ਸ਼ਬਦੰਗਲ-57

ਜਹਾਨ ਦਾ ਸਭ ਤੋਂ ਗੰਦਾ ਮੁਲਕ ਭਾਰਤ
<<<<<<<<>>>>>>>>>>
ਲੇਖ ਦਾ ਸਿਰਲੇਖ ਪੜ੍ਹ ਕੇ ਹੀ ਸ਼ਾਇਦ ਮੈਨੂੰ ਵੀ ਆਪਣਾ ਮੁਲਕ ਛੱਡ ਕੇ ਕਿਸੇ ਹੋਰ ਥਾਂ ਚਲੇ ਜਾਣ ਦਾ ਹੁਕਮ ਦੇ ਦਿੱਤਾ ਜਾਵੇ ਕਿਉਂ ਕਿ ਭਾਰਤ ਵਿਚ ਸੱਚ ਬੋਲਣਾ ਜਾਂ ਲਿਖਣਾ ਉੱਥੋਂ ਦੇ ਹੁਕਮਰਾਨਾਂ ਦੇ ਨਹੀਂ, ਸਗੋਂ ਦੇਸ਼ ਦੇ ਖ਼ਿਲਾਫ਼ ਬੋਲਣਾ ਜਾਂ ਲਿਖਣਾ ਸਮਝਿਆ ਜਾਂਦਾ ਹੈ ਜਦੋਂ ਕਿ ਸਰਕਾਰ ਜਾਂ ਸਿਆਸੀ ਲੀਡਰ ਕਿਸੇ ਤਰ੍ਹਾਂ ਵੀ ਦੇਸ਼ ਨਹੀਂ ਹੁੰਦੇ। ਪਿਛਲੇ ਦਿਨੀਂ ਸਿਹਤ ਸਬੰਧੀ ਸੰਸਥਾ 'ਵਰਲਡ ਹੈਲਥ ਆਰਗੇਨਾਈਜ਼ੇਸ਼ਨ' ਵੱਲੋਂ ਕਰਾਏ ਗਏ ਇਕ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ 'ਸਾਡਾ ਭਾਰਤ ਮਹਾਨ', ਜਹਾਨ ਭਰ ਵਿਚੋਂ 'ਸਭ ਨਾਲੋਂ ਗੰਦਾ ਮੁਲਕ' ਹੈ।
ਹੋਵੇ ਵੀ ਕਿਉਂ ਨਾ! ਇਸ ਸਰਵੇਖਣ ਦੇ ਨਤੀਜੇ ਵਿਚ ਦੱਸਿਆ ਗਿਆ ਹੈ ਕਿ ਜਹਾਨ ਭਰ ਵਿਚੋਂ ਸਭ ਤੋਂ ਵੱਧ ਗੰਦੇ ੨੦ ਸ਼ਹਿਰਾਂ ਵਿਚੋਂ ੧੪ ਸ਼ਹਿਰ ਭਾਰਤ ਦੇ ਹਨ। ਇਨ੍ਹਾਂ ੧੪ ਸ਼ਹਿਰਾਂ ਵਿਚ ਦਿੱਲੀ ਤੇ ਵਾਰਾਨਸੀ ਵੀ ਸ਼ਾਮਲ ਹਨ। ਇਹ ਜਾਣਕਾਰੀ ਦਿੰਦਿਆਂ 'ਰੇਡੀਓ ਪਾਕਿਸਤਾਨ' ਨੇ 'ਵਰਲਡ ਹੈਲਥ ਆਰਗੇਨਾਈਜ਼ੇਸ਼ਨ' ਵੱਲੋਂ ਜਾਰੀ ਕੀਤੇ ਹੋਏ ਅੰਕੜਿਆਂ ਦਾ ਹਵਾਲਾ ਦਿੱਤਾ ਹੈ। ਇਸ ਸੰਸਥਾ ਦੀ ਰਿਪੋਰਟ ਵਿਚ ਇਹ ਵੀ ਕਿਹਾ ਹੋਇਆ ਹੈ ਕਿ ਇਸ ਜਹਾਨ ਦੇ ੧੦ ਵਿਅਕਤੀਆਂ ਵਿਚੋਂ ੯ ਵਿਅਕਤੀ, ਗੰਦੀ ਹਵਾ ਵਿਚ ਸਾਹ ਲੈਣ ਲਈ ਮਜਬੂਰ ਹਨ। ਭਾਰਤ ਦੇ ਹੋਰ ਗੰਦੇ ਸ਼ਹਿਰਾਂ ਵਿਚ ਕਾਨਪੁਰ, ਫ਼ਰੀਦਾਬਾਦ, ਗਯਾ, ਪਟਨਾ, ਆਗਰਾ, ਮੁਜ਼ੱਫ਼ਰਪੁਰ, ਸ਼੍ਰੀਨਗਰ, ਗੁੜਗਾਉਂ, ਜੈਪੁਰ, ਪਟਿਆਲਾ ਅਤੇ ਜੋਧਪੁਰ ਸ਼ਾਮਲ ਹਨ ਜਦੋਂ ਕਿ ਇਨ੍ਹਾਂ 20 ਸ਼ਹਿਰਾਂ ਵਿਚ ਕੁਵੈਤ ਦੇ ਸ਼ਹਿਰ ਅਲ ਸੁਬਹ ਅਲ-ਸਲੇਮ ਦੇ ਨਾਲ਼-ਨਾਲ਼ ਚੀਨ ਅਤੇ ਮੰਗੋਲੀਆ ਦੇ ਕੁੱਝ ਸ਼ਹਿਰ ਵੀ ਸ਼ਾਮਲ ਹਨ। ਇਹ ਅੰਕੜੇ, ਸਾਲ 2016 ਦੌਰਾਨ ਕਰਾਏ ਗਏ ਸਰਵੇਖਣ ਦੌਰਾਨ ਇਕੱਠੇ ਕੀਤੇ ਗਏ ਸਨ। ਇਨ੍ਹਾਂ ਅੰਕੜਿਆਂ ਦੇ ਆਧਾਰ 'ਤੇ ਇਨ੍ਹਾਂ ੨੦ ਬੇਹੱਦ ਗੰਦੇ ਸ਼ਹਿਰਾਂ ਵਿਚੋਂ 14 ਸ਼ਹਿਰ, ਭਾਰਤ ਦੇ ਹਨ।
'ਵਰਲਡ ਹੈਲਥ ਆਰਗੇਨਾਈਜ਼ੇਸ਼ਨ' ਯਾਨੀ 'ਡਬਲਯੂ. ਐੱਚ. ਓ.' ਯਾਨੀ 'ਵਿਸ਼ਵ ਸਿਹਤ ਸੰਗਠਨ' ਨੇ ਆਪਣੇ 'ਦੱਖਣੀ-ਪੂਰਬੀ ਏਸ਼ੀਆ ਖੇਤਰ' ਦੇ ਮੈਂਬਰ ਮੁਲਕਾਂ ਨੂੰ ਕਿਹਾ ਹੈ ਕਿ ਉਹ ਆਪਣੇ ਲੋਕਾਂ ਦੇ ਘਰਾਂ ਅੰਦਰ ਅਤੇ ਘਰਾਂ ਦੇ ਬਾਹਰ ਹਵਾ ਵਿਚ ਫੈਲੇ ਹੋਏ ਪ੍ਰਦੂਸ਼ਨ ਉੱਤੇ ਬਹੁਤ ਤੇਜ਼ੀ ਨਾਲ਼ ਕਾਬੂ ਪਾਉਣ। ਇਹ ਪ੍ਰਦੂਸ਼ਨ, ਹਰ ਸਾਲ ਹੁੰਦੀਆਂ, 70 ਲੱਖ ਅਣਿਆਈਆਂ ਮੌਤਾਂ ਵਿਚੋਂ 34 ਫੀ ਸਦੀ ਯਾਨੀ 24 ਲੱਖ ਮੌਤਾਂ ਦੀ ਵਜ੍ਹਾ ਬਣਦਾ ਹੈ। ਸਾਰੇ ਜਹਾਨ ਵਿਚ ਪ੍ਰਦੂਸ਼ਨ ਦੀ ਵਜ੍ਹਾ ਨਾਲ਼ ਹੁੰਦੀਆਂ 38 ਲੱਖ ਮੌਤਾਂ ਵਿਚੋਂ 40 ਫੀ ਸਦੀ ਯਾਨੀ 15 ਲੱਖ ਮੌਤਾਂ ਇਸ ਖਿੱਤੇ ਵਿਚ ਹੀ ਹੁੰਦੀਆਂ ਹਨ। ਇਸ ਰਿਪੋਰਟ ਵਿਚ ਹੀ ਦੱਸਿਆ ਗਿਆ ਹੈ ਕਿ ਪ੍ਰਦੂਸ਼ਨ ਦੇ ਦਰਜੇ 'ਪੀ.ਐੱਮ.੨.੫' ਵਿਚ ਸਲਫੇਟ, ਨਾਈਟਰੇਟ ਅਤੇ ਬਲੈਕ ਕਾਰਬਨ ਪ੍ਰਦੂਸ਼ਕ ਬਹੁਤ ਜ਼ਿਆਦਾ ਹੁੰਦੇ ਹਨ, ਜੋ ਮਨੁੱਖੀ ਸਿਹਤ ਲਈ ਬਹੁਤ ਵੱਡਾ ਖ਼ਤਰਾ ਬਣਦੇ ਹਨ।
'ਡਬਲਯੂ. ਐੱਚ. ਓ.' ਨੇ ਸ਼ਹਿਰੀ ਹਵਾਈ ਪ੍ਰਦੂਸ਼ਨ ਮਿਣਦਿਆਂ, 108 ਮੁਲਕਾਂ ਦੇ 4300 ਤੋਂ ਵੱਧ ਸ਼ਹਿਰਾਂ ਦਾ 'ਪਾਰਟੀਕੁਲੇਟ ਮੈਟਰ' (ਪੀ.ਐੱਮ.10 ਅਤੇ ਪੀ.ਐੱਮ.2.5) ਮਿਣਿਆ ਹੈ। ਇਕ ਇਤਲਾਹ ਮੁਤਾਬਕ, ਸਾਲ ੨੦੧੬ ਦੌਰਾਨ ਬਾਹਰੀ ਹਵਾਈ ਪ੍ਰਦੂਸ਼ਨ, ੪੨ ਲੱਖ ਮੌਤਾਂ ਦੀ ਵਜ੍ਹਾ ਰਿਹਾ ਹੈ ਜਦੋਂ ਕਿ ਘਰਾਂ ਅੰਦਰਲਾ ਪ੍ਰਦੂਸ਼ਨ, ਜੋ ਖਾਣਾ ਪਕਾਉਣ ਸਮੇਂ ਵਰਤੇ ਗਏ ਬਾਲਣ ਅਤੇ ਤਕਨਾਲੋਜੀਆਂ ਨਾਲ਼ ਪੈਦਾ ਹੋਇਆ, ਇਸੇ ਹੀ ਸਮੇਂ ਦੌਰਾਨ ਹੋਈਆਂ ਤਕਰੀਬਨ 38 ਲੱਖ ਮੌਤਾਂ ਦੀ ਵਜ੍ਹਾ ਰਿਹਾ। 2016 ਤੋਂ, ਇਕ ਹਜ਼ਾਰ ਤੋਂ ਵੱਧ ਸ਼ਹਿਰ, 'ਡਬਲਯੂ. ਐੱਚ. ਓ.' ਦੇ ਅੰਕੜਾ ਮੰਡਲ ਵਿਚ ਸ਼ਾਮਲ ਹੋ ਚੁੱਕੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਹਵਾਈ ਪ੍ਰਦੂਸ਼ਨ ਉੱਪਰ ਨਜ਼ਰ ਰੱਖ ਕੇ ਇਸ ਨੂੰ ਘਟਾਉਣ ਦੇ ਹੀਲੇ ਕਰਨ ਵਾਲ਼ੇ ਦੇਸ਼ਾਂ ਦੀ ਗਿਣਤੀ, ਪਹਿਲਾਂ ਨਾਲ਼ੋਂ ਵਧ ਗਈ ਹੈ।
ਪ੍ਰਦੂਸ਼ਨ ਸਬੰਧੀ ਇਸ ਰਿਪੋਰਟ ਵਿਚ ਇਹ ਵੀ ਕਿਹਾ ਹੋਇਆ ਹੈ, "ਇਕ ਅੰਦਾਜ਼ੇ ਮੁਤਾਬਕ, ਹਰ ਸਾਲ ਤਕਰੀਬਨ 70 ਲੱਖ ਮੌਤਾਂ ਦੀ ਵਜ੍ਹਾ, ਪ੍ਰਦੂਸ਼ਤ ਹਵਾ ਦੇ ਉਹ ਮਹੀਨ ਕਣ ਹਨ, ਜੋ ਸਾਹ ਰਾਹੀਂ ਅੰਦਰ ਜਾ ਕੇ ਫੇਫੜਿਆਂ ਅਤੇ ਸਾਹ-ਪ੍ਰਣਾਲੀ ਵਿਚ ਡੂੰਘੇ ਉੱਤਰ ਜਾਂਦੇ ਹਨ ਅਤੇ ਅਧਰੰਗ, ਦਿਲ ਦੀ ਮਰਜ਼, ਫੇਫੜਿਆਂ ਦੇ ਕੈਂਸਰ, ਸਾਹ ਦੀ ਇਨਫੈਕਸ਼ਨ ਦੇ ਨਾਲ਼-ਨਾਲ਼ ਨਿਊਮੋਨੀਆ ਜਿਹੀਆਂ ਕਈ ਹੋਰ ਬਿਮਾਰੀਆਂ ਦੀ ਵਜ੍ਹਾ ਵੀ ਬਣਦੇ ਹਨ।"
ਇਸ ਰਿਪੋਰਟ ਵਿਚ ਹੀ ਇਹ ਵੀ ਦਰਜ ਹੈ ਕਿ ਹਵਾਈ ਪ੍ਰਦੂਸ਼ਨ ਨਾਲ਼ ਸਬੰਧਤ 90 ਫੀ ਸਦੀ ਤੋਂ ਵੱਧ ਮੌਤਾਂ, ਮੁੱਖ ਰੂਪ ਵਿਚ ਏਸ਼ੀਆ ਅਤੇ ਅਫ਼ਰੀਕਾ ਦੇ ਘੱਟ ਅਤੇ ਦਰਮਿਆਨੀ ਆਮਦਨ ਵਾਲ਼ੇ ਦੇਸ਼ਾਂ (ਭਾਰਤ ਸਮੇਤ) ਵਿਚ ਅਤੇ ਉਸ ਤੋਂ ਬਾਅਦ ਈਸਟਰਨ ਮੈਡੀਟੇਰੇਨੀਅਨ ਖਿੱਤੇ, ਯੂਰਪ ਅਤੇ ਅਮਰੀਕਾ ਦੇ ਘੱਟ ਅਤੇ ਦਰਮਿਆਨੀ ਆਮਦਨ ਵਾਲ਼ੇ ਦੇਸ਼ਾਂ ਵਿਚ ਹੁੰਦੀਆਂ ਹਨ। ਇਹ ਰਿਪੋਰਟ ਹੀ ਦੱਸਦੀ ਹੈ ਕਿ 'ਡਬਲਯੂ. ਐੱਚ. ਓ.' ਸਮਝਦੀ ਹੈ ਕਿ ਹਵਾਈ ਪ੍ਰਦੂਸ਼ਨ, 'ਨਾਨ-ਕਮਿਊਨੀਕੇਬਲ ਡੀਸੀਜ਼ਿਜ਼' (ਯਾਨੀ 'ਐੱਨ.ਸੀ. ਡੀਜ਼' ਯਾਨੀ ਉਹ ਬਿਮਾਰੀਆਂ, ਜੋ ਲਾਗ ਨਾਲ਼ ਨਹੀਂ ਹੁੰਦੀਆਂ ਤੇ ਜਿਨ੍ਹਾਂ ਦੇ ਵਧਣ ਦੀ ਰਫ਼ਤਾਰ ਮੱਠੀ ਹੁੰਦੀ ਹੈ), ਜਿਨ੍ਹਾਂ ਦੀ ਵਜ੍ਹਾ ਨਾਲ਼ ਤਕਰੀਬਨ ੨੪ ਫੀ ਸਦੀ ਮੌਤਾਂ ਦਿਲ ਦੀਆਂ ਬਿਮਾਰੀਆਂ ਨਾਲ਼, 25 ਫੀ ਸਦੀ ਮੌਤਾਂ ਅਧਰੰਗ ਨਾਲ਼, 43 ਫੀ ਸਦੀ ਮੌਤਾਂ ਸਾਹ ਰੁਕ-ਰੁਕ ਕੇ ਆਉਣ ਦੀ ਪੁਰਾਣੀ ਬਿਮਾਰੀ ਨਾਲ਼ ਅਤੇ 25 ਫੀ ਸਦੀ ਮੌਤਾਂ ਫੇਫੜਿਆਂ ਦੇ ਕੈਂਸਰ ਨਾਲ਼ ਹੁੰਦੀਆਂ ਹਨ, ਦੇ ਸਬੰਧ ਵਿਚ ਵੱਡਾ ਖ਼ਤਰਾ ਹੈ।
ਭਾਵੇਂ ਇਸ ਖਿੱਤੇ ਦੇ ਸਾਰੇ ਮੁਲਕ ਘਰੇਲੂ ਵਰਤੋਂ ਲਈ ਸਾਫ਼ ਬਾਲਣ (ਤੇਲ) ਅਤੇ ਤਕਨਾਲੋਜੀ ਮੁਹੱਈਆ ਕਰਾਉਣ ਦੇ ਭਰਪੂਰ ਹੀਲੇ ਕਰ ਰਹੇ ਹਨ, ਪਰ ਫਿਰ ਵੀ 60 ਫੀ ਸਦੀ ਤੋਂ ਵੱਧ ਅਬਾਦੀ ਕੋਲ ਸਾਫ਼ ਬਾਲਣ (ਤੇਲ) ਅਤੇ ਤਕਨਾਲੋਜੀ ਨਹੀਂ ਹੈ। ਇਹ ਜਾਣਕਾਰੀ, 'ਡਬਲਯੂ. ਐੱਚ. ਓ. ਸਾਊਥ-ਈਸਟ ਏਸ਼ੀਆ' ਦੀ ਰੀਜਨਲ ਡਾਇਰੈਕਟਰ ਪੂਨਮ ਖੇਤਰਪਾਲ ਸਿੰਘ ਨੇ ਦਿੱਤੀ ਹੈ। ਉਨ੍ਹਾਂ ਦਾ ਕਹਿਣ ਹੈ, "ਹਵਾ, ਜਿਸ ਵਿਚੋਂ ਅਸੀਂ ਸਾਹ ਲੈਂਦੇ ਹਾਂ, ਸਾਫ਼ ਕੀਤੀ ਜਾਣੀ ਬਹੁਤ ਵੱਡਾ ਕੰਮ ਹੈ ਕਿਉਂ ਕਿ ਇਹ ਕਿਸੇ ਸਰਹੱਦ ਦੀ ਪ੍ਰਵਾਹ ਨਹੀਂ ਕਰਦੀ।"
ਇਕ ਹੋਰ ਜਾਣਕਾਰੀ ਅਨੁਸਾਰ, 'ਵਿਸ਼ਵ ਸਿਹਤ ਸੰਗਠਨ' ਨੇ 4300 ਸ਼ਹਿਰਾਂ ਵਿਚ ਗਿਣਤੀਆਂ-ਮਿਣਤੀਆਂ ਕਰ ਕੇ ਜਿਹੜੀ ਰਿਪੋਰਟ ਤਿਆਰ ਕੀਤੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਹਵਾਈ ਪ੍ਰਦੂਸ਼ਨ ਕਿਸੇ ਇਕ-ਅੱਧੇ ਮੁਲਕ ਦਾ ਮਸਲਾ ਨਹੀਂ ਹੈ, ਸਗੋਂ ਸਾਰੇ ਜਹਾਨ ਦਾ ਮਸਲਾ ਹੈ। ਇਸ ਰਿਪੋਰਟ ਅਨੁਸਾਰ, ਇਸ ਧਰਤੀ ਦੇ ਹਰ 10 ਵਿਅਕਤੀਆਂ ਵਿਚੋਂ 9 ਜਣੇ ਬਹੁਤ ਹੀ ਗੰਦੀ ਹਵਾ ਵਿਚ ਸਾਹ ਲੈਂਦੇ ਹਨ। ਸ਼ਹਿਰਾਂ ਵਿਚ ਰਹਿੰਦੇ ਲੋਕਾਂ ਵਿਚੋਂ 80 ਫੀ ਸਦੀ ਲੋਕ ਘਰਾਂ ਤੋਂ ਬਾਹਰਲੇ ਪ੍ਰਦੂਸ਼ਨ ਦੇ ਸ਼ਿਕਾਰ ਹਨ।
ਇਸ ਧਰਤੀ ਦੇ ਜਿਹੜੇ ਸ਼ਹਿਰ ਬਹੁਤ ਜ਼ਿਆਦਾ ਪ੍ਰਦੂਸ਼ਨ ਦੇ ਸ਼ਿਕਾਰ ਹਨ, ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ: ਭਾਰਤ ਵਿਚ ਕਾਨਪੁਰ ਵਿਚ ਪ੍ਰਦੂਸ਼ਨ ਦਾ ਮਾਪ 173, ਫ਼ਰੀਦਾਬਾਦ ਵਿਚ 172, ਵਾਰਾਨਸੀ ਵਿਚ 151, ਗਯਾ ਵਿਚ 149, ਪਟਨਾ ਵਿਚ 144, ਦਿੱਲੀ ਵਿਚ 143, ਲਖਨਊ ਵਿਚ 138, ਆਗਰਾ ਵਿਚ 131, ਮੁਜ਼ੱਫ਼ਰਪੁਰ ਵਿਚ 120, ਸ਼੍ਰੀਨਗਰ ਅਤੇ ਗੁੜਗਾਉਂ ਵਿਚ 113-113 ਜਦੋਂ ਕਿ ਕੈਮਰੂਨ ਦੇ ਸ਼ਹਿਰ ਬਮੇਂਡਾ ਵਿਚ ਪ੍ਰਦੂਸਨ ਦਾ ਮਾਪ 132 ਹੈ।
'ਵਿਸ਼ਵ ਸਿਹਤ ਸੰਗਠਨ' ਨੇ ਪ੍ਰਦੂਸ਼ਨ ਸਬੰਧੀ ਅੰਕੜੇ ਦਰਸਾਉਂਦਿਆਂ ਕੋਈ ਮੁਕਾਬਲਾ ਜਾਂ ਦਰਜਾਬੰਦੀ ਨਹੀਂ ਕੀਤੀ, ਸਗੋਂ ਕਿਸੇ ਸ਼ਹਿਰ ਜਾਂ ਇਲਾਕੇ ਦੇ ਅੰਕੜੇ ਦੇ ਕੇ ਉੱਥੇ ਖ਼ਤਰੇ ਦੀ ਹੱਦ ਦੀ ਨਿਸ਼ਾਨਦੇਹੀ ਹੀ ਕੀਤੀ ਹੈ। ਇਸ ਰਿਪੋਰਟ ਤੋਂ ਇਹ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਹਵਾਈ ਪ੍ਰਦੂਸ਼ਨ ਦੇ ਪੱਖ ਤੋਂ ਭਾਰਤ, ਜਹਾਨ ਦਾ ਸਭ ਤੋਂ ਗੰਦਾ ਮੁਲਕ ਹੀ ਨਹੀਂ ਹੈ, ਸਗੋਂ ਬਹੁਤ ਜ਼ਿਆਦਾ ਖ਼ਤਰੇ ਦੀ ਗ਼੍ਰਿਫ਼ਤ ਵਿਚ ਵੀ ਹੈ। ਓਦਾਂ, ਇਸ ਪੱਖ ਤੋਂ ਬੰਗਲਾਦੇਸ਼ ਅਤੇ ਜਾਰਜੀਆ ਦਾ ਹਾਲ ਵੀ ਚੰਗਾ ਨਹੀਂ ਹੈ। ਇਸ ਦਾ ਅਰਥ ਇਹ ਹੋਇਆ ਕਿ ਭਾਰਤ ਦੀਆਂ ਰਸੋਈਆਂ ਵਿਚ ਸਹੀ ਕਿਸਮ ਦੇ ਬਾਲਣ ਦੀ ਅਣਹੋਂਦ ਦੀ ਵਜ੍ਹਾ ਨਾਲ਼ ਖਾਣਾ ਪਕਾਉਣ ਦੀ ਥਾਂ ਜ਼ਹਿਰ ਹੀ ਪੱਕਦਾ ਹੈ। ਹਵਾ ਨੂੰ ਸਰਹੱਦਾਂ ਦਾ ਕੋਈ ਇਲਮ ਨਾ ਹੋਣ ਕਰ ਕੇ, ਇਸ ਨੂੰ ਸਾਫ਼ ਕਰਨ ਖ਼ਾਤਰ ਸਾਰੇ ਮੁਲਕਾਂ ਨੂੰ ਲਾਮਬੰਦ ਹੋਣ ਦੀ ਲੋੜ ਹੈ।#
(1) ਨਵੀਂ ਦਿੱਲੀ ਵਿਚ 14 ਨਵੰਬਰ, 2017 ਨੂੰ ਮਚੀ 'ਧੂੰਆਂ-ਰੌਲ਼ੀ' ਦੀ ਇਕ ਤਸਵੀਰ (2) ਪ੍ਰਦੂਸ਼ਨ ਦੀ ਨਿਸ਼ਾਨਦੇਹੀ ਕਰਦਾ ਇਕ ਨਕਸ਼ਾ (3) (ਨਵੀਂ ਦਿੱਲੀ ਵਿਚ ਹੀ 15 ਨਵੰਬਰ, 2017 ਨੂੰ ਸਕੂਲਾਂ ਦੇ ਵਿਦਿਆਰਥੀ ਪ੍ਰਦੂਸ਼ਨ ਚੇਤਨਾ ਮਾਰਚ ਕਰਦੇ ਹੋਏ (4) ਗ਼ਾਜ਼ੀਆਬਾਦ ਦਾ ਪ੍ਰਦੂਸ਼ਤ ਅੰਬਰ