ਇਰਾਨ ਦੀ ਕਿੱਕ-ਬਾਕਸਿੰਗ ਚੈਂਪੀਅਨ ਨੇ ਕੈਨੇਡਾ ਵਿਚ
'ਆਜ਼ਾਦ' ਹੋਈ ਮਹਿਸੂਸ ਕੀਤਾ
<<<<<<<<<<<<<<>>>>>>>>>>>>>>
ਜਿਹੜਾ ਡੱਡੂ ਸਾਰੀ ਉਮਰ ਖੂਹ ਵਿਚ ਡਿੱਗਿਆ ਰਿਹਾ ਹੋਵੇ, ਉਸ ਨੂੰ ਤਾਂ ਉਹ ਖੂਹ ਹੀ ਪੂਰੇ ਸੰਸਾਰ ਜਿੱਡਾ ਜਾਪਿਆ ਕਰਦਾ ਹੈ। ਹੜ੍ਹ ਦੇ ਪਾਣੀ ਨਾਲ਼ ਸਮੁੰਦਰ ਵਿਚੋਂ ਰੁੜ੍ਹ ਕੇ, ਖੂਹ ਵਿਚ ਆ ਡਿੱਗਿਆ ਸਮੁੰਦਰੀ ਡੱਡੂ, ਖੂਹ ਵਾਲ਼ੇ ਡੱਡੂ ਨੂੰ ਸਮੁੰਦਰ ਦੀ ਵਿਸ਼ਾਲਤਾ ਬਾਰੇ ਕਿੰਨਾ ਵੀ ਦੱਸੇ, ਖੂਹ ਵਾਲ਼ਾ ਡੱਡੂ ਉਸ ਦੀ ਗੱਲ ਨਹੀਂ ਸਮਝ ਸਕਦਾ ਕਿਉਂ ਕਿ ਸਮੁੰਦਰ ਵਿਚੋਂ ਆਏ ਡੱਡੂ ਨੇ ਸਮੁੰਦਰ ਦੀਆਂ ਲਹਿਰਾਂ ਦੇਖੀਆਂ-ਭਾਲ਼ੀਆਂ ਹੁੰਦੀਆਂ ਹਨ ਜਦੋਂ ਕਿ ਖੂਹ ਦਾ ਡੱਡੂ ਖੂਹ ਤਕ ਹੀ ਸੀਮਤ ਰਿਹਾ ਹੁੰਦਾ ਹੈ। ਖੂਹ ਅਤੇ ਸਮੁੰਦਰ ਦੇ ਡੱਡੂਆਂ ਦੀ ਇਹ ਮਿਸਾਲ ਉਦੋਂ ਹੀ ਦਿੱਤੀ ਜਾਂਦੀ ਹੈ, ਜਦੋਂ ਦੋ ਖਿੱਤਿਆਂ ਦੀ ਵਿਸ਼ਾਲਤਾ ਜਾਂ ਸੌੜੇਪਨ ਦੀ ਤੁਲਨਾ ਕਰਨੀ ਹੋਵੇ। ਤੁਲਨਾ ਦੀ ਇਹ ਭਾਵਨਾ, ਇਰਾਨ ਤੋਂ ਕੈਨੇਡਾ ਆਈ ਹੋਈ, ਕਿੱਕ-ਬਾਕਸਿੰਗ ਦੀ ਚੈਂਪੀਅਨ ਬੀਬੀ ਫਾਰੀਨਾਜ਼ ਲਾਰੀ ਨੇ ਪਿਛਲੇ ਦਿਨੀਂ ਨਾ ਸਿਰਫ਼ ਮਹਿਸੂਸ ਕੀਤੀ ਸਗੋਂ ਮਾਣੀ ਵੀ।
ਸੰਨ 2009 ਦੀ ਗੱਲ ਹੈ, ਜਦੋਂ ਇਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦਨਜਾਦ ਸਨ। ਉਸ ਵੇਲ਼ੇ ਫਾਰੀਨਾਜ਼ ਲਾਰੀ, ਇਰਾਨ ਦੀ ਕਿੱਕ-ਬਾਕਸਿੰਗ ਦੀ ਕੌਮੀ ਟੀਮ ਦੀ ਮੈਂਬਰ ਸੀ ਤੇ ਉਹ, ਆਪਣੇ ਪਹਿਲੇ ਕੌਮਾਂਤਰੀ ਟੂਰਨਾਮੈਂਟ ਵਿਚ ਸ਼ਾਮਲ ਹੋਣ ਦੀਆਂ ਤਿਆਰੀਆਂ ਕਰ ਰਹੀ ਸੀ। ਕਹਿੰਦੇ ਨੇ ਕਿ ਜਦੋਂ ਜਨਾਬ ਅਹਿਮਦਨਜਾਦ ਦਾ ਧਿਆਨ ਇਸ ਖਿਡਾਰਨ ਦੀ ਯੂਨੀਫਾਰਮ ਵੱਲ ਗਿਆ ਤਾਂ ਉਨ੍ਹਾਂ ਨੇ ਇਸ ਖਿਡਾਰਨ ਨੂੰ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ। ਫਿਰ ਇਰਾਨ ਦੇ ਰਾਸ਼ਟਰਪਤੀ ਨੇ 'ਏਸ਼ੀਅਨ ਇਨਡੋਰ ਐਂਡ ਮਾਰਸ਼ਲ ਆਰਟਸ ਗੇਮਜ਼' ਦੇਖਣ ਲਈ ਵੀਅਤਨਾਮ ਦਾ ਦੌਰਾ ਕੀਤਾ। ਇਨ੍ਹਾਂ ਹੀ ਖੇਡਾਂ ਵਿਚ ਫਾਰੀਨਾਜ਼ ਲਾਰੀ ਨੇ ਕਿੱਕ-ਬਾਕਸਿੰਗ ਦੇ ਜੌਹਰ ਦਿਖਾਉਣੇ ਸਨ। ਇਹ ਬੀਬੀ, ਆਪਣੇ ਮੁਲਕ ਵਿਚ ਕਿੱਕ-ਬਾਕਸਿੰਗ ਦੀ ਚੈਂਪੀਅਨ ਤਾਂ ਬਣ ਗਈ, ਪਰ ਉਸ ਨੂੰ ਕਿੱਕ-ਬਾਕਸਿੰਗ ਕਰਨ ਵੇਲ਼ੇ ਨਾ ਸਿਰਫ਼ ਹਿਜਾਬ ਪਾਉਣ ਪੈਂਦਾ, ਸਗੋਂ ਪੂਰੀਆਂ ਬਾਹਾਂ ਵਾਲ਼ੀ ਜਰਸੀ ਅਤੇ ਲੱਤਾਂ ਦੇ ਪੂਰੇ ਮੇਚੇ ਦੀ ਪਜਾਮੀ ਵੀ ਪਾਉਣੀ ਪੈਂਦੀ ਸੀ। ਇਸ ਕੁੜੀ ਨੇ ਇਰਾਨ ਸਰਕਾਰ ਦੀਆਂ ਮਿੰਨਤਾਂ ਕੀਤੀਆਂ ਤੇ ਲੇਲੜੀਆਂ ਵੀ ਕੱਢੀਆਂ ਕਿ ਉਸ ਨੂੰ ਇਸ ਕੌਮਾਂਤਰੀ ਖੇਡ ਮੁਕਾਬਲੇ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਜਾਵੇ।
ਬਿਲਕੁਲ ਆਖ਼ਰੀ ਪਲਾਂ 'ਤੇ ਉਸ ਨੂੰ 'ਇਰਾਨੀ ਨੈਸ਼ਨਲ ਸਪੋਰਟਸ ਆਰਗੇਨਾਈਜ਼ੇਸ਼ਨ' ਦੇ ਸਾਬਕਾ ਮੁਖੀ ਅਲੀ ਸਈਦਲੂ ਨੇ ਇਸ ਖੇਡ ਮੁਕਾਬਲੇ ਵਿਚ ਹਿੱਸਾ ਲੈਣ ਦੀ ਇਜਾਜ਼ਤ ਤਾਂ ਦੇ ਦਿੱਤੀ, ਪਰ ਨਾਲ਼ ਹੀ ਇੱਕ ਸ਼ਰਤ ਲਾ ਦਿੱਤੀ ਕਿ ਉਹ ਇਸ ਮੁਕਾਬਲੇ ਵਿਚ ਹਿੱਸਾ ਲੈਣ ਦੌਰਾਨ, ਆਪਣੀ ਭੀੜੀ ਪਜਾਮੀ ਉੱਤੇ ਲੰਬਾ ਤੇ ਖੁੱਲ੍ਹਾ ਜਿਹਾ ਕੱਛਾ ਵੀ ਪਾਵੇਗੀ। ਉਸ ਮੁਕਾਬਲੇ ਵਿਚ ਉਹ ਦੂਜੇ ਸਥਾਨ 'ਤੇ ਰਹੀ ਅਤੇ ਉਸ ਨੂੰ ਚਾਂਦੀ ਦਾ ਮੈਡਲ ਮਿਲਿਆ। ਉਸ ਨੂੰ ਆਪਣੇ ਮੁਕਾਬਲੇ ਵਿਚ ਖੇਡੀ ਤੇ ਜਿੱਤੀ ਕੁੜੀ ਦੀਆਂ ਕਿੱਕਾਂ ਅਤੇ ਘਸੁੰਨਾਂ ਤੋਂ ਓਨੀਆਂ ਸੱਟਾਂ ਨਹੀਂ ਸਨ ਲੱਗੀਆਂ, ਜਿੰਨੀਆਂ ਉਸ ਦੇ ਆਪਣੇ ਮੁਲਕ ਦੀ ਸਰਕਾਰ ਦੇ ਵਤੀਰੇ ਤੋਂ ਵੱਜੀਆਂ ਸਨ।
ਵੈਨਕੂਵਰ ਆ ਕੇ, ਇਸ ਵੇਲ਼ੇ ਕੈਨੇਡਾ ਦੀ ਨਾਗਰਿਕ ਬਣ ਚੁੱਕੀ ਫਾਰੀਨਾਜ਼ ਲਾਰੀ ਨੇ ਇਰਾਨ ਵਿਚ ਆਪਣੇ ਹੱਡੀਂ ਹੰਢਾਏ ਸੰਤਾਪ ਦੀ ਦਾਸਤਾਨ ਸੁਣਾਉਂਦਿਆਂ ਕਿਹਾ, "ਜਦੋਂ ਮੈਂ ਆਪਣੇ ਹੀ ਵਤਨ ਵਿਚ ਊਚ-ਨੀਚ ਤੇ ਨਾਬਰਾਬਰੀ ਦੀ ਸ਼ਿਕਾਰ ਹੋਈ ਤਾਂ ਇਹ ਗੱਲ ਮੇਰੇ ਲਈ ਮਰ-ਮੁੱਕ ਜਾਣ ਵਰਗੀ ਲੱਗਦੀ ਸੀ। ਕੈਨੇਡਾ ਆ ਕੇ ਮੇਰੀ ਅਕਲ ਦੇ ਕਪਾਟ ਖੁੱਲ੍ਹ ਗਏ। ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਇਸ ਮੁਲਕ ਵਿਚ ਔਰਤਾਂ ਨੂੰ ਮਰਦਾਂ ਦੀ ਬਰਾਬਰੀ ਹਾਸਲ ਹੈ। ਇੱਥੇ ਹੀ ਮੈਨੂੰ ਪਤਾ ਲੱਗਿਆ ਕਿ ਔਰਤਾਂ ਦੀ ਕਿੰਨੀ ਕਦਰ ਹੈ।"
ਉਸ ਨੇ ਦੱਸਿਆ ਕਿ ਜਦੋਂ ਉਹ ੧੮ ਸਾਲਾਂ ਦੀ ਹੋਈ ਤਾਂ ਉਸ ਦੇ ਪਿਛਾਂਹ-ਖਿੱਚੂ ਸੋਚ ਵਾਲ਼ੇ ਪਰਿਵਾਰ ਵੱਲੋਂ, ਉਸ ਨੂੰ ਕਿੱਕ-ਬਾਕਸਿੰਗ ਜਿਹੀ ਜਾਂਬਾਜ਼ੀ ਭਰੀ ਖੇਡ, ਖੇਡਣ ਦੀ ਮਨਾਹੀ ਕਰ ਦਿੱਤੀ ਗਈ ਕਿਉਂ ਕਿ ਕੁੜੀਆਂ ਵੱਲੋਂ ਇਸ ਤਰ੍ਹਾਂ ਦੀਆਂ ਖੇਡਾਂ ਵਿਚ ਹਿੱਸਾ ਲ਼ੈਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਫਿਰ ਉਸ ਨੇ ਇਕ ਛੋਟੇ ਜਿਹੇ ਸਟੋਰ ਵਿਚ ਕੰਮ ਕਰ ਕੇ ਹਾਸਲ ਕੀਤੀ ਆਪਣੀ ਪਹਿਲੀ ਤਨਖ਼ਾਹ, ਕਿੱਕ-ਬਾਕਸਿੰਗ ਦੀ ਕਲਾਸ ਵਿਚ ਦਾਖ਼ਲਾ ਲੈਣ ਖ਼ਾਤਰ ਵਰਤ ਲਈ। ਇਸ ਕਲਾਸ ਵਿਚ ਉਸ ਨੇ ਆਪਣੇ ਜਿਸਮ ਲਈ ਕਾਫੀ ਮਿਹਨਤ ਕੀਤੀ।
ਫਾਰੀਨਾਜ਼ ਲਾਰੀ ਨੇ ਹੀ ਦੱਸਿਆ ਕਿ ਉਸ ਦੇ ਅੱਬੂ ਉਸ ਨੂੰ ਇਹ ਕਹਿੰਦੇ ਹੁੰਦੇ ਸਨ, "ਤੂੰ ਟੈਨਿਸ ਜਾਂ ਹੋਰ ਚੰਗੀ ਖੇਡ ਕਿਉਂ ਨਹੀਂ ਖੇਡ ਲੈਂਦੀ?" ਦੁਬਾਰਾ ਖੇਡਣਾ ਸ਼ੁਰੂ ਕਰਨ ਨੂੰ ਅਜੇ ਕੁੱਝ ਹੀ ਦਿਨ ਹੋਏ ਸਨ ਕਿ ਉਸ ਦੇ ਮਨ ਵਿਚ ਫਿਰ ਮੁਕਾਬਲੇ ਵਿਚ ਕੁੱਦਣ ਦਾ ਖ਼ਿਆਲ ਉੱਸਲਵੱਟੇ ਲੈਣ ਲੱਗਿਆ। ਇੰਨੇ ਵਿਚ ਲਾਰੀ ਦੀ ਇਕ ਹਮਜਮਾਤਣ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਕਿਉਂ ਨਹੀਂ, ਕਿਸੇ ਮਰਦ ਟਰੇਨਰ ਦੀਆਂ ਸੇਵਾਵਾਂ ਹਾਸਲ ਕਰ ਲੈਂਦੀ ਕਿਉਂ ਕਿ ਇਸ ਕੰਮ ਵਿਚ ਸ਼ਾਮਲ ਔਰਤਾਂ 'ਬਹੁਤੀਆਂ ਸੰਜੀਦਾ' ਨਹੀਂ ਹੁੰਦੀਆਂ। ਇਸ ਤੋਂ ਮਗਰੋਂ ਹੀ ਲਾਰੀ ਦੀ ਮੁਲਾਕਾਤ ਆਪਣੇ ਹੋਣ ਵਾਲ਼ੇ ਪਤੀ ਨਾਲ਼ ਹੋਈ। ਇਕ ਅਖ਼ਬਾਰ ਵਿਚ ਛਪਿਆ ਹੋਇਆ ਇਕ ਇਸ਼ਤਿਹਾਰ ਦੇਖ ਕੇ, ਲਾਰੀ ਨੇ ਉਸ ਆਦਮੀ ਨੂੰ ਆਪਣਾ 'ਉਸਤਾਦ' ਬਣਾਉਣ ਖ਼ਾਤਰ ਉਸ ਨਾਲ਼ ਸੰਪਰਕ ਕਰ ਲਿਆ ਸੀ।
ਤਿੰਨ 'ਨਾਕਆਊਟ' ਮੁਕਾਬਲੇ ਜਿੱਤ ਕੇ ਲਾਰੀ ਨੇ ਸੋਨੇ ਦਾ ਮੈਡਲ ਜਿੱਤਿਆ ਤਾਂ ਉਸ ਨੂੰ ਇਹ ਅਹਿਸਾਸ ਹੋਇਆ ਕਿ ਉਹ, ਇਹ ਖੇਡ ਖੇਡਣ ਲਈ ਹੀ ਬਣੀ ਹੋਈ ਹੈ। ਉਸ ਨੂੰ, ਇਹ ਖੇਡ ਖੇਡਣ ਲਈ ਇਕ ਔਰਤ ਵਜੋਂ ਹੀ ਨਹੀਂ ਤਿਰਸਕਾਰਿਆ ਗਿਆ ਸੀ, ਸਗੋਂ ਕੱਦ ਛੋਟਾ ਹੋਣ ਦੀ ਵਜ੍ਹਾ ਨਾਲ਼ ਵੀ, ਇਹ ਖੇਡ ਖੇਡਣ ਤੋਂ ਅਯੋਗ ਵੀ ਸਮਝਿਆ ਗਿਆ ਸੀ। ਇਸ ਖੇਡ ਦੇ ਮਰਦ ਕੋਚ ਵੀ ਪੰਜ ਫੁੱਟ, ਪੰਜ ਇੰਚ ਕੱਦ ਵਾਲ਼ੀ ਅਤੇ ਮਸਾਂ ੫੬ ਕਿਲੋ ਗ੍ਰਾਮ ਭਾਰ ਵਾਲ਼ੀ, ਇਸ ਮਧਰੀ ਜਿਹੀ ਕਿੱਕ ਬਾਕਸਰ ਨੂੰ ਨਜ਼ਰਅੰਦਾਜ਼ ਕਰ ਜਾਂਦੇ ਅਤੇ ਇਸ ਖੇਡ ਲਈ, ਛਾਂਟਵੇਂ ਸਰੀਰਾਂ ਵਾਲ਼ੇ ਮੁੰਡਿਆਂ ਵੱਲ ਵਧੇਰੇ ਧਿਆਨ ਦਿੰਦੇ।
ਹੁਣ 31 ਸਾਲਾਂ ਦੀ ਹੋ ਚੁੱਕੀ ਫਾਰੀਨਾਜ਼ ਲਾਰੀ ਇਹ ਭੁਲਾਉਣ ਦੇ ਹੀਲੇ ਕਰ ਰਹੀ ਹੈ ਕਿ ਇਰਾਨ ਵਿਚ ਇਸਤਰੀ ਕਿੱਕ ਬਾਕਸਰਾਂ ਲਈ ਮੌਸਮ ਕਿੰਨਾ ਕੁਰੱਖ਼ਤ ਹੈ ਤੇ ਕਿਵੇਂ ਇਰਾਨ ਦੇ ਖੇਡ ਅਧਿਕਾਰੀਆਂ ਨੇ ਉਸ ਨੂੰ ਤੀਵੀਂ ਹੋਣ ਦੀ ਵਜ੍ਹਾ ਨਾਲ਼ ਹੀ, ਦੋ ਵਾਰ ਕੌਮੀ ਟੀਮ ਵਿਚੋਂ ਕੱਢਿਆ ਸੀ ਤੇ ਉਹ ਕਚੀਚੀਆਂ ਵੱਟਦੀ ਹੀ ਰਹਿ ਗਈ ਸੀ। ਯੋਗ ਹੋਣ ਦੇ ਬਾਵਜੂਦ ਉਸ ਤੋਂ ਮੁਕਾਬਲੇ ਵਿਚ ਸ਼ਾਮਲ ਹੋਣ ਦਾ ਹੱਕ ਖੋਹ ਲਿਆ ਗਿਆ ਸੀ। ਹੋਰ ਮੁਲਕਾਂ ਨੇ ਵੀ ਉਸ ਨੂੰ ਦੋ ਵਾਰ ਟੀਮ ਵਿਚੋਂ ਕੱਢੇ ਜਾਣ ਦੀ ਵਜ੍ਹਾ ਨਾਲ਼, ਉਸ ਦੀ ਕਦਰ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ।
25 ਸਾਲ ਦੀ ਉਮਰ ਵਿਚ ਲਾਰੀ ਨੇ ਇਹ ਕਿਹਾ ਸੀ, "ਮੈਨੂੰ ਦੋ ਵਾਰ ਟੀਮ ਵਿਚੋਂ ਕੱਢਿਆ ਜਾਣਾ ਬਹੁਤ ਰੜਕਦਾ ਸੀ ਕਿਉਂ ਕਿ ਉਹੀ ਸਾਲ ਮੇਰੀ ਜ਼ਿੰਦਗੀ ਦੇ ਬਿਹਤਰੀਨ ਸਾਲ ਸਨ।" ਉਸ ਦਾ ਕਹਿਣ ਹੈ ਕਿ ਜਦੋਂ ਉਸ ਨੇ 2013 ਵਿਚ ਇਰਾਨ ਦੀ ਟੀਮ ਲਈ, ਬ੍ਰਾਜ਼ੀਲ ਵਿਚ 'ਵਰਲਡ ਚੈਂਪੀਅਨਸ਼ਿੱਪ' ਜਿੱਤੀ ਤਾਂ ਕੈਨੇਡੀਅਨ ਅਧਿਕਾਰੀਆਂ, ਜਿਨ੍ਹਾਂ ਨੂੰ ਇਹ ਪਤਾ ਸੀ ਕਿ ਉਹ 2010 ਤੋਂ ਵੈਨਕੂਵਰ ਵਿਚ 'ਪਰਮਾਨੈਂਟ ਰੈਜ਼ੀਡੈਂਟ' ਵਜੋਂ ਰਹਿੰਦੀ ਹੈ, ਨੇ ਉਸ ਨੂੰ ਟੀਮ ਬਦਲਣ ਸਬੰਧੀ ਪੁੱਛਿਆ ਸੀ ।
ਉਸ ਨੇ ਇਸ ਖ਼ਾਤਰ ਹਾਂ ਕਰਨ ਤੋਂ ਪਹਿਲਾਂ, ਬਹੁਤਾ ਸੋਚਣ-ਸਮਝਣ ਦੀ ਲੋੜ ਨਹੀਂ ਸਮਝੀ ਸੀ। ਉਹ ਦੱਸਦੀ ਹੈ ਕਿ ਉਸ ਵੱਲੋਂ ਇਰਾਨੀ ਟੀਮ ਛੱਡ ਕੇ, ਕੈਨੇਡਾ ਦੀ ਟੀਮ ਵਿਚ ਸ਼ਾਮਲ ਹੋਣ ਦੀ ਦੇਰ ਸੀ ਕਿ ਇਰਾਨ ਦੇ ਅਧਿਕਾਰੀਆਂ ਵੱਲੋਂ ਮਿਲਦਾ ਰਹਿੰਦਾ-ਖੂੰਹਦਾ ਸਹਿਯੋਗ ਮਿਲਣਾ ਵੀ ਬੰਦ ਹੋ ਗਿਆ। ਉਸ ਨੂੰ ਇਰਾਨੀ ਟੀਮ ਵਿਚੋਂ ਹੀ ਨਹੀਂ, ਦੇਸ਼ ਵਿਚੋਂ ਵੀ ਕੱਢ ਦਿੱਤਾ ਗਿਆ। ਉਸ ਨਾਲ਼ ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਜਿੱਦਾਂ ਉਹ, ਇਰਾਨ ਵਿਚ ਕੈਨੇਡਾ ਦੀ ਜਾਸੂਸ ਹੋਵੇ। ਉਹ ਦੱਸਦੀ ਹੈ, "ਮੈਨੂੰ ਆਪਣੇ ਦੇਸ਼ ਵੱਲੋਂ ਮਿਲੇ ਬੇਦਾਵੇ ਵਿਚ ਜੋ ਕੁੱਝ ਲਿਖਿਆ ਹੋਇਆ ਸੀ, ਉਸ ਤੋਂ ਇਹ ਝਲਕਦਾ ਸੀ ਜਿਵੇਂ ਮੈਂ ਇਕ ਦੇਸ਼ ਦੇ ਭੇਤ, ਦੂਜੇ ਨੂੰ ਦੱਸਦੀ ਰਹੀ ਹੋਵਾਂ।" ਆਖ਼ਰਕਾਰ ਉਸ ਨੇ ਆਪਣੀ ਖੇਡ ਪ੍ਰਤਿਭਾ, ਆਪਣੇ ਨਵੇਂ ਮੁਲਕ ਯਾਨੀ ਕੈਨੇਡਾ ਦੇ ਲੇਖੇ ਲਾਉਣ ਦਾ ਫ਼ੈਸਲਾ ਕਰ ਲਿਆ।
ਹੁਣ ਉਹ ਆਪਣੇ ਪਤੀ ਅਲੀ ਖੰਜਾਰੀ, ਜੋ ਉਸ ਦਾ ਕੋਚ ਵੀ ਹੈ, ਨਾਲ਼ ਰਲ਼ ਕੇ ਇਕ ਜਿਮਨੇਜ਼ੀਅਮ ਵਿਚ ਜਿਸਮਾਨੀ ਸਿਖਲਾਈ ਦਿੰਦੀ ਹੈ। ਉਹ ਬੜੇ ਮਾਣ ਨਾਲ਼, ਮਰਦ ਸਿਖਿਆਰਥੀਆਂ ਨੂੰ ਸਿਖਲਾਈ ਦੇਣ ਵੇਲ਼ੇ ਦੀਆਂ ਆਪਣੀਆਂ ਤਸਵੀਰਾਂ, 'ਫੇਸਬੁੱਕ' ਉੱਤੇ ਪਾਉਂਦੀ ਹੈ। ਇਸ ਦੇ ਨਾਲ਼ ਹੀ ਉਹ ਅੰਗਰੇਜ਼ੀ ਅਤੇ ਫ਼ਾਰਸੀ ਵਿਚ ਆਪਣੇ ਸਿਖਿਆਰਥੀਆਂ ਬਾਰੇ ਆਪਣੇ ਪ੍ਰਭਾਵ ਵੀ ਲਿਖਦੀ ਹੈ। ਉਸ ਦੇ ਸਿਖਿਆਰਥੀ, ਉਸ ਦੇ ਕੰਮ ਦੇ ਸਬੰਧ ਵਿਚ ਕੀ ਕਹਿੰਦੇ ਹਨ, ਉਹ 'ਫੇਸਬੁੱਕ' ਉੱਤੇ ਇਹ ਵੀ 'ਸ਼ੇਅਰ' ਕਰਦੀ ਹੈ। ਲਾਰੀ ਨੂੰ ਆਪਣੇ ਇਸ ਕੰਮ ਰਾਹੀਂ ਜੋ ਮਾਣ-ਤਾਣ ਹਾਸਲ ਹੋ ਰਿਹਾ ਹੈ, ਉਹ ਉਸ ਕੋਲੋਂ ਚੁੱਕਿਆ ਨਹੀਂ ਜਾ ਰਿਹਾ। ਉਹ ਇਸ ਮਾਣ-ਤਾਣ ਦੀ ਵਜ੍ਹਾ ਨਾਲ਼ ਉੱਡੀ-ਉੱਡੀ ਫਿਰਦੀ ਹੈ। ਪਿਛਲੇ ਤੋਂ ਪਿਛਲੇ ਮਹੀਨੇ, ਉਸ ਨੂੰ ਟੋਰੌਂਟੋ ਵਿਚ 'ਨੈਸ਼ਨਲ ਚੈਂਪੀਅਨ' ਵਜੋਂ ਸਨਮਾਨਿਆ ਗਿਆ ਸੀ। ਉਹ, ਹਫ਼ਤੇ ਵਿਚ ੬ ਦਿਨ ਰੋਜ਼ਾਨਾ ਸਿਖਲਾਈ ਹੀ ਨਹੀਂ ਦਿੰਦੀ, ਸਗੋਂ ਉਸ ਦੀ ਨਜ਼ਰ, ਅਕਤੂਬਰ ਵਿਚ ਮੈਕਸੀਕੋ ਵਿਖੇ ਕੈਨਕੁਨ ਵਿਚ ਹੋਣ ਵਾਲ਼ੀ 'ਦਸਵੀਂ ਪੈਨ ਅਮੈਰੀਕਨ ਕਿੱਕ-ਬਾਕਸਿੰਗ ਚੈਂਪੀਅਨਸ਼ਿੱਪ' ਉੱਤੇ ਵੀ ਟਿਕੀ ਹੋਈ ਹੈ।
ਔਰਤਾਂ ਦੇ ਹੱਕਾਂ ਦੀ ਰਾਖੀ ਖ਼ਾਤਰ 'ਅਮਨੈਸਟੀ ਇੰਟਰਨੈਸ਼ਨਲ ਕੈਨੇਡਾ' ਨਾਲ਼ ਕੰਮ ਕਰਦੀ ਜੈਕੀ ਹੈਨਸਨ ਦਾ ਕਹਿਣ ਹੈ ਕਿ ਇਰਾਨ ਵਿਚ ਲਿੰਗਕ ਵਿਤਕਰਾ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਤੇ ਇਹ, ਸਮਾਜ ਅਤੇ ਸਭਿਆਚਾਰ ਦੇ ਹਰ ਪਹਿਲੂ ਵਿਚ ਬਹੁਤ ਹੀ ਸਪੱਸ਼ਟ ਨਜ਼ਰ ਆਉਂਦਾ ਹੈ। ਹੈਨਸਨ ਹੀ ਦੱਸਦੀ ਹੈ, "ਇਰਾਨੀ ਅਧਿਕਾਰੀ ਤਾਂ ਔਰਤਾਂ ਨੂੰ ਫੁੱਟਬਾਲ ਦਾ ਮੈਚ ਦੇਖਣ ਦੀ ਇਜਾਜ਼ਤ ਵੀ ਨਹੀਂ ਦਿੰਦੇ। ਇੱਥੋਂ ਇਹ ਅਨੁਮਾਨ ਲਾਉਣਾ ਔਖਾ ਨਹੀਂ ਹੈ ਕਿ ਇਰਾਨ ਦੇ ਮਰਦਾਂ ਦੀ ਚੌਧਰ ਭਰੇ ਸਮਾਜ ਵਿਚ ਕਿਸੇ ਔਰਤ ਨੂੰ ਕਿਸੇ ਖੇਡ ਵਿਚ ਸ਼ਿਰਕਤ ਕਰਨੀ ਕਿੰਨੀ ਔਖੀ ਹੋਵੇਗੀ।"
ਜੇ ਕੈਨੇਡਾ ਵਿਚ 'ਸਭਿਆਚਾਰਕ ਵੰਨ-ਸੁਵੰਨਤਾ' ਨੂੰ ਉਤਸ਼ਾਹ ਦੇਣ ਦਾ ਰਿਵਾਜ ਨਾ ਹੁੰਦਾ ਜਾਂ ਇੱਥੇ ਨਸਲੀ ਵਿਤਕਰੇ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੇ ਜ਼ੋਰਦਾਰ ਹੀਲੇ ਨਾ ਕੀਤੇ ਜਾਂਦੇ ਹੁੰਦੇ ਤਾਂ ਇਸ ਮੁਲਕ ਦੀ ਸ਼ਕਲੋ-ਸੂਰਤ ਵੀ ਕੁੱਝ ਹੋਰ ਹੀ ਤਰ੍ਹਾਂ ਦੀ ਹੋਣੀ ਸੀ। ਅੱਜ, ਜਹਾਨ ਦੇ ਹਰ ਮੁਲਕ ਦਾ ਵਾਸੀ, ਕੈਨੇਡਾ ਆਉਣ ਲਈ ਤਾਂਘਦਾ ਹੈ ਤਾਂ ਇਸ ਦੀ ਇੱਕੋ-ਇੱਕ ਵਜ੍ਹਾ ਇਸ ਮੁਲਕ ਦੀ ਫ਼ਿਜ਼ਾ ਵਿਚੋਂ ਝਲਕਦੀ ਅਜ਼ਾਦੀ ਹੈ। ਇਸੇ ਲਈ ਤਾਂ ਇਸ ਧਰਤੀ ਨੂੰ 'ਸੁਪਨੇ ਸਾਕਾਰ ਕਰਨ ਵਾਲ਼ੀ ਧਰਤੀ' ਕਿਹਾ ਜਾਂਦਾ ਹੈ।#
