ਪੰਜਾਬ ਨੇ ਆਪਣੇ ਬਚਾਅ ਲਈ ਬਹੁੜੀਆਂ ਪਾਈਆਂ
<<<<<<<<<<<<>>>>>>>>>>>>
ਆਲਮ ਕੁੱਝ ਉਨ੍ਹਾਂ ਦਿਨਾਂ ਵਰਗਾ ਸੀ, ਜਦੋਂ ਬੇਰੁਜ਼ਗ਼ਾਰ ਹੁੰਦੇ ਸਾਂ ਤਾਂ ਹਰ ਦਿਨ ਏਦਾਂ ਲੱਗਦਾ ਹੁੰਦਾ ਸੀ ਕਿ ਅੱਜ ਡਾਕ ਵਿਚ ਕੋਈ ਲਿਫ਼ਾਫ਼ਾ ਆਏਗਾ, ਜਿਸ ਵਿਚ ਕਿਸੇ ਨੌਕਰੀ ਲਈ ਨਿਯੁਕਤੀ ਪੱਤਰ ਹੋਏਗਾ। ਤਕਰੀਬਨ ਹਰ ਰੋਜ਼ ਸਵੇਰੇ-ਸਵੇਰੇ, ਪਿੰਡ ਦੇ ਸਕੂਲ ਵਿਚ ਚੱਲਦੇ ਡਾਕਖ਼ਾਨੇ ਨੂੰ ਇਸ ਤਾਂਘ ਨਾਲ਼ ਹੀ ਜਾਣਾ, ਪਰ ਹਰ ਵਾਰ ਇਹ ਤਾਂਘ ਪੂਰੀ ਨਾ ਹੋਣੀ। ਇਸੇ ਤਰ੍ਹਾਂ ਦੇ ਆਲਮ ਵਿਚ ਬੈਠਾ ਸਾਂ ਕਿ 'ਮੈਸੇਂਜਰ ਬਾਕਸ' ਵਿਚ ਇਕ ਸੁਨੇਹਾ ਮਿਲਿਆ, ਜੋ ਰਸਮੀ ਸੁਨੇਹਿਆਂ ਨਾਲੋਂ ਵੱਖਰਾ ਹੀ ਨਹੀਂ, ਲੰਬਾ ਵੀ ਸੀ। ਸੁਨੇਹਾ ਸੀ, ਲੇਖਕ ਮਿੱਤਰ ਪਾਲੀ ਭੁਪਿੰਦਰ ਸਿੰਘ ਦਾ, ਜਿਨ੍ਹਾਂ ਨੇ ਇਸ ਸੁਨੇਹੇ ਵਿਚ ਏਦਾਂ ਫ਼ਰਮਾਇਆ ਹੋਇਆ ਸੀ:
ਪਿਆਰੇ ਬਖ਼ਸ਼ਿੰਦਰ ਜੀਓ!
ਬਤੌਰ ਨਾਟਕਕਾਰ ਮੈਂ ਕਦੇ ਪਸੰਦ ਨਹੀਂ ਕੀਤਾ ਕਿ ਕੋਈ ਆਲੋਚਕ, ਜਥੇਬੰਦੀ ਜਾਂ ਵਿਚਾਰਧਾਰਾ ਮੈਨੂੰ ਦੱਸੇ ਕਿ ਮੈਂ ਕੀ ਲਿਖਾਂ, ਕੀ ਨਹੀਂ. ਮੇਰੇ ਚਾਲ਼ੀ ਨਾਟਕਾਂ ਵਿਚੋਂ ਇੱਕ ਵੀ ਨਹੀਂ ਜੋ ਮੈਂ ਆਪਣੇ ਮਨ ਜਾਂ ਸੋਚ ਤੋਂ ਬਾਹਰ ਜਾ ਕੇ ਲਿਖਿਆ ਹੋਵੇ. ਇਸ ਕਰ ਕੇ ਮੈਂ ਤੁਹਾਨੂੰ ਵੀ ਇਹ ਸਲਾਹ ਦੇਣ ਦਾ ਹੱਕਦਾਰ ਤਾਂ ਨਹੀਂ ਕਿ ਤੁਸੀਂ ਪੰਜਾਬ ਵਿਚ ਚਲਾਈ ਗਈ 'ਚਿੱਟੇ ਦੇ ਵਿਰੋਧ ਵਿੱਚ ਕਾਲਾ ਹਫ਼ਤਾ' ਮੁਹਿੰਮ ਦੇ ਹੱਕ ਵਿੱਚ ਕੁੱਝ ਲਿਖੋ ਜਾਂ ਬੋਲੋ. ਪਰ ਨਾਲ਼ ਹੀ ਮੈਂ ਇਹ ਸਮਝਦਾ ਹਾਂ ਕਿ ਸੋਸ਼ਲ-ਮੀਡੀਆ ਸਾਹਿੱਤਕ/ ਕਲਾਤਮਕ ਨਾ ਹੋ ਕੇ ਇੱਕ ਸਮਾਜਿਕ ਪਲੈਟਫਾਰਮ ਹੈ, ਜਿੱਥੋਂ ਆਲ਼ੇ-ਦੁਆਲ਼ੇ ਦੀ ਸਲਾਮਤੀ ਵਾਸਤੇ ਕੁੱਝ ਕਿਹਾ ਜਾ ਸਕਦਾ ਹੈ. ਮੈਂ ਸਦਾ ਕਿਹਾ ਹੈ ਤੇ ਇਸ ਸੋਚ ਨਾਤੇ ਤੁਹਾਡੇ ਤੋਂ ਵੀ ਇਸ ਮੁਹਿੰਮ ਦੇ ਸਮਰਥਨ ਦੀ ਉਮੀਦ ਕਰਦਾ ਹਾਂ. ਸਾਨੂੰ ਉੱਤੇ ਬੈਠਿਆਂ ਨੂੰ ਪਤਾ ਨਹੀਂ ਲੱਗ ਰਿਹਾ, ਪਰ ਪਿੰਡਾਂ-ਕਸਬਿਆਂ ਵਿਚ ਹਾਲਤ ਬਹੁਤ ਭੈੜੀ ਹੈ. ਹਰ ਰੋਜ਼ ਦਰਜਨਾਂ ਨੌਜਵਾਨ ਚਿੱਟੇ ਵਰਗੇ ਨਸ਼ੇ ਕਰ ਕੇ ਮਰ ਰਹੇ ਹਨ ਅਤੇ ਸਾਡੇ ਆਗੂ, ਧਰਮ-ਗੁਰੂ ਚੁੱਪ ਚਾਪ ਤਮਾਸ਼ਾ ਵੇਖ ਰਹੇ ਹਨ. ਹਰ ਸਾਲ ਤਿੰਨ ਲੱਖ ਦੇ ਕਰੀਬ ਪੰਜਾਬੀ ਨੌਜਵਾਨ ਪੰਜਾਬ ਦੇ ਕੁੱਲ ਬੱਜਟ ਦੇ ਸੱਠ ਪ੍ਰਤੀਸ਼ਤ ਜਿੰਨਾ ਸਰਮਾਇਆ ਲੈ ਕੇ ਬਾਹਰ ਜਾ ਰਹੇ ਹਨ, ਜਿਨ੍ਹਾਂ ਵਿਚੋਂ ਬਹੁਤਿਆਂ ਦੇ ਪਰਿਵਾਰਾਂ ਨੂੰ ਡਰ ਹੁੰਦਾ ਹੈ ਕਿ ਇੱਥੇ ਰਹਿ ਕੇ ਉਹ ਨਸ਼ੇ ਕਰਨ ਲੱਗ ਪੈਣਗੇ. ਇਸ ਲਈ, ਜੇ ਤੁਹਾਨੂੰ ਠੀਕ ਲੱਗੇ ਤਾਂ ਇਸ ਮੁਹਿੰਮ ਦਾ ਸਮਰਥਨ ਕਰੋ. ਇਹ ਕੋਈ ਪੁਲਿਟੀਕਲ ਮੁਹਿੰਮ ਨਹੀਂ, ਇਸ ਦਾ ਸਰੋਕਾਰ ਸਿਰਫ਼ ਅਤੇ ਸਿਰਫ਼ ਪੰਜਾਬ ਹੈ. ਇਕ ਸਾਹਿਤਕਾਰ/ ਕਲਾਕਾਰ ਦਾ ਸਮਾਜ ਵਿੱਚ ਸਦਾ ਹੀ ਪ੍ਰਭਾਵ ਹੁੰਦਾ ਹੈ. ਇਸ ਲਈ ਤੁਹਾਡਾ ਕਹਿਣਾ ਜ਼ਰੂਰ ਕੁੱਝ ਲੋਕਾਂ ਨੂੰ ਬਾਹਰ ਆ ਕੇ ਨਸ਼ਿਆਂ ਦਾ ਵਿਰੋਧ ਕਰਨ ਲਈ ਪ੍ਰੇਰੇਗਾ, ਇਸ ਦੀ ਪੂਰੀ ਉਮੀਦ ਹੈ. ਵਧੇਰੇ ਜਾਣਕਾਰੀ ਲਈ ਤੁਸੀਂ ਇਸ ਮੁਹਿੰਮ ਦੇ ਪੇਜ 'ਮਰੋ ਜਾਂ ਵਿਰੋਧ ਕਰੋ' ਤੇ ਜਾ ਸਕਦੇ ਹੋ.
....
ਇਹ ਸੁਨੇਹਾ ਮਿਲਦਿਆਂ ਹੀ ਮੈਨੂੰ ਇਹ ਮਹਿਸੂਸ ਹੋਇਆ ਕਿ ਮੇਰੇ ਪੰਜਾਬ ਨੇ ਮੈਨੂੰ ਹਾਕ ਹੀ ਨਹੀਂ ਮਾਰੀ, ਆਪਣੇ ਪਿਆਰੇ ਲੋਕਾਂ ਅੱਗੇ ਬਹੁੜੀ ਵੀ ਪਾਈ ਹੈ। ਪੰਜਾਬ ਦੇ ਕੁੱਝ ਸ਼ੁਭਚਿੰਤਕਾਂ ਨੇ ਪੰਜਾਬ ਵਿਚ ਭਰ-ਭਰ ਵਗਣ ਲੱਗ ਪਏ, 'ਨਸ਼ਿਆਂ ਦੇ ਛੇਵੇਂ ਦਰਿਆ' ਨੂੰ ਆਪਣੇ ਕੰਢੇ ਤੋੜ ਕੇ ਪੰਜਾਬ ਦੀ ਜੁਆਨੀ ਬਰਬਾਦ ਕਰਨ ਤੋਂ ਰੋਕਣ ਦਾ ਕੋਈ ਹੀਲਾ ਕੀਤੇ ਜਾਣ ਦੀ ਮੰਗ ਕਰਦਿਆਂ, ਪੰਜਾਬ ਦੇ ਲੋਕਾਂ ਨੂੰ 'ਮਰੋ ਜਾਂ ਵਿਰੋਧ ਕਰੋ' ਦੀ ਅਪੀਲ ਕੀਤੀ ਹੈ ਅਤੇ ਪਹਿਲੀ ਜੁਲਾਈ ਤੋਂ 'ਚਿੱਟੇ ਦੇ ਵਿਰੋਧ ਵਿਚ ਕਾਲ਼ਾ ਹਫ਼ਤਾ' ਮੁਹਿੰਮ ਵਿੱਢੀ ਹੋਈ ਹੈ। ਓਦਾਂ, ਪੰਜਾਬ ਵਿਚ 'ਚਿੱਟੇ' ਦਾ ਇਹ 'ਕਾਲ਼ਾ ਵਿਰੋਧ' ਅਜੇ ਕੱਲ੍ਹ ਹੀ ਸ਼ੁਰੂ ਨਹੀਂ ਹੋਇਆ। ਪਿਛਲੇ ਸਾਲ (2017), 2 ਫਰਵਰੀ ਨੂੰ ਨਵੀਂ ਸਰਕਾਰ ਬਣਾਉਣ ਲਈ ਪੰਜਾਬ ਦੇ ਲੋਕ ਵੋਟਾਂ ਪਾ ਰਹੇ ਸਨ ਤਾਂ ਉਨ੍ਹਾਂ ਲਈ ਨੌਕਰੀਆਂ ਦੀ ਘਾਟ ਅਤੇ ਭ੍ਰਿਸ਼ਟਾਚਾਰ ਵੱਡੇ ਮੁੱਦੇ ਨਹੀਂ ਸਨ, ਸਗੋਂ ਨਸ਼ਿਆਂ ਦੀ ਉਹ ਮਹਾਮਾਰੀ ਮੁੱਖ ਮੁੱਦਾ ਸੀ, ਜੋ ਪੰਜਾਬ ਦੀ ਜੁਆਨੀ ਨੂੰ ਹੂੰਝਾ ਮਾਰੀ ਜਾ ਰਹੀ ਸੀ।
ਪੰਜਾਬ ਦੀ ਸਾਬਕਾ ਸਰਕਾਰ ਦੇ ਸਿਰ ਤਾਂ ਨਸ਼ੇ ਵੇਚਣ ਵਾਲ਼ਿਆਂ ਦੀ ਪਿੱਠ ਥਾਪੜਨ ਦਾ ਦੋਸ਼ ਲੱਗਦਾ ਰਿਹਾ ਹੈ, ਨਵੀਂ ਸਰਕਾਰ ਦੇ ਸਿਰ ਇਹ ਦੋਸ਼ ਲੱਗਦਾ ਹੈ ਕਿ ਉਸ ਨੇ ਇਸ ਹਾਲਤ ਨੂੰ ਜਿਉਂ ਦੇ ਤਿਉਂ ਬਰਕਰਾਰ ਰੱਖਿਆ ਹੋਇਆ ਹੈ ਤੇ ਇਸ ਪਾਸਿਓਂ ਕੰਨ ਵਲੇਟ ਲਏ ਹਨ। ਇਸ ਸਰਕਾਰ ਦੇ ਰਾਜ ਵਿਚ ਪੁਲਸ ਅਫ਼ਸਰਾਂ/ ਮੁਲਾਜ਼ਮਾਂ ਵੱਲੋਂ ਨਸ਼ੇ ਵੇਚਣ ਦੇ ਇੰਕਸ਼ਾਫ਼ ਹੋ ਰਹੇ ਹਨ। ਇਨ੍ਹੀਂ ਦਿਨੀਂ, ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖ਼ਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਰਗੇ ਸਿਆਸੀ ਆਗੂਆਂ ਨੇ ਪੰਜਾਬ ਪ੍ਰੈੱਸ ਕਲੱਬ, ਜਲੰਧਰ ਵਿਚ, ਨਸ਼ੇ ਦੀ ਮਿੱਧੀ ਹੋਈ ਇਕ ਕੁੜੀ ਵੀ ਲਿਆ ਕੇ ਪੇਸ਼ ਕੀਤੀ, ਜਿਸ ਨੇ ਪਹਿਲੇ ਦਿਨ ਢਕੇ ਹੋਏ ਮੂੰਹ ਨਾਲ਼ ਆਪਣੀ ਦਾਸਤਾਨ ਸੁਣਾਈ ਅਤੇ ਨਸ਼ਾ ਵੇਚਣ ਵਾਲ਼ੇ ਕੁੱਝ ਪੁਲਸ ਅਫ਼ਸਰਾਂ ਦੇ ਨਾਂ ਲਏ ਤੇ ਅਗਲੇ ਦਿਨ ਨੰਗੇ ਮੂੰਹ ਏਦਾਂ ਕਿਹਾ, "ਅਸੀਂ ਆਪਣਾ ਮੂੰਹ ਕਿਉਂ ਢਕੀਏ? ਅਸੀਂ ਤਾਂ ਨਸ਼ਿਆਂ ਦੇ ਗੁਲਾਮ ਸਾਂ, ਮੂੰਹ ਤਾਂ ਉਹ ਢਕਣ, ਜਿਨ੍ਹਾਂ ਨੇ ਨਸ਼ਿਆਂ ਦਾ ਵਪਾਰ ਕੀਤਾ।"
ਲੁਧਿਆਣੇ ਰਹਿੰਦੀ ਤੇ ਕਪੂਰਥਲੇ ਦੇ ਇਕ ਨਸ਼ਾ ਛੁਡਾਊ ਕੇਂਦਰ ਵਿਚ ਨਸ਼ਾ ਛੱਡ ਚੁੱਕੀ ਇਸ 26 ਕੁ ਸਾਲਾ ਕੁੜੀ ਨੇ ਦੋਸ਼ ਲਾਇਆ ਕਿ ਉਸ ਨੂੰ ਨਸ਼ਾ ਕਰਨ ਦੀ ਆਦਤ ਪਾਉਣ ਵਾਲ਼ਾ, ਪੰਜਾਬ ਦਾ ਇਕ ਡੀ.ਐੱਸ.ਪੀ. ਹੈ। ਇਸ ਮੁਟਿਆਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਨੂੰ ਲਿਖੇ ਇਕ ਪੱਤਰ ਵਿਚ ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਉਸ ਡੀ.ਐੱਸ.ਪੀ. ਨੇ ਉਸ ਨਾਲ਼ ਬਲਾਤਕਾਰ ਵੀ ਕੀਤਾ ਸੀ। ਉਸ ਨੇ ਦੱਸਿਆ ਕਿ ਉਹ 2013 ਤੋਂ 2015 ਤਕ ਡੀ.ਐੱਸ.ਪੀ. ਦਲਜੀਤ ਸਿੰਘ ਢਿੱਲੋਂ ਦੇ ਸੰਪਰਕ ਵਿਚ ਰਹੀ ਸੀ। ਉਹ ਪਹਿਲੀ ਵਾਰੀ, ਡੀ.ਐੱਸ.ਪੀ. ਢਿੱਲੋਂ ਨੂੰ ਉਸ ਦੇ, ਤਰਨ ਤਾਰਨ ਵਿਚ ਤਾਇਨਾਤ ਹੋਣ ਦੌਰਾਨ, ਇਕ ਸਰਕਾਰੀ ਕੋਠੀ ਵਿਚ ਮਿਲੀ ਸੀ। ਉਸ ਨੇ ਇਹ ਵੀ ਦੱਸਿਆ ਕਿ 2011 ਵਿਚ ਉਸ ਦੇ ਘਰ ਦਿਆਂ ਨੇ ਉਸ ਨੂੰ ਕਾਲਜ ਵਿਚ ਪੜ੍ਹਨੇ ਪਾਇਆ ਸੀ, ਪਰ ਪੜ੍ਹਾਈ ਵਿਚ ਉਸ ਦਾ ਦਿਲ ਨਾ ਲੱਗਣ ਦੀ ਵਜ੍ਹਾ ਨਾਲ਼, ਉਸ ਨੇ ਇਕ ਪ੍ਰਾਈਵੇਟ ਨੌਕਰੀ ਕਰ ਲਈ। ਫਿਰ ਉਸ ਦਾ ਸੰਪਰਕ, ਆਪਣੇ ਪਤੀ ਨਾਲ਼ੋਂ ਵੱਖ ਰਹਿੰਦੀ ਇਕ ਕੁੜੀ ਨਾਲ਼ ਹੋਇਆ ਤੇ ਉਹ, ਉਸ ਨਾਲ਼ ਰਹਿਣ ਲੱਗ ਪਈ। ਉਸ ਕੁੜੀ ਦੀ ਦੋਸਤੀ 'ਅਮਨ' ਨਾਂ ਦੇ ਉਸ ਮੁੰਡੇ ਨਾਲ਼ ਸੀ, ਜੋ ਆਪਣੇ-ਆਪ ਨੂੰ ਕਿਸੇ ਵਿਧਾਇਕ ਦਾ ਪੁੱਤਰ ਦੱਸਦਾ ਸੀ।
ਉਸ ਨੇ ਇਹ ਵੀ ਦੱਸਿਆ ਕਿ ਇਕ ਦਿਨ ਅਮਨ ਅਤੇ ਉਸ ਦੀ ਦੋਸਤ ਕੁੜੀ ਨੇ ਤਰਨ ਤਾਰਨ ਜਾਣ ਦਾ ਪ੍ਰੋਗਰਾਮ ਬਣਾਇਆ ਤੇ ਉਸ ਨੇ ਮੈਨੂੰ ਵੀ ਨਾਲ਼ ਚੱਲਣ ਲਈ ਕਿਹਾ। ਫਿਰ ਅਚਾਨਕ ਹੀ ਦੂਜੀ ਕੁੜੀ ਨੇ ਕਿਹਾ ਕਿ ਉਸ ਦੀ ਤਬੀਅਤ ਖਰਾਬ ਹੋ ਗਈ ਹੈ। ਅਮਨ ਨੇ ਉਸ ਨੂੰ ਨਾਲ਼ ਜਾਣ ਲਈ ਜ਼ੋਰ ਪਾਇਆ। ਉਹ ਦੋਵੇਂ ਜਣੇ, ਸਿਲਵਰ ਰੰਗ ਦੀ 'ਇਨੋਵਾ' ਕਾਰ ਨੰਬਰ 4 ਵਿਚ ਬੈਠ ਕੇ ਤਰਨ ਤਾਰਨ ਗਏ ਤੇ ਅਮਨ ਉਸ ਨੂੰ ਡੀ.ਐੱਸ.ਪੀ. ਢਿੱਲੋਂ ਦੀ ਕੋਠੀ ਲੈ ਗਿਆ। ਉਸ ਨੇ ਹੀ ਡੀ.ਐੱਸ.ਪੀ. ਢਿੱਲੋਂ ਨਾਲ਼ ਉਸ ਦੀ ਜਾਣ-ਪਛਾਣ ਕਰਾਈ। ਕੁੱਝ ਚਿਰ ਮਗਰੋਂ ਢਿੱਲੋਂ ਨੇ ਉਸ ਨੂੰ ਬਰਾਊਨ ਰੰਗੀ ਇਕ ਡਲ਼ੀ ਦਿਖਾ ਕੇ ਪੁੱਛਿਆ ਕਿ ਉਸ ਨੇ ਕਦੇ ਇਸ ਦਾ ਸੁਆਦ ਦੇਖਿਆ ਹੈ। ਕੁੜੀਆਂ ਵਿਚ ਇਸ ਨਸ਼ਾ ਪੀਣ ਦਾ ਫੈਸ਼ਨ ਹੈ। ਢਿੱਲੋਂ ਨੇ ਘਰ ਵਿਚ ਕੰਮ ਕਰਦੇ 'ਅਸ਼ੋਕ' ਨਾਂ ਦੇ ਨੌਕਰ ਤੋਂ ਰੈਪ ਪੇਪਰ ਅਤੇ ਲਾਈਟਰ ਮੰਗਵਾਇਆ। ਫਿਰ ਉਸ ਨੇ, ਉਸ ਕੁੜੀ ਨੂੰ 'ਹੈਰੋਇਨ' ਪੀਣੀ ਸਿਖਾਈ।
ਇਸ ਮਗਰੋਂ ਢਿੱਲੋਂ ਨੇ ਉਸ ਨੂੰ ਆਪਣਾ ਫੋਨ ਨੰਬਰ ਦਿੱਤਾ ਤੇ ਕਿਹਾ ਕਿ ਜਦੋਂ ਵੀ ਲੋੜ ਪਵੇ ਉਹ, ਉਸ ਨੂੰ ਫੋਨ ਕਰ ਲਿਆ ਕਰੇ। 20 ਦਿਨ ਮਗਰੋਂ ਜਦੋਂ ਉਸ ਨੇ ਢਿੱਲੋਂ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਤੇ ਉਸ ਦੀ ਸਹੇਲੀ ਉਸ ਨੂੰ ਮਿਲਣ ਆਉਣ। ਦੁਬਾਰਾ ਜਾਣ ਸਮੇਂ ਢਿੱਲੋਂ ਨੇ ਉਨ੍ਹਾਂ ਦੋਹਾਂ ਨੂੰ 'ਡਲ਼ੀ' ਦਾ ਨਸ਼ਾ ਕਰਾਇਆ ਤੇ ਫਿਰ ਚੁਬਾਰੇ ਵਿਚ ਲਿਜਾ ਕੇ ਉਸ ਦੀ ਪੱਤ ਲੁੱਟੀ। ਅਗਲੇ ਦਿਨ ਸਵੇਰੇ ਉਨ੍ਹਾਂ ਨੇ ਢਿੱਲੋਂ ਤੋਂ ਨਸ਼ਾ ਮੰਗਿਆ ਤਾਂ ਉਸ ਨੇ 5 ਗ੍ਰਾਮ ਹੈਰੋਇਨ ਤੋਲ ਕੇ ਦਿੱਤੀ। ਫਿਰ ਉਨ੍ਹਾਂ ਨੂੰ ਬੱਸ ਚੜ੍ਹਾ ਦਿੱਤਾ। ਢਿੱਲੋਂ ਨੂੰ ਦੁਬਾਰਾ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਨਸ਼ਾ ਕਰਨ ਵਾਲ਼ੀਆਂ ਹੋਰ ਕੁੜੀਆਂ ਲਿਆਵੇ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ, ਕੁੜੀਆਂ ਤੋਂ ਮਿਲੀ ਰਕਮ ਵਿਚੋਂ ਹਿੱਸਾ ਦਿੱਤਾ ਜਾਵੇਗਾ। ਇਸ ਦੌਰਾਨ ਹੀ ਉਹ ਗਰਭਵਤੀ ਵੀ ਹੋ ਗਈ ਸੀ।
ਇਸ ਕੁੜੀ ਵੱਲੋਂ ਪੱਤਰਕਾਰਾਂ ਦੇ ਸਾਹਮਣੇ ਇਹ ਇੰਕਸ਼ਾਫ਼ ਕਰਨ ਮਗਰੋਂ ਪੰਜਾਬ ਸਰਕਾਰ ਨੇ ਡੀ.ਐੱਸ.ਪੀ. ਢਿੱਲੋਂ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਇਸ ਮਾਮਲੇ ਦੀ ਜਾਂਚ, ਆਈ.ਪੀ.ਐੱਸ. ਅਧਿਕਾਰੀ ਅਨੀਤਾ ਪੁੰਜ ਨੂੰ ਸੌਂਪ ਦਿੱਤੀ ਹੈ। ਜਦੋਂ ਤੋਂ ਪੰਜਾਬ ਵਿਚ 'ਚਿੱਟੇ ਵਿਰੁੱਧ ਕਾਲਾ ਰੋਸ' ਮੁਹਿੰਮ ਵਿੱਢੀ ਗਈ ਹੈ, ਪੰਜਾਬ ਸਰਕਾਰ ਵੱਲੋਂ '18800 ਤਸਕਰ ਗ਼੍ਰਿਫ਼ਤਾਰ ਕਰਨ' ਅਤੇ 'ਨਸ਼ੇ ਦੇ ਵੱਡੇ ਤਸਕਰ ਦਾ ਖੁਰਾ-ਖੋਜ ਲੱਭਿਆ' ਵਰਗੀਆਂ ਹੋਰ ਖ਼ਬਰਾਂ ਛਪਵਾਉਣ ਲਈ ਜ਼ੋਰ ਲੱਗਿਆ ਹੋਇਆ ਹੈ। ਕਹਿੰਦੇ ਨੇ ਕਿ ਜਦੋਂ ਕਿਸੇ ਮਸਲੇ ਦੇ ਹੱਲ ਲਈ ਲੋਕ ਸੜਕਾਂ ਉੱਤੇ ਨਿੱਕਲ ਆਉਣ ਤਾਂ ਸਰਕਾਰ ਨੂੰ ਖ਼ਬਰਾਂ ਛਪਾਉਣ ਦੀ ਥਾਂ, ਮਸਲੇ ਕਰਨੇ ਪੈ ਜਾਂਦੇ ਹਨ।'ਚਿੱਟੇ ਦੇ ਵਿਰੋਧ ਵਿਚ ਕਾਲ਼ਾ ਹਫ਼ਤਾ' ਬੀਤ ਚੱਲਿਆ ਏ। ਇਹ ਦੇਖਣਾ ਅਜੇ ਬਾਕੀ ਹੈ ਕਿ ਪੰਜਾਬ ਦੀ ਤੇ ਪੰਜਾਬ ਦੇ ਨੌਜੁਆਨਾਂ ਦੀ ਹੋਣੀ ਕੁੱਝ ਬਦਲੀ ਹੈ ਕਿ ਨਹੀਂ।#
