ਸ਼ਬਦੰਗਲ-64

ਰਵੀਸ਼ ਕੁਮਾਰ ਅਤੇ ਰਾਣਾ ਅਯੂਬ ਨੂੰ ਮਾਰ-ਮੁਕਾਉਣ ਦੀਆਂ ਧਮਕੀਆਂ ਵਧੀਆਂ
 **********************
       ਟੀਵੀ ਚੈਨਲ 'ਐੱਨਡੀਟੀਵੀ' ਨਾਲ਼ ਸਬੰਧਤ ਪੱਤਰਕਾਰ ਰਵੀਸ਼ ਕੁਮਾਰ ਨੇ ਪਿਛਲੇ ਦਿਨੀਂ ਦੋਸ਼ ਲਗਾਇਆ ਹੈ ਕਿ ਉਸ ਨੂੰ ਗਾਲ਼ਾਂ ਕੱਢਣ ਲਈ ਅਤੇ ਮਾਰ-ਮੁਕਾਉਣ ਦੀਆਂ ਧਮਕੀਆਂ ਦੇਣ ਖ਼ਾਤਰ 2015 ਤੋਂ ਸ਼ੁਰੂ ਹੋਇਆ, ਫੋਨ ਕਾਲਾਂ ਦਾ ਸਿਲਸਿਲਾ ਕਈ ਗੁਣਾ ਵਧ ਗਿਆ ਹੈ। ਇਸ ਸਿਲਸਿਲੇ ਦੀ ਤਾਜ਼ਾ ਕੜੀ, ਸੀ.ਆਈ.ਐੱਸ.ਐੱਫ ਦੇ ਇਕ ਸਾਬਕਾ ਜੁਆਨ ਵੱਲੋਂ ਭੇਜਿਆ ਹੋਇਆ ਉਹ ਵਿਡੀਓ ਮੈਸੇਜ ਹੈ, ਜਿਸ ਵਿਚ ਉਸ ਨੇ ਰਵੀਸ਼ ਕੁਮਾਰ ਨੂੰ ਉਸ ਦੇ ਦਫ਼ਤਰ ਅੰਦਰ ਗੋਲੀਆਂ ਮਾਰ ਕੇ, ਮਾਰ ਸੁੱਟਣ ਦੀ ਧਮਕੀ ਦਿੱਤੀ ਹੋਈ ਹੈ। ਉੱਤਰ ਪ੍ਰਦੇਸ਼ ਵਿਚ ਜੌਨਪੁਰ ਤੋਂ ਆਪਣੇ-ਆਪ ਨੂੰ ਬਜਰੰਗ ਦਲ ਦਾ ਕਾਰਕੁਨ ਦੱਸਦੇ ਇਕ ਹੋਰ ਵਿਅਕਤੀ ਨੇ, ਉਸ (ਰਵੀਸ਼ ਕੁਮਾਰ) ਨੂੰ ਉਸ ਦੇ ਘਰ ਦੇ ਸਿਰਨਾਵੇਂ ਦਾ ਅਤੇ ਘਰੋਂ ਦਫ਼ਤਰ ਜਾਣ ਦੇ ਰੂਟ ਦਾ ਵੇਰਵਾ ਦਿੰਦਿਆਂ, ਉਸ ਨੂੰ ਮਾਰ ਸੁੱਟਣ ਦੀ ਧਮਕੀ ਹੀ ਨਹੀਂ ਦਿੱਤੀ, ਸਗੋਂ ਇਹ ਵੀ ਕਿਹਾ ਹੈ ਕਿ ਉਹ, ਉਸ ਦੇ ਪਰਿਵਾਰ ਦੀਆਂ ਔਰਤਾਂ ਦੀ ਪੱਤ ਵੀ ਲੁੱਟੇਗਾ।
      'ਦ ਹਿੰਦੂ' ਦੇ ਇਕ ਨੁਮਾਇੰਦੇ ਨਾਲ਼ ਗੱਲ ਬਾਤ ਕਰਦਿਆਂ, ਰਵੀਸ਼ ਕੁਮਾਰ ਨੇ ਇਹ ਵੀ ਕਿਹਾ ਸੀ, "ਇਹ ਸਭ ਕੁੱਝ ਬਹੁਤ ਹੀ ਸੋਚੇ-ਸਮਝੇ ਢੰਗ ਨਾਲ਼ ਕੀਤਾ ਜਾ ਰਿਹਾ ਹੈ ਤੇ ਲੱਗਦਾ ਹੈ ਕਿ ਸਰਕਾਰ ਨੇ ਧਮਕੀਆਂ ਦੇਣ ਵਾਲ਼ੇ ਨੂੰ ਇਸ ਬਾਰੇ ਇਜਾਜ਼ਤ ਦਿੱਤੀ ਹੋਈ ਹੈ।" ਉਨ੍ਹਾਂ ਨੇ ਗ਼ਾਜ਼ੀਆਬਾਦ ਦੀ ਪੁਲਸ ਅਤੇ ਗ੍ਰੇਟਰ ਕੈਲਾਸ਼ ਦੀ ਪੁਲਸ ਅੱਗੇ ਅਣਗਿਣਤ ਸ਼ਿਕਾਇਤਾਂ ਕੀਤੀਆਂ ਹਨ, ਜਿਨ੍ਹਾਂ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇਕ ਚਿੱਠੀ ਲਿਖੀ ਸੀ, ਜਿਸ ਵਿਚ ਉਨ੍ਹਾਂ ਨੇ, ਇਨ੍ਹਾਂ ਧਮਕੀਆਂ ਦਾ ਜ਼ਿਕਰ ਕੀਤਾ ਸੀ, ਪਰ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ, ਉਸ ਚਿੱਠੀ ਦਾ ਕੋਈ ਜੁਆਬ ਨਹੀਂ ਦਿੱਤਾ ਸੀ। ਇਸ ਤੋਂ ਮਗਰੋਂ ਰਵੀਸ਼ ਕੁਮਾਰ ਨੇ ਇਹ ਕਿਹਾ ਸੀ, "ਮੇਰਾ ਖ਼ਿਆਲ ਨਹੀਂ ਕਿ ਪ੍ਰਧਾਨ ਮੰਤਰੀ ਅੱਗੇ ਲੇਲੜੀਆਂ ਕੱਢਣ ਨਾਲ਼ ਕੁੱਝ ਬਣੇਗਾ। ਇਹ ਵੀ ਹੋ ਸਕਦੈ ਕਿ ਉਹ, ਮੈਨੂੰ ਧਮਕੀਆਂ/ ਗਾਲ਼ਾਂ ਦੇਣ ਵਾਲਿਆਂ ਨੂੰ ਹੱਲਾ-ਸ਼ੇਰੀ ਦੇਣੀ ਜਾਂ 'ਫਾਲੋ' ਕਰਨਾ ਸ਼ੁਰੂ ਕਰ ਦੇਣ।"
     ਆਜ਼ਾਦ ਪੱਤਰਕਾਰ ਰਾਣਾ ਅਯੂਬ ਨੂੰ ਧਮਕੀਆਂ ਦੇਣ ਅਤੇ ਡਰਾਉਣ ਦੇ ਸਬੰਧ ਵਿਚ 'ਯੂਨਾਈਟਿਡ ਨੇਸ਼ਨਜ਼' ਦੇ, ਮਨੁੱਖੀ ਹੱਕਾਂ ਸਬੰਧੀ ਮਾਹਰਾਂ ਨੇ ਇਸ ਤਰਜ਼ ਦਾ ਬਿਆਨ ਦਿੱਤਾ ਸੀ ਕਿ ਭਾਰਤੀ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਰਾਣਾ ਅਯੂਬ ਨੂੰ ਬਚਾਉਣ ਲਈ ਫ਼ੌਰੀ ਹੀਲੇ ਕਰਨ। 'ਯੂਨਾਈਟਿਡ ਨੇਸ਼ਨਜ਼' ਦੇ ਮਾਹਰਾਂ ਦਾ ਕਹਿਣ ਹੈ, "ਇਨ੍ਹਾਂ ਵਹਿਸ਼ਤ ਭਰੀਆਂ ਧਮਕੀਆਂ ਦੀ ਵਜ੍ਹਾ ਨਾਲ਼ ਸਾਨੂੰ ਰਾਣਾ ਅਯੂਬ ਬਾਰੇ ਬਹੁਤ ਜ਼ਿਆਦਾ ਫ਼ਿਕਰ ਹੈ ਕਿਉਂ ਕਿ ਪੱਤਰਕਾਰਾ ਗੌਰੀ ਲੰਕੇਸ਼ ਨੂੰ ਵੀ ਏਦਾਂ ਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਫਿਰ ਉਨ੍ਹਾਂ ਨੂੰ ਕਤਲ ਵੀ ਕਰ ਦਿੱਤਾ ਗਿਆ ਸੀ।" ਇਨ੍ਹਾਂ ਮਾਹਰਾਂ ਨੇ ਇਹ ਵੀ ਕਿਹਾ ਹੋਇਆ ਹੈ ਕਿ ਰਾਣਾ ਅਯੂਬ ਨੂੰ ਬਦਨਾਮ ਕਰਨ ਲਈ ਉਸ ਦੀ ਇਕ, ਨੰਗੇਜ ਭਰੀ ਵਿਡੀਓ ਬਣਾ ਕੇ ਵੀ ਇੰਟਰਨੈੱਟ ਉੱਤੇ ਪਾਈ ਗਈ ਸੀ। ਰਾਣਾ ਅਯੂਬ ਵੱਲੋਂ ਇਸ ਸਬੰਧ ਵਿਚ ਇਕ ਸ਼ਿਕਾਇਤ ਦਰਜ ਕਰਾਉਣ ਤੋਂ ਦਸ ਦਿਨ ਮਗਰੋਂ ਤਕ ਵੀ ਉਸ ਨੂੰ ਪੁਲਸ ਵੱਲੋਂ ਕੋਈ ਸੁਰੱਖਿਆ ਨਹੀਂ ਦਿੱਤੀ ਗਈ ਸੀ। ਇਨ੍ਹਾਂ ਹੀ ਮਾਹਰਾਂ ਨੇ ਇਹ ਵੀ ਕਿਹਾ ਸੀ, "ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਰਾਣਾ ਅਯੂਬ ਨੂੰ ਬਚਾਉਣ ਲਈ ਫ਼ੌਰੀ ਕਦਮ ਉਠਾਵੇ ਤੇ ਇਸ ਗੱਲ ਦਾ ਯਕੀਨ ਦੁਆਵੇ ਕਿ ਉਸ ਨੂੰ ਦਿੱਤੀਆਂ ਹੋਈਆਂ ਧਮਕੀਆਂ ਦੇ ਸਬੰਧ ਵਿਚ ਫ਼ੌਰੀ ਅਤੇ ਡੂੰਘੀ ਜਾਂਚ-ਪੜਤਾਲ ਕੀਤੀ ਗਈ ਹੈ। ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ, ਜਿਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਉਨ੍ਹਾਂ ਨੂੰ ਬਚਾਉਣ ਲਈ ਤੁਰੰਤ ਕਾਰਵਾਈ ਕਰੇ।
      ਇਸੇ ਹੀ ਤਰ੍ਹਾਂ ਪੱਤਰਕਾਰ ਰਵੀਸ਼ ਕੁਮਾਰ ਨੇ ਇੰਕਸ਼ਾਫ਼ ਕੀਤੇ ਹਨ ਕਿ ਉਨ੍ਹਾਂ ਨੂੰ ਇਸ ਸਾਲ ਅਪ੍ਰੈਲ ਤੋਂ ਨਾ ਸਿਰਫ਼ ਮਾਰ-ਮੁਕਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਸਗੋਂ ਫੋਨ ਕਰ ਕੇ ਬਹੁਤ ਸਾਰੀਆਂ ਗਾਲ਼ਾਂ ਵੀ ਕੱਢੀਆਂ ਜਾ ਰਹੀਆਂ ਹਨ। ਇਸੇ ਹੀ ਸਾਲ, 25 ਮਈ ਨੂੰ 'ਐੱਨਡੀਟੀਵੀ' ਤੋਂ ਨਸ਼ਰ ਕੀਤੇ ਗਏ ਇਕ ਸ਼ੋਅ ਵਿਚ, ਇਸ ਟੀਵੀ ਅਦਾਰੇ ਵਿਚ ਕੰਮ ਕਰਦੇ ਰਵੀਸ਼ ਕੁਮਾਰ ਨੇ ਇਹ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਇਹ ਦੋਸ਼ ਵੀ ਲਾਇਆ ਹੋਇਆ ਹੈ ਕਿ ਉਨ੍ਹਾਂ ਦਾ 'ਵਟਸਐਪ' ਖਾਤਾ ਗਾਲ਼ਾਂ ਅਤੇ ਧਮਕੀਆਂ ਨਾਲ਼ ਭਰਿਆ ਹੋਇਆ ਹੈ। ਇਨ੍ਹਾਂ ਸੁਨੇਹਿਆਂ ਵਿਚ ਉਨ੍ਹਾਂ ਨੂੰ ਤਾਂ ਕੀ, ਉਨ੍ਹਾਂ ਦੇ ਪਰਿਵਾਰ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਉਨ੍ਹਾਂ ਨੇ ਕਿਹਾ ਕਿ ਧਮਕੀਆਂ ਤੇ ਗਾਲਾਂ ਦੇ ਇਸ ਸਿਲਸਿਲੇ ਦਾ ਮਕਸਦ ਉਦੋਂ ਹੀ ਸਪੱਸ਼ਟ ਹੋਇਆ ਜਦੋਂ 'ਆਲਟਨਿਊਜ਼' ਦੇ ਨੁਮਾਇੰਦੇ ਪ੍ਰਤੀਕ ਸਿਨ੍ਹਾ ਨੇ ਉਨ੍ਹਾਂ (ਰਵੀਸ਼ ਕੁਮਾਰ) ਨੂੰ ਇਕ ਲਿੰਕ ਭੇਜ ਕੇ ਇਹ ਦੱਸਿਆ ਕਿ ਇਕ ਖ਼ਾਸ ਕਿਸਮ ਦਾ ਬਿਆਨ ਰਵੀਸ਼ ਕੁਮਾਰ ਵੱਲੋਂ ਦਿੱਤਾ ਹੋਇਆ ਧੁਮਾਇਆ ਜਾ ਰਿਹਾ ਹੈ। ਇਸ ਕਥਿਤ ਬਿਆਨ ਵਿਚ ਰਵੀਸ਼ ਕੁਮਾਰ ਨੂੰ ਦਿੱਲੀ ਦੇ ਇਕ ਮਦਰੱਸੇ ਵਿਚ ਇਕ 11 ਸਾਲਾ ਕੁੜੀ ਨਾਲ਼ ਜਬਰ-ਜਿਨਾਹ ਕਰਨ ਵਾਲ਼ੇ ਵਿਅਕਤੀ ਦੀ ਹਮਾਇਤ ਕਰਦੇ ਦੱਸਿਆ ਗਿਆ ਸੀ। ਰਵੀਸ਼ ਕੁਮਾਰ ਵੱਲੋਂ ਸਪੱਸ਼ਟ ਕੀਤਾ ਹੋਇਆ ਹੈ ਕਿ ਉਸ ਨੇ ਇਹੋ ਜਿਹਾ ਕੋਈ ਬਿਆਨ ਦਿੱਤਾ ਹੀ ਨਹੀਂ ਹੈ।
      ਰਵੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਗਾਲਾਂ ਕੱਢਣ ਅਤੇ ਧਮਕੀਆਂ ਦੇਣ ਦਾ ਸਿਲਸਿਲਾ ਬੰਦ ਨਹੀਂ ਹੋਇਆ। ਇਕ ਦਿਨ ਉਨ੍ਹਾਂ ਨੂੰ ਇਕ ਇਹੋ ਜਿਹੀ ਫੋਟੋ ਵੀ ਭੇਜੀ ਗਈ, ਜਿਸ ਵਿਚ 'ਆਈ ਐੱਸ ਆਈ ਐੱਸ' ਵੱਲੋਂ ਬਹੁਤ ਹੀ ਵਹਿਸ਼ੀ ਢੰਗ ਨਾਲ਼ ਮਾਰੇ ਗਏ ਪੱਤਰਕਾਰ ਡੇਨੀਅਲ ਪਰਲ ਦੇ ਧੜ ਉੱਤੇ ਉਨ੍ਹਾਂ (ਰਵੀਸ਼ ਕੁਮਾਰ) ਦਾ ਸਿਰ ਲਗਾਇਆ ਹੋਇਆ ਸੀ। ਇਹ 'ਸੁਨੇਹਾ' ਭੇਜਣ ਵਾਲ਼ੇ ਨੇ ਕੁੱਝ ਇਸ ਤਰ੍ਹਾਂ ਲਿਖਿਆ ਹੋਇਆ ਸੀ ਕਿ ਰਵੀਸ਼ ਕੁਮਾਰ ਦਾ ਹਾਲ ਵੀ ਪਰਲ ਦੇ ਹਾਲ ਵਰਗਾ ਹੀ ਹੋਵੇਗਾ।
      ਪਤਾ ਲੱਗਿਆ ਹੈ ਕਿ 'ਐੱਨਡੀਟੀਵੀ' ਨੇ ਧਮਕੀਆਂ ਦੇਣ ਵਾਲ਼ਿਆਂ ਵਿਚੋਂ ਇਕ ਜਣਾ ਲੱਭ ਲਿਆ ਹੈ ਤੇ ਉਸ ਤੋਂ ਗਾਲ਼ਾਂ ਕੱਢਣ ਅਤੇ ਧਮਕੀਆਂ ਦੇਣ ਦੀ ਵਜ੍ਹਾ ਪੁੱਛੀ ਤਾਂ ਉਸ ਨੇ ਵਜ੍ਹਾ ਦੱਸਣ ਦੀ ਥਾਂ, ਵਜ੍ਹਾ ਪੁੱਛਣ ਵਾਲ਼ੇ ਨੂੰ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਕਿ ਰਵੀਸ਼ ਕੁਮਾਰ ਵੀ ਗਾਲ਼ਾਂ ਤੇ ਧਮਕੀਆਂ ਦਾ ਹੀ ਹੱਕਦਾਰ ਹੈ। ਉਸ ਨੇ ਆਪਣੀ ਸ਼ਨਾਖ਼ਤ 'ਫੌਜੀ' ਵਜੋਂ ਕਰਾਈ, ਪਰ ਆਪਣੇ ਬਾਰੇ ਹੋਰ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। 'ਐੱਨਡੀਟੀਵੀ' ਦਾ ਕਹਿਣ ਹੈ ਕਿ ਧਮਕੀਆਂ ਦੇਣ ਅਤੇ ਗਾਲ਼ਾਂ ਕੱਢਣ ਵਾਲ਼ੇ ਦੀ ਪਛਾਣ 'ਦੇਵੇਂਦਰ' ਵਜੋਂ ਹੋਈ ਹੈ ਤੇ ਉਹ 'ਸੈਂਟਰਲ ਇੰਡਸਟਰੀਅਲ ਸਿਕਿਓਰਿਟੀ ਫੋਰਸ' ਦਾ ਮੁਲਾਜ਼ਮ ਰਹਿ ਚੁੱਕਾ ਹੈ।
       ਇਸ ਤੋਂ ਮਗਰੋਂ ਇਹ ਹੈਰਾਨੀਜਨਕ ਘਟਨਾ ਵਾਪਰੀ ਕਿ ਇਸ ਵਿਅਕਤੀ ਨੇ ਉਸੇ ਹੀ ਦਿਨ 'ਐੱਨਡੀਟੀਵੀ' ਦੇ ਦਫ਼ਤਰ ਫੋਨ ਕੀਤਾ ਤੇ ਰਵੀਸ਼ ਕੁਮਾਰ ਵੱਲੋਂ 'ਫੇਸਬੁੱਕ' ਉੱਤੇ ਪਾਈ ਹੋਈ ਪੋਸਟ ਬਾਰੇ ਮੰਦੀ ਟਿੱਪਣੀ ਕਰਨ ਲਈ ਮੁਆਫ਼ੀ ਮੰਗੀ, ਪਰ ਉਸ ਨੇ ਰਵੀਸ਼ ਕੁਮਾਰ ਨੂੰ ਧਮਕੀਆਂ ਦੇਣ ਦੇ ਸਬੰਧ ਵਿਚ ਕੋਈ ਅਫ਼ਸੋਸ ਜ਼ਾਹਰ ਨਾ ਕੀਤਾ। ਇਸੇ ਤਰ੍ਹਾਂ, ਆਪਣੇ-ਆਪ ਨੂੰ ਬਜਰੰਗ ਦਲ ਦੀ ਜੌਨਪੁਰ ਇਕਾਈ ਦੇ ਮੁਖੀ ਦੱਸਦੇ ਤੇ ਅਭਿਸ਼ੇਕ ਤਿਵਾੜੀ ਕਹਾਉਂਦੇ ਇਕ ਵਿਅਕਤੀ ਨੇ ਰਵੀਸ਼ ਕੁਮਾਰ ਨੂੰ ਗੋਲੀ ਮਾਰ ਕੇ ਮਾਰ ਸੁੱਟਣ ਦੀ ਧਮਕੀ ਦਿੱਤੀ ਹੋਈ ਹੈ। ਆਪਣੇ-ਆਪ ਨੂੰ ਬਜਰੰਗ ਦਲ ਨਾਲ਼ ਸਬੰਧਤ ਸਾਬਤ ਕਰਨ ਲਈ ਉਸ ਨੇ ਇਕ ਚਿੱਠੀ ਵੀ ਭੇਜੀ ਹੋਈ ਹੈ।
       ਇਸ ਤੋਂ ਮਗਰੋਂ ਤਿਵਾੜੀ ਨੇ ਇਕ ਵਿਡੀਓ ਵੀ ਭੇਜਿਆ ਹੈ, ਜਿਸ ਵਿਚ ਉਹ, ਇਹ ਕਹਿੰਦਾ ਦਿਸਦਾ ਹੈ ਕਿ ਉਹ ਰਵੀਸ਼ ਕੁਮਾਰ ਦਾ ਪਿੱਛਾ ਪਾਕਿਸਤਾਨ ਤਕ ਕਰੇਗਾ ਤੇ ਉਸ ਨੂੰ ਮਾਰ ਸੁੱਟੇਗਾ। ਉਸ ਨੇ ਵਿਡੀਓ ਵਿਚ ਏਦਾਂ ਕਿਹਾ ਹੋਇਆ ਹੈ, "ਮੈਂ ਰਵੀਸ਼ ਕੁਮਾਰ ਨੂੰ ਚਿਤਾਵਨੀ ਦਿੰਦਾ ਹਾਂ ਕਿ ਜੇ ਤੂੰ ਸਨਾਤਨ ਧਰਮ ਨੂੰ ਬਦਨਾਮ ਕਰਨੋਂ ਨਾ ਹਟਿਆ ਤਾਂ ਮੈਂ ਤੈਨੂੰ ਮਾਰ ਦਿਆਂਗਾ। ਮੈਂ ਪਾਕਿਸਤਾਨ ਤਕ ਤੇਰੇ ਪਿੱਛੇ ਜਾਵਾਂਗਾ ਤੇ ਤੈਨੂੰ ਮਾਰ ਸੁੱਟਾਂਗਾ। ਬਜਰੰਗ ਦਲ ਵੱਲੋਂ ਤੈਨੂੰ ਇਹ ਚਿਤਾਵਨੀ ਹੈ।"
       ਕਹਿੰਦੇ ਨੇ ਕਿ ਰਵੀਸ਼ ਕੁਮਾਰ ਦੇ ਸਿਰ ਇਸ ਤਰ੍ਹਾਂ ਦੇ ਦੋਸ਼ ਲਾਏ ਗਏ ਹਨ ਕਿ ਉਨ੍ਹਾਂ ਨੇ ਕਿਸੇ ਨਬਾਲਗਾ ਨਾਲ਼ ਬਲਾਤਕਾਰ ਕੀਤੇ ਜਾਣ ਦੇ ਸਬੰਧ ਵਿਚ ਬਹੁਤ ਹੀ ਗੰਦੀ ਬਿਆਨਬਾਜ਼ੀ ਕੀਤੀ ਹੈ। ਰਾਣਾ ਅਯੂਬ ਦੇ ਖ਼ਿਲਾਫ਼ ਵੀ ਕੁੱਝ ਇਸੇ ਹੀ ਤਰ੍ਹਾਂ ਦੇ ਦੋਸ਼ ਲਾਏ ਗਏ ਹਨ। ਉਸ ਕੋਲੋਂ ਇਸ ਦਾ ਬਦਲਾ ਲੈਣ ਦਾ ਹੀਲਾ ਕਰਦਿਆਂ, ਨੰਗੇਜ ਭਰੀ ਕਿਸੇ ਵਿਡੀਓ ਫ਼ਿਲਮ ਵਿਚ ਦਿਸਦੀ ਕਿਸੇ ਅਦਾਕਾਰਾ ਦੇ ਨੰਗੇ ਧੜ ਉੱਤੇ ਰਾਣਾ ਅਯੂਬ ਦਾ ਸਿਰ ਲਗਾ ਕੇ, ਉਹ ਵਿਡੀਓ ਫ਼ਿਲਮ ਇੰਟਰਨੈੱਟ ਉੱਤੇ 'ਵਾਇਰਲ' ਕੀਤੀ ਹੋਈ ਹੈ। ਇਹ ਫ਼ਿਲਮ ਦੇਖ ਕੇ, ਰਾਣਾ ਨੂੰ ਬਹੁਤ ਸਾਰੀਆਂ ਫੋਨ ਕਾਲਾਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਵਿਚ ਉਸ ਨਾਲ਼ ਹਮਬਿਸਤਰ ਹੋਣ ਦੇ ਰੇਟ ਪੁੱਛੇ ਜਾਂਦੇ ਰਹੇ ਹਨ।
ਇਕ ਟਵੀਟ ਰਾਹੀਂ ਰਵੀਸ਼ ਕੁਮਾਰ ਨੂੰ ਇਹ ਕਿਹਾ ਗਿਆ ਹੈ, "ਏਕ ਦਿਨ ਮੇਰੇ ਹਾਥੋਂ ਸੇ ਮਰੇਗਾ ਤੂ। ਦੌੜਾ-ਦੌੜਾ ਕੇ ਮਾਰੂੰਗਾ। ਯਹਾਂ ਸੇ ਪਾਕਿਸਤਾਨ ਲੇ ਜਾਊਂਗਾ, ਜਹਾਂ ਤੁਮਹਾਰਾ ਘਰ ਹੈ।" ਇਸ ਤਰ੍ਹਾਂ ਦੀਆਂ ਧਮਕੀਆਂ ਮਿਲਣ ਮਗਰੋਂ ਹੀ ਰਵੀਸ਼ ਕੁਮਾਰ ਨੇ ਇਨ੍ਹਾਂ ਧਮਕੀਆਂ ਦੇ ਸਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹ ਖ਼ਤ ਲਿਖਿਆ ਸੀ, ਜਿਸ ਦਾ ਉਨ੍ਹਾਂ ਨੂੰ ਕੋਈ ਜੁਆਬ ਨਹੀਂ ਆਇਆ ਸੀ। ਇਹ ਸਾਰਾ ਵੇਰਵਾ ਜਾਨਣ/ ਦੱਸਣ ਮਗਰੋਂ ਲੱਗਦਾ ਹੈ ਕਿ ਉਹ ਖ਼ਤ ਕੁੱਝ ਹੋਰ ਹੀ ਤਰ੍ਹਾਂ ਦੇ ਹੁੰਦੇ ਹੋਣਗੇ, ਜਿਨ੍ਹਾਂ ਦੇ ਜੁਆਬ ਆਉਂਦੇ ਹੁੰਦੇ ਹਨ। ਇਕ ਸ਼ਿਅਰ ਨਾਲ਼ ਇਹ ਲੇਖ ਮੁਕਾਉਣ ਦਾ ਹੀਲਾ ਕਰਦਾ ਹਾਂ:
ਨਾਮਾਵਰ ਤੂ ਹੀ ਬਤਾ, ਤੂਨੇ ਤੋ ਦੇਖੇ ਹੋਂਗੇ'
ਕੈਸੇ ਹੋਤੇ ਹੈਂ ਵੁਹ ਖ਼ਤ, ਜਿਨ ਕੇ ਜਵਾਬ ਆਤੇ ਹੈਂ। #