ਸ਼ਬਦੰਗਲ-67



ਪਾਸਪੋਰਟਾਂ ਦੇ 'ਇੰਟਰਨੈਸ਼ਨਲ ਟੂਰਨਾਮੈਂਟ' ਵਿਚ
 ਕੈਨੇਡਾ ਦਾ ਪੰਜਵਾਂ ਨੰਬਰ
>>>>>>>>>>>>>><<<<<<<<<<<<<<<<
     ਹਰ ਸਾਲ ਜਹਾਨ ਭਰ ਵਿਚ ਇਕ ਸਰਵੇਖਣ ਕਰਾ ਕੇ ਇਹ ਦੇਖਿਆ ਜਾਂਦਾ ਹੈ ਪਈ ਉਸ ਸਾਲ ਕਿਹੜੇ ਮੁਲਕ ਦਾ ਪਾਸਪੋਰਟ ਸਭ ਮੁਲਕਾਂ ਦੇ ਪਾਸਪੋਰਟ ਨਾਲ਼ੋਂ ਮਜ਼ਬੂਤ ਹੈ। ਪਾਸਪੋਰਟ ਨਾਲ਼ ਸਬੰਧਤ ਸਹੂਲਤਾਂ ਦੇ ਮੁਲਾਂਕਣ ਲਈ ਕਰਾਏ ਜਾਂਦੇ ਇਸ ਮੁਕਾਬਲੇ ਵਿਚ ਹਰ ਸਾਲ ਨਿੱਕਲਦਾ ਨਤੀਜਾ ਬਦਲਦਾ ਰਹਿੰਦਾ ਹੈ। ਐਤਕੀਂ ਯਾਨੀ 2018 ਵਿਚ ਜਾਪਾਨ ਦਾ ਪਾਸਪੋਰਟ ਅੱਵਲ ਰਿਹਾ ਹੈ ਜਦੋਂ ਕਿ ਕੈਨੇਡਾ ਦਾ ਪਾਸਪੋਰਟ ਇਸ ਦਰਜਾਬੰਦੀ ਵਿਚ ਪੰਜਵੇਂ ਸਥਾਨ ਉੱਤੇ ਰਿਹਾ ਹੈ। ਇਹ ਸਰਵੇਖਣ 'ਹੈਨਲੇ ਐਂਡ ਪਾਰਟਨਰਜ਼ ਪਾਸਪੋਰਟ ਇੰਡੈਕਸ' ਵੱਲੋਂ ਕੀਤਾ ਗਿਆ। ਇਸ ਮੁਕਾਬਲੇ ਵਿਚ ਦਰਜਾਬੰਦੀ ਜਾਂ ਮੁਕਾਬਲੇ ਦਾ ਆਧਾਰ ਇਹ ਹੁੰਦਾ ਹੈ ਕਿ ਜਿਹੜੇ ਮੁਲਕ ਦੇ ਪਾਸਪੋਰਟ ਨਾਲ਼, ਪਾਸਪੋਰਟ ਵਾਲ਼ਾ ਵੱਧ ਤੋਂ ਵੱਧ ਮੁਲਕਾਂ ਦਾ ਸਫ਼ਰ ਵੀਜ਼ੇ ਤੋਂ ਬਗ਼ੈਰ ਕਰ ਸਕਦਾ ਹੋਵੇਗਾ, ਉਹ ਮੁਲਕ ਇਸ ਦਰਜਾਬੰਦੀ ਵਿਚ ਸਭ ਤੋਂ ਉੱਚਾ ਸਥਾਨ ਹਾਸਲ ਕਰ ਲਵੇਗਾ।
     ਇਸ ਵਾਰ 'ਹੈਨਲੇ ਐਂਡ ਪਾਰਟਨਰਜ਼ ਪਾਸਪੋਰਟ ਇੰਡੈਕਸ' ਵੱਲੋਂ ਵੱਖ-ਵੱਖ ਮੁਲਕਾਂ ਦੇ 199 ਪਾਸਪੋਰਟ ਇਸ ਸਰਵੇਖਣ ਵਿਚ ਸ਼ਾਮਲ ਕੀਤੇ ਗਏ ਤੇ ਇਨ੍ਹਾਂ ਦੀ ਨਿਰਖ਼-ਪਰਖ਼ ਲਈ, ਸਫ਼ਰ ਖ਼ਾਤਰ 227 ਮੰਜ਼ਿਲਾਂ ਛਾਂਟੀਆਂ ਗਈਆਂ, ਜਿਨ੍ਹਾਂ ਵਿਚ ਮੁਲਕ, ਇਲਾਕੇ ਅਤੇ 'ਮਾਈਕਰੋ ਸਟੇਟਸ' ਵੀ ਸ਼ਾਮਲ ਸਨ। ਇਸ ਮੁਕਾਬਲੇ ਵਿਚ ਪਾਸਪੋਰਟਾਂ ਦੀ ਦਰਜਾਬੰਦੀ ਇਹ ਦਰਸਾਉਂਦੀ ਹੈ ਕਿ ਕਿਸੇ ਮੁਲਕ ਦੇ, ਹੋਰ ਮੁਲਕਾਂ ਨਾਲ਼ ਡਿਪਲੋਮੈਟਿਕ ਸਬੰਧ ਕਿਹੋ ਜਿਹੇ ਹਨ। ਜਿਸ ਮੁਲਕ ਨਾਲ਼, ਜਿਸ ਮੁਲਕ ਦੇ ਸਬੰਧ ਚੰਗੇ ਹੋਣਗੇ, ਉਨ੍ਹਾਂ ਵਿਚਾਲ਼ੇ ਉੱਨੀਆਂ ਹੀ ਜ਼ਿਆਦਾ ਸਰਹੱਦੀ ਖੁੱਲ਼ਾਂ ਹੋਣਗੀਆਂ, ਜਿਨ੍ਹਾਂ ਦੇ ਨਤੀਜੇ ਵਜੋਂ ਉਨ੍ਹਾਂ ਮੁਲਕਾਂ ਦੇ ਪਾਸਪੋਰਟ ਵਧੇਰੇ ਮਜ਼ਬੂਤ ਸਮਝੇ ਜਾਣਗੇ। ਇਸ ਵੇਲ਼ੇ 189 ਮੁਲਕਾਂ ਨੇ ਆਪਣੀ ਯਾਤਰਾ ਕਰਨ ਖ਼ਾਤਰ ਵੀਜ਼ਾ-ਮੁਕਤੀ ਦਿੱਤੀ ਹੋਈ ਹੈ। ਇਸ ਸਾਲ ਕੈਨੇਡਾ, 185 ਵੀਜ਼ਾ-ਮੁਕਤੀਆਂ (ਵੀਜ਼ਾ-ਫਰੀ ਸਕੋਰ) ਹਾਸਲ ਕਰ ਕੇ, ਇਸ ਮਾਮਲੇ ਵਿਚ ਡੈਨਮਾਰਕ, ਬੈਲਜੀਅਮ, ਸਵਿਟਜ਼ਰਲੈਂਡ ਅਤੇ ਆਇਰਲੈਂਡ ਨਾਲ਼ ਸਾਵਾਂ ਯਾਨੀ ਬਰਾਬਰ ਰਿਹਾ ਹੈ। ਅਫ਼ਗਾਨਿਸਤਾਨ ਅਤੇ ਇਰਾਕ ਇਸ ਮੁਕਾਬਲੇ ਵਿਚ ਆਖ਼ਰੀ ਸਥਾਨ 'ਤੇ ਰਹੇ ਹਨ ਕਿਉਂ ਕਿ ਇਨ੍ਹਾਂ ਮੁਲਕਾਂ ਦੇ ਪਾਸਪੋਰਟਾਂ ਨਾਲ਼ ਸਫ਼ਰ ਕਰਨ ਵਾਲ਼ੇ ਮੁਸਾਫ਼ਰ ਵੀਜ਼ੇ ਤੋਂ ਬਗ਼ੈਰ 30 ਮੁਲਕਾਂ ਦੀਆਂ ਸਰਹੱਦਾਂ ਹੀ ਪਾਰ ਕਰ ਸਕਦੇ ਹਨ। 
     ਬਰਤਾਨੀਆ, ਜੋ ਪਿਛਲੇ ਸਾਲ ਤੀਜੇ ਸਥਾਨ ਉੱਤੇ ਸੀ, ਇਸ ਸਾਲ ਚੌਥੇ ਸਥਾਨ 'ਤੇ ਖਿਸਕ ਗਿਆ ਹੈ। ਪਿਛਲੇ ਸਾਲ ਇਸ ਮੁਕਾਬਲੇ ਵਿਚ ਸਭ ਤੋਂ ਸਿਖ਼ਰਲਾ ਸਥਾਨ ਜਰਮਨੀ ਕੋਲ ਸੀ, ਪਰ ਐਤਕੀਂ ਇਹ ਮੁਲਕ, ਸਿੰਗਾਪੁਰ ਦੀ ਭਾਈਵਾਲੀ ਵਿਚ ਦੂਜੇ ਸਥਾਨ 'ਤੇ ਆ ਗਿਆ ਹੈ। ਇਸ ਮੁਕਾਬਲੇ ਦੇ ਨਤੀਜਿਆਂ ਮੁਤਾਬਕ, ਜਾਪਾਨੀ ਪਾਸਪੋਰਟ ਵਾਲ਼ੇ ਲੋਕ, 218 ਮੁਲਕਾਂ ਵਿਚੋਂ 189 ਮੁਲਕਾਂ ਵਿਚ ਵੀਜ਼ਾ ਹਾਸਲ ਕੀਤੇ ਬਗ਼ੈਰ ਦਾਖਲ ਹੋ ਸਕਣਗੇ ਕਿਉਂ ਕਿ ਹੁਣ ਉਜ਼ਬੇਕਿਸਤਾਨ ਨੇ ਵੀ ਜਾਪਾਨੀ ਪਾਸਪੋਰਟ ਵਾਲਿਆਂ ਨੂੰ ਵੀਜ਼ੇ ਬਗ਼ੈਰ ਦਾਖ਼ਲੇ ਦੀ ਇਜਾਜ਼ਤ ਦੇ ਦਿੱਤੀ ਹੈ। ਜਰਮਨੀ ਦੇ ਪਾਸਪੋਰਟਾਂ ਵਾਲ਼ੇ ਲੋਕ, 188 ਮੁਲਕਾਂ ਵਿਚ ਵੀਜ਼ੇ ਤੋਂ ਬਗ਼ੈਰ ਦਾਖ਼ਲ ਹੋ ਸਕਣਗੇ ਜਦੋਂ ਕਿ ਬਰਤਾਨਵੀ ਪਾਸਪੋਰਟਾਂ ਵਾਲ਼ੇ ਲੋਕ, 186 ਮੁਲਕਾਂ ਵਿਚ ਵੀਜ਼ਾ ਲੈਣ ਤੋਂ ਬਿਨਾਂ ਹੀ ਦਾਖ਼ਲ ਹੋ ਸਕਣਗੇ।
     ਇਸ ਸਾਲ ਦੇ ਸਰਵੇਖਣ ਦੀ ਵੱਡੀ ਗੱਲ ਇਹ ਹੈ ਕਿ ਏਸ਼ੀਆ ਵਿਚ ਵੀਜ਼ਾ-ਮੁਕਤ ਸਫ਼ਰ ਦੇ ਮੌਕੇ ਵਧੇ ਹਨ ਕਿਉਂ ਕਿ ਇਸ ਸਾਲ ਕਈ ਮੁਲਕਾਂ ਦੀਆਂ ਸਰਕਾਰਾਂ ਨੇ 40 ਦੇ ਕਰੀਬ ਇਹੋ ਜਿਹੇ ਸਮਝੌਤਿਆਂ ਉੱਤੇ ਦਸਤਖ਼ਤ ਕੀਤੇ ਹਨ, ਜਿਨ੍ਹਾਂ ਰਾਹੀਂ ਵੀਜ਼ਾ-ਮੁਕਤੀਆਂ ਦਿੱਤੀਆਂ ਗਈਆਂ ਹਨ। ਇਸ ਸਬੰਧੀ ਇਕ ਰਿਪੋਰਟ ਵਿਚ ਇਸ ਤਰ੍ਹਾਂ ਕਿਹਾ ਹੋਇਆ ਹੈ, "ਸ਼ੇਨੇਗਨ ਖੇਤਰ ਦੇ ਮੁਲਕ ਇਸ ਤਰਤੀਬ ਵਿਚ ਸਭ ਤੋਂ ਉੱਪਰ ਰਹੇ ਹਨ ਕਿਉਂ ਕਿ ਯੂਰਪ ਤਕ ਉਨ੍ਹਾਂ ਦੀ, ਖੁੱਲ੍ਹੀ ਰਸਾਈ ਹੈ। ਆਪਣੇ ਮਜ਼ਬੂਤ ਕੌਮਾਂਤਰੀ ਵਪਾਰ ਅਤੇ ਦੂਤਕ ਸਬੰਧਾਂ ਦੀ ਵਜ੍ਹਾ ਨਾਲ਼, ਵਿਕਸਤ ਏਸ਼ੀਆਈ ਮੁਲਕ ਵੀ ਇਸ ਸਬੰਧ ਵਿਚ ਬਰਾਬਰ ਅੰੰਕ ਹਾਸਲ ਕਰ ਗਏ ਹਨ।" 23ਵੇਂ ਸਥਾਨ ਉੱਤੇ ਯੂ. ਏ. ਆਈ. ਇਸ ਮਾਮਲੇ ਵਿਚ ਬਹੁਤ ਤੇਜ਼ੀ ਨਾਲ਼ ਉੱਪਰ ਗਿਆ ਹੈ। 2008 ਤੋਂ ਉਸ ਨੇ 38 ਦਰਜੇ ਉਚਾਈ ਹਾਸਲ ਕੀਤੀ ਹੈ ਕਿਉਂ ਕਿ 2018 ਵਿਚ ਉਸ ਦੇ ਨਾਗਰਿਕਾਂ ਨੂੰ ਜਹਾਨ ਦੇ ਕਿਸੇ ਵੀ ਦੇਸ਼ ਦੇ ਨਾਗਰਿਕਾਂ ਨਾਲੋਂ ਵੱਧ ਵੀਜ਼ਾ-ਛੋਟਾਂ ਮਿਲੀਆਂ ਹਨ।
     2015 ਦੀ ਦਰਜਾਬੰਦੀ ਵਿਚ ਬਰਤਾਨੀਆ ਨੇ ਜਰਮਨੀ ਨਾਲ਼ ਸਿਖ਼ਰਲੇ ਸਥਾਨ ਵਿਚ ਭਾਈਵਾਲੀ ਕੀਤੀ ਸੀ, ਬਹੁਤ ਸਾਰੇ ਮੁਲਕਾਂ ਵੱਲੋਂ ਜਰਮਨੀ ਨੂੰ ਸਫ਼ਰ ਸਬੰਧੀ ਬੰਦਿਸ਼ਾਂ ਵਿਚ ਢਿੱਲਾਂ ਦੇਣ ਨਾਲ਼ ਬਰਤਾਨੀਆ ਕੋਲੋਂ ਸਿਖ਼ਰਲੇ ਸਥਾਨ ਦੀ ਭਾਈਵਾਲੀ ਖੁੱਸ ਗਈ ਹੈ। 2016 ਵਿਚ ਸਵੀਡਨ, ਡੱਡੂ-ਛੜੱਪਾ ਮਾਰ ਕੇ ਇਸ ਤੋਂ ਅੱਗੇ ਲੰਘ ਗਿਆ ਸੀ ਤੇ ਫਿਰ 2017 ਵਿਚ ਡੈਨਮਾਰਕ, ਫਿਨਲੈਂਡ, ਇਟਲੀ ਅਤੇ ਸਪੇਨ ਇਸ ਤੋਂ ਅੱਗੇ ਲੰਘ ਗਏ ਸਨ। ਹੁਣ ਇਸ ਨੂੰ ਨਾਰਵੇ, ਆਸਟਰੀਆ, ਲਕਸਮਬਰਗ, ਨੀਦਰਲੈਂਡਜ਼ ਅਤੇ ਪੁਰਤਗਾਲ ਨਾਲ਼ ਚੌਥਾ ਦਰਜਾ ਵੰਡਾਉਣਾ ਪਿਆ ਹੈ। 2017 ਵਿਚ ਹੀ ਬੇਲਾਰੂਸ ਨੇ ਬਰਤਾਨਵੀ ਨਾਗਰਿਕਾਂ ਨੂੰ ਵੀਜ਼ਾ-ਮੁਕਤ ਦਾਖ਼ਲਾ ਦੇਣ ਦੀ ਪੇਸ਼ਕਸ਼ ਕਰ ਦਿੱਤੀ, ਕਜ਼ਾਕਸਤਾਨ ਅਤੇ ਵੀਅਤਨਾਮ ਨੇ ਬਰਤਾਨੀਆ ਨਾਲ਼ ਆਪਣੇ ਵੀਜ਼ਾ-ਮੁਕਤੀ ਪ੍ਰਬੰਧ ਨਵਿਆ ਲਏ ਅਤੇ ਇਥੋਪੀਆ ਨੇ ਬਰਤਾਨੀਆ ਨੂੰ ਵੀਜ਼ੇ ਸਬੰਧੀ ਇਕ ਨਵੀਂ ਪੇਸ਼ਕਸ਼ ਕਰ ਦਿੱਤੀ, ਜਿਸ ਨਾਲ਼ ਬਰਤਾਨੀਆ ਦੇ ਸਮੁੱਚੇ ਰੁਤਬੇ ਨੂੰ ਵੱਡਾ ਆਸਰਾ ਮਿਲਿਆ। 
     ਇਸ ਵਾਰ ਜਾਪਾਨ 189 ਮੁਲਕਾਂ ਤਕ ਵੀਜ਼ਾ-ਮੁਕਤ ਪਹੁੰਚ ਹਾਸਲ ਕਰ ਕੇ ਪਹਿਲੇ ਸਥਾਨ ਉੱਤੇ ਰਿਹਾ ਹੈ। 188 ਮੁਲਕਾਂ ਤਕ ਵੀਜ਼ਾ-ਮੁਕਤ ਪਹੁੰਚ ਹਾਸਲ ਕਰ ਕੇ, ਜਰਮਨੀ ਅਤੇ ਸਿੰਗਾਪੁਰ ਨੇ ਰਲ਼ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਫਿਨਲੈਂਡ, ਫਰਾਂਸ, ਇਟਲੀ, ਦੱਖਣੀ ਕੋਰੀਆ, ਸਪੇਨ ਅਤੇ ਸਵੀਡਨ 187 ਮੁਲਕਾਂ ਤਕ ਵੀਜ਼ਾ-ਮੁਕਤ ਪਹੁੰਚ ਹਾਸਲ ਕਰ ਕੇ ਤੀਜੇ ਸਥਾਨ 'ਤੇ ਰਹੇ ਹਨ। ਆਸਟਰੀਆ, ਲਕਸਮਬਰਗ, ਨੀਦਰਲੈਂਡਜ਼, ਨਾਰਵੇ, ਪੁਰਤਗਾਲ, ਬਰਤਾਨੀਆ ਅਤੇ ਅਮਰੀਕਾ 186 ਮੁਲਕਾਂ ਤਕ ਵੀਜ਼ਾ-ਮੁਕਤ ਪਹੁੰਚ ਹਾਸਲ ਕਰ ਕੇ ਚੌਥੇ ਸਥਾਨ 'ਤੇ ਰਹੇ ਹਨ। 185 ਮੁਲਕਾਂ ਤਕ ਵੀਜ਼ਾ-ਮੁਕਤ ਪਹੁੰਚ ਹਾਸਲ ਕਰ ਕੇ ਬੈਲਜੀਅਮ, ਕੈਨੇਡਾ, ਡੈਨਮਾਰਕ, ਆਇਰਲੈਂਡ ਅਤੇ ਸਵਿਟਜ਼ਰਲੈਂਡ ਪੰਜਵੇਂ ਸਥਾਨ 'ਤੇ ਰਹੇ ਹਨ। ਯੂਨਾਨ ਅਤੇ ਆਟਰੇਲੀਆ ਨੇ 183 ਮੁਲਕਾਂ ਤਕ ਵੀਜ਼ਾ-ਮੁਕਤ ਪਹੁੰਚ ਹਾਸਲ ਕਰ ਕੇ ਛੇਵਾਂ ਸਥਾਨ ਹਾਸਲ ਕੀਤਾ ਹੈ। ਚੈੱਕ ਗਣਰਾਜ, ਮਾਲਟਾ ਅਤੇ ਨਿਊ ਜ਼ੀਲੈਂਡ 182 ਮੁਲਕਾਂ ਤਕ ਵੀਜ਼ਾ-ਮੁਕਤ ਪਹੁੰਚ ਹਾਸਲ ਕਰ ਕੇ ਸੱਤਵੇਂ ਸਥਾਨ 'ਤੇ ਰਹੇ ਹਨ। 181 ਮੁਲਕਾਂ ਤਕ ਵੀਜ਼ਾ-ਮੁਕਤ ਪਹੁੰਚ ਹਾਸਲ ਕਰ ਕੇ ਆਈਸਲੈਂਡ ਨੇ ਅੱਠਵਾਂ ਸਥਾਨ ਹਾਸਲ ਕੀਤਾ ਹੈ। ਹੰਗਰੀ, ਸਲੋਵੇਨੀਆ ਅਤੇ ਮਲੇਸ਼ੀਆ ਨੇ 180 ਮੁਲਕਾਂ ਤਕ ਵੀਜ਼ਾ-ਮੁਕਤ ਪਹੁੰਚ ਹਾਸਲ ਕਰ ਕੇ ਨੌਵਾਂ ਸਥਾਨ ਹਾਸਲ ਕੀਤਾ ਹੈ। ਵੀਜ਼ਾ-ਮੁਕਤੀ ਦੇ ਸਬੰਧ ਵਿਚ 179 ਮੁਲਕਾਂ ਤੋਂ ਛੋਟ ਹਾਸਲ ਕਰ ਕੇ ਲਾਤਵੀਆ, ਲਿਥੂਆਨੀਆ ਅਤੇ ਸਲੋਵਾਕੀਆ ਨੇ ਦਸਵਾਂ ਸਥਾਨ ਹਾਸਲ ਕੀਤਾ ਹੈ।
     ਸਭ ਤੋਂ ਹੇਠਲੇ ਸਥਾਨ ਹਾਸਲ ਕਰਨ ਵਾਲ਼ੇ ਮੁਲਕਾਂ ਵਿਚ ਸੁਡਾਨ, ਯਮਨ, ਪਾਕਿਸਤਾਨ, ਸੋਮਾਲੀਆ, ਸੀਰੀਆ, ਅਫ਼ਗਾਨਿਸਤਾਨ ਅਤੇ ਇਰਾਕ ਸ਼ਾਮਲ ਹਨ। ਇਨ੍ਹਾਂ ਵਿਚੋਂ ਸੁਡਾਨ ਨੂੰ 39 ਮੁਲਕਾਂ ਤੋਂ, ਯਮਨ ਨੂੰ 37 ਮੁਲਕਾਂ ਤੋਂ, ਪਾਕਿਸਤਾਨ ਨੂੰ 33 ਮੁਲਕਾਂ ਤੋਂ, ਸੋਮਾਲੀਆ ਅਤੇ ਸੀਰੀਆ ਨੂੰ 32-32 ਮੁਲਕਾਂ ਤੋਂ, ਅਫ਼ਗਾਨਿਸਤਾਨ ਅਤੇ ਇਰਾਕ ਨੂੰ 30-30 ਮੁਲਕਾਂ ਤੋਂ ਵੀਜ਼ੇ ਸਬੰਧੀ ਛੋਟਾਂ ਮਿਲੀਆਂ ਹੋਈਆਂ ਹਨ।
     ਇੰਡੋਨੇਸ਼ੀਆ ਦੇ ਪਾਸਪੋਰਟਾਂ ਵਾਲ਼ੇ ਲੋਕ, ਵੀਜ਼ਾ ਹਾਸਲ ਕਰਨ ਬਗ਼ੈਰ 8 ਹੋਰ ਮੁਲਕਾਂ ਵਿਚ ਜਾ ਸਕਦੇ ਹਨ। ਇਸ ਤਰ੍ਹਾਂ ਸਮੁੱਚੇ ਤੌਰ 'ਤੇ 143 ਮੁਲਕਾਂ ਨੇ ਸਾਲ 2017 ਵਿਚ ਆਪਣੇ ਪਾਸਪੋਰਟਾਂ ਦੀ 'ਤਾਕਤ ਵਧੀ' ਮਹਿਸੂਸ ਕੀਤੀ ਹੈ ਜਦੋਂ ਕਿ 7 ਮੁਲਕਾਂ ਦੇ ਪਾਸਪੋਰਟ ਪਹਿਲਾਂ ਨਾਲ਼ੋਂ ਵੀ 'ਕਮਜ਼ੋਰ ਹੋ ਗਏ' ਹਨ। 2018 ਦੀ ਪਹਿਲੀ ਤਿਹਾਈ ਦੌਰਾਨ ਜਾਰਜੀਆ ਨੇ 99 ਤੋਂ ਵਧ ਕੇ 111 ਮੁਲਕਾਂ ਦੀਆਂ ਵੀਜ਼ਾ-ਮੁਕਤੀਆਂ ਹਾਸਲ ਕੀਤੀਆਂ। ਯੂਕਰੇਨ ਨੇ ਇਸ ਅਰਸੇ ਦੌਰਾਨ 114 ਤੋਂ ਵਧ ਕੇ 128 ਮੁਲਕਾਂ ਦੀਆਂ ਵੀਜ਼ਾ-ਮੁਕਤੀਆਂ ਹਾਸਲ ਕੀਤੀਆਂ। ਚੀਨ ਨੇ 60 ਤੋਂ ਵਧ ਕੇ 70 ਮੁਲਕਾਂ ਦੀਆਂ ਵੀਜ਼ਾ-ਮੁਕਤੀਆਂ ਹਾਸਲ ਕੀਤੀਆਂ ਅਤੇ ਇੰਡੋਨੇਸ਼ੀਆ ਨੇ 63 ਤੋਂ ਵਧ ਕੇ 71 ਮੁਲਕਾਂ ਦੀਆਂ ਵੀਜ਼ਾ-ਮੁਕਤੀਆਂ ਹਾਸਲ ਕੀਤੀਆਂ।
     ਵੀਜ਼ਾ-ਮੁਕਤੀਆਂ ਦੇਣ ਖ਼ਾਤਰ ਵੱਖ-ਵੱਖ ਮੁਲਕਾਂ ਦੇ ਲੋਕਾਂ ਨੂੰ ਵੀਜ਼ੇ ਹਾਸਲ ਕਰਨ ਵਿਚ ਛੋਟਾਂ ਦੇਣ ਦਾ ਰੁਝਾਨ ਇਕ ਵਾਰ ਫਿਰ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਹੈ ਕਿ ਸਾਰੀ ਦੁਨੀਆ ਇਕ ਵੱਡੇ ਪਿੰਡ ਵਿਚ ਤਬਦੀਲ ਹੁੰਦੀ ਜਾ ਰਹੀ ਹੈ। ਇਸ ਦੇ ਨਾਲ਼ ਹੀ ਇਸ ਰੁਝਾਨ ਨਾਲ਼ ਬਹੁਤ ਸਾਰੇ ਮੁਲਕ ਇਕ-ਦੂਜੇ ਦੇ ਬਰਾਬਰ ਹੋਏ ਵੀ ਮਹਿਸੂਸ ਕਰ ਰਹੇ ਹਨ, ਯਾਨੀ ਉਨ੍ਹਾਂ ਵਿਚਾਲ਼ੇ ਪਾੜਾ ਘਟਿਆ ਹੀ ਨਹੀਂ, ਸਗੋਂ ਮਿਟਦਾ ਵੀ ਜਾ ਰਿਹਾ ਹੈ। ਹਰ ਮੁਲਕ ਦੇ ਲੋਕ ਚਾਹੁਣ ਲੱਗ ਪਏ ਹਨ ਕਿ ਉਨ੍ਹਾਂ ਨੂੰ ਵਪਾਰ-ਕਾਰੋਬਾਰ ਕਰਨ ਲਈ ਵੱਧ ਤੋਂ ਵੱਧ ਮੁਲਕਾਂ ਦੇ ਬਜ਼ਾਰਾਂ ਅਤੇ ਮੰਡੀਆਂ ਤਕ ਰਸਾਈ ਹਾਸਲ ਹੋਵੇ।
     ਓਦਾਂ, ਵੀਜ਼ਾ-ਮੁਕਤੀਆਂ ਦੇਣ ਦੇ ਇਸ ਰੁਝਾਨ ਨਾਲ਼ ਹੋਣ ਵਾਲ਼ਾ ਫ਼ਾਇਦਾ ਹਾਲੇ ਦੇਖਿਆ ਜਾਣਾ ਹੈ। ਹੁਣ ਬਹੁਤ ਸਾਰੇ ਮੁਲਕਾਂ ਦੀਆਂ ਸਰਕਾਰਾਂ ਆਪਣੇ ਮੁਲਕਾਂ ਨੂੰ ਜਹਾਨ ਭਰ ਦੇ ਲੋਕਾਂ ਤੋਂ ਲੁਕਾ ਕੇ ਰੱਖਣ ਦੇ ਹੱਕ ਵਿਚ ਨਹੀਂ ਰਹੀਆਂ। ਪਾਸਪੋਰਟਾਂ ਦੀ ਤਾਕਤ ਦੇ ਸਬੰਧ ਵਿਚ ਇਹ ਸਰਵੇਖਣ ਕਰਨ ਵਾਲ਼ੀ ਕੰਪਨੀ 'ਹੈਨਲੇ ਐਂਡ ਪਾਰਟਨਰਜ਼' ਦੇ ਮੁਖੀ ਡਾ. ਕ੍ਰਿਸਚੀਅਨ ਐੱਚ. ਕਾਲਿਨ ਦਾ ਕਹਿਣ ਹੈ, "ਅਸੀਂ ਹਾਲ ਵਿਚ ਇਹੋ ਜਿਹੀਆਂ ਕਈ ਘਟਨਾਵਾਂ ਵਾਪਰਦੀਆਂ ਦੇਖੀਆਂ ਹਨ, ਜਿਨ੍ਹਾਂ ਦਾ ਜਹਾਨ ਭਰ ਵਿਚ ਬਹੁਤ ਜ਼ਿਆਦਾ ਅਸਰ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿਚੋਂ ਇਕ ਘਟਨਾ 'ਬਰੈਕਸਿਟ' ਹੈ ਤੇ ਦੂਜੀ ਘਟਨਾ ਡੌਨਾਲਡ ਟਰੰਪ ਦਾ, ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਜਾਣਾ ਹੈ। ਇਹ ਦੋਵੇਂ ਘਟਨਾਵਾਂ, ਲੋਕਾਂ ਦੀ ਆਵਾਜਾਈ ਬੰਦ ਕਰਨ ਅਤੇ ਉਨ੍ਹਾਂ ਨੂੰ ਹੋਰ ਮੁਲਕਾਂ ਵਿਚ ਦਾਖ਼ਲ ਹੋਣੋਂ ਰੋਕਣ ਸਬੰਧੀ ਕਾਰਵਾਈਆਂ ਸਮਝਿਆ ਜਾ ਸਕਦਾ ਹੈ।"
     ਉਨ੍ਹਾਂ ਨੇ ਇਹ ਵੀ ਕਿਹਾ ਹੈ, "ਹਾਲੇ ਵੀ ਬਹੁਤ ਸਾਰੇ ਮੁਲਕਾਂ ਵਿਚਾਲ਼ੇ ਸਫ਼ਰ ਸਬੰਧੀ ਖੁੱਲ੍ਹ ਦੇ ਮਾਮਲੇ ਵਿਚ ਕਾਫੀ ਊਚ-ਨੀਚ ਹੈ ਜਦੋਂ ਕਿ ਜਹਾਨ ਹੋਰ ਵੀ ਗਤੀਸ਼ੀਲ ਅਤੇ ਆਜ਼ਾਦ ਹੋ ਰਿਹਾ ਲੱਗਦਾ ਹੈ। ਆਮ ਤੌਰ 'ਤੇ ਵੀਜ਼ੇ ਸਬੰਧੀ ਸ਼ਰਤਾਂ ਤੋਂ ਦੋ ਮੁਲਕਾਂ ਦੇ ਆਪਸੀ ਸਬੰਧਾਂ ਦੀ ਝਲਕ ਮਿਲਦੀ ਹੈ।" ਕੁੱਝ ਹੀ ਸਮਾਂ ਪਹਿਲਾਂ ਚੀਨ ਨੇ ਇਹ ਐਲਾਨ ਕੀਤਾ ਸੀ ਕਿ ਉਹ, ਇਕ ਮਹੀਨੇ ਲਈ, 59 ਮੁਲਕਾਂ ਦੇ ਲੋਕਾਂ ਨੂੰ ਆਪਣੇ ਹੈਨਾਨ ਸੂਬੇ ਦੀ ਯਾਤਰਾ ਕਰਨ ਲਈ ਵੀਜ਼ਾ-ਮੁਕਤੀ ਦੇ ਰਿਹਾ ਹੈ। ਡਾ. ਕ੍ਰਿਸਚੀਅਨ ਐੱਚ. ਕਾਲਿਨ ਦਾ ਕਹਿਣ ਹੈ, "ਚੀਨ ਅਤੇ ਯੂ. ਏ. ਈ. ਵਰਗੇ ਮੁਲਕ ਬਹੁਤ ਤੇਜ਼ੀ ਨਾਲ਼, 'ਹੈਨਲੇ ਪਾਸਪੋਰਟ ਇੰਡੈਕਸ' ਵਿਚ ਆਪਣਾ ਦਰਜਾ ਉਚਿਆਉਂਦੇ ਜਾ ਰਹੇ ਹਨ। ਇਨ੍ਹਾਂ ਦੋਹਾਂ ਮੁਲਕਾਂ ਦਾ ਇਹ ਰੁਝਾਨ ਸਾਡਾ ਧਿਆਨ ਇਸ ਗੱਲ ਵੱਲ ਦੁਆਉਂਦਾ ਹੈ ਕਿ ਦੋ ਮੁਲਕਾਂ ਵਿਚਾਲ਼ੇ ਆਉਣ-ਜਾਣ ਦੀਆਂ ਸ਼ਰਤਾਂ ਨਰਮ ਕਰਨ ਨਾਲ਼ ਕਿਸੇ ਇਕ ਮੁਲਕ ਨੂੰ ਨਹੀਂ, ਸਗੋਂ ਦੋਹਾਂ ਧਿਰਾਂ ਨੂੰ ਫ਼ਾਇਦਾ ਹੁੰਦਾ ਹੈ। ਜਿਹੜੇ ਮੁਲਕ 'ਹੈਨਲੇ ਪਾਸਪੋਰਟ ਇੰਡੈਕਸ' ਵਿਚ ਆਪਣਾ ਦਰਜਾ ਉਚਿਆਉਂਦੇ ਹਨ, ਉਹੀ ਜਹਾਨ ਭਰ ਦੀ ਨਾਗਰਿਕਤਾ ਦੇ ਨਵੇਂ ਨਮੂਨਿਆਂ ਦਾ ਆਨੰਦ ਮਾਣਦੇ ਹਨ। ਇਹੋ ਹੀ ਉਹ ਮੁਲਕ ਹਨ, ਜੋ ਵਧ ਰਹੇ ਜਹਾਨੀਕਰਣ ਨੂੰ ਦੁਰਕਾਰਨ ਦੀ ਥਾਂ ਸਵੀਕਾਰਦੇ ਅਤੇ ਗਲ਼ ਲਾਉਂਦੇ ਹਨ।" 
     'ਹੈਨਲੇ ਪਾਸਪੋਰਟ ਇੰਡੈਕਸ' ਰਾਹੀਂ ਵੱਖ-ਵੱਖ ਮੁਲਕਾਂ ਦੇ ਨਾਗਰਿਕਾਂ ਵੱਲੋਂ ਵੀਜ਼ੇ ਤੋਂ ਬਗ਼ੈਰ ਹੋਰ ਮੁਲਕਾਂ ਦੇ ਸਫ਼ਰ ਕਰਨ ਦੇ ਵੇਰਵਿਆਂ ਦੀ ਤੁਲਨਾ ਅਤੇ ਮੁਲਾਂਕਣ ਕੀਤਾ ਜਾਂਦਾ ਹੈ। ਇਸ ਕੰਮ ਲਈ ਅੰਕੜੇ 'ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ' ਰਾਹੀਂ ਹਾਸਲ ਕੀਤੇ ਜਾਂਦੇ ਹਨ। ਇੱਥੇ ਇਹ ਦੱਸਣਾ ਬੇਹੱਦ ਜ਼ਰੂਰੀ ਹੈ ਕਿ ਇਸਲਾਮੀ ਮੁਲਕਾਂ ਵੱਲੋਂ ਆਪਣੇ ਸਰਹੱਦੀ ਬੂਹੇ ਬਹੁਤ ਹੀ ਕੱਸ ਕੇ ਬੰਦ ਕੀਤੇ ਹੋਏ ਹਨ, ਜਿਸ ਦਾ ਸਬੂਤ ਹੈ ਇਰਾਕ ਅਤੇ ਅਫ਼ਗਾਨਿਸਤਾਨ ਦਾ, ਇਸ ਇੰਡੈਕਸ ਵਿਚ 100ਵੇਂ ਸਥਾਨ 'ਤੇ ਰਹਿਣਾ ਅਤੇ ਵੀਜ਼ੇ ਤੋਂ ਬਗ਼ੈਰ ਮਸਾਂ 30 ਮੁਲਕਾਂ ਤਕ ਰਸਾਈ ਕਰ ਸਕਣਾ। ਸੋਮਾਲੀਆ, ਸੀਰੀਆ, ਪਾਕਿਸਤਾਨ ਅਤੇ ਯਮਨ ਦਾ ਵੀ ਇਹੋ ਹਾਲ ਹੈ।
ਜਿਹੜੇ ਮੁਲਕ, ਜਹਾਨੀਕਰਣ ਦੇ ਇਸ ਦੌਰ ਵਿਚ ਵੀ ਆਪਣੇ ਸਰਹੱਦੀ ਬੂਹੇ ਬੰਦ ਕਰ ਕੇ, ਉਨ੍ਹਾਂ ਪਿੱਛੇ ਲੁਕੇ ਬੈਠੇ ਰਹਿਣਗੇ, ਉਹ ਜਹਾਨੀ ਸਭਿਅਤਾ ਤੇ ਸਭਿਆਚਾਰ ਤੋਂ ਅਣਲੱਗ ਰਹਿ ਕੇ ਖੂਹ ਦੇ ਡੱਡੂ ਬਣੇ ਰਹਿਣਗੇ। ਹੁਣ ਜ਼ਮਾਨਾ ਆਪਣੇ ਕੋਠੇ ਉੱਤੇ ਚੜ੍ਹ ਕੇ, ਲੋਕਾਂ ਦੇ ਵਿਹੜਿਆਂ ਵਿਚ ਝਾਤੀਆਂ ਮਾਰਨ ਦਾ ਨਹੀਂ ਹੈ, ਸਗੋਂ ਦਸਤਕ ਹੋਣ 'ਤੇ ਆਪਣੇ ਬੂਹੇ ਖੋਲ੍ਹਣ ਦਾ ਅਤੇ ਹੋਰਨਾਂ ਦੇ ਬੂਹਿਆਂ ਉੱਤੇ ਦਸਤਕਾਂ ਦੇ ਕੇ ਉਨ੍ਹਾਂ ਨੂੰ ਖੁਲ੍ਹਾਉਣ ਦਾ ਹੈ।#