ਤਾਜ ਮਹੱਲ ਮੈਲ਼ਾ ਹੋਣ ਬਾਰੇ ਸੁਪਰੀਮ ਕੋਰਟ ਨੇ
ਅਫ਼ਸਰਾਂ ਨੂੰ ਠਿੱਠ ਕੀਤਾ
<<<<<<<<<<<<<<>>>>>>>>>>>>>>
ਪਿਛਲੇ ਦਿਨੀਂ ਭਾਰਤ ਵੱਲੋਂ ਪ੍ਰਦੂਸ਼ਨ ਦੇ ਮਾਮਲੇ ਵਿਚ ਰਿਕਾਰਡ ਬਣਾਉਣ ਦੇ ਸਬੰਧ ਵਿਚ ਲੇਖ ਲਿਖਣ ਵੇਲ਼ੇ ਇਹ ਇਲਮ ਹੋਇਆ ਕਿ ਲੋਕਾਂ ਨੂੰ ਪਟਿਆਲਾ ਸ਼ਹਿਰ ਪ੍ਰਦੂਸ਼ਤ ਕਰਾਰ ਦੇਣ 'ਤੇ ਬਹੁਤ ਦੁੱਖ ਲੱਗਿਆ ਸੀ। ਮੈਂ ਇਸ ਨੂੰ ਇਕ ਚੰਗੀ ਅਲਾਮਤ ਸਮਝਦਾ ਹਾਂ। ਪਟਿਆਲੇ ਦਾ ਹੇਜ ਕਰਨ ਵਾਲ਼ੇ, ਉਸ ਦਾ ਹੇਜ ਵੀਹ ਵਾਰ ਕਰਦੇ ਰਹਿਣ, ਪਰ ਜਿਹੜੇ ਵਿਅਕਤੀ ਹੋਰ ਸ਼ਹਿਰਾਂ ਦੇ ਜਿਸ ਮੁਹੱਲੇ ਜਾਂ ਕਾਲੋਨੀ ਵਿਚ ਰਹਿੰਦੇ ਹਨ, ਉਹ ਉਸ ਮੁਹੱਲੇ ਜਾਂ ਕਾਲੋਨੀ ਦਾ ਹੇਜ ਕਰਨ ਲੱਗ ਪੈਣ ਤਾਂ ਪ੍ਰਦੂਸ਼ਨ ਦਾ ਯਾਨੀ ਗੰਦ ਦਾ ਮਸਲਾ ਕਿਸੇ ਹੱਦ ਤਕ ਕਾਬੂ ਵਿਚ ਆ ਸਕਦਾ ਹੈ। ਜੇ ਏਦਾਂ ਹੋ ਜਾਵੇ ਤਾਂ ਅਸੀਂ ਵੀ ਸਮਝਾਂਗੇ ਕਿ ਅਸੀਂ ਵੀ ਅੱਗ ਬੁਝਾਉਣ ਦੇ ਹੀਲੇ ਕਰਨ ਵਾਲ਼ੀ ਚਿੜੀ ਵਰਗੇ ਹੋ ਸਕਦੇ ਹਾਂ। ਇੱਥੇ ਇਕ ਚਿੱਟ-ਚਮੜੀਏ ਨੂੰ ਭਾਰਤ ਦਾ ਜ਼ਿਕਰ ਕਰਦਿਆਂ 'ਤਾਜ ਮਹੱਲ' ਦਾ ਜ਼ਿਕਰ ਕਰਦਿਆਂ ਸੁਣਿਆ ਤਾਂ ਹੈਰਤ ਵਿਚ ਪੈ ਗਿਆ ਸਾਂ ਕਿ ਇਹ ਲੋਕ, ਸਾਡੇ ਦੇਸ਼ ਦੇ ਬਹੁਤੇ ਲੋਕਾਂ ਨਾਲ਼ੋਂ ਕਿਤੇ ਵੱਧ ਸਾਡੇ ਦੇਸ਼ ਬਾਰੇ ਜਾਣਦੇ ਹਨ।
ਤਾਜ ਮਹੱਲ ਕਿਸ ਨੇ, ਕਿਸ ਦੀ ਯਾਦ ਵਿਚ ਬਣਵਾਇਆ ਸੀ, ਹੁਣ ਬਹੁਤ ਲੋਕਾਂ ਨੂੰ ਇਸ ਦਾ ਇਲਮ ਹੈ। ਇਕ ਗੱਲ ਦਾ ਇਲਮ ਸ਼ਾਇਦ ਬਹੁਤੇ ਲੋਕਾਂ ਨੂੰ ਨਾ ਹੋਵੇ। ਸਾਨੂੰ ਵੀ ਇਸ ਗੱਲ ਬਾਰੇ ਕਿੱਥੇ ਇਲਮ ਹੋਣਾ ਸੀ, ਜੇ ਤਾਜ ਮਹੱਲ ਦੇਖ ਕੇ ਆਇਆ ਇਕ ਬੰਦਾ ਇਹ ਗੱਲ ਨਾ ਸੁਣਾਉਂਦਾ। ਉਸ ਨੇ ਗੱਲ ਕੁੱਝ ਏਦਾਂ ਸੁਣਾਈ, "ਲਓ ਜੀ ਬੜੀ ਦੁਨੀਆ, ਬਾਦਸ਼ਾਹ ਸ਼ਾਹ ਜਹਾਨ ਵੱਲੋਂ ਬਣਵਾਏ ਹੋਏ ਇਸ ਮਹਿਲ ਨੂੰ ਦੇਖ ਰਹੀ ਸੀ। ਅਸੀਂ ਇਕ ਗੇੜਾ ਮਾਰ ਕੇ ਇਕ ਪਾਸੇ ਜਿਹੇ ਹੋਏ ਖੜ੍ਹੇ ਸਾਂ ਕਿ ਇਕ ਬੰਦਾ ਸਾਡੇ ਦੇਖਦਿਆਂ-ਦੇਖਦਿਆਂ ਚੌਥਾ ਗੇੜਾ ਮਾਰ ਕੇ ਸਾਡੇ ਕੋਲੋਂ ਦੀ ਲੰਘਦਿਆਂ ਕੁੱਝ ਏਦਾਂ ਕਹੀ ਜਾਂਦਾ ਸੀ, 'ਹੋ ਤਾਂ ਨਹੀਂ ਸਕਦਾ, ਸ਼ੈਦ ਹੋਵੇ। ਤਸੱਲੀ ਤਾਂ ਕਰ ਹੀ ਲੈਣੀ ਚਾਹੀਦੀ ਐ!" ਇਹ ਕਹਿੰਦਿਆਂ ਜਦੋਂ ਉਹ ਪੰਜਵੀਂ ਵਾਰੀ ਸਾਡੇ ਕੋਲ ਦੀ ਲੰਘਿਆ ਤਾਂ ਅਸੀਂ ਉਸ ਨੂੰ ਰੋਕ ਹੀ ਲਿਆ ਤੇ ਉਸ ਨੂੰ ਇਹ ਗੇੜੀਆਂ ਲਾਉਣ ਦੀ ਵਜ੍ਹਾ ਬਿਆਨਣ ਲਈ ਕਿਹਾ। ਉਹ ਸ਼ਾਇਦ ਪਹਿਲਾਂ ਹੀ ਆਪਣੇ ਮਨ ਦੀ ਘੁੰਡੀ ਖੋਲ੍ਹਣ ਲਈ ਉਤਾਵਲਾ ਸੀ।
"ਦੇਖੋ ਜੀ, ਦੁਨੀਆ ਤਾਜ ਮਹਿਲ ਦੇਖ-ਦੇਖ ਤੁਰੀ ਜਾਂਦੀ ਹੈ, ਪਰ ਕਿਸੇ ਨੇ ਵੀ ਇਸ ਬਿਲਡਿੰਗ ਵਿਚਲਾ ਇਹ ਨੁਕਸ ਨਹੀਂ ਦੇਖਿਆ ਕਿ ਇਸ ਵਿਚ ਕੋਈ 'ਵਾਸ਼ਰੂਮ' ਨਹੀਂ ਬਣਾਇਆ ਹੋਇਆ," ਰਾਜ ਮਿਸਤਰੀ ਲੱਗਦੇ ਉਸ ਆਦਮੀ ਨੇ ਇਹ ਭੇਤ, ਇਕ ਬਹੁਤ ਹੀ ਵੱਡੀ ਪ੍ਰਾਪਤੀ ਦਾ ਜ਼ਿਕਰ ਕਰਨ ਦੀ ਤਰਜ਼ ਵਿਚ ਜ਼ਾਹਰ ਕੀਤਾ, ਪਰ ਇਸ 'ਕਾਰੀਗ਼ਰ ਬੰਦੇ' ਵੱਲੋਂ ਤਾਜ ਮਹੱਲ ਦੇ ਪੰਜ ਗੇੜੇ ਮਾਰਦਿਆਂ ਜਿਹੜੀ ਗੱਲ ਤਾੜਨੋਂ ਰਹਿ ਗਈ ਸੀ, ਉਹ ਹੁਣ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਤਾੜ ਲਈ ਹੈ। 'ਚਿੱਟੇ ਸੰਗਮਰਮਰ' ਨਾਲ਼ ਬਣਾਏ ਹੋਏ ਤਾਜ ਮਹੱਲ ਦੇ 'ਮੈਲ਼ੇ ਹੋਣ' ਦਾ ਜ਼ਿਕਰ ਕਰਦਿਆਂ, ਇਕ ਗੁਨਾਹ ਕਰਨ ਦਾ ਅਹਿਸਾਸ ਸਾਨੂੰ ਵੀ ਹੋ ਰਿਹਾ ਹੈ ਕਿਉਂ ਕਿ ਅਸੀਂ ਆਪਣੀ ਗੱਲ ਘਰੋੜ ਕੇ ਕਰਨ ਦਾ ਹੀਲਾ ਕਰਦਿਆਂ 'ਸੰਗਮਰਮਰ' ਨਾਲ਼ 'ਚਿੱਟਾ' ਸ਼ਬਦ ਨੱਥੀ ਕਰ ਦਿੱਤਾ ਹੈ ਜਦੋਂ ਕਿ ਸੰਗਮਰਮਰ ਹੁੰਦਾ ਹੀ ਚਿੱਟਾ ਹੈ। ਓਦਾਂ ਹੁਣ ਤਾਜ ਮਹੱਲ ਦੇ ਪੱਥਰ ਦਾ ਰੰਗ, ਚਿੱਟੇ ਤੋਂ ਗੂੜ੍ਹਾ ਬਦਾਮੀ ਹੋਣ ਲਈ ਤਿਆਰ ਹੈ। ਤਾਜ ਮਹੱਲ ਨੂੰ ਇਹ ਰੰਗ-ਰੋਗਨ ਪ੍ਰਦੂਸ਼ਤ ਹਵਾ ਕੀਤਾ ਹੈ। ਆਗਰੇ ਵਿਖੇ 17ਵੀਂ ਸਦੀ ਦੌਰਾਨ ਉਸਾਰੀ ਗਈ ਇਹ ਇਮਾਰਤ, 'ਵਿਸ਼ਵ ਸਿਹਤ ਸੰਗਠਨ' ਯਾਨੀ 'ਵਰਲਡ ਹੈਲਥ ਆਰਗੇਨਾਈਜ਼ੇਸ਼ਨ' ਯਾਨੀ 'ਡਬਲਯੂ.ਐੱਚ.ਓ.' ਦੀਆਂ ਨਜ਼ਰਾਂ ਵਿਚ ਸੰਸਾਰ ਦੀ ਅੱਠਵੀਂ ਸਭ ਤੋਂ ਜ਼ਿਆਦਾ ਬੁਰੀ ਤਰ੍ਹਾਂ ਪ੍ਰਦੂਸ਼ਤ ਇਮਾਰਤ ਹੈ।
ਤਾਜ ਮਹੱਲ ਦੇ ਇੰਨੇ ਜ਼ਿਆਦਾ ਮੈਲ਼ੇ ਹੋਣ ਦੀ ਵਜ੍ਹਾਵਾਂ ਦੱਸਣ ਵਾਲ਼ੇ ਮਾਹਰਾਂ ਦਾ ਕਹਿਣ ਹੈ ਕਿ ਤਾਜ ਮਹੱਲ ਦਾ ਕੋਰੇ ਲੱਠੇ ਵਰਗਾ ਰੰਗ, ਕਾਰਖ਼ਾਨਿਆਂ ਅਤੇ ਮੋਟਰ-ਗੱਡੀਆਂ ਵਿਚੋਂ ਨਿੱਕਲਦੇ ਧੂੰਏਂ ਨੇ ਹੀ ਮੈਲ਼ਾ ਨਹੀਂ ਕੀਤਾ, ਸਗੋਂ ਨੇੜਿਓਂ ਲੰਘਦੀ ਨਦੀ, ਜੋ ਕੂੜੇ ਅਤੇ ਗੰਦ ਨਾਲ਼ ਭਰੀ ਪਈ ਹੈ, ਵਿਚੋਂ ਉੱਡਦੇ ਕੀਟ-ਪਤੰਗਿਆਂ ਵੱਲੋਂ ਇਸ ਉੱਤੇ ਬਿੱਠਾਂ ਕਰਨ ਨਾਲ਼ ਵੀ ਬਦਰੰਗਾ ਹੋਇਆ ਹੈ। ਹਰ ਸਾਲ ਲੱਖਾਂ ਹੀ ਸੈਲਾਨੀ ਇਹ ਮਰਮਰੀ ਇਮਾਰਤ ਦੇਖਣ ਆਉਂਦੇ ਹਨ, ਪਰ ਸਥਾਨਕ ਗਾਈਡਾਂ ਦਾ ਕਹਿਣ ਹੈ ਕਿ ਪ੍ਰਦੂਸ਼ਨ ਦੀ ਵਜ੍ਹਾ ਨਾਲ਼ ਇੱਥੇ ਆਉਣ ਵਾਲ਼ੇ ਸੈਲਾਨੀਆਂ ਦੀ ਗਿਣਤੀ ਦਿਨੋਂ-ਦਿਨ ਘਟਦੀ ਜਾ ਰਹੀ ਹੈ।
ਤਾਜ ਮਹੱਲ ਦੇ ਮੈਲ਼ੇ ਅਤੇ ਬਦਰੰਗ ਹੋਈ ਜਾਣ ਦੇ ਸਬੰਧ ਵਿਚ ਚਿੰਤਾ ਕਰਦਿਆਂ ਭਾਰਤ ਦੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਕਿਹਾ ਹੈ ਕਿ ਮੁਗ਼ਲ-ਕਾਲ ਦੀ ਇਸ ਸ਼ਾਨਦਾਰ ਇਮਾਰਤ ਦੀ ਅਜ਼ੀਮ ਸ਼ਾਨ ਬਹਾਲ ਕਰਨ ਲਈ ਬਾਹਰੋਂ ਕਰੀਗ਼ਰ ਮੰਗਵਾਉਣ ਬਾਰੇ ਵਿਚਾਰਾਂ ਕਰਨ। ਜਸਟਿਸ ਐੱਮ.ਬੀ. ਲੋਕੁਰ ਅਤੇ ਜਸਟਿਸ ਦੀਪਕ ਗੁਪਤਾ 'ਤੇ ਆਧਾਰਤ ਬੈਂਚ ਨੇ ਵਕੀਲ ਐੱਮ.ਸੀ. ਮਹਿਤਾ ਵੱਲੋਂ ਬੈਂਚ ਅੱਗੇ ਪੇਸ਼ ਕੀਤੀਆਂ ਹੋਈਆਂ ਤਸਵੀਰਾਂ ਦੇਖੀਆਂ। ਇਨ੍ਹਾਂ ਜੱਜਾਂ ਨੇ ਦੇਖਿਆ ਕਿ ਸੰਗਮਰਮਰ ਦਾ ਰੰਗ, ਚਿੱਟੇ ਤੋਂ ਪੀਲ਼ਾ ਹੋਣ ਮਗਰੋਂ ਹਰਾ ਅਤੇ ਕਾਲ਼ਾ ਹੁੰਦਾ ਲੱਗਦਾ ਹੈ।
ਸ਼੍ਰੀ ਮਹਿਤਾ ਨੇ 1984 ਤੋਂ ਇਕ ਪਟੀਸ਼ਨ ਦਾਇਰ ਕਰ ਕੇ ਅਦਾਲਤ ਦਾ ਧਿਆਨ ਇਸ ਗੱਲ ਵੱਲ਼ ਦੁਆਇਆ ਹੋਇਆ ਹੈ ਕਿ ਤਾਜ ਮਹੱਲ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ। ਉਦੋਂ ਤੋਂ ਹੀ ਇਹ ਅਦਾਲਤ, ਇਸ ਇਤਿਹਾਸਕ ਇਮਾਰਤ ਦਾ ਬਚਾਅ ਕਰਨ ਦੇ ਸਬੰਧ ਵਿਚ ਕੀਤੇ ਜਾ ਰਹੇ ਹੀਲਿਆਂ ਉੱਤੇ ਨਜ਼ਰ ਰੱਖ ਰਹੀ ਹੈ। ਮੁਗ਼ਲ ਸ਼ਹਿਨਸ਼ਾਹ ਸ਼ਾਹ ਜਹਾਨ ਨੇ ਇਹ ਮਹੱਲ ਆਪਣੀ ਮਲਕਾ ਮੁਮਤਾਜ਼ ਦੀ ਯਾਦ ਵਿਚ, 1631 ਵਿਚ ਬਣਵਾਇਆ ਸੀ। ਹੁਣ ਇਹ ਇਮਾਰਤ, 'ਯੂਨੈਸਕੋ ਵਰਲਡ ਹੈਰੀਟੇਜ ਸਾਈਟ' ਯਾਨੀ 'ਵਿਸ਼ਵ ਵਿਰਾਸਤ ਦਾ ਹਿੱਸਾ' ਹੈ।
ਇਸ ਪਟੀਸ਼ਨ ਦੀ ਸੁਣਵਾਈ ਦੌਰਾਨ, ਜੱਜਾਂ ਦੇ ਇਸ ਬੈਂਚ ਨੇ ਅਦਾਲਤ ਵਿਚ ਪੇਸ਼ ਹੋਏ, ਕੇਂਦਰ ਸਰਕਾਰ ਤੇ ਉੱਤਰ ਪ੍ਰਦੇਸ਼ ਸਰਕਾਰ ਦੇ ਦੋ ਅਧਿਕਾਰੀਆਂ ਨੂੰ ਕਿਹਾ, "ਏਦਾਂ ਲੱਗਦਾ ਹੈ ਕਿ ਜਾਂ ਤਾਂ ਤੁਹਾਡੇ ਕੋਲ ਇਸ ਸਬੰਧ ਵਿਚ ਵਰਤੀ ਜਾਣ ਵਾਲ਼ੀ ਮੁਹਾਰਤ ਨਹੀਂ ਹੈ ਜਾਂ ਜੇ ਹੈ ਤਾਂ ਤੁਸੀਂ ਉਹ ਮੁਹਾਰਤ ਵਰਤਣੀ ਨਹੀਂ ਚਾਹੁੰਦੇ। ਜਾਂ ਫਿਰ ਇਹ ਗੱਲ ਹੈ ਕਿ ਤੁਹਾਨੂੰ ਇਸ (ਤਾਜ ਮਹੱਲ) ਦੀ ਚਿੰਤਾ ਹੀ ਨਹੀਂ ਹੈ। ਜਿਹੜੀ ਵੀ ਕੋਈ ਵਿਦੇਸ਼ੀ ਸ਼ਖ਼ਸੀਅਤ ਭਾਰਤ ਦਾ ਦੌਰਾ ਕਰਨ ਆਉਂਦੀ ਹੈ, ਉਸ ਨੂੰ ਤਾਜ ਮਹੱਲ ਦੇਖਣ ਲਿਆਇਆ ਜਾਂਦਾ ਹੈ। ਤਾਜ ਮਹੱਲ ਬਚਾਉਣਾ ਹੈ ਜਾਂ ਨਹੀਂ, ਤੁਹਾਨੂੰ ਇਸ ਬਾਰੇ ਫ਼ੈਸਲਾ ਕਰਨਾ ਪੈਣਾ ਹੈ। ਇਹੋ ਜਿਹਾ ਸਮਾਂ ਵੀ ਆ ਸਕਦਾ ਹੈ, ਜਦੋਂ ਸਾਡੇ ਕੋਲ ਇਸ ਸਥਿਤੀ ਨਾਲ਼ ਸਿੱਝਣ ਲਈ ਕੋਈ ਨਿਆਂਇਕ ਆਧਾਰ ਨਾ ਰਹੇ।" ਇਹ ਸੁਣਵਾਈ ਹੋਣ ਦੌਰਾਨ, ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਅਡੀਸ਼ਨਲ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਅਤੇ ਕੇਂਦਰ ਸਰਕਾਰ ਵੱਲੋਂ ਅਡੀਸ਼ਨਲ ਸਾਲਿਸਟਰ ਜਨਰਲ ਏ.ਐੱਸ. ਨਾਡਕਰਨੀ ਹਾਜ਼ਰ ਸਨ।
ਅਦਾਲਤ ਨੇ ਇਸ ਮੌਕੇ 'ਤੇ ਇਨ੍ਹਾਂ ਕਾਨੂੰਨ ਅਧਿਕਾਰੀਆਂ ਨੂੰ ਪੁੱਛਿਆ ਕਿ ਉਹ ਆਖ਼ਰੀ ਵਾਰ ਤਾਜ ਮਹੱਲ ਦੇਖਣ ਕਦੋਂ ਗਏ ਸਨ। ਦੋਹਾਂ ਨੇ ਕਿਹਾ ਕਿ ਦਸ ਸਾਲ ਪਹਿਲਾਂ ਕਦੇ ਗਏ ਸਨ। ਇਹ ਸੁਣ ਕੇ ਜੱਜਾਂ ਨੇ ਉਨ੍ਹਾਂ ਦੋਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਦੋਵੇਂ ਹੀ ਆਗਰੇ ਜਾ ਕੇ ਆਉਣ। ਆਗਰੇ ਜਾ ਆਉਣ ਮਗਰੋਂ ਆਪਣੀ ਰਿਪੋਰਟ ਦੇਣ ਲਈ ਇਕ ਹਫ਼ਤੇ ਦਾ ਸਮਾਂ ਦਿੰਦਿਆਂ ਅਦਾਲਤ ਨੇ ਇਨ੍ਹਾਂ ਦੋਹਾਂ ਅਧਿਕਾਰੀਆਂ ਨੂੰ ਕਿਹਾ, "ਤੁਸੀਂ ਸਾਰੇ ਹੀ ਬੇਵੱਸ ਜਿਹੇ ਲੱਗਦੇ ਹੋ। ਇਸ ਸਬੰਧ ਵਿਚ ਖ਼ਰਚਣ ਖ਼ਾਤਰ ਰਕਮ ਬਾਰੇ ਬਹੁਤਾ ਸੋਚਣ ਦੀ ਲੋੜ ਨਹੀਂ ਹੈ। ਅਸੀਂ ਤੁਹਾਨੂੰ ਇਸ ਸਬੰਧ ਵਿਚ ਇਹ ਹੁਕਮ ਵੀ ਦੇ ਸਕਦੇ ਹਾਂ ਕਿ ਕਾਰੀਗ਼ਰ ਭਾਰਤ ਵਿਚੋਂ ਲਏ ਜਾਣ ਜਾਂ ਵਿਦੇਸ਼ਾਂ ਤੋਂ ਮੰਗਵਾਏ ਜਾਣ, ਅਸੀਂ ਬੱਸ ਇਹੋ ਚਾਹੁੰਦੇ ਹਾਂ ਕਿ ਤਾਜ ਮਹੱਲ ਬਚਣਾ ਚਾਹੀਦਾ ਹੈ।
ਆਪਣੀ ਇਕ ਤਾਜ਼ਾ ਦਰਖ਼ਾਸਤ ਵਿਚ ਸ਼੍ਰੀ ਮਹਿਤਾ ਨੇ ਇਹ ਦੋਸ਼ ਲਗਾਏ ਹਨ ਕਿ ਪਾਣੀ ਅਤੇ ਹਵਾ ਦੇ ਪ੍ਰਦੂਸ਼ਨ ਦੀ ਵਜ੍ਹਾ ਨਾਲ਼ ਕੀੜਿਆਂ ਦੀ ਇਕ ਨਸਲ ਨੇ ਤਾਜ ਮਹੱਲ ਦੀ ਚਾਰਦੀਵਾਰੀ 'ਖਾਣੀ' ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਤਾਜ ਮਹੱਲ ਦੇ ਨੇੜਿਓ ਵਗਦੀ ਜਮਨਾ ਨਦੀ ਵਿਚ ਪ੍ਰਦੂਸ਼ਨ ਫੈਲ਼ਿਆ ਹੋਇਆ ਦਿਖਾਉਂਦੀਆਂ ਕੁੱਝ ਤਸਵੀਰਾਂ ਵੀ ਜੱਜਾਂ ਨੂੰ ਦਿਖਾਈਆਂ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਤਾਜ ਮਹੱਲ ਨੇੜਲ਼ੇ ਖਾਲ਼ੇ, ਗੰਦ ਨਾਲ਼ ਭਰੇ ਹੋਏ ਹਨ ਤੇ ਇਸ ਇਲਾਕੇ ਦੀਆਂ ਸਨਅਤਾਂ, ਸੁਪਰੀਮ ਕੋਰਟ ਵੱਲੋਂ 1996 ਵਿਚ ਇਹ ਸਨਅਤਾਂ ਬੰਦ ਕਰਨ ਸਬੰਧੀ ਸੁਣਾਏ ਹੋਏ ਇਕ ਹੁਕਮ ਦੀਆਂ ਧੱਜੀਆਂ ਉਡਾ ਰਹੀਆਂ ਹਨ। ਸ਼੍ਰੀ ਮਹਿਤਾ ਨੇ ਕਿਹਾ ਕਿ ਤਾਜ ਮਹੱਲ ਦੀ ਚਾਰਦੀਵਾਰੀ ਦੇ ਅੰਦਰ ਲਗਾਏ ਹੋਏ ਕੈਮਰੇ ਵੀ ਬੰਦ ਹਨ।
ਤਾਜ ਮਹੱਲ, ਜੋ 'ਜਹਾਨ ਦੇ ਸੱਤਵੇਂ ਅਜੂਬੇ' ਵਜੋਂ 'ਮਸ਼ਹੂਰ' ਹੈ, ਹੁਣ 'ਜਹਾਨ ਦੇ ਸੱਤਵੇਂ ਪ੍ਰਦੂਸ਼ਤ ਅਜੂਬੇ' ਵਜੋਂ 'ਬਦਨਾਮ' ਹੋਣ ਦੀ ਵਿਲੱਖਣਤਾ ਵੀ ਹਾਸਲ ਕਰਨ ਲਈ ਤਿਆਰ ਜਾਪਦਾ ਹੈ। ਇਸ ਇਮਾਰਤ ਦੇ ਇਸ 'ਸ਼ੰਗਾਰ' ਵਿਚ ਕੂੜੇ ਅਤੇ ਗੰਦ ਨਾਲ਼ ਭਰੀ ਜਮਨਾ ਦਾ ਹੀ ਯੋਗਦਾਨ ਨਹੀਂ ਹੈ, ਸਗੋਂ ਆਗਰਾ ਦੇ ਉੱਤਰੀ ਹਿੱਸੇ ਵਿਚੋਂ ਉੱਠਦੇ ਧੂੰਏਂ ਅਤੇ ਧੂੰਆਂ ਉਗਲਦੀਆਂ ਮੋਟਰ-ਗੱਡੀਆਂ ਦਾ ਵੀ ਕਾਫ਼ੀ ਯੋਗਦਾਨ ਹੈ। ਇਸ ਸਬੰਧ ਵਿਚ ਸਰਕਾਰਾਂ ਅਤੇ ਉਨ੍ਹਾਂ ਦੇ ਅਧਿਕਾਰੀ ਖ਼ਾਮੋਸ਼ ਹਨ। ਆਗਰੇ ਲਈ ਪੁਰਾਤੱਤਵ ਨਿਗਰਾਨ ਭੁਵਨ ਵਿਕਰਮ ਦਾ ਕਹਿਣ ਹੈ ਕਿ ਉਨ੍ਹਾਂ ਨੂੰ ਪੱਤਰਕਾਰਾਂ ਨਾਲ਼ ਗੱਲ-ਬਾਤ ਕਰਨ ਦਾ ਹੱਕ ਨਹੀਂ ਹੈ। ਸਭਿਆਚਾਰ ਮੰਤਰੀ ਮਹੇਸ਼ ਸ਼ਰਮਾ, ਜਿਨ੍ਹਾਂ ਦਾ ਵਿਭਾਗ, ਇਤਿਹਾਸਕ ਇਮਾਰਤਾਂ ਦੀ ਨਿਗਰਾਨੀ ਕਰਨ ਲਈ ਜ਼ਿੰਮੇਵਾਰ ਹੈ, ਦਾ ਕਹਿਣ ਹੈ ਕਿ ਇਸ ਸਬੰਧ ਵਿਚ ਵਾਤਾਵਰਣ ਮੰਤਰਾਲੇ ਦਾ ਬੋਲਣਾ ਬਣਦਾ ਹੈ, ਪਰ ਵਾਤਾਵਰਣ ਮੰਤਰੀ ਇਸ ਸਬੰਧ ਵਿਚ ਟਿੱਪਣੀ ਕਰਨ ਲਈ ਮੌਜੂਦ ਨਹੀਂ ਸਨ।#
(1) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਨ੍ਹਾਂ ਦੀ ਪਤਨੀ ਸੋਫੀ ਗਰੇਗੌਇਰ ਟਰੂਡੋ, ਉਨ੍ਹਾਂ ਦੇ ਬੱਚੇ ਜ਼ੇਵੀਅਰ, ਏੱਲਾ ਗਰੇਸ ਅਤੇ ਹੈਡਰੀਅਨ, ਤਾਜ ਮਹੱਲ ਦਾ ਗੇੜਾ ਮਾਰਨ ਵੇਲ਼ੇ (2) ਤਾਜ ਮਹੱਲ ਦੇ ਨੇੜਲੇ ਇਲਾਕੇ ਵਿਚ ਪਿਆ ਹੋਇਆ ਗੰਦ (3) ਤਾਜ ਮਹੱਲ ਦੇ ਪਿਛਵਾੜੇ ਵਹਿੰਦੀ ਜਮਨਾ ਦੇ 'ਦਰਸ਼ਨ' (4) ਪ੍ਰਦੂਸ਼ਤ ਤਾਜ ਮਹੱਲ



