ਇਕ ਸਫ਼ਲ ਫ਼ਿਲਮ ਹੀ ਨਹੀਂ ਇਕ ਨਾਮੁਰਾਦ ਬਿਮਾਰੀ ਵੀ ਹੈ 'ਹਿਚਕੀ'
<<<<<<<<<<<<<<<<>>>>>>>>>>>>>>>
ਜੇ 'ਹਿਚਕੀ' ਨਾਂ ਦੀ ਫ਼ਿਲਮ ਨਾ ਦੇਖੀ ਹੁੰਦੀ ਤਾਂ ਪਤਾ ਹੀ ਨਹੀਂ ਲੱਗਣਾ ਸੀ ਕਿ ਹਿਚਕੀ ਵਰਗੀ ਇਕ ਅਜੀਬ ਤੇ ਨਾਮੁਰਾਦ ਜਿਹੀ ਬਿਮਾਰੀ ਵੀ ਹੈ। ਮਨੀਸ਼ ਸ਼ਰਮਾ ਅਤੇ ਅਦਿੱਤਯ ਚੋਪੜਾ ਵੱਲੋਂ ਸਿਧਾਰਥ ਪੀ ਮਲਹੋਤਰਾ ਦੇ ਨਿਰਦੇਸ਼ਨ ਵਿਚ ਬਣਵਾਈ ਹੋਈ ਤੇ ਇਨ੍ਹੀਂ ਦਿਨੀਂ ਸਿਨੇਮਾ ਘਰਾਂ ਵਿਚ ਦਿਖਾਈ ਜਾ ਰਹੀ ਇਹ ਫ਼ਿਲਮ, ਅਸਲ ਵਿਚ 'ਫਰੰਟ ਆਫ ਦ ਕਲਾਸ' ਨਾਂ ਦੀ ਇਕ ਅੰਗਰੇਜ਼ੀ ਫ਼ਿਲਮ ਦਾ ਹਿੰਦੀ ਰੂਪਾਂਤਰ ਹੈ।
ਇਸ ਬਿਮਾਰੀ ਦੀ ਸ਼ਿਕਾਰ ਹੋਣ ਦੀ ਵਜ੍ਹਾ ਨਾਲ਼ ਨੈਨਾ ਮਾਥੁਰ ਦੇ ਮੂੰਹੋਂ 'ਹਿਚਕੀ' ਵਾਂਗ ਹੀ ਕੁੱਝ ਅਜੀਬ ਜਿਹੀਆਂ ਅਵਾਜ਼ਾਂ ਨਿੱਕਲਦੀਆਂ ਰਹਿੰਦੀਆਂ ਹਨ, ਜੋ ਸੁਣਨ ਵਾਲ਼ਿਆਂ ਉੱਤੇ ਕਈ ਤਰ੍ਹਾਂ ਦੇ ਪ੍ਰਭਾਵ ਪਾਉਂਦੀਆਂ ਹਨ। ਇਸ ਦੇ ਬਾਵਜੂਦ ਨੈਨਾ ਮਾਥੁਰ ਅਧਿਆਪਕਾ ਬਣਨਾ ਚਾਹੁੰਦੀ ਹੈ। ਉਹ, ਅਧਿਆਪਕ ਬਣਨ ਦੇ ਯੋਗ ਹੁੰਦਿਆਂ ਵੀ, ਉਸ ਦੇ ਮੂੰਹੋਂ ਅਜੀਬ ਜਿਹੀਆਂ ਅਵਾਜ਼ਾਂ (ਵਾ-ਵਾ, ਚੱਕ-ਚੱਕ) ਨਿੱਕਲਣ ਕਾਰਨ, ਕਈ ਥਾਈਂ ਰੱਦ ਕਰ ਦਿੱਤੀ ਜਾਂਦੀ ਹੈ। ਉਸ ਦੇ ਮੂੰਹੋਂ ਇਹ ਅਵਾਜ਼ਾਂ ਨਿੱਕਲਣ ਉੱਤੇ ਉਸ ਦਾ ਕੋਈ ਵੱਸ ਨਹੀਂ ਹੈ। ਇਨ੍ਹਾਂ ਅਵਾਜ਼ਾਂ ਦੀ ਵਜ੍ਹਾ ਨਾਲ਼ ਉਹ ਸਕੂਲੋਂ ਕੱਢੀ ਵੀ ਗਈ ਸੀ। ਇਕ ਸਕੂਲ ਵਿਚ ਇੰਟਰਵਿਊ ਦੇਣ ਦੌਰਾਨ ਨੈਨਾ ਦੱਸਦੀ ਹੈ ਕਿ ਉਹ ਇਸੇ ਹੀ ਸਕੂਲ ਵਿਚ ਪੜ੍ਹਦੀ ਰਹੀ ਹੈ ਤੇ ਇਸ ਸਕੂਲ ਦੇ ਤਤਕਾਲੀ ਪ੍ਰਿੰਸੀਪਲ ਨੇ ਉਸ ਨੂੰ ਇਸ ਸਕੂਲ ਵਿਚ ਪੜ੍ਹਨ ਦੀ ਇਜਾਜ਼ਤ ਦੇ ਦਿੱਤੀ ਸੀ।
ਫ਼ਿਲਮ ਸਮੀਖਿਅਕਾਂ ਨੇ ਵੀ 'ਹਿਚਕੀ' ਦੀ ਪ੍ਰਸ਼ੰਸਾ ਕੀਤੀ ਹੈ। ਇਸ ਫ਼ਿਲਮ ਵਿਚ 'ਟਿਊਰੈੱਟ ਸਿੰਡਰੋਮ' ਨਾਂ ਦੀ ਬਿਮਾਰੀ ਦੀ ਸ਼ਿਕਾਰ ਅਧਿਆਪਕਾ 'ਨੈਨਾ ਮਾਥੁਰ' ਦਾ ਕਿਰਦਾਰ ਰਾਣੀ ਮੁਖਰਜੀ ਨੇ ਨਿਭਾਇਆ ਹੈ। ਇਸ ਵੱਡੇ ਸਕੂਲ ਵਿਚ ਉਸ ਨੂੰ ਅਧਿਆਪਕ ਦੀ ਨੌਕਰੀ ਮਿਲ ਜਾਂਦੀ ਹੈ, ਪਰ ਉਸ ਨੂੰ ਬਹੁਤ ਹੀ ਨਲਾਇਕ ਸਮਝੇ ਜਾਂਦੇ ਬੱਚਿਆਂ ਦੀ ਜਮਾਤ '9-ਐੱਫ਼' ਦੇ ਦਿੱਤੀ ਜਾਂਦੀ ਹੈ। ਨੈਨਾ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦੀ ਹੈ। ਉਸ ਦੀ ਜਮਾਤ ਦੇ 14 ਦੇ 14 ਬੱਚੇ ਉਸ ਨੂੰ ਤੰਗ ਹੀ ਨਹੀਂ ਕਰਦੇ, ਸਗੋਂ ਉਸ ਦਾ ਮਖ਼ੌਲ ਵੀ ਉਡਾਉਂਦੇ ਹਨ। ਇੱਥੋਂ ਤਕ ਕਿ ਇਹ ਵਿਦਿਆਰਥੀ ਸ਼ਰਤਾਂ ਲਗਾਉਂਦੇ ਹਨ ਕਿ ਨੈਨਾ ਦਸ ਦਿਨ ਵੀ ਸਕੂਲ ਵਿਚ ਨਹੀਂ ਟਿਕ ਸਕੇਗੀ। ਉਹ ਆਪ ਵੀ ਇਸ ਸ਼ਰਤ ਵਿਚ ਸੌ ਰੁਪਏ ਦਾ ਦਾਅ ਲਾਉਂਦੀ ਹੈ। ਨੈਨਾ ਵੱਲੋਂ ਸਕੂਲ ਛੱਡ ਜਾਣ ਲਈ ਮਿੱਥੇ ਦਿਨ, ਨੈਨਾ ਕਲਾਸ ਰੂਮ ਵਿਚ ਹਾਜ਼ਰ ਹੈ ਤੇ ਉਹ ਸ਼ਰਤ ਅਨੁਸਾਰ ਮਿੱਥੇ ਸਮੇਂ ਤਕ ਵਿਦਿਆਰਥੀਆਂ ਨੂੰ ਉਡੀਕ ਕੇ ਕਲਾਸਰੂਮ ਵਿਚੋਂ ਜਾਣ ਲੱਗਦੀ ਹੈ ਕਿ ਵਿਦਿਆਰਥੀ ਆਉਣੇ ਸ਼ੁਰੂ ਹੋ ਜਾਂਦੇ ਹਨ। ਨੈਨਾ ਵੱਲੋਂ ਇਹ ਸ਼ਰਤ ਜਿੱਤ ਲੈਣ ਦੇ ਪ੍ਰਤੀਕ ਵਜੋਂ ਸ਼ਰਤ ਦਾ ਹਿਸਾਬ-ਕਿਤਾਬ ਰੱਖਣ ਵਾਲ਼ਾ ਵਿਦਿਆਰਥੀ, ਕਮਰੇ ਵਿਚ ਵੜਨ ਮਗਰੋਂ, ਸਭ ਤੋਂ ਪਹਿਲਾਂ ਨੈਨਾ ਨੂੰ ਉਸ ਦਾ ਸੌ ਦਾ ਨੋਟ ਵਾਪਸ ਕਰਦਾ ਹੈ। ਉਹ, ਇਸ਼ਾਰਤਨ ਇਹ ਦਸਦਾ ਹੈ ਕਿ ਇਸ ਜਮਾਤ ਦੇ ਵਿਦਿਆਰਥੀ ਉਸ ਅੱਗੇ ਹਾਰ ਗਏ ਹਨ।
ਨਿਰਦੇਸ਼ਕ ਸਿਧਾਰਥ ਮਲਹੋਤਰਾ, ਨੈਨਾ ਨੂੰ 'ਟਿਊਰੈੱਟ ਸਿੰਡਰੋਮ' ਦੀ ਮਰੀਜ਼ ਜ਼ਰੂਰ ਦਿਖਾਉਂਦਾ ਹੈ, ਪਰ ਉਸ ਨੂੰ ਯੋਗਤਾ ਪੱਖੋਂ ਤੇ ਪੜ੍ਹਾਉਣ ਦੇ ਹੁਨਰ ਵਿਚ ਊਣੀ-ਪੌਣੀ ਨਹੀਂ ਦਿਖਾਉਂਦਾ। ਇਹ ਅਧਿਆਪਕਾ ਬੱਚਿਆਂ ਨੂੰੰ ਪੜ੍ਹਾਉਣ ਲਈ ਰਵਾਇਤੀ ਢੰਗਾਂ ਦੀ ਥਾਂ, ਨਵੇਂ ਅਤੇ ਦਿਲਚਸਪ ਤਰੀਕੇ ਅਪਣਾਉਂਦੀ ਹੈ। ਬੱਚੇ ਇਨ੍ਹਾਂ ਢੰਗਾਂ ਦੀ ਵਜ੍ਹਾ ਨਾਲ਼ ਉਸ ਵੱਲੋਂ ਇਕ ਤਰ੍ਹਾਂ ਨਾਲ਼ ਕੀਲ਼ੇ ਹੀ ਜਾਂਦੇ ਹਨ। ਇਸ ਫ਼ਿਲਮ ਵਿਚ ਹੀਰੋਇਨ ਵੀ ਰਵਾਇਤੀ ਨਹੀਂ ਹੈ ਤੇ ਹੀਰੋ ਤਾਂ ਹੈ ਹੀ ਨਹੀਂ, ਵਿਲੈਨ ਹੈ, ਪਰ ਉਹ ਕੋਈ ਵਿਅਕਤੀ ਨਹੀਂ, ਸਗੋਂ ਇਕ ਬਿਮਾਰੀ ਹੈ। ਕੋਈ ਵੀ 'ਮਾਸ-ਮਸਾਲਾ' ਪਾਉਣ ਤੋਂ ਬਗ਼ੈਰ ਹੀ ਇਸ ਫ਼ਿਲਮ ਵਿਚ ਦਿਲਚਸਪੀ ਦੀ ਘਾਟ ਨਹੀਂ ਹੈ ਕਿਉਂ ਕਿ ਪਟਕਥਾ ਉੱਤੇ ਕਾਫੀ ਮਿਹਨਤ ਕੀਤੀ ਹੋਈ ਹੈ।
ਇਸ ਫ਼ਿਲਮ ਦੇ ਇਕ ਦ੍ਰਿਸ਼ ਵਿਚ ਸਕੂਲ ਦੇ ਟਰੱਸਟੀਜ਼, ਨੈਨਾ ਦੀ ਇੰਟਰਵਿਊ ਲੈਂਦੇ ਹਨ। ਮਜ਼ੇਦਾਰ ਗੱਲ ਇਹ ਹੈ ਕਿ ਟਰੱਸਟੀਜ਼ ਵਿਚੋਂ ਇਕ ਜਣਾ ਵੀ 'ਟਿਊਰੈੱਟ ਸਿੰਡਰੋਮ' ਬਾਰੇ ਨਹੀਂ ਜਾਣਦਾ। ਇੰਟਰਵਿਊ ਦੇ ਅੰਤ ਵਿਚ ਇੰਟਰਵਿਊ ਕਮੇਟੀ ਦਾ ਇਕ ਮੈਂਬਰ ਇਹ ਕਹਿ ਦਿੰਦਾ ਹੈ ਕਿ ਉਹ ਅਧਿਆਪਕਾ ਨਹੀਂ ਬਣ ਸਕਦੀ। ਉੱਠ ਕੇ ਜਾਂਦੀ ਨੈਨਾ ਵੱਲੋਂ ਬੋਲਿਆ ਹੋਇਆ ਉਹ ਸੰਵਾਦ ਸਾਰੇ ਟਰੱਸਟੀਆਂ ਨੂੰ ਹਿਲੂਣ ਸੁੱਟਦਾ ਹੈ, ਜਿਸ ਵਿਚ ਉਹ ਕਹਿੰਦੀ ਹੈ, "ਅਗਰ ਮੈਨੇਂ ਆਪ ਕੋ 'ਟਿਊਰੈੱਟ' ਕੇ ਬਾਰੇ, ਚੁਟਕੀ ਮੇਂ ਸਿਖਾ ਦੀਆ ਹੈ ਤੋ ਮੁਝੇ ਯਕੀਨ ਹੈ ਕਿ ਮੈਂ ਕਲਾਸ ਮੇਂ ਬੱਚੋਂ ਕੋ ਭੀ ਸਿਖਾ ਲੂੰਗੀ।"
ਨੈਨਾ ਮਾਥੁਰ ਨੂੰ 9 ਮੁੰਡਿਆਂ ਤੇ 5 ਕੁੜੀਆਂ ਦੀ ਇਸ ਜਮਾਤ ਵਿਚ ੧੪ ਨੈਨਾ ਮਾਥੁਰ ਨਜ਼ਰ ਆਉਂਦੀਆਂ ਹਨ, ਜਿਨ੍ਹਾਂ ਨੂੰ ਸਕੂਲ ਦਾ ਇਕ ਸੀਨੀਅਰ ਅਧਿਆਪਕ ਅਤੇ 'ਸਟੂਡੈਂਟ ਕੌਂਸਿਲ' ਦਾ ਮੁਖੀ ਵਾਡੀਆ (ਨੀਰਜ ਕਬੀ) 'ਮਿਊਂਸੀਪੈਲਿਟੀ ਦਾ ਕੂੜਾ' ਹੀ ਸਮਝਦਾ ਹੈ। '9-ਐੱਫ਼' ਸੈਕਸ਼ਨ ਦੇ ਇਹ ਵਿਦਿਆਰਥੀ, ਵਾਡੀਆ ਦੀ ਨਜ਼ਰ ਵਿਚ 'ਮਾਤਾ ਦਾ ਮਾਲ' ਹੀ ਸਨ। ਉਹ ਨੈਨਾ ਮਾਥੁਰ ਨੂੰ ਨਿਯੁਕਤ ਕੀਤੇ ਜਾਣ ਸਮੇਂ ਹੀ 'ਬੈਡ ਚੁਆਇਸ' (ਮਾੜੀ ਚੋਣ) ਕਰਾਰ ਦੇ ਚੁੱਕਾ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਵਿਚੋਂ, (ਹਰਸ਼ ਮਾਇਰ) ਵੱਲੋਂ ਨਿਭਾਇਆ ਹੋਇਆ 'ਆਤਿਸ਼' (ਅੱਗ) ਨਾਂ ਦੇ ਇਕ ਵਿਦਿਆਰਥੀ ਦਾ ਕਿਰਦਾਰ, ਸਾਈਕਲਾਂ ਨੂੰ ਪੰਚਰ ਲਾਉਣ ਦਾ ਕੰਮ ਵੀ ਕਰਦਾ ਹੈ। ਉਹ ਸੱਚੀਂ ਹੀ 'ਅੱਗ' ਹੈ। ਨੈਨਾ ਸੋਚਦੀ ਹੈ ਕਿ ਇਹ ਬੱਚੇ ਵਧੀਆ ਸਿੱਖਿਆ ਪ੍ਰਾਪਤੀ ਦੇ ਹੱਕਦਾਰ ਹਨ। ਸਕੂਲ ਦਾ ਪ੍ਰਿੰਸੀਪਲ, ਨੈਨਾ ਨੂੰ ਆਪਣਾ-ਆਪ ਸਾਬਤ ਕਰਨ ਲਈ ਚਾਰ ਮਹੀਨੇ ਦਿੰਦਾ ਹੈ ਕਿਉਂ ਕਿ ਚਾਰ ਮਹੀਨਿਆਂ ਬਾਅਦ ਬੱਚਿਆਂ ਦੀ ਸਾਲਾਨਾ ਪ੍ਰੀਖਿਆ ਹੈ। ਇਸ ਸਮੇਂ ਦੌਰਾਨ ਨੈਨਾ ਗ਼ੈਰਪ੍ਰਚੱਲਤ ਢੰਗਾਂ ਨਾਲ਼ ਪੜ੍ਹਾ-ਸਿਖਾ ਕੇ ਇਨ੍ਹਾਂ ਵਿਦਿਆਰਥੀਆਂ ਦੇ ਅੰਦਰਲੀ ਪ੍ਰਤਿਭਾ ਜਗਾਉਣ ਵਿਚ ਕਾਮਯਾਬ ਹੋ ਜਾਂਦੀ ਹੈ।
ਇਸ ਫ਼ਿਲਮ ਨੇ ਰਿਲੀਜ਼ ਹੋਣ ਦੇ ਪਹਿਲੇ 5 ਦਿਨਾਂ ਵਿਚ ਹੀ, 20 ਕਰੋੜ ਦਾ ਕਾਰੋਬਾਰ ਕਰ ਲਿਆ ਸੀ। ਇਸ ਫ਼ਿਲਮ ਦੇ ਨਿਰਮਾਤਾ ਮਨੀਸ਼ ਸ਼ਰਮਾ ਦੇ ਕਹਿਣ ਅਨੁਸਾਰ, ਇਸ ਫ਼ਿਲਮ ਦੀ ਲਾਗਤ, ਇਸ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 'ਨਾਨ-ਥੀਏਟਰੀਕਲ ਰੈਵੇਨਿਊ ਅਪਰਚਰ' ਰਾਹੀਂ ਵਸੂਲ ਹੋ ਗਈ ਸੀ। ਉਨ੍ਹਾਂ ਨੇ ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ 5 ਦਿਨ ਬਾਅਦ ਇਕ ਬਿਆਨ ਰਾਹੀਂ ਏਦਾਂ ਕਿਹਾ ਸੀ, "ਇਹ ਕਹਿੰਦਿਆਂ ਅਸੀਂ ਭੋਰਾ ਵੀ ਗ਼ਰੂਰ ਨਹੀਂ ਕਰ ਰਹੇ ਕਿ ਅਸੀਂ ਇਹੋ ਜਿਹੀ ਫ਼ਿਲਮ ਬਣਾਉਣ ਦਾ ਹੀਲਾ ਕੀਤਾ ਹੈ, ਜੋ ਬਹੁਤ ਮਹੱਤਵਪੂਰਨ ਸਮਾਜਕ ਸੁਨੇਹਾ ਹੀ ਨਹੀਂ ਦਿੰਦੀ, ਸਗੋਂ ਇਕ ਸਾਰਥਕ ਸਮਾਜਕ ਤਬਦੀਲੀ ਦਾ ਰਾਹ ਵੀ ਪੱਧਰਾ ਕਰ ਸਕਦੀ ਹੈ। ਇਹ ਫ਼ਿਲਮ ਬਣਾਉਣ ਉੱਤੇ 20 ਕਰੋੜ ਰੁਪਏ ਲੱਗੇ ਸਨ ਤੇ ਇੰਨੀ ਰਕਮ ਇਹ ਫ਼ਿਲਮ, ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਮਾ ਗਈ ਸੀ। ਇਸ ਫ਼ਿਲਮ ਦੀ ਇਸ ਕਾਮਯਾਬੀ ਨੇ ਸਾਨੂੰ ਇਹੋ ਜਿਹੇ ਸਰਬਵਿਆਪਕ ਅਪੀਲ ਵਾਲ਼ੇ ਵਿਸ਼ਿਆਂ ਉੱਤੇ ਫ਼ਿਲਮਾਂ ਬਣਾਉਣ ਦੀ ਪ੍ਰੇਰਨਾ ਦਿੱਤੀ ਹੈ।" ਇੱਥੇ ਦੱਸਣਾ ਬਣਦਾ ਹੈ ਕਿ ਇਸ ਫ਼ਿਲਮ ਦੀ ਮੁੱਖ ਅਦਾਕਾਰਾ ਰਾਣੀ ਮੁਖਰਜੀ, ਇਸ ਫ਼ਿਲਮ ਦੇ ਮੁੱਖ ਨਿਰਮਾਤਾ ਅਦਿੱਤਯ ਚੋਪੜਾ ਦੀ ਪਤਨੀ ਹੀ ਨਹੀਂ, ਸਗੋਂ ਬੱਚੀ ਦੀ ਮਾਂ ਵੀ ਹੈ। 23 ਮਾਰਚ ਨੂੰ ਰਿਲੀਜ਼ ਹੋਣ ਸਾਰ 'ਹਿਚਕੀ' ਨੇ 3.30 ਕਰੋੜ ਰੁਪਏ ਕਮਾਏ ਸਨ ਤੇ ਪਹਿਲੇ 5 ਦਿਨਾਂ ਵਿਚ ਇਸ ਫ਼ਿਲਮ ਨੇ 20.10 ਕਰੋੜ ਰੁਪਏ ਕਮਾ ਲਏ ਸਨ। ਇਸ ਫ਼ਿਲਮ ਨੇ ਸ਼ੁਰੂ ਤੋਂ ਹੀ ਸਿਨੇਮਾ ਦੇ ਪਰਦੇ ਉੱਤੇ ਆਪਣੀ ਪਕੜ ਬਣਾਈ ਹੋਈ ਹੈ।
ਜਿਹੜੀ ਬਿਮਾਰੀ ਇਸ ਫ਼ਿਲਮ ਦਾ ਕੇਂਦਰੀ ਵਿਸ਼ਾ ਹੈ, ਉਸ ਬਾਰੇ ਗੱਲ ਨਾ ਕਰੀਏ ਤਾਂ ਇਹ ਲੇਖ ਲਿਖਣ ਦਾ ਮਕਸਦ ਹੀ ਮਰ-ਮੁੱਕ ਜਾਏਗਾ। 'ਟਿਊਰੈੱਟ ਸਿੰਡਰੋਮ' ਯਾਨੀ 'ਟੀ ਐੱਸ', ਮਨ ਦੀਆਂ ਤੰਤਰਕਾਵਾਂ ਨਾਲ਼ ਸਬੰਧਤ ਇਕ ਅਜਿਹੀ ਬਿਮਾਰੀ ਹੈ, ਜਿਸ ਨਾਲ਼ ਮਰੀਜ਼ ਦਾ ਜਿਸਮ ਬੇਥਵੀਆਂ ਜਿਹੀਆਂ ਹਰਕਤਾਂ ਹੀ ਨਹੀਂ ਕਰਦਾ, ਸਗੋਂ ਉਸ ਦੇ ਮੂੰਹੋਂ ਹਿਚਕੀ ਵਰਗੀਆਂ ਅਜੀਬ ਜਿਹੀਆਂ ਅਵਾਜ਼ਾਂ ਵੀ ਨਿੱਕਲਦੀਆਂ ਹਨ। ਇਨ੍ਹਾਂ ਅਵਾਜ਼ਾਂ ਨੂੰ 'ਟਿਕਸ' ਕਿਹਾ ਜਾਂਦਾ ਹੈ। ਇਸ ਬਿਮਾਰੀ ਦਾ ਨਾਮਕਰਣ, ਫਰਾਂਸੀਸੀ ਨਿਓਰੋਲੋਜਿਸਟ 'ਡਾਕਟਰ ਜਾਰਜਿਜ਼ ਗਿੱਲਜ਼ ਡੀ ਲਾ ਟਿਊਰੈੱਟ', ਜਿਨ੍ਹਾਂ ਨੇ ਪਹਿਲੀ ਵਾਰੀ 1885 ਵਿਚ ਇਕ 86 ਸਾਲਾ ਫਰਾਂਸੀਸੀ ਔਰਤ ਦੇ ਜਿਸਮ ਵਿਚ ਇਸ ਬਿਮਾਰੀ ਦੀਆਂ ਅਲਾਮਤਾਂ ਦੇਖੀਆਂ ਸਨ, ਦੇ ਨਾਂ 'ਤੇ ਕੀਤਾ ਗਿਆ ਸੀ।ਇਸ ਬਿਮਾਰੀ ਦੀਆਂ ਮੁਢਲੀਆਂ ਅਲਾਮਤਾਂ, 3 ਤੋਂ 9 ਸਾਲਾਂ ਦੀ ਉਮਰ ਵਿਚ ਹੀ ਦਿਸਣੀਆਂ ਸੁਰੂ ਹੋ ਜਾਂਦੀਆਂ ਹਨ। ਇਸ ਬਿਮਾਰੀ ਦੇ ਮਰੀਜ਼ ਦੇ ਮੂੰਹੋਂ ਨਾ ਸਿਰਫ਼ ਅਜੀਬੋ-ਗ਼ਰੀਬ ਅਵਾਜ਼ਾਂ ਨਿੱਕਲਦੀਆਂ ਹਨ, ਸਗੋਂ ਚਿਹਰਾ ਵੀ ਕਈ ਹਰਕਤਾਂ ਕਰਦਾ ਹੈ, ਜਿਵੇਂ ਬਹੁਤੀ ਵਾਰ ਅੱਖਾਂ ਝਪਕਣਾ ਅਤੇ ਡੇਲੇ ਘੁਮਾਉਣੇ, ਮੂੰਹ ਅਜੀਬ ਜਿਹੇ ਢੰਗ ਨਾਲ਼ ਘੁਮਾਉਣਾ ਜਾਂ ਮੀਚਣਾ ਆਦਿ। ਕਈ ਵਾਰੀ ਮਰੀਜ਼ ਆਪਣੇ ਮੋਢੇ ਵੀ ਉਚਕਾਉਂਦਾ ਹੈ ਤੇ ਸਿਰ ਚੁੱਕ-ਚੁੱਕ ਕੇ ਘੁਮਾਉਂਦਾ ਹੈ। ਮਰੀਜ਼ ਵਾਰ-ਵਾਰ ਖੰਗੂਰੇ ਮਾਰਦੇ ਹਨ, ਨੱਕ ਰਾਹੀਂ ਸਾਹ ਖਿੱਚਦਿਆਂ ਫਰਾਟੇ ਜਿਹੇ ਮਾਰਦੇ ਹਨ ਜਾਂ ਘਰੋੜ ਕੇ ਬੋਲਣ ਦੇ ਹੀਲੇ ਕਰਦੇ ਹਨ ਅਤੇ ਅਸਾਧਾਰਣ ਢੰਗ ਨਾਲ਼ ਆਵਾਜ਼ਾਂ ਕੱਢਦੇ ਹਨ, ਜਿਨ੍ਹਾਂ ਨੂੰ 'ਕੰਪਲੈਕਸ ਮੋਟਰ ਟਿਕਸ' ਕਿਹਾ ਜਾਂਦਾ ਹੈ। ਮਰੀਜ਼ ਕਈ ਚੀਜ਼ਾਂ ਨੂੰ ਛੁੰਹਦਾ ਹੈ, ਨੱਕ ਰਾਹੀਂ ਸੁੜ੍ਹਾਕੇ ਮਾਰਦਾ ਹੈ, ਟੱਪਦਾ ਹੈ, ਝੁਕਦਾ ਹੈ, ਵਲ-ਵਲੇਵੇਂ ਖਾਂਦਾ ਹੈ। ਕਈ ਵਾਰੀ ਮਰੀਜ਼ ਕਈ ਗੁੰਝਲਦਾਰ ਸ਼ਬਦ ਜਾਂ ਫ਼ਿਕਰੇ ਬੋਲਦਾ ਹਾਂ। ਕਈ ਵਾਰੀ ਇਹ ਮਰੀਜ਼ ਆਪਣੇ-ਆਪ ਨੂੰ ਮਾਰਨਾ-ਕੁੱਟਣਾ ਤੇ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਹਨ। ਮਰੀਜ਼ ਸੁੱਤਾ ਪਿਆ ਵੀ ਅਜਿਹੀ
ਆ ਹਰਕਤਾਂ ਕਰ ਸਕਦਾ ਹੈ, ਪਰ ਉਸ ਵੇਲ਼ੇ ਹਰਕਤਾਂ ਰਤਾ ਕੁ ਸ਼ਾਂਤਮਈ ਹੁੰਦੀਆਂ ਹਨ।
ਭਾਵੇਂ ਇਸ ਬਿਮਾਰੀ ਦਾ ਦੌਰਾ ਆਪ-ਮੁਹਾਰੇ ਪੈਣ ਲੱਗਦਾ ਹੈ, ਪਰ ਕਈ ਮਰੀਜ਼ ਕਦੇ-ਕਦੇ ਦੌਰੇ ਦੀ ਆਮਦ ਦਬਾ ਲੈਂਦੇ ਹਨ, ਲੁਕਾ ਲੈਂਦੇ ਹਨ ਜਾਂ ਆਪਣੀਆਂ ਹਰਕਤਾਂ ਤੇ ਅਵਾਜ਼ਾਂ ਦਾ ਅਸਰ ਘਟਾ ਲੈਂਦੇ ਹਨ। ਇਸ ਤਰ੍ਹਾਂ ਅਵਾਜ਼ਾਂ ਦਬਾਉਣ ਨਾਲ਼ ਉਨ੍ਹਾਂ ਨੂੰ ਬਹੁਤ ਜ਼ਿਆਦਾ ਤਣਾਅ ਵੀ ਸਹਿਣਾ ਪੈਂਦਾ ਹੈ। ਉਸ ਤਣਾਅ ਦੌਰਾਨ ਉਨ੍ਹਾਂ ਦਾ ਚਿੱਤ, ਲਲਕਾਰੇ ਜਿਹੇ ਮਾਰਨ ਨੂੰ ਕਰਦਾ ਹੈ। ਲਲਕਾਰਿਆਂ ਵਰਗੀਆਂ ਇਹ ਅਵਾਜ਼ਾਂ ਕੱਢਣ ਦੀ ਵਜ੍ਹਾ, ਮਰੀਜ਼ ਦੇ ਦਿਮਾਗ਼ ਦੇ ਕੁੱਝ ਹਿੱਸਿਆਂ ਵਿਚ ਕੁੱਝ ਨੁਕਸ ਹੋਣਾ ਹੁੰਦੀ ਹੈ। ਕਈ ਕੇਸਾਂ ਵਿਚ ਦੇਖਿਆ ਗਿਆ ਹੈ ਕਿ ਇਹ ਬਿਮਾਰੀ ਪੀੜ੍ਹੀ ਦਰ ਪੀੜ੍ਹੀ ਚਲੀ ਆਉਂਦੀ ਹੈ। ਇਸ ਦਾ ਇਲਾਜ ਬਹੁਤ ਗੁੰਝਲਦਾਰ ਹੈ ਕਿਉਂ ਕਿ ਇਸ ਲਈ ਕੋਈ ਇਕ ਦਵਾਈ ਨਹੀਂ ਹੈ।
