-ਕਲਮਕਾਰੀ ਦੇ ਬਹਾਨੇ :2-
ਸੀਰਤ ਦਾ ਬਦਲ ਕਦੇ ਨਹੀਂ ਬਣ ਸਕਦੀ ਸੁਨੱਖੀ ਸੂਰਤ
>>>>>>>>>>>>>><<<<<<<<<<<<
{ਪਿਛਲੇ ਹਫ਼ਤੇ ਤੋਂ ਅੱਗੇ}
ਇਹ ਗੱਲ 2012 ਦੀ ਹੈ। ਹਿੱਕਸ ਨੂੰ ਸਦਰਨ ਮੈਥੋਡਿਸਟ ਤੋਂ ਗ੍ਰੈਜੂਏਟ ਹੋਈ ਨੂੰ ਮਸਾਂ ਦੋ ਸਾਲ ਹੋਏ ਸਨ ਤੇ ਉਹ, ਨਿਊ ਯਾਰਕ ਦੀ ਇਕ ਪੀ. ਆਰ. ਸ਼ਾਪ ਵਿਚ ਕੰਮ ਕਰਦੀ ਹੁੰਦੀ ਸੀ। ਉਸ ਨੂੰ ਉੱਥੋਂ ਚੁੱਕ ਕੇ, ਉਸ ਫਰਮ ਦੀ ਵੱਡੀ ਗਾਹਕ ਇਵਾਂਕਾ ਟਰੰਪ ਦੀ ਸਹਾਇਕਾ ਬਣਾ ਦਿੱਤਾ ਗਿਆ। ਇਵਾਂਕਾ ਉਸ ਵੇਲ਼ੇ ਆਪਣਾ ਫੈਸ਼ਨ ਦਾ ਕਾਰੋਬਾਰ ਪਸਾਰ ਰਹੀ ਸੀ। ਹਿੱਕਸ ਉਸ ਨਾਲ਼ ਹੱਥ ਵੰਡਾਉਂਦਿਆਂ, ਉਸ ਦੇ ਡਿਜ਼ਾਈਨ ਕੀਤੇ ਹੋਏ ਮਾਲ ਲਈ, ਮਾੜੀ-ਮੋਟੀ ਮਾਡਲਿੰਗ ਵੀ ਕਰਨ ਲੱਗ ਪਈ। ਹਿੱਕਸ ਨੇ ਉਨ੍ਹੀਂ ਦਿਨੀਂ ਇਵਾਂਕਾ ਵਾਂਗ ਹੀ, ਸਜਣਾ-ਧਜਣਾ ਹੀ ਸ਼ੁਰੂ ਨਹੀਂ ਕਰ ਦਿੱਤਾ, ਸਗੋਂ ਉਹ ਇਵਾਂਕਾ ਦੀ ਨੰਬਰ ਦੋ ਵਾਂਗ ਦਿਸਣ ਦੇ ਹੀਲੇ ਵੀ ਕਰਨ ਲੱਗੀ। ਇਸ ਤਰ੍ਹਾਂ ਹਿੱਕਸ ਨੇ ਆਪਣਾ ਜਾਲ ਟਰੰਪ ਤਕ ਵੀ ਫੈਲਾ ਲਿਆ। ਅਕਤੂਬਰ, 2014 ਵਿਚ ਹਿੱਕਸ, ਟਰੰਪ ਟਾਵਰ ਟੀਮ ਵਿਚ ਰਚ-ਮਿਚ ਹੀ ਗਈ ਸੀ। ਉਦੋਂ ਉਸ ਨੂੰ ਇਹ ਵੀ ਇਲਮ ਨਹੀਂ ਸੀ ਕਿ ਉਸ ਦਾ ਨਵਾਂ ਬੌਸ, ਅਮਰੀਕਾ ਦਾ ਰਾਸ਼ਟਰਪਤੀ ਬਣਨਾ ਚਾਹੁੰਦਾ ਹੈ ਤੇ ਉਸ (ਹਿੱਕਸ) ਨੂੰ ਉਸ ਦੀ ਚੋਣ ਮੁਹਿੰਮ ਵਿਚ ਸ਼ਾਮਲ ਕਰਨ ਲਈ ਭਰਤੀ ਕੀਤਾ ਗਿਆ ਹੈ। ਇਸ ਦੌਰਾਨ ਹੀ ਹਿੱਕਸ, ਟਰੰਪ ਦੇ 'ਘੈਂਟ ਵਕੀਲ' ਸੈਮ ਨੂਨਬਰਗ ਦੀ ਨਜ਼ਰ ਚੜ੍ਹ ਗਈ। ਨੂਨਬਰਗ ਨੇ ਹਿੱਕਸ ਦੇ ਅੰਦਰਲੀ ਬੇਚੈਨੀ ਤਾੜ ਲਈ ਤੇ ਇਕ ਦਿਨ ਉਸ ਨੇ ਉਸ ਨੂੰ 'ਰਨਿੰਗ ਫਾਰ ਆਫਿਸ' ਸਿਰਲੇਖ ਵਾਲ਼ੀ ਕਿਤਾਬ ਭੇਂਟ ਕਰ ਦਿੱਤੀ। ਇਸ ਦੇ ਨਾਲ਼ ਹੀ ਉਸ ਨੇ ਉਸ ਦਾ ਨਾਂ 'ਹੋਪਸੀਕਲ' ਪਾ ਦਿੱਤਾ ਤੇ ਆਪਣੇ-ਆਪ ਨੂੰ ਉਸ ਦਾ ਸ਼ੌਕ ਜਿਹਾ ਵੀ ਪਾ ਲਿਆ। ਨੂਨਬਰਗ ਨੇ ਇਸ ਦੀ ਵਜ੍ਹਾ ਇਉਂ ਬਿਆਨ ਕੀਤੀ, "ਉਹ ਬਹੁਤ ਹੀ ਕਮਾਲ ਸੀ, ਉਹ ਪਹਿਲੇ ਦਿਨ ਤੋਂ ਹੀ ਇਸ ਸਭ ਕਾਸੇ ਦੀ ਚਿੰਤਾ ਬਹੁਤ ਹੀ ਕਰਦੀ ਸੀ। ਮੈਂ ਇਕ ਵਾਰ ਉਸ ਨਾਲ਼ ਹਲਕਾ ਜਿਹਾ ਮਖ਼ੌਲ ਵੀ ਕੀਤਾ ਪਈ ਤੂੰ ਮੇਰੀ 'ਗਲਾਸੀ' ਏਂ ਤੇ ਮੈਂ ਤੇਰਾ ਪੋਣਾ।'" ਅਹਿਲਕਾਰਾਂ ਦੀ ਇਸ ਟੀਮ ਵਿਚ, ਹਿੱਕਸ ਦੀ ਹਿੱਕ ਵਿਚ ਖ਼ੁੱਭਣ ਲਈ ਤਿਆਰ ਬੈਠਾ, ੪੨ ਸਾਲਾਂ ਦਾ ਕੋਰੀ ਲੇਵਾਂਡੋਵਸਕੀ ਵੀ ਸੀ। ਉਹ, 'ਅਮੈਰੀਕਨਜ਼ ਫਾਰ ਪ੍ਰੌਸਪੈਰਿਟੀ' ਨਾਂ ਦੇ ਇਕ 'ਟੀਅ ਪਾਰਟੀ ਗਰੁੱਪ' ਵਿਚ ਕੰਮ ਕਰਦਾ ਹੁੰਦਾ ਸੀ ਤੇ ਉਦੋਂ ਟਰੰਪ ਦਾ ਮੁਹਿੰਮ ਮੈਨੇਜਰ ਸੀ।
ਹਿੱਕਸ ਨੂੰ ਕਿਹਾ ਗਿਆ ਕਿ ਉਹ ਦੋ ਪਾਸੇ ਕੰਮ ਨਹੀਂ ਕਰ ਸਕਦੀ, ਜਿਸ ਕਰ ਕੇ ਉਹ, ਟਰੰਪ ਦੀ ਸਿਆਸੀ ਜਾਂ ਤਿਜਾਰਤੀ ਸ਼ਾਖਾ ਵਿਚੋਂ ਇਕ ਚੁਣ ਲਵੇ। ਇਕ ਵਾਰ ਲੇਵਾਂਡੋਵਸਕੀ ਤੇ ਹਿੱਕਸ ਵਿਚਾਲ਼ੇ ਵੀ ਖੜਕ ਪਈ, ਪਰ ਜਦੋਂ ਇਹ ਗੱਲ ਸਭ ਅੱਗੇ ਖੁੱਲ੍ਹ ਗਈ ਕਿ ਹਿੱਕਸ, ਟਰੰਪ ਦੇ ਬਹੁਤ ਨੇੜੇ ਹੈ ਤਾਂ ਲੇਵਾਂਡੋਵਸਕੀ ਨੇ ਵੀ ਦੇਖ ਲਿਆ ਕਿ ਹਿੱਕਸ ਉਨ੍ਹਾਂ ਥੋੜ੍ਹੇ ਜਿਹੇ ਮੁਲਾਜ਼ਮਾਂ/ ਅਧਿਕਾਰੀਆਂ ਵਿਚੋਂ ਇਕ ਹੈ, ਜਿਹੜੇ ਟਰੰਪ ਨਾਲ਼ ਸਫ਼ਰ ਕਰਦੇ ਹਨ। ਨੂਨਬਰਗ ਦੀ ਕੁਰਸੀ ਖੁੱਸਣ ਦੀ ਵਜ੍ਹਾ ਲੇਵਾਂਡੋਵਸਕੀ ਹੀ ਸੀ। ਨੂਨਬਰਗ ਇਹ ਸਮਝਦਾ ਸੀ ਕਿ ਉਸ ਨੂੰ ਹਟਾਉਣ ਵਿਚ ਲੇਵਾਂਡੋਵਸਕੀ ਨਾਲ਼ ਹਿੱਕਸ ਨੇ ਵੀ ਜ਼ੋਰ ਲਾਇਆ ਸੀ। ਨੂਨਬਰਗ ਤੋਂ ਮਗਰੋਂ ਉਸ ਦਾ ਸੀਨੀਅਰ, ਸਟੋਨ ਵੀ 'ਕੱਢਿਆ' ਗਿਆ। ਟਰੰਪ ਦੇ ਦੁਆਲੇ ਘੇਰਾ ਭੀੜਾ ਹੋ ਗਿਆ। ਤਦ ਤਕ ਹਿੱਕਸ, ਜੋ ਨਾ ਬੁੱਢੀ, ਨਾ ਗੰਜੀ ਤੇ ਨਾ ਕਰੂਪ ਸੀ, ਸਿੱਕੇ ਵਾਂਗ ਜੰਮਣਾ ਸਿੱਖ ਗਈ ਸੀ।
ਇਸ ਦੇ ਬਾਵਜੂਦ, ਅੱਜ 'ਹਾਅਕਿੰਗ ਗੌਲਫ ਰਿਸੌਰਟਸ' ਵਿਖੇ, ਭਲਕੇ 'ਮੈਕਸੀਕੋ ਦੀ ਸਰਹੱਦ' ਉੱਤੇ! ਇਸ ਤਰ੍ਹਾਂ ਕਿੰਨਾ ਹੀ ਚਿਰ, ਹਿੱਕਸ ਨੂੰ ਇਹ ਪਤਾ ਨਾ ਲੱਗ ਸਕਿਆ ਕਿ ਉਸ ਦਾ ਕੰਮ ਕੀ ਹੈ, ਜ਼ਿੰਮੇਵਾਰੀ ਕੀ ਹੈ। ਇਸ ਦੌਰਾਨ ਉਸ ਨੂੰ ਇਹ ਇਲਮ ਜ਼ਰੂਰ ਹੋ ਗਿਆ ਕਿ ਜਿਸ ਵਿਅਕਤੀ ਨੇ ਉਸ ਨੂੰ ਕੰਮ 'ਤੇ ਰੱਖਿਆ ਹੈ, ਉਹ ਮਨ-ਮਰਜ਼ੀਆਂ ਕਰਦਾ ਹੈ ਤੇ ਉਸ ਦਾ ਕੰਮ, ਉਸ ਦੀਆਂ ਮਨ-ਮਰਜ਼ੀਆਂ ਪੁਗਾਉਣਾ ਹੀ ਹੈ। ਉਸ ਨੇ ਇਹ 'ਕੰਮ' ਕਰਦਿਆਂ ਕਮਾਲ ਹੀ ਕਰ ਦਿਖਾਇਆ।
ਵਾਈਟ ਹਾਊਸ ਵਿਚੋਂ ਅਧਿਕਾਰੀਆਂ ਦੇ ਨਿਕਾਲੇ ਦੀ ਸ਼ੁਰੂਆਤ, ਵਾਈਟ ਹਾਊਸ ਦੇ ਸਟਾਫ ਸੈਕ੍ਰੇਟਰੀ ਅਤੇ ਹੋਪ ਹਿੱਕਸ ਦੇ ਆਸ਼ਕ ਰਹੇ ਰੌਬ ਪੋਰਟਰ ਵੱਲੋਂ ਅਸਤੀਫ਼ਾ ਦੇਣ ਮਗਰੋਂ ਹੋਈ। ਪੋਰਟਰ ਵੱਲੋਂ ਅਸਤੀਫ਼ਾ ਦੇਣ ਤੋਂ ਦੋ ਹਫ਼ਤੇ ਮਗਰੋਂ ਹਿੱਕਸ ਨੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਤੇ ਫਿਰ ਅਸਤੀਫ਼ਿਆਂ ਦੀ ਝੜੀ ਜਿਹੀ ਲੱਗ ਗਈ। ਪੋਰਟਰ ਵੱਲੋਂ ਅਸਤੀਫ਼ਾ 'ਡੇਲੀਮੇਲ ਡਾਟ ਕਾਮ' ਵੱਲੋਂ ਇਹ ਖ਼ਬਰ ਨਸ਼ਰ ਕੀਤੀ ਜਾਣ ਮਗਰੋਂ ਦਿੱਤਾ ਗਿਆ ਕਿ ਪੋਰਟਰ ਆਪਣੀਆਂ ਪਤਨੀਆਂ ਰਹੀਆਂ ਦੋ ਔਰਤਾਂ ਨੂੰ ਜਿਸਮਾਨੀ ਤੰਗੀਆਂ ਦਿੰਦਾ ਰਿਹਾ ਹੈ। ਪੋਰਟਰ ਤੋਂ ਮਗਰੋਂ, ਹਿੱਕਸ ਸਮੇਤ ਟਰੰਪ ਪ੍ਰਸ਼ਾਸਨ ਦੇ 5 ਅਧਿਕਾਰੀਆਂ ਨੇ ਅਸਤੀਫ਼ੇ ਦਿੱਤੇ। ਇਸੇ ਹੀ ਸਾਲ ੨੮ ਫਰਵਰੀ ਨੂੰ ਹਿੱਕਸ ਨੇ ਨੋਟਿਸ ਦੇ ਕੇ ਕਿਹਾ ਕਿ ਉਹ ਵਾਈਟ ਹਾਊਸ ਛੱਡ ਰਹੀ ਹੈ। ਇਸ ਤੋਂ ਪਹਿਲਾਂ ਉਸ ਨੇ ਇਹ ਮੰਨਿਆ ਸੀ ਕਿ 'ਹਾਊਸ ਇੰਟੈਲੀਜੈਂਸ ਕਮੇਟੀ' ਅੱਗੇ ਬੰਦ ਕਮਰੇ ਵਿਚ ਗਵਾਹੀ ਦੇਣ ਦੌਰਾਨ ਉਸ ਨੇ ਟਰੰਪ ਨਮਿੱਤ ਕਈ 'ਚਿੱਟੇ (ਕੋਰੇ) ਝੂਠ' ਬੋਲੇ ਹਨ।
'ਹਾਊਸ ਇੰਟੈਲੀਜੈਂਸ ਕਮੇਟੀ' ਦੇ ਮੈਂਬਰਾਂ ਦੇ ਕਹਿਣ ਅਨੁਸਾਰ, ਹਿੱਕਸ ਨੇ ਟਰੰਪ ਪ੍ਰਸ਼ਾਸਨ ਵਿਚ ਉਸ ਦੇ ਕੰਮ ਬਾਰੇ ਪੁੱਛੇ ਗਏ ਬਹੁਤ ਸਾਰੇ ਸੁਆਲਾਂ ਦੇ ਜੁਆਬ ਦੇਣ ਤੋਂ ਇਨਕਾਰ ਕੀਤਾ ਸੀ, ਪਰ ਉਸ ਨੇ ਇਹ ਗੱਲ ਮੰਨੀ ਹੈ ਕਿ ਉਹ, ਰਾਸ਼ਟਰਪਤੀ ਟਰੰਪ ਨਮਿੱਤ ਕਦੇ-ਕਦੇ ਕੋਰਾ ਝੂਠ ਬੋਲਦੀ ਰਹੀ ਹੈ। ੬ ਮਾਰਚ ਨੂੰ, ਆਰਥਕ ਸਲਾਹਕਾਰ ਗੈਰੀ ਕੋਹਨ ਨੂੰ ਅਤੇ 12 ਮਾਰਚ ਨੂੰ, ਟਰੰਪ ਦੇ ਨਿੱਜੀ ਸਹਾਇਕ ਜੌਹਨ ਮੈਕੈਨਟੀ ਨੂੰ ਵਾਈਟ ਹਾਊਸ ਦਾ ਸੁਰੱਖਿਆ ਅਮਲਾ ਬਾਹਰ ਕੱਢ ਕੇ ਆਇਆ। ੧੩ ਮਾਰਚ ਨੂੰ ਟਰੰਪ ਨੇ ਸੈਕ੍ਰਟਰੀ ਆਫ਼ ਸਟੇਟ ਰੇਕਸ ਟਿੱਲਰਸਨ ਨੂੰ ਤੇ ਉਸ ਤੋਂ ਕੁੱਝ ਘੰਟੇ ਮਗਰੋਂ ਅੰਡਰਸੈਕ੍ਰਟਰੀ ਆਫ਼ ਸਟੇਟ ਸਟੀਵ ਗੋਲਡਸਟੀਨ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਸੀ।
ਕੱਢੇ ਗਏ ਵਕੀਲ/ ਸਲਾਹਕਾਰ ਸੈਮ ਨੂਨਬਰਗ ਦਾ ਕਹਿਣ ਹੈ ਕਿ ਉਸ ਨੂੰ ਕਢਾਉਣ ਲਈ ਲੇਵਾਂਡੋਵਸਕੀ ਅਤੇ ਉਸ ਦੀ ਪ੍ਰੇਮਕਾ ਹੋਪ ਹਿੱਕਸ ਜ਼ਿੰਮੇਵਾਰ ਹਨ। ਨੂਨਬਰਗ ਨੇ ਹੀ ਇਹ ਦੋਸ਼ ਲਗਾਇਆ ਸੀ ਕਿ ਲੇਵਾਂਡੋਵਸਕੀ ਅਤੇ ਹਿੱਕਸ ਇਕ-ਦੂਜੇ ਉੱਤੇ ਮੋਹਤ ਹੋਏ ਰਹਿੰਦੇ ਹਨ। ਇੱਥੇ ਦੱਸਣ ਵਾਲ਼ੀ ਖ਼ਾਸ ਗੱਲ ਇਹ ਹੈ ਕਿ ਇਹ ਦੋਸ਼, ਹਿੱਕਸ ਨਾਲੋਂ ਲੇਵਾਂਡੋਵਸਕੀ ਨੂੰ ਵੱਧ ਨੁਕਸਾਨ ਪਹੁੰਚਾਉਣ ਦੇ ਉਦੇਸ਼ ਨਾਲ਼ ਲਗਾਇਆ ਗਿਆ ਸੀ, ਪਰ ਲੇਵਾਂਡੋਵਸਕੀ ਨੇ, ਨਾ ਇਸ ਦਾ ਬੁਰਾ ਮਨਾਇਆ ਸੀ, ਨਾ ਇਸ ਨੂੰ ਨਕਾਰਿਆ ਸੀ। ਮਾਈਕਲ ਵੌਲਫ਼ ਨੇ 'ਫਾਇਰ ਐਂਡ ਫ਼ਿਊਰੀ' ਵਿਚ ਲਿਖਿਆ ਹੋਇਆ ਹੈ ਕਿ ਅੰਦਰਖ਼ਾਤੇ ਲੇਵਾਂਡੋਵਸਕੀ ਇਹ 'ਬਦਨਾਮੀ' ਖੱਟ ਕੇ ਬਾਗ਼ੋ-ਬਾਗ਼ ਸੀ।
ਦੂਜੇ ਪਾਸੇ 'ਪ੍ਰੋਬ-ਮੀਡੀਆ' ਨਾਂ ਦਾ ਇਕ ਗਰੁੱਪ, ਹਿੱਕਸ ਅਤੇ ਪੋਰਟਰ ਦੀਆਂ ਪੈੜਾਂ ਹੀ ਨਹੀਂ ਦੱਬਦਾ ਹੁੰਦਾ ਸੀ, ਸਗੋਂ ਉਨ੍ਹਾਂ ਦੀ ਆਪਸੀ ਨੇੜਤਾ ਦਾ ਪਲ-ਪਲ ਆਪਣੇ ਕੈਮਰਿਆਂ ਵਿਚ ਕੈਦ ਕਰਦਾ ਰਿਹਾ ਸੀ। ਇਸ ਗਰੁੱਪ ਦੀਆਂ ਸੇਵਾਵਾਂ ਨਾ ਸਿਰਫ਼ ਬਹੁਤ ਕਾਰੀਗ਼ਰੀ ਭਰੀਆਂ ਹੁੰਦੀਆਂ ਸਨ, ਸਗੋਂ ਬਹੁਤ ਮਹਿੰਗੀਆਂ ਵੀ ਹੁੰਦੀਆਂ ਸਨ।'ਪ੍ਰੋਬ-ਮੀਡੀਆ' ਵੱਲੋਂ ਖਿੱਚੀਆਂ ਹੋਈਆਂ ਕੁੱਝ ਤਸਵੀਰਾਂ, ਪਹਿਲੀ ਫਰਵਰੀ ਨੂੰ ਬਰਤਾਨਵੀ ਟੈਬਲਾਇਡ 'ਡੇਲੀ ਮੇਲ' ਵਿਚ ਛਪੀਆਂ। ਇਨ੍ਹਾਂ ਤਸਵੀਰਾਂ ਨਾਲ਼ ਛਪੀ ਰਿਪੋਰਟ ਵਿਚ ਇਕ 'ਚਸ਼ਮਦੀਦ ਗਵਾਹ' ਦੇ ਕਥਨਾਂ ਦੇ ਹਵਾਲੇ ਨਾਲ਼ ਹਿੱਕਸ ਅਤੇ ਪੋਰਟਰ ਨੂੰ 'ਤਪ-ਤਪ ਸੁਰਖ਼ ਹੋਇਆ ਜੋੜਾ' ਹੀ ਕਰਾਰ ਨਹੀਂ ਦਿੱਤਾ ਗਿਆ ਸੀ, ਸਗੋਂ ਇਉਂ ਵੀ ਬਿਆਨਿਆ ਗਿਆ ਸੀ, "ਜਿਉਂ ਹੀ ਟੈਕਸੀ ਅੱਗੇ ਵਧੀ, ਉਹ ਦੋਵੇਂ ਹੀ, ਮਗਰਲੀ ਸੀਟ ਦੇ ਪਾਸੇ ਛੱਡ ਕੇ ਵਿਚਾਲ਼ੇ ਹੋ ਗਏ। ਘਰ ਪਹੁੰਚਣ ਤਕ ਰੌਬ (ਪੋਰਟਰ) ਹਿੱਕਸ ਦੀ ਗਰਦਣ ਚੁੰਮ ਰਿਹਾ ਸੀ।" ਇਕ ਹੋਰ ਚਸ਼ਮਦੀਦ ਗਵਾਹ ਦੇ ਕਹਿਣ ਅਨੁਸਾਰ, "ਉਨ੍ਹਾਂ ਦੇ ਘਰ ਅੱਗੇ ਲੋਕਾਂ ਦੀ ਭੀੜ ਰਹਿੰਦੀ ਸੀ।"
ਹਾਰਵਰਡ ਤੋਂ ਪੜ੍ਹੇ ਹੋਏ ਰੌਬ ਪੋਰਟਰ ਦੀ ਉਮਰ ਤਾਂ 40 ਕੁ ਸਾਲਾਂ ਦੀ ਸੀ, ਪਰ ਉਹ ਦੋ ਵਿਆਹ ਕਰਾ ਕੇ ਤਲਾਕਸ਼ੁਦਾ ਸੀ। ਉਸ ਦਾ ਸੁਭਾਅ ਕਾਫੀ ਮਿੱਠੜਾ ਸੀ। ਉਹ ਇਕ ਅਫ਼ਸਰਨੀ ਨਾਲ਼ ਵੀ ਬਹਿੰਦਾ-ਪੈਂਦਾ ਰਿਹਾ ਸੀ, ਪਰ ਉਸ ਨੂੰ ਮਸ਼ਹੂਰੀ 'ਹਿੱਕਸ ਦੇ ਆਸ਼ਕ' ਵਜੋਂ ਹੀ ਮਿਲੀ ਸੀ। ਪੋਰਟਰ ਅਤੇ ਹਿਕਸ ਵਿਚਾਲੇ ਹੋਈ 'ਸਨੇਹਿਓ-ਸਨੇਹੀ' ਦਾ ਉਤਾਰਾ ਇਕ ਮੁਲਾਜ਼ਮਾ ਦੇ ਹੱਥ ਲੱਗ ਗਿਆ, ਜਿਸ ਤੋਂ ਉਨ੍ਹਾਂ ਦੇ ਆਪਸੀ ਸਬੰਧ ਹੀ ਬਹੁਤ ਬੁਰੀ ਤਰ੍ਹਾਂ ਬੇਨਕਾਬ ਨਹੀਂ ਹੋਏ, ਸਗੋਂ ਇਹ ਗੱਲ ਵੀ ਬਾਹਰ ਆ ਗਈ ਕਿ ਪੋਰਟਰ ਦੀ, ਆਪਣੀਆਂ ਦੋ ਸਾਬਕਾ ਘਰ ਵਾਲ਼ੀਆਂ ਨਾਲ਼ ਵੀ ਖੜਕੀ ਹੋਈ ਹੈ। ਜਨਵਰੀ, 2017 ਵਿਚ ਐੱਫ. ਬੀ. ਆਈ. ਨੇ ਪੋਰਟਰ ਦੀਆਂ ਦੋਹਾਂ ਸਾਬਕਾ ਘਰ ਵਾਲ਼ੀਆਂ ਕੋਲਬੀ ਹੋਲਡਰਨੈੱਸ ਅਤੇ ਜੈਨੀਫਰ ਵਿਲਾਊਬੀ ਦੇ ਬਿਆਨ ਲੈਣੇ ਸ਼ੁਰੂ ਕਰ ਦਿੱਤੇ।
ਕਿਸੇ ਜ਼ਮਾਨੇ ਵਿਚ ਪੋਰਟਰ ਅਤੇ ਹਿੱਕਸ ਦੇ ਆਸ਼ਕਾਨਾ ਅਫ਼ਸਾਨੇ ਨੂੰ ਪੋਰਟਰ ਅਤੇ ਉਸ ਔਰਤ ਦੀ ਕਹਾਣੀ ਕਿਹਾ ਜਾਣ ਲੱਗਿਆ, ਜੋ ਇਹ ਕਹਿੰਦੀ ਰਹੀ ਕਿ ਉਸ ਨੇ ਇਨ੍ਹਾਂ ਆਸ਼ਕਾਂ ਤੋਂ ਆਪਣਾ ਉੱਲੂ ਹੀ ਸਿੱਧਾ ਕਰਾਇਆ ਹੈ। ਫੇਰ ਇਕ ਅਫ਼ਸਾਨਾ ਹਵਾ ਦੇ ਪਰੀਂ ਉੱਡਿਆ, ਜਿਸ ਵਿਚ ਇਹ ਕਿਹਾ ਗਿਆ ਕਿ ਵਾਈਟ ਹਾਊਸ, ਪੋਰਟਰ ਦੇ ਭੇਤਾਂ ਉੱਤੇ ਪਰਦਾ ਪਾ ਰਿਹਾ ਹੈ, ਜਿਸ ਵਿਚੋਂ ਹਿੱਕਸ ਅਤੇ ਕੇਲੀ ਦੇ ਅਫ਼ਸਾਨੇ ਨੇ ਜਨਮ ਲਿਆ। ਫਿਰ ਇਹ ਅਫ਼ਸਾਨਾ, ਹਿੱਕਸ ਤੇ ਟਰੰਪ ਦੇ ਅਫ਼ਸਾਨੇ ਵਿਚ ਵਟ ਗਿਆ। ਇਸ ਵਿਚੋਂ ਜੈਰੇਡ ਅਤੇ ਇਵਾਂਕਾ ਦੀ ਕਹਾਣੀ ਨਿੱਕਲੀ, ਜੋ ਉਨ੍ਹਾਂ ਦੋਹਾਂ ਦੀ ਸੁਰੱਖਿਆ ਦਾ ਮਾਮਲਾ ਬਣਾ ਦਿੱਤੀ ਗਈ ਤੇ ਇਹ ਕਹਾਣੀ, ਫਿਰ ਕੇਲੀ ਦਾ ਅਫ਼ਸਾਨਾ ਬਣ ਗਈ।
ਜਦੋਂ ਪਹਿਲੀ ਵਾਰੀ ਪੋਰਟਰ ਉੱਤੇ ਉਸ ਦੀਆਂ ਬੀਵੀਆਂ ਨੇ ਇਲਜ਼ਾਮ ਲਗਾਏ ਤਾਂ ਵਾਈਟ ਹਾਊਸ ਵੱਲੋਂ ਕੇਲੀ ਨੇ ਪੋਰਟਰ ਦੇ ਹੱਕ ਵਿਚ ਬਿਆਨ ਦਿੱਤਾ ਸੀ। ਕਹਿੰਦੇ ਨੇ ਕਿ ਕੇਲੀ ਦਾ ਉਹ ਬਿਆਨ, ਅਸਲ ਵਿਚ ਹਿੱਕਸ ਨੇ ਲਿਖਿਆ ਸੀ। ਇਸ ਬਿਆਨ ਵਿਚ ਹਿੱਕਸ ਦਾ ਦਖ਼ਲ ਵੀ ਇਕ ਮਸਲਾ ਹੀ ਸਮਝਿਆ ਗਿਆ ਸੀ। ਇਹ ਬਿਆਨ ਕਲਮਬੱਧ ਕਰ ਕੇ ਹਿੱਕਸ ਨੇ ਰਾਸ਼ਟਰਪਤੀ ਟਰੰਪ ਦੀ ਨਰਾਜ਼ਗੀ ਸਹੇੜ ਲਈ ਸੀ। ਅਸਲ ਵਿਚ ਇਸ ਬਿਆਨ ਵਿਚ ਹਿੱਕਸ ਦਾ ਕੋਈ ਹੱਥ ਨਹੀਂ ਸੀ, ਪਰ ਕੇਲੀ ਨੇ ਵੀ ਇਹ ਅਫ਼ਵਾਹ ਰੱਦ ਕਰਨ ਦਾ ਕੋਈ ਹੀਲਾ ਨਾ ਕੀਤਾ ਤੇ ਇਹ ਰੇੜਕਾ ਏਦਾਂ ਹੀ ਪਿਆ ਰਹਿਣ ਦਿੱਤਾ।
ਹਿੱਕਸ ਦੀ ਥਾਂ 'ਡਾਇਰੈਕਟਰ ਆਫ ਸਟਰੈਟਜਿਕ ਕਮਿਊਨੀਕੇਸ਼ਨਜ਼' ਬਣਾਈ ਗਈ ਮਰਸੀਡੀਜ਼ ਸ਼ੁਐਪ ਨੂੰ ਕੇਲੀ ਵੱਲੋਂ ਪਸੰਦ ਕੀਤੇ ਜਾਣ ਬਾਰੇ ਵੀ ਚੁਰ-ਚੁਰ ਕਈ ਮਹੀਨਿਆਂ ਤੋਂ ਹੁੰਦੀ ਰਹੀ ਸੀ। ਇਹ ਔਰਤ, ਕੇਲੀ ਨੂੰ ਇਸ ਕਰ ਕੇ ਵੀ ਪਸੰਦ ਸੀ ਕਿਉਂ ਕਿ ਹੋਪ ਨਾਲ਼ ਵੀ ਉਸ ਦਾ ਕਾਫੀ ਅੱਖ-ਵਲ਼ ਸੀ। ਹੋਪ ਹਿੱਕਸ ਵੱਲੋਂ ਵਾਈਟ ਹਾਊਸ ਅੰਦਰੋਂ ਨਿੱਕਲ ਜਾਣ ਤੋਂ ੧੬ ਦਿਨ ਮਗਰੋਂ ਵੀ ਉਸ ਦੇ ਚਰਚੇ ਮੱਠੇ ਨਹੀਂ ਹੋਏ ਸਨ। 'ਡੇਲੀ ਮੇਲ' ਨੇ ਹਿੱਕਸ ਦੇ ਅਪਾਰਟਮੈਂਟ ਵਾਲ਼ੀ ਇਮਾਰਤ ਅੱਗੇ ਆਪਣਾ ਸਟਾਫ਼ ਪੱਕਾ ਹੀ ਤਾਇਨਾਤ ਰੱਖਿਆ। ਹੋਪ ਹਿੱਕਸ ਦੀ ਜ਼ਿੰਦਗੀ ਦੇ, ਵਾਈਟ ਹਾਊਸ ਨਾਲ਼ ਸਬੰਧਤ ਅਧਿਆਇ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿਤਾ ਹੈ ਕਿ ਕਲਮਕਾਰ/ ਪੱਤਰਕਾਰ ਨੂੰ 'ਜ਼ੁਬਾਨ ਦਾ ਧਨੀ' ਬਣਨ ਤੋਂ ਪਹਿਲਾਂ 'ਕਲਮ ਦਾ ਧਨੀ' ਹੋਣਾ ਬਹੁਤ ਜ਼ਰੂਰੀ ਹੈ ਕਿਉਂ ਕਿ ਲੱਖ ਲੈਪਟਾਪ ਜਾਂ ਪਾਮਟਾਪ ਹੋਣ, ਉਹ ਕਲਮ ਵਾਂਗ ਫੜੇ/ ਵਾਹੇ ਨਹੀਂ ਜਾ ਸਕਦੇ। ਉਂਗਲਾਂ ਵਿਚ ਫੜੀ ਹੋਈ ਕਲਮ ਕਿੰਨਾ ਸਕੂਨ ਦਿੰਦੀ ਹੈ, ਇਹ ਉਸ ਨੂੰ ਵਾਹੁਣ ਵਾਲ਼ੇ ਹੀ ਜਾਣਦੇ ਹਨ।#

