ਸ਼ਬਦੰਗਲ-60



ਕੁੱਝ ਗੋਲ਼ੀਆਂ 'ਨਿਗਲ਼ੀ' ਜਾਂਦੇ ਨੇ ਤੇ ਕੁੱਝ 
ਨੂੰ ਗੋਲ਼ੀਆਂ 'ਨਿਗਲ਼ੀ' ਜਾਂਦੀਆਂ ਨੇ
*********************************
ਕਈ ਦਿਨਾਂ ਤੋਂ ਘਰ ਦੇ ਅੰਦਰ ਵੀ ਤੇ ਬਾਹਰ ਵੀ ਉਨ੍ਹਾਂ ਗੋਲ਼ੀਆਂ ਦੀ ਚਰਚਾ ਹੈ, ਜਿਨ੍ਹਾਂ ਨੇ ਪਿਛਲੇ ਦਿਨੀਂ ਸਰੀ (ਕੈਨੇਡਾ) ਦੇ ਦੋ ਸਕੂਲੀ ਬੱਚੇ ਨਿਗਲ਼ ਲਏ ਹਨ। ਹੁਣ ਤਾਂ ਏਦਾਂ ਹੀ ਲੱਗਦਾ ਹੈ ਕਿ ਉਨ੍ਹਾਂ ਗੋਲ਼ੀਆਂ ਦਾ ਡੌਂਅ ਹਾਲੇ ਵੀ ਬੁਝਿਆ ਨਹੀਂ ਤੇ ਉਹ ਮੇਰਾ ਵੀ ਪਿੱਛਾ ਕਰ ਰਹੀਆਂ ਹਨ। ਮਾਪੇ ਹਾਲ-ਦੁਹਾਈ ਪਾ ਰਹੇ ਹਨ, ਅਧਿਆਪਕ ਅਤੇ ਪਿੰ੍ਸੀਪਲ ਬੋਲੀ ਜਾ ਰਹੇ ਹਨ, ਪੁਲਸ ਵੀ ਕਿਤੇ-ਕਿਤੇ ਬੋਲਦੀ ਸੁਣਦੀ ਹੈ, ਪਰ ਕਿਸੇ ਦੇ ਵੀ ਬੋਲ ਪੱਲੇ ਨਹੀਂ ਪੈਂਦੇ। ਸਰਕਾਰ ਵੀ ਸਰਕੀ ਹੋਈ ਲੱਗਦੀ ਹੈ ਤੇ ਇਸ ਮਸਲੇ ਦੇ ਹੱਲ ਦਾ ਕੋਈ ਸਪੱਸ਼ਟ ਸੂਤਰ ਨਜ਼ਰ ਨਹੀਂ ਆ ਰਿਹਾ। ਨਾ ਗੱਲ ਮੁੱਕਦੀ ਹੈ, ਨਾ ਸਿਰੇ ਲੱਗਦੀ ਹੈ। ਇਹੋ ਜਿਹੇ ਹਾਲਾਤ ਵਿਚ ਤੁਹਾਨੂੰ ਕੁੱਝ ਲਿਖਣਾ ਪਵੇ ਤਾਂ ਤੁਸੀਂ ਕੀ ਕਰ ਲਓਗੇ। ਮਨ ਹੀ ਬੁਝਿਆ ਹੋਇਆ ਹੈ ਤਾਂ ਹਰਫ਼ਾਂ ਦਾ ਦੀਵਾ ਕਿੱਦਾਂ ਜਗੇ। ਸੱਚੀਂ, ਕਲਮ ਕਦੇ ਵੀ ਇੰਨੀ ਮਜਬੂਰ ਨਹੀਂ ਸੀ ਹੋਈ।
ਮਨ ਇਸ ਪਾਸੇ ਹੀ ਉਲਝਿਆ ਹੋਇਆ ਸੀ ਕਿ ਇਕ ਖ਼ਬਰ ਆ ਗਈ ਕਿ ਕੈਨੇਡਾ ਵਿਚ ਹੀ ਸਬਜ਼ੀਆਂ ਤੇ ਸਲਾਦ ਖਾ-ਖਾ ਅੱਕੇ ਹੋਏ ਇਕ ਬੱਚੇ ਨੇ, ਉਸ ਦੇ ਮਾਪਿਆਂ ਵੱਲੋਂ ਰਾਤ ਦੇ ਖਾਣੇ ਵੇਲ਼ੇ ਉਸ ਅੱਗੇ ਸਲਾਦ ਪ੍ਰੋਸਣ ਦੀ ਵਜ੍ਹਾ ਨਾਲ਼ ਫੋਨ ਕਰ ਕੇ ਪੁਲਸ ਸੱਦ ਲਈ। ਇਹ ਮਾਮਲਾ, ਨੋਵਾ ਸਕੋਸ਼ੀਆ ਦੀ ਪੁਲਸ ਨੂੰ ਪੇਸ਼ ਆਇਆ ਹੈ। ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਉਹ, ਇਸ ਫੋਨ-ਕਾਲ ਸਬੰਧੀ ਕਾਰਵਾਈ ਕਰਨ ਜਾ ਰਹੇ ਸਨ ਕਿ ਉਨ੍ਹਾਂ ਨੂੰ ਰਾਹ ਵਿਚ ਹੀ ਇਕ ਹੋਰ ਫੋਨ-ਕਾਲ ਆ ਗਈ ਤੇ ਫੋਨ ਕਰਨ ਵਾਲ਼ੇ (ਬੱਚੇ) ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਦੋਂ ਤਕ ਪਹੁੰਚ ਰਹੇ ਹਨ। ਇਸ ਦੇ ਨਾਲ਼ ਹੀ ਉਸ ਨੇ ਦੱਸਿਆ ਕਿ ਉਸ ਨੂੰ ਸਲਾਦ ਖਾਣਾ ਬਹੁਤ ਹੀ ਔਖਾ ਲੱਗ ਰਿਹਾ ਹੈ।
ਪੁਲਸ ਨੇ ਜਾਂਦਿਆਂ ਹੀ, ਇਸ ਬੱਚੇ ਦੇ ਮਾਪਿਆਂ ਨੂੰ 'ਹੁਕਮ ਸੁਣਾਇਆ' ਕਿ ਉਹ ਆਪਣੇ ਬੱਚਿਆਂ ਨੂੰ ਇਹ ਸਮਝਾਇਆ ਕਰਨ ਕਿ ਪੁਲਸ ਨੂੰ (911 ਉੱਤੇ) ਫੋਨ ਕਰਨ ਦੀ ਸਹੀ ਵਜ੍ਹਾ ਕੀ ਹੁੰਦੀ ਹੈ। 'ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ' ਨੇ ਇਕ ਬਿਆਨ ਰਾਹੀਂ ਕਿਹਾ, "ਬਹੁਤ ਸਾਰੇ ਲੋਕਾਂ ਨੂੰ ਸਲਾਦ ਖਾਣ ਵਿਚ ਸੁਆਦ ਨਹੀਂ ਆਉਂਦਾ ਹੋਵੇਗਾ। ਇਹ, ਇਹੋ ਜਿਹਾ ਅਹਿਮ ਮਾਮਲਾ ਹੈ, ਜਿਸ ਬਾਰੇ ਹਰ ਉਮਰ ਦੇ ਜੀਆਂ ਨਾਲ਼ ਵਿਚਾਰ-ਵਟਾਂਦਰਾ ਕਰਨਾ ਬਣਦਾ ਹੈ। ਹਰ ਉਮਰ ਦੇ ਜੀਆਂ ਵੱਲੋਂ ਐਵੇਂ ਹੀ 911 ਉੱਤੇ ਫੋਨ ਕਰਨ ਨਾਲ਼ ਨਾ ਸਿਰਫ਼ ਸਰਕਾਰੀ ਵਸੀਲਿਆਂ ਸਿਰ ਨਜਾਇਜ਼ ਬੋਝ ਪੈਂਦਾ ਹੈ, ਸਗੋਂ ਸੱਚਮੁੱਚ ਹੀ ਕੋਈ ਬਿਪਤਾ ਪੈਣ ਵੇਲ਼ੇ ਪੁਲਸ ਵੱਲੋਂ ਵੇਲ਼ੇ ਸਿਰ ਪਹੁੰਚਣ ਵਿਚ ਰੁਕਾਵਟ ਵੀ ਪੈਂਦੀ ਹੈ।" 
ਕੈਨੇਡਾ ਵਿਚ ਹੀ ਇਕ ਵਾਰ ਇਕ ਔਰਤ ਨੇ ਕਿਸੇ ਰੈਸਟੋਰੈਂਟ ਵਿਚ ਉਸ ਦਾ 'ਆਰਡਰ' ਭੁਗਤਾਉਣ ਵਿਚ ਦੇਰ ਕਰਨ 'ਤੇ ਉਸ ਰੈਸਟੋਰੈਂਟ ਦੇ ਸਟਾਫ਼ ਦੇ ਖ਼ਿਲਾਫ਼ ਪੁਲਸ ਨੂੰ ਫੋਨ ਕਰ ਦਿੱਤਾ ਸੀ। ਉਸ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਲਈ ਪੀਜ਼ਾ ਸਮੇਂ ਸਿਰ ਨਹੀਂ ਬਣਾਇਆ ਗਿਆ। ਪੀਜ਼ੇ ਦਾ ਤਾਂ ਪਤਾ ਨਹੀਂ, ਪੁਲਸ ਨੇ ਆ ਕੇ ਉਸ ਔਰਤ ਨੂੰ ਇਹ ਸਬਕ ਜ਼ਰੂਰ 'ਛਕਾਇਆ' ਕਿ ਸੱਚੀਂ ਬਿਪਤਾ ਪੈਣ ਵੇਲ਼ੇ ਹੀ ਜਾਂ ਹੰਗਾਮੀ ਹਾਲਤ ਹੋਣ ਦੀ ਸੂਰਤ ਵਿਚ ਹੀ ਪੁਲਸ ਨੂੰ ਫੋਨ ਕੀਤਾ ਜਾਵੇ। ਇਕ ਪਾਸੇ ਪੁਲਸ ਇਹ ਕਹਿ ਰਹੀ ਹੈ, ਦੂਜੇ ਪਾਸੇ ਸਕੂਲਾਂ ਵਿਚ ਪੜ੍ਹਦੇ ਭੋਲ਼ੇ-ਭਾਲ਼ੇ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਉਹ ਆਪਣੇ ਮਾਪਿਆਂ ਦਾ 'ਜ਼ੁਲਮ' ਨਾ ਸਹਾਰਨ ਤੇ ਤੁਰੰਤ ਹੀ ਇਸ ਸਬੰਧ ਵਿਚ ਪੁਲਸ ਨੂੰ ਫੋਨ ਕਰ ਦੇਣ।
ਇਹੋ ਜਿਹੀ ਹਾਲਤ ਵਿਚ ਮਾਪੇ ਆਪਣੀ ਔਲਾਦ ਨੂੰ ਸਲਾਦ ਖਾਣ ਲਈ ਜਾਂ ਕੋਈ ਹੋਰ 'ਵਾਜਬ ਕੰਮ' ਕਰਨ ਲਈ ਕਹਿ ਸਕਣਗੇ ਜਾਂ ਨਹੀਂ? ਇਹ ਬਹੁਤ ਵੱਡਾ ਸੁਆਲ ਹੈ। ਮਾਪੇ ਹਰ ਵੇਲ਼ੇ ਡਰਦੇ ਰਹਿੰਦੇ ਹਨ ਕਿ ਕਿਤੇ ਉਨ੍ਹਾਂ ਦਾ ਕੋਈ ਬੱਚਾ, 'ਸਲਾਦ ਖੁਆਉਣ' ਵਰਗੇ ਕਿਸੇ 'ਮਾਮੂਲੀ ਜਿਹੇ ਮਾਮਲੇ' ਪਿੱਛੇ ਹੀ ਉਨ੍ਹਾਂ ਨੂੰ ਪੁਲਸ ਦੀਆਂ 'ਗ਼ੈਰਮਾਮੂਲੀ ਝਿੜਕਾਂ' ਨਾ ਪੁਆ ਦੇਵੇ।
ਇਸ ਦੌਰਾਨ ਹੀ 8 ਜੂਨ ਨੂੰ ਇਹ ਖ਼ਬਰ ਆ ਗਈ, "ਦੋ ਜਸਕਰਨ ਗੋਲੀਆਂ ਮਾਰ ਕੇ ਮਾਰ ਸੁੱਟੇ ਗਏ"। ਇਕ ਰਿਪੋਰਟ ਅਨੁਸਾਰ:
"ਜਸਕਰਨ ਸਿੰਘ ਭੰਗਲ (17) ਅਤੇ ਜਸਕਰਨ ਸਿੰਘ ਝੁੱਟੀ (16) ਦੇ ਗੋਲੀਆਂ ਮਾਰ ਕੇ ਕੀਤੇ ਕਤਲ ਨੇ ਸਰੀ ਦੇ ਘਰ-ਘਰ 'ਚ ਮਾਤਮ ਫੈਲਾ ਦਿੱਤਾ ਹੈ। ਦੋਵੇਂ ਪੰਜਾਬੀ ਲੜਕਿਆਂ ਦੀਆਂ ਲਾਸ਼ਾਂ ਪੁਲੀਸ ਨੂੰ ਸਾਊਥ ਸਰੀ ਦੀ 40 ਐਵੇਨਿਊ ਤੇ 188 ਸਟਰੀਟ ਨੇੜਿਓਂ ਮਿਲੀਆਂ। ਪੁਲੀਸ ਮੁਤਾਬਿਕ, ਮਾਰੇ ਗਏ ਜਸਕਰਨ ਸਿੰਘ ਭੰਗਲ ਅਤੇ ਜਸਕਰਨ ਸਿੰਘ ਝੁੱਟੀ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਸੀ। ਉਨ੍ਹਾਂ ਦੇ ਦੋਸਤਾਂ ਦਾ ਕਹਿਣਾ ਹੈ ਕਿ ਦੋਵੇਂ ਹੀ ਸਕੂਲ ਤੋਂ ਬਾਅਦ ਦੁਪਹਿਰ ਆਪਣੇ ਜਾਣਕਾਰ ਦੀ ਕਾਰ ਵਿਚ ਬਹਿ ਕੇ ਗਏ ਸਨ। ਮਿਲੀ ਜਾਣਕਾਰੀ ਮੁਤਾਬਿਕ ਕੁੱਝ ਚਸ਼ਮਦੀਦ ਗਵਾਹ ਸ਼ੱਕੀ ਹਮਲਾਵਰਾਂ ਦੀ ਪਛਾਣ ਕਰਵਾਉਣ ਲਈ ਪੁਲੀਸ ਦੀ ਮੱਦਦ ਕਰ ਰਹੇ ਹਨ।
ਇਨ੍ਹਾਂ ਕਤਲਾਂ ਬਾਰੇ ਬੇਸ਼ੱਕ ਬਹੁਤ ਸਾਰੀ ਜਾਣਕਾਰੀ ਬਾਹਰ ਆ ਰਹੀ ਹੈ, ਪਰ ਪੁਲੀਸ ਦੀ ਜਾਂਚ ਪ੍ਰਭਾਵਿਤ ਨਾ ਹੋਵੇ, ਇਸ ਲਈ ਮੀਡੀਆ ਜਾਣਕਾਰੀ ਜ਼ਾਹਰ ਕਰਨ ਤੋਂ ਗੁਰੇਜ਼ ਕਰ ਰਿਹਾ ਹੈ। ਜਾਪਦਾ ਹੈ ਕਿ ਦੋਸ਼ੀ ਜਲਦ ਫੜੇ ਜਾਣਗੇ। ਇਨ੍ਹਾਂ ਕਤਲਾਂ ਨੇ ਦੋ ਘਰਾਂ 'ਚ ਤਾਂ ਸੱਥਰ ਵਿਛਾਏ ਹੀ ਹਨ, ਨਾਲ਼ ਹੀ ਬਹੁਤ ਸਾਰੇ ਲੋਕਾਂ ਨੂੰ ਵੀ ਇਹ ਮਹਿਸੂਸ ਹੋਣ ਲਾ ਦਿੱਤਾ ਹੈ ਕਿ ਇਹ ਅੱਗ ਜਲਦ ਹੀ ਉਨ੍ਹਾਂ ਦੇ ਘਰਾਂ ਤਕ ਵੀ ਪੁੱਜ ਸਕਦੀ ਹੈ।
ਸਰੀ ਦੇ ਹਾਈ ਸਕੂਲਾਂ 'ਚ ਪੜ੍ਹ ਰਹੇ ਤੇ ਪੜ੍ਹ ਚੁੱਕੇ ਅਨੇਕਾਂ ਬੱਚਿਆਂ ਨਾਲ਼ ਕੀਤੀ ਗੱਲਬਾਤ ਤੋਂ ਮਹਿਸੂਸ ਹੋ ਰਿਹਾ ਕਿ ਮਾਪੇ ਹੋਰ ਸਰੀ 'ਚ ਰਹਿ ਰਹੇ ਹਨ ਤੇ ਬੱਚੇ ਹੋਰ ਸਰੀ 'ਚ। ਮਾਪਿਆਂ ਦੀਆਂ ਆਸਾਂ ਹੋਰ ਹਨ ਤੇ ਬੱਚਿਆਂ ਦੀਆਂ ਹੋਰ। ਆਪਸੀ ਗੱਲਬਾਤ ਦੀ ਘਾਟ ਕਾਰਨ ਦੋਵਾਂ ਦੇ ਰਾਹ ਵੱਖ-ਵੱਖ ਹੋ ਰਹੇ ਹਨ, ਜੋ ਕਈ ਵਾਰ ਖਤਰਨਾਕ ਮੋੜ ਕੱਟ ਜਾਂਦੇ ਹਨ। ਬੱਚਿਆਂ ਦੀ ਸਰੀ, ਮੈਕਸੀਕੋ ਵਰਗੀ ਲੱਗੀ, ਜਿੱਥੇ ਗਿਰੋਹ ਬੱਚਿਆਂ ਤੋਂ ਡਰੱਗ ਵਿਕਵਾਉਣ ਲਈ ਪਹਿਲਾਂ ਪਿਆਰ, ਫਿਰ ਸਾਜ਼ਿਸ਼ ਤੇ ਫਿਰ ਧੱਕਾ ਵਰਤ ਰਹੇ ਹਨ। ਅੱਡ-ਅੱਡ ਗਿਰੋਹ ਆਪਣੇ ਲਈ ਕੰਮ ਕਰਨ ਖ਼ਾਤਰ ਜ਼ੋਰ ਲਾਉਂਦੇ ਹਨ ਤੇ ਬੱਚਿਆਂ ਨੂੰ ਤੰਗ (ਬੁਲੀ) ਕਰ ਰਹੇ ਹਨ। ਮਾਪਿਆਂ ਨਾਲ਼ ਗੱਲ ਖੁੱਲ੍ਹੀ ਨਾ ਹੋਣ ਕਾਰਨ ਬੱਚੇ ਡਰਦਿਆਂ ਹੋਇਆਂ, ਮਾਪਿਆਂ ਕੋਲ ਗੱਲ ਨਹੀਂ ਕਰਦੇ ਕਿ ਉਹ ਕਿਸ ਦਬਾਅ ਹੇਠ ਜੀਅ ਰਹੇ ਹਨ।
ਗਿਰੋਹ ਬਦਲਣ ਵਾਲ਼ੇ ਨੂੰ ਜਾਂ ਇਕ ਗਿਰੋਹ ਦੀ ਪੇਸ਼ਕਸ਼ ਠੁਕਰਾਅ ਕੇ ਦੂਜੇ ਨੂੰ ਹਾਂ ਕਰਨ ਵਾਲ਼ੇ ਨੂੰ ਪਹਿਲਾਂ ਸਿਰਫ਼ ਕੁੱਟਿਆ-ਮਾਰਿਆ ਜਾਂਦਾ ਸੀ, ਪਰ ਹੁਣ ਬਾਕੀਆਂ ਨੂੰ ਸਬਕ ਸਿਖਾਉਣ ਲਈ ਦਰਦਨਾਕ ਮੌਤ ਦੇਣ ਲੱਗੇ ਹਨ। ਨਸ਼ੇ ਵਿਕਵਾਉਣ ਵਾਲ਼ੇ 22-23 ਸਾਲ ਦੇ ਹਨ ਤੇ ਭਰਤੀ 14 ਤੋਂ 16 ਸਾਲਾਂ ਦੇ ਕਰ ਰਹੇ ਹਨ। 14 ਤੋਂ 16 ਸਾਲਾਂ ਦੇ ਬੱਚੇ ਘਰਦਿਆਂ ਨੂੰ ਦੱਸਣ ਤੋਂ ਵੀ ਡਰ ਜਾਂਦੇ ਹਨ ਜਾਂ ਕਈ ਆਪਣੇ-ਆਪ ਨੂੰ ਸਿਆਣੇ ਸਮਝਣ ਲੱਗਦੇ ਹਨ। ਸਕੂਲ ਇਨ੍ਹਾਂ ਗਿਰੋਹਾਂ ਦੀ ਭਰਤੀ ਦੇ ਅੱਡੇ ਬਣ ਰਹੇ ਹਨ, ਜਿੱਥੇ ਡਰੱਗ ਵੇਚਣ ਲਈ ਗਾਹਕ ਵੀ ਕਾਫੀ ਮਿਲਦੇ ਹਨ। ਜੇ ਹਾਲ ਇਹੀ ਰਿਹਾ ਤਾਂ ਹੌਲੀ-ਹੌਲੀ ਗੱਲ ਸਬਕ ਸਿਖਾਉਣ ਲਈ ਮਾਪਿਆਂ ਜਾਂ ਭੈਣਾਂ-ਭਰਾਵਾਂ ਨੂੰ ਨੁਕਸਾਨ ਪਹੁੰਚਾਉਣ ਤਕ ਪੁੱਜਣੀ ਹੈ। 
ਸਮਾਂ ਰਹਿੰਦਿਆਂ ਇਸ ਨੂੰ ਰੋਕਣ ਲਈ ਸਰੀ ਦੇ ਸਿਟੀ ਹਾਲ ਦੇ ਪਿਛਲੇ ਵਿਹੜੇ ਵਿਚ 13 ਜੂਨ ਨੂੰ ਸ਼ਾਮੀਂ 6.00 ਵਜੇ ਜਾਗੋ ਤੇ ਜਗਾਓ ਰੈਲੀ ਉਲੀਕੀ ਗਈ ਹੈ।"
ਇਹ ਰੈਲੀ ਹੋਈ ਵੀ ਤੇ ਇਸ ਵਿਚ ਹਜ਼ਾਰਾਂ ਹੀ ਲੋਕਾਂ ਨੇ ਸ਼ਿਰਕਤ ਵੀ ਕੀਤੀ। ਬੁਲਾਰਿਆਂ ਨੇ 'ਗੋਲ਼ੀਆਂ ਨਿਗਲਣ' ਨਾਲ਼ ਅਤੇ 'ਗੋਲ਼ੀਆਂ ਵੱਲੋਂ ਨਿਗਲਣ' ਨਾਲ਼ ਹੋਣ ਵਾਲ਼ੀਆਂ ਮੌਤਾਂ ਦਾ ਜ਼ਿਕਰ ਕੀਤਾ, ਪਰ ਕਿਸੇ ਵੀ ਬੁਲਾਰੇ ਨੇ 'ਗੋਲ਼ੀਆਂ ਦੀ ਇਹ ਗੰਗੋਤਰੀ, ਜਿੱਥੋਂ ਨਸ਼ਿਆਂ ਦੀ ਇਹ ਨਦੀ' ਨਿੱਕਲਦੀ ਹੈ, ਦਾ ਸਿੱਧਾ ਜ਼ਿਕਰ ਨਹੀਂ ਕੀਤਾ। ਇਹ ਨਦੀ ਸੁਕਾਉਣ ਦਾ ਕੋਈ ਪ੍ਰਣ ਕਰਨ ਦੀ ਥਾਂ 'ਦਸ ਮਤੇ' ਲੋਕਾਂ ਦੇ 'ਕੱਠ ਵਿਚ ਪੇਸ਼ ਕਰ ਕੇ ਪਾਸ ਜ਼ਰੂਰ ਕਰਾਏ ਗਏ। ਇਹ ਮਤੇ ਵੀ ਲੋਕਾਂ ਦੇ ਪੱਧਰ 'ਤੇ ਹੀ ਰਹਿ ਗਏ ਕਿਉਂ ਕਿ ਇਹ ਰੈਲੀ ਪ੍ਰਸ਼ਾਸਨ ਦੇ ਨੱਕ ਹੇਠ ਹੋਣ ਦੇ ਬਾਵਜੂਦ, ਪ੍ਰਸ਼ਾਸਕਾਂ ਨੇ ਇਸ ਵਿਚ ਸ਼ਿਰਕਤ ਨਹੀਂ ਕੀਤੀ। 
ਪ੍ਰਸ਼ਾਸਨ ਵੱਲੋਂ ਇਕ ਤਰ੍ਹਾਂ ਨਾਲ਼ ਕੰਨਾਂ ਮੁੱਢ ਹੀ ਮਾਰ ਛੱਡੇ ਗਏ ਇਨ੍ਹਾਂ 10 ਮਤਿਆਂ ਦਾ ਸਾਰ ਕੁੱਝ ਇਸ ਤਰ੍ਹਾਂ ਹੈ: ਹਰ ਮੈਂਬਰ ਪਾਰਲੀਮੈਂਟ ਅਤੇ ਵਿਧਾਇਕ ਨੂੰ ਬੇਨਤੀ ਹੈ ਕਿ ਉਹ ਆਪਣੇ ਹਲਕੇ ਦੇ ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ ਦਾ ਮੁਆਇਨਾ ਕਰ ਕੇ ਜੂਨ ਦੇ ਅੰਤ ਤਕ ਰਿਪੋਰਟ ਪੇਸ਼ ਕਰੇ। ਜਨਤਕ ਸੁਰੱਖਿਆ ਦੇ ਕੇਂਦਰੀ ਮੰਤਰੀ ਰਾਲਫ ਗੁਡੇਲ ਨੂੰ ਸਰੀ ਆ ਕੇ, ਗਿਰੋਹਾਂ ਦੇ ਖ਼ਾਤਮੇ ਲਈ ਰੱਖੇ ਹੋਏ 325 ਮਿਲੀਅਨ ਡਾਲਰ ਦਾ ਹਿਸਾਬ ਦੇਣਾ ਚਾਹੀਦਾ ਹੈ। ਪੰਜਾਬੀ ਗੀਤਾਂ ਅਤੇ ਸੋਸ਼ਲ ਮੀਡੀਆ ਰਾਹੀਂ ਨਸ਼ਿਆਂ, ਗਿਰੋਹਬਾਜ਼ੀ ਦੇ ਨਾਲ਼-ਨਾਲ਼ ਔਰਤਾਂ ਪ੍ਰਤੀ ਹਿੰਸਾ ਨੂੰ ਵਡਿਆਉਣ ਨੂੰ ਠੱਲ੍ਹ ਪਾਉਣ ਲਈ ਇਕ 'ਸਿਟੀਜ਼ਨ ਕਮੇਟੀ' ਬਣਾਈ ਜਾਵੇ। ਖੇਡ ਤੇ ਸਭਿਆਚਾਰਕ ਮੇਲਿਆਂ ਦੇ ਪ੍ਰਬੰਧਕ ਇਸ ਗੱਲ ਦਾ ਯਕੀਨ ਦੁਆਉਣ ਕਿ ਉਹ ਇਨ੍ਹਾਂ ਮੇਲਿਆਂ ਵਿਚ ਸ਼ਰਾਬ ਦੇ ਦੌਰ ਨਹੀਂ ਚੱਲਣ ਦੇਣਗੇ। ਸੂਬੇ ਦੇ ਜਨਤਕ ਸੁਰੱਖਿਆ ਮੰਤਰੀ ਅਤੇ ਸਾਲਿਸਟਰ ਜਨਰਲ ਮਾਈਕ ਫਾਰਨਵਰਥ ਨੂੰ ਬੇਨਤੀ ਹੈ ਕਿ ਉਹ, ਸਰੀ ਸਕੂਲ ਸਿਸਟਮ ਵਿਚ ਸਾਊਥ ਏਸ਼ੀਅਨ ਐਜੂਕੇਸ਼ਨਲ ਲੀਡਰਜ਼ ਨਾਲ਼ ਮੁਲਾਕਾਤ ਕਰ ਕੇ, ਇਕ ਸਾਲ ਦੀ ਕਾਰਵਾਈ ਯੋਜਨਾ ਬਣਵਾਉਣ। 'ਸਰੀ ਸਮਝੌਤਾ' ਲਾਗੂ ਕੀਤਾ ਜਾਵੇ। ਜਦੋਂ ਵੀ ਕੋਈ ਇਹੋ ਜਿਹੀ ਦੁੱਖਦਾਈ ਘਟਨਾ ਵਾਪਰੇ ਤਾਂ ਮੇਅਰ, ਸਰੀ ਦੇ ਮੈਂਬਰਜ਼ ਆਫ ਪਾਰਲੀਮੈਂਟ ਅਤੇ ਵਿਧਾਇਕਾਂ ਨਾਲ਼ ਹੰਗਾਮੀ ਕਾਨਫ਼ਰੰਸ ਕਰ ਕੇ ਤੁਰੰਤ ਲੋੜੀਂਦੇ ਕਦਮ ਚੁੱਕੇ। ਸੀ.ਐੱਸ.ਆਈ.ਐੱਸ. ਨੂੰ ਬੇਨਤੀ ਹੈ ਕਿ ਉਹ ਨਸ਼ਿਆਂ ਦੀ ਵੇਚ-ਵੱਟ ਤੇ ਉਨ੍ਹਾਂ ਦੇ ਮਾੜੇ ਅਸਰਾਂ ਬਾਰੇ 'ਨੈਸ਼ਨਲ ਸਿਕਿਓਰਿਟੀ ਐਂਡ ਇੰਟੈਲੀਜੈਂਸ ਕਮੇਟੀ' ਨੂੰ ਉੱਚ ਮਿਆਰੀ ਰਿਪੋਰਟ ਦੇਵੇ। ਸਰਕਾਰ ਨੂੰ ਬੇਨਤੀ ਹੈ ਕਿ 'ਆਰ.ਸੀ.ਐੱਮ.ਪੀ. ਨੂੰ ਕਿਹਾ ਜਾਵੇ ਕਿ ਉਹ ਅਜਿਹੇ ਅਧਿਕਾਰੀ ਭਰਤੀ ਕਰੇ, ਜਿਨ੍ਹਾਂ ਨੂੰ ਭਾਈਚਾਰਿਆਂ ਦੀ ਵੰਨ-ਸੁਵੰਨਤਾ ਸਬੰਧੀ ਤਜਰਬਾ ਹੀ ਨਾ ਹੋਵੇ, ਸਗੋਂ ਸਕੂਲਾਂ ਨਾਲ਼ ਤਾਲਮੇਲ ਕਰਨ ਦਾ ਤੇ ਗਿਰੋਹਾਂ ਵਿਰੁੱਧ ਸੰਘਰਸ਼ ਦਾ ਤਜਰਬਾ ਵੀ ਹੋਵੇ।
ਮਾਪੇ ਵੀ ਮਾਇਆਧਾਰੀ ਬਣਨ 'ਤੇ ਹੀ ਨਾ ਤੁਲੇ ਨਾ ਰਹਿਣ। ਉਹ ਘਰੋਂ ਨਿੱਕਲਦੇ ਤੇ ਘਰ ਵਰ ਵੜਦੇ ਆਪਣੇ ਬੱਚਿਆਂ ਦੀ ਤੋਰ ਪਛਾਨਣ ਦਾ ਹੀਲਾ ਕਰਦਿਆਂ ਉਨ੍ਹਾਂ ਨਾਲ਼ ਚਾਰ ਬੋਲ ਸਾਂਝੇ ਕਰਿਆ ਕਰਨ। ਸਾਡਾ ਵਿਦਿਅਕ ਪ੍ਰਬੰਧ ਵੀ ਬੱਚਿਆਂ ਨੂੰ ਆਪਣੇ ਮਾਪਿਆਂ ਵਿਰੁੱਧ ਚੁੱਕਤਾਂ ਦੇਣੀਆਂ ਬੰਦ ਕਰੇ। ਬੱਚਿਆਂ ਨੂੰ ਨਸ਼ੇ ਕਰਨ ਤੇ ਵੇਚਣ ਲਈ ਪ੍ਰੇਰਨ ਵਾਲ਼ੇ ਵੀ ਸੋਚਣ ਕਿ ਉਨ੍ਹਾਂ ਦੇ ਬੱਚਿਆਂ ਨੇ ਵੀ ਇਸੇ ਹੀ ਸਮਾਜ ਵਿਚ ਵਿਚਰਨਾ ਹੈ ਤੇ ਕੱਲ੍ਹ ਨੂੰ ਉਨ੍ਹਾਂ ਦੀ ਵਾਰੀ ਵੀ ਆ ਸਕਦੀ ਹੈ। ਵਿਚਾਰ ਲਿਓ, ਜੇ ਗੱਲ ਦਿਲ ਲੱਗੇ।#