ਜੇ ਗੁਰੂ ਜਾਣੀ-ਜਾਣ ਏ ਤਾਂ ਚੇਲੇ ਵੀ ਅਣਜਾਣ ਨਹੀਂ
<<<<<<<<<<<>>>>>>>>>>>
ਸੁਖਜੀਤ ਦੀ ਕਿਤਾਬ ਮੈਂ ਜੈਸਾ ਹੂੰ... ਮੈਂ ਵੈਸਾ ਕਿਊਂ ਹੂੰ... ਪੜ੍ਹਨ ਮਗਰੋਂ
*************************************
ਭਾਵੇਂ ਹੁਣ ਕੋਈ ਕਿਤਾਬ ਪੜ੍ਹਨ ਵਿਚ ਕਿਸੇ ਜ਼ਮਾਨੇ ਵਾਲ਼ੀ ਤੇਜ਼ੀ ਅਤੇ ਤੀਬਰਤਾ ਨਹੀਂ ਰਹੀ, ਪਰ ਇਕ ਕਿਤਾਬ ਪਿਛਲੇ ਦਿਨੀਂ ਬਹੁਤ ਬਹੁਤੀ ਹੀ ਤੇਜ਼ੀ ਤੇ ਤੀਬਰਤਾ ਨਾਲ਼ ਪੜ੍ਹੀ ਗਈ। ਇਸ ਦੇ ਕਈ ਕਾਰਨ ਰਹੇ। ਇਸ ਕਿਤਾਬ ਦਾ ਸਿਰਲੇਖ
ਮੈਂ ਜੈਸਾ ਹੂੰ...
ਮੈਂ ਵੈਸਾ ਕਿਊਂ ਹੂੰ...
ਹੈ ਤੇ ਇਸ ਦਾ ਲੇਖਕ ਸੁਖਜੀਤ ਹੈ, ਜੋ ਕਦੇ ਨਾਮਧਾਰੀ ਹੁੰਦਾ ਸੀ ਤੇ ਅੱਜ-ਕੱਲ੍ਹ ਸੁਆਮੀ ਵਜੋਂ ਜਾਣਿਆ ਜਾਂਦਾ ਹੈ। ਇਸ ਵੇਲ਼ੇ ਸੁਖਜੀਤ ਕੀ ਹੈ ਜਾਂ ਕੀ ਕਰਦੈ ਜਾਂ ਕੀ ਨਹੀਂ ਕਰਦੈ, ਇਸ ਲੇਖ ਦਾ ਮੁੱਦਾ ਨਹੀਂ ਹੈ। ਕਿਸੇ ਜ਼ਮਾਨੇ ਵਿਚ ਜਦੋਂ ਸੁਖਜੀਤ ਨਾਮਧਾਰੀ ਹੁੰਦਾ ਸੀ ਤਾਂ ਉਹ ਕੀ ਕਰਦਾ/ ਕਮਾਉਂਦਾ ਰਿਹਾ ਹੈ, ਇਸ ਬਾਰੇ ਇਹ ਕਿਤਾਬ ਬੋਲਦੀ ਹੈ। ਬਹੁਤ ਜ਼ਿਆਦਾ ਬੋਲਦੀ ਹੈ, ਬਹੁਤ ਉੱਚਾ ਬੋਲਦੀ ਹੈ। ਅਜੇ ਪੰਜਾਬੀ ਭਾਸ਼ਾ ਵਿਚ ਇੰਨਾ ਜ਼ਿਆਦਾ, ਇੰਨਾ ਉੱਚਾ ਬੋਲਣ ਵਾਲ਼ੀਆਂ ਕਿਤਾਬਾਂ ਲਿਖਣ ਦਾ ਰਿਵਾਜ ਨਹੀਂ ਹੈ ਜਾਂ ਕਹਿ ਲਓ ਹਾਲੇ ਕਿਤਾਬਾਂ ਨੂੰ ਇੰਨਾ ਜ਼ਿਆਦਾ, ਇੰਨਾ ਉੱਚਾ ਬੋਲਣ ਦੀ ਇਜਾਜ਼ਤ ਨਹੀਂ ਹੈ। ਕਈ ਕਿਤਾਬਾਂ ਇਹੋ ਜਿਹੀਆਂ ਜ਼ਰੂਰ ਆਈਆਂ ਹਨ, ਜਿਨ੍ਹਾਂ ਵਿਚ ਲੇਖਕ 'ਮੈਂ ਫਲਾਣੀ ਨਾਲ਼ ਸੁੱਤਾ, ਫਲਾਣੀ ਨਾਲ਼ ਜਾਗਿਆ ਜਾਂ ਫਲਾਣੀ ਨਾਲ਼ ਨ੍ਹਾਤਾ ਤੇ ਫਲਾਣੀ ਨਾਲ਼ ਛਾਹ-ਵੇਲ਼ਾ ਕੀਤਾ' ਵਰਗੇ ਵੇਰਵੇ ਦਿੰਦੇ ਰਹੇ ਹਨ, ਪਰ ਇਸ ਕਿਤਾਬ ਵਿਚ ਇਹੋ ਜਿਹਾ ਇਕ ਵੀ ਹਵਾਲਾ ਨਹੀਂ ਹੈ।
ਇਸ ਕਿਤਾਬ ਦਾ ਉਪ ਸਿਰਲੇਖ 'ਸਵੈ-ਬਿਰਤਾਂਤ' ਹੈ, ਜਿਸ ਤੋਂ ਸਪੱਸ਼ਟ ਹੈ ਕਿ ਇਸ ਵਿਚ ਦਰਜ ਸਮੱਗਰੀ ਝੂਠੀ ਨਹੀਂ ਹੈ।ਇਹ ਕਿਤਾਬ ਏਦਾਂ ਸ਼ੁਰੂ ਹੁੰਦੀ ਹੈ:
ਮੈਂ ਲਿਖਿਆ ਕਿ ਮੇਰਾ ਜਨਮ 4 ਜਨਵਰੀ '61 ਨੂੰ ਹੋਇਆ। ਲਿਖਿਆ ਤੇ ਕੱਟ 'ਤਾ। ਕੀ ਫ਼ਰਕ ਪੈਂਦੈ। ਇਹ ਦੀ ਬਜਾਇ 8 ਜੂਨ '60 ਨੂੰ ਜੰਮਦਾ। ਅਚਾਨਕ ਖ਼ਿਆਲ ਆਇਆ, ਨਹੀਂ, ਫ਼ਰਕ ਤਾਂ ਪੈਂਦਾ। '60 ਤਾਂ ਨਹੀਂ, ਜੇ '63 ਜਾਂ ਇਸ ਤੋਂ ਬਾਅਦ ਜੰਮਦਾ ਤਾਂ ਮੈਂ ਅਜਿਹਾ ਨਾ ਹੁੰਦਾ।
ਇਹ 'ਅਜਿਹਾ' 'ਕਿਜਿਹਾ' ਹੈ, ਇਹੋ ਦੱਸਦੀ ਹੈ ਇਹ ਕਿਤਾਬ। ਇਹੋ ਹੀ ਨਹੀਂ ਦੱਸਦੀ, ਇਹ ਕਿਤਾਬ। ਇਹ ਕਿਤਾਬ ਇਹ ਵੀ ਦੱਸਦੀ ਹੈ ਕਿ ਉਦੋਂ ਸੁਖਜੀਤ ਦੇ ਅੰਦਰ ਕੀ ਵਾਪਰਦਾ ਸੀ ਤੇ ਉਸ ਦੇ ਬਾਹਰ ਜਾਂ ਉਸ ਦੇ ਆਲ਼ੇ-ਦੁਆਲ਼ੇ ਕੀ ਵਾਪਰਦਾ ਸੀ। ਉਹ ਤਿੰਨ ਭਰਾ ਸਨ ਯਾਨੀ ਉਸ ਦੀ ਕੋਈ ਭੈਣ ਨਹੀਂ ਸੀ। ਸੁਖਜੀਤ ਜੇਠਾ ਹੋਣ ਕਰ ਕੇ ਉਸ ਨੂੰ ਆਪਣੇ ਭਰਾਵਾਂ ਦੀ ਭੈਣ ਵੀ ਬਣਨਾ ਪਿਆ ਤੇ ਘਰ ਦੇ ਕੰਮ ਵਿਚ ਮਾਂ ਦਾ ਹੱਥ ਵੰਡਾਉਣ 'ਵਾਲ਼ੀ' ਵੀ। ਉਸ ਦੇ ਬਾਪੂ ਨੂੰ (ਜਿਸ ਨੂੰ ਸ਼ੁਰੂ ਵਿਚ ਉਹ 'ਭਾਪਾ ਜੀ' ਲਿਖਦਾ-ਲਿਖਦਾ, ਕਿਤਾਬ ਦੇ ਅੰਤ ਵਿਚ 'ਪਾਪਾ ਜੀ' ਲ਼ਿਖ ਗਿਆ ਹੈ), ਕੁੱਟਣ-ਮਾਰਨ ਲਈ ਵੀ ਸੁਖਜੀਤ ਹੀ ਹੱਥ ਆਉਂਦਾ ਰਿਹਾ ਕਿਉਂ ਕਿ ਪਲੇਠੀ ਦੇ ਸੁਖਜੀਤ ਦਾ ਸਰੀਰ ਕੁੱਟ ਸਹਿਣ ਜੋਗਾ ਵੀ ਸੀ। ਰੋਹੀ ਦੇ ਸੱਪਾਂ ਦੇ ਅੰਗ-ਸੰਗ ਹੀ ਪਲ਼ਿਆ ਸੀ ਸੁਖਜੀਤ!
ਬਚਪਨ ਵਿਚ ਸੁਖਜੀਤ ਕਿਹੋ ਜਿਹਾ ਸੀ, ਉਸ ਦੀ ਕਿਤਾਬ ਏਦਾਂ ਦੱਸਦੀ ਹੈ:
ਮੁਜਾਰੇ ਜ਼ਮੀਨ ਵਾਹੁਣ ਲੱਗੇ ਤਾਂ ਉਨ੍ਹਾਂ ਦੀਆਂ ਤੀਵੀਆਂ ਤੇ ਨੂੰਹਾਂ ਧੀਆਂ ਕੰਮ-ਕਾਰ ਕਰਵਾ ਜਾਂਦੀਆਂ। ਪਰ ਮਾਂ ਸਾਡੀ ਉੱਨਾ ਚਿਰ ਸਾਨੂੰ ਤਾੜ ਕੇ ਰੱਖਦੀ ਕਿ ਅਸੀਂ ਉਨ੍ਹਾਂ ਵੱਲ ਵੇਖੀਏ ਨਾ। ਉਂਜ ਤਾੜਦੀ ਤਾਂ ਉਹ ਚੱਤੋ ਪਹਿਰ, ਖ਼ਾਸ ਕਰ ਕੇ ਮੈਨੂੰ। ਮੈਂ ਹੁੰਦੜ-ਹੇਲ ਸਾਂ, ਤੀਵੀਆਂ ਦੇ ਕਹਿਣ ਵਾਂਗੂੰ ਗਲੋਲੂ ਜਿਹਾ। ਕੋਈ ਆਖਦੀ, "ਹਾਅ ਹਾਏ, ਐਹ ਤੇ ਟਮਾਟਰ ਏ ਲਾਲ ਸੂਹਾ।" ਉਸ ਦੀ ਮਾਂ ਨੂੰ ਉਸ ਦੀਆਂ ਸਿਫ਼ਤਾਂ ਹੋਣੀਆਂ ਵੀ ਨਹੀਂ ਭਾਉਂਦੀਆਂ ਸੀ। ਭਾਵੇਂ ਉਹ, ਬਚਪਨ ਵਿਚ ਆਪਣੀ ਮਾਂ ਦਾ ਇਕਲਾਪਾ ਦੂਰ ਕਰਨ ਦੇ ਹੀਲੇ ਵਜੋਂ, ਉਸ ਨਾਲ਼ ਸਿਰ ਜੋੜ-ਜੋੜ ਗੀਤ ਵੀ ਗਾਉਂਦਾ ਰਿਹਾ, ਉਸ ਨਾਲ਼ ਘਰ ਦਾ ਹਰ ਕੰਮ ਕਰਾਉਂਦਾ ਰਿਹਾ, ਪਰ ਮਾਂ ਉਸ ਨੂੰੰ ਨਿੱਕੀ ਜਿਹੀ ਗੱਲੋਂ ਹੀ "ਕਮੂਤਾ ਕੰਜਰਾ, ਕੁੱਤਿਆ, ਬੁੱਢ-ਬਲੇਟਾ..." ਕਹਿਣ ਲੱਗ ਪੈਂਦੀ ਸੀ।
ਉਸ ਨੂੰ ਪੜ੍ਹੇ ਬਿਨਾਂ ਨੀਂਦ ਨਾ ਆਉਂਦੀ। ਆਪਣੀ 'ਬੀਬੀ' ਬਾਰੇ ਇਸ ਕਿਤਾਬ ਵਿਚ ਸੁਖਜੀਤ ਨੇ ਕਈ 'ਅਜੀਬ ਸੱਚ' ਲਿਖੇ ਹੋਏ ਹਨ ਜਾਂ ਇਉਂ ਕਹਿ ਲਓ ਪਈ ਉਸ ਨੂੰ 'ਉਹੀ ਸੱਚ' ਲੱਗਦੇ ਹੁੰਦੇ ਸਨ। ਇਸ ਤਰ੍ਹਾਂ ਲਿਖਣ ਦਾ ਹੌਸਲਾ, ਇਸ ਤੋਂ ਪਹਿਲਾਂ ਕਿਸੇ ਪੰਜਾਬੀ ਲੇਖਕ ਨੂੰ ਨਹੀਂ ਪਿਆ। ਮਾਂ ਤਾਂ ਮਾਂ, ਉਸ ਨੇ ਤਾਂ ਆਪਣੇ ਗੁਰੂਆਂ ਨੂੰ ਵੀ 'ਜਾਣੀ-ਜਾਣ' ਕਹਿ-ਕਹਿ ਛਾਣ ਸੁੱਟਿਆ।
'ਫ਼ਿਲਹਾਲ' ਵਿਚ ਛਪੇ ਉਸ ਦੇ ਇਕ ਬਿਰਤਾਂਤ ਵਿਚ ਉਸ ਨੇ ਇਹ ਵੀ ਲਿਖਿਆ ਸੀ ਕਿ ਉਹ, ਆਪਣੀ 'ਨਾਮਧਾਰਨ' ਮਾਂ ਦੀ ਵਜ੍ਹਾ ਨਾਲ਼, ਕਾਲਜ ਜਾਣ ਵੇਲ਼ੇ ਪੈਂਟ ਪਾਉਣ ਨੂੰ ਤਰਸਦਾ ਹੀ ਰਹਿ ਗਿਆ ਸੀ। ਇਸ ਕਿਤਾਬ ਵਿਚ ਉਹ ਬਿਰਤਾਂਤ ਹੈ ਨਹੀਂ, ਪਤਾ ਨਹੀਂ ਕਿਉਂ! ਓਦਾਂ ਇਸ ਕਿਤਾਬ ਵਿਚ ਹੀ ਉਸ ਨੇ ਇਹ ਵੀ ਲਿਖਿਆ ਹੋਇਆ ਹੈ:
ਮੇਰੇ ਇਨ੍ਹਾਂ ਦੁੱਖਾਂ ਨੂੰ ਉਹ ਲੋਕ ਚੰਗੀ ਤਰ੍ਹਾਂ ਸਮਝ ਸਕਦੇ ਨੇ, ਜਿਨ੍ਹਾਂ ਦੇ ਪਰਿਵਾਰ ਕਿਸੇ ਡੇਰੇ ਜਾਂ ਸੰਤਾਂ ਨਾਲ਼ ਪੱਕੇ ਜੁੜੇ ਹੋਏ ਨੇ ਤੇ ਓਸ ਘਰ ਦੀਆਂ ਔਰਤਾਂ ਆਪਣੇ ਪਤੀ ਤੇ ਬੱਚਿਆਂ ਤੋਂ ਵੱਧ ਅਹਿਮੀਅਤ ਡੇਰੇ ਨੂੰ ਜਾਂ ਸੰਤਾਂ ਨੂੰ ਦਿੰਦੀਆਂ ਨੇ। ਓਸ ਘਰ ਵਿਚ ਅਕਸਰ ਅਜਿਹਾ ਕੁੱਝ ਵਾਪਰਦੈ, ਜੋ ਚੇਤੰਨ ਅਤੇ ਸੰਵੇਦਨਸ਼ੀਲ ਬੱਚੇ ਨੂੰ ਦੁਖੀ ਵੀ ਕਰਦਾ ਤੇ ਬਾਗ਼ੀ ਵੀ ਬਣਾਉਂਦੈ। ਭਾਪਾ ਜੀ ਸਾਡਾ, ਸਾਡੀ ਮਾਂ ਦੇ ਭੈਣੀ ਸਾਹਿਬ ਬਹੁਤਾ ਜਾਣ ਤੋਂ ਦੁਖੀ ਤਾਂ ਹੁੰਦਾ, ਪਰ ਰੋਕਦਾ ਘੱਟ-ਵੱਧ ਈ ਸੀ। ਉਹ, ਉਹ ਦਾ ਕਰਦਾ ਬਹੁਤ ਸੀ। ਦੋਹਾਂ ਦੀ ਉਮਰ ਦਾ ਫ਼ਰਕ ਸੀ। ਉਂਝ ਵੀ ਉਨ੍ਹਾਂ ਦਿਨਾਂ 'ਚ ਵਿਆਹ ਮੁਸ਼ਕਲ ਨਾਲ਼ ਹੀ ਹੁੰਦਾ ਸੀ।
ਓਦਾਂ ਸੁਖਜੀਤ ਆਪਣੇ ਬਾਪ ਦੇ 'ਵਿਆਜਖ਼ੋਰ' ਹੋਣ ਤੋਂ ਵੀ ਦੁਖੀ ਸੀ, ਇਹ ਕਿਤਾਬ ਦੱਸਦੀ ਹੈ। ਉਸ ਨੇ ਲਿਖਿਆ ਹੋਇਆ ਹੈ: ਪਤਾ ਨਹੀਂ ਕਿਵੇਂ ਭਾਪਾ ਜੀ ਨੂੰ ਵਿਆਜ ਦਾ ਭੁਸ ਪੈ ਗਿਆ। ਕਈ ਜੱਟ ਹਜ਼ਾਰ ਹਜ਼ਾਰ, ਪੰਜ ਪੰਜ ਸੌ ਵਿਆਜ 'ਤੇ ਲੈ ਜਾਂਦੇ, ਪਰ ਗ਼ਰੀਬ ਲੋਕ ਵੀਹ ਪੰਜਾਹ ਜਾਂ ਸੌ ਵਾਲ਼ੇ ਹੁੰਦੇ ਬਹੁਤੇ। ਵਹੀ ਉੱਤੇ ਉਨ੍ਹਾਂ ਦਾ ਨਾਂ, ਦਿਨ ਤਰੀਕ ਤੇ ਪੈਸੇ ਮੈਂ ਈ ਲਿਖਦਾ। ਉਗਰਾਹੀ 'ਤੇ ਮੈਨੂੰ ਜਾਣਾ ਪੈਂਦਾ। ਭਾਪਾ ਜੀ ਨੇ ਇਹ ਬਾਣੀਆ ਗੁਰ ਪਤਾ ਨਹੀਂ ਕੀਹ ਤੋਂ ਸਿੱਖੇ ਕਿ ਸਾਮੀਆਂ ਵੱਲ ਸਵੇਰੇ ਸ਼ਾਮ ਗੇੜਾ ਮਾਰੋ। ਪੈਸੇ ਮੋੜਨ ਵੇਲ਼ੇ ਜੇ ਕੋਈ ਥੋੜ੍ਹਾ ਬਹੁਤ ਵਿਆਜ ਛੁਡਾਉਣਾ ਚਾਹੁੰਦਾ, ਤਰਲੇ ਮਿੰਨਤਾਂ ਕਰਨ 'ਤੇ ਵੀ ਭਾਪਾ ਜੀ ਪੈਸਾ ਨਾ ਛੱਡਦੇ। ਇਹ ਗੱਲਾਂ ਮੈਨੂੰ ਹੁਣ ਵੀ ਹੈਰਾਨ ਕਰਦੀਆਂ ਨੇ ਕਿ ਏਨੇ ਗ੍ਰੰਥ ਪੜ੍ਹਨ ਵਾਲ਼ਾ, ਮੁੱਢੋਂ ਗੁਰਬਾਣੀ ਨਾਲ਼ ਜੁੜਿਆ (ਉਹ ਅੱਜ ਵੀ ਹਰ ਮਹੀਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਕੇ ਭੋਗ ਪਾਉਂਦੇ ਨੇ) ਪੈਸੇ ਦੇ ਮਾਮਲੇ 'ਚ ਅਜਿਹਾ ਕਿਵੇਂ ਹੋ ਗਿਆ?
ਸੁਖਜੀਤ ਹੀ ਲਿਖਦਾ ਹੈ: ਛੋਟੇ ਹੁੰਦਿਆਂ ਬੀਬੀ ਇਕ ਗੱਲ ਸੁਣਾਇਆ ਕਰਦੀ ਸੀ, ਅਖੇ "ਤੈਨੂੰ ਮੋਰ ਰੂੜੀ 'ਤੇ ਸਿੱਟ ਗਿਆ ਸੀ। ਉੱਥੋਂ ਇਕ ਬਾਜ਼ੀਗਰਨੀ ਚੱਕ ਲਿਆਈ। ਉਨ੍ਹੇ ਤੈਨੂੰ ਪਾਲ਼ਿਆ, ਆਪਣਾ ਦੁੱਧ ਚੁੰਘਾਇਆ, ਫੇਰ ਉਹ ਤੋਂ ਅਸੀਂ ਤੈਨੂੰ ਲੈ ਲਿਆ ਪੈਸੇ ਦੇ ਕੇ...।" ਫੇਰ ਜਿਨ੍ਹਾਂ ਦਿਨ੍ਹਾਂ 'ਚ ਮੈਨੂੰ ਕੁੱਟ ਪੈਂਦੀ, ਮੈਂ ਉਨ੍ਹਾਂ ਦਿਨਾਂ 'ਚ ਆਵਦੀ ਓਸ ਬਾਜ਼ੀਗਰਨੀ ਮਾਂ ਨੂੰ ਬੜਾ ਯਾਦ ਕਰਦਾ। ਬੀਬੀ ਮੈਨੂੰ ਮਤਰੇਈ ਮਾਂ ਲੱਗਦੀ, ਕੈਕਈ।ਜੇ ਕਿਤੇ ਕੋਈ ਬਾਜ਼ੀਗਰਨੀ ਦਿਸ ਪੈਂਦੀ ਮੈਂ ਉਦ੍ਹੇ 'ਚੋਂ ਆਪਣੀ ਮਾਂ ਪਛਾਣਦਾ ਰਹਿੰਦਾ। ਪਤਾ ਨਹੀਂ ਕਿਵੇਂ ਅੱਜ ਵੀ ਮੇਰੇ ਚੇਤੇ 'ਚ ਮੇਰੀ ਉਸ ਬਾਜ਼ੀਗਰਨੀ ਮਾਂ ਦਾ ਅਕਸ ਐ।...ਬੀਬੀ ਦਾ ਚਿਹਰਾ ਕਦੇ ਮੈਨੂੰ ਆਪਣੀ ਮਾਂ ਦਾ ਚਿਹਰਾ ਨਹੀਂ ਲੱਗਿਆ।
ਮੇਰੇ ਵਾਂਗ ਹੀ, 'ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ' ਸੁਖਜੀਤ ਨੂੰ ਵੀ ਬਹੁਤ ਵੱਡਾ ਝੂਠ ਲੱਗਦਾ ਹੈ, ਪਰ ਇਕ ਗੱਲ ਮੈਂ ਆਪਣੇ ਸਮੇਤ ਸੁਖਜੀਤ ਨੂੰ ਵੀ ਕਹਿਣੀ ਚਾਹਾਂਗਾ, "ਲੱਗਣ ਤੇ ਹੋਣ ਵਿਚ ਬੜਾ ਫ਼ਰਕ ਏ ਮਿੱਤਰਾ!" ਮਾਂ ਕਿਸੇ ਦਾ ਪਹਿਲਾ ਗੁਰੂ ਹੁੰਦੀ ਹੈ, ਸੋ ਸੁਖਜੀਤ ਦੇ 'ਪਹਿਲੇ ਗੁਰੂ' ਦੀ ਗੱਲ ਨਿਬੇੜ ਕੇ ਉਸ ਦੇ ਅਗਲੇ ਯਾਨੀ ਅੰਤਮ ਗੁਰੂ ਵੱਲ ਹੁੰਦੇ ਹਾਂ, ਪਰ ਇਸ ਤੋਂ ਪਹਿਲਾਂ ਮਾਂ ਦੀ ਗੱਲ ਮੁਕਾਉਣ ਲਈ ਲੋੜੀਂਦਾ ਇਕ 'ਸੰਮ' ਮਿਲਿਆ ਹੈ। ਸੁਖਜੀਤ ਆਪਣੇ ਕੁੱਝ ਸਾਥੀਆਂ ਨਾਲ਼ ਇਕ ਮੰਦਰ ਦੇ ਦਰਸ਼ਨ ਕਰਨ ਗਿਆ ਤਾਂ ਉੱਥੇ ਉਸ ਨੂੰ ਪਤਾ ਲੱਗਿਆ ਕਿ ਇਸ ਮੰਦਰ ਲਾਗੇ ਇਕ ਬਹੁਤਾ ਹੀ ਭੀੜਾ ਜਿਹਾ ਝਰੋਖਾ ਹੈ, ਜਿਸ ਵਿਚੋਂ ਲੰਘ ਜਾਣਾ ਔਖਾ ਹੀ ਨਹੀਂ, ਖ਼ਤਰਨਾਕ ਵੀ ਸੀ। ਇਸ ਦੇ ਨਾਲ਼ ਹੀ ਇਕ ਸ਼ਰਤ ਵੀ ਸੀ ਕਿ ਇਸ ਝਰੋਖੇ ਵਿਚੋਂ ਲੰਘ ਕੇ ਸਹੀ ਸਲਾਮਤ ਬਚਣ ਵਾਲ਼ਾ ਆਪਣੇ ਪਿਉ ਦੀ ਔਲਾਦ ਹੋਵੇਗਾ, ਹਰਾਮ ਦੀ ਸੰਤਾਨ ਏਥੋਂ ਨਹੀਂ ਲੰਘ ਸਕਦੀ। ਸਾਥੀਆਂ ਵੱਲੋਂ ਰੋਕਣ ਦੇ ਹੀਲੇ ਕਰਨ ਦੇ ਬਾਵਜੂਦ ਸੁਖਜੀਤ ਉਸ ਝਰੋਖੇ ਵਿਚੋਂ ਪਾਰ ਹੀ ਨਹੀਂ ਹੋ ਗਿਆ, ਸਗੋਂ ਉਸ ਨਾਲ਼ ਲੱਗਦ,ੇ ਉਸ ਛੱਜੇ ਉੱਤੇ ਵੀ ਘੁੰਮ ਅਇਆ, ਜਿਸ ਤੋਂ ਸੱਠ-ਸੱਤਰ ਫੁੱਟ ਹੇਠਾਂ ਡਿੱਗਣ ਦਾ ਖ਼ਤਰਾ ਵੀ ਸੀ। ਉਹ 'ਝਰੋਖਾ ਫ਼ਤਿਹ' ਕਰਨ 'ਤੇ "ਪੁਜਾਰੀ ਨੇ ਮੇਰੀ ਆਰਤੀ ਉਤਾਰੀ। ਜੀਅ 'ਚ ਆਇਆ, ਕਹਾਂ ਕਿ ਆਰਤੀ ਮੇਰੀ ਮਾਂ ਦੀ ਉਤਾਰ।"
ਹੁਣ ਕਥਾ 'ਜਾਣੀ-ਜਾਣ ਗੁਰੂ' ਦੀ। ਸੁਖਜੀਤ ਦੀ ਲਿਖੀ ਹੋਈ ਇਹ ਗੱਲ ਚੇਤੇ ਰੱਖਣ ਵਾਲ਼ੀ ਹੈ: ਇਕ ਤਾਂ ਇਤਫ਼ਾਕ ਹੁੰਦੇ ਨੇ ਮੇਰੇ ਨਾਲ਼। ਦੂਜਾ ਇਸ ਨੂੰ ਕਦਰਤ ਕਹੋ, ਈਸ਼ਵਰ, ਸੱਚਾਈ ਜਾਂ ਕੋਈ ਵੀ ਸ਼ਕਤੀ, ਉਹ ਮੇਰੀ ਮਦਦ ਕਰਦੀ ਹੈ।
ਸੁਖਜੀਤ ਤਾਂ ਇਕ ਈਸ਼ਵਰ ਦੀ ਗੱਲ ਕਰਦਾ ਹੈ, ਇਸ ਕਿਤਾਬ ਤੋਂ ਪਤਾ ਲੱਗਦਾ ਹੈ ਕਿ ਉਹ 'ਦੋ ਮਹਾਰਾਜਾਂ' ਯਾਨੀ 'ਦੋ ਈਸ਼ਵਰਾਂ' ਜਗਜੀਤ ਸਿੰਘ ਅਤੇ ਬੀਰ ਸਿੰਘ ਵਿਚਾਲ਼ੇ ਫਸ ਗਿਆ ਸੀ, ਉਹ ਵੀ ਬੁਰੀ ਤਰ੍ਹਾਂ। ਉਹ ਹਮੇਸ਼ਾ ਕਹਿੰਦਾ ਰਿਹਾ, "ਗੁਰੂ ਜਾਣੀ-ਜਾਣ ਏ, ਉਸ ਦੀ ਕਿਰਪਾ ਤੇ ਦਯਾ-ਦ੍ਰਿਸ਼ਟੀ ਹੋਵੇ ਤਾਂ ਕੁੱਝ ਵੀ ਕਰਨਾ ਔਖਾ ਨਹੀਂ ਹੈ।" ਇਕ ਦਿਨ ਭੈਣੀ ਸਾਹਿਬ ਵਿਚ ਗੁਰੂ ਜੀ, ਸੁਖਜੀਤ ਨੂੰ ਕਹਿਣ ਲੱਗੇ, "ਤੂੰ ਜੀ ਲਾ ਕੇ ਕਿਉਂ ਨਹੀਂ ਰਹਿੰਦਾ, ਛੱਡ ਕੇ ਕਿਉਂ ਚਲਾ ਜਾਂਦੈਂ?" ਉਸ ਨੇ ਕਿਹਾ, "ਆਹ ਕੁੱਝ ਬੰਦੇ ਨਜਾਇਜ਼ ਗੱਲਾਂ ਕਰਦੇ ਨੇ, ਇਲਜ਼ਾਮ ਲਾਉਂਦੇ ਨੇ।" ਗੁਰੂ ਜੀ ਕਹਿਣ ਲੱਗੇ, "ਤੇਰੇ ਬਾਰੇ ਅਜੇ ਚਿੱਠੀਆਂ ਤਾਂ ਨਹੀਂ ਨਿਕਲੀਆਂ, ਇਸ਼ਤਿਹਾਰ ਤਾਂ ਨਹੀਂ ਛਪੇ, ਮੇਰੇ ਬਾਰੇ ਤਾਂ ਇਹ ਕੁੱਝ ਵੀ ਹੋ ਰਿਹੈ, ਮੈਂ ਪਰਵਾਹ ਨਹੀਂ ਕਰਦਾ।"
...ਓਦਣ ਪਹਿਲੇ ਦਿਨ ਮੈਨੂੰ ਗੁਰੂ ਜੀ ਦਾ ਦੁੱਖ ਮਹਿਸੂਸ ਹੋਇਆ। ਪਹਿਲਾਂ ਅਸੀਂ ਉਨ੍ਹਾਂ ਨੂੰ ਸਮਰੱਥ, ਜਾਣੀ-ਜਾਣ, ਕਰਨ-ਕਰਾਵਣਹਾਰ ਮੰਨ ਕੇ ਸਮਝਦੇ ਸਾਂ ਕਿ ਉਨ੍ਹਾਂ ਨੂੰ ਬਦਨਾਮੀ ਦਾ ਕੋਈ ਦੁੱਖ ਨਹੀਂ। ਮੈਂ ਆਪਣੇ ਦੁੱਖ ਭੁੱਲ ਕੇ ਗੁਰੂ ਜੀ ਲਈ ਮਰਨ-ਮਾਰਨ ਦਾ ਫ਼ੈਸਲਾ ਕਰ ਲਿਆ।...
ਸੁਖਜੀਤ ਲਿਖ ਗਿਆ ਹੈ ਇਸ ਕਿਤਾਬ ਵਿਚ। ਇਸ ਕਿਤਾਬ ਵਿਚ ਹੀ ਉਹ ਲਿਖ ਗਿਆ ਹੈ ਕਿ ਉਹ, ਗੁਰੂ ਪ੍ਰਤੀ ਸ਼ਰਧਾ ਦੇ ਉਹਲੇ ਵਿਚ, ਕਿਸ ਤਰ੍ਹਾਂ ਇਸ ਸੰਪਰਦਾ ਦੀ ਗੱਦੀ ਦੇ ਵਾਰਿਸਾਂ ਦੇ ਆਪਸੀ ਕਲੇਸ਼ ਵਿਚ ਅਤੇ ਸੰਪਰਦਾ ਦੀਆਂ ਜ਼ਮੀਨਾਂ ਦੇ ਕਬਜ਼ੇ ਲੈ ਕੇ ਦੇਣ ਦਾ ਔਜ਼ਾਰ ਬਣਿਆ ਰਿਹਾ ਹੈ। ਇਸ ਲੇਖ ਵਿਚ ਇਹ ਸਾਰੀ ਕਿਤਾਬ ਥੋੜ੍ਹੋ ਛਾਪੀ ਜਾ ਸਕੇਗੀ, ਸੋ ਬਾਕੀ ਸਭ ਕੁੱਝ ਇਸ ਕਿਤਾਬ ਵਿਚੋਂ ਪੜ੍ਹਨਾ ਪਵੇਗਾ। ਇਸ ਕਿਤਾਬ ਦੀਆਂ ਆਖ਼ਰੀ ਸਤਰਾਂ ਸੰਕੇਤ ਕਰਦੀਆਂ ਹਨ ਕਿ ਇਸ ਕਿਤਾਬ ਦਾ ਦੂਜਾ ਭਾਗ ਵੀ ਲਿਖਿਆ ਜਾ ਰਿਹਾ ਹੈ। ਇਹ ਲੇਖ, ਉਨ੍ਹਾਂ ਆਖ਼ਰੀ ਸਤਰਾਂ ਨਾਲ਼ ਹੀ ਮੁਕਾ ਰਿਹਾ ਹਾਂ:
