ਸ਼ਬਦੰਗਲ-65


ਐਵੇਂ ਤੁੱਕੇ ਨਾਲ਼ ਹੀ ਨਹੀਂ ਬਣ ਜਾਂਦੀ 'ਸੰਜੂ' ਵਰਗੀ ਫ਼ਿਲਮ
<<<<<<<<<<<<<<>>>>>>>>>>>>>
      ਮੁੰਬਈ ਦੇ ਬਾਹਰ-ਬਾਹਰ, ਰਾਜ ਕੁਮਾਰ ਹਿਰਾਨੀ ਦਾ ਦਫ਼ਤਰ ਵੀ ਉਸ ਦੀਆਂ ਫ਼ਿਲਮਾਂ ਵਾਂਗ ਬੇਮਿਸਾਲ ਹੈ। ਉਸ ਦੀਆਂ ਫ਼ਿਲਮਾਂ ਵਿਚਲਾ ਹਾਸ-ਵਿਅੰਗ, ਉਸ ਦੇ ਦਫ਼ਤਰ ਅੰਦਰ ਵੀ ਝਲਕਦਾ ਹੈ। ਦਫ਼ਤਰ ਦੇ ਬਾਹਰ ਅੰਗਰੇਜ਼ੀ ਵਿਚ ਇਹ ਲਿਖਿਆ ਹੋਇਆ ਹੈ, "ਘੰਟੀ ਕੰਮ ਨਹੀਂ ਕਰਦੀ, ਕਿਰਪਾ ਕਰ ਕੇ ਉੱਚੀ ਅਵਾਜ਼ ਵਿਚ 'ਡਿੰਗ-ਡੌਂਗ' ਕਹੋ!" ਬੂਹੇ ਉੱਤੇ ਹੀ ਚਾਰਲੀ ਚੈਪਲਿਨ ਸਾਹਿਬ ਦੇ ਦਰਸ਼ਨ ਹੋ ਜਾਂਦੇ ਹਨ। ਅੰਦਰ ਚਾਰਲੀ ਦੀਆਂ ਫ਼ਿਲਮਾਂ ਲਗਾਤਾਰ ਚੱਲਦੀਆਂ ਹਨ। ਹਿਰਾਨੀ ਨਾਲ਼ ਮੁਲਾਕਾਤ ਕਰਨ ਲਈ ਉਡੀਕ ਕਰਨੀ ਪੈ ਜਾਵੇ ਤਾਂ ਤੁਸੀਂ ਉੱਥੇ ਚਾਰਲੀ ਚੈਪਲਿਨ ਦੀਆਂ ਚਾਰ-ਪੰਜ ਫ਼ਿਲਮਾਂ ਵੀ ਦੇਖ ਸਕਦੇ ਹੋ। ਦਫ਼ਤਰ ਦੀ ਲੌਬੀ ਵਿਚ, ਫ਼ਿਲਮ 'ਪੀਕੇ' ਵਿਚ ਆਮਿਰ ਖ਼ਾਨ ਵੱਲੋਂ ਪਹਿਨਿਆ ਹੋਇਆ ਕੱਛਾ ਤੇ ਵਰਤਿਆ ਹੋਇਆ ਟਰਾਂਸਿਸਟਰ, ਇਕ ਬੋਰਡ ਉੱਤੇ ਸਜਾਏ ਹੋਏ ਹਨ। ਇਕ ਪਾਸੇ 'ਮੁੰਨਾਭਾਈ ਐੱਮ ਬੀ ਬੀ ਐੱਸ' ਦੀਆਂ ਕੁੱਝ ਚੀਜ਼ਾਂ ਪਈਆਂ ਹਨ। ਨਾਲ਼ ਹੀ ਪਈਆਂ ਹਨ 'ਥ੍ਰੀ ਇਡੀਅਟਸ' ਵਾਲ਼ੀਆਂ ਤਿੰਨ ਅਜੀਬੋ-ਗ਼ਰੀਬ ਜਿਹੀਆਂ ਸੀਟਾਂ। ਰੈਸਟ ਰੂਮ ਅੰਦਰ 'ਥ੍ਰੀ ਇਡੀਅਟਸ' ਵਿਚਲੀਆਂ, ਆਰ. ਮਾਧਵਨ ਅਤੇ ਸ਼ਰਮਨ ਜੋਸ਼ੀ ਦੀਆਂ ਉਹ ਤਸਵੀਰਾਂ ਸਜਾਈਆਂ ਹੋਈਆਂ ਹਨ, ਜਿਨ੍ਹਾਂ ਵਿਚ ਉਹ 'ਜਹਾਂਪਨਾਹ ਤੁਹਫ਼ਾ ਕਬੂਲ ਕਰੋ' ਕਹਿੰਦੇ ਦਿਸਦੇ ਹਨ।
     ਰਾਜ ਕੁਮਾਰ ਹਿਰਾਨੀ ਦਾ ਦਾਅਵਾ ਹੈ ਕਿ ਕਿਸੇ ਦੀ ਜੀਵਨੀ ਦੇ ਆਧਾਰ 'ਤੇ ਬਣਾਈ ਜਾਣ ਵਾਲ਼ੀ ਕਿਸੇ ਵੀ ਫ਼ਿਲਮ ਵਿਚ ਕਿਸੇ ਵਿਅਕਤੀ ਦੀ ਮੁਕੰਮਲ ਜੀਵਨੀ ਨਹੀਂ ਦਿਖਾਈ ਜਾ ਸਕਦੀ। ਉਹ ਇਹ ਵੀ ਕਹਿੰਦਾ ਹੈ ਕਿ 'ਬਾਇਓਪਿਕ' ਯਾਨੀ ਕਿਸੇ ਦੀ ਜੀਵਨੀ ਉੱਤੇ ਆਧਾਰਤ ਫ਼ਿਲਮ ਬਣਾਉਣ ਅਤੇ ਕਿਸੇ ਕਾਲਪਨਿਕ ਕਹਾਣੀ ਦੇ ਆਧਾਰ 'ਤੇ ਫ਼ਿਲਮ ਬਣਾਉਣ ਵਿਚ ਬਹੁਤ ਫ਼ਰਕ ਹੈ। ਉਸ ਦੇ ਹੀ ਕਹਿਣ ਅਨੁਸਾਰ, ਜਦੋਂ ਕਾਲਪਨਿਕ ਕਹਾਣੀ ਦੇ ਆਧਾਰ 'ਤੇ ਫ਼ਿਲਮ ਬਣਾਈ ਜਾਂਦੀ ਹੈ ਤਾਂ ਸਭ ਕੁੱਝ ਆਪਣੇ ਕਾਬੂ ਵਿਚ ਹੁੰਦਾ ਹੈ। ਕਾਬੂ ਤੋਂ ਬਾਹਰਾ ਸਭ ਕੁੱਝ ਬਦਲਿਆ ਜਾ ਸਕਦਾ ਹੈ। ਕਿਸੇ ਦੀ ਜੀਵਨੀ ਦੇ ਆਧਾਰ 'ਤੇ ਫ਼ਿਲਮ ਬਣਾਉਂਦਿਆਂ ਤੁਹਾਨੂੰ ਕਹਾਣੀ ਦੀ ਹਕੀਕਤ ਬਰਕਰਾਰ ਰੱਖਣੀ ਪੈਂਦੀ ਹੈ। ਉਸ ਵਿਚ ਬਹੁਤੀ ਅਦਲਾ-ਬਦਲੀ ਕਰਨ ਦੀ ਗੁੰਜਾਇਸ਼ ਨਹੀਂ ਹੁੰਦੀ। ਅਜਿਹੇ ਵਿਸ਼ੇ ਉੱਤੇ ਕੰਮ ਕਰਦਿਆਂ ਤੁਹਾਨੂੰ ਉਸ ਕਹਾਣੀ ਦਾ ਖਿਲਾਰਾ ਸਮੇਟਣ ਖ਼ਾਤਰ ਜੂਝਣਾ ਪੈਂਦਾ ਹੈ। ਕਿਸੇ ਦੀ ਪੰਜਾਹ ਸਾਲ ਦੀ ਜ਼ਿੰਦਗੀ, ਤੁਸੀਂ ਢਾਈ ਘੰਟੇ ਵਿਚ ਦਿਖਾਉਣੀ ਹੁੰਦੀ ਹੈ। ਇਹ ਫ਼ੈਸਲਾ ਕਰਨਾ ਪੈਂਦਾ ਹੈ ਕਿ ਫ਼ਿਲਮ ਵਿਚ ਕੀ ਰੱਖਣਾ ਹੈ, ਕੀ ਨਹੀਂ। 
      ਸੰਜੇ ਦੱਤ ਦੀ ਜ਼ਿੰਦਗੀ ਵਿਚ ਬੜਾ ਕੁੱਝ ਦਿਲਚਸਪ ਹੈ, ਪਰ ਉਹ ਸਭ ਕੁੱਝ 'ਸੰਜੂ' ਵਿਚ ਨਹੀਂ ਹੈ। ਸੰਜੇ ਦੱਤ ਦੀ ਜ਼ਿੰਦਗੀ ਦੇ ਆਧਾਰ ਉੱਤੇ 'ਸੰਜੂ' ਬਣਾਉਣ ਦੇ ਸਿਲਸਿਲੇ ਦੀ ਸ਼ੁਰੂਆਤ ਕਈ ਸਾਲ ਪਹਿਲਾਂ ਹੋ ਗਈ ਸੀ। ਜਦੋਂ ਸੰਜੂ ਪੈਰੋਲ 'ਤੇ ਆਇਆ ਤਾਂ ਰਾਜ ਕੁਮਾਰ ਹਿਰਾਨੀ ਉਸ ਨੂੰ ਮਿਲਣ ਗਿਆ। ਉਸ ਨੇ ਸੰਜੇ ਨੂੰ ਜੇਲ੍ਹ ਅੰਦਰਲੀ ਜ਼ਿੰਦਗੀ ਬਾਰੇ ਪੁੱਛਿਆ। ਉਸ ਨੇ ਉਸ ਤੋਂ ਜੇਲ੍ਹ ਵਿਚ ਉਸ ਦੀ ਕੋਠੜੀ ਬਾਰੇ, ਰੋਟੀ-ਪਾਣੀ ਬਾਰੇ, ਸਾਰਾ ਦਿਨ ਬਿਤਾਉਣ ਦੇ ਢੰਗ ਬਾਰੇ ਪੁੱਛਿਆ। ਸੰਜੇ ਵੱਲੋਂ ਸੁਣਾਈ ਹੋਈ ਕਹਾਣੀ ਬੜੀ ਦਿਲਕਸ਼ ਸੀ, ਪਰ ਉਸ ਵਿਚ ਫ਼ਿਲਮੀ ਮਾਲ ਨਹੀਂ ਸੀ। ਉਹ ਕਈ ਦਿਨ ਸੰਜੇ ਨੂੰ ਮਿਲਣ ਜਾਂਦਾ ਰਿਹਾ। ਇਕ ਦਿਨ ਸੰਜੇ ਦੱਤ ਸੀ ਤੇ ਰਾਜੂ ਹਿਰਾਨੀ ਸੀ। ਸੰਜੇ ਦੱਤ ਹੌਲ਼ੀ-ਹੌਲ਼ੀ ਖੁੱਲ੍ਹਣ ਲੱਗਿਆ। ਫਿਰ ਉਹ ਲਗਾਤਾਰ ਉਸ ਦੇ ਘਰ ਜਾਣ ਲੱਗ ਪਿਆ। ਉਹ, ਸ਼ਾਮ ਨੂੰ ਪੰਜ ਵਜੇ ਜਾਂਦਾ ਤੇ ਰਾਤੀਂ ਦੋ-ਦੋ ਵਜੇ ਮੁੜਦਾ। ਇਕ ਦਿਨ ਹਿਰਾਨੀ ਨੇ ਸੰਜੇ ਦੇ ਅੰਦਰੋਂ 'ਸੰਜੂ' ਬਣਾਉਣ ਜੋਗਾ ਮਾਲ ਕੱਢ ਹੀ ਲਿਆ।
      ਰਾਜੂ ਹਿਰਾਨੀ, ਮਨ ਪਰਚਾਉਣ ਵਾਲ਼ੀਆਂ ਫ਼ਿਲਮਾਂ ਬਣਾਉਣ ਦੇ ਨਾਲ਼ ਹੀ ਕੋਈ ਸੁਨੇਹਾ ਦੇਣ ਵਾਲ਼ੇ ਫ਼ਿਲਮਸਾਜ਼ ਵਜੋਂ ਮਸ਼ਹੂਰ ਹੈ, ਪਰ 'ਸੰਜੂ' ਬਣਾਉਣ ਵਿਚ ਉਹ ਵੱਖਰੀ ਹੀ ਤਰ੍ਹਾਂ ਦੇ ਫ਼ਿਲਮਸਾਜ਼ ਵਜੋਂ ਪੇਸ਼ ਆਇਆ। ਉਹ ਮੰਨਦਾ ਹੈ ਕਿ ਹਰ ਫ਼ਿਲਮ ਬਣਾਉਣ ਲਈ ਇਕੋ ਜਿਹਾ ਸਾਂਚਾ-ਢਾਂਚਾ ਨਹੀਂ ਵਰਤਿਆ ਜਾ ਸਕਦਾ। ਜੇ ਤੁਸੀਂ ਧਰਮ ਬਾਰੇ ਕੋਈ ਫ਼ਿਲਮ ਬਣਾਉਣੀ ਹੋਵੇ ਤਾਂ ਉਹ 'ਥ੍ਰੀ ਇਡੀਅਟ' ਵਰਗੀ ਨਹੀਂ ਹੋਵੇਗੀ ਕਿਉਂ ਕਿ 'ਥ੍ਰੀ ਇਡੀਅਟ', 'ਮੁੰਨਾਭਾਈ' ਵਰਗੀ ਨਹੀਂ ਹੈ। ਉਹ, ਹਰ ਵਾਰ ਵੱਖਰੀ ਤਰ੍ਹਾਂ ਦੀ ਫ਼ਿਲਮ ਬਣਾਉਣ ਦਾ ਹੀਲਾ ਕਰਦਾ ਹੈ। ਉਹ ਕਦੇ ਵੀ ਕਿਸੇ ਫ਼ਿਲਮ ਵਿਚ ਜਾਣ-ਬੁੱਝ ਕੇ ਕੋਈ ਸੁਨੇਹਾ ਨਹੀਂ ਤੁੰਨਦਾ। ਉਸ ਨੂੰ ਜਿਸ ਗੱਲ ਉੱਤੇ ਬਹੁਤਾ ਵਿਸ਼ਵਾਸ ਹੁੰਦਾ ਹੈ, ਉਹੀ ਉਸ ਦੀਆਂ ਫ਼ਿਲਮਾਂ ਵਿਚ ਦਿਸਦੀ ਹੈ। ਉਸ ਨੂੰ 'ਸੰਜੂ' ਦੀ ਕਹਾਣੀ ਵਿਚ ਉਹੀ ਦਿਸਿਆ, ਜੋ ਉਸ ਨੇ ਪਹਿਲਾਂ ਕਦੇ ਨਹੀਂ ਦਿਖਾਇਆ ਸੀ। ਉਸ ਨੂੰ ਇਸ ਫ਼ਿਲਮ ਦੀ ਕਹਾਣੀ ਬਹੁਤ ਹੀ ਬੇਮਿਸਾਲ ਲੱਗੀ।
      ਰਾਜ ਕੁਮਾਰ ਹਿਰਾਨੀ ਅਨੁਸਾਰ, ਫ਼ਿਲਮ ਕਈ ਤਰ੍ਹਾਂ ਬਣਾਈ ਜਾ ਸਕਦੀ ਹੈ। ਉਸ ਨੂੰ 'ਸੰਜੂ' ਦੀ ਕਹਾਣੀ ਵਿਚ, ਪਿਉ-ਪੁੱਤ ਦੇ ਬੇਮਿਸਾਲ ਰਿਸ਼ਤੇ ਅਤੇ ਦੋਸਤੀ ਨੇ ਬਹੁਤ ਟੁੰਬਿਆ। ਜੇ ਹਿਰਾਨੀ ਦੀ ਥਾਂ, ਸਨਸਨੀ ਪਸੰਦ ਕਰਨ ਵਾਲ਼ਾ ਕੋਈ ਨਿਰਦੇਸ਼ਕ ਹੁੰਦਾ ਤਾਂ ਹੋ ਸਕਦਾ ਸੀ, ਉਹ ਸੰਜੂ ਦਾ ਕਾਲਾ ਪੱਖ ਉਭਾਰਨ ਦੀ ਕੋਸ਼ਿਸ਼ ਕਰਦਾ ਕਿਉਂ ਕਿ ਇਸ ਕਹਾਣੀ ਵਿਚ ਉਹੋ ਜਿਹਾ ਵੀ ਬਹੁਤ ਕੁੱਝ ਹੈ।
      ਸੰਜੇ ਦੱਤ ਬਾਰੇ ਫ਼ਿਲਮ ਬਣਾਉਣਾ ਖ਼ਤਰੇ ਵਾਲ਼ਾ ਕੰਮ ਲੱਗਣ ਬਾਰੇ ਪੁੱਛਣ ਵਾਲ਼ਿਆਂ ਨੂੰ ਹਿਰਾਨੀ ਨੇ ਕਿਹਾ ਕਿ ਉਸ ਦੀਆਂ ਪਹਿਲੀਆਂ ਫ਼ਿਲਮਾਂ ਬਣਾਉਣ ਵਿਚ ਵੀ ਘੱਟ ਖ਼ਤਰਾ ਨਹੀਂ ਸੀ। 'ਮੁੰਨਾ ਭਾਈ' ਦੀ ਸਕਰਿਪਟ ਸੁਣਨ ਵਾਲ਼ੇ ਹਰ ਆਦਮੀ ਨੇ ਹਿਰਾਨੀ ਨੂੰ ਪਾਗਲ ਕਿਹਾ ਹੀ ਨਹੀਂ, ਮੰਨਿਆ ਵੀ ਸੀ। ਲੋਕ ਕਹਿੰਦੇ ਰਹੇ ਕਿ ਰਾਸ਼ਟਰ-ਪਿਤਾ ਕਹੇ ਜਾਂਦੇ ਮਹਾਤਮਾ ਗਾਂਧੀ ਦੇ ਸਾਹਮਣੇ ਤੁਸੀਂ ਸੰਜੇ ਦੱਤ ਤੇ ਅਰਸ਼ਦ ਵਾਰਸੀ ਨੂੰ ਸ਼ਰਾਬ ਪੀਂਦੇ ਕਿੱਦਾਂ ਦਿਖਾ ਸਕਦੇ ਹੋ? ਤੁਸੀਂ 'ਗਾਂਧੀਗਿਰੀ' ਸ਼ਬਦ ਦੀ ਵਰਤੋਂ ਕਿੱਦਾਂ ਕਰ ਸਕਦੇ ਹੋ? 'ਗਾਂਧੀਗਿਰੀ', 'ਦਾਦਾਗਿਰੀ' ਦਾ ਬਦਲ ਕਿੱਦਾਂ ਬਣਾਈ ਜਾ ਸਕਦੀ ਹੈ? ਇਹ ਗੱਲਾਂ ਇਸ ਨਾਲ਼ੋਂ ਕਿਤੇ ਵੱਧ ਖ਼ਤਰਨਾਕ ਸਨ। ਜਦੋਂ ਉਸ ਨੇ 'ਪੀਕੇ' ਬਣਾਈ ਤਾਂ ਲੋਕਾਂ ਨੇ ਪੁੱਛਿਆ ਕਿ ਉਹ ਧਰਮ ਬਾਰੇ ਇੰਨਾ ਕੁੱਝ ਕਿੱਦਾਂ ਕਹੇਗਾ। ਉਹ ਸਮਝਦਾ ਹੈ ਕਿ ਹਰ ਫ਼ਿਲਮ ਬਣਾਉਣ ਵਿਚ ਕਿਸੇ ਹੱਦ ਤਕ ਖ਼ਤਰਾ ਦਿਸਦਾ ਹੀ ਹੁੰਦਾ ਹੈ, ਪਰ ਉਸ ਖ਼ਤਰੇ ਨੂੰ ਸਿਰ ਨਹੀਂ ਚੜ੍ਹਨ ਦੇਣਾ ਚਾਹੀਦਾ ਹੈ। 'ਸੰਜੂ' ਦੇ ਸਬੰਧ ਵਿਚ ਅਸਲੀ ਤੇ ਫ਼ਿਲਮੀ ਦੀ ਤੁਲਨਾ ਤੇ ਫਿਰ ਆਲੋਚਨਾ ਹੋਣ ਦਾ ਵੱਡਾ ਖ਼ਤਰਾ ਸੀ। 
      'ਸੰਜੂ' ਬਣਾਉਣ ਲਈ 'ਰਾਜੂ' ਨੂੰ ਸੰਜੇ ਵੱਲੋਂ ਬੋਲੇ ਸੱਚ ਨੇ ਕੀਲ ਲਿਆ ਸੀ, ਨਹੀਂ ਤਾਂ ਕਿਹੜਾ ਬੰਦਾ ਮੰਨੇਗਾ ਕਿ ਉਹ 308 ਕੁੜੀਆਂ/ ਤੀਵੀਆਂ ਨਾਲ਼ ਰਿਹਾ ਹੈ ਤੇ ਉਹ ਵੇਸਵਾਵਾਂ ਕੋਲ ਵੀ ਜਾਂਦਾ ਰਿਹਾ ਹੈ। ਰਾਜੂ ਨੇ ਇਹ ਫ਼ਿਲਮ, ਸੰਜੇ ਦੀ ਵਡਿਆਈ ਕਰਨ ਖ਼ਾਤਰ ਨਹੀਂ ਬਣਾਈ, ਸਗੋਂ ਇਸ ਕਰ ਕੇ ਬਣਾਈ ਹੈ ਕਿ ਉਸ ਨੂੰ ਲੱਗੀ ਜਾਂਦਾ ਸੀ ਕਿ ਇਹ ਫ਼ਿਲਮ ਬਣਾਈ ਜਾਣੀ ਹੀ ਚਾਹੀਦੀ ਹੈ। ਰਾਜੂ ਇਹ ਫ਼ਿਲਮ ਬਣਾਉਣ ਲਈ ਤਿਆਰ ਹੋਣ ਵੇਲ਼ੇ ਤੀਜੀ 'ਮੁੰਨਾਭਾਈ' ਲਿਖ ਰਿਹਾ ਸੀ। ਉਸ ਨੇ ਇਹ ਫ਼ਿਲਮ ਬਣਾਉਣ ਲਈ, ਸਭ ਕੁੱਝ ਵਿਚਾਲ਼ੇ ਛੱਡ ਦਿੱਤਾ। ਹੋ ਸਕਦਾ ਸੀ ਕਿ 'ਮੁੰਨਾਭਾਈ' ਉਨ੍ਹਾਂ ਲਈ ਬਹੁਤ ਲਾਹੇਵੰਦ ਰਹਿੰਦੀ ਕਿਉਂ ਕਿ ਲੋਕ ਇਸ ਲੜੀ ਦੀਆਂ ਦੋ ਫ਼ਿਲਮਾਂ ਦੇਖ ਚੁੱਕੇ ਸਨ, ਪਸੰਦ ਕਰ ਚੁੱਕੇ ਸਨ। ਰਾਜੂ ਮੰਨਦਾ ਹੈ ਕਿ ਸੰਜੂ ਵੱਲੋਂ ਆਪਣੀ ਕਹਾਣੀ ਇਮਾਨਦਾਰੀ ਨਾਲ਼ ਸੁਣਾਉਣ ਦਾ ਨਤੀਜਾ ਹੀ 'ਸੰਜੂ' ਹੈ।
      ਜਦੋਂ ਪਹਿਲੀ ਵਾਰੀ ਸੰਜੇ ਦੱਤ ਦੀ ਬੀਵੀ ਮਾਨਯਤਾ, ਰਾਜ ਕੁਮਾਰ ਹਿਰਾਨੀ ਨੂੰ ਸੰਜੇ ਦੱਤ ਬਾਰੇ ਫ਼ਿਲਮ ਬਣਾਉਣ ਖ਼ਾਤਰ ਕਹਿਣ ਗਈ ਸੀ ਤਾਂ ਹਿਰਾਨੀ ਨੇ ਉਸ ਨੂੰ 'ਪੱਕੀ ਹਾਂ-ਨਾ' ਨਹੀਂ ਕੀਤੀ ਸੀ। ਇਸ ਦੀ ਵਜ੍ਹਾ ਇਹ ਸੀ ਕਿ ਉਦੋਂ ਤਕ ਹਿਰਾਨੀ ਨੇ ਸੰਜੇ ਦੀ ਕਹਾਣੀ ਸੰਜੇ ਦੇ ਮੂੰਹੋਂ ਨਹੀਂ ਸੁਣੀ ਸੀ। ਉਦੋਂ ਹਿਰਾਨੀ ਨੇ ਇਹ ਫ਼ਿਲਮ ਬਣਾਉਣ ਤੋਂ ਜੁਆਬ ਦੇ ਦਿੱਤਾ ਸੀ ਕਿਉਂ ਕਿ ਉਦੋਂ ਸੰਜੇ ਬਾਰੇ ਉਹ ਵੀ, ਬਾਕੀ ਫ਼ਿਲਮ ਇੰਡਸਟਰੀ ਵਾਂਗ ਹੀ ਸੋਚਦਾ ਸੀ। ਉਦੋਂ ਉਸ ਨੂੰ ਸੰਜੇ ਦੀ ਕਹਾਣੀ 'ਬਹੁਤ ਮੈਲ਼ੀ' ਲੱਗਦੀ ਸੀ ਤੇ ਉਹ, ਇਹੋ ਜਿਹੀਆਂ ਕਹਾਣੀਆਂ ਉੱਤੇ ਫ਼ਿਲਮਾਂ ਨਹੀਂ ਬਣਾਉਂਦਾ। ਉਹ, ਬੰਦੂਕਾਂ ਅਤੇ ਨਸ਼ਿਆਂ ਸਬੰਧੀ ਕਹਾਣੀਆਂ ਉੱਤੇ ਫ਼ਿਲਮਾਂ ਨਹੀਂ ਬਣਾਉਂਦਾ ਕਿਉਂ ਕਿ ਇਹੋ ਜਿਹੀਆਂ ਕਹਾਣੀਆਂ ਉਸ ਨੂੰ ਪਸੰਦ ਨਹੀਂ। ਉਹ ਇਹ ਵੀ ਮੰਨਦਾ ਹੈ ਕਿ ਉਹ ਸੰਜੂ ਨਾਲ਼ ਕੰਮ ਤਾਂ ਕਰਦਾ ਰਿਹਾ ਹੈ, ਪਰ ਉਹ ਇਹ ਨਹੀਂ ਕਹਿੰਦਾ ਕਿ ਸੰਜੇ ਉਸ ਦਾ ਦੋਸਤ ਰਿਹਾ ਹੈ। ਇਸ ਕਰ ਕੇ, ਉਸ ਨੂੰ ਉਸ ਬਾਰੇ ਡੂੰਘੀ ਜਾਣਕਾਰੀ ਨਹੀਂ ਸੀ। ਉਸ ਦੀ ਦਾਸਤਾਨ ਸੁਣ ਕੇ ਹਿਰਾਨੀ ਪੂਰੀ ਤਰ੍ਹਾਂ ਹੈਰਾਨ ਸੀ।
      ਰਾਜੂ ਹਿਰਾਨੀ ਨੇ ਸੰਜੇ ਦੀ ਬਾਤ ਸੁਣਦਿਆਂ ੨੫ ਦਿਨ ਲਾਏ ਤੇ ਫਿਰ ਉਸ ਦੀ ਬਾਤ ਦੀ ਸੱਚਾਈ ਦੀ ਨਿਰਖ਼-ਪਰਖ਼ ਵੀ ਕੀਤੀ। ਉਹ, ਸੰਜੇ ਨੂੰ ਹਿਰਾਸਤ ਵਿਚ ਲੈਣ ਵਾਲ਼ੇ ਪੁਲਸ ਅਧਿਕਾਰੀਆਂ ਨੂੰ ਵੀ ਮਿਲ਼ਿਆ ਤੇ ਉਸ ਨੇ ਕੁੱਝ ਵਕੀਲਾਂ ਨਾਲ਼ ਮੁਲਾਕਾਤਾਂ ਵੀ ਕੀਤੀਆਂ। ਸੰਜੇ ਦੱਤ ਸਬੰਧੀ ਚਾਰਜਸ਼ੀਟ ਦਾ ਅਤੇ ਮੁਕੱਦਮੇ ਦੇ ਫੈਸਲੇ ਦਾ ਉਤਾਰਾ ਵੀ ਉਸ ਨੇ ਪੜ੍ਹਿਆ। ਫਿਰ ਉਸ ਨੇ ਸੰਜੇ ਦੱਤ ਦੇ ਪਰਿਵਾਰ ਦੇ ਜੀਆਂ, ਭੈਣ ਪ੍ਰਿਯਾ, ਦੋਸਤ ਦਾਨਿਸ਼, ਅਮਰੀਕੀ ਦੋਸਤ ਪਰੇਸ਼ ਅਤੇ ਭਣੋਈਏ ਕੁਮਾਰ ਗੌਰਵ ਨਾਲ਼ ਮੁਲਾਕਾਤਾਂ ਦਾ ਸਿਲਸਿਲਾ ਵਿੱਢਿਆ। ਗੱਲ ਕੀ, ਇਹ ਫ਼ਿਲਮ ਬਣਾਉਣ ਲਈ 'ਹਾਂ' ਕਹਿਣ ਤੋਂ ਪਹਿਲਾਂ ਰਾਜੂ ਨੇ ਚਾਲ਼ੀ-ਪੰਜਾਹ ਜਣਿਆਂ ਨਾਲ਼ ਮੁਲਾਕਾਤਾਂ ਕੀਤੀਆਂ।
      ਸੰਜੇ ਦੱਤ ਦੀ ਜ਼ਿੰਦਗੀ ਦੇ ਜਿਹੜੇ ਹਿੱਸੇ ਇਸ ਫ਼ਿਲਮ ਵਿਚ ਨਹੀਂ ਹਨ, ਉਹ ਹਿਰਾਨੀ ਨੇ ਸੋਚ-ਸਮਝ ਕੇ ਛੱਡੇ ਹਨ। ਉਸ ਨੇ 'ਸੰਜੂ' ਦਾ ਦੂਜਾ ਹਿੱਸਾ ਵੀ ਨਹੀਂ ਬਣਾਉਣਾ ਕਿਉਂ ਕਿ ਜ਼ਰੂਰੀ ਨਹੀਂ ਹੈ ਕਿ ਦੂਜਾ ਭਾਗ ਬਣਾਉਣ ਨਾਲ਼ ਵੀ ਸੰਜੇ ਦੀ ਸਾਰੀ ਜ਼ਿੰਦਗੀ ਦਿਖਾਈ ਜਾ ਸਕੇ। 'ਗਾਂਧੀ', ਹਿਰਾਨੀ ਦੀ ਇਸ ਕਿਸਮ ਦੀ ਪਸੰਦੀਦਾ ਫ਼ਿਲਮ ਹੈ, ਪਰ ਉਸ ਵਿਚ ਵੀ ਗਾਂਧੀ ਦੀ ਨਿੱਜੀ ਜ਼ਿੰਦਗੀ ਨਹੀਂ ਦਿਖਾਈ ਗਈ। ਹਿਰਾਨੀ ਦਾ ਦਾਅਵਾ ਹੈ ਕਿ ਕਿਸੇ ਦੀ ਜੀਵਨੀ ਦੇ ਆਧਾਰ ਉੱਤੇ ਬਣਾਈ ਹੋਈ ਫ਼ਿਲਮ ਵਿਚ ਸਬੰਧਤ ਵਿਅਕਤੀ ਦੀ ਸਾਰੀ ਦਾਸਤਾਨ ਨਹੀਂ ਦਿਖਾਈ ਜਾ ਸਕਦੀ।
       'ਸੰਜੂ' ਦੀ ਪਟਕਥਾ ਲਿਖਣ ਤੋਂ ਬਾਅਦ ਅਗਲਾ ਵੱਡਾ ਕੰਮ ਕਲਾਕਾਰਾਂ ਦੀ ਚੋਣ ਕਰਨਾ ਸੀ। ਸੰਜੇ ਦੱਤ ਅਤੇ ਉਸ ਦੇ ਬਾਪ ਸੁਨੀਲ ਦੱਤ ਦੇ ਚਿਹਰੇ ਲੋਕਾਂ ਵੱਲੋਂ ਜਾਣੇ-ਪਛਾਣੇ ਸਨ। ਸੋ, ਕਲਾਕਾਰਾਂ ਦੀ ਚੋਣ ਕਰਨ ਵੇਲ਼ੇ, ਪ੍ਰਤਿਭਾ ਦੇ ਨਾਲ਼-ਨਾਲ਼ ਚਿਹਰੇ-ਮੁਹਰੇ ਦਾ ਖ਼ਿਆਲ ਵੀ ਰੱਖਣਾ ਪੈਣਾ ਸੀ। ਸੁਨੀਲ ਦੱਤ ਦਾ ਕਿਰਦਾਰ ਨਿਭਾਉਣ ਲਈ ਸੰਜੇ ਦੱਤ ਨੂੰ ਲੈਣ ਦਾ ਖ਼ਿਆਲ ਵੀ ਆਇਆ, ਪਰ ਇਹ ਵੀ ਸਹੀ ਨਾ ਸਮਝਿਆ ਗਿਆ। ਫਿਰ ਸ਼ਕਲ-ਸੂਰਤ ਸਬੰਧੀ ਸਮਝੌਤਾ ਕਰਦਿਆਂ, ਪ੍ਰਤਿਭਾ ਦੇ ਲਿਹਾਜ਼ ਨਾਲ਼ ਪਰੇਸ਼ ਰਾਵਲ ਨੂੰ ਸੁਨੀਲ ਦੱਤ ਬਣਾਇਆ ਗਿਆ। ਵੱਖ-ਵੱਖ ਉਮਰ ਦੇ ਸੰਜੇ ਦੱਤ ਦੇ ਤੇਰਾਂ ਰੂਪ, ਰਣਬੀਰ ਕਪੂਰ ਨੂੰ ਦਿੱਤੇ ਗਏ। ਰਣਬੀਰ ਕਪੂਰ ਨੇ ੨੧ ਸਾਲ ਤੋਂ ੫੧ ਸਾਲ ਤਕ ਦੇ ਸੰਜੇ ਦੱਤ ਨੂੰ ਬਹੁਤ ਖ਼ੂਬੀ ਨਾਲ਼ ਦਰਸਾਇਆ। ਮਾਨਯਤਾ ਦੇ ਰੋਲ ਵਿਚ ਦੀਆ ਮਿਰਜ਼ਾ ਦੇ ਚਿਹਰੇ ਉੱਤੇ ਲਗਾਇਆ ਹੋਇਆ ਮੋਹਕਾ ਵੀ ਅਦਾਕਾਰੀ ਕਰਦਾ ਦਿਸਿਆ। ਫ਼ਿਲਮਸਾਜ਼ੀ ਦੇ ਸਿਖਿਆਰਥੀਆਂ ਲਈ 'ਸੰਜੂ' ਸੌ ਕਿਤਾਬਾਂ ਦੇ ਬਰਾਬਰ ਸਾਬਤ ਹੋ ਸਕਦੀ ਹੈ ਕਿਉਂ ਕਿ ਇਸ ਦੇ ਸਬੰਧ ਵਿਚ ਕੀਤਾ ਹੋਇਆ ਖੋਜ-ਕਾਰਜ ਇਹ ਸਿੱਧ ਕਰਦਾ ਹੈ ਕਿ ਤੁੱਕੇ ਨਾਲ਼ ਹੀ ਨਹੀਂ ਬਣਾਈ ਗਈ ਇਹ ਫ਼ਿਲਮ।#