ਮਸਾਂ ਚਾਰ ਜਣੇ ਰਹਿ ਗਏ ਕੈਨੇਡਾ ਦੇ ਸ਼ਹਿਰ 'ਟਿਲਟ ਕੋਵ' ਵਿਚ
<<<<<<<<<<<<<<<<>>>>>>>>>>>>>>
ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਇਲਮ ਹੋਵੇਗਾ ਕਿ ਕੈਨੇਡਾ ਵਿਚ ਇਕ ਇਹੋ ਜਿਹਾ ਸ਼ਹਿਰ ਵੀ ਹੈ, ਜਿਸ ਵਿਚ ਵਸਣ ਵਾਲ਼ਿਆਂ ਵਿਚੋਂ ਮਸਾਂ ਚਾਰ ਜਣੇ ਰਹਿ ਗਏ ਹਨ। ਇਨ੍ਹਾਂ ਚਹੁੰ ਜਣਿਆਂ ਨਾਲ਼ ਹੀ ਇਹ ਸ਼ਹਿਰ ਆਬਾਦ ਹੈ। 'ਟਿਲਟ ਕੋਵ' ਕਹਾਉਂਦਾ ਇਹ ਸ਼ਹਿਰ, ਨਿਊਫਾਊਂਡਲੈਂਡ ਤੇ ਲੈਬਰਾਡੋਰ ਦੇ 'ਬੇਅ ਵਰਟ ਪੈਨਿਨਸੂਲਾ' ਵਿਚ ਸਥਿਤ ਹੈ। ਇਸ ਸ਼ਹਿਰ ਵਿਚ ਰਹਿੰਦੇ ਚਾਰ ਜਣੇ ਇਸ ਸ਼ਹਿਰ ਨੂੰ ਉਜੜਨ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਦਾ ਕਹਿਣ ਹੈ ਕਿ ਉਹ ਆਪਣੀ ਸਾਰੀ ਉਮਰ ਇੱਥੇ ਹੀ ਬਿਤਾਉਣਗੇ। 'ਸੀਬੀਸੀ ਨਿਊਜ਼' ਦੀ ਇਕ ਰਿਪੋਰਟ ਅਨੁਸਾਰ, ਮਾਰਗ੍ਰੇਟ ਕੋਲਿਨਜ਼ ਨਾਂ ਦੀ ਬੀਬੀ ਇਸ ਸ਼ਹਿਰ ਦੀ 'ਟਾਊਨ ਕਲੱਰਕ' ਹੈ, ਉਸ ਦਾ ਪਤੀ ਡੌਨ ਕੋਲਿਨਜ਼ ਇਸ ਸ਼ਹਿਰ ਦਾ 'ਮੇਅਰ' ਹੈ। ਇਸ ਸ਼ਹਿਰ ਵਿਚ ਵਸਦੇ ਬਾਕੀ ਦੋ ਜੀਅ ਮਾਰਗ੍ਰੇਟ ਕੋਲਿਨਜ਼ ਦਾ ਭਰਾ ਅਤੇ ਭਰਜਾਈ ਹਨ। ਇਹ ਦੋਵੇਂ ਸਰੀਰ 'ਟਿਲਟ ਕੋਵ' ਦੇ 'ਕੌਂਸਲਰ' ਹਨ। ਕਿਸੇ ਵੇਲ਼ੇ ਤਾਂਬੇ ਦੀਆਂ ਖਾਣਾਂ ਦੀ ਵਜ੍ਹਾ ਨਾਲ਼ ਮਸ਼ਹੂਰ ਰਹੇ ਇਸ ਸ਼ਹਿਰ ਵਿਚ 1500 ਲੋਕਾਂ ਦੀ ਵਸੋਂ ਸੀ।
'ਸੀਬੀਸੀ ਰੇਡੀਓ' ਦੇ ਸੈਂਟਰਲ ਮੌਰਨਿੰਗ ਸ਼ੋਅ ਵਿਚ ਸ਼ਿਰਕਤ ਕਰਦਿਆਂ ਮਾਰਗ੍ਰੇਟ ਕੌਲਿਨਜ਼ ਨੇ ਕਦੇ ਏਦਾਂ ਕਿਹਾ ਸੀ, "ਅਸੀਂ ਅੱਜ ਵੀ ਟੈਕਸ ਦਿੰਦੇ ਹਾਂ ਅਤੇ ਸਰਕਾਰ ਸਾਨੂੰ ਉਸ ਵਿਚੋਂ ਕੁੱਝ ਹਿੱਸਾ ਵਾਪਸ ਦਿੰਦੀ ਹੈ ਤੇ ਏਦਾਂ ਹੀ ਸਾਡਾ ਗ਼ੁਜ਼ਾਰਾ ਹੋਈ ਜਾਂਦਾ ਹੈ।" ਪਿਛਲੇ ਦੋ ਸਾਲਾਂ ਵਿਚ ਇਸ ਸ਼ਹਿਰ ਦੀ ਵਸੋਂ ਇੰਨੀ ਜ਼ਿਆਦਾ ਘਟੀ ਹੈ ਕਿ ਇਹ ਉਜੜਦਾ-ਉਜੜਦਾ ਹੀ ਬਚਿਆ ਹੈ। ਕੋਲਿਨਜ਼ ਦੀ ਸੱਸ 2015 ਵਿਚ ਮਰ ਗਈ ਸੀ ਤੇ ਉਸ ਤੋਂ ਅਗਲੇ ਹੀ ਸਾਲ ਉਸ ਦੀ ਮਾਂ ਮਰ ਗਈ ਸੀ। ਇਸ ਤੋਂ ਇਲਾਵਾ ਇਕ ਹੋਰ ਬਜ਼ੁਰਗ਼ ਇੱਥੋਂ ਜਾ ਕੇ 12 ਕਿਲੋ ਮੀਟਰ ਦੂਰ 'ਲਾ ਸੀ' ਵਿਖੇ ਰਹਿਣ ਲੱਗ ਪਿਆ ਸੀ। ਕੋਲਿਨਜ਼ ਨੇ ਹੀ ਦੱਸਿਆ ਕਿ ਇਸ ਸ਼ਹਿਰ ਵਿਚ ਤਿੰਨ ਬਜ਼ੁਰਗ਼ ਰਹਿੰਦੇ ਸਨ, ਜਿਨ੍ਹਾਂ ਵਿਚੋਂ ਦੋ ਤਾਂ ਮਰ ਗਏ ਤੇ ਇਕ ਬੁੜੀ ਹੈ, ਜੋ ਸਿਆਲਾਂ ਨੂੰ ਨੇੜੇ ਹੀ ਕਿਤੇ ਚਲੀ ਜਾਂਦੀ ਹੈ ਤੇ ਗਰਮੀਆਂ ਨੂੰ ਮੁੜ ਆਉਂਦੀ ਹੈ। ਉਹ ਉਦੋਂ 91 ਸਾਲਾਂ ਦੀ ਸੀ। ਕੋਲਿਨਜ਼, ਟਾਊਨ ਕਲੱਰਕ ਵਜੋਂ ਰੁੱਝੀ ਰਹਿੰਦੀ ਹੈ। ਟਿਲਟ ਕੋਵ ਦੀਆਂ ਦੋ ਸਟਰੀਟ ਲਾਈਟਾਂ ਜਗਦੀਆਂ ਰੱਖਣ ਤੇ ਬਾਕੀ ਬਚੇ ਦੋ ਘਰਾਂ ਦੀਆਂ ਟੂਟੀਆਂ ਵਿਚ ਪਾਣੀ ਚੱਲਦਾ ਰੱਖਣ ਲਈ ਬਿੱਲ ਤਾਰਦੀ ਰਹਿੰਦੀ ਹੈ। ਉਨ੍ਹਾਂ ਨੂੰ ਕੂੜਾ ਚੁਕਾਉਣ ਲਈ ਅਤੇ ਸੜਕ ਤੋਂ ਬਰਫ਼ ਹਟਾਉਣ ਲਈ ਭੁਗਤਾਨ ਕਰਨਾ ਪੈਂਦਾ ਹੈ। ਕੋਲਿਨਜ਼ ਅਤੇ ਉਸ ਦਾ ਪਤੀ ਭਾਈਚਾਰੇ ਦੇ ਅਜਾਇਬ ਘਰ, ਜੋ ਉਨ੍ਹਾਂ ਦੇ ਘਰ ਵਿਚ ਹੀ ਹੈ, ਦੀ ਦੇਖ-ਭਾਲ ਵੀ ਕਰਦੇ ਹਨ। ਓਦਾਂ ਜਦੋਂ ਸਿਆਲਾਂ ਨੂੰ ਇੱਥੇ ਬਰਫ਼ ਪੈਣ ਨਾਲ ਜ਼ਿੰਦਗ਼ੀ ਸੁਸਤ ਜਿਹੀ ਹੋ ਜਾਂਦੀ ਹੈ ਤਾਂ ਇਹ ਅਜਾਇਬ ਘਰ ਵੀ ਇਕ ਤਰ੍ਹਾਂ ਨਾਲ਼ ਠੱਪ ਜਿਹਾ ਹੀ ਹੋ ਜਾਂਦਾ ਹੈ। ਇਸ ਸ਼ਹਿਰ ਵਿਚ ਕੋਈ ਬੱਚਾ ਨਾ ਹੋਣ ਦੀ ਵਜ੍ਹਾ ਨਾਲ਼ ਬੇਰੌਣਕੀ ਜਿਹੀ ਵੀ ਛਾਈ ਰਹਿੰਦੀ ਹੈ।
ਟਿਲਟ ਕੋਵ ਦਾ ਗੇੜਾ ਮਾਰ ਕੇ ਆਏ ਇਕ ਮਿੱਤਰ ਨੇ ਦੱਸਿਆ ਕਿ ਉੱਥੇ ਬਰਫ਼ ਬਹੁਤ ਪੈਂਦੀ ਹੈ। ਉੱਥੇ ਸਿਆਲ ਵਿਚ ਬਰਫ਼ ਪੈਣਾ ਹੀ ਸਭ ਤੋਂ ਮਾੜੀ ਗੱਲ ਸਮਝਿਆ ਜਾਂਦਾ ਹੈ। ਗਰਮੀਆਂ ਦੇ ਦਿਨਾਂ ਵਿਚ ਉੱਥੇ ਕਮਾਲ ਦਾ ਮੌਸਮ ਹੋ ਜਾਂਦਾ ਹੈ ਤੇ ਉੱਥੋਂ ਦੀ ਵਸੋਂ ਵੀ ਵਧ ਕੇ 10 ਜਾਂ 11 ਹੋ ਜਾਂਦੀ ਹੈ। ਉਨ੍ਹੀਂ ਦਿਨੀ ਕਈ ਸੈਲਾਨੀ ਇਸ ਮਸ਼ਹੂਰ ਸ਼ਹਿਰ ਦੇ 'ਦਰਸ਼ਨ' ਕਰਨ ਲਈ ਛੇ ਕਿਲੋਮੀਟਰ ਕੱਚੇ ਰਾਹ ਜਾਣਾ ਵੀ ਪ੍ਰਵਾਨ ਕਰ ਲੈਂਦੇ ਹਨ। ਕਿਸੇ ਜ਼ਮਾਨੇ ਵਿਚ ਇਸ ਸ਼ਹਿਰ ਵਿਚ ਇਕ ਸਿਨੇਮਾ ਘਰ ਵੀ ਹੁੰਦਾ ਸੀ ਤੇ ਇਕ ਨਾਈਟ ਕਲੱਬ ਵੀ। ਹੁਣ ਪੰਜਾਹ ਸਾਲਾਂ ਨੂੰ ਢੁੱਕੇ ਹੋਏ ਦੋ ਜੋੜਿਆਂ ਨੂੰ ਇੰਟਰਨੈੱਟ ਤਕ ਦੀ ਸਹੂਲਤ ਵੀ ਨਹੀਂ ਹੈ। ਹੁਣ ਉਹ ਕਦੇ-ਕਦੇ ਡੌਨ ਦੇ ਛਤੜੇ ਹੇਠ ਇਕੱਠੇ ਹੋ ਕੇ ਚਾਹ ਪੀਂਦਿਆਂ ਗੱਲਾਂ ਕਰ ਲੈਂਦੇ ਹਨ ਜਾਂ ਤਾਸ਼-ਤੂਸ਼ ਖੇਡ ਲੈਂਦੇ ਹਨ।
ਇਕ ਸੁਆਲ ਦੇ ਜੁਆਬ ਵਿਚ ਕੋਲਿਨਜ਼ ਕਹਿੰਦੀ ਹੈ, "ਅਸੀਂ ਹੁਣ ਨਦੀ ਕਿਨਾਰੇ ਦੇ ਰੁੱਖ ਵਰਗੇ ਹੋ ਚੱਲੇ ਹਾਂ। ਸਾਨੂੰ ਕੋਈ ਇਲਮ ਨਹੀਂ ਕਿ ਭਲਕ ਨੂੰ ਇਸ ਸ਼ਹਿਰ ਦਾ ਕੀ ਬਣਨਾ ਹੈ। ਇਸ ਵੇਲ਼ੇ ਤਾਂ ਅਸੀਂ ਇੱਥੇ 'ਰੱਬ-ਰੱਬ ਕਰ ਕੇ' ਦਿਨ ਕੱਢੀ ਜਾਂਦੇ ਹਾਂ। ਉਸ ਦਾ ਇਹ ਵੀ ਕਹਿਣ ਹੈ ਕਿ ਛੋਟੇ ਸ਼ਹਿਰ ਵਿਚ ਰਹਿਣ ਦੇ ਆਪਣੇ ਫ਼ਾਇਦੇ ਹਨ। ਸਾਨੂੰ ਸਭ ਨੂੰ ਪਤੈ ਪਈ ਸਾਡੇ ਗੁਆਂਢ ਵਿਚ ਕੌਣ ਰਹਿੰਦੈ ਤੇ ਕੌਣ ਚਲਿਆ ਗਿਆ।" ਟਿਲਟ ਕੋਵ ਪਹੁੰਚ ਕੇ ਲੋਕ ਮਹਿਸੂਸ ਕਰਦੇ ਹਨ ਕਿ ਜੇ ਕੈਨੇਡਾ ਵਿਚ ਕਿਤੇ ਸ਼ਾਂਤੀ ਹੈ ਤਾਂ ਉਹ ਇਹੋ ਥਾਂ ਹੈ। ਇਹ ਸ਼ਹਿਰ, ਕੈਨੇਡਾ ਦੇ ਪੂਰਬੀ ਕੰਢੇ ਉੱਤੇ ਸਥਿਤ ਹੈ। ਇਸ ਛੋਟੇ ਜਿਹੇ ਸ਼ਹਿਰ ਦੇ ਚਾਰ ਵਸਨੀਕ, ਇਸ ਦੇ ਪ੍ਰਸ਼ਾਸਨ ਦੇ ਅੰਗ ਹਨ। ਇਸ ਸ਼ਹਿਰ ਦੇ ਮੇਅਰ ਡੌਨ ਕੋਲਿਨਜ਼ ਦਾ ਕਹਿਣ ਹੈ ਕਿ ਇਸ ਸ਼ਹਿਰ ਦੀ ਬਿਹਤਰੀ ਲਈ ਬਹੁਤ ਕੁੱਝ ਕਰਨ ਵਾਲ਼ਾ ਹੈ।
ਕਿਸੇ ਵੇਲ਼ੇ ਤਾਂਬੇ ਦੀ ਖਾਣ ਦੀ ਵਜ੍ਹਾ ਨਾਲ਼ ਮਸ਼ਹੂਰ ਰਹੇ ਇਸ ਸ਼ਹਿਰ ਦੀ ਅਬਾਦੀ ਦੋ ਹਜ਼ਾਰ ਹੁੰਦੀ ਸੀ। 1937 ਵਿਚ ਤਾਂਬੇ ਦੀ ਖਾਣ ਦਾ ਕੁੱਝ ਹਿੱਸਾ ਢਹਿ ਜਾਣ ਨਾਲ਼ ਇਹ ਖਾਣ ਬੰਦ ਕਰ ਦਿੱਤੀ ਗਈ। ਇਸ ਦੀ ਵਜ੍ਹਾ ਨਾਲ਼ ਇਸ ਦੇ ਬਹੁਤ ਸਾਰੇ ਕਾਮੇ ਵਿਹਲੇ ਹੋ ਗਏ। ਫਿਰ ਉਹ ਹੌਲ਼ੀ-ਹੌਲ਼ੀ, ਇਹ ਸ਼ਹਿਰ ਹਮੇਸ਼ਾ ਲਈ ਛੱਡਣ ਖ਼ਾਤਰ ਮਜਬੂਰ ਹੋ ਗਏ। ਓਦਾਂ, ਅੱਜ ਵੀ ਇਸ ਸ਼ਹਿਰ ਵਿਚ ਡਾਕ ਸੇਵਾ, ਕੂੜਾ ਨਜਿੱਠਣ ਦਾ ਯੂਨਿਟ ਅਤੇ ਸੜਕਾਂ ਦੀ ਮੁਰੰਮਤ ਕਰਨ ਦਾ ਪ੍ਰਬੰਧ ਹੋਣ ਦੇ ਨਾਲ਼-ਨਾਲ਼ ਇੱਥੇ ਦੋ ਸਟਰੀਟ ਲਾਈਟਾਂ ਵੀ ਹਨ।
ਮੇਅਰ ਦੇ ਘਰ ਵਿਚ ਹੀ ਬਣਾਏ ਹੋਏ ਇਕ ਅਜਾਇਬ ਘਰ ਵਿਚ ਤਸਵੀਰਾਂ, ਚਿੱਠੀਆਂ ਤੇ ਪੁਰਾਣੀਆਂ ਵਸਤਾਂ ਹਨ, ਜਿਨ੍ਹਾਂ ਤੋਂ ਇਸ ਸ਼ਹਿਰ ਦੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ। ਇਸ ਅਜਾਇਬ ਘਰ ਦਾ ਨਾਮ 'ਦ ਵੇ ਵੁਈ ਵਰ' ਯਾਨੀ 'ਅਸੀਂ ਜਿਹੋ-ਜਿਹੇ ਸੀ' ਹੈ। ਇਹ ਅਜਾਇਬ ਘਰ, ਕੋਲਿਨਜ਼ ਪਰਿਵਾਰ ਨੇ ਹੀ ਬਣਾਇਆ ਹੋਇਆ ਹੈ। ਡੌਨ ਨੇ ਇਹ ਅਜਾਇਬ ਘਰ ਬਣਾ ਕੇ ਆਪਣੀ ਪਤਨੀ ਨੂੰ ਉਸ ਦੇ 40ਵੇਂ ਜਨਮ ਦਿਨ 'ਤੇ ਤੁਹਫ਼ੇ ਵਜੋਂ ਭੇਂਟ ਕੀਤਾ ਸੀ। ਮਾਰਗ੍ਰੇਟ ਨੂੰ ਅੱਜ ਵੀ ਉਹ ਦਿਨ ਕੱਲ੍ਹ ਵਾਂਗ ਚੇਤੇ ਹਨ, ਜਦੋਂ ਇਸ ਸ਼ਹਿਰ ਵਿਚ ਰੌਣਕ-ਮੇਲਾ ਹੀ ਨਹੀਂ ਲੱਗਿਆ ਹੁੰਦਾ ਸੀ, ਲੋਕ 'ਬਾਊਲਿੰਗ ਏਲੀ' ਅਤੇ 'ਨਾਈਟ ਕਲੱਬ' ਵਿਚ ਵੀ ਮਸਤ ਰਹਿੰਦੇ ਸਨ।
ਭਾਵੇਂ ਇਸ ਸ਼ਹਿਰ ਦੇ ਲੋਕ ਇੱਥੋਂ ਨਿੱਕਲ ਗਏ ਹਨ ਅਤੇ ਮਾਰਗ੍ਰੇਟ ਕੋਲਿਨਜ਼ ਦੀ ਆਪਣੀ ਕੁੱਖੋਂ ਜਾਈ ਧੀ, ਇਸ ਸ਼ਹਿਰ ਦੀ ਵੀਰਾਨੀ ਤੋਂ ਅੱਕ ਕੇ ਰੌਣਕ ਦੀ ਤਲਾਸ਼ ਵਿਚ ਨਿੱਕਲ ਗਈ ਹੈ, ਪਰ ਉਸ ਨੇ ਤਾਂ ਜਿੱਦਾਂ ਇਸ ਸ਼ਹਿਰ ਨੂੰ ਛੱਡ ਕੇ ਜਾਣ ਦੀ ਖ਼ਾਹਸ਼ ਦਾ ਗਲ਼ ਹੀ ਘੁੱਟ ਦਿੱਤਾ ਹੈ। 'ਬੀਬੀਸੀ' ਨਾਲ਼ ਗੱਲਾਂ ਕਰਦਿਆਂ ਮਾਰਗ੍ਰੇਟ ਕੋਲਿਨਜ਼ ਨੇ ਏਦਾਂ ਕਿਹਾ ਸੀ, "ਹੁਣ ਇੱਥੇ ਕੌਣ ਰਹਿ ਗਿਆ ਏ ਸਾਥੋਂ ਬਗ਼ੈਰ? ਪਰ ਅਸੀਂ ਇਸ ਹਾਲ ਵਿਚ ਵੀ ਖ਼ੁਸ਼ ਹਾਂ।"
ਟਿਲਟ ਕੋਵ ਦੂਰਾਡਾ ਤੇ ਇਕ ਪਾਸੇ ਜਿਹੇ ਹੋਣ ਦੀ ਵਜ੍ਹਾ ਨਾਲ਼ ਉਸ ਦੀ ਅਛੋਹ ਸੁੰਦਰਤਾ ਜਿਉਂ ਦੀ ਤਿਉਂ ਹੈ। ਇਹੋ ਵਜ੍ਹਾ ਹੈ ਕਿ ਇਸ ਵਿਚ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਣ ਦੀ ਕਾਫੀ ਸਮਰਥਾ ਹੈ। ਇਸ ਸ਼ਹਿਰ ਦੇ ਇਤਿਹਾਸ ਉੱਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਤਕਰੀਬਨ 1813 ਵਿਚ ਬਰਤਾਨੀਆ ਤੋਂ ਆਏ ਜਾਰਜ ਅਤੇ ਮੇਰੀ ਵਿਨਜ਼ਰ ਵੱਲੋਂ ਵਸਾਏ ਜਾਣ ਵੇਲ਼ੇ ਇਸ ਦੀ ਅਬਾਦੀ ਤਕਰੀਬਨ ੨੫ ਜੀਆਂ 'ਤੇ ਆਧਾਰਤ ਸੀ। 1857 ਵਿਚ ਸਮਿੱਥ ਮਕੇਅ ਨੂੰ ਇਸ ਸ਼ਹਿਰ ਵਿਚ ਤਾਂਬੇ ਦੇ ਵੱਡੇ ਭੰਡਾਰਾਂ ਦਾ ਪਤਾ ਲੱਗ ਗਿਆ। 1864 ਵਿਚ ਉਨ੍ਹਾਂ ਨੇ ਸੀ. ਐੱਫ. ਬੈਨੈੱਟ ਨਾਲ਼ ਰਲ਼ ਕੇ ਇੱਥੇ ਖਾਣਾਂ ਪੁਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ। 1880 ਦੇ ਏੜ-ਗੇੜ ਵਿਚ ਟਿਲਟ ਕੋਵ ਦੀ ਖਾਣ ਉੱਤੇ 'ਕੇਪ ਕੌਪਰ ਕੰਪਨੀ' ਦਾ ਕਬਜ਼ਾ ਹੋ ਗਿਆ। 1916 ਵਿਚ ਇਸ ਸ਼ਹਿਰ ਦੀ ਅਬਾਦੀ 1500 ਤਕ ਪਹੁੰਚ ਗਈ ਸੀ।
1920 ਵਿਚ ਇੱਥੇ ਖਾਣ ਦੀ ਪੁਟਾਈ ਬੰਦ ਹੋ ਗਈ ਤੇ ਇਸ ਸ਼ਹਿਰ ਦੀ ਅਬਾਦੀ ਮਸਾਂ 100 ਕੁ ਬੰਦੇ ਰਹਿ ਗਈ। 1957 ਵਿਚ ਖਾਣ ਦੁਬਾਰਾ ਖੋਲ੍ਹੀ ਜਾਣ ਤਕ ਇਸ ਸ਼ਹਿਰ ਦਾ ਇਹੋ ਹਾਲ ਰਿਹਾ। ਖਾਣ ਦੁਬਾਰਾ ਖੋਲ੍ਹਣ ਦਾ ਕੰਮ ਮੈਥਿਊ ਜੇਮਜ਼ ਬੋਏਲੈੱਨ ਨੇ ਕੀਤਾ। ਇਸ ਤੋਂ ਬਾਅਦ ਹੀ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਸਰਕਾਰ ਨੇ ਖਾਣਾਂ ਦਾ ਕੰਮ ਕਰਨ ਵਾਲ਼ੇ ਲੋਕਾਂ ਨੂੰ ਉਤਸ਼ਾਹ ਦੇਣ ਖ਼ਾਤਰ ਨੀਤੀ ਬਣਾਈ ਤੇ ਇਕ ਤਰ੍ਹਾਂ ਨਾਲ਼ ਟਿਲਟ ਕੋਵ ਨੇ ਦੁਬਾਰਾ ਜਨਮ ਲਿਆ। 1967 ਵਿਚ ਇਕ ਵਾਰ ਫਿਰ ਖਾਣ ਬੰਦ ਹੋ ਗਈ।
'ਗੁਲ ਆਈਲੈਂਡ' ਦੇ ਨੇੜੇ 'ਕੁਈਨ ਆਫ ਸਵੈਨਸੀ' ਨਾਂ ਦਾ ਜਹਾਜ਼ ਡੁੱਬਣ ਨਾਲ਼ ਮਰੇ ਲੋਕਾਂ ਦੀ ਯਾਦ ਵਿਚ, ਇਸ ਸ਼ਹਿਰ ਵਿਚ 'ਦ ਕੁਈਨ ਆਫ ਸਵੈਨਸੀ ਮੈਮੋਰੀਅਲ' ਦੀ ਸਥਾਪਨਾ ਕੀਤੀ ਗਈ ਸੀ। ਖਾਣ ਵਿਚੋਂ ਕੱਢਿਆ ਗਿਆ ਕੱਚਾ ਤਾਂਬਾ, ਇਸ ਜਹਾਜ਼ ਰਾਹੀਂ ਟਿਲਟ ਕੋਵ ਤੋਂ ਵੇਲਜ਼ ਲਿਜਾਇਆ ਜਾਂਦਾ ਹੁੰਦਾ ਸੀ। ਭਾਵੇਂ ਇਨ੍ਹਾਂ ਖਾਣਾਂ ਵਿਚੋਂ ਸੋਨਾ ਨਿੱਕਲਣ ਦੀਆਂ ਇਤਲਾਹਾਂ ਵੀ ਮਿਲਦੀਆਂ ਰਹੀਆਂ ਹਨ, ਪਰ ਇਸ ਵੇਲ਼ੇ ਇਹ ਸ਼ਹਿਰ ਮਿੱਟੀ ਹੀ ਹੋਇਆ ਪਿਆ। ਇਸ ਦੀ ਵਜ੍ਹਾ, ਇਸ ਦੇ ਧੁਰ ਪੂਰਬ ਵਿਚ ਵਸਦੇ ਹੋਣਾ ਵੀ ਹੋ ਸਕਦੀ ਹੈ ਕਿਉਂ ਕਿ ਬਾਕੀ ਕੈਨੇਡਾ ਦੇ ਲੋਕ ਇੰਨੀ ਦੂਰ ਆਉਣ ਦੀ ਹਿੰਮਤ ਨਹੀਂ ਕਰਦੇ। ਕਰ ਵੀ ਲੈਣ ਤਾਂ ਦਿਸਣੇ ਤਾਂ ਉਹੀ ਢਾਈ (ਚਾਰ) ਟੋਟਰੂ ਹੀ ਹਨ। ਕੈਨੇਡਾ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸ਼ਹਿਰ ਦਾ ਵਜੂਦ ਬਣਾਈ ਰੱਖਣ ਲਈ ਕੁੱਝ ਠੋਸ ਹੀਲੇ ਕਰੇ ਨਹੀਂ ਤਾਂ ਡੌਨ ਕੋਲਿਨਜ਼ ਤੇ ਮਾਰਗ੍ਰੇਟ ਕੋਲਿਨਜ਼ ਦੇ ਨਾਲ਼-ਨਾਲ਼ ਉਨ੍ਹਾਂ ਦੀ ਰਿਸ਼ਤੇਦਾਰ ਜੋੜੀ ਨੇ ਵੀ ਇਸ ਸ਼ਹਿਰ ਨੂੰ ਕਿੰਨਾ ਕੁ ਚਿਰ ਬੰਨ੍ਹ ਕੇ ਬੈਠੇ ਰਹਿਣਾ ਹੈ।#
