ਸ਼ਬਦੰਗਲ-47

ਮੁਆਫ਼ੀ ਮੰਗ ਕੇ ਵੀ ਖਹਿੜਾ ਛੁਡਾਉਣਾ ਸੌਖਾ ਨਹੀਂ ਮਿਸਟਰ ਕੇਜਰੀਵਾਲ!
>>>>>>>>>>>>>>>>><<<<<<<<<<<<<<<<<
ਕੁੱਝ ਵੀ ਲਿਖਣ ਤੋਂ ਪਹਿਲਾਂ ਮੁਆਫ਼ੀ ਮੰਗਣ ਸਬੰਧੀ ਇਕ ਗੱਲ ਸਪੱਸ਼ਟ ਕਰਨੀ ਜ਼ਰੂਰੀ ਹੈ ਕਿ 'ਸੌਰੀ' ਕਹਿ ਦੇਣਾ ਤੇ ਸਰਾਹਣੇ ਹੇਠ ਬਾਂਹ ਦੇ ਕੇ ਸੌਂ ਜਾਣਾ ਇੰਨਾ ਸੌਖਾ ਕੰਮ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਗ਼ੈਰਤ ਵਾਲ਼ੇ ਕਿਸੇ ਬੰਦੇ ਲਈ 'ਸੌਰੀ' ਕਹਿਣਾ, ਸੌ ਮੌਤਾਂ ਇਕੋ ਵੇਲ਼ੇ ਮਰਨ ਦੇ ਤੁੱਲ ਹੁੰਦਾ ਹੈ ਤੇ ਮਰਨਾ ਵੀ ਆਤਮਘਾਤ ਕਰ ਕੇ! ਮੁਆਫ਼ੀ ਮੰਗਣ ਦੇ ਮਾਮਲੇ ਵਿਚ ਬਹੁਤ ਆਮ ਹੀ ਇਹ ਸੁਣਨ ਵਿਚ ਆਉਂਦਾ ਹੈ, "ਲਓ ਯਾਰ ਹੁਣ ਜਦੋਂ ਉਸ ਨੇ ਮੁਆਫ਼ੀ ਹੀ ਮੰਗ ਲਈ ਹੈ ਤਾਂ ਹੁਣ ਉਸ ਨੂੰ ਮਾਰ ਥੋੜ੍ਹੋ ਸੁੱਟਣਾ ਏ। ਹੁਣ ਛੱਡੋ ਵੀ ਪਰ੍ਹਾਂ।" 'ਛੱਡੋ ਪਰ੍ਹਾਂ' ਜਾਂ 'ਹੋਊ ਪਰ੍ਹਾਂ' ਕਰ ਕੇ ਖਹਿੜਾ ਛੱਡ ਦੇਣਾ ਜਾਂ ਛੁਡਾ ਲੈਣਾ, ਮੁਆਫ਼ੀ ਮੰਗਣ ਦੇ ਮਾਮਲੇ ਵਿਚ, ਅੰਗਰੇਜ਼ੀ ਵਿਚ ਕਹਿਣ ਵਾਂਗ 'ਕੇਕਵਾਕ' ਨਹੀਂ ਹੈ, ਪਈ ਸਾਹਮਣੇ ਮੇਜ਼ ਉੱਤੇ 'ਕੇਕ' ਪਿਆ ਹੈ ਤੇ ਉਸ ਵੱਲ ਜਾ ਕੇ ਯਾਨੀ 'ਵਾਕ' ਕਰ ਕੇ, 'ਕੇਕ' ਚੁੱਕੋ ਤੇ ਖਾ ਲਓ।
ਗੱਲ ਇਹੋ ਅਜੇ ਪੂਰੀ ਕਰਨੀ ਬਾਕੀ ਹੈ, ਪਰ ਨਿੱਜੀ ਮਜਬੂਰੀਆਂ ਦੀ ਵਜ੍ਹਾ ਨਾਲ਼, ਇਸ ਮਾਮਲੇ ਦੀ ਲੋਕੇਸ਼ਨ ਕਿਸੇ ਉਸ ਅਖ਼ਬਾਰ ਦਾ ਦਫ਼ਤਰ ਹੋ ਜਾਂਦੀ ਹੈ, ਜਿਸ ਦੇ ਮੁਲਾਜ਼ਮਾਂ ਦੀ ਯੂਨੀਅਨ ਬਹੁਤ ਮਜ਼ਬੂਤ ਦੱਸੀ ਵੀ ਜਾਂਦੀ ਹੈ ਤੇ ਸਮਝੀ ਵੀ ਜਾਂਦੀ ਹੈ। ਯੂਨੀਅਨ ਦੀਆਂ ਚੋਣਾਂ ਵਿਚ ਇਕ-ਇਕ ਵੋਟ ਦੀ ਲੋੜ ਤਾਂ ਹੁੰਦੀ ਹੀ ਹੈ, ਉਹ ਹਰ ਵੋਟ ਹਾਸਲ ਕਰਨ ਲਈ ਪੈਂਤਰੇ-ਹਰਬੇ ਵੀ ਨਵੇਂ ਤੋਂ ਨਵੇਂ ਵਰਤੇ ਜਾਂਦੇ ਹਨ, ਉਸ ਦਫ਼ਤਰ ਵਿਚ। ਇਕ ਟਰੇਡ ਯੂਨੀਅਨਿਸਟ ਲੀਡਰ ਨੇ ਯੂਨੀਅਨ ਦੀ ਚੌਧਰ ਹੇਠ, ਆਪਣੇ ਕਿਸੇ ਸਹਿਕਰਮੀ ਨਾਲ਼ ਕੰਮ ਕਰਨ ਦੌਰਾਨ ਕਈ ਵਾਰੀ ਬਦਸਲੂਕੀ ਕੀਤੀ ਹੋਈ ਸੀ। ਹੁਣ ਯੂਨੀਅਨ ਦੀ ਚੋਣ ਜਿੱਤਣ ਲਈ ਇਕ-ਇਕ ਵੋਟ ਦੀ ਲੋੜ ਸੀ। ਉਸ ਲੀਡਰ ਦੇ 'ਪਾਲਤੂ ਸਾਥੀਆਂ' ਨੇ ਉਸ ਨੂੰ ਸਲਾਹ ਦਿੱਤੀ ਕਿ ਉਹ, ਉਸ ਸਹਿਕਰਮੀ ਸਾਥੀ ਤੋਂ ਮੁਆਫ਼ੀ ਮੰਗ ਕੇ ਉਸ ਦੀ ਵੋਟ ਆਪਣੇ ਧੜੇ ਲਈ ਹਥਿਆਉਣ ਦਾ ਹੀਲਾ ਕਰੇ।
ਸਹਿਕਰਮੀ ਸਾਥੀ ਦੇ ਕੰਨੀਂ ਵੀ ਇਹ ਭਿਣਕ ਪੈ ਗਈ ਕਿ ਉਸ ਦੀ ਵੋਟ ਲੈਣ ਖ਼ਾਤਰ ਹੀ ਉਹ ਲੀਡਰ ਮੁਆਫ਼ੀ ਮੰਗਣ ਦਾ ਪਾਖੰਡ ਕਰਨ ਆ ਰਿਹਾ ਹੈ। ਉਸ ਨੇ ਵੀ ਆਪਣੇ ਵੱਲੋਂ ਗੱਲ ਉਡਾ ਦਿੱਤੀ ਕਿ ਉਹ ਮੁਆਫ਼ੀ ਮੰਗਣ ਆਉਣ ਵਾਲ਼ੇ ਲੀਡਰ ਨੂੰ ਮੁਆਫ਼ੀ ਦੇਣ ਤੋਂ ਪਹਿਲਾਂ, ਉਸ ਤੋਂ ਉਸ ਨਾਲ਼ ਕੀਤੀਆਂ ਹੋਈਆਂ ਵਧੀਕੀਆਂ/ ਬਦਸਲੂਕੀਆਂ ਦੀ ਸੂਚੀ ਮੰਗੇਗਾ ਤੇ ਇਹ ਪੁੱਛੇਗਾ ਕਿ ਉਹ ਇਨ੍ਹਾਂ ਵਧੀਕੀਆਂ/ ਬਦਸਲੂਕੀਆਂ ਵਿਚੋਂ ਕਿਸ ਦੀ ਮੁਆਫ਼ੀ ਮੰਗ ਰਿਹਾ ਹੈ। ਇਸ ਦੇ ਨਾਲ਼ ਹੀ ਉਸ ਨੇ ਹਵਾ ਰਾਹੀਂ ਹੀ ਇਹ ਪੈਗ਼ਾਮ ਵੀ ਭੇਜ ਦਿੱਤਾ ਕਿ ਉਸ ਲੀਡਰ ਦੇ ਮੂੰਹੋਂ ਇਹ ਇਕਬਾਲੀਆ ਬਿਆਨ ਸੁਣਨ ਮਗਰੋਂ ਉਸ ਦਾ ਇਹ ਹੱਕ ਰਾਖਵਾਂ ਹੋਵੇਗਾ ਕਿ ਉਸ ਨੇ, ਉਸ ਨੂੰ ਮੁਆਫ਼ ਕਰਨਾ ਹੈ ਜਾਂ ਨਹੀਂ। ਇਸ ਲਈ, ਮੁਆਫ਼ੀ ਮੰਗ ਕੇ ਵੀ ਖਹਿੜਾ ਛੁਡਾਉਣਾ ਸੌਖਾ ਨਹੀਂ ਮਿਸਟਰ ਕੇਜਰੀਵਾਲ!
ਹੁਣ ਦੇਖਦੇ ਹਾਂ ਕਿ ਦਿੱਲੀ ਦੇ ਮੁੱਖ ਮੰਤਰੀ ਤੇ 'ਆਮ ਆਦਮੀ ਪਾਰਟੀ' ਦੇ 'ਖ਼ਾਸ ਕਨਵੀਨਰ' ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਸਾਬਕਾ ਬਾਦਲ ਸਰਕਾਰ ਦੇ 'ਰਿਸ਼ਤੇਦਾਰ ਮੰਤਰੀ' ਬਿਕਰਮ ਸਿੰਘ ਮਜੀਠੀਆ ਤੋਂ ਕਿਸ ਗੁਨਾਹ ਲਈ ਮੁਆਫ਼ੀ ਮੰਗੀ ਹੈ ਤੇ ਇਹ ਮੁਆਫ਼ੀ ਮੰਗਦਿਆਂ ਉਨ੍ਹਾਂ ਲੋਕਾਂ ਦਾ ਕਿੰਨਾ ਕੁ ਖ਼ਿਆਲ ਰੱਖਿਆ ਹੈ, ਜਿਨ੍ਹਾਂ ਨੇ ਬਾਦਲ ਦਲ ਦੇ ਜ਼ੁਲਮ ਦੀ ਦਹਿਸ਼ਤ ਅੱਗੇ ਗੇਡੇ ਟੇਕਣ ਦੀ ਥਾਂ, ਬਾਦਲ ਦੇ ਆਗੂਆਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਸੀ ਤੇ ਫਿਰਨੀਆਂ ਤੋਂ ਹੀ ਵਾਪਸ ਕਰ ਦਿੱਤਾ ਸੀ।
ਇਸ ਮਾਮਲੇ ਦੀ ਫ਼ਲੈਸ਼ਬੈਕ ਵਿਚ ਜਾਣ ਦੀ ਲੋੜ ਹੈ ਕਿ ਪੰਜਾਬ ਅਸੈਂਬਲੀ ਦੀਆਂ ਪਿਛਲੀਆਂ ਚੋਣਾਂ ਦੌਰਾਨ ਵੋਟਾਂ ਦੇ ਜੁਗਾੜ ਲਈ ਅਰਵਿੰਦ ਕੇਜਰੀਵਾਲ ਨੇ ਸਟੇਜਾਂ ਉੱਤੋਂ ਇਹ ਐਲਾਨ ਕੀਤੇ ਸਨ ਕਿ ਉਹ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਕੁੱਝ ਦਿਨਾਂ ਦੇ ਅੰਦਰ ਹੀ ਬਾਦਲ ਸਰਕਾਰ ਦੇ 'ਰਿਸ਼ਤੇਦਾਰ ਮੰਤਰੀ' ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਨਾੜਾਂ ਵਿਚ ਨਸ਼ਾ ਤੁੰਨਣ ਦੇ ਜੁਰਮ ਅਧੀਨ ਸੀਖਾਂ ਪਿੱਛੇ ਕਰਾ ਕੇ ਹੀ ਦਮ ਲੈਣਗੇ। ਇਸ ਧਮਕੀ ਦਾ ਜੁਆਬ ਦੇਣ ਲਈ ਮਜੀਠੀਆ ਨੇ 16 ਮਈ, 2016 ਨੂੰ ਕੇਜਰੀਵਾਲ਼ ਦੇ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਰਜ ਕਰਾਉਂਦਿਆਂ ਕਿਹਾ ਸੀ ਕਿ ਕੇਜਰੀਵਾਲ ਉਸ ਉੱਤੇ ਤੁਹਮਤਾਂ ਲਾਉਂਦਿਆਂ ਉਨ੍ਹਾਂ ਦਾ ਅਕਸ ਖਰਾਬ ਕਰ ਰਿਹਾ ਹੈ। ਇਹ ਕੇਸ ਦਰਜ ਹੋਏ ਨੂੰ ਤਕਰੀਬਨ ਦੋ ਸਾਲ ਹੋ ਚੱਲੇ ਹਨ ਕਿ ਹੁਣ ਕੇਜਰੀਵਾਲ ਨੂੰ ਇਹ ਇਲਹਾਮ ਹੋ ਗਿਆ ਹੈ ਕਿ ਉਨ੍ਹਾਂ ਵੱਲੋਂ ਮਜੀਠੀਆ ਦੇ ਖ਼ਿਲਾਫ਼ ਲਗਾਏ ਹੋਏ ਦੋਸ਼ਾਂ ਵਿਚ ਦਮ ਨਹੀਂ ਹੈ। 
15 ਮਾਰਚ (2018) ਨੂੰ ਕੇਜਰੀਵਾਲ ਨੇ, ਮਜੀਠੀਆ ਦੇ ਖ਼ਿਲਾਫ਼ ਲਗਾਏ ਹੋਏ ਇਹ ਦੋਸ਼ ਹੀ ਵਾਪਸ ਨਹੀਂ ਲੈ ਲਏ, ਸਗੋਂ ਇਹ ਦੋਸ਼ ਲਗਾਉਣ ਦੇ ਸਬੰਧ ਵਿਚ ਮਜੀਠੀਆ ਤੋਂ ਲਿਖਤੀ ਰੂਪ ਵਿਚ ਮੁਆਫ਼ੀ ਵੀ ਮੰਗ ਲਈ ਹੈ। ਕੇਜਰੀਵਾਲ ਨੇ ਆਪਣੇ ਮੁਆਫ਼ੀਨਾਮੇ ਦਾ ਇਕ ਉਤਾਰਾ ਉਸ ਅਦਾਲਤ ਨੂੰ ਵੀ ਦਿੱਤਾ ਹੈ, ਜਿਹੜੀ ਮਾਣਹਾਨੀ ਦਾ ਇਹ ਮੁਕੱਦਮਾ ਸੁਣ ਰਹੀ ਸੀ। ਬਿਕਰਮ ਮਜੀਠੀਆ, ਜੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਦਾ ਸਾਲ਼ਾ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਭਰਾ ਹੈ, ਨੇ ਮਾਣਹਾਨੀ ਦੇ ਮੁਕੱਦਮੇ ਵਿਚ ਅਰਵਿੰਦ ਕੇਜਰੀਵਾਲ ਦੇ ਨਾਲ਼-ਨਾਲ਼ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਅਤੇ ਆਸ਼ੀਸ਼ ਖੇਤਾਨ ਨੂੰ ਵੀ ਧਿਰ ਬਣਾਇਆ ਹੋਇਆ ਹੈ। ਇਹ ਮੁਕੱਦਮਾ, ਅੰਮ੍ਰਿਤਸਰ ਦੀ ਇਕ ਅਦਾਲਤ ਦੇ ਵਿਚਾਰ ਗੋਚਰੇ ਹੈ।
ਆਮ ਆਦਮੀ ਪਾਰਟੀ ਦੇ ਪੈਡ ਉੱਤੇ 15-3-2018 ਨੂੰ ਅੰਗਰੇਜ਼ੀ ਵਿਚ ਟਾਈਪ ਕਰਾਏ ਹੋਏ ਇਸ ਮੁਆਫ਼ੀਨਾਮੇ ਦੀ ਇਬਾਰਤ ਦਾ ਪੰਜਾਬੀ ਅਨੁਵਾਦ ਕੁੱਝ ਇਸ ਤਰ੍ਹਾਂ ਹੈ:

"ਹਾਲ ਹੀ ਵਿਚ ਮੈਂ, ਨਸ਼ਿਆਂ ਦੀ ਤਿਜਾਰਤ ਵਿਚ ਤੁਹਾਡੇ ਸ਼ਾਮਲ ਹੋਣ ਬਾਰੇ, ਤੁਹਾਡੇ ਖ਼ਿਲਾਫ਼ ਕੁੱਝ ਬਿਆਨ ਦਿੱਤੇ ਅਤੇ ਦੋਸ਼ ਲਗਾਏ ਹੋਏ ਹਨ। ਇਹ ਬਿਆਨ ਸਿਆਸੀ ਮੁੱਦਾ ਬਣ ਗਏ ਹਨ।
ਹੁਣ ਮੈਨੂੰ ਪਤਾ ਲੱਗਿਆ ਹੈ ਕਿ ਇਹ ਦੋਸ਼ ਆਧਾਰਹੀਣ ਹਨ। ਹੁਣ ਤੋਂ ਇਹੋ ਜਿਹੇ ਮੁੱਦਿਆਂ ਬਾਰੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ।
ਮੇਰੇ ਵੱਲੋਂ ਤੁਹਾਡੇ ਖ਼ਿਲਾਫ਼ ਇਹ ਦੋਸ਼ ਕਈ ਰੈਲੀਆਂ, ਜਨਤਕ ਮੀਟਿੰਗਾਂ, ਟੀਵੀ ਪ੍ਰੋਗਰਾਮਾਂ, ਅਖ਼ਬਾਰਾਂ, ਇਲੈਕਟਰਾਨਿਕ ਅਤੇ ਸੋਸ਼ਲ ਮੀਡੀਆ ਵਿਚ ਲਗਾਏ ਜਾਣ ਕਾਰਨ ਤੁਸੀਂ ਸਾਡੇ ਖ਼ਿਲਾਫ਼ ਅੰਮ੍ਰਿਤਸਰ ਦੀ ਇਕ ਅਦਾਲਤ ਵਿਚ ਮਾਣਹਾਨੀ ਦਾ ਇਕ ਮੁਕੱਦਮਾ ਦਰਜ ਕਰਾਇਆ ਹੋਇਆ ਹੈ।
ਮੈਂ ਤੁਹਾਡੇ ਖ਼ਿਲਾਫ਼ ਦਿੱਤੇ ਹੋਏ ਸਾਰੇ ਬਿਆਨ ਅਤੇ ਲਗਾਏ ਹੋਏ ਸਾਰੇ ਦੋਸ਼ ਵਾਪਸ ਲੈਂਦਾ ਹਾਂ ਤੇ ਉਨ੍ਹਾਂ ਸਬੰਧੀ ਮੁਆਫ਼ੀ ਮੰਗਦਾ ਹਾਂ। ਤੁਹਾਡੀ ਮਾਣਹਾਨੀ ਹੋਣ ਦਾ, ਤੁਹਾਡੇ ਪਰਿਵਾਰ, ਦੋਸਤਾਂ, ਸ਼ੁੱਭਚਿੰਤਕਾਂ ਅਤੇ ਪੈਰੋਕਾਰਾਂ ਨੂੰ ਦੁੱਖ ਹੋਣ ਦਾ ਅਤੇ ਤੁਹਾਨੂੰ ਨੁਕਸਾਨ ਹੋਣ ਦਾ ਅਫ਼ਸੋਸ ਹੈ।
ਦਸਤਖ਼ਤ
ਅਰਵਿੰਦ ਕੇਜਰੀਵਾਲ"

ਇਸ ਮੁਆਫ਼ੀਨਾਮੇ ਦੀ ਇਬਾਰਤ ਵਿਚੋਂ ਕੀ-ਕੀ ਅਰਥ ਨਿੱਕਲਦੇ ਹਨ ਤੇ ਕੀ-ਕੀ ਅਰਥ ਹਾਲੇ ਵੀ ਲੁਕੇ ਹੋਏ ਹਨ, ਇਹ ਵਿਸ਼ਲੇਸ਼ਣ ਮਾਹਰਾਂ ਲਈ ਛੱਡ ਕੇ, ਆਪਣੇ ਪਾਠਕਾਂ ਦਾ ਧਿਆਨ, ਇਹ ਮੁਆਫ਼ੀਨਾਮਾ ਦੇਣ ਤੋਂ ਬਾਅਦ ਹੋਏ ਪ੍ਰਤੀਕਰਮ ਵੱਲ ਤੇ ਇਹ ਮੁਆਫ਼ੀਨਾਮਾ ਦੇਣ ਨਾਲ਼ ਪਏ ਹੋਏ ਪ੍ਰਭਾਵ ਵੱਲ ਦੁਆਉਣਾ ਚਾਹੁੰਦੇ ਹਾਂ। ਇਸ ਮੁਆਫ਼ੀਨਾਮੇਂ ਨੂੰ ਆਪਣੀ 'ਜ਼ਿੰਦਗ਼ੀ ਵਿਚ ਮੋੜ' ਕਰਾਰ ਦਿੰਦਿਆਂ ਮਜੀਠੀਆ ਨੇ ਕਿਹਾ ਹੈ ਕਿ ਉਹ ਹੁਣ ਮਾਣਹਾਨੀ ਕੇਸ ਵਾਪਸ ਲੈ ਲੈਣਗੇ। ਇਸ ਸਬੰਧ ਵਿਚ ਚੰਡੀਗੜ੍ਹ ਵਿਚ ਕੀਤੀ ਇਕ ਪ੍ਰੈੱਸ ਕਾਨਫ਼ਰੰਸ ਵਿਚ ਮਜੀਠੀਆ ਨੇ ਕਿਹਾ, "ਇਹ ਬਹੁਤ ਦੀ ਦੁੱਖਦਾਈ ਸਫ਼ਰ ਸੀ। ਪਰ ਮੈਂ ਸਾਰੀਆਂ ਤੁਹਮਤਾਂ ਆਪਣੇ ਸਿਰ ਸਹਾਰੀਆਂ।" ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸ਼ਾਇਦ ਪਹਿਲੀ ਵਾਰੀ ਹੋਇਆ ਹੈ, ਜਦੋਂ ਕਿਸੇ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਮੁਆਫ਼ੀ ਮੰਗਣੀ ਪਈ ਹੈ।ਉਨ੍ਹਾਂ ਨੇ ਕਿਹਾ, "ਮੈਂ ਤਾਂ ਪਹਿਲੇ ਦਿਨ ਤੋਂ ਕਹਿੰਦਾ ਆਇਆ ਹਾਂ ਕਿ ਕੇਜਰੀਵਾਲ ਮੁਆਫ਼ੀ ਮੰਗੇਗਾ ਜਾਂ ਫਿਰ ਜੇਲ੍ਹ ਜਾਵੇਗਾ...।"
ਇਸ ਮੁਆਫ਼ੀਨਾਮੇ ਦੀ ਵਜ੍ਹਾ ਨਾਲ਼ ਹੀ 'ਆਮ ਆਦਮੀ ਪਾਰਟੀ' ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਅਤੇ ਸਹਿ-ਪ੍ਰਧਾਨ ਅਮਨ ਅਰੋੜਾ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ। ਭਗਵੰਤ ਮਾਨ ਨੇ ਅਸਤੀਫ਼ਾ ਦੇਣ ਦਾ ਐਲਾਨ 'ਟਵਿੱਟਰ' ਰਾਹੀਂ ਕੀਤਾ ਹੈ। ਉਨ੍ਹਾਂ ਨੇ ਆਪਣੇ ਸੁਨੇਹੇ ਵਿਚ ਕਿਹਾ, "ਮੈਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਵਜੋਂ ਅਸਤੀਫ਼ਾ ਦਿੱਤਾ ਹੈ, ਪਰ ਇਕ ਆਮ ਆਦਮੀ ਵਜੋਂ, ਡਰੱਗ ਮਾਫੀਆ ਅਤੇ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਖ਼ਿਲਾਫ਼ ਮੇਰੀ ਲੜਾਈ ਜਾਰੀ ਰਹੇਗੀ।" 
ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੇਜਰੀਵਾਲ ਵੱਲੋਂ ਮੁਆਫ਼ੀ ਮੰਗਣ ਦੀ ਵਜ੍ਹਾ ਨਾਲ਼ ਬੜਾ ਧੱਕਾ ਵੱਜਿਆ ਹੈ। ਇਸ ਦੌਰਾਨ ਹੀ 'ਆਮ ਆਦਮੀ ਪਾਰਟੀ' ਦੀ ਪੰਜਾਬ ਇਕਾਈ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਪਾਰਟੀ ਲੀਡਰਸ਼ਿੱਪ, ਪੰਜਾਬ ਦੇ ਉਨ੍ਹਾਂ ਆਗੂਆਂ ਨਾਲ਼ ਗੱਲ-ਬਾਤ ਕਰੇਗੀ, ਜਿਹੜੇ ਕੇਜਰੀਵਾਲ ਵੱਲੋਂ ਮੁਆਫ਼ੀ ਮੰਗਣ ਦੇ ਸਬੰਧ ਵਿਚ ਨਰਾਜ਼ ਹਨ।
ਬਿਕਰਮ ਸਿੰਘ ਮਜੀਠੀਆ ਦੀ ਭੈਣ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਜਰੀਵਾਲ ਉੱਤੇ ਵਰ੍ਹਦਿਆਂ ਦੋਸ਼ ਲਗਾਇਆ ਹੈ ਕਿ ਉਹ ਸਸਤੀ ਸਿਆਸਤ ਖੇਡ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲ਼ੇ ਭੰਡੀ-ਪ੍ਰਚਾਰ ਹੀ ਕਰਦੇ ਹਨ ਤੇ ਉਨ੍ਹਾਂ ਨੇ ਝੂਠ ਦੇ ਆਧਾਰ 'ਤੇ ਹੀ ਪੰਜਾਬ ਵਿਚ ਚੋਣ ਮੁਹਿੰਮ ਚਲਾਈ ਹੈ। ਉਨ੍ਹਾਂ ਨੇ ਕਿਹਾ, "ਚੰਗਾ ਹੋਇਆ ਉਨ੍ਹਾਂ ਨੇ ਆਪਣੇ ਝੂਠ ਮੰਨ ਲਏ ਹਨ।"
ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ 'ਟਵੀਟ' ਕੀਤਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਪਜਿਲਾਂ ਆਪਣੀ ਪਾਰਟੀ ਦੇ ਹੋਰ ਮੈਂਬਰਾਂ ਨਾਲ਼ ਸਲਾਹ ਨਹੀਂ ਕੀਤੀ। ਪਾਰਟੀ ਦੇ ਸੀਨੀਅਰ ਆਗੂ ਕੁਮਾਰ ਵਿਸ਼ਵਾਸ, ਜੋ ਕੇਜਰੀਵਾਲ ਦੇ 'ਖ਼ਾਸੋ-ਖ਼ਾਸ' ਸਮਝੇ ਜਾਂਦੇ ਹਨ, ਨੇ ਕੇਜਰੀਵਾਲ ਉੱਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਆਪਣੇ ਬੋਲ ਨਹੀਂ ਪੁਗਾਏ। 'ਐੱਨ ਡੀ ਟੀ ਵੀ' ਨੇ ਖ਼ਬਰ ਦਿੱਤੀ ਹੈ ਕਿ ਕੇਜਰੀਵਾਲ ਹੁਣ ਕਈ ਆਗੂਆਂ ਤੋਂ ਮੁਆਫ਼ੀ ਮੰਗਣਗੇ, ਜਿਨਾਂ ਵਿਚ ਕੇਂਦਰੀ ਵਿੱਤ ਮੰਤਰੀ ਅਰੁਣ ਕੁਮਾਰ ਜੇਤਲੀ ਵੀ ਸ਼ਾਮਲ ਹਨ। ਅਗੱਸਤ, 2016 ਵਿਚ ਕੇਜਰੀਵਾਲ ਨੇ ਹਰਿਆਣਾ ਦੇ ਭਾਜਪਾ ਨੇਤਾ ਅਵਤਾਰ ਸਿੰਘ ਭਦਾਣਾ ਨੂੰ 'ਭ੍ਰਿਸ਼ਟ' ਕਹੇ ਜਾਣ ਦੇ ਮਾਮਲੇ ਵਿਚ, ਉਨ੍ਹਾਂ ਤੋਂ ਮੁਆਫ਼ੀ ਮੰਗੀ ਸੀ।
ਸੋਸ਼ਲ ਮੀਡੀਆ ਉੱਤੇ, ਕੇਜਰੀਵਾਲ ਵੱਲੋਂ ਮੁਆਫ਼ੀ ਮੰਗਣ ਦਾ ਇਹ ਆਲਮ ਹੈ ਕਿ ਕੁੱਝ ਲੋਕਾਂ ਨੇ ਇਕ ਇਹੋ ਜਿਹੀ ਸਾਈਟ ਬਣਾਈ ਹੋਈ ਹੈ, ਜਿਸ ਕੋਈ ਵੀ ਆਪਣਾ ਨਾਮ ਭਰ ਦੇਵੇ, ਕੇਜਰੀਵਾਲ ਵੱਲੋਂ ਉਸ ਨਾਂ ਵਾਲ਼ੇ ਵਿਅਕਤੀ ਤੋਂ ਮੁਆਫ਼ੀ ਮੰਗਣ ਸਬੰਧੀ ਟਾਈਪਡ ਚਿੱਠੀ ਸਾਹਮਣੇ ਆ ਜਾਵੇਗੀ। ਇਸ ਤਰ੍ਹਾਂ ਇਸ ਮੁਆਫ਼ੀਨਾਮੇ ਨੇ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਉਸ ਥਾਂ ਲਿਆ ਖੜ੍ਹਾ ਕੀਤਾ ਹੈ, ਜਿੱਥੇ ਇਹ ਪਾਰਟੀ ਆਪਣੀ ਹੋਂਦ ਵਿਚ ਆਉਣੋਂ ਪਹਿਲਾਂ ਖੜ੍ਹੀ ਸੀ। ਇਸ ਮੁਆਫ਼ੀਨਾਮੇ ਨੇ ਕੇਜਰੀਵਾਲ ਅਤੇ ਉਸ ਦੀ ਪਾਰਟੀ ਨੂੰ ਕੌਮਾਂਤਰੀ ਪ੍ਰਸਿੱਧੀ ਤੋਂ ਲਾਹ ਕੇ ਦਿੱਲੀ ਦੀ ਸਥਾਨਕ ਸਿਆਸਤ ਦੇ ਮੰਚ ਉੱਤੇ ਪਟਕਾਅ ਮਾਰਿਆ ਹੈ।#