ਤੀਜੀ ਪੜ੍ਹੇ 'ਰੱਬ ਦੇ ਸਾਨੀ' ਨੇ ਮੰਤਰੀਆਂ
ਪ੍ਰਧਾਨ ਮੰਤਰੀਆਂ ਨੂੰ ਵੀ ਉੱਲੂ ਬਣਾਇਆ
^^^^^^^^^^^^^^^^^^^^^
ਕੋਈ ਵਿਰਲਾ-ਟਾਵਾਂ ਹੀ ਹੋਏਗਾ, ਜਿਸ ਦੇ ਕੰਨੀਂ ਇਹ ਖ਼ਬਰ ਨਹੀਂ ਪਈ ਹੋਏਗੀ ਕਿ ਆਪਣੇ-ਆਪ ਨੂੰ 'ਰੱਬ ਦਾ ਸ਼ਰੀਕ' ਸਮਝਦੇ 77 ਸਾਲਾ ਬੁੱਢੇ ਆਸਾਰਾਮ ਨੂੰ ੨੬ ਅਪ੍ਰੈਲ ਨੂੰ 'ਸਾਰੀ ਉਮਰ' ਲਈ ਸੀਖਾਂ ਪਿੱਛੇ ਡੱਕਣ ਦਾ ਹੁਕਮ ਦੇ ਦਿੱਤਾ ਗਿਆ ਹੈ। ਉਸ ਦਾ ਕਸੂਰ ਇਹ ਹੈ ਕਿ ਉਸ ਨੇ ਸੰਨ ੨੦੧੩ ਵਿਚ ਇਕ ੧੬ ਸਾਲਾ ਕੁੜੀ ਦੀ ਪੱਤ ਲੁੱਟੀ ਸੀ। ਉਸੇ ਹੀ ਸਾਲ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ ਤੇ ਉਹ ਉਦੋਂ ਤੋਂ ਹੀ ਸੀਖਾਂ ਪਿੱਛੇ ਸੀ। ਹੁਣ ਉਹ ਸਾਰੀ ਉਮਰ ਹੀ ਸੀਖਾਂ ਪਿੱਛੇ ਕੱਟੇਗਾ। ਇਹ ਹੁਕਮ ਕੱਲ੍ਹ (26 ਅਪ੍ਰੈਲ ਨੂੰ) ਜੋਧਪੁਰ ਦੀ ਇਕ ਅਦਾਲਤ ਨੇ ਸੁਣਾਇਆ ਹੈ। ਉਸ ਦੇ ਨਾਲ਼ ਹੀ ਦੋ ਹੋਰ ਵਿਅਕਤੀਆਂ ਸ਼ਿਲਪੀ ਅਤੇ ਸ਼ਰਦ ਨੂੰ 20-20 ਸਾਲ਼ ਦੀ ਕੈਦ ਸੁਣਾਈ ਗਈ ਹੈ। ਹੁਣ ਉਹ, ਆਸੂਮਲ ਤੋਂ ਬਣਿਆ ਆਸਾਰਾਮ ਨਾ ਰਹਿ ਕੇ 'ਕੈਦੀ ਨੰਬਰ 130' ਹੀ ਰਹਿ ਗਿਆ ਹੈ ਤੇ ਮਰ ਜਾਣ ਤਕ ਇਹੋ ਹੀ ਰਹੇਗਾ।
ਇਹ ਸਜ਼ਾ ਸੁਣਾਏ ਜਾਣ ਤਕ ਆਸਾਰਾਮ 'ਸੁਣਵਾਈ ਅਧੀਨ ਕੈਦੀ' ਯਾਨੀ 'ਹਵਾਲਾਤੀ' ਸੀ, ਪਰ ਹੁਣ ਉਸ ਨੂੰ ਮੁਜਰਮ ਕਰਾਰ ਦੇ ਦਿੱਤਾ ਗਿਆ ਹੈ। ਹਵਾਲਾਤ ਕੈਦੀ ਵਜੋਂ ਉਸ ਨੂੰ ਇਹ ਸਹੂਲਤ ਦਿੱਤੀ ਹੋਈ ਸੀ ਕਿ ਉਹ ਜੋਧਪੁਰ ਵਿਚ ਆਪਣੇ ਆਸ਼ਰਮ ਵਿਚੋਂ ਆਇਆ ਹੋਇਆ ਖਾਣਾ ਖਾ ਸਕੇ, ਪਰ ਹੁਣ ਇਹ ਸਹੂਲਤ ਉਸ ਤੋਂ ਖੋਹ ਲਈ ਗਈ ਹੈ ਤੇ ਉਹ 'ਜੇਲ੍ਹ ਵਿਚ ਪੱਕੀਆਂ' ਹੀ ਖਾਇਆ ਕਰੇਗਾ। ਜੋਧਪੁਰ ਪੁਲਸ ਦੇ ਡੀ.ਸੀ.ਪੀ. ਅਮਨਦੀਪ ਕਪੂਰ ਨੇ ਕਿਹਾ ਹੈ, "ਜਿਸ ਨੇ ਵੀ ਇਸ ਕੇਸ ਦੀ ਤਫ਼ਤੀਸ਼ ਕਰਨ ਵਿਚ ਸਖ਼ਤ ਮਿਹਨਤ ਕੀਤੀ ਹੈ, ਉਸ ਦੇ ਹੀਲਿਆਂ ਨੂੰ ਫ਼ਲ ਲੱਗਿਆ ਹੈ। ਸਾਨੂੰ ਇਹ ਫ਼ੈਸਲਾ ਸੁਣ ਕੇ ਬਹੁਤ ਖ਼ੁਸ਼ੀ ਹੋਈ ਹੈ।" ਪਿਛਲੇ ਪੰਜ ਸਾਲ ਜੇਲ੍ਹ ਵਿਚ ਉਹ, ਆਪਣੇ ਕੱਪੜੇ ਪਾਉਂਦਾ ਰਿਹਾ ਹੈ, ਪਰ ਹੁਣ ਉਸ ਨੂੰ ਕੈਦੀਆਂ ਵਾਲ਼ੀ ਵਰਦੀ ਪਾਉਣੀ ਪਿਆ ਕਰੇਗੀ।
ਸਾਬਕਾ ਅਟਾਰਨੀ ਜਨਰਲ ਸੋਲੀ ਸੋਰਾਬਜੀ ਨੇ ਆਸਾਰਾਮ ਨੂੰ ਇਹ ਸਜ਼ਾ ਦੇਣ ਦਾ ਸੁਆਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹੋ ਜਿਹੇ ਮੁਕੱਦਮਿਆਂ ਵਿਚ ਮਿਸਾਲੀ ਸਜ਼ਾ ਹੀ ਦੇਣੀ ਬਣਦੀ ਹੈ। ਇਸ ਦੇ ਨਾਲ਼ ਹੀ ਦੱਸਣਾ ਬਣਦਾ ਹੈ ਕਿ ਮਸ਼ਹੂਰ ਵਕੀਲ ਰਾਮ ਜੇਠਮਲਾਨੀ ਨੇ ਅਦਾਲਤ ਦੇ ਇਸ ਹੁਕਮ ਬਾਰੇ ਟਿੱਪਣੀ ਕਰਨ ਲਈ ਕਹੇ ਜਾਣ 'ਤੇ ਏਦਾਂ ਕਿਹਾ, "ਮੈਨੂੰ ਪਤਾ ਹੀ ਨਹੀਂ ਕਿ ਆਸਾਰਾਮ ਕੌਣ ਹੈ ਅਤੇ ਇਹ ਕੇਸ ਕੀ ਹੈ। ਇਸ ਬਾਰੇ ਮੈਂ ਕੀ ਕਹਿ ਸਕਦਾ ਹਾਂ।"
ਆਸਾਰਾਮ ਦੀ ਹਵਸ ਦੀ ਸ਼ਿਕਾਰ ਹੋਈ ਕੁੜੀ ਦੇ ਬਾਪ ਨੇ ਇਹ ਫੈਸਲਾ ਸੁਣ ਕੇ ਕਿਹਾ, "ਹੁਣ ਮੈਂ ਮਹਿਸੂਸ ਕਰਦਾ ਹਾਂ ਕਿ ਸਾਨੂੰ ਇਨਸਾਫ਼ ਮਿਲਿਆ ਹੈ।" ਆਸਾਰਾਮ ਨੇ 2013 ਵਿਚ ਜੋਧਪੁਰ ਵਿਖੇ ਹੀ ਆਪਣੇ ਆਸ਼ਰਮ ਵਿਚ ਇਕ 16 ਸਾਲਾ ਕੁੜੀ ਨੂੰ ਆਪਣੀ ਹਵਸ ਦੀ ਸ਼ਿਕਾਰ ਬਣਾਇਆ ਸੀ। ਇਹ ਫੈਸਲਾ, ਜੋਧਪੁਰ ਜੇਲ੍ਹ ਵਿਚ ਲਗਾਈ ਹੋਈ ਆਰਜ਼ੀ ਅਦਾਲਤ ਵਿਚ ਸੁਣਾਇਆ ਗਿਆ। ਇਸ ਕੇਸ ਦੀ ਤਫ਼ਤੀਸ਼ ਕਰਦੇ ਰਹੇ ਅਧਿਕਾਰੀ ਅਜੈ ਲਾਂਬਾ ਨੇ ਇਸ ਫ਼ੈਸਲੇ ਬਾਰੇ ਟਿੱਪਣੀ ਕਰਦਿਆਂ ਕਿਹਾ, "ਆਖ਼ਰ ਨੂੰ ਸੱਚ ਹੀ ਸਾਹਮਣੇ ਆਇਆ ਹੈ।"
ਆਪਣੇ ਸ਼ਰਧਾਲੂਆਂ ਤੋਂ 'ਆਸਾਰਾਮ ਬਾਪੂ' ਜਾਂ 'ਬਾਪੂ ਜੀ' ਕਹਾਉਣ ਵਾਲ਼ੇ ਇਸ 'ਰੱਬ ਦੇ ਸ਼ਰੀਕ' ਦਾ ਜਨਮ ਹੋਣ ਵੇਲ਼ੇ ਇਸ ਦਾ ਨਾਂ 'ਆਸੂਮਲ' ਰੱਖਿਆ ਗਿਆ ਸੀ। 1970 ਦੇ ਦਹਾਕੇ ਦੌਰਾਨ ਹੀ ਉੱਭਰੇ ਇਸ ਬੰਦੇ ਵੱਲੋਂ ਭਾਰਤ ਅਤੇ ਵਿਦੇਸ਼ ਵਿਚ 400 ਤੋਂ ਵੱਧ ਆਸ਼ਰਮ ਕਾਇਮ ਕੀਤੇ ਹੋਏ ਹਨ। ਭਾਰਤ ਦੇ ਹਿੰਦੂ ਸਾਧਾਂ-ਸੰਤਾਂ ਦੀ ਜਥੇਬੰਦੀ 'ਅਖਿਲ ਭਾਰਤੀਯ ਅਖਾੜਾ ਪ੍ਰੀਸ਼ਦ' ਵੱਲੋਂ ਜਾਰੀ ਕੀਤੀ ਹੋਈ, 'ਜਾਅਲੀ ਸਾਧੂਆਂ' ਦੀ ਸੂਚੀ ਵਿਚ ਇਸ ਦਾ ਤੇ ਇਸ ਦੇ ਪੁੱਤਰ ਨਰਾਇਣ ਸਾਈਂ ਦਾ ਨਾਂ ਵੀ ਸ਼ਾਮਲ ਹੈ।
'ਆਸੂਮਲ' ਦਾ ਜਨਮ ਪਾਕਿਸਤਾਨ ਵਿਚ ਹੋਇਆ ਸੀ ਤੇ 1947 ਵਿਚ ਉਸ ਦਾ ਪਰਿਵਾਰ, ਭਾਰਤ ਵਿਚ ਅਹਿਮਦਾਬਾਦ ਵਿਚ ਆ ਵਸਿਆ ਸੀ। ਉੱਥੇ ਆਸਾਰਾਮ ਦੇ ਬਾਪ ਤਾਊਮਲ ਸਿਰੂਮਲਾਨੀ ਨੇ ਕੋਇਲਾ ਅਤੇ ਲੱਕੜ ਵੇਚਣ ਦਾ ਕਾਰੋਬਾਰ ਆਰੰਭਿਆ। ਬਾਪ ਦੀ ਮੌਤ ਤੋਂ ਬਾਅਦ ਆਸਾਰਾਮ ਨੇ ਵੀ ਕੁੱਝ ਸਮਾਂ ਲੱਕੜ ਅਤੇ ਕੋਇਲਾ ਵੇਚਿਆ। ਆਸਾਰਾਮ ਆਸ਼ਰਮ ਵੱਲੋਂ ਛਾਪੀ ਗਈ, ਆਸਾਰਾਮ ਦੀ ਜੀਵਨੀ 'ਸੰਤ ਆਸਾਰਾਮ ਬਾਪੂ ਜੀ ਕੀ ਜੀਵਨ ਝਾਂਕੀ' ਅਨੁਸਾਰ, ਆਸਾਰਾਮ ਨੇ ਤੀਜੀ ਜਮਾਤ ਤਕ ਹੀ ਪੜ੍ਹਾਈ ਕੀਤੀ ਹੋਈ ਹੈ। ਜਦੋਂ ਉਸ ਦੇ ਬਾਪ ਦੀ ਮੌਤ ਹੋਈ, ਉਹ ਵੱਖ-ਵੱਖ ਆਸ਼ਰਮਾਂ ਵਿਚ ਲੁਕਿਆ ਰਿਹਾ ਸੀ। 15ਸਾਲ ਦੀ ਉਮਰ ਵਿਚ, ਲਕਸ਼ਮੀ ਦੇਵੀ ਨਾਲ਼ ਆਪਣੇ ਵਿਆਹ ਤੋਂ ਅੱਠ ਦਿਨ ਪਹਿਲਾਂ ਉਹ ਭਰੁੱਚ ਦੇ ਆਸ਼ਰਮ ਵਿਚ ਜਾ ਲੁਕਿਆ ਸੀ। ਆਖ਼ਰਕਾਰ ਉਸ ਦਾ ਵਿਆਹ ਤਾਂ ਹੋ ਕੇ ਹੀ ਰਿਹਾ।
ਇਸ ਕਿਤਾਬ ਅਨੁਸਾਰ, ਉਸ ਦੇ ਗੁਰੂ 'ਮਹਾਰਾਜ ਲੀਲਾਸ਼ਾਹ' ਨੇ 7 ਅਕਤੂਬਰ, 1964 ਨੂੰ ਉਸ ਦਾ ਨਾਮ ਆਸਾਰਾਮ ਰੱਖ ਕੇ, ਉਸ ਨੂੰ ਆਪਣਾ ਚੇਲਾ ਬਣਾ ਲਿਆ। ਸੂਤਰ ਦੱਸਦੇ ਹਨ ਕਿ ਧਾਰਮਕ ਗੁਰੂ ਬਣਨ ਤੋਂ ਪਹਿਲਾਂ, ਇਸ ਵਪਾਰੀ-ਪੁੱਤ ਨੇ ਸ਼ਰਾਬ ਅਤੇ ਚਾਹ ਵੇਚਣ ਤੋਂ ਲੈ ਕੇ ਸਾਈਕਲਾਂ ਦੀ ਮੁਰੰਮਤ ਕਰਨ ਤਕ ਕਈ ਧੰਦੇ ਕੀਤੇ। ਆਸਾਰਾਮ ਅਤੇ ਲਕਸ਼ਮੀ ਦੇਵੀ ਦੇ ਦੋ ਔਲਾਦਾਂ ਹਨ, ਪੁੱਤਰ ਨਾਰਾਇਣ ਸਾਈਂ ਅਤੇ ਧੀ ਭਾਰਤੀ ਦੇਵੀ। ਉਸ ਦਾ ਪੁੱਤਰ ਆਪਣੇ ਬਾਪ 'ਤੇ ਹੀ ਗਿਆ ਹੈ ਤੇ ਉਹ ਵੀ ਆਪਣੇ ਬਾਪ ਦੇ ਨਾਲ਼ ਹੀ ਜੇਲ੍ਹ ਵਿਚ ਬੰਦ ਹੈ।
1981 ਅਤੇ 1992 ਦੌਰਾਨ ਗੁਜਰਾਤ ਦੀ ਕਾਂਗਰਸ ਸਰਕਾਰ ਨੇ ਉਸ ਨੂੰ 14,515 ਵਰਗ ਮੀਟਰ ਜ਼ਮੀਨ ਦੇ ਦਿੱਤੀ। 1997 ਅਤੇ 1999 ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਉਸ ਨੂੰ ਹੋਰ 25,000 ਵਰਗ ਮੀਟਰ ਜ਼ਮੀਨ ਦੇ ਦਿੱਤੀ। ਉਸ ਸਮੇਂ ਆਸਾਰਾਮ ਦੇ ਚੇਲਿਆਂ ਦੀ ਗਿਣਤੀ ਬਹੁਤੀ ਨਹੀਂ ਸੀ, ਪਰ ਬਾਅਦ ਵਿਚ ਜਦੋਂ ਸਥਾਨਕ ਸਿਆਸਤਦਾਨ ਉਸ ਦੇ ਸ਼ਰਧਾਲੂ ਬਣ ਗਏ ਤਾਂ ਉਸ ਦੇ ਚੇਲਿਆਂ ਦੀ ਗਿਣਤੀ ਕਾਫੀ ਵਧ ਗਈ। 2013 ਤਕ ਉਸ ਦੇ 400 ਆਸ਼ਰਮ ਸਨ ਤੇ ਬੇਸ਼ੁਮਾਰ ਚੇਲੇ ਸਨ। ਉਸ ਦੇ ਪੈਰੋਕਾਰਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਮੁਰਲੀ ਮਨੋਹਰ ਜੋਸ਼ੀ ਸਮੇਤ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਬਹੁਤ ਸਾਰੇ ਲੀਡਰ ਸ਼ਾਮਲ ਹਨ।
ਕਹਿੰਦੇ ਹਨ ਕਿ ਜਨਵਰੀ, 2013 ਵਿਚ ਉਦੋਂ ਤੋਂ ਆਸਾਰਾਮ ਨੂੰ ਲਾਹਨਤਾਂ ਪੈਣੀਆਂ ਸ਼ੁਰੂ ਹੋ ਗਈਆਂ ਜਦੋਂ ਉਸ ਨੇ ਆਪਣੇ ਚੇਲਿਆਂ ਦੇ ਇਕ ਇਕੱਠ ਵਿਚ, 2012 ਵਿਚ ਦਿੱਲੀ ਵਿਚ ਇਕ ਕੁੜੀ ਨਾਲ਼ ਕਈ ਜਣਿਆਂ ਵੱਲੋਂ ਰਲ਼ ਕੇ ਕੀਤੇ ਗਏ ਬਲਾਤਕਾਰ ਤੇ ਕਤਲ ਕਾਂਡ ਦੇ ਸਬੰਧ ਵਿਚ ਇਸ ਤਰ੍ਹਾਂ ਕਿਹਾ, "ਬਲਾਤਕਾਰ ਕਾ ਸ਼ਿਕਾਰ ਹੂਈ ਲੜਕੀ ਭੀ ਬਲਾਤਕਾਰੀਓਂ ਜਿਤਨੀ ਹੀ ਦੋਸ਼ੀ ਹੈ...ਉਸੇ ਚਾਹੀਏ ਥਾ ਕਿ ਵਹ ਬਲਾਤਕਾਰੀਓਂ ਕੋ ਭਾਈ ਕਹਿ ਕਰ, ਉਨੇਂ ਵੋਹ ਸਬ ਕਰਨਾ ਬੰਦ ਕਰਨੇ ਕੀ ਮਿੰਨਤ ਕਰਤੀ। ਐਸਾ ਕਰਨੇ ਸੇ ਉਸ ਕੀ ਆਬਰੂ ਔਰ ਜਾਨ ਬਚ ਸਕਤੀ ਥੀਂ। ਕਿਆ ਤਾਲੀ ਏਕ ਹਾਥ ਸੇ ਬਜਤੀ ਹੈ? ਮੈਂ ਐਸਾ ਨਹੀਂ ਸਮਝਤਾ।" ਕਿਹਾ ਇਹ ਵੀ ਜਾਂਦਾ ਹੈ ਕਿ ਉਸ ਨੇ ਦਿੱਲੀ ਬਲਾਤਕਾਰ ਅਤੇ ਕਤਲ ਕਾਂਡ ਦੇ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਨਾ ਦੇਣ ਦੀ ਅਪੀਲ ਵੀ ਕੀਤੀ ਸੀ ਕਿਉਂ ਕਿ ਉਹ ਇਹ ਮਹਿਸੂਸ ਕਰਦਾ ਸੀ ਇਸ ਸਬੰਧ ਵਿਚ ਕਾਨੂੰਨ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਟਿੱਪਣੀਆਂ ਦੀ ਵਜ੍ਹਾ ਨਾਲ਼ ਆਸਾਰਾਮ ਦੀ ਬਹੁਤ ਹੀ 'ਤੋਏ-ਤੋਏ' ਹੋਈ, ਪਰ ਉਸ ਨੇ ਇਹ ਕਹਿ ਕੇ ਪੱਲਾ ਝਾੜਨ ਦਾ ਹੀਲਾ ਕੀਤਾ ਸੀ ਕਿ ਉਸ ਨੇ ਏਦਾਂ ਨਹੀਂ ਕਿਹਾ ਸੀ ਤੇ ਉਸ ਦਾ ਬਿਆਨ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਇਸ ਤੋਂ 8 ਮਹੀਨੇ ਬਾਅਦ ਅਗੱਸਤ, 2013 ਵਿਚ ਇਕ 16 ਸਾਲਾ ਕੁੜੀ ਨੇ ਦੋਸ਼ ਲਾਇਆ ਕਿ ੧੫ ਅਗੱਸਤ ਦੀ ਰਾਤ ਨੂੰ ਜੋਧਪੁਰ ਵਿਚ, ਆਪਣੇ ਮਨਾਈ ਆਸ਼ਰਮ ਵਿਚ ਆਸਾਰਾਮ ਨੇ 'ਬਲਾਵਾਂ ਦੂਰ ਕਰਨ' ਦੇ ਬਹਾਨੇ ਉਸ (ਕੁੜੀ) ਨੂੰ 'ਹੱਥ ਪਾਇਆ' ਸੀ। ਲੜਕੀ ਦੇ ਮਾਪਿਆਂ ਨੇ ਇਸ ਸਬੰਧ ਵਿਚ ਦਿੱਲੀ ਪੁਲਸ ਕੋਲ ਸ਼ਿਕਾਇਤ ਦਰਜ ਕਰਾਈ ਸੀ। ਕੁੜੀ ਦੇ ਡਾਕਟਰੀ ਮੁਆਇਨੇ ਵਿਚ, ਉਸ ਉੱਤੇ ਜਿਨਸੀ ਹਮਲਾ ਕੀਤੇ ਜਾਣ ਦੀ ਪੁਸ਼ਟੀ ਹੋ ਜਾਣ ਮਗਰੋਂ ਇਸ ਸਬੰਧ ਵਿਚ ਇਕ ਕੇਸ ਦਰਜ ਕੀਤਾ ਗਿਆ ਸੀ।ਇਸ ਮਾਮਲੇ ਦੀ ਗੂੰਜ ਭਾਰਤੀ ਪਾਰਲੀਮੈਂਟ ਵਿਚ ਵੀ ਪਈ ਸੀ ਤੇ ਇਸ ਸਬੰਧ ਵਿਚ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ।
ਜਦੋਂ 'ਗੁਰੂਦੇਵ ਆਸਾਰਾਮ' 31 ਅਗੱਸਤ ਤਕ ਵੀ ਪੁੱਛ-ਪੜਤਾਲ ਲਈ 'ਤਸ਼ਰੀਫ਼ ਨਾ ਲਿਆਏ' ਤਾਂ ਦਿੱਲੀ ਪੁਲਸ ਨੇ ਉਨ੍ਹਾਂ ਦੇ ਖ਼ਿਲਾਫ਼ ਅਜਿਹੀਆਂ ਧਾਰਾਵਾਂ ਲਾਈਆਂ, ਜਿਨ੍ਹਾਂ ਵਿਚ ਉਸ ਦੇ ਫੜੇ ਜਾਣ 'ਤੇ ਉਸ ਦੀ ਜ਼ਮਾਨਤ ਨਹੀਂ ਹੋ ਸਕਣੀ ਸੀ। ਉਹ, ਇੰਦੌਰ ਵਿਚ ਆਪਣੇ ਇਕ ਆਸ਼ਰਮ ਵਿਚ ਲੁਕਿਆ ਰਿਹਾ। ਇਸ ਦੌਰਾਨ ਉਸ ਦੇ ਚੇਲਿਆਂ ਨੇ ਪੁਲਸ ਅਤੇ ਪੱਤਰਕਾਰਾਂ ਨਾਲ਼ ਟਕਰਾਅ ਸ਼ੁਰੂ ਕਰ ਦਿੱਤਾ। ਪਹਿਲੀ ਸਤੰਬਰ, 2013 ਨੂੰ ਜੋਧਪੁਰ ਦੀ ਪੁਲਸ ਨੇ ਉਸ ਨੂੰ, ਉਸ ਦੇ ਆਸ਼ਰਮ ਵਿਚੋਂ ਫੜ ਲਿਆ। ਆਸਾਰਾਮ ਨੇ ਮਜ਼ਲੂਮ ਕੁੜੀ ਵੱਲੋਂ ਲਗਾਏ ਹੋਏ ਦੋਸ਼ ਨਕਾਰਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਕਰ ਹੀ ਨਹੀਂ ਸਕਦਾ ਕਿਉਂ ਕਿ ਉਹ 'ਨਾਮਰਦ' ਹੈ। ਇਸ ਤੋਂ ਬਾਅਦ, ਇਸ ਸਬੰਧ ਵਿਚ ਉਸ ਦਾ ਟੈਸਟ ਕਰਾਇਆ ਗਿਆ ਤਾਂ ਉਹ ਝੂਠਾ ਸਾਬਤ ਹੋ ਗਿਆ। ਫਿਰ ਉਸ ਨੂੰ ਪੱਕੇ ਤੌਰ 'ਤੇ ਜੇਲ੍ਹ ਅੰਦਰ ਹੀ ਨਹੀਂ ਡੱਕਿਆ ਗਿਆ, ਸਗੋਂ 12 ਵਾਰੀ ਉਸ ਦੀ ਜ਼ਮਾਨਤ ਸਬੰਧੀ ਅਰਜ਼ੀ ਵੀ ਰੱਦ ਕੀਤੀ ਗਈ। ਤਕਰੀਬਨ ਪੰਜ ਸਾਲ ਜੇਲ੍ਹ ਵਿਚ ਬੰਦ ਰਹਿਣ ਮਗਰੋਂ 25 ਅਪ੍ਰੈਲ, 2018 ਨੂੰ ਆਸਾਰਾਮ ਨੂੰ ਮੁਜਰਮ ਕਰਾਰ ਦੇ ਕੇ ਅਤੇ ਮਜ਼ਲੂਮ ਕੁੜੀ ਨੂੰ ਪੰਜ ਲੱਖ ਰੁਪਏ ਹਰਜਾਨਾ ਅਦਾ ਕਰਨ ਦਾ ਹੁਕਮ ਦੇ ਕੇ, ਸਾਰੀ ਉਮਰ ਲਈ ਜੇਲ੍ਹ ਅੰਦਰ ਡੱਕ ਦਿੱਤਾ ਗਿਆ। ਉਸ ਦੇ ਦੋ ਸਹਿਯੋਗੀਆਂ ਨੂੰ 20-20 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ। ਓਦਾਂ, ਆਸਾਰਾਮ ਅਤੇ ਉਸ ਦੇ ਪੁੱਤਰ ਨਰਾਇਣ ਸਾਈਂ ਦੇ ਖ਼ਿਲਾਫ਼, ਸੂਰਤ ਦੀਆਂ ਦੋ ਕੁੜੀਆਂ ਨਾਲ਼ ਬਲਾਤਕਾਰ ਕਰਨ ਦੇ ਦੋਸ਼ਾਂ ਅਧੀਨ ਕਈ ਕੇਸ ਹਾਲੇ ਵੀ ਚੱਲ ਰਹੇ ਹਨ। ਆਸਾਰਾਮ ਨੇ ਇਨ੍ਹਾਂ ਕੇਸਾਂ ਦੇ ਕਈ ਗਵਾਹਾਂ ਉੱਤੇ ਘਾਤਕ ਹਮਲੇ ਹੀ ਨਹੀਂ ਕਰਾਏ, ਸਗੋਂ ਅੰਮ੍ਰਿਤ ਪਰਜਾਪਤੀ ਨਾਂ ਦੇ ਆਪਣੇ ਸਾਬਕਾ ਸਹਾਇਕ ਨੂੰ, ਬਾਗ਼ੀ ਹੋ ਜਾਣ 'ਤੇ 23 ਜੂਨ, 2014 ਨੂੰ ਗੋਲੀਆਂ ਮਾਰ ਕੇ ਮਰਵਾ ਵੀ ਦਿੱਤਾ ਸੀ। ਸੂਰਤ ਬਲਾਤਕਾਰ ਕਾਂਡ ਦੇ ਮੁਖ ਗਵਾਹ ਅਖਿਲ ਗੁਪਤਾ ਨੂੰ ਵੀ 11 ਜਨਵਰੀ, 2015 ਨੂੰ ਗੋਲ਼ੀਆਂ ਮਰਵਾ ਕੇ ਮਾਰ-ਮੁਕਾ ਸੁੱਟਿਆ ਗਿਆ ਸੀ। ਉਸ ਦਾ ਚੇਲਾ ਰਿਹਾ ਮਹਿੰਦਰ ਚਾਵਲਾ, ਜੋ ਸੂਰਤ ਬਲਾਤਕਾਰ ਕਾਂਡ ਦਾ ਮੁੱਖ ਗਵਾਹ ਹੈ, ਘਾਤਕ ਹਮਲੇ ਵਿਚ ਮਾਰੇ ਜਾਣ ਤੋਂ ਬਚਿਆ ਹੋਇਆ ਹੈ।
ਹੈਰਾਨੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਟਲ ਬਿਹਾਰੀ ਵਾਜਪਈ, ਮੁਰਲੀ ਮਨੋਹਰ ਜੋਸ਼ੀ ਸਮੇਤ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਬਹੁਤ ਸਾਰੇ ਆਗੂ ਅੱਜ ਵੀ ਆਸਾਰਾਮ ਦੇ ਸ਼ਰਧਾਲੂ ਹੋਣ ਤੋਂ ਇਨਕਾਰੀ ਨਹੀਂ ਹਨ। ਉਸ ਦੇ ਬਹੁਤ ਸਾਰੇ ਸ਼ਰਧਾਲੂ ਤਾਂ ਹਾਲੇ ਵੀ ਇਹ ਕਹਿੰਦੇ ਹਨ ਕਿ 'ਉਨ੍ਹਾਂ ਦੇ ਬਾਪੂ' ਨੂੰ ਇਕ ਸਾਜ਼ਿਸ਼ ਅਧੀਨ ਫਸਾਇਆ ਗਿਆ ਹੈ।#

