ਹੋਛਾਪਨ ਤੇ ਠਰਕ ਹੀ ਕਪਿਲ ਸ਼ਰਮਾ ਦੇ ਜੜ੍ਹੀਂ ਬਹਿ ਗਏ
*****************************************
ਕਹਿੰਦੇ ਨੇ ਪਈ ਇਕ ਦਿਨ, ਕਿਸੇ ਜ਼ਮਾਨੇ ਦੇ ਮਸ਼ਹੂਰ ਬਾਗ਼ੀ ਦੁੱਲਾ ਭੱਟੀ ਨੇ ਆਪਣੇ ਮਦਰੱਸੇ ਵਿਚ ਮੌਲਵੀ ਨੂੰ ਪੁੱਛਿਆ, "ਮੌਲਵੀ ਸਾਹਬ ਮਸ਼ਹੂਰ ਹੋਣ ਦਾ ਸੌਖਾ ਢੰਗ ਕੀ ਹੈ?" ਮੌਲਵੀ ਨੇ ਜੁਆਬ ਦਿੱਤਾ, "ਛੇਤੀ ਮਸ਼ਹੂਰੀ ਖੱਟਣ ਲਈ ਤਾਂ ਬਦਮਾਸ਼ੀ ਕਰਨੀ ਪੈਂਦੀ ਹੈ।" ਦੁੱਲੇ ਨੇ ਗੱਲ ਸੁਣਦਿਆਂ ਹੀ ਉਸ ਮੌਲਵੀ ਦੇ ਮੂੰਹ ਉੱਤੇ ਦੋ ਲਫੇੜੇ ਜੜ ਦਿੱਤੇ ਤਾਂ ਸ਼ਾਮ ਤਕ ਹੀ ਸਾਰੇ ਇਲਾਕੇ ਵਿਚ ਇਹ ਗੱਲ ਧੁੰਮ ਗਈ ਪਈ , "ਦੁੱਲੇ ਨੇ ਮੌਲਵੀ ਕੁੱਟ ਦਿੱਤਾ।" ਅਸੀਂ ਇਹ ਗੱਲ 'ਮਸ਼ਹੂਰੀ ਦੇ ਨੁਸਖ਼ੇ' ਵਜੋਂ ਨਹੀਂ ਲਿਖੀ, ਸਗੋਂ ਇਕ ਹੋਰ ਗੱਲ ਕਰਨ ਦੇ ਬਹਾਨੇ ਵਜੋਂ ਲਿਖੀ ਹੈ। ਤੇ ਉਹ ਗੱਲ ਦੁੱਲੇ ਦੀ ਨਹੀਂ, ਕਾਮੇਡੀਅਨ ਕਪਿਲ ਸ਼ਰਮਾ ਦੀ ਹੈ। ਕਪਿਲ ਸ਼ਰਮਾ ਨੇ ਮਸ਼ਹੂਰੀ ਖੱਟਣ ਲਈ ਬਹੁਤ ਮੁਸ਼ੱਕਤ ਕੀਤੀ ਸੀ, ਪਰ ਉਸ ਨੇ ਆਪਣੀ ਮਸ਼ਹੂਰੀ, ਬਦਨਾਮੀ ਵਿਚ ਬਦਲਣ ਲਈ ਫਿਰ ਦੁੱਲ਼ੇ ਵਾਲ਼ਾ ਢੰਗ ਵਰਤ ਲਿਆ। ਤੁਸੀਂ ਪੁੱਛੋਗੇ ਪਈ ਉਹ ਕਿੱਦਾਂ? ਉਹ ਏਦਾਂ ਕਿ ਉਹ ਮਸ਼ਹੂਰ ਹੋ ਕੇ ਵੀ ਆਪਣੇ ਨਾਲ਼ ਹੀ ਜੰਮਿਆ ਹੋਛਾਪਨ ਨਾ ਛੱਡ ਸਕਿਆ।
ਮਸ਼ਹੂਰੀ ਬਾਰੇ ਵੀ ਸਿਆਣਿਆਂ ਦਾ ਕਹਿਣ ਹੈ ਪਈ ਮਸ਼ਹੂਰੀ ਤਾਂ ਕੋਈ ਵੀ ਖੱਟ ਸਕਦਾ ਹੈ, ਪਰ ਮਸ਼ਹੂਰੀ ਖੱਟ ਕੇ ਬਰਕਰਾਰ ਰੱਖਣੀ ਹਰ ਹਾਰੀ-ਸਾਰੀ ਦਾ ਕੰਮ ਨਹੀਂ ਹੈ। ਮਸ਼ਹੂਰੀ 'ਸ਼ੇਰਨੀ ਦੇ ਦੁੱਧ' ਵਰਗੀ ਹੀ ਹੁੰਦੀ ਹੈ, ਜਿਸ ਨੂੰ ਪਚਾਉਣ ਲਈ ਜਿਗਰਾ ਵੀ ਸ਼ੇਰ ਦੇ ਜਿਗਰੇ ਵਰਗਾ ਹੋਣਾ ਚਾਹੀਦਾ ਹੈ। ਮਸ਼ਹੂਰੀ ਢਿੱਡ ਤੋਂ ਗੈਸ ਵਾਂਗ, ਉੱਪਰ ਸਿਰ ਵੱਲ ਨਹੀਂ ਜਾਣੀ ਚਾਹੀਦੀ। ਜੇ ਮਸ਼ਹੂਰੀ ਸਿਰ ਨੂੰ ਚੜ੍ਹ ਜਾਵੇ ਤਾਂ ਇਹ ਮਸ਼ਹੂਰ ਹੋਏ ਬੰਦੇ ਨੂੰ ਪਟਕਾਅ ਮਾਰਦੀ ਹੈ। ਉਹ ਬੰਦਾ ਮੁੜ ਕੇ ਉੱਠਣ ਜੋਗਾ ਨਹੀਂ ਰਹਿੰਦਾ। ਕਪਿਲ ਸ਼ਰਮਾ ਤਾਂ ਉੱਠਿਆ ਹੋਇਆ ਹੀ ਬਹੁਤ ਛੋਟੀ ਥਾਂ ਤੋਂ ਹੈ। ਉਹ ਮਸ਼ਹੂਰੀ ਦੇ ਨਸ਼ੇ ਵਿਚ ਇਹ ਭੁੱਲ ਗਿਆ ਕਿ ਉਹ ਜੋ ਕੁੱਝ ਵੀ ਕਰ ਕੇ ਦਿਖਾਉਂਦਾ ਸੀ, ਉਹ ਇਕੱਲਾ ਨਹੀਂ ਕਰਦਾ ਸੀ, ਉਸ ਦੀ ਟੀਮ ਕਰਦੀ ਸੀ। ਉਸ ਦੇ ਪਤਨ ਦੀ ਸ਼ੁਰੂਆਤ ਉਸੇ ਦਿਨ ਹੀ ਹੋ ਗਈ ਸੀ, ਜਿਸ ਦਿਨ ਉਸ ਨੇ 'ਕਾਮੇਡੀ ਨਾਈਟਸ ਵਿਦ ਕਪਿਲ' ਕਰਦਿਆਂ 'ਕਲਰਜ਼' ਟੀਵੀ ਚੈਨਲ ਨਾਲ਼ ਤੋੜ-ਵਿਛੋੜਾ ਕੀਤਾ ਸੀ। ਬਹੁਤ ਵਧੀਆ ਚੱਲ ਰਿਹਾ ਇਹ ਸ਼ੋਅ, ਉਸ ਨੇ ਬੰਦ ਕਰ ਦਿੱਤਾ ਤੇ ਦਰਸ਼ਕਾਂ ਨੂੰ ਇਸ ਨਾਲ਼ ਬੜਾ ਧੱਕਾ ਲੱਗਿਆ ਸੀ।
'ਕਾਮੇਡੀ ਨਾਈਟਸ ਵਿਚ ਕਪਿਲ' ਬੰਦ ਹੋਣ ਨਾਲ਼ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ। 'ਕਲਰਜ਼' ਦੇ ਮੁੱਖ ਅਧਿਕਾਰੀ ਨੇ 'ਟਾਈਮਜ਼ ਆਫ ਇੰਡੀਆ' ਨਾਲ਼ ਗੱਲ ਕਰਦਿਆਂ ਕਿਹਾ ਸੀ ਕਿ ਕਪਿਲ ਸ਼ਰਮਾ ਦੇ ਸਿਰ ਨੂੰ ਮਸ਼ਹੂਰੀ ਚੜ੍ਹ ਗਈ ਹੈ। ਉਸ ਨੇ 'ਕਲਰਜ਼' ਦੇ ਪ੍ਰਬੰਧਕਾਂ ਨੂੰ ਇਹ ਵੀ ਕਹਿ ਦਿੱਤਾ ਕਿ ਉਹ, ਇਸ ਸ਼ੋਅ ਦੇ ਸਬੰਧ ਵਿਚ ਉਸ ਨਾਲ਼ ਨਵੇਂ ਸਿਰਿਓਂ ਗੱਲ ਕਰਨ ਅਤੇ ਉਸ ਨੂੰ ਵੱਧ ਪੈਸੇ ਦੇਣ ਕਿਉਂ ਕਿ ਉਸ ਦੇ ਕਹਿਣ ਮੁਤਾਬਕ, ਇਹ ਸ਼ੋਅ ਉਸ ਦੀ ਵਜ੍ਹਾ ਨਾਲ਼ ਹੀ ਇੰਨਾ ਕਾਮਯਾਬ ਹੋਇਆ ਸੀ।
ਇਸ ਤੋਂ ਬਾਅਦ ਕਪਿਲ ਨੇ 'ਸੋਨੀ ਟੀਵੀ' ਨਾਲ਼ ਗੰਢ-ਤੁੱਪ ਕਰ ਲਈ, ਪਰ ਉੱਥੇ ਉਸ ਨੂੰ ਸੁਨੀਲ ਗਰੋਵਰ ਹਜ਼ਮ ਨਾ ਹੋਇਆ ਕਿਉਂ ਕਿ ਉਹ ਥੋੜ੍ਹੇ ਹੀ ਸਮੇਂ ਵਿਚ ਬਹੁਤ ਜ਼ਿਆਦਾ ਹਰਮਨ ਪਿਆਰਾ ਹੋ ਗਿਆ ਸੀ। ਉਸ ਨੇ ਆਪਣੀ ਪ੍ਰਤਿਭਾ ਨਾਲ਼ ਲੋਕਾਂ ਦੇ ਦਿਲ ਜਿੱਤ ਲਏ ਸਨ, ਪਰ ਕਪਿਲ ਸ਼ਰਮਾ ਇਸ ਗੱਲੋਂ ਸੜਦਾ ਰਿਹਾ ਕਿ ਸ਼ੋਅ ਉਸ ਦਾ ਹੈ, ਪਰ ਸ਼ੁਹਰਤ ਸੁਨੀਲ ਗਰੋਵਰ ਖੱਟੀ ਜਾ ਰਿਹਾ ਸੀ। ਫਿਰ ਪਿਛਲੇ ਸਾਲ ਸਤੰਬਰ ਵਿਚ ਕਪਿਲ ਸ਼ਰਮਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਟਵਿੱਟਰ' ਰਾਹੀਂ ਦਿੱਤੇ ਇਕ ਸੁਨੇਹੇ ਵਿਚ ਇਹ ਕਹਿ ਦਿੱਤਾ ਕਿ 'ਬੀ.ਐੱਮ.ਸੀ.' ਨੇ ਉਸ ਦਾ ਦਫ਼ਤਰ ਬਣਾਉਣ ਲਈ ਉਸ ਤੋਂ 5 ਲੱਖ ਰੁਪਏ ਵੱਢੀ ਮੰਗੀ ਹੈ। ਇਸ ਤੋਂ ਬਾਅਦ ਬਹੁਤ ਰੌਲ਼ਾ ਪਿਆ ਕਿ ਉਸ ਨੇ ਆਪਣੇ ਦਫ਼ਤਰ ਦੀ ਉਸਾਰੀ ਗ਼ੈਰਕਾਨੂੰਨੀ ਢੰਗ ਨਾਲ਼ ਕਰਾਈ ਹੈ। ਉਸ ਨੇ ਇਹ 'ਟਵੀਟ' ਤੜਕੇ ਹੀ ਕੀਤਾ ਹੋਣ ਕਰ ਕੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਸਨ ਕਿ ਸ਼ਾਇਦ ਇਹ ਸੁਨੇਹਾ ਦੇਣ ਵੇਲ਼ੇ ਕਪਿਲ ਦਾ, ਰਾਤੀਂ ਰੱਜ ਕੇ ਪੀਤੀ ਹੋਈ ਸ਼ਰਾਬ ਦਾ ਨਸ਼ਾ ਹੀ ਨਾ ਉੱਤਰਿਆ ਹੋਵੇ। ਇਸ ਤੋਂ ਮਗਰੋਂ ਉਸ ਦੇ ਖ਼ਿਲਾਫ਼ ਦਰਜ ਕੀਤੇ ਗਏ ਬਹੁਤ ਸਾਰੇ ਕੇਸਾਂ ਨੇ ਉਸ ਦੀ, ਬਹੁਤ ਮਿਹਨਤ ਨਾਲ਼ ਕਮਾਈ ਹੋਈ ਸ਼ੁਹਰਤ ਵਿਚ ਚਿੱਬ ਹੀ ਪਾ ਸੁੱਟੇ।
ਹਾਲ਼ੇ ਇਹ ਚਿੱਬ ਕੱਢੇ ਜਾਣ ਦਾ ਕੋਈ ਹੀਲਾ ਨਹੀਂ ਕੀਤਾ ਗਿਆ ਸੀ ਕਿ ਕਪਿਲ ਸ਼ਰਮਾ ਸ਼ਰਾਬ ਦੇ ਨਸ਼ੇ ਵਿਚ ਗ਼ਲਤ ਹਰਕਤਾਂ ਕਰਨ ਦੀ ਵਜ੍ਹਾ ਨਾਲ ਫਿਰ ਬਦਨਾਮ ਹੋ ਗਿਆ। 2015 ਵਿਚ ਇਹੋ ਜਿਹੀਆਂ ਖ਼ਬਰਾਂ ਵੀ ਆਈਆਂ ਕਿ ਇਕ ਮਰਾਠੀ ਅਦਾਕਾਰਾ ਨੇ ਇਹ ਦੋਸ਼ ਲਾਏ ਕਿ 'ਇੰਟਰਨੈਸ਼ਨਲ ਮਰਾਠੀ ਫ਼ਿਲਮ ਫੈਸਟੀਵਲ ਐਵਾਰਡਜ਼' ਸਬੰਧੀ ਇਕ ਪਾਰਟੀ ਵਿਚ ਕਪਿਲ ਬਹੁਤ ਹੀ ਬੇਹੂਦਾ ਹਰਕਤਾਂ ਕਰ ਰਿਹਾ ਸੀ। ਫਿਰ ਇਕ ਸਮਾਂ ਉਹ ਵੀ ਆਇਆ ਕਿ ਉਹ ਆਪਣੇ ਸਾਥੀ ਅਦਾਕਾਰ ਸੁਨੀਲ ਗਰੋਵਰ ਨਾਲ਼ ਲੜਨ-ਭਿੜਨ ਦੀ ਵਜ੍ਹਾ ਨਾਲ਼ ਖ਼ਬਰਾਂ ਦਾ ਮੁੱਦਾ ਬਣਿਆ। ਇਸ ਤੋਂ ਮਗਰੋਂ ਸੁਨੀਲ ਵਲੋਂ ਉਸ ਦੇ ਸ਼ੋਅ ਵੱਲ ਮੁੜਨ ਦੀ ਕੋਈ ਗੁੰਜਾਇਸ਼ ਨਾ ਰਹੀ। ਇਸ ਤੋਂ ਪਹਿਲਾਂ ਵੀ ਸੁਨੀਲ ਵੱਲੋਂ 'ਮੈਡ ਇਨ ਇੰਡੀਆ' ਸ਼ੋਅ ਕਰਨ ਵਿਚ ਦਿਲਚਸਪੀ ਲੈਣਾ ਸੁਨੀਲ ਨਾਲ਼ ਕਪਿਲ ਦੀ ਨਰਾਜ਼ਗੀ ਦੀ ਵਜ੍ਹਾ ਬਣਿਆ ਸੀ।
ਹੁਣ ਜੇ ਸੁਨੀਲ ਗਰੋਵਰ ਦੀ ਗੱਲ ਸ਼ੁਰੂ ਹੋ ਹੀ ਗਈ ਹੈ ਤਾਂ ਉਸ ਵੱਲੋਂ ਕਪਿਲ ਨਾਲੋਂ ਟੁੱਟਣ ਦੀ ਗੱਲ ਹੀ ਪਹਿਲਾਂ ਸਿਰੇ ਲਾਉਣੀ ਬਣਦੀ ਹੈ। ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਨਾਲ਼ ਵਿਗਾੜ ਕੇ, 'ਰਿੰਕੂ ਭਾਬੀ' ਅਤੇ 'ਡਾਕਟਰ ਮਸ਼ਹੂਰ ਗੁਲਾਟੀ' ਵਰਗੇ, ਆਪਣੇ ਸ਼ੋਅ ਦੇ ਹਰਮਨ ਪਿਆਰੇ ਕਿਰਦਾਰ ਵੀ ਮਾਰ ਸੁੱਟੇ ਹਨ ਜਦੋਂ ਕਿ ਇਹ ਕਿਰਦਾਰ ਦਰਸ਼ਕਾਂ ਦੀ ਲੋੜ ਬਣ ਚੁੱਕੇ ਸਨ। 'ਦ ਕਪਿਲ ਸ਼ਰਮਾ ਸ਼ੋਅ' ਦੇ ਨਜ਼ਦੀਕੀ ਸੂਤਰਾਂ ਦਾ ਕਹਿਣ ਹੈ ਕਿ ਸੁਨੀਲ ਗਰੋਵਰ, ਕਪਿਲ ਸ਼ਰਮਾ ਵੱਲੋਂ ਅਪਣਾਏ ਹੋਏ ਅਪਮਾਨਜਨਕ ਵਤੀਰੇ ਦੀ ਵਜ੍ਹਾ ਨਾਲ਼ ਹੀ ਇਸ ਸ਼ੋਅ ਤੋਂ ਦੂਰ ਹੋਇਆ ਹੈ। ਇਸ ਸ਼ੋਅ ਦੇ ਦਰਸ਼ਕਾਂ ਨੇ ਦੇਖਿਆ ਹੀ ਹੋਵੇਗਾ ਕਿ ਕਪਿਲ ਸ਼ਰਮਾ ਇਸ ਸ਼ੋਅ ਦੇ ਤਕਰੀਬਨ ਹਰ ਅਦਾਕਾਰ ਨੂੰ ਬੇਇਜ਼ਤ ਕਰ ਕੇ ਹੀ ਸੈੱਟ ਤੋਂ ਚਲੇ ਜਾਣ ਲਈ ਕਹਿੰਦਾ ਹੁੰਦਾ ਸੀ। ਕਪਿਲ ਦੇ ਇਸ ਵਤੀਰੇ ਤੋਂ ਸੁਨੀਲ ਗਰੋਵਰ ਹੀ ਨਹੀਂ, ਹੋਰ ਅਦਾਕਾਰ ਜਿਵੇਂ ਚੰਦਨ ਪ੍ਰਭਾਕਰ, ਅਲੀ ਅਸਗਰ ਅਤੇ ਕੀਕੂ ਸ਼ਾਰਦਾ ਵੀ ਦੁਖੀ ਹੁੰਦੇ ਰਹੇ ਹਨ।
ਕਪਿਲ ਸ਼ਰਮਾ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੀ ਸੀ ਕਿ ਉਹ ਇਕੱਲਾ ਹੀ ਆਪਣੇ ਸ਼ੋਅ ਦੀ ਕਾਮਯਾਬੀ ਦੀ ਵਜ੍ਹਾ ਹੈ ਜਦੋਂ ਕਿ ਹਕੀਕਤ ਇਹ ਹੈ ਕਿ ਸਾਰੀ ਟੀਮ ਦੀ ਮੁਸ਼ੱਕਤ ਹੀ ਕਾਮਯਾਬੀ ਦੀ ਵਜ੍ਹਾ ਸੀ। ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਉਸ ਦਾ ਤੀਜਾ ਸ਼ੋਅ, ਤੀਜੇ ਐਪੀਸੋਡ ਮਗਰੋਂ ਹੀ ਢਹਿ-ਢੇਰੀ ਨਾ ਹੋਇਆ ਨਾ ਦਿਸਦਾ। ਦੂਜੇ ਪਾਸੇ ਸੁਨੀਲ ਗਰੋਵਰ, ਕਪਿਲ ਨਾਲ਼ੋਂ ਵੱਖ ਹੋ ਕੇ ਵੀ ਸਫ਼ਲਤਾ ਦੇ ਝੰਡੇ ਗੱਡੀ ਜਾ ਰਿਹਾ ਹੈ। ਉਹ ਇਸ ਵੇਲ਼ੇ ਕ੍ਰਿਕਟ ਕਾਮੇਡੀ ਸ਼ੋਅ 'ਜੀਓ ਧਨ ਧਨਾ ਧਨ ਲਾਈਵ' ਵਿਚ ਬਹੁਤ ਕਾਮਯਾਬੀ ਨਾਲ਼ ਰੁੱਝਿਆ ਹੋਇਆ ਹੈ।
ਸੁਨੀਲ ਗਰੋਵਰ, ਕਪਿਲ ਸ਼ਰਮਾ ਨਾਲ਼ ਕੰਮ ਕਰਦਿਆਂ ਇਹ ਮਹਿਸੂਸ ਕਰਦਾ ਹੁੰਦਾ ਸੀ ਕਿ ਕਪਿਲ ਉਸ ਦੀ ਪ੍ਰਤਿਭਾ ਦਬਾਉਂਦਾ ਰਹਿੰਦਾ ਹੈ ਕਿਉਂ ਕਿ ਕਪਿਲ ਨੂੰ ਡਰ ਰਹਿੰਦਾ ਸੀ ਕਿ ਕਿਤੇ ਸੁਨੀਲ ਉਸ ਨੂੰ ਆਪਣੀ ਪ੍ਰਤਿਭਾ ਨਾਲ਼ 'ਕਲਾਜੰਗ' ਹੀ ਨਾ ਮਾਰ ਦੇਵੇ। ਕਪਿਲ ਦੇ ਸ਼ੋਆਂ ਵਿਚ ਸੁਨੀਲ ਇਕ ਕਾਮੇਡੀਅਨ ਜਿਹਾ ਹੀ ਬਣ ਕੇ ਰਹਿ ਗਿਆ ਸੀ ਜਦੋਂ ਕਿ ਹਕੀਕਤ ਇਹ ਹੈ ਕਿ ਉਹ ਕਈ ਤਰ੍ਹਾਂ ਦੇ ਕਿਰਦਾਰ ਬਾਖ਼ੂਬੀ ਨਿਭਾ ਸਕਣ ਵਾਲ਼ਾ ਵਧੀਆ ਅਦਾਕਾਰ ਹੈ।
ਸੁਨੀਲ ਗਰੋਵਰ ਦੀ ਤਾਂ ਖ਼ੈਰ ਗੱਲ ਹੀ ਹੋਰ ਹੈ, ਕਪਿਲ ਸ਼ਰਮਾ ਦੇ ਤੀਜੇ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਦੇ ਤੀਜੇ ਐਪੀਸੋਡ ਮਗਰੋਂ ਹੀ ਉਸ ਦੀ ਹੋਸਟ ਨੇਹਾ ਪੇਂਡਸੇ ਵੱਲੋਂ ਵੀ ਇਹ ਸ਼ੋਅ ਛੱਡ ਜਾਣ ਦੀਆਂ ਤੇ ਇਹ ਸ਼ੋਅ ਬੰਦ ਹੋ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ ਤਾਂ ਕਿਤੇ ਨਾ ਕਿਤੇ ਕਪਿਲ ਵਿਚ ਹੀ ਕੋਈ ਨੁਕਸ ਹੋਵੇਗਾ, ਜੋ ਕਦੇ ਪੱਤਰਕਾਰ ਨੂੰ ਗਾਲ਼ਾਂ ਕੱਢਦਾ ਹੈ ਤੇ ਕਦੇ ਆਪਣੀਆਂ ਸਾਥਣਾਂ ਨਾਲ਼ 'ਫਲੱਰਟ' ਕਰਨ ਲੱਗਦਾ ਹੈ। ਕਿਹਾ ਤਾਂ ਇਹ ਜਾਂਦਾ ਹੈ ਕਿ ਹਰ ਕਾਮਯਾਬ ਮਰਦ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ ਹੈ। ਕਪਿਲ ਦੇ ਪਿੱਛੇ ਵੀ ਲਾਜ਼ਮੀ ਕਿਸੇ ਔਰਤ ਦਾ ਹੱਥ ਹੋਵੇਗਾ। ਕਪਿਲ ਦੀ ਫ਼ਿਲਮ 'ਫਿਰੰਗੀ' ਦੇ ਨਿਰਦੇਸ਼ਕ ਅਤੇ ਕਪਿਲ ਦੇ ਬਹੁਤ ਨਜ਼ਦੀਕੀ ਦੋਸਤ ਰਾਜੀਵ ਢੀਂਗਰਾ ਦਾ ਕਿਹਾ ਹੋਇਆ ਸੱਚ ਮੰਨ ਲਿਆ ਜਾਵੇ ਤਾਂ ਕਪਿਲ ਦੀ ਨਾਕਾਮੀ ਪਿੱਛੇ ਕਈ ਔਰਤਾਂ ਦਾ ਹੱਥ ਹੈ।
ਢੀਂਗਰਾ ਦੇ ਕਹਿਣ ਮੁਤਾਬਕ ਕਪਿਲ ਲਈ ਮੁਸੀਬਤਾਂ ਪੈਦਾ ਕਰਨ ਵਿਚ ਉਸ ਦੀਆਂ ਮੈਨੇਜਰ ਰਹੀਆਂ ਪ੍ਰੀਤੀ ਸਿਮੋਜ਼ ਅਤੇ ਨੀਤੀ ਸਿਮੋਜ਼ ਦਾ ਵੱਡਾ ਹੱਥ ਹੈ। ਕਪਿਲ ਸ਼ਰਮਾ ਨੇ ਪੱਤਰਕਾਰ ਵਿੱਕੀ ਲਾਲਵਾਨੀ ਨੂੰ ਫੋਨ ਕਰ ਕੇ ਗਾਲ਼ਾਂ ਕੱਢੀਆਂ ਹਨ ਤੇ ਉਸ ਫੋਨ ਕਾਲ ਦੀ ਰਿਕਾਰਡਿੰਗ ਸਾਰੇ ਜਹਾਨ ਨੇ ਸੁਣ ਲਈ ਹੈ। ਜਦੋਂ ਤੋਂ ਕਪਿਲ ਨੇ ਆਪਣੀ ਸਾਬਕਾ ਮੈਨੇਜਰ ਅਤੇ ਗਰਲ ਫਰੈਂਡ ਰਹੀ ਪ੍ਰੀਤੀ ਸਿਮੋਜ਼ ਦੇ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਾਈ ਹੈ, ਕਪਿਲ ਸ਼ਰਮਾ ਦੀ ਜ਼ਿੰਦਗ਼ੀ ਦੀਆਂ ਬਹੁਤ ਸਾਰੀਆਂ ਗੁੱਝੀਆਂ ਪਰਤਾਂ ਉੱਘੜ ਗਈਆਂ ਹਨ। ਢੀਂਗਰਾ ਹੀ ਦੱਸਦੇ ਹਨ ਕਿ ਪ੍ਰੀਤੀ ਸਿਮੋਜ਼ ਨੇ ਇਸ ਸਭ ਕੁੱਝ ਤੋਂ ਦੁਖੀ ਹੋਣ ਦੀ ਥਾਂ ਮੀਡੀਆ ਨੂੰ ਇੰਟਰਵਿਊ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਸ ਨੇ ਕਪਿਲ ਦੀ ਇਸ ਬਦਹਾਲੀ ਲਈ ਉਸ ਦੀ ਗਰਲ ਫਰੈਂਡ ਗਿੰਨੀ ਚਤਰਥ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ ਤੇ ਕਿਹਾ ਹੈ ਕਿ ਉਹ ਵੀ ਕਪਿਲ ਨੂੰ ਸੰਭਾਲਣ ਵਿਚ ਨਾਕਾਮ ਰਹੀ ਹੈ। ਪ੍ਰੀਤੀ ਨੇ ਤਾਂ ਇਹ ਵੀ ਕਿਹਾ ਹੈ ਕਿ ਕਪਿਲ ਨੂੰ ਤਾਂ ਖ਼ੁਦਕੁਸ਼ੀ ਕਰਨ ਦੇ ਖ਼ਿਆਲ ਵੀ ਆਉਂਦੇ ਰਹੇ ਹਨ। ਕਪਿਲ ਦੇ ਸ਼ੋਆਂ ਵਿਚ ਉਸ ਦੀ ਭੂਆ ਦਾ ਕਿਰਦਾਰ ਨਿਭਾਉਣ ਵਾਲ਼ੀ ਉਪਾਸਨਾ ਸਿੰਘ ਵੀ ਉਸ ਦੇ ਖ਼ਿਲਾਫ਼ ਗੱਲਾਂ ਕਰਦੀ ਸੁਣੀ ਗਈ ਹੈ। ਇਸ ਸਭ ਕੁੱਝ ਦੇ ਉਲਟ, ਢੀਂਗਰਾ ਦਾ ਕਹਿਣ ਹੈ ਕਿ ਕਪਿਲ ਵੱਲੋਂ ਢਹਿੰਦੀਆਂ ਕਲਾਂ ਵਿਚ ਜਾਣ ਦੀ ਵੱਡੀ ਵਜ੍ਹਾ ਪ੍ਰੀਤੀ ਹੀ ਹੈ। "ਉਹ ਤਾਂ ਮੈਨੂੰ ਵੀ ਕਪਿਲ ਦੇ ਖ਼ਿਲਾਫ਼ ਉਕਸਾਉਣ ਦੇ ਹੀਲੇ ਕਰਦੀ ਰਹੀ ਹੈ। ਜਦੋਂ ਪ੍ਰੀਤੀ ਨੂੰ ਪਤਾ ਲੱਗ ਗਿਆ ਕਿ ਕਪਿਲ ਉਸ ਤੋਂ ਖਹਿੜਾ ਛੁਡਾ ਕੇ ਗਿੰਨੀ ਚਤਰਥ ਨਾਲ਼ ਵਿਆਹ ਕਰਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ, ਉਸ ਨੇ ਸਹੁੰ ਖਾ ਲਈ ਕਿ ਉਸ ਨੂੰ ਤਬਾਹ ਕਰ ਸੁੱਟੇਗੀ ਤੇ ਉਸ ਦੇ ਸਾਰੇ ਦੋਸਤਾਂ ਨੂੰ ਉਸ ਦੇ ਖ਼ਿਲਾਫ਼ ਕਰ ਦੇਵੇਗੀ" ਢੀਂਗਰਾ ਦਾ ਕਹਿਣ ਹੈ।
ਢੀਂਗਰਾ ਦਾ ਹੀ ਕਹਿਣ ਹੈ ਕਿ ਪ੍ਰੀਤੀ ਇਹ ਧਮਕੀ ਵੀ ਦੇ ਚੁੱਕੀ ਹੈ ਕਿ ਉਹ ਕਪਿਲ ਦੀਆਂ ਜੜ੍ਹਾਂ ਪੁੱਟ ਕੇ ਸੂਰਜ ਵੱਲ ਕਰ ਦੇਵੇਗੀ। ਢੀਂਗਰਾ ਦੇ ਕਹਿਣ ਅਨੁਸਾਰ, "ਪ੍ਰੀਤੀ ਨੇ ਇਹ ਵੀ ਕਿਹਾ ਸੀ ਕਿ ਮੈਂ ਤੇ ਕਪਿਲ ਮੁੰਬਈ ਵਿਚ ਓਪਰੇ ਹਾਂ, ਜਿਸ ਕਰ ਕੇ ਉਹ ਸਾਨੂੰ ਇਸ ਇੰਡੱਸਟਰੀ ਵਿਚੋਂ ਚੁਕਾ ਕੇ ਬਾਹਰ ਸੁੱਟਵਾ ਦਏਗੀ।" ਕਪਿਲ ਦੀ ਨਾਕਾਮੀ ਲਈ ਉਸ ਪਿੱਛੇ ਪਈਆਂ ਪ੍ਰੀਤੀਆਂ, ਨੀਤੀਆਂ ਤੇ ਗਿੰਨੀਆਂ ਵੱਲ ਦੇਖ ਕੇ ਤਾਂ ਏਦਾਂ ਹੀ ਲੱਗਦਾ ਹੈ ਕਿ 'ਕਿਸ ਕਿਸ ਸੇ ਪਿਆਰ ਕਰੂੰ' ਵਿਚ ਚਾਰ-ਚਾਰ ਬੀਵੀਆਂ ਰੱਖਦੇ ਦਿਖਾਏ ਗਏ ਕਪਿਲ ਦਾ ਆਪਣੀ ਅਸਲੀ ਜ਼ਿੰਦਗ਼ੀ ਵਿਚ ਵੀ ਉਹੋ ਜਿਹਾ ਹੀ ਹਾਲ ਹੈ।
ਕਪਿਲ ਸ਼ਰਮਾ ਵਲੋਂ ਇਕ ਖ਼ਾਸ ਮੁਕਾਮ ਹਾਸਲ ਕਰਨ ਲਈ ਕੀਤੀ ਹੋਈ ਸਖ਼ਤ ਮਿਹਨਤ ਇਤਿਹਾਸ ਬਣ ਚੁੱਕੀ ਹੈ ਤੇ ਉਸ ਵੱਲੋਂ ਇਹ ਖ਼ਾਸ ਮੁਕਾਮ ਗੁਆ ਬਹਿਣਾ ਵੀ ਇਤਿਹਾਸ ਬਣ ਜਾਵੇਗਾ। ਲੋਕ ਹੌਲੀ-ਹੌਲੀ 'ਦ ਕਪਿਲ ਸ਼ਰਮਾ ਸ਼ੋਅ' ਤੇ 'ਕਾਮੇਡੀ ਨਾਈਟਸ ਵਿਦ ਕਪਿਲ' ਭੁੱਲ ਜਾਣਗੇ ਤੇ ਕਪਿਲ ਸ਼ਰਮਾ ਦੀ ਥਾਂ ਮੰਚ ਉੱਤੇ ਕੋਈ ਹੋਰ ਆ ਜਾਵੇਗਾ। ਓਦਾਂ, ਜੇ ਕਪਿਲ ਆਪਣਾ ਹਾਜ਼ਮਾ ਦਰੁੱਸਤ ਰੱਖਦਾ, ਕਾਮਯਾਬੀ ਉਸ ਦੇ ਸਿਰ ਨੂੰ ਗੈਸ ਵਾਂਗ ਨਾ ਚੜ੍ਹਦੀ ਤਾਂ ਅਜੇ ਉਸ ਦਾ 'ਵਾਈਂਡ ਅੱਪ' ਨਹੀਂ ਸੀ ਹੋਣਾ, ਪਰ ਕਿਸੇ ਵੀ ਸਿਖ਼ਰ ਤੋਂ ਅੱਗੇ ਕਿਤੇ ਉਤਰਾਈ ਵੀ ਤਾਂ ਹੁੰਦੀ ਹੀ ਹੈ। ਹਰ ਸਿਆਣੇ ਕਲਾਕਾਰ ਵਾਂਗ ਕਪਿਲ ਨੂੰ ਵੀ ਭਰਿਆ ਮੇਲਾ ਛੱਡ ਜਾਣਾ ਚਾਹੀਦਾ ਸੀ ਕਿਉਂ ਕਿ ਉੱਜੜੇ ਹੋਏ ਮੇਲੇ ਦੇ ਲੋਕ ਪਿੱਛੇ ਮੁੜ ਕੇ ਨਹੀਂ ਦੇਖਦੇ।#

