੀ। ਇਸ ਅੰਗਰੇਜ਼ੀ ਮਹੀਨੇ ਦੀ ਸੰਗਰਾਂਦ ਨੂੰ ਯਾਨੀ ਪਹਿਲੀ ਮਾਰਚ ਨੂੰ ਇਹ ਆਦਮੀ ਇਕ ਘੱਟ ਅੱਸੀ ਸਾਲਾਂ ਦਾ ਹੋਇਆ ਹੈ। ਇਹ ਲੇਖ ਲਿਖ ਕੇ ਮੈਂ ਉਸ ਦਾ ਜਨਮ ਦਿਨ ਹੀ ਮਨਾ ਰਿਹਾ ਹਾਂ। ਇਹ ਬੰਦਾ ਆਪਣੇ ਨਾਂ ਦੇ ਔਖੇ ਉਚਾਰਣ ਦੀ ਵਜ੍ਹਾ ਨਾਲ਼ ਹੀ ਮਸ਼ਹੂਰ ਨਹੀਂ ਹੈ, ਇਸ ਨੇ ਪਾਕਿਸਤਾਨ ਅੰਦਰ ਕਈ ਰਵਾਇਤਾਂ ਚਲਾਈਆਂ ਹੋਈਆਂ ਹਨ। ਮੋਟੇ ਤੌਰ 'ਤੇ ਮਸਤੰਸਰ ਹੁਸੈਨ ਤਾਰੜ ਇਕ ਲੇਖਕ, ਸਫ਼ਰਨਾਮਾ ਲੇਖਕ, ਨਾਵਲਕਾਰ, ਕਾਲਮਨਵੀਸ, ਡਰਾਮਾਨਵੀਸ, ਟੀਵੀ ਹੋਸਟ ਅਤੇ ਹੋਰ ਪਤਾ ਨਹੀਂ ਕੀ-ਕੀ ਹੈ। 1939 ਦੀ ਪਹਿਲੀ ਮਾਰਚ ਨੂੰ ਪਾਕਿਸਤਾਨੀ ਪੰਜਾਬ ਦੇ ਜ਼ਿਲਾ ਮੰਡੀ ਬਹਾਉੱਦੀਨ ਦੇ ਪਿੰਡ ਜੋਕਲੀਆਂ ਵਿਚ ਰਹਿਮਤ ਤਾਰੜ ਦੇ ਘਰ ਪੈਦਾ ਹੋਏ ਮਸਤੰਸਰ ਹੁਸੈਨ ਨੇ ਸੁਰਤ ਸੰਭਾਲਦਿਆਂ ਹੀ ਆਪਣੇ ਅੱਬੂ ਨੂੰ 'ਕਿਸਾਨ ਐਂਡ ਕੰਪਨੀ' ਨਾਂ ਦੀ ਇਕ ਦੁਕਾਨ ਉੱਤੇ ਕਾਸ਼ਤਕਾਰਾਂ ਨੂੰ ਬੀਜ ਵੇਚਦਿਆਂ ਦੇਖਿਆ ਸੀ। ਬਾਅਦ ਵਿਚ ਬੀਜ ਦੇ ਇਸ ਸਟੋਰ ਨੂੰ ਬੜੇ ਭਾਗ ਲੱਗੇ। ਉਨ੍ਹਾਂ ਦੇ ਮਾਪੇ ਉਸ ਨੂੰ ਇਸ ਨਾਂ ਨਾਲ਼ ਕਿਵੇਂ ਬੁਲਾਉਂਦੇ ਹੋਣਗੇ, ਇਸ ਦਾ ਤਾਂ ਇਲਮ ਨਹੀਂ, ਸਾਨੂੰ ਤਾਂ ਇਹ ਨਾਂ ਘੜੀ-ਮੁੜੀ ਲਿਖਣਾ ਹੀ ਬਹੁਤਾ ਔਖਾ ਹੋਇਆ ਪਿਆ ਹੈ। ਇਹ ਲੇਖ ਲਿਖਦਿਆਂ ਕਈ ਵਾਰੀ ਖ਼ਿਆਲ ਆਇਆ ਕਿ ਮਸਤੰਸਰ ਹੁਸੈਨ ਤਾਰੜ ਦੀ ਥਾਂ 'ਮਸਤ' ਲਿਖ ਕੇ ਹੀ ਸਾਰ ਲਵਾਂ, ਪਰ ਫਿਰ ਖ਼ਿਆਲ ਆਇਆ ਕਿ ਉਨ੍ਹਾਂ ਦਾ ਨਾਮ ਬਦਲਣ-ਵਿਗਾੜਨ 'ਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਮੇਰੇ ਦੁਸ਼ਮਣ ਬਣ ਜਾਣਗੇ।
ਤਾਰੜ ਨੇ ਲਾਹੌਰ ਦੇ 'ਰੰਗ ਮਹੱਲ ਮਿਸ਼ਨ ਹਾਈ ਸਕੂਲ' ਅਤੇ 'ਮੁਸਲਿਮ ਮਾਡਲ ਸਕੂਲ' ਤੋਂ ਮੁਢਲੀ ਪੜ੍ਹਾਈ ਕੀਤੀ ਤੇ ਲਾਹੌਰ ਦੇ ਹੀ 'ਗਵਰਨਮੈਂਟ ਕਾਲਜ' ਤੋਂ ਉਚੇਰੀ ਸਿੱਖਿਆ ਹਾਸਲ ਕੀਤੀ। ਫੇਰ ਉਹ, ਲ਼ੰਡਨ ਵਿਚ ਵੀ ਪੜ੍ਹਾਈ ਕਰਦੇ ਰਹੇ। ਲੰਡਨ ਵਿਚ ਉਨ੍ਹਾਂ ਨੇ ਬਹੁਤਾ ਸਮਾਂ ਫ਼ਿਲਮਾਂ ਦੇਖਣ, ਦੋਸਤਾਂ ਨਾਲ਼ ਫਿਰਨ-ਤੁਰਨ ਅਤੇ ਕਿਤਾਬਾਂ ਪੜ੍ਹਨ ਵਿਚ ਬਿਤਾਇਆ। 
1958 ਵਿਚ ਉਨ੍ਹਾਂ ਨੇ ਮਾਸਕੋ ਵਿਚ ਹੋਏ 'ਵਰਲਡ ਯੂਥ ਫੈਸਟੀਵਲ' ਵਿਚ ਸ਼ਿਰਕਤ ਕੀਤੀ। ਬਾਅਦ ਵਿਚ ਉਨ੍ਹਾਂ ਨੇ 'ਫ਼ਾਖ਼ਤਾ' ਸਿਰਲੇਖ ਹੇਠ ਇਕ ਕਿਤਾਬ ਲਿਖੀ, ਜੋ ਇਸ ਮੇਲੇ ਵਿਚ ਹੋਏ ਅਨੁਭਵ ਉੱਤੇ ਆਧਾਰਤ ਸੀ। ਹੁਣ ਤਕ ਉਹ, ਅੱਧ ਸੈਂਕੜੇ ਤੋਂ ਵੱਧ ਕਿਤਾਬਾਂ ਲਿਖ ਚੁੱਕੇ ਹਨ, ਜਿਨ੍ਹਾਂ ਵਿਚ ਕਈ ਨਾਵਲ ਤੇ ਕਹਾਣੀ ਸੰਗ੍ਰਹਿ ਵੀ ਸ਼ਾਮਲ ਹਨ। ਉਨ੍ਹਾਂ ਦੀ ਪਹਿਲੀ ਕਿਤਾਬ 'ਨਿਕਲੇ ਤੇਰੀ ਤਲਾਸ਼ ਮੇਂ' ਸੀ, ਜੋ 1971 ਵਿਚ ਛਪਿਆ ਯੂਰਪ ਦਾ ਸਫ਼ਰਨਾਮਾ ਸੀ। ਇਹ ਕਿਤਾਬ ਲਿਖਣ ਤੋਂ ਪਹਿਲਾਂ ਉਨ੍ਹਾਂ ਨੇ 17 ਯੂਰਪੀ ਮੁਲਕਾਂ ਦਾ ਸਫ਼ਰ ਕੀਤਾ। ਇਸ ਸਫ਼ਰਨਾਮੇਂ ਨਾਲ਼ ਉਨ੍ਹਾਂ ਨੇ ਉਰਦੂ ਅਦਬ ਵਿਚ ਇਕ ਨਵੇਂ ਰੁਝਾਨ ਦੀ ਸ਼ੁਰੂਆਤ ਕੀਤੀ। 
ਕਈ ਸਾਲ ਟੈਲੀਵਿਜਨ ਅਦਾਕਾਰ ਰਹਿਣ ਮਗਰੋਂ ਉਹ, 1988 ਤੋਂ ਲੈ ਕੇ ਕਈ ਵਰ੍ਹਿਆਂ ਤਕ 'ਪਾਕਿਸਤਾਨ ਟੈਲੀਵਿਜਨ ਕਾਰਪੋਰੇਸ਼ਨ' ਦੇ, ਸਿੱਧੇ ਨਸ਼ਰ ਕੀਤੇ ਜਾਂਦੇ ਮੌਰਨਿੰਗ ਸ਼ੋਅ 'ਸੁਬਹ ਬਖ਼ੈਰ' ਯਾਨੀ 'ਗੁੱਡ ਮੌਰਨਿੰਗ' ਦੇ 'ਹੋਸਟ' ਰਹੇ। ਕਿਹਾ ਜਾਂਦਾ ਹੈ ਕਿ ਇਹ, ਪਾਕਿਸਤਾਨ ਟੀਵੀ ਦਾ ਪਲੇਠਾ ਮੌਰਨਿੰਗ ਸ਼ੋਅ ਸੀ, ਜਿਸ ਦੀ ਸ਼ੁਰੂਆਤ ਜਨਾਬ ਮਸਤੰਸਰ ਹੁਸੈਨ ਤਾਰੜ ਹੁਰਾਂ ਨੇ ਕੀਤੀ ਸੀ। ਇਸ ਸ਼ੋਅ ਦੀ ਮੇਜ਼ਬਾਨੀ ਕਰਨ ਦਾ ਉਨ੍ਹਾਂ ਦਾ 'ਵੱਖਰਾ' ਤੇ ਬਹੁਤ ਹੀ ਜ਼ਿਆਦਾ 'ਲੀਕੋਂ ਹਟਵਾਂ' ਅੰਦਾਜ਼, ਉਨ੍ਹਾਂ ਨੂੰ ਜ਼ਿੰਦਗ਼ੀ ਦੇ ਹਰ ਖਿੱਤੇ ਦੇ ਲੋਕਾਂ ਵਿਚ ਬਹੁਤ ਹੀ ਮਕਬੂਲ ਕਰ ਗਿਆ। ਹੋਰ ਤਾਂ ਹੋਰ, ਉਹ ਬੱਚਿਆਂ ਦੇ ਮਨਾਂ ਵਿਚ ਵੀ ਘਰ ਕਰ ਗਏ ਕਿਉਂ ਕਿ ਉਹ ਆਪਣੇ ਸ਼ੋਅ ਦੇ ਸਮੇਂ ਦਾ ਇਕ ਵੱਡਾ ਹਿੱਸਾ ਬੱਚਿਆਂ ਨੂੰ ਹੀ ਮੁਖ਼ਾਤਿਬ ਰਹਿੰਦੇ ਸਨ। ਪਾਕਿਸਤਾਨੀ ਬੱਚਿਆਂ ਵਿਚ ਉਹ 'ਚਾਚਾ ਜੀ' ਵਜੋਂ ਮਸ਼ਹੂਰ ਸਨ। ਫਿਰ ਉਹ ਵੱਡਿਆਂ ਦੇ ਵੀ 'ਚਾਚਾ ਜੀ' ਬਣ ਗਏ। ਜਨਾਬ ਤਾਰੜ ਨੂੰ ਪਹਾੜਾਂ ਦੀਆਂ ਚੋਟੀਆਂ ਸਰ ਕਰਨ ਦਾ ਸ਼ੌਕ ਵੀ ਰਿਹਾ ਹੈ।
ਉਨ੍ਹਾਂ ਨੇ ਪਾਕਿਸਤਾਨੀ ਅਖ਼ਬਾਰਾਂ ਵਿਚ ਕਾਲਮ ਅਤੇ ਲੇਖ ਵੀ ਲਿਖੇ। ਉਨ੍ਹਾਂ ਦੇ ਕਾਲਮ 'ਹਜ਼ਾਰ ਦਾਸਤਾਨ' ਅਤੇ 'ਨਈ ਬਾਤ' ਪੱਤਰਕਾਰੀ ਦੇ ਇਤਿਹਾਸ ਦਾ ਹਿੱਸਾ ਹਨ। ਉਨ੍ਹਾਂ ਦੇ ਇਨ੍ਹਾਂ ਕਾਲਮਾਂ ਅਧੀਨ ਲਿਖੇ ਹੋਏ ਉਨ੍ਹਾਂ ਦੇ ਮਜ਼ਮੂਨ 'ਅਕੇਲੇ ਨਾ ਜਾਨਾ', 'ਮੌਤ ਜ਼ਿੰਦਗ਼ੀ ਕੋ ਖ਼ੂਬਸੂਰਤ ਬਨਾ ਦੇਤੀ ਹੈ', 'ਵੇ ਮੈਂ ਚੋਰੀ ਚੋਰੀ', 'ਸੁਨਹਿਰੀ ਬਾਲੋਂ ਵਾਲੀ', 'ਉਸੇ ਕਹਿਨਾ ਦਸੰਬਰ ਆ ਗਇਆ ਹੈ' ਅਤੇ 'ਭੂਤ ਪ੍ਰੇਤ ਔਰ ਪਰੀਆਂ' ਹ ਚਰਚਾ ਦਾ ਵਿਸ਼ਾ ਰਹਿੰਦੇ ਹਨ। ਉਨ੍ਹਾਂ ਦੇ ਲੇਖ ਤੇ ਕਾਲਮ ਛਾਪਣ ਵਾਲ਼ੇ ਅਖ਼ਬਾਰਾਂ ਵਿਚ 'ਡਾਅਨ', 'ਡੇਲੀ ਆਜ' ਅਤੇ ਹਫ਼ਤਾਵਾਰੀ ਅਖ਼ਬਾਰ 'ਅਖ਼ਬਾਰਿ-ਜਹਾਂ' ਵੀ ਸ਼ਾਮਲ ਸਨ। ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਵਿਚੋਂ 'ਅੰਦਲਸ ਮੇਂ ਅਜਨਬੀ' (ਸਪੇਨ ਦਾ ਸਫ਼ਰਨਾਮਾ), 'ਬਹਾਉ', 'ਬੇਜ਼ਤੀ ਖਰਾਬ', 'ਬਰਫ਼ੀਲੀ ਬੁਲੰਦੀਆਂ', 'ਕਾਰਵਾਂ ਸਰਾਏ', 'ਚਿਕ ਚੁਕ', 'ਚਿਤਰਾਲ ਦਾਸਤਾਨ', 'ਦੇਸ ਹੂਆ ਪਰਦੇਸ', 'ਡਾਕੀਆ ਔਰ ਜੋਲਾਹਾ', 'ਗਧੇ ਹਮਾਰੇ ਭਾਈ ਹੈਂ', 'ਗੁਜ਼ਾਰਾ ਨਹੀਂ ਹੋਤਾ', 'ਜਿਪਸੀ', 'ਹਜ਼ਾਰੋਂ ਹੈਂ ਸ਼ਿਕਵੇ', 'ਹਜ਼ਾਰੋਂ ਰਾਸਤੇ', 'ਕੇ-ਟੂ ਕਹਾਨੀ', 'ਖ਼ਾਨਾ ਬਦੋਸ਼' , 'ਮੂਰਤ', 'ਮਾਸਕੋ ਕੀ ਸਫ਼ੈਦ ਰਾਤੇਂ', 'ਮੂੰਹ ਵੱਲ ਕਾਅਬੇ ਦੇ', 'ਤਾਰੜਨਾਮਾ' ਅਤੇ 'ਨਿਕਲੇ ਤੇਰੀ ਤਲਾਸ਼ ਮੇਂ' ਦਾ ਜ਼ਿਕਰ ਕਰਨਾ ਜ਼ਰੂਰੀ ਹੈ। 
ਇਹੋ ਜਿਹੇ ਆਦਮੀ ਦੀ ਜ਼ਿੰਦਗ਼ੀ ਵਿਚ ਡਰਾਮਾ ਨਾ ਹੋਵੇ, ਇਹ ਕਦੇ ਨਹੀਂ ਹੋ ਸਕਦਾ। ਉਨ੍ਹਾਂ ਨੇ 'ਪੀਟੀਵੀ' ਲਈ ਬਹੁਤ ਸਾਰੇ ਨਾਟਕ ਲਿਖੇ, ਜਿਨ੍ਹਾਂ ਵਿਚੋਂ 'ਹਜ਼ਾਰੋਂ ਰਾਸਤੇ', 'ਪਰਿੰਦਾ', 'ਸੂਰਜ ਕੇ ਸਾਥ ਸਾਥ' ਅਤੇ 'ਫਰੇਬ' ਦਾ ਜ਼ਿਕਰ ਕਰਨਾ ਬਣਦਾ ਹੈ। ਇਹ ਬੰਦਾ ਜਦੋਂ ਬੋਲਦਾ ਹੈ ਤਾਂ ਲੋਕ ਇਸ ਨੂੰ ਸੁਆਲ ਕਰ ਕੇ ਇਸ ਦੀ ਬਿਰਤੀ ਭੰਗ ਕਰਨ ਨਾਲੋਂ ਇਸ ਨੂੰ ਸੁਣਦੇ ਰਹਿਣ ਨੂੰ ਹੀ ਤਰਜੀਹ ਦਿੰਦੇ ਹਨ। ਉਹ ਉਰਦੂ ਵਧੀਆ ਬੋਲਦੇ ਹਨ ਜਾਂ ਪੰਜਾਬੀ, ਇਸ ਦਾ ਫੈਸਲਾ ਹਾਲੇ ਹੋਣਾ ਹੈ। ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ, "ਭਾਵੇਂ ਕੁਰਤੁਲਐਨ ਹੈਦਰ ਨੇ ਦੇਸ਼ ਦੀ ਵੰਡ ਬਾਰੇ 'ਆਗ ਕਾ ਦਰੀਆ' ਲਿਖਿਆ ਹੈ, ਪਰ ਮੈਂ ਇਕ ਹੋਰ 'ਆਗ ਕਾ ਦਰੀਆ' ਲਿਖ ਸਕਦਾ ਹਾਂ। ਹੈਦਰ ਤੋਂ ਉਹ ਗੱਲ ਨਹੀਂ ਬਣੀ, ਜੋ ਮੇਰੇ ਲਿਖੇ ਨਾਵਲ 'ਬਹਾਉ' ਵਿਚ ਬਣੀ ਹੈ।"
ਕਈ ਵਾਰ ਲੱਗਦਾ ਹੈ ਕਿ ਮਕਬੂਲੀਅਤ, ਮਸਤੰਸਰ ਹੁਸੈਨ ਤਾਰੜ ਤਕ ਆ ਕੇ ਮੁੱਕ ਗਈ ਹੈ। ਉਹ ਦੱਸਦੇ ਹਨ ਕਿ ਪਾਕਿਸਤਾਨ ਦੇ ਉੱਤਰੀ ਇਲਾਕੇ ਵਿਚ ਇਕ ਝੀਲ ਹੈ, ਜਿਸ ਦਾ ਨਾਂ, ਉਨ੍ਹਾਂ ਦੇ ਨਾਂ 'ਤੇ ਰੱਖਿਆ ਗਿਆ ਹੈ। ਹੋਰ ਸਾਲ ਤਕ ਅੱਸੀ ਸਾਲਾਂ ਦੇ ਹੋ ਜਾਣ ਵਾਲ਼ੇ ਜਨਾਬ ਤਾਰੜ ਅੱਜ ਵੀ ਹਰ ਰੋਜ਼ ਸ਼ਾਮੀਂ 7 ਵਜੇ ਤੋਂ ਰਾਤ 11 ਵਜੇ ਤਕ ਆਪਣੇ 'ਰਾਈਟਿੰਗ ਟੇਬਲ' ਉੱਤੇ ਕੰਮ ਕਰਦੇ ਹਨ। ਕਾਗ਼ਜ਼-ਕਲਮ ਅੱਜ ਵੀ ਉਨ੍ਹਾਂ ਦੇ ਯਾਰ ਹਨ ਕਿਉਂ ਕਿ ਉਹ 'ਅੱਧੇ ਰਾਈਟਰ ਤੇ ਅੱਧੇ ਟਾਈਪਰਾਈਟਰ' ਬਣਨ ਦੀ ਥਾਂ 'ਰਾਈਟਰ' ਹੀ ਹਨ। 
ਇਕ ਹੋਰ ਸੁਆਲ ਦੇ ਜੁਆਬ ਵਿਚ ਉਨ੍ਹਾਂ ਨੇ ਕਿਸੇ ਨੂੰ ਕਿਹਾ, "ਮੈਂ ਕਦੇ ਵੀ ਲੇਖਕ ਬਣਨ ਬਾਰੇ ਨਹੀਂ ਸੋਚਿਆ ਸੀ। ਅਸਲ ਵਿਚ ਮੈਂ ਕਿਤਾਬਾਂ ਪੜ੍ਹਨ ਵਾਲ਼ਾ, ਫ਼ਿਲਮਾਂ ਤੇ ਡਰਾਮੇਂ ਦੇਖਣ ਵਾਲ਼ਾ ਘੁਮੱਕੜ ਬੰਦਾ ਸੀ। 1958 ਵਿਚ ਮੈਂ ਇਗਲੈਂਡ ਰਹਿੰਦਿਆਂ ਇਕ ਡੈਲੀਗੇਸ਼ਨ ਵਿਚ ਮਾਸਕੋ ਗਿਆ। ਇਹ ਡੈਲੀਗੇਸ਼ਨ ਮਾਸਕੋ ਵਿਚ ਇਕ ਯੁਵਕ ਮੇਲਾ ਦੇਖਣ ਗਿਆ ਸੀ। ਉਸ ਵੇਲ਼ੇ ਰੂਸ ਜਾਣਾ ਬਹੁਤ ਔਖਾ ਸੀ ਕਿਉਂ ਕਿ ਪੱਛਮੀ ਦੇਸ਼ਾਂ ਵਿਚ ਰੂਸ ਨੂੰ 'ਲੋਹੇ ਦੇ ਪਰਦੇ ਉਹਲੇ' ਲੁਕਿਆ ਮੁਲਕ ਸਮਝਿਆ ਜਾਂਦਾ ਸੀ। ਅਸੀਂ ਉਹ ਸਫ਼ਰ, ਸੋਵੀਅਤ ਸੰਘ ਵੱਲੋਂ ਮੁਹੱਈਆ ਕਰਾਏ ਗਏ ਜਾਅਲੀ ਪਾਸਪੋਰਟਾਂ ਨਾਲ਼ ਕੀਤਾ ਤੇ ਅਸੀਂ ਦੋ ਕੁ ਹਫ਼ਤੇ ਉੱਥੇ ਰਹੇ। ਉਰਦੂ ਰੋਜ਼ਨਾਮਾ 'ਨਵਾਇ-ਵਕਤ' ਦੇ ਐਡੀਟਰ ਮਾਜਿਦ ਨਿਜ਼ਾਮੀ ਉਨ੍ਹੀਂ ਦਿਨੀ ਲੰਡਨ ਆਏ ਹੋਏ ਸਨ। ਅਸੀਂ ਲੰਡਨ ਪਰਤੇ ਤਾਂ ਉਨ੍ਹਾਂ ਨੇ ਮੇਰੇ ਨਾਲ਼ ਰਾਬਤਾ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਕੋਈ ਵੀ ਪਾਕਿਸਤਾਨੀ, 'ਲੋਹੇ ਦਾ ਇਹ ਪਰਦਾ' ਨਹੀਂ ਉਲੰਘ ਸਕਿਆ ਸੀ। ਉਨ੍ਹਾਂ ਮੈਨੂੰ ਕਿਹਾ ਕਿ ਜੇ ਹੋ ਸਕੇ ਤਾਂ ਮੈਂ ਜੋ ਕੁੱਝ ਡਿੱਠਾ ਜਾਂ ਮਹਿਸੂਸ ਕੀਤਾ ਹੈ, ਉਹ ਸਾਰਾ ਹੀ ਇਕ ਸਫ਼ਰਨਾਮੇ ਦੇ ਰੂਪ ਵਿਚ ਲਿਖਾਂ। ਉਦੋਂ ਮੇਰੀ ਅੰਗਰੇਜ਼ੀ ਚੰਗੀ ਸੀ ਤੇ ਮੈਨੂੰ ਉਰਦੂ ਵਿਚ ਬਹੁਤੀ ਦਿਲਚਸਪੀ ਨਹੀਂ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ ਉਰਦੂ ਪੜ੍ਹਨ-ਲਿਖਣ ਵਿਚ ਦਿੱਕਤ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਵਾਹ ਨਾ ਕਰ, ਇਸ ਦਾ ਪ੍ਰਬੰਧ ਮੈਂ ਕਰ ਲਵਾਂਗਾ। ਇਸ ਤਰ੍ਹਾਂ ਮੈਂ, 1958 ਵਿਚ ਆਪਣਾ ਪਲੇਠਾ ਸਫ਼ਰਨਾਮਾ ਲਿਖਿਆ, ਜਿਸ ਦਾ ਸਿਰਲੇਖ ਸੀ 'ਲੰਡਨ ਸੇ ਮਾਸਕੋ ਤਕ'।" ਇਹ ਸਫ਼ਰਨਾਮਾ ਸ਼ੇਰ ਮੁਹੰਮਦ ਅਖ਼ਤਰ ਦੇ ਪਰਚੇ 'ਕੰਦੀਲ' ਵਿਚ ਤਿੰਨ ਕਿਸ਼ਤਾਂ ਵਿਚ ਛਪਿਆ ਸੀ। ਉਹ ਮੇਰੀ ਪਲੇਠੀ ਲਿਖਤ ਸੀ। ਲਿਖਣ ਵਿਚ ਵੀ ਮੇਰੀ ਬਹੁਤੀ ਦਿਲਚਸਪੀ ਨਾ ਹੋਣ ਦੀ ਵਜ੍ਹਾ ਨਾਲ਼ ਇਹ ਸਿਲਸਿਲਾ ਅੱਗੇ ਨਾ ਤੁਰਿਆ।"
ਉਨ੍ਹਾਂ ਨੇ ਗੱਲ ਜਾਰੀ ਰੱਖੀ, "ਫਿਰ 1969 ਵਿਚ ਮੈਂ ਫਿਰ ਛੇ ਕੁ ਮਹੀਨਿਆਂ ਲਈ ਸਫ਼ਰ 'ਤੇ ਨਿੱਕਲਿਆ। ਲੋਕ ਹਵਾਈ ਜਹਾਜ਼ਾਂ ਰਾਹੀਂ ਸਫ਼ਰ ਕਰਦੇ ਤੇ ਪੰਜ ਸਿਤਾਰਾ ਹੋਟਲਾਂ ਵਿਚ ਰਹਿ ਕੇ ਵਾਪਸ ਆ ਕੇ ਜਾਅਲੀ ਸਫ਼ਰਨਾਮੇਂ ਲਿਖਦੇ ਹਨ। ਮੈਂ ਤਕਰੀਬਨ 16 ਮੁਲਕਾਂ ਦਾ ਸਫ਼ਰ ਸੜਕ ਰਾਹੀਂ ਕੀਤਾ ਹੋਇਆ ਹੈ, ਇਸੇ ਕਰ ਕੇ ਹੀ ਮੇਰੇ ਲਿਖੇ ਸਫ਼ਰਨਾਮੇਂ ਲੋਕਾਂ ਨੂੰ ਪੋਂਹਦੇ ਹਨ। ਮੈਂ ਲੇਖਕ ਬਣਨਾ ਨਹੀਂ ਚਾਹੁੰਦਾ ਸਾਂ, ਪਰ ਮੈਂ ਲੋਕਾਂ ਨਾਲ਼ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦਾ ਸਾਂ। ਇਸ ਤਰ੍ਹਾਂ ਸੋਚਦਿਆਂ ਹੀ ਮੈਂ 'ਨਿਕਲੇ ਤੇਰੀ ਤਲਾਸ਼ ਮੇਂ' ਲਿਖਿਆ। ਇਸ ਕਿਤਾਬ ਦੇ ਕੁੱਝ ਹਿੱਸੇ ਮਾਸਕੋ ਸਟੇਟ ਯੂਨੀਵਰਸਿਟੀ ਦੇ ਸਿਲੇਬਸ ਵਿਚ ਸ਼ਾਮਲ ਕਰ ਲਏ ਗਏ ਸਨ। ਕੁੱਝ ਵਰ੍ਹੇ ਪਹਿਲਾਂ ਇਸ ਯੂਨੀਵਰਸਿਟੀ ਨੇ ਮੈਨੂੰ ਕੁੱਝ ਲੈਕਚਰ ਕਰਨ ਲਈ ਸੱਦਿਆ ਸੀ। ਉੱਥੇ ਮੇਰੀਆਂ 'ਵਿਸ਼ੇਸ਼ ਸਿਰਜਣਾਤਮਕ ਸੇਵਾਵਾਂ' ਬਦਲੇ ਮੈਨੂੰ ਇਕ ਮੈਡਲ ਦਿੱਤਾ ਗਿਆ, ਜੋ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦਾ ਹੈ।"
ਇਕ ਹੋਰ ਸੁਆਲ ਦਾ ਜੁਆਬ ਉਨ੍ਹਾਂ ਨੇ ਇਸ ਤਰ੍ਹਾਂ ਦਿੱਤਾ, "ਮੈਂ ਕਹਿੰਦਾ ਹਾਂ ਕਿ ਮੈਨੂੰ 'ਪ੍ਰਾਈਡ ਆਫ ਪਰਫਾਰਮੈਂਸ ਐਵਾਰਡ' ਅਤੇ 'ਸਿਤਾਰਾਇ-ਇਮਤਿਆਜ਼' ਮਿਲਣ ਦਾ ਕੋਈ ਗ਼ਰੂਰ ਨਹੀਂ ਹੈ ਕਿਉਂ ਕਿ ਇਹ ਇਹ ਇਨਾਮੋ-ਖ਼ਿਤਾਬ ਬਹੁਤ ਸਾਰੇ ਲੋਕਾਂ ਨੂੰ ਮਿਲੇ ਹੋਏ ਹਨ। ਹਰ ਜਣੇ-ਖਣੇ ਦੀ ਬਗਲ ਵਿਚ ਇਹੋ ਜਿਹੇ ਇਨਾਮਾਤ ਹਨ। ਓਦਾਂ ਉਹ ਮੈਡਲ ਮੇਰੇ ਲਈ ਮਾਣ ਦਾ ਵਸੀਲਾ ਜ਼ਰੂਰ ਬਣਿਆ।"
ਉਨ੍ਹਾਂ ਨੂੰ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਉਹ ਬੁਨਿਆਦੀ ਤੌਰ ਕਹਾਣੀਕਾਰ, ਨਾਵਲਕਾਰ, ਸਫ਼ਰਨਾਮਾ ਲੇਖਕ, ਅਦਾਕਾਰ, ਡਰਾਮਾ ਲੇਖਕ ਜਾਂ ਕੀ ਹਨ? ਉਹ ਕਹਿੰਦੇ ਹਨ, "ਮੈਂ ਘੁਮੱਕੜ ਹਾਂ।" ਉਹ ਅਦਬ ਦੀ ਕਿਸੇ ਇਕ ਸਿਨਫ਼ ਵਿਚ ਅਟਕ ਕੇ ਨਹੀਂ ਰਹਿ ਸਕਦੇ। ਤੁਸੀਂ ਇਸ ਨੂੰ ਉਨ੍ਹਾਂ ਦਾ ਖ਼ਬਤ ਵੀ ਕਹਿ ਸਕਦੇ ਹੋ। ਇਹੋ ਜਿਹੇ ਸ਼ਖ਼ਸ ਇਕ ਸੀਮਤ ਆਕਾਰ ਦੇ ਲੇਖ ਵਿਚ ਸਮੋਣੇ ਔਖੇ ਹੁੰਦੇ ਹਨ। ਸ਼ਾਇਦ ਕੋਈ ਵੱਡ ਅਕਾਰੀ ਪੁਸਤਕ ਵੀ ਉਨ੍ਹਾਂ ਦੇ ਖ਼ਾਕੇ ਲਈ ਛੋਟੀ ਹੋਵੇ। ਉਨ੍ਹਾਂ ਲਈ ਲੋਕਾਂ ਦੀਆਂ ਦੋ ਹੀ ਕਿਸਮਾਂ ਹਨ-ਜ਼ਾਲਮ ਤੇ ਮਜ਼ਲੂਮ। ਉਨ੍ਹਾਂ ਨੇ ਹਰ ਚੀਜ਼ ਕਦੇ ਵੀ ਸਮੁੱਚੇ ਤੌਰ 'ਤੇ ਪ੍ਰਵਾਨ ਨਹੀਂ ਕੀਤੀ। ਜਿਹੜੀਆਂ ਗੱਲਾਂ ਲੋਕਾਂ ਨੂੰ ਅੱਖਾਂ ਮੀਚ ਕੇ ਮਨਜ਼ੂਰ ਹੁੰਦੀਆਂ ਹਨ, ਉਨ੍ਹਾਂ ਦੇ ਸਬੰਧ ਵਿਚ ਮਸਤੰਤਰ ਹੁਸੈਨ ਤਾਰੜ ਦਾ ਮਨ ਸੁਆਲ ਕਰਦਾ ਹੈ। ਉਨ੍ਹਾਂ ਨੇ ਸਾਰਾ ਹੀ ਯੂਰਪ ਗਾਹਿਆ, 17 ਸਾਲ ਦੀ ਉਮਰ ਵਿਚ ਇੰਗਲੈਂਡ ਛੱਡ ਦਿੱਤਾ। ਫਿਰ ਉਨ੍ਹਾਂ ਨੇ ਉੱਤਰੀ ਪਾਕਿਸਤਾਨ ਦਾ ਸਫ਼ਰ ਕੀਤਾ। ਉਹ, ਉਨ੍ਹਾਂ ਇਲਾਕਿਆਂ ਵਿਚ ਵੀ ਗਏ, ਜਿਹੜੇ ਮੁਕਾਮੀ ਲੋਕਾਂ ਨੇ ਵੀ ਨਹੀਂ ਦੇਖੇ ਸਨ। ਉਨ੍ਹਾਂ ਨੂੰ ਅਣਛਾਣਿਆ ਰਿਹਾ ਛਾਨਣ ਦਾ ਖ਼ਬਤ ਵੀ ਹੈ। ਜਿਹੜੇ ਲੋਕ ਇਹ ਕਹਿੰਦੇ ਹਨ ਕਿ ਤਾਰੜ ਦੀਆਂ ਲਿਖਤਾਂ ਵਿਚ 'ਪਾਕਿਸਤਾਨੀਅਤ' ਹੈ, ਦੇਸ਼-ਭਗਤੀ ਹੈ, ਉਹ ਉਨ੍ਹਾਂ ਨੂੰ ਚੰਗੇ ਨਹੀਂ ਲੱਗਦੇ। ਇਸ ਦੇ ਨਾਲ਼ ਹੀ ਉਹ ਕਹਿੰਦੇ ਹਨ, "ਮੈਂ ਜਦੋਂ ਵੀ ਪਾਕਿਸਤਾਨ ਦੀ ਧਰਤੀ 'ਤੇ ਪੈਰ ਰੱਖਣ ਲੱਗਦਾ ਹਾਂ, ਮੈਂ ਇਸ ਦੀ ਮਿੱਟੀ ਚੁੰਮਦਾ ਹਾਂ ਕਿਉਂ ਇਸ ਧਰਤ ਨੇ ਮੈਨੂੰ ਬਹੁਤ ਕੁੱਝ ਦਿੱਤਾ ਹੈ।"
"ਮੈਂ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਸਮਾਜ ਦੇ ਲੋਕਾਂ ਨੂੰ ਪੜ੍ਹਨ ਵਿਚ ਦਿਲਚਸਪੀ ਨਹੀਂ ਹੈ। ਜਦੋਂ ਕੁੱਝ ਲੋਕ ਕਹਿੰਦੇ ਹਨ ਕਿ ਲੋਕਾਂ ਨੂੰ ਪੜ੍ਹਨਾ ਚਾਹੀਦਾ ਹੈ ਤਾਂ ਮੈਂ ਕਹਿੰਦਾ ਹਾਂ ਕਿ ਜਿੰਨਾ ਇਹ ਸਮਾਜ ਨਹੀਂ ਪੜ੍ਹਦਾ, ਉੱਨੇ ਹੀ ਲੇਖਕ ਸੁਰੱਖਿਅਤ ਹਨ," ਮਸਤੰਤਰ ਹੁਸੈਨ ਤਾਰੜ ਹੀ ਫ਼ਰਮਾਉਂਦੇ ਹਨ। ਇਹ ਲੇਖ ਮੁੱਕਦਾ ਨਹੀਂ ਲੱਗਦਾ, ਉਨ੍ਹਾਂ ਦੇ ਇਸ ਜੁਮਲੇ ਤੋਂ ਬਾਅਦ ਵਕਫ਼ਾ ਲਵਾਂਗੇ, "ਮੈਨੂੰ ਯਾਦ ਹੈ ਕਿ ਜਦੋਂ ਮੇਰੇ ਨਾਵਲ 'ਰਾਖ਼' ਨੂੰ 'ਪ੍ਰਾਇਮ ਮਨਿਸਟਰਜ਼ ਐਵਾਰਡ' ਮਿਲਿਆ ਸੀ ਤਾਂ ਕਿਸੇ ਨੇ ਮੈਨੂੰ ਕਿਹਾ ਸੀ-'ਸ਼ੁਕਰ ਕਰ ਕਿ ਪ੍ਰਧਾਨ ਮੰਤਰੀ ਨੇ ਤੇਰਾ ਇਹ ਨਾਵਲ਼ ਨਹੀਂ ਪੜ੍ਹਿਆ।'"#