ਸ਼ਬਦੰਗਲ-61

'ਗਗਨੀਂ ਦੀਵਾ ਬਾਲ਼ ਦਿੱਤਾ' ਸਬ ਇੰਸਪੈਕਟਰ ਗਗਨਦੀਪ ਸਿੰਘ ਨੇ
<<<<<<<<<<<<<<<>>>>>>>>>>>>>>>>
ਪਿਛਲੇ ਦਿਨੀਂ ਭਾਰਤ ਦੇ ਸੋਸ਼ਲ ਮੀਡੀਆ ਤੋਂ ਇਕ ਗ਼ਲਤੀ ਹੋ ਗਈ। ਉਸ ਤੋਂ ਪਹਿਲਾਂ ਉੱਤਰਾਖੰਡ ਪੁਲਸ ਦੇ ਸਬ ਇੰਸਪੈਕਟਰ ਗਗਨਦੀਪ ਸਿੰਘ ਤੋਂ ਗ਼ਲਤੀ ਹੋਈ ਲੱਗਦੀ ਹੈ। ਦੇਸ਼ ਦੇ ਅਤੇ ਮੀਡੀਆ ਦੇ ਹਾਲਾਤ ਆਮ ਜਿਹੇ ਹੁੰਦੇ ਤਾਂ ਇਹ ਕੋਈ ਖ਼ਬਰ ਵੀ ਨਹੀਂ ਸੀ। ਇਸ ਸਬ ਇੰਸਪੈਕਟਰ ਨੇ ਇਕ ਮੁਸਲਮਾਨ ਮੁੰਡੇ ਨੂੰ ਹਿੰਦੂ ਗੁੰਡਿਆਂ ਦੀ ਬੁਰਛਾਗ਼ਰਦੀ ਦਾ ਸ਼ਿਕਾਰ ਹੋਣੋਂ ਬਚਾ ਲਿਆ। ਪੁਲਸ ਵੱਲੋਂ ਅਤੇ ਉਸ ਦੇ ਮੁਲਾਜ਼ਮਾਂ ਵੱਲੋਂ ਇਸ ਤਰ੍ਹਾਂ ਕਰਨਾ, ਉਨ੍ਹਾਂ ਦਾ ਫ਼ਰਜ਼ ਹੈ, ਜਿਸ ਕਰ ਕੇ 'ਕੋਈ ਪੁਲਸ ਮੁਲਾਜ਼ਮ ਆਪਣਾ ਫ਼ਰਜ਼ ਨਿਭਾ ਰਿਹਾ ਹੈ' ਕੋਈ ਖ਼ਬਰ ਜਾਂ ਕਿਸੇ ਖ਼ਬਰ ਦਾ ਸਿਰਲੇਖ ਵੀ ਨਹੀਂ ਹੈ। ਮੇਰੀ ਪਾਠਕਾਂ ਵਾਲ਼ੀ ਸਰਕਾਰ ਤੁਰੰਤ ਹੀ ਇਹ ਪੁੱਛਣ ਲਈ ਸਿਰੀਆਂ ਚੁੱਕ ਲਏਗੀ ਕਿ ਫਿਰ 
                      'ਗਗਨੀਂ ਦੀਵਾ ਬਾਲ਼ ਦਿੱਤਾ' ਸਬ ਇੰਸਪੈਕਟਰ 
                                    ਗਗਨਦੀਪ ਸਿੰਘ ਨੇ
ਸਿਰਲੇਖ ਕਿੱਦਾਂ ਬਣ ਗਿਆ? ਜੁਆਬ ਦੇਣਾ ਪਵੇਗਾ ਤੇ ਜੁਆਬ ਹਾਜ਼ਰ ਵੀ ਹੈ।
ਹਿੰਦੂ ਬੁਰਛਾਗ਼ਰਦ ਕਿਸੇ ਮੁਸਲਮਾਨ ਮੁੰਡੇ ਨੂੰ ਹੱਥੀਂ ਪੈ ਗਏ ਹੋਣ ਤਾਂ ਬਚਾਅ ਕਰਨ ਦਾ ਪਹਿਲਾ ਹੱਕ ਮੁਸਲਮਾਨਾਂ ਦਾ ਬਣਦਾ ਹੈ, ਸਬ ਇੰਸਪੈਕਟਰ ਗਗਨਦੀਪ ਸਿੰਘ ਨਾ ਤਾਂ ਹਿੰਦੂ ਹੈ, ਨਾ ਮੁਸਲਮਾਨ! ਉੱਪਰੋਂ ਉਹ ਉਸ ਫੋਰਸ ਦਾ ਮੁਲਾਜ਼ਮ ਹੈ, ਜਿਸ ਉੱਤੇ ਲੋਕਾਂ ਨੂੰ ਕੋਈ ਇੱਤਬਾਰ ਹੀ ਨਹੀਂ ਰਹਿ ਗਿਆ। ਕਿਸੇ ਮੁਸਲਮਾਨ ਦੇ ਬਚਾਅ ਲਈ ਕੋਈ ਮੁਸਲਮਾਨ ਆਵੇ ਤਾਂ ਸਹਿਜ ਜਿਹੀ ਗੱਲ ਹੈ, ਕਿਸੇ ਹਿੰਦੂ ਨੂੰ ਗੁੰਡਿਆਂ ਹੱਥੋਂ ਬਚਾਉਣ ਲਈ ਕੋਈ ਹਿੰਦੂ ਆਵੇ ਤਾਂ ਇਹ ਬਹੁਤੀ ਹੀ ਸਹਿਜ ਜਿਹੀ ਗੱਲ ਹੈ, ਪਰ ਕਿਸੇ ਮੁਸਲਮਾਨ ਨੂੰ ਹਿੰਦੂ ਗੁੰਡਿਆਂ ਹੱਥੋਂ ਬਚਾਉਣ ਲਈ ਕੋਈ ਸਿੱਖ ਆਵੇ ਤੇ ਉਹ ਵੀ ਪੁਲਸ ਮੁਲਾਜ਼ਮ ਦੀ ਵਰਦੀ ਵਿਚ! ਇਹ ਤਾਂ ਇਕ ਖ਼ਬਰ ਬਣਦੀ ਹੀ ਹੈ ਕਿਉਂ ਕਿ ਤਕਰੀਬਨ ਹਰ ਸੂਬੇ ਦੀ ਪੁਲਸ ਆਪਣਾ ਇਤਬਾਰ ਗੁਆ ਚੁੱਕੀ ਹੈ।
ਪਹਿਲਾਂ ਇਸ ਘਟਨਾ ਦੇ ਵੇਰਵੇ ਜਾਨਣਾ ਜ਼ਰੂਰੀ ਹੈ। 22 ਮਈ (2018) ਨੂੰ ਇਕ ਹਿੰਦੂ ਕੁੜੀ ਕਿਸੇ ਮੁਸਲਮਾਨ ਲੜਕੇ ਨਾਲ਼ ਕਥਿਤ ਰੂਪ ਵਿਚ ਬਹੁਤ ਹੀ ਇਤਰਾਜ਼ ਯੋਗ ਹਾਲਤ ਵਿਚ ਦੇਖੀ ਜਾਣ 'ਤੇ ਕੁੱਝ ਹਿੰਦੂ, ਉਸ ਮੁਸਲਮਾਨ ਮੁੰਡੇ ਨੂੰ ਹੱਥੀਂ ਪੈ ਗਏ। ਇਹ ਘਟਨਾ, ਉਤਰਾਖੰਡ ਦੇ ਜ਼ਿਲਾ ਨੈਣੀਤਾਲ ਤੋਂ ਤਕਰੀਬਨ 15 ਕਿਲੋਮੀਟਰ ਦੂਰ, ਜ਼ਿਲਾ ਰਾਮਨਗਰ ਦੇ ਇਲਾਕੇ ਵਿਚ ਗਿਰਿਜਾ ਦੇਵੀ ਮੰਦਰ ਨੇੜੇ ਵਾਪਰੀ ਹੋਈ ਹੈ। ਹਿੰਦੂਆਂ ਦਾ ਇਕ ਟੋਲਾ, ਉਸ ਨੌਜੁਆਨ ਨੂੰ ਮਾਰਨ ਲਈ ਟੁੱਟ ਕੇ ਪੈ ਹੀ ਰਿਹਾ ਸੀ ਕਿ ਇੰਨੇ ਵਿਚ ਗਗਨਦੀਪ ਸਿੰਘ ਨਾਂ ਦਾ ਇਕ ਸਿੱਖ ਸਬ ਇੰਸਪੈਕਟਰ ਉੱਥੇ ਆ ਗਿਆ ਤੇ ਉਸ ਨੇ ਉਸ ਮੁਸਲਮਾਨ ਮੁੰਡੇ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਤੇ ਹਿੰਦੂ ਹਮਲਾਵਰਾਂ ਵੱਲ ਪਿੱਠ ਕਰ ਕੇ, ਉਸ ਮੁੰਡੇ ਨੂੰ ਉਨ੍ਹਾਂ ਦੀ ਮਾਰ ਤੋਂ ਬਚਾ ਲਿਆ। ਸਬ ਇੰਸਪੈਕਟਰ ਗਗਨਦੀਪ ਸਿੰਘ ਵੱਲੋਂ ਉਸ ਮੁੰਡੇ ਦਾ ਬਚਾਅ ਕਰਨ ਲਈ 'ਰੱਬ ਵਾਂਗ ਬਹੁੜਨ' ਦੀ ਇਕ ਵਿਡੀਓ, ਸੋਸ਼ਲ ਮੀਡੀਆ ਉੱਤੇ 'ਵਾਇਰਲ' ਹੋ ਗਈ ਸੀ। ਪੁਲਸ ਵੱਲੋਂ ਦੱਸਣ ਮੁਤਾਬਕ ਉਹ ਮੁਸਲਮਾਨ ਮੁੰਡਾ ਇਕ ਹਿੰਦੂ ਅਬਾਦੀ ਵਿਚ ਰਹਿੰਦੀ ਆਪਣੀ ਦੋਸਤ ਕੁੜੀ, ਜੋ ਹਿੰਦੂ ਹੈ, ਨੂੰ ਮਿਲਣ ਗਿਆ ਸੀ। ਸਥਾਨਕ ਲੋਕਾਂ ਨੇ ਉਨ੍ਹਾਂ ਦੋਹਾਂ ਨੂੰ ਫੜ ਲਿਆ ਤੇ ਦੋਸ਼ ਲ਼ਾਇਆ ਕਿ ਉਹ ਦੋਵੇਂ ਹੀ ਇਤਰਾਜ਼ ਯੋਗ ਹਾਲਤ ਵਿਚ ਫੜੇ ਗਏ ਸਨ। ਬਾਅਦ ਵਿਚ ਲੋਕਾਂ ਨੇ ਉਨ੍ਹਾਂ ਨੂੰ ਘੇਰ ਕੇ ਹਿੰਦੂ ਬਿਰਾਦਰੀ ਦੇ ਹੋਰ ਲੋਕ ਇਕੱਠੇ ਕਰ ਲਏ। ਹਿੰਦੂਆਂ ਦੀਆਂ ਸੱਜੇ ਪੱਖੀ ਜਥੇਬੰਦੀਆਂ ਦੇ ਮੈਂਬਰਾਂ ਨੇ ਉਸ ਮੂੰਡੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਇਤਲਾਹ ਮਿਲਣ 'ਤੇ ਪੁਲਸ ਦੀ ਇਕ ਟੀਮ ਮੌਕੇ ਉੱਤੇ ਪਹੁੰਚੀ। ਪੁਲਸ ਨੇ ਲੋਕਾਂ ਨੂੰ ਸਮਝਾਉਣ ਅਤੇ ਸ਼ਾਂਤ ਕਰਨ ਦੇ ਹੀਲੇ ਕੀਤੇ ਤੇ ਸਬ ਇੰਸਪੈਕਟਰ ਗਗਨਦੀਪ ਸਿੰਘ ਨੇ ਉਸ ਮੁਸਲਮਾਨ ਮੁੰਡੇ ਨੂੰ ਕਬਜ਼ੇ ਵਿਚ ਲੈ ਕੇ ਹਮਲਾਵਰਾਂ ਤੋਂ ਬਚਾ ਲਿਆ। ਅਡੀਸ਼ਨਲ ਡਾਇਰੈਕਟਰ ਜਨਰਲ ਪੁਲਸ (ਕਾਨੂੰਨ ਪ੍ਰਬੰਧ) ਅਸ਼ੋਕ ਕੁਮਾਰ ਦੇ ਕਹਿਣ ਅਨੁਸਾਰ, ਗਗਨਦੀਪ ਸਿੰਘ ਨੇ ਬਹਾਦਰੀ ਨਾਲ਼ ਹਮਲਾਵਰਾਂ ਦਾ ਟਾਕਰਾ ਕੀਤਾ ਤੇ ਪੁਲਸ ਨੇ ਜਲਦੀ ਹੀ ਭੀੜ ਖਿੰਡਾਅ ਦਿੱਤੀ। ਪੁਲਸ, ਉਸ ਮੁੰਡੇ ਤੇ ਕੁੜੀ ਨੂੰ ਥਾਣੇ ਲੈ ਗਈ ਤੇ ਬਾਅਦ ਵਿਚ ਉਨ੍ਹਾਂ ਨੂੰ, ਉਨ੍ਹਾਂ ਦੇ ਮਾਪਿਆਂ ਨਾਲ਼ ਘਰੀਂ ਭੇਜ ਦਿੱਤਾ ਗਿਆ।
ਏ.ਡੀ.ਜੀ.ਪੀ. ਅਸ਼ੋਕ ਕੁਮਾਰ ਦਾ ਕਹਿਣ ਹੈ, "ਇਸ ਵਿਡੀਓ ਵਿਚ ਸਪੱਸ਼ਟ ਨਜ਼ਰ ਆਉਂਦੇ ਪੰਜ ਹਮਲਾਵਰਾਂ ਨੂੰ ਪੁਲਸ ਨੇ ਪਛਾਣ ਲਿਆ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।" ਪੁਲਸ ਵਿਭਾਗ ਨੇ ਸਬ ਇੰਸਪੈਕਟਰ ਗਗਨਦੀਪ ਸਿੰਘ ਨੂੰ ਇਸ ਘਟਨਾ ਵਿਚ ਵਧੀਆ ਕੰਮ ਕਰਨ ਲਈ 2500 ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੋਇਆ ਹੈ। ਏ.ਡੀ.ਜੀ.ਪੀ. ਅਸ਼ੋਕ ਕੁਮਾਰ ਨੇ ਇਹ ਦੱਸਦਿਆਂ ਹੋਇਆਂ, ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ, ਗ਼ਲਤ ਇਰਾਦਿਆਂ ਨਾਲ਼ ਅਤੇ ਫਿਰਕੂ ਹਿੰਸਾ ਭੜਕਾਉਣ ਦੇ ਉਦੇਸ਼ ਨਾਲ਼ ਇਸ ਵਿਡੀਓ ਦੀ ਨੁਮਾਇਸ਼ ਨਾ ਕਰਨ।
ਲਖਨਊ ਤੋਂ 'ਐਕਸਪ੍ਰੈੱਸ ਨਿਊਜ਼ ਸਰਵਿਸ' ਦੀ ਰਿਪੋਰਟ ਮੁਤਾਬਕ, ਇਕ ਸਿੱਖ ਸਬ ਇੰਸਪੈਕਟਰ ਨੇ ਇਕ ਮੁਸਲਮਾਨ ਨੌਜੁਆਨ ਨੂੰ ਭੜਕੀ ਹੋਈ ਭੀੜ ਦੇ ਰੋਹ ਤੋਂ ਬਚਾ ਕੇ, ਫਿਰਕੂ ਭੜਕਾਹਟ ਹੋਣ ਤੋਂ ਪਹਿਲਾਂ ਹੀ ਦਬਾਅ ਦਿੱਤੀ। ਗਗਨਦੀਪ ਸਿੰਘ ਨਾਂ ਦੇ ਇਸ ਪੁਲਸ ਅਧਿਕਾਰੀ ਦੀ ਬਹਾਦਰੀ ਦਰਸਾਉਂਦੇ ਵਿਡੀਓਜ਼, ਸੋਸ਼ਲ ਮੀਡੀਆ ਉੱਤੇ ਧੜਾਧੜ ਚਲਾਏ ਜਾਣ ਲੱਗ ਪਏ ਤੇ ਹਰ ਪਾਸੇ, ਇਸ ਸਬ ਇੰਸਪੈਕਟਰ ਦੀ ਇਸ ਕਾਰਗ਼ੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਜਾਣ ਲੱਗ ਪਈ। 
ਸਥਾਨਕ ਸੂਤਰਾਂ ਅਨੁਸਾਰ, ਸਬ ਇੰਸਪੈਕਟਰ ਗਗਨਦੀਪ ਸਿੰਘ ਨੂੰ ਇਤਲਾਹ ਮਿਲੀ ਕਿ ਰਾਮਨਗਰ ਤੋਂ 14-15 ਕਿਲੋ ਮੀਟਰ ਦੂਰ ਗਿਰਿਜਾ ਦੇਵੀ ਮੰਦਰ ਨੇੜੇ ਫਿਰਕੂ ਤਣਾਅ ਹੋਣ ਵਾਲ਼ਾ ਹੈ ਕਿਉਂ ਕਿ ਕੋਈ ਮੁਸਲਮਾਨ ਮੁੰਡਾ, ਇਸ ਮੰਦਰ ਵਿਚ ਆਪਣੀ ਦੋਸਤ ਕੁੜੀ ਨੂੰ ਮਿਲਣ ਆਇਆ ਸੀ ਤੇ ਉਸ ਨੂੰ ਉੱਥੇ ਕੁੱਝ ਸਥਾਨਕ ਲੋਕਾਂ ਨੇ ਫੜ ਲਿਆ ਹੈ। ਉਨ੍ਹਾਂ ਲੋਕਾਂ ਦੇ ਕਹਿਣ ਮੁਤਾਬਕ, ਉਹ ਜਿਸ ਕੁੜੀ ਨੂੰ ਮਿਲਣ ਆਇਆ ਸੀ, ਉਹ ਹਿੰਦੂ ਹੈ। ਇੱਥੇ ਇਹ ਦੱਸਣਾ ਵੀ ਠੀਕ ਹੀ ਰਹੇਗਾ ਕਿ ਗਿਰਿਜਾ ਦੇਵੀ ਦਾ ਇਹ ਛੋਟਾ ਜਿਹਾ ਮੰਦਰ, ਸ਼ਹਿਰ ਦੇ ਭੀੜ-ਭੜੱਕੇ ਤੋਂ ਦੂਰ ਜੰਗਲ ਵਿਚ ਹੈ, ਜਿਸ ਕਰ ਕੇ ਇਹ ਥਾਂ, ਇਸ ਨੌਜੁਆਨ ਜੋੜੇ ਨੇ ਆਪਸੀ ਮੁਲਾਕਾਤ ਲਈ ਢੁੱਕਵੀਂ ਸਮਝੀ ਸੀ, ਪਰ ਉਨ੍ਹਾਂ ਦਾ ਇਹ ਅੰਦਾਜ਼ਾ ਗ਼ਲਤ ਸਿੱਧ ਹੋ ਗਿਆ ਕਿਉਂ ਕਿ ਉਹ ਦੋਵੇਂ ਹੀ ਲੋਕਾਂ ਦੀਆਂ ਨਜ਼ਰਾਂ ਵਿਚ ਆ ਗਏ। 
ਇਸ ਦੌਰਾਨ ਇਸ ਮਾਮਲੇ ਦੀਆਂ ਕਨਸੋਆਂ, ਹਿੰਦੂ ਜਥੇਬੰਦੀਆਂ ਤਕ ਵੀ ਪਹੁੰਚ ਗਈਆਂ ਤੇ ਉਨ੍ਹਾਂ ਦੇ ਮੈਂਬਰ ਅਤੇ ਸਰਗ਼ਰਮ ਕਾਰਕੁਨ, ਮੰਦਰ ਨੇੜੇ ਜਾ ਪਹੁੰਚੇ। ਉਨ੍ਹਾਂ ਨੇ ਉਸ ਮੁਸਲਮਾਨ ਮੁੰਡੇ ਨੂੰ ਘੇਰ ਲਿਆ। ਇੰਨੇ ਵਿਚ ਹੀ ਐੱਸ.ਆਈ. ਗਗਨਦੀਪ ਸਿੰਘ ਮੌਕੇ 'ਤੇ ਪਹੁੰਚ ਗਿਆ। ਉਸ ਨੇ ਉਸ ਮੁੰਡੇ ਨੂੰ ਹਿੰਦੂਆਂ ਦੇ ਘੇਰੇ ਵਿਚੋਂ ਆਪਣੇ ਕਬਜ਼ੇ ਵਿਚ ਲੈ ਕੇ ਬਚਾ ਲਿਆ। ਮੁੰਡਾ ਹੱਥੋਂ ਨਿੱਕਲ ਜਾਣ 'ਤੇ ਭੀੜ ਨੇ ਪੁਲਸ ਦੇ ਖ਼ਿਲਾਫ਼ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, ਪਰ ਤਦ ਤਕ ਗਗਨਦੀਪ ਸਿੰਘ ਉਸ ਮੁੰਡੇ ਨੂੰ ਬਚਾ ਕੇ ਲੈ ਗਿਆ। 
ਮੌਕੇ ਦੇ ਇਕ ਗਵਾਹ ਨੇ ਦੱਸਿਆ ਕਿ ਜਦੋਂ ਕੁੱਝ ਲੋਕ ਉਸ ਮੁਸਲਮਾਨ ਮੁੰਡੇ ਨੂੰ ਫੜ ਕੇ ਕੁੱਟ ਰਹੇ ਸਨ ਤਾਂ ਕੁੜੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਉਸ ਨੂੰ ਕਿਉਂ ਮਾਰਦੇ ਹਨ। ਕੁੱਟਣ ਵਾਲ਼ਿਆਂ ਵਿਚੋਂ ਇਕ ਜਣੇ ਨੇ ਇਹ ਕਿਹਾ, "ਅਸੀਂ ਇਸ ਨੂੰ ਵੱਢ ਕੇ, ਇਸ ਦੇ ਟੋਟੇ-ਟੋਟੇ ਕਰ ਦਿਆਂਗੇ। ਤੂੰ ਹਿੰਦੂ ਹੋ ਕੇ ਇਸ ਮੁਸਲਮਾਨ ਨਾਲ਼ ਤੁਰੀ ਫਿਰਦੀ ਏਂ, ਮੈਂ ਤੈਨੂੰ ਵੀ ਵੱਢ ਸੁੱਟਾਂਗਾ।" ਮੌਕੇ 'ਤੇ ਹਾਜ਼ਰ ਲੋਕਾਂ ਵਿਚੋਂ ਕਿਸੇ ਵੱਲੋਂ ਬਣਾਏ ਗਏ ਵਿਡੀਓ ਵਿਚ, ਉਸ ਮੁੰਡੇ ਨੂੰ ਕੁੱਟਣਾ-ਮਾਰਨਾ ਸ਼ੁਰੂ ਕਰਨ ਤੋਂ ਪਹਿਲਾਂ, ਭੜਕੇ ਹੋਏ ਲੋਕ ਉਸ ਕੋਲੋਂ ਉਸ ਦਾ ਪਛਾਣ-ਪੱਤਰ ਮੰਗਦੇ ਵੀ ਦਿਸਦੇ ਹਨ। ਭੀੜ ਉਸ ਮੰਦਰ ਦਾ ਗੇਟ ਬੰਦ ਕਰ ਕੇ, ਉਸ ਮੁੰਡੇ ਨੂੰ ਟੁੱਟ ਕੇ ਪੈਂਦੀ ਵੀ ਦੇਖੀ ਜਾ ਸਕਦੀ ਹੈ। ਬਿਲਕੁਲ ਇਸੇ ਹੀ ਸਮੇਂ ਸਬ ਇੰਸਪੈਕਟਰ ਗਗਨਦੀਪ ਸਿੰਘ ਮੌਕੇ 'ਤੇ ਪਹੁੰਚਦਾ ਹੈ ਤੇ ਉਹ, ਮੁੰੰਡੇ ਨੂੰ ਬਚਾਉਂਦਾ ਹੋਇਆ, ਉਸ ਨੂੰ ਕੁੱਟਣ ਵਾਲ਼ਿਆਂ ਨੂੰ ਲਲਕਾਰਾ ਮਾਰ ਕੇ ਰੁਕ ਜਾਣ ਲਈ ਕਹਿੰਦਾ ਹੈ। ਇਸ ਤੋਂ ਮਗਰੋਂ ਉਹ, ਉਸ ਮੁੰਡੇ ਨੂੰ ਆਪਣੀ ਹਿੱਕ ਨਾਲ਼ ਲਾ ਕੇ ਭੀੜ ਦੇ ਘੇਰੇ ਵਿਚੋਂ ਕੱਢ ਲਿਜਾਂਦਾ ਹੈ। ਜਦੋਂ ਭੜਕੇ ਹੋਏ ਲੋਕਾਂ ਦੀ ਵਾਹ-ਪੇਸ਼ ਨਹੀਂ ਜਾਂਦੀ ਤਾਂ ਉਹ ਪੁਲਸ ਦੇ ਖ਼ਿਲਾਫ਼ ਨਾਅਰੇ ਲਗਾਉਂਦੇ ਦਿਸਦੇ ਹਨ।
ਸਬ ਇੰਸਪੈਕਟਰ ਗਗਨਦੀਪ ਸਿੰਘ ਵੱਲੋਂ ਇਹ ਕਾਰਵਾਈ ਕਰਨ ਦੀ ਚਾਰੇ ਪਾਸਿਓਂ ਤਾਰੀਫ਼ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਦੀਆਂ ਵੱਖ-ਵੱਖ ਸਾਈਟਾਂ ਉੱਤੇ ਲੋਕਾਂ ਨੇ ਇਸ ਕਾਰਵਾਈ ਬਾਰੇ ਟਿੱਪਣੀਆਂ ਕੀਤੀਆਂ ਹਨ। ਪ੍ਰੈੱਸ ਕੌਂਸਲ ਦੇ ਸਾਬਕਾ ਚੇਅਰਮੈਨ ਜਸਟਿਸ ਮਾਰਕੰਡੇ ਕਾਟਜੂ ਨੇ ਏਦਾਂ ਲਿਖਿਆ ਹੋਇਆ ਹੈ, "ਯੂ ਟਿਊਬ ਉੱਤੇ ਇਸ ਬਹਾਦਰ ਸਿੱਖ ਪੁਲਸ ਅਫ਼ਸਰ ਦੇ ਵਿਡੀਓਜ਼ ਵਿਚ ਉਸ ਨੂੰ, ਉਸ ਮੁਸਲਮਾਨ ਨੌਜੁਆਨ ਦੀ ਜਾਨ ਬਚਾਉਂਦਾ ਦੇਖ ਕੇ ਮਨ ਖ਼ੁਸ਼ ਹੋ ਗਿਆ, ਜਿਸ ਦਾ ਭੜਕੇ ਹੋਏ ਹਿੰਦੂਆਂ ਹੱਥੋਂ ਮਾਰ ਦਿੱਤੇ ਜਾਣ ਦਾ ਖ਼ਦਸ਼ਾ ਸੀ।" ਇਕ ਹੋਰ ਵਿਅਕਤੀ ਨੇ ਆਪਣੀ ਟਿੱਪਣੀ ਵਿਚ ਏਦਾਂ ਲਿਖਿਆ ਹੋਇਆ ਹੈ, "ਅੱਜ ਸਾਡੇ ਦੇਸ਼ ਨੂੰ ਗਗਨਦੀਪ ਸਿੰਘ ਵਰਗੇ ਪੁਲਸ ਅਫ਼ਸਰਾਂ ਦੀ ਲੋੜ ਹੈ।"
ਹੁਣ ਸੁਆਲ ਪੈਦਾ ਹੁੰਦਾ ਹੈ ਕਿ ਗਗਨਦੀਪ ਸਿੰਘ ਨੇ ਜੋ ਵੀ ਕੀਤਾ ਹੈ, ਉਹ ਸਿੱਖ ਹੋਣ ਦੀ ਵਜ੍ਹਾ ਨਾਲ਼ ਕੀਤਾ ਹੈ ਜਾਂ ਇਕ ਇਮਾਨਦਾਰ ਪੁਲਸ ਅਫ਼ਸਰ ਹੋਣ ਦੀ ਵਜ੍ਹਾ ਨਾਲ਼ ਕੀਤਾ ਹੈ? ਜਦੋਂ ਅਸੀਂ ਕਿਸੇ ਵਿਅਕਤੀ ਵੱਲੋਂ ਕੀਤੇ ਕਿਸੇ ਚੰਗੇ ਕੰਮ ਨੂੰ ਉਸ ਦੇ ਫ਼ਿਰਕੇ ਨਾਲ਼ ਜੋੜ ਦਿੰਦੇ ਹਾਂ ਤਾਂ ਉਸ ਵਿਅਕਤੀ ਦੀ ਨੇਕਨੀਅਤੀ ਛਿੱਕੇ ਟੰਗ ਦਿੰਦੇ ਹਾਂ। ਗਗਨਦੀਪ ਸਿੰਘ ਸਿੱਖ ਹੈ, ਪਰ ਉਸ ਤੋਂ ਪਹਿਲਾਂ ਉਹ ਇਕ ਇਮਾਨਦਾਰ ਪੁਲਸ ਅਫ਼ਸਰ ਹੈ। ਜੇ ਉਹ ਸਿੱਖ ਨਾ ਵੀ ਹੁੰਦਾ ਤਾਂ ਉਸ ਨੇ ਇਹੋ ਕੁੱਝ ਕਰਨਾ ਸੀ। ਇਸ ਲਈ, ਗਗਨਦੀਪ ਸਿੰਘ ਵੱਲੋਂ ਮਨੁੱਖਤਾ ਜਾਂ ਇਨਸਾਨੀਅਤ ਦੇ 'ਗਗਨ ਵਿਚ ਬਾਲ਼ੇ ਹੋਏ ਇਸ ਦੀਵੇ' ਨੂੰ ਜਗਦਾ ਰੱਖਣ ਦੀ ਲੋੜ ਹੈ ਤਾਂ ਕਿ ਇਸ ਦੀਵੇ ਦੀ ਲੋਅ, ਹੋਰ ਪੁਲਸ ਅਫ਼ਸਰਾਂ ਨੂੰ ਵੀ ਗਗਨਦੀਪ ਸਿੰਘ ਦੀ ਰੀਸ ਕਰਨ ਲਈ ਪ੍ਰੇਰੇ।# 
(1) ਗਗਨਦੀਪ ਸਿੰਘ ਵੱਲੋਂ ਕੀਤੀ ਕਾਰਵਾਈ ਇਕ ਚਿੱਤਰਕਾਰ ਦੀ ਨਜ਼ਰ ਵਿਚ (2) ਇਕ ਹਮਲਾਵਰ ਦਾ ਵਾਰ ਰੋਕਦਾ ਗਗਨਦੀਪ ਸਿੰਘ (3) ਇਕ ਹੋਰ ਹਮਲਾਵਰ ਦਾ ਘਸੁੰਨ ਬੁੱਚਦਾ ਗਗਨਦੀਪ ਸਿੰਘ (4) ਜ਼ੁਲਮ ਵਿਰੁੱਧ ਜਿੱਤ ਦੀ ਨਿਸ਼ਾਨੀ: ਬਚਾਏ ਹੋਏ ਮੁੰਡੇ ਨਾਲ਼ ਗਗਨਦੀਪ ਸਿੰਘ (5) ਆਪਣੇ ਕੀਤੇ ਉੱਤੇ ਖ਼ੁਸ਼ ਹੋਇਆ ਬੈਠਾ ਸਬ ਇੰਸਪੈਕਟਰ ਗਗਨਦੀਪ ਸਿੰਘ