ਕਦੇ ਡੰਗਰ ਚਾਰਦੀ ਹੁੰਦੀ ਸੀ ਫਰਾਂਸ ਦੀ ਸਾਬਕਾ ਸਿੱਖਿਆ ਮੰਤਰੀ
>>>>>>>>>>>>>>><<<<<<<<<<<<<<<<
ਅਸੀਂ ਉਸ ਦੌਰ ਵਿਚੋਂ ਲੰਘ ਰਹੇ ਹਾਂ ਜਦੋਂ ਸਾਰੇ ਸੰਸਾਰ ਵਿਚ ਇਹ ਬਹਿਸ ਛਿੜੀ ਹੋਈ ਹੈ ਕਿ ਕੀ ਪਰਵਾਸੀ ਲੋਕ, ਮੇਜ਼ਬਾਨ ਮੁਲਕ ਲਈ ਚੰਗੇ ਹਨ ਜਾਂ ਨਹੀਂ। ਅਮਰੀਕਾ ਦੀ ਸਰਹੱਦ ਉੱਤੇ ਕੰਧ ਉਸਾਰ ਕੇ, ਮੈਕਸੀਕੀਆਂ ਨੂੰ ਅਮਰੀਕਾ ਤੋਂ ਬਾਹਰ ਰੱਖਣ ਦੇ ਚਾਹਵਾਨ ਡੌਨਲਡ ਟਰੰਪ ਤੋਂ ਲੈ ਕੇ, ਹੰਗਰੀ ਅਤੇ ਸਲੋਵਾਕੀਆ ਦੇ ਹੁਕਮਰਾਨਾਂ ਤਕ, ਕੋਈ ਵੀ ਨਹੀਂ ਚਾਹੁੰਦਾ ਕਿ ਸੀਰੀਆਈ ਸ਼ਰਨਾਰਥੀਆਂ ਨੂੰ ਸ਼ਰਨ ਦਿੱਤੀ ਜਾਵੇ। ਇਹੋ ਜਿਹੇ ਹਾਲਾਤ ਵਿਚ ਫਰਾਂਸ ਦੀ ਸਿੱਖਿਆ ਅਤੇ ਖੋਜ ਮੰਤਰੀ ਰਹੀ ਨਜਾਤ ਵਲਾਉਦ ਬੈੱਲਕਾਸਿਮ, ਇਹੋ ਜਿਹੇ ਉਸ ਹਰ ਸ਼ਖ਼ਸ ਲਈ ਪ੍ਰੇਰਨਾ ਦਾ ਸੋਮਾ ਹੈ, ਜਿਸ ਨੂੰ ਇਹ ਵਿਸ਼ਵਾਸ ਹੈ ਕਿ ਬਚਪਨ ਵਿਚ ਗ਼ੁਰਬਤ ਦੇ ਸ਼ਿਕਾਰ ਰਹੇ ਲੋਕ, ਕਿਸੇ ਵੀ ਮੁਲਕ ਵਿਚ ਕਾਮਯਾਬ ਹੋ ਸਕਦੇ ਹਨ।
ਨਜਾਤ ਬੈੱਲਕਾਸਿਮ ਦਾ ਜਨਮ, 1977 ਵਿਚ ਮੋਰੱਕੋ ਦੇ ਇਕ ਛੋਟੇ ਜਿਹੇ ਪਿੰਡ ਨਾਡੋਰ ਵਿਚ ਹੋਇਆ ਸੀ। ਉਸ ਦਾ ਬਾਪ, ਫਰਾਂਸ ਵਿਚ ਉਸਾਰੀ ਕਾਮੇ ਵਜੋਂ ਕੰਮ ਕਰਦਾ ਹੁੰਦਾ ਸੀ। ਕੁੱਝ ਸਮੇਂ ਬਾਅਦ, ਉਹ ਆਪਣੇ ਪਰਿਵਾਰ ਨੂੰ ਵੀ ਫਰਾਂਸ ਲੈ ਗਿਆ। ਇਸ ਤਰ੍ਹਾਂ, 1982 ਵਿਚ ਨਜਾਤ ਵੀ ਫਰਾਂਸ ਵਿਚ ਐਮੀਏਨਜ਼ ਵਿਖੇ ਰਹਿਣ ਲੱਗ ਪਈ। ਉਸ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ ਤੇ 2002 ਵਿਚ ਉਸ ਨੇ 'ਪੈਰਿਸ ਇੰਸਟੀਚਿਊਟ ਆਫ ਪੋਲੀਟੀਕਲ ਸਟੱਡੀਜ਼' ਤੋਂ ਗ੍ਰੈਜੂਏਸ਼ਨ ਕਰ ਲਈ। ਇਸ ਤੋਂ ਤੁਰੰਤ ਬਾਅਦ ਨਜਾਤ 'ਸੋਸ਼ਲਿਸਟ ਪਾਰਟੀ' ਵਿਚ ਸ਼ਾਮਲ ਹੋ ਗਈ ਤੇ ਉਸ ਨੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਲਈ ਲੜਨਾ ਸ਼ੁਰੂ ਕਰ ਦਿੱਤਾ। ਫਿਰ ਉਹ ਰੋਨ ਐਲਪਾਈਨਜ਼ ਵਿਚ ਕੌਂਸਲ ਦੀ ਮੈਂਬਰ ਚੁਣੀ ਗਈ ਤੇ 2008 ਤਕ ਉਸ ਅਹੁਦੇ ਉੱਤੇ ਰਹੀ। 2008 ਵਿਚ ਉਹ ਰੋਨ ਡਿਪਾਰਟਮੈਂਟ ਦੀ ਕੌਂਸਲ ਜਨਰਲ ਚੁਣੀ ਗਈ। ਤਦ ਤਕ ਨਜਾਤ ਨੇ ਸਿਆਸਤ ਵਿਚ ਆਪਣੀ ਕਾਫੀ ਪਛਾਣ ਬਣਾ ਲਈ ਸੀ। 2012 ਵਿਚ ਉਸ ਨੂੰ ਔਰਤਾਂ ਦੇ ਹੱਕਾਂ ਦੀ ਮੰਤਰੀ ਅਤੇ ਸਰਕਾਰੀ ਤਰਜਮਾਨ ਬਣਾ ਦਿੱਤਾ ਗਿਆ। ਫਿਰ 2014 ਵਿਚ ਮੌਰੱਕੋ ਦੀ ਇਹ ਮੁਸਲਮਾਨ ਔਰਤ, ਫਰਾਂਸ ਦੀ ਸਿੱਖਿਆ ਮੰਤਰੀ ਬਣਾ ਦਿੱਤੀ ਗਈ। ਉਹ, 17 ਮਈ, 2017 ਤਕ ਇਸ ਅਹੁਦੇ ਉੱਤੇ ਰਹੀ। 2017 ਦੀ ਚੋਣ ਵਿਚ ਨਾਕਾਮ ਰਹਿਣ ਬਾਅਦ, ਉਹ ਸੋਸ਼ਲਿਸਟ ਪਾਰਟੀ ਦੀ ਅੱਵਲ ਸਕੱਤਰ ਵਜੋਂ ਜ਼ਿੰਮੇਵਾਰੀ ਨਿਭਾ ਰਹੀ ਹੈ। 2018 ਦੇ ਸ਼ੁਰੂ ਵਿਚ ਉਹ 'ਇੰਸਟੀਚਿਊਟ ਇਪਸੋ ਪੋਲ' ਦੀ ਡਿਪਟੀ ਜਨਰਲ ਮੈਨੇਜਰ ਬਣ ਗਈ।
ਛੋਟੀ ਉਮਰੇ ਨਜਾਤ, ਭੇਡਾਂ-ਬੱਕਰੀਆਂ ਹੀ ਨਹੀ ਚਾਰਦੀ ਹੁੰਦੀ ਸੀ, ਸਗੋਂ ਖੂਹ ਤੋਂ ਪਾਣੀ ਵੀ ਭਰਦੀ ਹੁੰਦੀ ਸੀ। ਆਪਣੇ ਪਿਛੋਕੜ, ਜਨਮ ਸਥਾਨ ਅਤੇ ਮਜ਼ਹਬ ਦੀ ਵਜ੍ਹਾ ਨਾਲ਼ ਉਹ ਕਨਜ਼ਰਵੇਟਿਵ ਸਿਆਸਤਦਾਨਾਂ ਵੱਲੋਂ ਬਹੁਤ ਸੌਖਿਆਂ ਹੀ ਜਿਨਸੀ ਅਤੇ ਨਸਲੀ ਟਿੱਪਣੀਆਂ ਦੀ ਸ਼ਿਕਾਰ ਬਣਾ ਲਈ ਜਾਂਦੀ ਸੀ। ਉਸ ਨੂੰ ਦੱਬਵੀਂ ਸੁਰ ਵਿਚ ਗੰਦੇ-ਗੰਦੇ ਸ਼ਬਦ ਕਹੇ ਜਾਂਦੇ ਰਹੇ, ਉਸ ਦੇ ਲਿਬਾਸ ਨੂੰ ਆਧਾਰ ਬਣਾ ਕੇ ਉਸ ਨੂੰ 'ਵਰਤਣਯੋਗ ਸ਼ੈਅ' ਸਮਝਿਆ ਜਾਂਦਾ ਤਾਂ ਉਹ ਇਸ ਤਰ੍ਹਾਂ ਦੇ ਹਮਲਿਆਂ ਦਾ ਜੁਆਬ, ਬਹੁਤ ਹੀ ਠੋਕ ਕੇ ਦਿੰਦੀ। ਇਸ ਸਭ ਕੁੱਝ ਦੇ ਬਾਵਜੂਦ ਨਜਾਤ ਬੈੱਲਕਾਸਿਮ, ਜੋ ਵਿਆਹ ਕਰਾਉਣ ਮਗਰੋਂ ਨਜਾਤ ਵਲਾਉਦ-ਬੈੱਲਕਾਸਿਮ ਕਹਾਉਂਦੀ ਹੈ, ਆਪਣੀ ਜ਼ਿੰਦਗ਼ੀ ਵਿਚ ਬਹੁਤ ਸਾਰੀਆਂ ਰੁਕਾਵਟਾਂ ਨਾਲ਼ ਜੂਝਦੀ ਹੋਈ 'ਆਪਣਾ ਮੁਕੱਦਰ ਆਪ ਲਿਖਣ ਵਾਲ਼ੀ ਖ਼ਾਤੂਨ' (ਔਰਤ) ਸਮਝੀ ਜਾਂਦੀ ਹੈ।
ਉਸ ਨੂੰ ਫਰਾਂਸ ਵਿਚ ਵੀ ਬਹੁਤ ਸੰਘਰਸ਼ ਕਰਨਾ ਪਿਆ। ਉਸ ਨੂੰ ਫਰਾਂਸੀਸੀ ਭਾਸ਼ਾ ਨਹੀਂ ਆਉਂਦੀ ਸੀ। ਕਾਲਜ ਵਿਚ ਪੜ੍ਹਨ ਦੌਰਾਨ ਉਸ ਨੇ ਇਹ ਭਾਸ਼ਾ ਵੀ ਸਿੱਖੀ। 'ਦ ਗਾਰਡੀਅਨ' ਵਿਚ ਛਪੀ ਇਕ ਰਿਪੋਰਟ ਅਨੁਸਾਰ, ਆਪਣੀ ਜ਼ਿੰਦਗ਼ੀ ਵਿਚ ਆਈ ਸਭਿਆਚਾਰਕ ਤਬਦੀਲੀ ਦਾ ਵੇਰਵਾ ਬਿਆਨਦਿਆਂ ਨਜਾਤ ਨੇ ਇਉਂ ਫ਼ਰਮਾਇਆ ਸੀ, "ਕਿਸੇ ਵੱਲੋਂ ਆਪਣਾ ਮੁਲਕ ਤੇ ਆਪਣਾ ਕੁਨਬਾ ਛੱਡਣ ਦੀ, ਆਪਣੀਆਂ ਜੜ੍ਹਾਂ ਤੋਂ ਉੱਖੜ ਜਾਣ ਦੀ ਹਕੀਕਤ ਬਹੁਤ ਦਰਦਨਾਕ ਬਣ ਸਕਦੀ ਹੈ। ਸਾਡੇ ਅੱਬੂ ਨੇ ਤਾਂ ਆਪਣਾ ਪੈਰ ਧਰਨ ਜੋਗੀ ਥਾਂ ਬਣਾਈ ਹੋਈ ਸੀ, ਪਰ ਸਾਡੇ ਲਈ ਤੇ ਸਾਡੀ ਅੰਮੀ ਲਈ, ਉੱਥੇ ਜਾਂਦਿਆਂ ਹੀ ਵਸ-ਰਸ ਜਾਣਾ ਬਹੁਤ ਹੀ ਔਖਾ ਸੀ।"
ਨਜਾਤ ਨੂੰ ਸਖ਼ਤ ਮਿਹਨਤ ਅਤੇ ਜੁਗਾੜ ਬਣਾਉਣ ਦੀ ਆਦਤ ਆਪਣੇ ਅੱਬੂ ਤੋਂ ਵਿਰਸੇ ਵਿਚ ਮਿਲੀ ਹੋਈ ਸੀ। ਉਸ ਦੇ ਅੱਬੂ ਨੇ ਆਪਣੀਆਂ ਧੀਆਂ ਲਈ ਬਹੁਤ ਸਖ਼ਤ ਨੇਮ ਬਣਾਏ ਹੋਏ ਸਨ। ਉਨ੍ਹਾਂ ਨੂੰ ਨਿਆਣੀ ਉਮਰੇ ਮੁੰਡਿਆਂ ਨਾਲ਼ ਫਿਰਨ ਜਾਂ ਨਾਈਟਕਲੱਬਾਂ ਵਿਚ ਜਾਣ ਦੀ ਖੁੱਲ੍ਹ ਨਹੀਂ ਸੀ। ਇਸੇ ਵਜ੍ਹਾ ਨਾਲ਼, ਕੁੜੀਆਂ ਨੇ ਆਪਣੇ-ਆਪਣੇ ਨੂੰ ਪੂਰੀ ਤਰ੍ਹਾਂ ਪੜ੍ਹਾਈ ਵਿਚ ਲਾਈ ਰੱਖਿਆ। ਇੱਥੇ ਦੱਸ ਦੇਣਾ ਚਾਹੀਦਾ ਹੈ ਕਿ ਨਜਾਤ ਦੀ ਭੈਣ ਫ਼ਾਤਿਹਾ, ਪੈਰਿਸ ਵਿਚ ਵਕਾਲਤ ਕਰਦੀ ਹੈ। 'ਯੂਨੀਵਰਸਿਟੀ ਆਫ਼ ਐਮੀਏਨਜ਼' ਵਿਚ ਪੜ੍ਹਦਿਆਂ ਨਜਾਤ ਨੂੰ ਬਹੁਤ ਵਕਾਰੀ ਵਿਦਿਅਕ ਅਦਾਰੇ 'ਇੰਸਟੀਚਿਊਟ ਆਫ ਪੋਲੀਟੀਕਲ ਸਟੱਡੀਜ਼' ਵਿਚ ਉੱਚ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲ ਗਿਆ। ਉੱਥੇ ਹੀ ਉਸ ਨੂੰ ਫਰਾਂਸ ਦਾ ਸਿਆਸੀ ਧਰਾਤਲ ਗਾਹੁਣ ਦਾ ਮੌਕਾ ਵੀ ਮਿਲਿਆ।
ਨਜਾਤ ਨੇ 'ਪਬਲਿਕ ਐਡਮਨਿੱਸਟਰੇਸ਼ਨ' ਵਿਚ ਮਾਸਟਰਜ਼ ਕਰਦਿਆਂ, ਆਪਣੇ ਮਾਪਿਆਂ ਦਾ ਭਾਰ ਵੰਡਾਉਣ ਲਈ ਦੋ ਨੌਕਰੀਆਂ ਵੀ ਕੀਤੀਆਂ। ਇਸ ਦੌਰਾਨ ਨਜਾਤ ਦੀ ਮੁਲਾਕਾਤ, ਸਾਥੀ ਵਿਦਿਆਰਥੀ ਬੋਰਿਸ ਵਲਾਉਦ ਨਾਲ਼ ਹੋਈ ਤੇ 2005 ਵਿਚ ਉਨ੍ਹਾਂ ਦੋਹਾਂ ਨੇ ਆਪਸ ਵਿਚ ਵਿਆਹ ਕਰਾ ਲਿਆ। ਨਜਾਤ ਦਾ ਸਿਆਸੀ ਜੀਵਨ, ਲਯੋਨ ਦੇ ਮੇਅਰ ਦੀ ਸਲਾਹਕਾਰ ਬਣਨ ਖ਼ਾਤਰ, ਸੋਸ਼ਲਿਸਟ ਪਾਰਟੀ ਵਿਚ ਸ਼ਾਮਲ ਹੋਣ ਨਾਲ਼ ਸ਼ੁਰੂ ਹੋਇਆ। ਫਿਰ ਉਸ ਨੇ ਚੋਣ ਲੜੀ ਤੇ ਕੌਂਸਲਰ ਦੀ ਸੀਟ ਜਿੱਤ ਲਈ। ਫਿਰ, 2012 ਵਿਚ ਸੋਸ਼ਲਿਸਟ ਰਾਸ਼ਟਰਪਤੀ ਫਰਾਂਸਵਾ ਹੋਲਾਂਦ ਨੇ ਉਸ ਨੂੰ ਔਰਤਾਂ ਦੇ ਮਾਮਲਿਆਂ ਦੀ ਮੰਤਰੀ ਬਣਾ ਦਿੱਤਾ। 2014 ਵਿਚ ਨਜਾਤ ਨੇ ਔਰਤਾਂ ਦੇ ਹੱਕਾਂ ਸਬੰਧੀ ਮੰਤਰੀ, ਸ਼ਹਿਰੀ ਮਾਮਲਿਆਂ ਸਬੰਧੀ ਮੰਤਰੀ ਅਤੇ ਨੌਜੁਆਨਾਂ ਦੇ ਮਾਮਲਿਆਂ ਅਤੇ ਖੇਡਾਂ ਸਬੰਧੀ ਮੰਤਰੀ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਤੇ ਫਿਰ ਉਸ ਨੂੰ ਸਿੱਖਿਆ ਮੰਤਰੀ ਬਣਾ ਦਿੱਤਾ ਗਿਆ।
ਇਕ ਵਾਰ ਉਸ ਨੇ, ਦੇਸ਼ ਦੀ ਸਿਆਸਤ ਵਿਚ ਹਿੱਸਾ ਲੈਣ ਦੇ ਚਾਹਵਾਨ ਨੌਜੁਆਨਾਂ ਨੂੰ ਨਸੀਹਤ ਕਰਦਿਆਂ ਇਉਂ ਕਿਹਾ ਸੀ, "ਮੈਂ ਹਮੇਸ਼ਾ ਹੀ ਨੌਜੁਆਨਾਂ ਨੂੰ ਸਿਆਸਤ ਵਿਚ ਸ਼ਾਮਲ ਹੋਣ ਦੀ ਸਲਾਹ ਦਿੱਤੀ ਹੈ। ਆਪਣੇ ਭਵਿੱਖ ਵਿਚ ਖ਼ੁਸ਼ ਰਹਿਣ ਦਾ ਸਭ ਤੋਂ ਵਧੀਆ ਢੰਗ, ਇਸ ਵਿਚ ਕੋਈ ਚੰਗੀ ਭੂਮਿਕਾ ਨਿਭਾਉਣਾ ਹੈ। ਜੇ ਤੁਸੀਂ ਤਮਾਸ਼ਬੀਨ ਹੀ ਬਣੇ ਰਹੋਗੇ ਤਾਂ ਤੁਸੀਂ ਨਿਰਾਸ਼ ਹੋਵੋਗੇ।"
ਜਿੱਦਾਂ 'ਹਰ ਮਰਦ ਦੀ ਤਰੱਕੀ ਪਿੱਛੇ ਇਕ ਔਰਤ ਹੁੰਦੀ ਹੈ' ਓਦਾਂ ਹੀ 'ਹਰ ਔਰਤ ਦੀ ਤਰੱਕੀ ਪਿੱਛੇ ਇਕ ਮਰਦ ਵੀ ਹੁੰਦਾ ਹੈ।' ਕੋਈ ਵੱਡੀ ਗੱਲ ਨਹੀਂ, ਤਰੱਕੀ ਮਰਦ ਦੀ ਹੋਵੇ ਜਾਂ ਔਰਤ ਦੀ, ਦੋਹਾਂ ਵਿਚੋਂ ਇਕ ਜਣੇ ਨੇ ਤਾਂ ਪਿੱਛੇ ਹੋਣਾ ਹੀ ਹੁੰਦਾ ਹੈ। ਨਜਾਤ ਨੇ ਤਰੱਕੀ ਦੀਆਂ ਬਹੁਤੀਆਂ ਪੌੜੀਆਂ ਆਪ ਹੀ ਚੜ੍ਹੀਆਂ ਹਨ, ਪਰ ਉਸ ਦਾ ਇਹ ਰਾਹ ਰਤਾ ਕੁ ਸੌਖਾ ਕਰਨ ਵਿਚ ਉਸ ਦੇ ਪਤੀ ਬੋਰਿਸ ਵਲਾਉਦ ਦਾ ਵੀ ਕਾਫੀ ਯੋਗਦਾਨ ਰਿਹਾ ਹੈ ਕਿਉਂ ਕਿ ਉਹ ਆਪ ਵੀ 'ਸੋਸ਼ਲਿਸ਼ਟ ਪਾਰਟੀ' ਦਾ ਹੀ ਸਿਆਸਤਦਾਨ ਹੈ।
ਸਿਆਸਤ ਵਿਚ ਤੀਵੀਂ, ਫਿਰ ਸੁਨੱਖੀ ਤੀਵੀਂ ਤੇ ਉਹ ਵਾਦ-ਵਿਵਾਦਾਂ ਵਿਚ ਨਾ ਘਿਰੇ, ਇਹ ਕਿੱਦਾਂ ਹੋ ਸਕਦਾ ਹੈ। ਉਹ ਜੁਆਨ ਹੈ, ਬਣਦੀ-ਤਣਦੀ ਹੈ, ਉਸ ਕੋਲ ਅਹਿਮ ਅਹੁਦੇ ਰਹੇ ਹਨ। ਉਹ ਜੋ ਕੁੱਝ ਵੀ ਪਹਿਨਦੀ, ਉਸ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ, ਉਸ ਵਿਚ ਕਾਣ ਵੀ ਕੱਢੀ ਜਾਂਦੀ, ਉਸ ਦੀ ਛਿੱਲ ਲਾਹੁਣ ਦੇ ਹੀਲੇ ਕੀਤੇ ਜਾਂਦੇ। ਉਹ ਜਦ ਵੀ ਸਦਨ ਵਿਚ ਆਉਂਦੀ, ਉਸ ਨੂੰ ਦੇਖ ਕੇ ਸੜਨ ਵਾਲ਼ੇ, ਉਸ ਦੇ ਲਿਬਾਸ ਦੇ ਅੰਦਰ ਤਕ ਜਾ ਕੇ ਉਸ ਦੀ ਭੰਡੀ ਕਰਨੀ ਸ਼ੁਰੂ ਕਰ ਦਿੰਦੇ।
ਸਾਲ 2015 ਦੇ ਨਵੰਬਰ ਮਹੀਨੇ ਦੀ ਗੱਲ ਹੈ ਕਿ ਸੱਜੇ ਪੱਖੀ ਕਾਲਮਨਵੀਸ ਜੀਆਂ ਪਾਲ ਬ੍ਰਿਗੇਲੀ ਨੇ ਫਰਾਂਸ ਦੀ ਤਤਕਾਲੀ ਸਿੱਖਿਆ ਮੰਤਰੀ ਨਜਾਤ ਵਲਾਉਦ-ਬੈੱਲਕਾਸਿਮ ਦੇ ਸਿਰ ਇਹ ਦੋਸ਼ ਲਾਏ ਸਨ ਕਿ ਉਹ ਸੰਸਦ ਵਿਚ ਪੁੱਛੇ ਜਾਂਦੇ ਸੁਆਲਾਂ ਦੇ ਜੁਆਬ ਦੇਣ ਤੋਂ ਟਲਣ ਦਾ ਜੁਗਾੜ ਕਰਨ ਲਈ ਆਪਣੇ ਜਿਸਮਾਨੀ ਹੁਸਨ ਦਾ ਨਜਾਇਜ਼ ਫ਼ਾਇਦਾ ਉਠਾਉਂਦੀ ਹੈ। ਉਨ੍ਹਾਂ ਨੇ ਏਦਾਂ ਵੀ ਲਿਖਿਆ ਸੀ, "ਮਿੱਸ ਵਲਾਉਦ-ਬੈੱਲਕਾਸਿਮ ਦਾ ਲਿਬਾਸ ਅਤੇ ਉਨ੍ਹਾਂ ਦੀ ਆਲੂਬੁਖ਼ਾਰੇ ਰੰਗੀ ਲਿਪਸਟਿੱਕ, ਨੈਸ਼ਨਲ ਅਸੈਂਬਲੀ ਵਿਚ ਉਨ੍ਹਾਂ ਨੂੰ ਪੁੱਛੇ ਜਾਂਦੇ ਸੁਆਲਾਂ ਦੇ ਜੁਆਬ ਦੇਣ ਤੋਂ ਬਚਾਉਣ ਲਈ 'ਸਮੋਕ ਸਕਰੀਨ' ਦਾ ਕੰਮ ਕਰਦੇ ਹਨ।"
'ਲੇ ਪੋਆਇੰਟ' ਪਰਚੇ ਵਿਚ ਛਪਦੇ ਆਪਣੇ ਕਾਲਮ ਵਿਚ ਬ੍ਰਿਗੇਲੀ ਨੇ ਇਹ ਵੀ ਲਿਖਿਆ ਹੋਇਆ ਹੈ, "ਫ਼ਿਲਮ 'ਐਨੀ ਹਾਲ' ਵਿਚ ਵੂਡੀ ਐਲਨ ਨੇ 'ਕੈਲਿਫੋਰਨੀਅਨ ਆਈਡੀਆ ਆਫ ਵੀ.ਪੀ.ਐੱਲ.' ਯਾਨੀ 'ਵਿੱਜ਼ੀਬਲ ਪੈਂਟੀ ਲਾਈਨ' ਵਿਕਸਤ ਕੀਤਾ ਸੀ, ਪਰ ਨਜਾਤ ਵਲਾਉਦ-ਬੈੱਲਕਾਸਿਮ ਨੇ ਇਸ ਤੋਂ ਅੱਗੇ ਜਾਂਦਿਆਂ ਗੱਲ 'ਵਿੱਜ਼ੀਬਲ ਬਰਾ ਲਾਈਨ' ਤਕ ਪਹੁੰਚਾ ਦਿੱਤੀ ਹੈ।"
ਇਹ ਦੋਸ਼ ਲੱਗਣ ਸਾਰ ਹੀ, ਫਰਾਂਸ ਦੀ ਸੰਸਦ ਵਿਚ ਉਸ ਦੇ ਸਾਥੀ ਸੰਸਦ ਮੈਂਬਰ ਉਸ ਦੀ ਹਮਾਇਤ ਵਿਚ ਨਿੱਤਰ ਪਏ ਸਨ ਤੇ ਸਦਨ ਵਿਚ ਇਕ ਜ਼ਬਰਦਸਤ ਹੰਗਾਮਾ ਹੋਇਆ ਸੀ। ਵਿਰੋਧੀਆਂ ਨੇ ਦੋਸ਼ ਲਾਇਆ ਸੀ ਕਿ 38 ਸਾਲਾ ਨਜਾਤ ਜਾਣ-ਬੁੱਝ ਕੇ ਨੀਵੇਂ ਗਲੇ ਵਾਲ਼ੀ, ਉਹ ਮਹੀਨ ਜਿਹੀ ਕਾਲੀ ਪੋਸ਼ਾਕ ਪਾ ਕੇ ਸੰਸਦ ਅੰਦਰ ਆਉਂਦੀ ਹੈ, ਜਿਸ ਵਿਚੋਂ ਉਸ ਦੀ ਕਾਲ਼ੀ ਅੰਗੀ ਦੀਆਂ ਤਣੀਆਂ ਵੀ ਦਿਸਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਕਰ ਕੇ ਉਹ, ਉਸ ਨੂੰ ਸੁਆਲ ਪੁੱਛਣੇ ਚਾਹੁਣ ਵਾਲ਼ੇ ਸੰਸਦ ਮੈਂਬਰਾਂ ਦਾ ਧਿਆਨ ਭਟਕਾਉਂਦੀ ਰਹਿੰਦੀ ਹੈ।
ਇਸ ਤੋਂ ਪਹਿਲਾਂ ਵੀ, ਫਰਾਂਸ ਦੀ ਸਭ ਤੋਂ ਛੋਟੀ ਉਮਰ ਦੀ ਸਿੱਖਿਆ ਮੰਤਰੀ ਰਹੀ, ਇਸ ਬੀਬੀ ਨੂੰ ਵਿਰੋਧੀ ਸਿਆਸਤਦਾਨਾਂ ਦੇ ਵਿਰੋਧ ਅਤੇ ਤਾਅਨਿਆਂ-ਮਿਹਣਿਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਉਸ ਦੇ ਖ਼ਿਆਲ ਅਤੇ ਫ਼ੁਰਨੇ, ਖੱਬੇ ਪੱਖੀ ਅਧਿਆਪਕ ਯੂਨੀਅਨਾਂ ਦੇ ਆਗੂਆਂ ਨੂੰ ਸਤਾਉਂਦੇ ਰਹੇ ਹਨ। ਇਨ੍ਹਾਂ ਦੋਸ਼ਾਂ ਨੂੰ ਨਜਾਤ ਦੇ ਹਮਾਇਤੀਆਂ ਨੇ 'ਸਮੁੱਚੀ ਨਾਰੀ ਜਾਤੀ ਦਾ ਅਪਮਾਨ' ਕਰਾਰ ਦਿੱਤਾ।
ਨਜਾਤ ਵਲਾਉਦ-ਬੈੱਲਕਾਸਿਮ ਦੇ, 37 ਸਾਲਾਂ ਦੀ ਉਮਰ ਵਿਚ ਹੀ ਫਰਾਂਸ ਦੀ ਸਿੱਖਿਆ ਮੰਤਰੀ ਦੇ ਅਹੁਦੇ ਤਕ ਪਹੁੰਚਣ ਪਿੱਛੇ ਕੀ ਭੇਤ ਸੀ? ਉਹ, ਅਸਲ ਵਿਚ ਸ਼ੈਅ ਕੀ ਹੈ? ਇਨ੍ਹਾਂ ਸੁਆਲਾਂ ਦੇ ਜੁਆਬ ਲੱਭਣ ਦੇ ਸੁਚੇਤ ਹੀਲੇ ਵੀ ਕੀਤੇ ਗਏ। ਉਸ ਦੇ ਦੋਖੀ, ਉਸ ਨੂੰ 'ਟਰਮੀਨੇਟਰ ਆਫ ਚਾਰਮ' ਯਾਨੀ 'ਲੋਹੜੇ ਦਾ ਟੂਣੇਹਾਰ ਹੁਸਨ' ਤੇ 'ਕੋਹ-ਕਾਫ਼ ਦੀ ਪਰੀ' ਕਹਿ-ਕਹਿ ਚਸਕੇ ਲੈਂਦੇ ਰਹਿੰਦੇ ਹਨ।
ਮੁਲਕ ਭਾਵੇਂ ਯੂਰਪ ਦਾ ਹੋਵੇ, ਭਾਵੇਂ ਏਸ਼ੀਆ ਦਾ। ਮਰਦ ਭਾਵੇਂ ਭਾਰਤ ਦੇ ਹੋਣ, ਭਾਵੇਂ ਫਰਾਂਸ ਦੇ। ਸੁਨੱਖੀ ਸੂਰਤ ਵਾਲ਼ੀਆਂ ਔਰਤਾਂ ਨੂੰ ਸਿਆਣੀਆਂ-ਬਿਆਣੀਆਂ ਵਾਂਗ ਪੇਸ਼ ਆਉਂਦੀਆਂ ਬਰਦਾਸ਼ਤ ਨਹੀਂ ਕਰ ਸਕਦੇ। ਇਹੋ ਜਿਹੀਆਂ ਔਰਤਾਂ ਵਿਚ ਲੱਖ ਗੁਣ ਹੋਣ, ਕਾਣੀ ਨਜ਼ਰ ਵਾਲ਼ੇ ਇਹ ਮਰਦ ਉਨ੍ਹਾਂ ਗੁਣਾਂ ਨੂੰ ਐਬ ਸਾਬਤ ਕਰਨ ਦੇ ਸਿਰਤੋੜ ਹੀਲੇ ਤਾਂ ਕਰਦੇ ਰਹਿਣਗੇ, ਪਰ ਅਜਿਹਾ ਕਰਦਿਆਂ ਉਨ੍ਹਾਂ ਨੂੰ ਇਹ ਚੇਤਾ ਪਤਾ ਨਹੀਂ ਕਿਉਂ ਨਹੀਂ ਰਹਿੰਦਾ ਕਿ ਉਹ ਆਪ ਵੀ ਕਿਸੇ ਔਰਤ ਦੇ ਜਣੇ ਹੋਏ ਹਨ ਅਤੇ ਉਨ੍ਹਾਂ ਆਪ ਵੀ ਕਈ ਧੀਆਂ ਨੂੰ ਜਨਮ ਦਿੱਤਾ ਹੋਇਆ ਹੈ। ਮਰਦ ਦੀ ਅੱਖ ਦੇ ਇਸ ਕਾਣ ਦਾ ਇਲਾਜ ਕਦੋਂ ਲੱਭੇਗਾ, ਕੌਣ ਲੱਭੇਗਾ?#

