ਸਰੀ ਵਿਚ 'ਐੱਲ ਆਰ ਟੀ' ਚਲਾਉਣ ਸਬੰਧੀ ਹਾਲੇ ਕਾਫੀ ਭੰਬਲਭੂਸਾ
<<<<<<<<<<<<<<<<>>>>>>>>>>>>>>>>
ਕੈਨੇਡਾ ਦੇ ਸੁਨੱਖੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ 'ਐੱਲ ਆਰ ਟੀ' ਯਾਨੀ 'ਲਾਈਟ ਰੇਲ ਟਰਾਂਜ਼ਿਟ' ਜਾਂ 'ਲਾਈਟ ਰੈਪਿਡ ਟਰੇਨ' ਜਾਂ ਜੋ ਵੀ ਕਹਿਣਾ ਕਹਿ ਲਓ, ਚਲਾਉਣ ਦੇ ਚਰਚੇ ਹੀ 'ਰੈਪਿਡ' ਯਾਨੀ ਤੇਜ਼ ਹਨ, ਇਸ ਨੂੰ ਸਹੀ ਅਰਥਾਂ ਵਿਚ ਚਲਾਉਣ ਸਬੰਧੀ ਹਾਲੇ ਕਾਫੀ ਭੰਬਲਭੂਸਾ ਹੈ। ਸਰੀ ਦੇ ਕੌਂਸਲਰ ਟੌਮ ਗਿੱਲ, ਜੋ ਅਗਲੀ ਵਾਰ ਮੇਅਰ ਬਣਨ ਲਈ ਡੰਡ-ਬੈਠਕਾਂ ਮਾਰ ਰਹੇ ਹਨ, ਸਰੀ ਦੇ ਲੋਕਾਂ ਨੂੰ ਇਹ 'ਹਲਕੀ ਤੇਜ਼ ਗੱਡੀ' ਚੱਲਣ ਨਾਲ਼ ਹੋਣ ਵਾਲ਼ੇ ਫ਼ਾਇਦੇ ਹੀ ਗਿਣਾਈ ਜਾ ਰਹੇ ਹਨ। ਇਹ ਸ਼ਹਿਰ, ਜਿਸ ਦਾ 'ਡਾਊਨ ਟਾਊਨ' ਉੱਤਰ ਵੱਲ 'ਉੱਚੇ ਪਾਸੇ' ਹੈ ਤੇ ਜਿਸ ਦੀ ਵਸੋਂ ਦੱਖਣ ਵੱਲ 'ਨੀਵੇਂ ਪਾਸੇ' ਵਧੇਰੇ ਹੋ ਰਹੀ ਹੈ ਅਤੇ ਕੁੱਝ ਹਮਾਤੜ, ਉੱਤਰ-ਦੱਖਣ ਦੇ ਵਿਚਾਲ਼ੇ ਫਸੇ ਹੋਏ ਹਨ ਤੇ ਇਹ ਵਿਚਾਲੜਾ ਇਲਾਕਾ, ਭਾਰੋਂ 'ਹੌਲ਼ੀ', ਰਫ਼ਤਾਰੋਂ 'ਤੇਜ਼' ਗੱਡੀ ਚਲਾਉਣ ਖ਼ਾਤਰ ਲੀਹਾਂ ਵਿਛਾਉਣ ਵਾਲ਼ਿਆਂ ਦੀਆਂ ਨਜ਼ਰਾਂ ਵਿਚ ਦਹਾਕਾ ਭਰ ਪਹਿਲਾਂ, ਉਦੋਂ ਦਾ ਚੜ੍ਹਿਆ ਹੋਇਆ ਹੈ, ਜਦੋਂ ਪਹਿਲੀ ਵਾਰੀ ਲੋਕਾਂ ਨੇ ਇਹ ਪੁੱਛਿਆ ਸੀ ਪਈ "ਆਹ 'ਐੱਲ ਆਰ ਟੀ' ਕੀ ਹੋਈ ਭਲਾ?"
ਇਸ ਪ੍ਰਾਜੈਕਟ ਦੇ ਰਾਹ ਵਿਚ ਇਕ ਤੋਂ ਬਾਅਦ ਦੂਜਾ ਅੜਿੱਕਾ ਪਈ ਜਾਂਦਾ ਹੈ ਤੇ ਇਸ ਵਿਚ ਸਰਮਾਇਆ ਲਾਉਣ ਵਾਲ਼ੇ ਆਪਣੀਆਂ ਥੈਲੀਆਂ ਚੁੱਕੀ ਇਸ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਗੇੜੇ ਕੱਢੀ ਜਾ ਰਹੇ ਹਨ। ਕੁੱਝ ਸਮਾਂ ਪਹਿਲਾਂ ਤਕ ਇਸ ਸ਼ਹਿਰ ਦਾ ਵਿਚਾਲੜਾ ਹਿੱਸਾ ਨਿਊਟਨ ਇਨ੍ਹਾਂ ਸਰਮਾਇਆਕਾਰਾਂ ਦੀਆਂ ਨਜ਼ਰਾਂ ਤੋਂ ਉਹਲੇ ਸੀ, ਪਰ ਹੁਣ ਉਨ੍ਹਾਂ ਦੀਆਂ ਨਜ਼ਰਾਂ ਇਸ ਉੱਤੇ ਵੀ ਆ ਟਿਕੀਆਂ ਹਨ। ਟੌਮ ਗਿੱਲ ਦੇ ਕਹੇ ਉੱਤੇ ਇਤਬਾਰ ਕਰ ਲਿਆ ਜਾਵੇ ਤਾਂ ਨਵੀਂ 'ਐੱਲ ਆਰ ਟੀ' ਲਾਈਨ ਵਿਛਾਉਣ ਖ਼ਾਤਰ ਨੋਟਾਂ ਦਾ ਜੁਗਾੜ ਕਰਨ ਸਬੰਧੀ ਇਕਰਾਰਨਾਮਾ ਹੋ ਚੁੱਕਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੋਇਆ ਹੈ, "ਮੇਰਾ ਖ਼ਿਆਲ ਹੈ ਕਿ ਲੋਕਾਂ ਦੇ ਅਤੇ ਭਾਈਚਾਰੇ ਦੇ ਵਿਕਾਸ ਲਈ ਬਹੁਤ ਵੱਡੇ ਮੌਕੇ ਆ ਰਹੇ ਹਨ, ਜਿਨ੍ਹਾਂ ਤੋਂ ਆਉਣ ਵਾਲ਼ੇ ਸਮੇਂ ਵਿਚ ਇੱਥੇ ਵਸਣ ਵਾਲ਼ਿਆਂ ਨੂੰ ਵੀ ਬਹੁਤ ਫ਼ਾਇਦੇ ਹੋਣਗੇ। ਸਰੀ ਵਿਚ ਲੋਕਾਂ ਦੀ ਦਿਲਚਸਪੀ ਬਹੁਤ ਵਧ ਰਹੀ ਹੈ ਤੇ ਕਈ ਵੱਡੇ ਅਦਾਰੇ ਇਸ ਸ਼ਹਿਰ ਵੱਲ਼ ਧਾਅ ਕੇ ਆ ਰਹੇ ਹਨ।"
ਇਸ ਦੌਰਾਨ ਹੀ ਸੁਣਨ ਵਿਚ ਆ ਰਿਹਾ ਹੈ ਕਿ ਟਰਾਂਸਲਿੰਕ ਅਗਲੇ ਸਾਲ 'ਐੱਲ-ਲਾਈਨ' ਦੇ ਸਬੰਧ ਵਿਚ ਕੰਮ ਸ਼ੁਰੂ ਕਰ ਲਏਗਾ। ਇਹ ਲਾਈਨ, ਕਿੰਗ ਜਾਰਜ ਬੁਲੇਵਾਰਡ ਉੱਤੇ, ਨਿਊਟਨ ਤੋਂ ਸਿਟੀ ਸੈਂਟਰ ਤਕ ਜਾਵੇਗੀ ਅਤੇ ਉੱਥੋਂ 104 ਐਵੇਨਿਊ ਦੇ ਨਾਲ਼-ਨਾਲ਼, ਗਿਲਫੋਰਡ ਟਾਊਨ ਸੈਂਟਰ ਤਕ ਜਾਵੇਗੀ। 'ਕੋਲੀਅਰਜ਼ ਇੰਟਰਨੈਸ਼ਨਲ' ਦੇ ਮੀਤ ਪ੍ਰਧਾਨ ਜੈਸਨ ਟੀਹੈਨ ਦਾ ਕਹਿਣ ਹੈ ਕਿ ਇਹ ਪ੍ਰਾਜੈਕਟ ਕੁੱਝ ਵਿਕਾਸਕਾਰ ਅਦਾਰਿਆਂ ਨੂੰ ਨਿਊਟਨ ਵੱਲ਼ ਖਿੱਚ ਸਕੇਗਾ। ਉਨ੍ਹਾਂ ਦਾ ਕਹਿਣ ਹੈ, "ਮੈਨੂੰ ਯਕੀਨ ਹੈ ਕਿ ਤੁਸੀਂ ਕੁੱਝ ਹੋਰ ਵਿਕਾਸ ਹੁੰਦਾ ਵੀ ਦੇਖੋਗੇ, ਪਰ ਫਿਰ ਵੀ ਬਹੁਤਾ ਤੇ ਚੌਤਰਫ਼ਾ ਵਿਕਾਸ ਸਿਟੀ ਸੈਂਟਰ ਵਿਚ ਹੀ ਹੋਣ ਦੀ ਸੰਭਾਵਨਾ ਹੈ।"
ਦੂਜੇ ਪਾਸੇ ਕਿੰਗ ਜਾਰਜ ਬੁਲੇਵਾਰਡ ਅਤੇ 72 ਐਵੇਨਿਊ ਦੇ ਖੂੰਜੇ ਵਿਚ 'ਐੱਲ ਆਰ ਟੀ ਸਟੇਸ਼ਨ' ਸਥਾਪਤ ਕੀਤੇ ਜਾਣ ਦੀ ਆਸ ਹੈ। ਇਹ 27 ਕਿਲੋ ਮੀਟਰ ਲੰਬਾ 'ਐੱਲ ਆਰ ਟੀ ਸਿਸਟਮ' ਦੋ ਪੜਾਵਾਂ ਵਿਚ ਉਸਾਰਿਆ ਜਾਣਾ ਹੈ। ਪਹਿਲੇ ਪੜਾਅ ਅਧੀਨ ਨਿਊਟਨ ਅਤੇ ਗਿਲਫੋਰਡ ਨੂੰ ਆਪਸ ਵਿਚ ਜੋੜਿਆ ਜਾਵੇਗਾ ਤੇ ਫਿਰ ਇਸ ਨੂੰ 'ਐਕਸਪੋ ਲਾਈਨ ਸਕਾਈ ਟ੍ਰੇਨ ਸਟੇਸ਼ਨਾਂ' ਨਾਲ਼ ਜੋੜਿਆ ਜਾਵੇਗਾ। ਦੂਜੇ ਪੜਾਅ ਦੌਰਾਨ ਕਿੰਗ ਜਾਰਜ ਸਟੇਸ਼ਨ ਤੋਂ ਸ਼ੁਰੂ ਕਰ ਕੇ ਸਰੀ ਤੋਂ ਲੈਂਗਲੀ ਤਕ ਰੋਜ਼ਾਨਾ ਆਵਾਜਾਈ ਸ਼ੁਰੂ ਕਰਾਈ ਜਾਵੇਗੀ।
'ਸਰੀ ਬੋਰਡ ਆਫ ਟਰੇਡ' ਦੀ ਮੁੱਖ ਕਾਰਜਕਾਰੀ ਅਧਿਕਾਰੀ ਅਨੀਟਾ ਹਿਊਬਰਮੈਨ ਦਾ ਵਿਚਾਰ ਹੈ ਕਿ 'ਲਾਈਟ ਰੇਲ' ਨਿਊਟਨ ਦੀਆਂ ਲੋੜਾਂ ਪੂਰੀਆਂ ਕਰ ਦੇਵੇਗੀ। ਉਨ੍ਹਾਂ ਦਾ ਕਹਿਣ ਹੈ, "ਵਿਕਾਸ ਕਾਰਜਾਂ ਵਿਚ ਦਿਲਚਸਪੀ ਲੈਂਦੇ ਜਿਹੜੇ ਲੋਕਾਂ ਨਾਲ਼ ਵੀ ਸਾਡੀ ਗੱਲ ਬਾਤ ਹੋਈ ਹੈ, ਉਨ੍ਹਾਂ ਦੇ ਮਨਾਂ ਵਿਚ 'ਲਾਈਟ ਰੇਲ ਟਰਾਂਜ਼ਿਟ' ਦਾ ਕੰਮ ਸੂਰੂ ਹੋਣ ਦੀਆਂ ਖ਼ਬਰਾਂ ਨੇ ਬਹੁਤ ਹੀ ਉਤਸ਼ਾਹ ਜਗਾਇਆ ਹੋਇਆ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇਸ ਇਲਾਕੇ ਦਾ ਪੂਰਾ ਕਾਇਆ-ਕਲਪ ਹੋਇਆ ਦੇਖੋਗੇ।"
ਭਾਵੇਂ ਟਰਾਂਸਲਿੰਕ ਨੂੰ 'ਐੱਲ ਆਰ ਟੀ' ਦੀ ਉਸਾਰੀ ਦਾ ਕੰਮ ਅਗਲੇ ਸਾਲ ਦੇ ਅੰਤ ਵਿਚ ਸ਼ੁਰੂ ਹੋ ਜਾਣ ਦੀ ਆਸ ਹੈ, ਪਰ ਟੌਮ ਗਿੱਲ ਦਾ ਕਹਿਣ ਹੈ ਕਿ ਇਹ ਕੰਮ ਸ਼ੁਰੂ ਕਰਨ ਵਾਲ਼ੇ ਇੱਥੇ ਆ ਚੁੱਕੇ ਹਨ ਤੇ ਉਨ੍ਹਾਂ ਨੇ ਮੁਢਲੇ ਕੰਮ ਕਰਨੇ ਸ਼ੁਰੂ ਵੀ ਕਰ ਦਿੱਤੇ ਹਨ। ਇਸੇ ਹੀ ਸਾਲ (2018) 30 ਅਪ੍ਰੈਲ ਨੂੰ ਟਰਾਂਸਲਿੰਕ ਨੇ ਇਹ ਐਲਾਨ ਕੀਤਾ ਸੀ ਕਿ ਸਰੀ ਵਿਚ 'ਲਾਈਟ ਰੇਲ' ਯਾਨੀ 'ਭਾਰੋਂ ਹੌਲ਼ੀ ਗੱਡੀ' ਚਲਾਉਣ ਸਬੰਧੀ ਕੰਮ ਦਾ ਪਹਿਲਾ ਪੜਾਅ ੨੦੨੪ ਤਕ ਸ਼ੁਰੂ ਦਿੱਤਾ ਜਾਵੇਗਾ ਤੇ ਇਸ ਉੱਤੇ ਕੁੱਲ 1.65 ਬਿਲੀਅਨ ਡਾਲਰ ਖ਼ਰਚੇ ਜਾਣਗੇ। ਇਸ ਪ੍ਰਾਜੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇਵਿਨ ਡੈੱਸਮੰਡ ਦਾ ਕਹਿਣ ਹੈ ਕਿ 2015 ਤੋਂ ਸਰੀ-ਨਿਊਟਨ-ਗਿਲਫੋਰਡ ਲਾਈਨ ਦੀ ਲਾਗਤ ਵਿਚ 33 ਫੀ ਸਦੀ (410 ਮਿਲੀਅਨ ਡਾਲਰ) ਵਾਧਾ ਹੋ ਚੁੱਕਾ ਹੈ।
"ਇਸ ਪ੍ਰਾਜੈਕਟ ਦੇ ਦੂਜੇ ਪੜਾਅ, ਜਿਸ ਅਧੀਨ ਫਰੇਜ਼ਰ ਹਾਈਵੇ ਦੇ ਨਾਲ਼-ਨਾਲ਼ ਲੈਂਗਲੀ ਤਕ ਲਾਈਨ ਵਿਛਾਈ ਜਾਣੀ ਹੈ, ਸਮੇਤ ਇਸ ਪ੍ਰਾਜੈਕਟ ਉੱਤੇ ਕੁੱਲ ਕਿੰਨੀ ਰਕਮ ਖ਼ਰਚ ਆਏਗੀ" ਦੇ ਜੁਆਬ ਵਿਚ ਸਰੀ ਦੀ ਮੇਅਰ ਲਿੰਡਾ ਹੈਪਨਰ ਨੇ ਕਿਹਾ, "ਜਿਹੜਾ ਵੀ ਦਿਨ ਅਸੀਂ ਇਹ ਪ੍ਰਾਜੈਕਟ ਸ਼ੁਰੂ ਹੋਣ ਦੀ ਉਡੀਕ ਕਰਦੇ ਹਾਂ, ਉਸ ਦੀ ਸ਼ਾਮ ਤਕ ਇਸ ਪ੍ਰਾਜੈਕਟ ਦੀ ਲਾਗਤ 10 ਲੱਖ ਡਾਲਰ ਵਧ ਜਾਂਦੀ ਹੈ। ਜਿੰਨਾ ਚਿਰ ਇਹ ਕੰਮ ਸ਼ੁਰੂ ਨਹੀਂ ਹੁੰਦਾ, ਲਾਗਤ ਹੋਰ ਵੀ ਵਧਦੀ ਹੀ ਜਾਣੀ ਹੈ।"
ਜਦੋਂ ਮੇਅਰ ਸਾਹਿਬਾ ਨੂੰ ਇਹ ਪੁੱਛਿਆ ਗਿਆ ਕਿ ਉਹ ਹਾਲੇ ਵੀ 'ਐੱਲ ਆਰ ਟੀ' ਦੀ ਥਾਂ ਸਕਾਈ ਟ੍ਰੇਨ ਹੀ ਅੱਗੇ ਵਧਾਉਣ ਦੀ ਮੰਗ ਕਰਨ ਵਾਲ਼ਿਆਂ ਦੇ ਵਤੀਰੇ ਬਾਰੇ ਕੀ ਕਹਿਣਗੇ ਤਾਂ ਬੀਬੀ ਹੈਪਨਰ ਨੇ ਕਿਹਾ, "ਮੇਰਾ ਖ਼ਿਆਲ ਹੈ ਕਿ ਇਸ ਪ੍ਰਾਜੈਕਟ ਦਾ ਵਿਰੋਧ ਕਰਨ ਵਾਲ਼ਿਆਂ ਦੀਆਂ ਜੇਬਾਂ 'ਡੂੰਘੀਆਂ' ਹਨ।" ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਸਕਾਈ ਟ੍ਰੇਨ ਸਿਸਟਮ ਨੂੰ ਹੀ ਅੱਗੇ ਵਧਾਉਣ ਨਾਲ਼ ਸ਼ਹਿਰ ਦੀ ਹਾਲਤ ਨਹੀਂ ਸੁਧਰਨੀ ਤੇ ਇਸ ਸਬੰਧ ਵਿਚ ਲੋੜੀਂਦਾ ਫੰਡ ਵੀ ਨਹੀਂ ਹੈ। ਸਰੀ ਵਿਚ ਸਕਾਈ ਟ੍ਰੇਨ ਦੇ ਬਾਨੀ ਡਾਇਰੈਕਟਰ ਡੈਰਿਲ ਡੇਲਾ ਕਰੂਜ਼ ਨੇ ਇਸ ਪ੍ਰਾਜੈਕਟ ਸਬੰਧੀ ਕੀਤੇ ਗਏ ਇਸ ਐਲਾਨ ਬਾਰੇ ਟਿੱਪਣੀ ਕਰਦਿਆਂ ਇਹ ਕਿਹਾ ਹੋਇਆ ਹੈ, "ਕੈਨੇਡਾ ਵਿਚ 'ਰੈਪਿਡ ਟਰਾਂਜ਼ਿਟ' ਉੱੇਤੇ ਪੈਸਾ ਖ਼ਰਚਣਾ ਸਭ ਤੋਂ ਮਾੜੀ ਸਰਮਾਇਆਕਾਰੀ ਹੈ। ਸਰੀ ਵਿਚ 'ਲਾਈਟ ਰੇਲ' ਦਾ ਪ੍ਰਾਜੈਕਟ ਫ਼ੌਰਨ ਰੱਦ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਨੂੰ ਮੇਅਰਜ਼' ਕੌਂਸਿਲ ਦੇ ਅਧਿਕਾਰ ਖੇਤਰ ਵਿਚੋਂ ਵੀ ਕੱਢਿਆ ਜਾਣਾ ਬਣਦਾ ਹੈ।" ਡੈਰਿਲ ਡੇਲਾ ਕਰੂਜ਼ ਉਨ੍ਹਾਂ ਥੋੜ੍ਹੇ ਜਿਹੇ ਲੋਕਾਂ ਵਿਚ ਵੀ ਸ਼ਾਮਲ ਸਨ, ਜਿਨ੍ਹਾਂ ਨੇ ਇਸ ਮਹੀਨੇ ਇਸ ਪ੍ਰਾਜੈਕਟ ਦੇ ਵਿਰੁੱਧ ਇਕ ਮੁਜ਼ਾਹਰਾ ਕੀਤਾ ਸੀ। ਇਸ ਦੌਰਾਨ ਹੀ 'ਐੱਲ ਆਰ ਟੀ' ਦੀ ਇਕ 'ਡੈਮੋ ਕਾਰ' ਦੀ ਨੁਮਾਇਸ਼ ਵੀ ਸੈਂਟਰਲ ਸਿਟੀ ਸ਼ੌਪਿੰਗ ਸੈਂਟਰ ਦੇ ਪਾਰਕਿੰਗ ਲੌਟ ਵਿਚ ਕੀਤੀ ਜਾਂਦੀ ਰਹੀ ਹੈ। 13 ਮਈ ਤੋਂ ਦਸ ਦਿਨਾਂ ਲਈ ਇਹ ਕਾਰ ਨਿਊਟਨ ਸੁਪਰਸਟੋਰ ਦੇ ਪਾਰਕਿੰਗ ਲੌਟ ਵਿਚ ਵੀ ਨੁਮਾਇਸ਼ ਖ਼ਾਤਰ ਖੜ੍ਹੀ ਕੀਤੀ ਰੱਖੀ ਗਈ ਸੀ। ਇਹ ਕਾਰ, ਪਹਿਲੀ ਜੁਲਾਈ ਨੂੰ 'ਕੈਨੇਡਾ ਦਿਹਾੜੇ' ਦੇ ਜਸ਼ਨਾਂ ਵਿਚ ਸ਼ਾਮਲ ਕਰਨ ਦੀਆਂ ਯੋਜਨਾਵਾਂ ਵੀ ਹਨ।
ਲਿੰਡਾ ਹੈਪਨਰ ਤਾਂ ਇਹ ਕਹਿ ਰਹੀ ਹੈ ਕਿ ਸਾਲ 2031 ਤਕ 'ਐੱਲ ਆਰ ਟੀ' ਚੱਲਣੀ ਸ਼ੁਰੂ ਹੋ ਜਾਵੇਗੀ ਜਦੋਂ ਕਿ ਮਾਹਰ ਇਹ ਕਹਿ ਰਹੇ ਹਨ ਕਿ ਇਸ ਕੰਮ ਲਈ ਉਸਾਰੀ 2020 ਵਿਚ ਸ਼ੁਰੂ ਹੋ ਜਾਵੇਗੀ ਤੇ ਨਿਊਟਨ, ਸਰੀ ਸੈਂਟਰ ਅਤੇ ਗਿਲਫੋਰਡ ਵਿਚਾਲ਼ੇ ਇਹ ਗੱਡੀ 2024 ਤਕ ਚਲਾਈ ਜਾਣ ਲੱਗੇਗੀ। ਇਹ ਗੱਡੀਆਂ ਆਪਣੇ-ਆਪਣੇ ਰਾਹ ਚੱਲਣਗੀਆਂ ਤੇ ਨਾ ਬਾਕੀ ਆਵਾਜਾਈ ਉਨ੍ਹਾਂ ਦੇ ਰਾਹ ਵਿਚ ਅੜਿੱਕਾ ਪਾਵੇਗੀ, ਨਾ ਹੀ ਉਹ ਬਾਕੀ ਆਵਾਜਾਈ ਦੇ ਰਾਹ ਵਿਚ ਅੜਿੱਕਾ ਪਾਉਣਗੀਆਂ। ਉਂਝ ਇਹ ਗੱਡੀਆਂ 'ਸਟਾਪ ਸਾਈਨਜ਼' ਅਤੇ 'ਬੱਤੀਆਂ' ਦੀ ਪਾਲਣਾ ਕਰਨਗੀਆਂ। ਸਰੀ ਸੈਂਟਰ ਤੋਂ 9 ਮਿੰਟਾਂ ਵਿਚ ਇਹ ਗੱਡੀਆਂ ਗਿਲਫੋਰਡ ਪਹੁੰਚਿਆ ਕਰਨਗੀਆਂ ਅਤੇ 13 ਮਿੰਟਾਂ ਵਿਚ ਨਿਊਟਨ ਤੋਂ ਸਰੀ ਸੈਂਟਰ ਪਹੁੰਚਿਆ ਕਰਨਗੀਆਂ।
ਇਸ ਪ੍ਰਾਜੈਕਟ ਵਿਚ 7.3 ਬਿਲੀਅਨ ਡਾਲਰ ਦੇ ਖ਼ਰਚੇ ਨਾਲ਼, ਸਕਾਟ ਰੋਡ ਦੇ ਨਾਲ਼-ਨਾਲ਼, ਨਿਊਟਨ ਤੋਂ ਸਰੀ ਸੈਂਟਰ ਤਕ ਚਲਾਈ ਜਾਣ ਵਾਲ਼ੀ 'ਸਰੀ ਬੀ-ਲਾਈਨ' ਅਤੇ 68 ਐਵੇਨਿਊ ਅਤੇ ਈਸਟਰਨ ਫਰੇਜ਼ਰ ਹਾਈਟਸ ਤਕ ਬੱਸ ਸੇਵਾ ਚਲਾਉਣੀ ਵੀ ਸ਼ਾਮਲ ਹੋਵੇਗੀ। ਇਹ ਲੇਖ ਪੜ੍ਹਦਿਆਂ, ਸਾਰੀਆਂ ਸਬੰਧਤ ਧਿਰਾਂ ਤੇ ਇਸ ਪ੍ਰਾਜੈਕਟ ਨਾਲ਼ ਸਿੱਧੇ ਤੌਰ 'ਤੇ ਸਬੰਧਤ ਧਿਰਾਂ ਦੇ ਕਥਨਾਂ/ ਵਿਚਾਰਾਂ ਨੂੰ ਤੰਦਰੁਸਤ ਦਿਮਾਗ਼ ਨਾਲ਼ ਘੋਖਣ-ਪਰਖ਼ਣ ਮਗਰੋਂ ਜਿਹੜਾ ਸ਼ਬਦ ਸਾਹਮਣੇ ਆਉਂਦਾ ਹੈ, ਉਹ 'ਭੰਬਲਭੂਸਾ' ਹੀ ਹੈ। ਇਸ ਦੇ ਹੁੰਦਿਆਂ ਮਨ ਵਿਚੋਂ ਇਹੋ ਦੁਆ ਨਿੱਕਲਦੀ ਹੈ, "ਲੈ ਬਈ ਗੱਡੀਆਂ ਚਲਾਉਣ ਵਾਲ਼ਿਆ, ਤੇਰੀ ਖ਼ੈਰ ਹੋਵੇ!"#

