ਭਲਾ ਕਿਹੋ ਜਿਹੇ ਹੁੰਦੇ ਨੇ ਧੋਖੇਬਾਜ਼ਾਂ ਦੇ ਚਿਹਰੇ-ਮੁਹਰੇ?
****************************************
ਪਿਛਲੇ ਦਿਨੀਂ ਇਕ ਪੱਤਰਕਾਰਾ ਨੇ ਆਪਣੇ ਚਿਹਰੇ ਦੇ ਮੰਚ ਰਾਹੀਂ ਜਹਾਨ ਭਰ ਵਿਚ ਹੁਸਨ ਦੇ ਨਕਸ਼ ਦਿਖਾਉਣ ਦਾ ਹੀਲਾ ਕੀਤਾ ਸੀ। ਹੁਣ ਵੈਲੇਟਾਈਨ ਦਿਹਾੜੇ ਦੇ ਮੌਕੇ 'ਤੇ ਕੁੱਝ ਖੋਜਕਾਰਾਂ ਨੇ ਕੈਨੇਡਾ ਭਰ ਵਿਚੋਂ 314 ਜੁਆਨ ਚਿਹਰਿਆਂ ਉੱਤੋਂ ਬੇਵਫ਼ਾਈ ਅਤੇ ਧੋਖੇ ਦੇ ਨਕਸ਼ ਪੜ੍ਹਨ ਦਾ ਹੀਲਾ ਕਰਦਿਆਂ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ, ਆਪਣੇ ਸਾਥੀਆਂ ਨਾਲ਼ ਬੇਵਫ਼ਾਈ ਕਰ ਕੇ ਮੁਹੱਬਤ ਨੂੰ ਦਾਗ਼ ਲਾਉਣ ਬਾਰੇ ਸੋਚਣ ਵਾਲਿਆਂ ਦੇ ਚਿਹਰਿਆਂ ਦੇ ਨਕਸ਼ ਪੜ੍ਹ ਲਏ ਹਨ। ਚਿਹਰਿਆਂ ਦੀ ਇਸ ਪੜ੍ਹਾਈ ਵਿਚ ਚਿਹਰਿਆਂ ਵਾਲ਼ਿਆਂ ਦੇ ਕਈ ਗੁੱਝੇ ਜਿਨਸੀ ਏਜੰਡੇ ਵੀ ਬੇਨਕਾਬ ਹੋਣ ਦੇ ਦਾਅਵੇ ਕੀਤੇ ਗਏ ਹਨ।
ਇਸ ਸਬੰਧ ਵਿਚ ਥੋੜ੍ਹੇ ਦਿਨ ਪਹਿਲਾਂ ਹੀ ਇਕ ਖੋਜ ਰਿਪੋਰਟ, ਕੈਨੇਡਾ ਦੇ ਇਕ ਅੰਗਰੇਜ਼ੀ ਪਰਚੇ ਵਿਚ ਨਸ਼ਰ ਕੀਤੀ ਗਈ ਹੈ। ਅੰਗਰੇਜ਼ੀ ਦੇ ਕਵੀ ਵਿਲੀਅਮ ਬਲੇਕ ਦੀ ਇਕ ਕਾਵਿਕ ਸਤਰ ਦਾ ਸਿੱਧਾ ਜਿਹਾ ਪੰਜਾਬੀ ਅਨੁਵਾਦ ਏਦਾਂ ਹੈ: "ਜਿੱਥੇ ਧੋਖਾਧੜੀ ਹੈ, ਉੱਥੇ ਹੀ ਸ਼ਰਾਰਤ ਹੈ।" ਪਰ ਬ੍ਰਿਟਿਸ਼ ਕੋਲੰਬੀਆ ਦੇ ਇਕ ਖੋਜੀ ਦਾ ਕਹਿਣ ਹੈ ਕਿ ਇਉਂ ਲੱਗਦੈ ਜਿੱਥੇ ਧੋਖਾਧੜੀ ਹੈ, ਉੱਥੇ ਆਮ ਨਾਲ਼ੋਂ ਚੌੜਾ ਤੇ ਛੋਟਾ ਜਿਹਾ ਚਿਹਰਾ ਹੋ ਸਕਦਾ ਹੈ।
ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਮਨੋਵਿਗਿਆਨੀ ਬਰਾਇਨ ਬਰਡ ਦੀ ਟੀਮ ਦੇ ਮੈਂਬਰਾਂ ਨੇ ਸਾਰੇ ਕੈਨੇਡਾ ਦੀਆਂ ਕੁੱਝ ਯੂਨੀਵਰਸਿਟੀਆਂ ਵਿਚ ਚਿਹਰਿਆਂ ਦਾ ਮੁਤਾਲਿਆ ਅਤੇ ਮੁਆਇਨਾ ਕਰ ਕੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਚਿਹਰਿਆਂ ਦੇ ਮਾਲਕਾਂ ਦੇ ਤਨਾਂ-ਮਨਾਂ ਵਿਚ ਕਾਮ ਸਬੰਧੀ ਜਜ਼ਬੇ ਦੇ ਹੱਲੇ ਕਿਸ ਹੱਦ ਤਕ ਵੱਜਦੇ ਹਨ ਅਤੇ ਉਨ੍ਹਾਂ ਦੇ ਮਨਾਂ ਵਿਚ ਆਪਣੇ ਸਾਥੀਆਂ/ ਸਾਥਣਾਂ ਨਾਲ਼ ਜਿਨਸੀ ਧੋਖਾ ਕਰਨ ਦਾ ਮਾਦਾ ਕਿਸ ਹੱਦ ਤਕ ਠਾਠਾਂ ਮਾਰਦਾ ਹੈ।
ਇਹ ਖੋਜ ਕਾਰਜ ਪੂਰਾ ਕਰਨ ਮਗਰੋਂ ਬਰਾਇਨ ਬਰਡ ਨੇ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ, "ਅਸੀਂ ਦੇਖਿਆ ਹੈ ਕਿ ਜਿਹੜੇ ਲੋਕਾਂ ਦੇ ਚਿਹਰੇ ਛੋਟੇ ਅਤੇ ਚੌੜੇ ਹੁੰਦੇ ਹਨ, ਉਨ੍ਹਾਂ ਦੇ ਤਨਾਂ-ਮਨਾਂ ਵਿਚ ਕਾਮ ਸਬੰਧੀ ਜਜ਼ਬੇ ਦੇ ਹੱਲੇ ਬਹੁਤੀ ਹੱਦ ਤਕ ਵੱਜਦੇ ਰਹਿੰਦੇ ਹਨ। ਇਹੋ ਜਿਹੇ ਲੋਕ ਆਪਣੇ ਸਾਥੀਆਂ/ ਸਾਥਣਾਂ ਨਾਲ਼ ਬੇਵਫ਼ਾਈ ਕਰਨ ਲਈ ਵੀ ਤਿਆਰ ਹੀ ਨਜ਼ਰ ਆਇਆ ਕਰਦੇ ਹਨ।" ਮਨੁੱਖ ਦੀ ਸ਼ਖ਼ਸੀਅਤ ਦੇ ਇਨ੍ਹਾਂ ਪਹਿਲੂਆਂ ਨੂੰ ਉਸ ਦੇ ਚਿਹਰੇ ਨਾਲ਼ ਜੋੜ ਕੇ ਪੜ੍ਹਨ ਦਾ ਫੁਰਨਾ ਐਵੈਂ ਖਿੱਚ ਕੇ ਵਧਾਇਆ ਜਿਹਾ ਵੀ ਲੱਗ ਸਕਦਾ ਹੈ। ਇਸ ਸਬੰਧੀ ਪੁੱਛੇ ਇਕ ਸੁਆਲ ਦੇ ਜੁਆਬ ਵਿਚ ਬਰਡ ਨੇ ਕਿਹਾ ਕਿ 19ਵੀਂ ਸਦੀ ਵਿਚ ਜਿਨਸੀ ਹਮਲਿਆਂ ਦਾ ਸਬੰਧ ਕਿਸੇ ਦੀ ਖੋਪੜੀ ਦੇ ਆਕਾਰ ਨਾਲ਼ ਜੋੜ ਕੇ ਦੇਖਣ ਦੇ ਰੁਝਾਨ ਨੂੰ ਬਹੁਤ ਬੁਰੀ ਤਰ੍ਹ੍ਹਾਂ ਨਕਾਰਿਆ ਗਿਆ ਸੀ।
ਉਂਜ ਤਕਰੀਬਨ ਦਸ ਸਾਲ ਪਹਿਲਾਂ ਖੋਜੀਆਂ ਨੇ ਕਿਸੇ ਦੇ ਹਮਲਾਵਰ ਅਤੇ ਆਕੜਖੋਰ ਵਤੀਰੇ ਅਤੇ ਚਿਹਰੇ ਦੀ ਚੌੜਾਈ ਤੋਂ ਉਚਾਈ ਅਨੁਪਾਤ (Facial width-to-height ratio) ਯਾਅਨੀ (FWHR) ਵਿਚਾਲ਼ੇ ਆਪਸੀ ਸਬੰਧਾਂ ਦਾ ਅਧਿਐਨ ਕਰਨਾ ਫਿਰ ਸ਼ੁਰੂ ਕਰ ਦਿੱਤਾ ਸੀ। ਇਸ ਵਿਧੀ ਅਧੀਨ ਚਿਹਰੇ ਦੀ ਚੌੜਾਈ ਦੀ ਤੁਲਨਾ, ਉੱਪਰਲੇ ਬੁੱਲ੍ਹ ਤੋਂ ਅੱਖਾਂ ਦੇ ਵਿਚਾਲ਼ੇ ਤਕ ਦੇ ਫ਼ਾਸਲੇ ਨਾਲ਼ ਕੀਤੀ ਜਾਂਦੀ ਹੈ। ਇਸ ਵਿਧੀ ਨਾਲ਼ ਨਿੱਕਲਿਆ ਹੋਇਆ ਅਨੁਪਾਤ ਜਿੰਨਾ ਜ਼ਿਆਦਾ ਹੋਵੇਗਾ, ਉੱਨਾ ਹੀ ਉਸ ਚਿਹਰੇ ਵਾਲ਼ਾ ਬੰਦਾ ਵਧੇਰੇ ਹਮਲਾਵਰ ਅਤੇ ਆਕੜਖੋਰ ਹੋਵੇਗਾ। ਬਰਡ ਨੇ ਇਹ ਵੀ ਕਿਹਾ ਹੈ, "ਇਹ ਸਭ ਕੁੱਝ, ਸਮਾਜ ਦੇ ਉਸ ਵਿਕਾਸੀ ਢੰਗ ਦੇ ਅੰਦਰ-ਅੰਦਰ ਹੈ, ਜਿਸ ਵਿਚ ਧੌਂਸ ਅਤੇ ਹਮਲਾਵਰੀ, ਸਾਥੀ ਲੱਭਣ ਦੇ ਕਿਸੇ ਢੰਗ ਨਾਲ਼ ਰਲ਼ਦੀਆਂ-ਮਿਲਦੀਆਂ ਸਮਝੀਆਂ ਗਈਆਂ ਹਨ। ਇਸ ਲਈ, ਅਸੀਂ ਸੋਚਿਆ ਕਿ ਜਿਨਸੀ ਖੇਡ ਖੇਡਣ ਦੀ ਤਾਂਘ ਅਤੇ ਮਨੁੱਖ ਦਾ, ਹਮਬਿਸਤਰ ਹੋਣ ਸਬੰਧੀ ਮਨੋਵਿਗਿਆਨ ਵੀ ਇਸ ਵਿਕਾਸੀ ਢਾਂਚੇ ਅੰਦਰ ਮਹੱਤਵਪੂਰਨ ਹੋਵੇਗਾ, ਪਰ ਖੋਜੀਆਂ ਨੇ ਹਾਲੇ ਇਸ ਵੱਲ ਨਜ਼ਰ ਨਹੀਂ ਮਾਰੀ।"
ਬਰਾਇਨ ਬਰਡ ਦੀ ਟੀਮ ਵੱਲੋਂ ਕੀਤੇ ਗਏ ਇਸ ਅਧਿਐਨ ਦੀ ਰਿਪੋਰਟ 'ਆਰਕਾਈਵਜ਼ ਆਫ ਸੈਕਸੂਅਲ ਬੀਹੇਵੀਅਰ ਜਰਨਲ' {Archives of Sexual Behavior journal} ਵਿਚ ਛਪੀ ਸੀ। ਬਰਡ ਦੀ ਇਹ ਚਿਤਾਵਨੀ ਵੀ ਯਾਦ ਰੱਖਣ ਵਾਲ਼ੀ ਹੈ, "ਕਦੇ-ਕਦੇ ਇਹੋ ਜਿਹੇ ਅਧਿਐਨ ਬਹੁਤ ਹੀ ਵਧਾ-ਚੜ੍ਹਾ ਵੀ ਦਿੱਤੇ ਜਾਂਦੇ ਹਨ।" ਇਸ ਦੇ ਨਾਲ਼ ਹੀ ਉਨ੍ਹਾਂ ਨੇ ਫ਼ਰਮਾਇਆ, "ਪਰ ਅਸੀਂ ਇਸ ਅਧਿਐਨ ਨੂੰ ਸਮੁੱਚੇ ਤੌਰ 'ਤੇ ਇਕ ਗਰੁੱਪ ਪੱਧਰੀ ਵਿਸ਼ਲੇਸ਼ਣ ਵਜੋਂ ਦੇਖਦੇ ਹਾਂ ਅਤੇ ਇਸ ਨੂੰ ਸਰਬਵਿਆਪੀ ਨਾ ਸਮਝਿਆ ਜਾਵੇ। ਇਸ ਮਾਮਲੇ ਵਿਚ ਇਹ ਸਪੱਸ਼ਟ ਨਹੀਂ ਹੈ ਕਿ ਇਸ ਵਿਚ 'ਯੰਤਰ-ਰਚਨਾ' ਯਾਨੀ 'ਮੈਕਾਨਿਜ਼ਮ' ਕੀ ਹੈ, ਪਰ ਵਿਕਾਸ ਦੇ ਨਾਜ਼ਕ ਸਮਿਆਂ ਦੌਰਾਨ ਇਹ ਫ਼ੁਰਨਾ ਅਹਿਮ ਹੈ ਕਿ ਜਿਨਸੀ ਤਾਕਤ ਭਰੇ ਹਾਰਮੋਨ 'ਟੈਸਟੋਸਟੇਰੋਨ' ਵਿਚ ਇਕ ਦਮ ਉਛਾਲ਼ਾ ਆਉਣ ਨਾਲ਼ ਚਿਹਰੇ ਦੀ ਬਣਤਰ ਉੱਤੇ ਅਸਰ ਪੈ ਸਕਦਾ ਅਤੇ ਦਿਮਾਗ਼ੀ ਤੰਤੂ ਪ੍ਰਬੰਧ ਵਿਚ ਅਜਿਹੀ ਤਬਦੀਲੀ ਆਉਂਦੀ ਹੈ, ਜਿਸ ਨਾਲ ਸਬੰਧਤ ਮਨੁੱਖ ਦਾ ਵਤੀਰਾ ਖੂੰਖ਼ਾਰਾਨਾ ਜਿਹਾ ਹੋ ਜਾਂਦਾ ਹੈ। ਓਦਾਂ ਇਸ ਖੋਜ ਦੇ ਸਬੰਧ ਵਿਚ ਹੋਰ ਕੰਮ ਕੀਤੇ ਜਾਣ ਦੀ ਲੋੜ ਹੈ।"
ਚਲੋ, ਵੈਲੇਨਟਾਈਨ ਦਿਹਾੜੇ ਹੀ ਕਿਉਂ, ਸਾਨੂੰ ਸਦਾ ਹੀ ਇਹ ਗੱਲ ਵਿਚਾਰਨੀ ਚਾਹੀਦੀ ਹੈ ਕਿ ਜੇ ਵਿਭਚਾਰ ਤੁਹਾਡੇ ਸਿਰ ਵਿਚ ਸ਼ੁਰੂ ਹੋ ਗਿਆ ਹੈ ਤਾਂ ਕਿਸੇ ਦਿਨ ਚਿਹਰਾ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਰਹੇਗਾ। ਕਿਹਾ ਜਾਂਦਾ ਹੈ ਕਿ ਅੱਖਾਂ ਤੁਹਾਡੀ ਆਤਮਾ ਦੀਆਂ ਤਾਕੀਆਂ ਹਨ ਤੇ ਚਿਹਰਾ ਤੁਹਾਡੇ ਮਨ ਦਾ ਸ਼ੀਸ਼ਾ ਹੈ। ਪਰ ਹੁਣ ਖੋਜ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਚਿਹਰੇ ਦੀ ਬਣਤਰ ਤੁਹਾਡੇ ਸਾਥੀ ਦੇ ਮਨ ਵਿਚਲੀ ਮੈਲ਼ ਛੁਪਾਉਣ ਵਿਚ ਨਾਕਾਮ ਰਹਿੰਦੀ ਹੈ। ਚਿਹਰਾ ਪੜ੍ਹਨਾ ਆਉਂਦਾ ਹੋਵੇ ਸਹੀ, ਇਹ ਉਸ ਚਿਹਰੇ ਦੇ ਹੇਠ ਛੁਪਿਆ ਚਿਹਰਾ ਵੀ ਬੇਨਕਾਬ ਕਰ ਸਕਦਾ ਹੈ। ਮਨੁੱਖੀ ਚਿਹਰੇ ਉਹਲੇ ਲੁਕੇ ਹੋਏ ਹੈਵਾਨ ਦੀ ਚੁਗਲੀ ਵੀ ਕਰ ਸਕਦਾ ਹੈ ਚਿਹਰਾ, ਪਰ ਸ਼ਰਤ ਇਹ ਹੈ ਕਿ ਚਿਹਰੇ ਦੀਆਂ ਸੈਨਤਾਂ ਸਮਝਣੀਆਂ ਆਉਣੀਆਂ ਚਾਹੀਦੀਆਂ ਹਨ।
ਇਸੇ ਹੀ ਸਬੰਧ ਵਿਚ ਇਕ ਹੋਰ ਅਖ਼ਬਾਰ ਵਿਚ ਛਪੀ ਇਕ ਰਿਪੋਰਟ ਵਿਚ ਇਹ ਇੰਕਸ਼ਾਫ਼ ਕੀਤਾ ਗਿਆ ਹੈ ਕਿ ਚਿਹਰੇ ਪੜ੍ਹਨ ਦੀ ਇਸ ਮਸ਼ਕ ਵਿਚ ਕੈਨੇਡਾ ਦੀਆਂ ਦੋ ਯੂਨੀਵਰਸਿਟੀਆਂ ਦੇ ੩੧੪ ਨੌਜੁਆਨ ਮੁੰਡੇ-ਕੁੜੀਆਂ ਸ਼ਾਮਲ ਕੀਤੇ ਗਏ ਸਨ। ਉਨ੍ਹਾਂ ਅੰਦਰਲੀ ਕਾਮ-ਇੱਛਾ ਦਾ ਦਰਜਾ ਮਾਪਣ ਲਈ ਉਨ੍ਹਾਂ ਤੋਂ ਕੁੱਝ ਸੁਆਲਾਂ ਦੇ ਜੁਆਬ ਮੰਗੇ ਗਏ। ਅਧਿਐਨ ਕਰਨ ਵਾਲਿਆਂ ਨੇ ਇਸ ਸਰਵੇਖਣ ਵਿਚ ਹਿੱਸਾ ਲੈਣ ਵਾਲ਼ਿਆਂ/ ਵਾਲ਼ੀਆਂ ਦੇ ਚਿਹਰਿਆਂ ਦੀਆਂ ਤਸਵੀਰਾਂ ਵੀ ਖਿੱਚੀਆਂ ਅਤੇ ਉਨ੍ਹਾਂ ਦੇ ਚਿਹਰਿਆਂ ਉੱਤੇ 'ਐੱਫ. ਡਬਲਯੂ. ਐੱਚ. ਆਰ.' ਫਾਰਮੂਲਾ ਲਾਗੂ ਕਰ ਕੇ ਚਿਹਰਿਆਂ ਦੀ ਚੌੜਾਈ ਨੂੰ ਉੱਪਰਲੇ ਬੁੱਲ੍ਹ ਤੋਂ ਭਰਵੱਟਿਆਂ ਤਕ ਦੇ ਫ਼ਾਸਲੇ ਨਾਲ਼ ਤਕਸੀਮ ਕਰ ਕੇ ਵੀ ਦੇਖਿਆ।
ਇਸ ਅਧਿਐਨ ਵਿਚ ਸ਼ਾਮਲ, ਇਕ ਮੋਹਰੀ ਖੋਜੀ ਨੇ ਦੱਸਿਆ ਕਿ ਇਹ, ਮਰਦਾਂ-ਔਰਤਾਂ ਵਿਚ ਹਮਬਿਸਤਰੀ ਦਾ ਮਨੋਵਿਗਿਆਨ ਸਮਝਣ ਲਈ ਚਿਹਰੇ ਦੀਆਂ ਗੁੱਝੀਆਂ ਸੈਨਤਾਂ ਸਮਝਣ ਖ਼ਾਤਰ ਕੀਤਾ ਗਿਆ ਪਲੇਠਾ ਅਧਿਐਨ ਹੈ। ਇਸ ਅਧਿਐਨ ਦੇ ਦੂਜੇ ਪੜਾਅ ਦੌਰਾਨ, ਅਧਿਐਨ ਵਿਚ ਸ਼ਾਮਲ ਲੋਕਾਂ ਦੇ ਆਮ ਕਾਮਕ ਵਤੀਰੇ ਬਾਰੇ ਜਾਨਣ ਲਈ ਅਤੇ ਉਨ੍ਹਾਂ ਵੱਲੋਂ ਆਪਣੇ ਪ੍ਰੇਮੀ/ ਪ੍ਰੇਮਕਾ ਨਾਲ ਬੇਵਫ਼ਾਈ ਕਰਨ ਦੀ ਸੰਭਾਵਨਾ ਦਾ ਪਤਾ ਲਗਾਉਣ ਖ਼ਾਤਰ ਉਨ੍ਹਾਂ ਤੋਂ ਕੁੱਝ ਸੁਆਲ ਵੀ ਪੁੱਛੇ ਗਏ। ਅਧਿਐਨ ਦੇ ਦੂਜੇ ਭਾਗ ਨੇ ਇਸ ਅਧਿਐਨ ਦੇ ਪਹਿਲੇ ਭਾਗ ਯਾਨੀ ਚਿਹਰੇ ਪੜ੍ਹਨ ਤੋਂ ਮਿਲੀ ਜਾਣਕਾਰੀ ਉੱਤੇ ਉਸ ਦੇ ਸਹੀ ਹੋਣ ਦੀ ਮੁਹਰ ਲਾਈ ਹੈ। ਇਸ ਦੋ ਪੜਾਈ ਅਧਿਐਨ ਨੇ, ਅਧਿਐਨ ਵਿਚ ਸ਼ਾਮਲ ਲੋਕਾਂ ਵਿਚੋਂ, ਵਕਤੀ ਤੌਰ 'ਤੇ ਜਿਨਸੀ ਦਿਲਚਸਪੀ ਰੱਖਣ ਵਾਲ਼ੇ ਅਤੇ ਅਗਲੇ ਦਿਨੀਂ ਬੇਵਫ਼ਾਈ ਕਰਨ ਵਾਲ਼ੇ ਵੀ ਛਾਂਟ ਕੇ ਧਰ ਦਿੱਤੇ। ਇਸ ਖੋਜ ਰਿਪੋਰਟ ਦੇ ਛਪਣ ਮਗਰੋਂ ਕੋਈ ਅਚੰਭਾ ਨਹੀਂ ਹੋਵੇਗਾ ਕਿ ਤੁਸੀਂ ਬੱਸ ਜਾਂ ਗੱਡੀ ਵਿਚ ਆਪਣੇ ਨਾਲ਼ ਸਫ਼ਰ ਕਰਨ ਵਾਲ਼ਿਆਂ/ ਵਾਲ਼ੀਆਂ ਨਾਲ਼ ਗੱਲ-ਬਾਤ ਸ਼ੁਰੂ ਕਰਨ ਤੋਂ ਪਹਿਲਾਂ, ਉਨ੍ਹਾਂ ਦੇ ਚਿਹਰਿਆਂ ਦੀ ਚੌੜਾਈ ਅਤੇ ਉੱਪਰਲੇ ਬੁੱਲ੍ਹ ਤੋਂ ਭਰਵੱਟਿਆਂ ਦੇ ਵਿਚਾਲੜੇ ਹਿੱਸੇ ਤਕ ਦੀ ਉਚਾਈ ਮਾਪਣੀ ਸ਼ੁਰੂ ਕਰ ਦਿਓਂ।
ਇਹ ਸਰਵੇਖਣ ਕਰਨ ਵਾਲ਼ਿਆਂ ਵਿਚ ਨਿਪੀਸਿੰਗ ਯੂਨੀਵਰਸਿਟੀ ਤੋਂ ਸਟੀਵਨ ਅਰਨੌਕੀ, ਜਸਟਿਨ ਐੱਮ. ਕਅਰੇ, ਟਰੀਆਨਾ ਓਰਟਿਜ਼ ਅਤੇ ਨਿਕੋਲ ਮਾਰਲੇ ਸ਼ਾਮਲ ਸਨ ਜਦੋਂ ਕਿ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਬਰਾਇਨ ਬਰਡ ਸ਼ਾਮਲ ਸਨ ਅਤੇ ਨਾਰਦਰਨ ਅਨਟੋਰੀਓ ਸਕੂਲ ਆਫ ਮੈਡੀਸਨ ਤੋਂ ਬੈਂਜਾਮਿਨ ਜੇ. ਪੀ. ਮੋਰੀਓ ਸ਼ਾਮਲ ਸੀ। ਯੂਨੀਵਰਸਿਟੀ ਆਫ ਔਟਵਾ ਤੋਂ ਇਕੱਲੀ ਟਰੇਸੀ ਵੈਲਨਕੋਰਟ ਨੇ ਇਹ ਅਧਿਐਨ ਕਰਨ ਵਿਚ ਯੋਗਦਾਨ ਪਾਇਆ। ਖੋਜੀਆਂ ਨੇ ਸਭ ਤੋਂ ਪਹਿਲਾਂ 145 'ਹੀਟਰੋਸੈਕਸੂਅਲ' ਵਿਦਿਆਰਥੀ ਛਾਂਟੇ, ਜਿਨ੍ਹਾਂ ਵਿਚੋਂ69 ਮੁੰਡੇ ਸਨ ਅਤੇ 76 ਕੁੜੀਆਂ ਸਨ। ਇਹ ਸਾਰੇ ਜਣੇ, ਇਹ ਅਧਿਐਨ ਕਰਨ ਵੇਲ਼ੇ ਪਿਆਰ ਸਬੰਧ ਮਾਣ ਰਹੇ ਸਨ। ਪਹਿਲਾਂ ਉਨ੍ਹਾਂ ਦੇ ਚਿਹਰਿਆਂ ਦੀ ਫੋਟੋਗ੍ਰਾਫ਼ੀ ਅਤੇ ਮਿਣਤੀ ਕੀਤੀ ਗਈ ਤੇ ਫਿਰ ਉਨ੍ਹਾਂ ਤੋਂ ਜਿਨਸੀ ਰੁਝਾਨਾਂ ਦੇ ਸਬੰਧ ਵਿਚ ਸੁਆਲ ਪੁੱਛੇ ਗਏ।
ਅਧਿਐਨ ਦਾ ਦੂਜਾ ਪੜਾਅ, ਉਸ ਯੂਨੀਵਰਸਿਟੀ ਤੋਂ 350 ਕਿਲੋ ਮੀਟਰ ਫਾਸਲੇ ਉੱਤੇ ਕੀਤਾ ਗਿਆ, ਜਿਸ ਵਿਚ ਅਧਿਐਨ ਦਾ ਪਹਿਲਾ ਹਿੱਸਾ ਸਿਰੇ ਚੜ੍ਹਾਇਆ ਗਿਆ ਸੀ। ਇਸ ਵਿਚ 314 ਵਿਦਿਆਰਥੀ/ ਵਿਦਿਆਰਥਣਾਂ (43% ਮੁੰਡੇ) ਸ਼ਾਮਲ ਕੀਤੇ ਗਏ। ਦੂਜੇ ਪੜਾਅ ਦੌਰਾਨ ਮਿਲੀ ਜਾਣਕਾਰੀ ਸਬੰਧੀ ਰਿਪੋਰਟ ਦੀ ਤੁਲਨਾ ਪਹਿਲੀ ਰਿਪੋਰਟ ਨਾਲ਼ ਕੀਤੀ ਗਈ ਤਾਂ ਮਿਲੇ ਤੱਥਾਂ ਵਿਚ ਕਾਫੀ ਸਮਾਨਤਾ ਨਜ਼ਰ ਆਈ।
ਹੁਣ ਸੁਆਲ ਉੱਠਦਾ ਹੈ ਕਿ ਇਸ ਖੋਜ ਕਾਰਜ ਦੀ ਪ੍ਰਮਾਣਕਤਾ ਜਾਂ ਸੱਚਾਈ ਕਿੱਦਾਂ ਪਰਖ਼ੀ ਜਾਵੇ। ਇਸ ਖੋਜ ਨੂੰ ਸਰਬਵਿਆਪਕ ਮੰਨਣਾ ਔਖਾ ਹੈ ਕਿਉਂ ਕਿ ਇਸ ਵਿਚ ਸ਼ਾਮਲ ਕੀਤੇ ਗਏ ਲੋਕਾਂ ਵਿਚੋਂ 90% 'ਕਾਕੇਸ਼ੀਅਨ' ਸਨ। ਇਸ ਲਈ ਹੋ ਸਕਦਾ ਹੈ ਕਿ ਇਹ ਅਧਿਐਨ, ਕਾਕੇਸ਼ੀਅਨ ਲੋਕਾਂ ਵਿਚ ਹੀ ਸਹੀ ਸਾਬਤ ਹੁੰਦਾ ਹੋਵੇ। ਇਸ ਤੋਂ ਇਲਾਵਾ, ਇਸ ਅਧਿਐਨ ਵਿਚ ਸ਼ਾਮਲ ਲੋਕਾਂ ਦੇ ਜੁਆਬਾਂ ਦੇ ਸਹੀ ਹੋਣ ਦਾ ਵੀ ਕੋਈ ਪ੍ਰਮਾਣ ਨਹੀਂ ਹੈ। ਵਿਗਿਆਨ ਦੀਆਂ ਪ੍ਰਯੋਗਾਸ਼ਾਲਾਵਾਂ ਵਿਚ ਕੀਤੇ ਗਏ ਪ੍ਰਯੋਗ, ਜ਼ਿੰਦਗ਼ੀ ਦੀ ਪ੍ਰਯੋਗਸ਼ਾਲਾ ਵਿਚ ਵੀ ਸਹੀ ਸਾਬਤ ਹੋਣ, ਕੋਈ ਜ਼ਰੂਰੀ ਤਾਂ ਨਹੀਂ ਕਿਉਂ ਕਿ ਕਈ ਸ਼ਖ਼ਸੀਅਤਾਂ ਨੂੰ ਪੜ੍ਹਨ ਲਈ ਤਾਂ ਸਾਰੀ-ਸਾਰੀ ਉਮਰ ਵੀ ਥੋੜ੍ਹੀ ਹੁੰਦੀ ਹੈ।#