ਸ਼ਬਦੰਗਲ-56


56 ਜੇਤੂਆਂ ਵੱਲੋਂ 65ਵੇਂ ਕੌਮੀ ਫ਼ਿਲਮ ਇਨਾਮ ਸਮਾਗਮ ਦਾ ਬਾਈਕਾਟ
*********************************************************
ਫ਼ਿਲਮੀ ਹਸਤੀਆਂ ਨੂੰ ਸਨਮਾਨਣ ਦੀ ਥਾਂ ਅਪਮਾਨਣ ਦੀ ਵਜ੍ਹਾ ਕੀ ਸੀ ਆਖ਼ਰ?
>>>>>>>>>>>>>>>>>>>>>>>>>>>>>>>>>>>>>
ਸੂਚਨਾ ਤੇ ਪ੍ਰਸਾਰਣ ਮੰਤਰਾਲਾ ਖੋਹ ਕੇ ਸਿਮ੍ਰਤੀ ਨੂੰ ਟੈਕਸਾਈਲ ਮੰਤਰਾਲਾ ਦਿੱਤਾ
<<<<<<<<<<<<<<<<<<<<<<<<<<<<<<<<<<<<
ਭਾਰਤ ਵਿਚ ਸਿਆਸੀ ਹਾਲਤ ਇਸ ਹੱਦ ਤਕ ਨਿੱਘਰ ਗਏ ਹਨ ਕਿ ਉਨ੍ਹਾਂ ਦਾ ਅਸਰ ਹਰ ਖੇਤਰ ਉੱਤੇ ਪਿਆ ਨਜ਼ਰ ਆ ਰਿਹਾ ਹੈ। ਮਈ ਦੇ ਪਹਿਲੇ ਹਫ਼ਤੇ ਦੌਰਾਨ ਪਿਛਲੇ ਸਾਲ (2017) ਦਾ ਕੌਮੀ ਫ਼ਿਲਮ ਇਨਾਮ ਵੰਡ ਸਮਾਗਮ ਵੀ ਇਨ੍ਹਾਂ ਸਿਆਸੀ ਹਾਲਾਤ ਦਾ ਅਕਸ ਬਣ ਕੇ ਸਾਹਮਣੇ ਆਇਆ ਹੈ। ਇਸ 65ਵੇਂ ਸਾਲਾਨਾ ਕੌਮੀ ਫ਼ਿਲਮ ਇਨਾਮ ਵੰਡ ਸਮਾਗਮ ਦਾ, 56 ਇਨਾਮ ਜੇਤੂ ਹਸਤੀਆਂ ਨੇ ਬਾਈਕਾਟ ਕੀਤਾ। ਇਹ ਬਾਈਕਾਟ ਕਰਨ ਦੀ ਵਜ੍ਹਾ ਇਹ ਇਨਾਮ ਦੇਣ ਲਈ ਹਸਤੀਆਂ ਚੁਣੇ ਜਾਣ ਦੇ ਅਮਲ ਵਿਚ 'ਪੱਖਪਾਤ' ਕਰਨਾ ਦੱਸੀ ਜਾ ਰਹੀ ਹੈ। ਹੋਰ ਤਾਂ ਹੋਰ, ਇਸ ਵਾਰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਸਾਰੀਆਂ ਇਨਾਮੀ ਹਸਤੀਆਂ ਨੂੰ ਆਪਣੇ ਹੱਥੀਂ ਇਨਾਮ ਨਹੀਂ ਦਿੱਤੇ। ਉਨ੍ਹਾਂ ਨੇ 137 ਇਨਾਮਾਂ ਵਿਚੋਂ ਸਿਰਫ਼ 11 ਇਨਾਮ ਆਪਣੇ ਹੱਥੀਂ ਦਿੱਤੇ ਜਦੋਂ ਕਿ ਬਾਕੀ ਇਨਾਮ ਸੂਚਨਾ ਅਤੇ ਪ੍ਰਸਾਰਣ ਮੰਤਰੀ ਸਿਮ੍ਰਤੀ ਇਰਾਨੀ ਅਤੇ ਰਾਜ ਮੰਤਰੀ ਰਾਜਯਵਰਧਨ ਰਾਠੌਰ ਦੇ ਹੱਥੋਂ ਦੁਆਏ ਗਏ। 
ਫ਼ਿਲਮੀ ਹਸਤੀਆਂ ਨੂੰ ਇਹ ਅਦਲਾ-ਬਦਲੀ ਕਰਨ ਦੇ ਸਬੰਧ ਵਿਚ, 2 ਮਈ ਨੂੰ ਇਸ ਸਮਾਗਮ ਦੇ ਅੰਤਮ ਅਭਿਆਸ ਦੌਰਾਨ ਹੀ ਦੱਸਿਆ ਗਿਆ। ਇਸ ਅਦਲਾ-ਬਦਲੀ ਬਾਰੇ ਪਤਾ ਲੱਗਣ 'ਤੇ ਭੜਕੀਆਂ ਹੋਈਆਂ ਫ਼ਿਲਮੀ ਹਸਤੀਆਂ ਨੂੰ ਸ਼ਾਂਤ ਕਰਨ ਦੇ ਹੀਲੇ ਕਰਨ ਵਿਚ ਸ੍ਰੀਮਤੀ ਇਰਾਨੀ ਨੂੰ ਪੂਰਾ ਪੌਣਾ ਘੰਟਾ ਲੱਗ ਗਿਆ। ਉਹ ਵਾਰ-ਵਾਰ ਇਹ ਕਹਿੰਦੇ ਸੁਣਾਈ ਦਿੱਤੇ ਕਿ ਇਸ ਵਾਰ 'ਇਹ ਨਵਾਂ ਪ੍ਰੋਟੋਕੋਲ' ਰਾਸ਼ਟਰਪਤੀ ਸ਼੍ਰੀ ਕੋਵਿੰਦ ਨੇ ਹੀ ਸਥਾਪਤ ਕੀਤਾ ਹੈ। ਦੂਜੇ ਪਾਸੇ ਰਾਸ਼ਟਰਪਤੀ ਭਵਨ ਵੱਲੋਂ ਇਹ ਕਿਹਾ ਗਿਆ ਹੈ ਕਿ ਮੰਤਰੀਆਂ ਅਤੇ ਵਿਭਾਗਾਂ ਨੂੰ ਦੱਸਿਆ ਜਾ ਚੁੱਕਾ ਸੀ ਕਿ ਰਾਸ਼ਟਰਪਤੀ, ਕਨਵੋਕੇਸ਼ਨਾਂ ਅਤੇ ਇਨਾਮ ਵੰਡ ਸਮਾਗਮਾਂ ਲਈ ਮਸਾਂ ਇਕ ਘੰਟੇ ਦਾ ਸਮਾਂ ਹੀ ਦੇ ਸਕਿਆ ਕਰਨਗੇ। ਇਹੋ ਗੱਲ ਤਕਰੀਬਨ ਤਿੰਨ ਹਫ਼ਤੇ ਪਹਿਲਾਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਵੀ ਦੱਸ ਦਿੱਤੀ ਗਈ ਸੀ। 
ਆਪਣੇ ਕਲਾਤਮਕ ਜੌਹਰਾਂ ਨਾਲ਼ ਦੇਸ਼ ਦੇ ਨਾਂ ਨੂੰ ਚਾਰ ਚੰਨ ਲਾਉਣ ਵਾਲੀਆਂ ਫ਼ਿਲਮੀ ਹਸਤੀਆਂ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਕਿ ਉਨ੍ਹਾਂ ਦੇ ਹੀਲਿਆਂ ਦਾ ਮੁੱਲ ਪਾਉਣ ਲਈ ਦੇਸ਼ ਦੇ ਰਾਸ਼ਟਰਪਤੀ ਕੋਲ ਸਮਾਂ ਹੀ ਨਹੀਂ ਹੈ। ਇਸ ਗੱਲੋਂ ਖਿਝ ਕੇ ਉਨ੍ਹਾਂ ਨੇ ਫ਼ਿਲਮ ਮੇਲਿਆਂ ਦੇ ਡਾਇਰੈਕਟੋਰੇਟ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ 65 ਸਾਲਾਂ ਤੋਂ ਚਲੀ ਆ ਰਹੀ ਇਕ ਰਵਾਇਤ ਇਕ ਦਮ ਰੱਦ ਕੀਤੀ ਜਾਣੀ, ਇਕ ਤਰ੍ਹਾਂ ਨਾਲ਼ ਇਕ 'ਵਿਸਾਹਘਾਤ' ਹੀ ਹੈ। ਇਸ ਚਿੱਠੀ ਵਿਚ ਇਹ ਵੀ ਲਿਖਿਆ ਹੋਇਆ ਹੈ, "ਇਹ ਗੱਲ, ਇਕ ਤਰ੍ਹਾਂ ਵਿਸਾਹਘਾਤ ਕਰਨ ਵਰਗੀ ਹੀ ਲੱਗਦੀ ਹੈ ਕਿ ਸਿਰੇ ਤਕ ਦੇ ਪ੍ਰਟੋਕੋਲ ਦੀ ਪਾਲਣਾ ਕਰਨ ਵਾਲ਼ਾ ਇਕ ਅਦਾਰਾ, ਪਹਿਲਾਂ ਕੋਈ ਨੋਟਿਸ ਦਿੱਤੇ ਬਗ਼ੈਰ, ਇਹ ਅਹਿਮ ਅਦਲਾ-ਬਦਲੀ ਦੀ ਕਰਨ ਦੀ ਜਾਣਕਾਰੀ ਦੇਣ ਵਿਚ ਨਾਕਾਮ ਰਿਹਾ ਹੈ।" 
ਸਨਮਾਨੇ ਜਾਣ ਤੋਂ ਪਹਿਲਾਂ ਹੀ ਅਪਮਾਨੇ ਗਏ ਫ਼ਿਲਮਸਾਜ਼ਾਂ ਨੇ ਇਹ ਸੁਆਲ ਵੀ ਉਠਾਇਆ ਹੈ ਕਿ ਰਾਸ਼ਟਰਪਤੀ ਹੱਥੋਂ ਸਨਮਾਨ ਹਾਸਲ ਕਰਨ ਲਈ 11 ਹਸਤੀਆਂ ਛਾਂਟਣ ਦਾ ਆਧਾਰ ਕੀ ਹੈ! ਇੱਥੇ ਦੱਸਣ ਯੋਗ ਹੈ ਕਿ ਸਰਬੋਤਮ ਮਰਦ ਪਿਛੋਕੜ ਗਾਇਕ ਕੇ. ਜੇ. ਯੁਸੂਦਾਸ ਨੂੰ ਇਹ ਮਾਣ-ਤਾਣ ਰਾਸ਼ਟਰਪਤੀ ਹੱਥੋਂ ਦੁਆਇਆ ਗਿਆ ਹੈ ਤਾਂ ਉਸੇ ਹੀ ਸ਼੍ਰੇਣੀ ਵਿਚ ਪਿਛੋਕੜ ਗਾਇਕਾ ਸ਼ਸ਼ਾ ਤਿਰੂਪਤੀ ਦਾ ਮਾਣ-ਤਾਣ ਮੰਤਰੀਆਂ ਹੱਥੋਂ ਕਰਾਇਆ ਜਾਣਾ ਕਿਸ ਤਰ੍ਹਾਂ ਜਾਇਜ਼ ਹੈ?
ਇਹ ਇਨਾਮ ਵੰਡ ਸਮਾਗਮ ਦੋ ਪੜਾਵਾਂ ਵਿਚ ਕਰਾਇਆ ਗਿਆ। ਪਹਿਲੇ ਪੜਾਅ ਵਿਚ ਸ਼੍ਰੀਮਤੀ ਇਰਾਨੀ ਅਤੇ ਸ਼੍ਰੀ ਰਾਠੌਰ ਨੇ ਇਨਾਮ ਦਿੱਤੇ ਜਦੋਂ ਕਿ ਦੂਜੇ ਪੜਾਅ ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇਨਾਮ ਦਿੱਤੇ। ਪਹਿਲਾ ਪੜਾਅ, ਕਾਹਲ ਦੀ ਭੇਟ ਚੜ੍ਹਾ ਦਿੱਤਾ ਗਿਆ ਕਿਉਂ ਕਿ ਇਸ ਦੌਰਾਨ ਕੋਈ ਸੁਆਗਤੀ ਤਕਰੀਰ ਨਹੀਂ ਹੋਈ ਅਤੇ 30 ਤੋਂ ਵੱਧ ਉਨ੍ਹਾਂ ਫ਼ਿਲਮੀ ਹਸਤੀਆਂ ਦੇ ਨਾਂ ਹੀ ਨਹੀਂ ਐਲਾਨੇ ਗਏ ਕਿਉਂ ਕਿ ਉਹ ਰੋਸ ਕਰਨ ਵਾਲ਼ਿਆਂ ਵਿਚ ਸ਼ਾਮਲ ਸਨ। ਇਨ੍ਹਾਂ ਵਿਚ ਮਲਿਆਲਮ ਅਦਾਕਾਰ ਫ਼ਾਹਦ ਫ਼ੈਸਿਲ, ਜਿਨ੍ਹਾਂ ਨੇ ਫ਼ਿਲਮ 'ਤੋਂਡੀਮੁਤਾਲਮ ਦ੍ਰਿਕਸਾਕਸੀਯੁਮ' ਵਿਚ ਅਦਾਕਾਰੀ ਕਰ ਕੇ 'ਸਰਬੋਤਮ ਸਹਾਇਕ ਅਦਾਕਾਰ ਪੁਰਸਕਾਰ' ਜਿੱਤਿਆ ਹੈ ਅਤੇ ਮਲਿਆਲਮ ਅਦਾਕਾਰਾ ਪਾਰਵਤੀ, ਜਿਨ੍ਹਾਂ ਦੀ ਫ਼ਿਲਮ 'ਟੇਕ ਆਫ਼' ਦਾ 'ਵਿਸ਼ੇਸ਼ ਜ਼ਿਕਰ' ਹੋਇਆ ਸੀ, ਵੀ ਸ਼ਾਮਲ ਸਨ। ਪਾਰਵਤੀ ਇਸ ਸਮਾਗਮ ਦਾ ਬਾਈਕਾਟ ਕਰਨ ਵਾਲ਼ਿਆਂ ਵਿਚ ਸ਼ਾਮਲ ਸੀ।
ਵਿਗਿਆਨ ਭਵਨ ਵਿਚ ਹਾਜ਼ਰ ਕੁੱਝ ਇਨਾਮੀ ਫ਼ਿਲਮੀ ਹਸਤੀਆਂ ਦਾ ਕਹਿਣ ਸੀ ਕਿ ਇਨਾਮ ਦੇਣ ਵਾਲ਼ਾ ਬਦਲਣ ਨਾਲ਼ ਇਨਾਮ ਦੀ ਅਹਿਮੀਅਤ ਨਹੀਂ ਘਟਦੀ। ਸਰਬੋਤਮ ਅਦਾਕਾਰ ਵਜੋਂ ਸਨਮਾਨੇ ਗਏ ਰਿਧੀ ਸੇਨ ਦਾ ਕਹਿਣ ਹੈ, "ਰਾਸ਼ਟਰਪਤੀ ਹੱਥੋਂ ਨਾ ਮਿਲਣ ਦੀ ਵਜ੍ਹਾ ਨਾਲ਼ ਹੀ ਇਨਾਮ ਵਿਅਰਥ ਨਹੀਂ ਹੋ ਜਾਂਦੇ। ਮੈਂ ਰੋਸ ਪ੍ਰਗਟ ਕਰਨ ਵਾਲ਼ੀਆਂ ਇਨਾਮੀ ਹਸਤੀਆਂ ਦੀ ਇਸ ਦਲੀਲ ਨਾਲ਼ ਸਹਿਮਤ ਹਾਂ ਕਿ ਉਨ੍ਹਾਂ ਨੂੰ ਇਹ ਅਦਲਾ-ਬਦਲੀ ਕਰਨ ਬਾਰੇ ਖੜ੍ਹੇ-ਪੈਰ ਹੀ ਦੱਸਿਆ ਗਿਆ ਹੈ। ਪਰ ਇਹ ਗੱਲ ਯਾਦ ਰੱਖਣੀ ਬਣਦੀ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਲੋਕਾਂ ਨੇ ਕੌਮੀ ਇਨਾਮ ਜਿੱਤਣ ਵਾਲਿਆਂ ਨੂੰ ਹੀ ਯਾਦ ਰੱਖਿਆ ਹੈ ਨਾ ਕਿ ਇਨਾਮ ਦੇਣ ਵਾਲ਼ਿਆਂ ਨੂੰ।" ਸਰਬੋਤਮ ਸਹਾਇਕ ਅਦਾਕਾਰਾ ਵਜੋਂ ਸਨਮਾਨੀ ਗਈ ਦਿਵਿਆ ਦੱਤਾ ਦਾ ਕਹਿਣ ਹੈ, "ਇਹ ਕੌਮੀ ਇਨਾਮ ਹੈ, ਇਸ ਨੂੰ ਛੁਟਿਆਇਆ ਨਹੀਂ ਜਾ ਸਕਦਾ। ਮੈਨੂੰ ਤਾਂ ਇਕੋ ਹੀ ਗੱਲ ਰੜਕਦੀ ਹੈ ਕਿ ਜੇ ਇਹ ਇਨਾਮ ਕੇਂਦਰੀ ਮੰਤਰੀਆਂ ਹੱਥੋਂ ਦੁਆਏ ਜਾਣੇ ਸਨ ਤਾਂ ਕੁੱਝ ਇਨਾਮ ਜੇਤੂਆਂ ਨੂੰ ਵੱਖਰੇ ਕਿਉਂ ਕੀਤਾ ਗਿਆ? ਉਹ ਵੀ ਤਾਂ ਰਾਸ਼ਟਰੀ ਇਨਾਮ ਜੇਤੂ ਹੀ ਸਨ। ਮੈਂ ਇਹ ਵੀ ਜ਼ਰੂਰ ਕਹਾਂਗੀ ਕਿ ਸਾਨੂੰ ਇਨ੍ਹਾਂ ਇਨਾਮਾਂ ਨੂੰ ਛੁਟਿਆਉਣਾ ਨਹੀਂ ਬਣਦਾ ਕਿਉਂ ਕਿ ਆਖ਼ਰ ਨੂੰ ਇਹ ਰਾਸ਼ਟਰੀ ਇਨਾਮ ਹਨ।"
ਬਹੁਤ ਸਾਰੇ ਹੋਰ ਇਨਾਮੀ ਲੋਕ, ਇਸ ਗੱਲ ਨਾਲ਼ ਸਹਿਮਤ ਨਹੀਂ ਸਨ। ਅਸਾਮੀ ਫ਼ਿਲਮ ਨਿਰਦੇਸ਼ਕ ਉਤਪਲ ਬੋਰਪੁਜਾਰੀ, ਜਿਨ੍ਹਾਂ ਦੀ ਫ਼ਿਲਮ 'ਈਸ਼ੂ' ਨੂੰ ਸਭ ਤੋਂ ਵਧੀਆ ਅਸਾਮੀ ਫ਼ਿਲਮ ਮੰਨਿਆ ਗਿਆ ਹੈ, ਨੇ ਕਿਹਾ ਹੈ ਕਿ ਇਨ੍ਹਾਂ ਇਨਾਮਾਂ-ਸਨਮਾਨਾਂ ਦੀ ਕਦਰ ਇਸ ਗੱਲ ਵਿਚ ਹੀ ਹੈ ਕਿ ਇਹ ਮਾਣ-ਸਨਮਾਨ, ਭਾਰਤ ਦੇ ਅੱਵਲ ਸ਼ਹਿਰੀ (ਰਾਸ਼ਟਰਪਤੀ) ਦੇ ਹੱਥੋਂ ਦੁਆਏ ਜਾਣ ਕਿਉਂ ਕਿ ਇਸ ਸ਼ਖ਼ਸੀਅਤ ਨੂੰ ਸਿਆਸਤ ਤੋਂ ਉੱਪਰ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ, "ਜਿਹੜਾ ਸੱਦਾ ਪੱਤਰ ਸਾਨੂੰ ਮਿਲਿਆ ਹੈ, ਉਸ ਵਿਚ ਅਤੇ ਅੱਜ ਦੇ ਅਖ਼ਬਾਰਾਂ ਵਿਚ ਜਿਹੜੇ ਇਸ਼ਤਿਹਾਰ ਛਪੇ ਹਨ, ਉਨ੍ਹਾਂ ਵਿਚ ਇਹੋ ਲਿਖਿਆ ਹੋਇਆ ਹੈ ਕਿ ਇਹ ਇਨਾਮ, ਰਾਸ਼ਟਰਪਤੀ ਦੇ ਹੱਥੀਂ ਦਿੱਤੇ ਜਾਣਗੇ। 65 ਸਾਲਾਂ ਦੌਰਾਨ ਇਕੋ ਵਾਰ ਹੀ ਇਸ ਤਰ੍ਹਾਂ ਹੋਇਆ ਹੈ ਕਿ ਇਹ ਇਨਾਮ ਰਾਸ਼ਟਰਪਤੀ ਹੱਥੋਂ ਨਹੀਂ ਦੁਆਏ ਗਏ ਸਨ ਤੇ ਇਸ ਦੀ ਵਜ੍ਹਾ ਇਹ ਸੀ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੀ ਤਬੀਅਤ ਠੀਕ ਨਹੀਂ ਸੀ। ਉਸ ਵੇਲ਼ੇ ਵੀ ਇਨਾਮ ਦੇਣ ਲਈ, ਕੋਈ ਮੰਤਰੀ ਨਹੀਂ, ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਆਏ ਸਨ।"
ਇਕ ਹੋਰ ਸੂਚਨਾ ਮੁਤਾਬਕ, 68 ਇਨਾਮ ਜੇਤੂ ਸ਼ਖ਼ਸੀਅਤਾਂ ਨੇ ਇਸ ਸਮਾਗਮ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਜਦੋਂ ਕਿ 60 ਇਨਾਮ ਜੇਤੂਆਂ ਨੇ ਆਪਣਾ ਰੋਸ ਜ਼ਾਹਰ ਕਰਨ ਲਈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਇਸ ਤਰ੍ਹਾਂ ਲਿਖਿਆ ਹੋਇਆ ਹੈ, "ਸਨਮਾਨਯੋਗ ਸ਼੍ਰੀਮਾਨ ਜੀ, ਅਸੀਂ ਆਪਣੇ ਦੇਸ਼ ਦੇ ਕਈ ਸੂਬਿਆਂ ਦੇ ਫ਼ਿਲਮਸਾਜ਼ਾਂ ਅਤੇ ਕਲਕਾਰਾਂ ਵਜੋਂ ਸਮੂਹਕ ਰੂਪ ਵਿਚ ਇਹ ਚਿੱਠੀ ਲਿਖ ਰਹੇ ਹਾਂ। ਸਾਨੂੰ 65ਵੇਂ ਰਾਸ਼ਟਰੀ ਫ਼ਿਲਮ ਇਨਾਮ ਵੰਡ ਸਮਾਗਮ ਵਿਚ, ਸਾਡੇ ਕੰਮ ਦੀ ਕਦਰ ਤੇ ਹੌਸਲਾ ਅਫ਼ਜ਼ਾਈ ਦੇ ਪ੍ਰਤੀਕ ਵਜੋਂ ਇਹ ਇਨਾਮ ਦਿੱਤੇ ਜਾਣੇ ਹਨ। ਸਾਨੂੰ ਇਸ ਸ਼ਾਨਾਂਮੱਤੇ ਸਮਾਗਮ ਵਿਚ ਸ਼ਿਰਕਤ ਕਰਨ ਲਈ, ਉਹ ਚਿੱਠੀ ਲਿਖ ਕੇ ਸੱਦਿਆ ਗਿਆ ਹੈ, ਜਿਸ ਵਿਚ ਇਹ ਲਿਖਿਆ ਹੋਇਆ ਹੈ ਕਿ ਇਨਾਮਾਂ ਦੀ ਵੰਡ ਭਾਰਤ ਦੇ ਸਤਿਕਾਰਯੋਗ ਰਾਸ਼ਟਰਪਤੀ ਆਪਣੇ ਹੱਥੀਂ ਕਰਨਗੇ। ਅਸੀਂ ਬੜੇ ਚਾਅ ਅਤੇ ਖ਼ੁਸ਼ੀ ਨਾਲ਼, ਆਪਣੇ ਪਰਿਵਾਰਾਂ ਅਤੇ ਦੋਸਤਾਂ ਸਮੇਤ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਮੌਕਾ ਉਡੀਕ ਰਹੇ ਸਾਂ ਕਿ ਇਹ ਸਮਾਗਮ ਹੋਣ ਤੋਂ ਇਕ ਦਿਨ ਪਹਿਲਾਂ ਸਾਨੂੰ ਸ਼੍ਰੀ ਚੇਤੰਨਯਾ ਪ੍ਰਸਾਦ ਹੁਰਾਂ ਤੋਂ ਪਤਾ ਲੱਗਿਆ ਕਿ ਵੱਡੀ ਗਿਣਤੀ ਵਿਚ ਇਨਾਮ, ਮਾਨਯੋਗ ਰਾਸ਼ਟਰਪਤੀ ਜੀ ਹੱਥੋਂ ਨਹੀਂ ਦੁਆਏ ਜਾ ਰਹੇ। ਸਾਨੂੰ ਮਹਿਸੂਸ ਹੁੰਦਾ ਹੈ ਕਿ ਇਹ ਫ਼ੈਸਲਾ ਕਰ ਕੇ ਸਾਡੇ ਨਾਲ਼ ਵਿਸਾਹਘਾਤ ਕੀਤਾ ਗਿਆ ਹੈ ਕਿਉਂ ਕਿ ਸਾਨੂੰ ਇਸ ਫੈਸਲੇ ਦੇ ਸਬੰਧ ਵਿਚ ਹਨ੍ਹੇਰੇ ਵਿਚ ਰੱਖਿਆ ਗਿਆ ਹੈ। ਇਉਂ ਲੱਗਦਾ ਹੈ ਕਿ 65 ਸਾਲਾਂ ਤੋਂ ਨਿਭਾਈ ਜਾ ਰਹੀ ਸ਼ਾਨਦਾਰ ਰਵਾਇਤ, ਅਫ਼ਰਾ-ਤਫ਼ਰੀ ਜਿਹੀ ਵਿਚ ਅਚਾਨਕ ਹੀ ਵਗਾਹ ਕੇ ਔਹ ਮਾਰੀ ਗਈ ਹੈ। ਅਸੀਂ, ਫ਼ਿਲਮਸਾਜ਼ ਅਤੇ ਕਲਾਕਾਰ ਆਪਣੇ ਕੰਮ ਵਿਚ ਜਾਨ ਫੂਕਣ ਲਈ ਆਪਣੀ ਜਾਨ ਵਾਰਨ ਤਕ ਜਾਂਦੇ ਹਾਂ ਕਿਉਂ ਕਿ ਸਾਡੇ ਕੰਮ ਵਿਚ ਪ੍ਰਸ਼ੰਸਾ ਹਾਸਲ ਕਰਨੀ ਕੋਈ ਸੌਖਾ ਕੰਮ ਨਹੀਂ ਹੈ। ਅਸੀਂ ਇਹ ਜਾਣ ਕੇ ਬਹੁਤ ਹੀ ਬੇਦਿਲ ਜਿਹੇ ਹੋ ਗਏ ਹਾਂ ਕਿ ਅਸੀਂ ਆਪਣੀ ਜ਼ਿੰਦਗ਼ੀ ਵਿਚ ਮਸਾਂ ਇਕ ਵਾਰ ਇਹ ਪ੍ਰਸ਼ੰਸਾ ਹਾਸਲ ਕਰਨ ਦੇ ਉਸ ਮਾਣਮੱਤੇ ਤੇ ਸ਼ਾਨਾਂਮੱਤੇ ਮੌਕੇ ਤੋਂ ਵਾਝੇ ਰਹਿ ਗਏ ਹਾਂ, ਜਿਸ ਵਿਚ ਸਾਨੂੰ ਇਹ ਰਾਸ਼ਟਰੀ ਫ਼ਿਲਮ ਇਨਾਮ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਹੋਰ ਇਨਾਮ ਵੰਡ ਸਮਾਗਮਾਂ ਤੋਂ ਉਲਟ, ਰਾਸ਼ਟਰੀ ਇਨਾਮ ਵੰਡ ਸਮਾਗਮ ਬਹੁਤ ਹੀ ਨਿਰਪੱਖ ਅਤੇ ਸਭ ਤੋਂ ਸਿਖ਼ਰਲਾ ਸਮਝਿਆ ਜਾਂਦਾ ਰਿਹਾ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਇਨਾਮਾਂ ਦੀ ਸ਼ਾਨ ਅਤੇ ਮਹਿਮਾ ਬਰਕਰਾਰ ਰੱਖੀ ਜਾਵੇ ਤੇ ਇਸ ਸਮਾਗਮ ਨੂੰ ਕਿਸੇ ਕਿਸਮ ਦੀ ਚੌਧਰ ਦਾ ਅਖਾੜਾ ਨਾ ਬਣਨ ਦਿੱਤਾ ਜਾਵੇ। ਸਾਨੂੰ ਇਹ ਜਾਣ ਕੇ ਘੋਰ ਨਿਰਾਸ਼ਾ ਹੋਈ ਹੈ ਕਿ ਆਦਰਯੋਗ ਰਾਸ਼ਟਰਪਤੀ ਜੀ ਸਿਰਫ਼ 11ਸ਼ਖ਼ਸੀਅਤਾਂ ਨੂੰ ਆਪਣੇ ਹੱਥੀਂ ਸਨਮਾਣਗੇ ਅਤੇ ਸਾਡੇ ਵਿਚੋਂ ਬਾਕੀ ਦੇ ਤਕਰੀਬਨ 120 ਜਣੇ ਇਸ ਮੌਕੇ ਲਈ ਤਰਸਦੇ ਹੀ ਰਹਿ ਜਾਣਗੇ। ਅਸੀਂ ਤੁਹਾਡੇ ਧਿਆਨ ਵਿਚ ਲਿਆਉਣਾ ਚਾਹਾਂਗੇ ਕਿ ਅਸੀਂ ਕੱਲ੍ਹ ਸ਼ਾਮ ਤੋਂ ਹੀ ਮਾਨਯੋਗ ਸੂਚਨਾ ਅਤੇ ਪ੍ਰਸਾਰਣ ਮੰਤਰੀ ਨਾਲ਼ ਇਸ ਬਾਰੇ ਚਰਚਾ ਕਰਦੇ ਰਹੇ ਹਾਂ ਤੇ ਉਨ੍ਹਾਂ ਨੇ ਸਾਡੇ ਨਾਲ਼ ਵਾਅਦਾ ਕੀਤਾ ਹੋਇਆ ਹੈ ਕਿ ਸਾਨੂੰ ਇਸ ਸਬੰਧ ਵਿਚ ਜੁਆਬ ਮਿਲੇਗਾ, ਪਰ ਸਾਨੂੰ ਕਿਸੇ ਨੇ ਕੁੱਝ ਨਹੀਂ ਦੱਸਿਆ। ਸਾਡੇ ਕੋਲ ਆਪਣੀ ਨਿਰਾਸ਼ਾ ਜ਼ਾਹਰ ਕਰਨ ਅਤੇ ਤੁਹਾਡੇ ਤਕ ਪਹੁੰਚ ਕਰਨ ਤੋਂ ਬਗ਼ੈਰ ਕੋਈ ਚਾਰਾ ਨਹੀਂ ਰਿਹਾ। ਅਸੀਂ ਆਪਣੇ ਕੰਮ ਦੀ ਸ਼ਲਾਘਾ ਕੀਤੇ ਜਾਣ ਦੀ ਥਾਂ, ਨਿਰਾਸ਼ਾ ਵੱਲ ਧੱਕੇ ਹੋਏ ਮਹਿਸੂਸ ਕਰਦੇ ਹਾਂ। ਆਪਣੀ ਫ਼ਰਿਆਦ ਅਣਸੁਣੀ ਕੀਤੀ ਜਾਣ 'ਤੇ ਸਾਡੇ ਕੋਲ, ਇਸ ਸਮਾਗਮ ਵਿਚ ਸ਼ਿਰਕਤ ਨਾ ਕਰਨ ਤੋਂ ਬਗ਼ੈਰ ਕੋਈ ਰਾਹ ਨਹੀਂ ਰਹਿ ਗਿਆ। ਸਾਡਾ, ਇਸ ਸਮਾਗਮ ਦਾ ਬਾਈਕਾਟ ਕਰਨ ਦਾ ਇਰਾਦਾ ਨਹੀਂ ਹੈ, ਪਰ ਆਪਣਾ ਰੋਸ ਪ੍ਰਗਟ ਕਰਨ ਲਈ ਅਸੀਂ ਇਸ ਸਮਾਗਮ ਵਿਚ ਸ਼ਾਮਲ ਨਹੀਂ ਹੋ ਰਹੇ ਅਤੇ ਜਾਇਜ਼ ਢੰਗ ਨਾਲ਼ ਇਸ ਮਸਲੇ ਦਾ ਹੱਲ ਕੀਤੇ ਜਾਣ ਦੀ ਉਡੀਕ ਵਿਚ ਹਾਂ।"
ਰਾਸ਼ਟਰਪਤੀ ਨੂੰ ਰਾਸ਼ਟਰੀ ਇਨਾਮਾਂ ਅਤੇ ਕਿਸੇ ਕਾਲਜ ਦੇ ਸਾਲਾਨਾ ਸਮਾਗਮ ਵਿਚ ਵੰਡੇ ਜਾਣ ਵਾਲ਼ੇ ਇਨਾਮਾਂ ਵਿਚ ਫ਼ਰਕ ਮਹਿਸੂਸ ਕਰਨਾ ਬਣਦਾ ਹੈ। ਜੇ ਰਾਸ਼ਟਰੀ ਇਨਾਮ ਦਿੱਤੇ ਜਾਣ ਲਈ ਵੀ ਰਾਸ਼ਟਰਪਤੀ ਕੋਲ ਬਣਦਾ ਸਮਾਂ ਨਹੀਂ ਹੈ ਤਾਂ ਰਾਸ਼ਟਰਪਤੀ ਨੇ ਹੋਰ ਕਰਨਾ ਵੀ ਕੀ ਹੈ। ਅਸਲ ਵਿਚ, ਰਾਸ਼ਟਰਪਤੀ ਵੱਲੋਂ ਦਿੱਤੇ ਗਏ 11 ਇਨਾਮ ਦੇਣ ਵੇਲ਼ੇ ਵੀ ਸੂਚਨਾ ਤੇ ਪ੍ਰਸਾਰਣ ਮੰਤਰੀ ਸਿਮ੍ਰਤੀ ਇਰਾਨੀ, ਮੰਚ ਉੱਤੇ ਮੌਜੂਦ ਹੀ ਸਨ। ਉਹ, ਇਹ 11 ਇਨਾਮ ਵੀ ਆਪਣੇ ਹੱਥੀਂ ਦੇ ਦਿੰਦੇ ਤਾਂ ਕਾਣੀ ਵੰਡ ਤਾਂ ਨਾ ਹੁੰਦੀ।
ਅਸਲ ਗੱਲ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਹੇਤੀ ਸਿਮ੍ਰਤੀ ਇਰਾਨੀ, ਜਿਸ ਦੀ ਵਿਦਿਅਕ ਯੋਗਤਾ ਦਾ ਹੀ ਕੋਈ ਭੇਤ ਲਾਉਂਦਿਆਂ ਸਰਕਾਰ ਦੀ ਮਿਆਦ ਪੁੱਗ ਚੱਲੀ ਹੈ, ਦਾ ਟੌਹਰ ਬਣਾਉਣ ਲਈ ਹੀ ਰਾਸ਼ਟਰਪਤੀ ਨੂੰ ਵੀ ਖੁੱਡੇ-ਲਾਈਨ ਲਾਇਆ ਗਿਆ ਹੈ। ਜਿਨ੍ਹਾਂ ਲੋਕਾਂ ਦੇ ਨਿਰਦੇਸ਼ਨ ਹੇਠ ਸਿਮ੍ਰਤੀ ਇਰਾਨੀ ਫ਼ਿਲਮਾਂ ਅਤੇ ਟੀਵੀ ਡਰਾਮਿਆਂ ਵਿਚ ਕੰਮ ਕਰਦੀ ਰਹੀ ਹੈ, ਉਹ ਫ਼ਿਲਮ ਨਿਰਦੇਸ਼ਕ, ਉਸੇ ਸਿਮ੍ਰਤੀ ਇਰਾਨੀ ਤੋਂ ਕੌਮੀ ਇਨਾਮ ਹਾਸਲ ਕਰਦੇ ਕਿੰਨੀ-ਕਿੰਨੀ ਵਾਰ ਮਰੇ-ਮਰੇ ਮਹਿਸੂਸ ਕਰਦੇ ਹੋਣਗੇ?#
ਛਪਦੇ-ਛਪਦੇ:
ਇਸ ਦੌਰਾਨ ਹੀ,14 ਮਈ ਦੀ ਸ਼ਾਮ ਨੂੰ ਸਿਮ੍ਰਤੀ ਇਰਾਨੀ ਤੋਂ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਖੋਹ ਕੇ ਉਨ੍ਹਾਂ ਨੂੰ ਟੈਕਸਟਾਈਲਜ਼ ਮੰਤਰੀ ਬਣਾ ਦਿੱਤਾ ਗਿਆ ਹੈ। ਉਨ੍ਹਾਂ ਦੇ ਡਿਪਟੀ ਮੰਤਰੀ ਰਾਜਯਵਰਧਨ ਰਾਠੌਰ ਨੂੰ ਸੂਚਨਾ ਤੇ ਪ੍ਰਸਾਰਣ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਿਮ੍ਰਤੀ, ਫ਼ਿਲਮੀ ਹਸਤੀਆਂ ਨਾਲ਼ ਕਾਨਜ਼ ਫ਼ਿਲਮ ਮੇਲਾ ਦੇਖਣ ਜਾਣ ਦੀਆਂ ਤਿਆਰੀਆਂ ਕਰ ਰਹੀ ਸੀ ਕਿ ਉਸ ਨੂੰ ਮੇਲੇ ਜਾਣ ਤੋਂ ਮਨ੍ਹਾ ਕਰ ਕਰ ਕੇ ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਸੁਨੇਹਾ ਦੇ ਦਿੱਤਾ ਕਿ ਉਸ ਦੀ ਲੋੜ ਕਰਨਾਟਕ ਜਾਣ ਵਿਚ ਹੈ।}{