ਸ਼ਬਦੰਗਲ-68


ਹੁਣ ਆ ਚੱਲਿਆ ਇਮਰਾਨ, ਬਣੂੰਗਾ ਨਵਾਂ ਹੀ ਪਾਕਿਸਤਾਨ?
============================
    ਪਿਛਲੇ ਲੰਬੇ ਅਰਸੇ ਦੌਰਾਨ ਪਾਕਿਸਤਾਨ ਤੋਂ ਬੜੀਆਂ ਹੀ ਬੁਰੀਆਂ-ਬੁਰੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ। ਕਦੇ ਬੰਬ ਧਮਾਕੇ, ਕਦੇ ਸਕੂਲ ਵਿਚ ਕਤਲੋ-ਗ਼ਾਰਤ...ਤੇ ਕਦੇ ਕੁੱਝ, ਕਦੇ ਕੁੱਝ! ਸੁਣ-ਸੁਣ ਬੁਰਾ ਹਾਲ ਹੁੰਦਾ ਰਿਹਾ ਹੈ। ਹੁਣ ਇਕ ਚੰਗੀ ਖ਼ਬਰ ਆਈ ਹੈ ਕਿ ਜੇ ਸਭ ਕੁੱਝ ਠੀਕ-ਠਾਕ ਰਿਹਾ ਤਾਂ ਭਲਕੇ ਯਾਨੀ 18 ਅਗਸਤ ਨੂੰ, ਇਸ ਬਦਕਿਸਮਤ ਮੁਲਕ ਨੂੰ ਅਜਿਹਾ ਪ੍ਰਧਾਨ ਮੰਤਰੀ ਨਸੀਬ ਹੋ ਜਾਵੇਗਾ, ਜਿਸ ਬਾਰੇ ਅਤਾਉੱਲਾ ਖ਼ਾਨ ਸਾਹਿਬ ਇਹ ਗਾਉਂਦੇ ਰਹੇ ਹਨ:
          ਆਏਗਾ ਇਮਰਾਨ,
          ਬਨੇਗਾ ਨਯਾ ਪਾਕਿਸਤਾਨ...
    ਕ੍ਰਿਕਟ ਸਟਾਰ ਇਮਰਾਨ ਖ਼ਾਨ ਦੀ ਪਾਰਟੀ 'ਪਾਕਿਸਤਾਨ ਤਹਿਰੀਕਿ-ਇਨਸਾਫ਼' ਪਿਛਲੇ ਮਹੀਨੇ ਚੋਣਾਂ ਜਿੱਤ ਗਈ ਹੈ। ਇਸ ਵੇਲ਼ੇ ਜਹਾਨ ਭਰ ਦੇ ਲੋਕਾਂ ਦੀਆਂ ਨਜ਼ਰਾਂ ਇਮਰਾਨ ਖ਼ਾਨ ਉੱਤੇ ਟਿਕੀਆਂ ਹੋਈਆਂ ਹਨ। ਲੋਕਾਂ ਨੂੰ ਪੂਰੀ ਆਸ ਹੈ ਕਿ ਇਮਰਾਨ ਖ਼ਾਨ ਆਪਣੀ ਸ਼ੁਹਰਤ ਅਤੇ ਸ਼ਖ਼ਸੀ ਕਰਿਸ਼ਮੇ ਨਾਲ਼ ਪਾਸਿਤਾਨ ਨੂੰ ਨਵੇਂ ਸਿਰਿਓਂ ਲੀਹ-ਸਿਰ ਲੈ ਆਉਣਗੇ। ਇਸ ਵੇਲ਼ੇ ਅਸੀਂ ਪਾਕਿਸਤਾਨ ਦੇ ਪਹਿਲੇ ਹੁਕਮਰਾਨਾਂ ਵੱਲੋਂ ਕੀਤੀਆਂ ਮਾੜੀਆਂ ਕਰਤੂਤਾਂ ਦੇ ਕਿੱਸੇ ਛੁਹ ਕੇ, ਪਾਕਿਸਤਾਨ ਦੇ ਜਸ਼ਨਾਂ ਭਰੇ ਮਾਹੌਲ ਦੇ ਰੰਗ ਵਿਚ ਭੰਗ ਨਹੀਂ ਪਾਵਾਂਗੇ। ਪਾਕਿਸਤਾਨ ਦੇ ਲੋਕ ਇਸ ਕਰ ਕੇ ਵੀ ਖ਼ੁਸ਼ ਹਨ ਕਿ ਹੁਣ ਉਨ੍ਹਾਂ ਕੋਲ ਵੀ ਇਹੋ ਜਿਹਾ ਹੁਕਮਰਾਨ ਹੋਏਗਾ, ਜੋ ਰੋਅਬਦਾਰ ਵਿਦੇਸ਼ੀ ਸ਼ਖ਼ਸੀਅਤਾਂ ਵਿਚ ਖ਼ੜ੍ਹਾ ਵੱਖਰਾ ਦਿਸਿਆ ਕਰੇਗਾ। 18 ਅਗਸਤ ਨੂੰ ਪਾਕਿਸਤਾਨ ਵਿਚ ਨਵੀਂ ਸਰਕਾਰ ਬਣਨ ਨਾਲ਼, ਜੂਨ ਚੜ੍ਹਨ ਸਾਰ ਪਾਕਿਸਤਾਨ ਵਿਚ ਸ਼ੁਰੂ ਹੋਏ ਚੋਣ-ਅਮਲ ਦੀ ਸਮਾਪਤੀ ਹੋ ਜਾਵੇਗੀ। 
    ਜਿੱਤ ਦੇ ਜਸ਼ਨਾਂ ਨੇ ਵੀ ਕਦੇ ਤਾਂ ਮੁੱਕਣਾ ਹੀ ਹੁੰਦਾ ਹੈ ਤੇ ਫਿਰ ਉਨ੍ਹਾਂ ਦੇ ਹੇਠੋਂ ਨਿੱਕਲਦੀਆਂ ਹਨ, ਤਲਖ਼ ਹਕੀਕਤਾਂ! ਸੋ ਇਮਰਾਨ ਖ਼ਾਨ ਲਈ ਪਾਕਿਸਤਾਨ ਦੀ ਹੁਕਮਰਾਨੀ ਕੋਈ 'ਖਾਲਾ ਜੀ ਦਾ ਵਾੜਾ' ਵੀ ਨਹੀਂ ਹੋਵੇਗੀ। ਖ਼ਾਨ ਸਾਹਿਬ ਦੀ ਪਾਰਟੀ ਨੂੰ ਹਕੂਮਤ ਚਲਾਉਣ ਦਾ ਤਜਰਬਾ ਵੀ ਤਾਂ ਨਹੀਂ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੀ ਸਰਕਾਰ ਨੂੰ ਬਹੁਮੱਤ ਵੀ ਹਾਸਲ ਨਹੀਂ ਹੈ, ਜਿਸ ਕਰ ਕੇ ਘੱਟ ਗਿਣਤੀ ਸਰਕਾਰ ਨੂੰ ਪੈਰ-ਪੈਰ 'ਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪਏਗਾ। ਉਨ੍ਹਾਂ ਦੇ ਆਲੋਚਕ, ਉਨ੍ਹਾਂ ਅੰਦਰਲੀਆਂ ਕਾਣਾਂ ਗਿਣਾਉਂਦਿਆਂ ਇਸ ਗੱਲ ਦਾ ਜ਼ਿਕਰ ਬਹੁਤ ਹੀ ਲੂਣ-ਮਸਾਲਾ ਲਾ ਕੇ ਕਰਿਆ ਕਰਨਗੇ ਕਿ ਇਮਰਾਨ ਖ਼ਾਨ, ਦਹਿਸ਼ਤਗ਼ਰਦਾਂ ਨਾਲ਼ ਹਮਦਰਦੀ ਜਤਾਉਂਦੇ ਰਹੇ ਹਨ। ਉਨ੍ਹਾਂ ਦੀ ਸਰਕਾਰ ਇਕ ਰਲ਼ੀ-ਮਿਲ਼ੀ ਸਰਕਾਰ ਹੋਏਗੀ ਤੇ ਉਨ੍ਹਾਂ ਨੂੰ ਆਪਣੀ ਸਰਕਾਰ ਦੇ ਭਾਈਵਾਲ਼ਾਂ ਨੁੰ ਬਹੁਤ ਸੰਭਾਲ-ਸੰਭਾਲ ਰੱਖਣਾ ਪਏਗਾ।
ਅੱਜ ਜਦੋਂ ਇਮਰਾਨ ਖ਼ਾਨ, ਨਵੀਂ ਹਕੂਮਤ ਦੀ ਸਰਦਲ ਉੱਤੇ ਖੜ੍ਹੇ ਹਨ ਤਾਂ ਸਾਨੂੰ ਉਨ੍ਹਾਂ ਦੇ ਅਤੀਤ ਵੱਲ ਵੀ ਝਾਤੀ ਮਾਰਨੀ ਬਣਦੀ ਹੈ। ਖ਼ਾਨ ਸਾਹਿਬ ਨੇ ਆਪਣਾ ਬਹੁਤਾ ਸਿਆਸੀ ਜੀਵਨ, ਲੋਕ-ਲੁਭਾਊ ਅੰਦੋਲਨਾਂ ਵਿਚ ਹਿੱਸਾ ਲੈਂਦਿਆਂ ਤੇ 'ਆਈ-ਆਈ, ਆਈ ਰੇ ਤਬਦੀਲੀ ਆਈ' ਵਰਗੇ ਨਾਅਰੇ ਲਾਉਂਦਿਆਂ-ਲੁਆਉਂਦਿਆਂ ਹੀ ਬਿਤਾਇਆ ਹੈ ਜਦੋਂ ਕਿ ਹਕੀਕਤ ਇਹ ਹੈ ਅਸਲ ਤਬਦੀਲੀ ਲਿਆਉਣ ਲਈ ਕਾਨੂੰਨ ਬਦਲਣੇ-ਬਣਾਉਣੇ ਪੈਂਦੇ ਹਨ। ਇਕ ਸਿਆਸੀ ਵਿਸ਼ਲੇਸ਼ਕ ਦਾ ਕਹਿਣ ਹੈ ਕਿ ਇਮਰਾਨ ਖ਼ਾਨ ਦੀਆਂ ਮੁਹਿੰਮਾਂ ਵੀ ਆਪਣੀ ਹੀ ਕਿਸਮ ਦੀਆਂ ਹੁੰਦੀਆਂ ਸਨ। ਉਹ ਤਾਂ ਪਾਰਲੀਮੈਂਟ ਅੰਦਰ ਵੀ ਘੱਟ ਹੀ ਜਾਂਦੇ ਹੁੰਦੇ ਸਨ। ਉਨ੍ਹਾਂ ਨੇ ਪੰਜ ਸਾਲ ਰੋਸ ਪ੍ਰਗਟ ਕਰਨ ਦਾ ਅਭਿਆਸ ਕਰਦਿਆਂ ਹੀ ਕੱਢ ਦਿੱਤੇ ਸਨ। ਇਸ ਤੋਂ ਇਲਾਵਾ, ਉਨ੍ਹਾਂ ਦੀ ਪਾਰਟੀ 'ਪਾਕਿਸਤਾਨ ਤਹਿਰੀਕਿ-ਇਨਸਾਫ਼' ਯਾਨੀ 'ਪੀ. ਟੀ. ਆਈ.' ਸੂਬਾਈ ਪੱਧਰ ਦੀ ਸਿਆਸਤ ਤਕ ਹੀ ਸੀਮਤ ਰਹੀ ਹੈ, ਜਿਸ ਕਰ ਕੇ ਕੇਂਦਰੀ ਪੱਧਰ ਦੀ ਸਿਆਸਤ ਦਾ ਗਿਆਨ ਹਾਸਲ ਕਰਨ ਲਈ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਪਾਰਟੀ ਨੂੰ ਬਹੁਤ ਹੀ ਸਿੱਧੀ ਤੇ ਖੜ੍ਹਵੀਂ ਚੜ੍ਹਾਈ ਚੜ੍ਹਨੀ ਪਏਗੀ।
    ਜੇ ਭਲਕੇ ਉਨ੍ਹਾਂ ਦੀ ਸਰਕਾਰ ਬਣ ਜਾਂਦੀ ਹੈ ਤਾਂ ਉਨ੍ਹਾਂ ਦੀ ਇਸ ਰਲ਼ੀ-ਮਿਲ਼ੀ ਸਰਕਾਰ ਦਾ ਭਵਿੱਖ, ਉਨ੍ਹਾਂ ਵੱਲੋਂ ਇਹ ਸਰਕਾਰ ਚਲਾਉਣ ਅਤੇ ਇਸ ਨੂੰ ਚਲਦੀ ਰੱਖਣ ਦੇ ਢੰਗ ਉੱਤੇ ਨਿਰਭਰ ਕਰੇਗਾ। ਇਸ ਸਰਕਾਰ ਦਾ ਭਵਿੱਖ, ਗੱਦੀਓਂ ਉੱਤਰ ਰਹੀ 'ਪਾਕਿਸਤਾਨ ਮੁਸਲਿਮ ਲੀਗ (ਨਵਾਜ਼)' ਯਾਨੀ 'ਪੀ. ਐੱਮ. ਐੱਲ. (ਐੱਨ)' ਵੱਲੋਂ ਅਤੇ ਕਦੇ ਸੱਤਾ ਵਿਚ ਰਹੀ 'ਪਾਕਿਸਤਾਨ ਪੀਪਲਜ਼ ਪਾਰਟੀ' ਯਾਨੀ 'ਪੀ. ਪੀ. ਪੀ.' ਵੱਲੋਂ ਵਿਰੋਧੀ ਧਿਰ ਵਜੋਂ ਅਪਣਾਏ ਜਾਂਦੇ ਪੈਂਤਰਿਆਂ ਉੱਤੇ ਨਿਰਭਰ ਹੈ। ਦੂਜੇ ਸ਼ਬਦਾਂ ਵਿਚ 'ਪੀ. ਟੀ. ਆਈ.' ਦੀ ਕੋਲੀਸ਼ਨ ਸਰਕਾਰ ਨੂੰ ਇਕੋ ਸਮੇਂ ਦੋ-ਦੋ ਦੁਸ਼ਮਣਾਂ ਦਾ ਸਾਹਮਣਾ ਕਰਨ ਦੇ ਨਾਲ਼-ਨਾਲ਼ ਮੁਲਕ ਦੇ ਲੋਕਾਂ ਨੂੰ ਵੀ ਆਪਣੇ ਨਾਲ਼ ਜੋੜੀ ਰੱਖਣਾ ਪਏਗਾ। ਜੇ ਪਾਕਿਸਤਾਨ ਦੇ ਆਵਾਮ ਦਾ ਮੋਹ, ਇਮਰਾਨ ਨਾਲ਼ੋਂ ਭੰਗ ਹੋ ਗਿਆ ਤਾਂ ਉਨ੍ਹਾਂ ਦੀ ਸਰਕਾਰ ਦੇ ਸਾਹਮਣੇ ਜੰਗ ਦਾ ਤੀਜਾ ਮੁਹਾਜ਼ ਵੀ ਖੁੱਲ੍ਹ ਸਕਦਾ ਹੈ। ਇਸ ਤਰ੍ਹਾਂ ਇਮਰਾਨ ਖ਼ਾਨ, ਪਾਕਿਸਤਾਨ ਦੀ ਹਕੂਮਤ, ਸਰ੍ਹਾਣੇ ਹੇਠ ਬਾਂਹ ਦੇ ਕੇ ਨਹੀਂ ਚਲਾ ਸਕਣਗੇ ਤੇ ਉਨ੍ਹਾਂ ਨੂੰ ਆਪਣੇ ਵਤੀਰੇ ਤੇ ਤਰੀਕਾਇ-ਕਾਰ ਵਿਚ ਬਹੁਤ ਸਾਰੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ।
    ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣ ਹੈ ਕਿ ਇਮਰਾਨ ਖ਼ਾਨ ਲਈ ਅਜ਼ਾਦ ਉਮੀਦਵਾਰਾਂ ਵਜੋਂ ਜਿੱਤੇ ਮੈਂਬਰਾਂ ਅਤੇ ਛੋਟੀਆਂ ਇਸਲਾਮੀ ਪਾਰਟੀਆਂ ਨਾਲ਼ ਭਾਈਵਾਲੀ ਪਾ ਕੇ ਸਰਕਾਰ ਬਣਾਉਣੀ ਔਖੀ ਨਹੀਂ ਹੈ ਕਿਉਂ ਕਿ ਇਨ੍ਹਾਂ ਅਜ਼ਾਦ ਮੈਂਬਰਾਂ ਅਤੇ ਪਾਰਟੀਆਂ ਨੂੰ ਪਤਾ ਹੈ ਕਿ ਖ਼ਾਨ ਸਾਹਿਬ ਨੂੰ, ਪਾਕਿਸਤਾਨੀ ਸਿਆਸਤ ਦੀ ਅਹਿਮ ਅੰਗ ਬਣੀ ਹੋਈ ਫੌਜ ਵੱਲੋਂ ਹਰੀ ਝੰਡੀ ਮਿਲੀ ਹੋਈ ਹੈ। ਹੁਣ ਮਸਲਾ ਇਹ ਹੈ ਕਿ ਚੋਣ ਮੁਹਿੰਮ ਦੌਰਾਨ ਹੀ ਇਸਲਾਮੀ ਪਾਰਟੀਆਂ ਨਾਲ, ਇਮਰਾਨ ਖ਼ਾਨ ਦੀ ਖੜਕਦੀ ਰਹੀ ਹੈ। ਇਹੋ ਜਿਹੀ ਹਾਲਤ ਵਿਚ ਸਾਂਝੀ ਸਰਕਾਰ ਹੇਠੋਂ ਕੁਰਸੀ ਖਿੱਚੀ ਜਾਣ ਦਾ ਡਰ ਹਮੇਸ਼ਾ ਬਰਕਰਾਰ ਰਹੇਗਾ। 
    ਪਾਕਿਸਤਾਨੀ ਸਰਕਾਰਾਂ ਦਾ ਇਤਿਹਾਸ ਗਵਾਹ ਹੈ ਕਿ ਜਿਹੜੀ ਸਰਕਾਰ ਪਾਕਿਸਤਾਨੀ ਫੌਜ ਦੀ ਅੱਖ ਵਿਚ ਰੜਕਦੀ ਰਹੀ ਹੈ, ਉਸ ਨੂੰ ਆਪਣਾ ਸਮਾਂ ਕੱਢਣਾ ਔਖਾ ਹੀ ਹੋਇਆ ਰਿਹਾ ਹੈ। ਓਦਾਂ, ਇਹ ਗੱਲ ਵੀ ਨਹੀਂ ਹੈ ਕਿ ਇਮਰਾਨ ਖ਼ਾਨ, ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ, ਜਿਨ੍ਹਾਂ ਦੀ ਪਾਕਿਸਤਾਨੀ ਫੌਜ ਨਾਲ਼ ਬਹੁਤ ਬਣਦੀ ਹੋਵੇ। ਇਕ ਸਿਆਸੀ ਵਿਸ਼ਲੇਸ਼ਕ ਦਾ ਕਹਿਣ ਹੈ ਕਿ ਇਮਰਾਨ ਖ਼ਾਨ ਲਈ ਇਹ ਗੱਲ ਇਕ ਵੱਡਾ ਇਮਤਿਹਾਨ ਸਾਬਤ ਹੋ ਸਕਦੀ ਹੈ ਕਿ ਉਹ ਫੌਜ ਦੀ ਤਾਕਤ ਨੂੰ, ਕਿਸ ਹੱਦ ਤਕ 'ਆਪਣੀ ਤਾਕਤ' ਵਜੋਂ ਭੁਗਤਾਉਣ ਵਿਚ ਕਾਮਯਾਬ ਹੁੰਦੇ ਹਨ। ਪਾਕਿਸਤਾਨ ਦੀ ਮਾਲੀ ਹਾਲਤ ਅਤੇ ਭ੍ਰਿਸ਼ਟਾਚਾਰ, ਖ਼ਾਨ ਸਾਹਿਬ ਦੀ ਸਰਕਾਰ ਲਈ ਦੋ ਵੱਡੀਆਂ ਵੰਗਾਰਾਂ ਹੋਣਗੀਆਂ। ਉਨ੍ਹਾਂ ਉੱਤੇ ਇਹ ਇਲਜ਼ਾਮ ਲੱਗਦੇ ਰਹੇ ਹਨ ਕਿ ਉਨ੍ਹਾਂ ਨੇ ਕੁੱਝ 'ਭ੍ਰਿਸ਼ਟ ਉਮੀਦਵਾਰਾਂ' ਨੂੰ ਚੋਣ ਜਿਤਾਈ ਹੈ ਤੇ ਹੁਣ ਉਹੀ 'ਜਿੱਤੇ ਹੋਏ ਉਮੀਦਵਾਰ', ਸਰਕਾਰ ਬਣਾਉਣ ਵਿਚ ਉਨ੍ਹਾਂ ਦੇ ਅੰਗ-ਸੰਗ ਹੋਣਗੇ। ਇਸ ਕਰ ਕੇ ਇਹ ਤਾਂ ਸਪੱਸ਼ਟ ਹੀ ਹੈ ਕਿ ਪਾਕਿਸਤਾਨ ਵਿਚੋਂ ਹਾਲੇ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਪੁੱਟੀ ਜਾਣੀਆਂ ਬਹੁਤ ਔਖੀਆਂ ਹੀ ਨਹੀਂ, ਨਾਮੁਮਕਿਨ ਵੀ ਹਨ। 
    ਚੋਣਾਂ ਦੌਰਾਨ 'ਪੀ. ਟੀ. ਆਈ.' ਇਹ ਕਹਿੰਦੀ ਰਹੀ ਹੈ ਕਿ ਉਹ, ਟੈਕਸ ਅਦਾ ਕਰਨ ਲਈ ਪਾਕਿਸਤਾਨੀਆਂ ਉੱਤੇ ਦਬਾਅ ਪਾਏਗੀ। ਪਾਰਟੀ ਵੱਲੋਂ ਸਰਕਾਰ ਬਣਾ ਕੇ ਇਹ ਵਾਅਦਾ ਪੂਰਾ ਕਰਨ ਨੂੰ ਵੀ ਕਈ ਸਾਲ ਲੱਗਣ ਦੀ ਸੰਭਾਵਨਾ ਹੈ ਕਿਉਂ ਕਿ ਇਸ ਵੇਲ਼ੇ ਮਸਾਂ ਇਕ ਫੀ ਸਦੀ ਪਾਕਿਸਤਾਨੀ, ਟੈਕਸ ਅਦਾ ਕਰਦੇ ਦੱਸੇ ਜਾਂਦੇ ਹਨ। ਖ਼ਾਨ ਸਾਹਿਬ ਨੇ ਆਪਣੇ ਜਿੱਤਣ ਦੇ ਜਸ਼ਨ ਦੌਰਾਨ ਤਕਰੀਰ ਕਰਦਿਆਂ ਕਿਹਾ ਸੀ, "ਲੋਕ ਟੈਕਸ ਨਹੀਂ ਦਿੰਦੇ ਕਿਉਂ ਕਿ ਉਨ੍ਹਾਂ ਨੇ ਦੇਖ ਲਿਆ ਹੈ ਕਿ ਹੁਕਮਰਾਨ, ਟੈਕਸਾਂ ਦੇ ਰੂਪ ਵਿਚ ਦਿੱਤੀ ਹੋਈ ਉਨ੍ਹਾਂ ਦੀ ਰਕਮ ਕਿਸ ਤਰ੍ਹਾਂ ਖ਼ਰਚਦੇ ਹਨ। ਮੈਂ ਲੋਕਾਂ ਵੱਲੋਂ ਦਿੱਤੇ ਹੋਏ ਟੈਕਸ ਦੀ ਫ਼ਜ਼ੂਲ ਖ਼ਰਚੀ ਬੰਦ ਕਰਾਵਾਂਗਾ।" 
    ਕੁੱਝ ਸਿਆਸੀ ਵਿਸ਼ਲੇਸ਼ਕਾਂ ਦੇ ਕਹਿਣ ਅਨੁਸਾਰ, ਇਸ ਵੇਲ਼ੇ ਪਾਸਿਸਤਾਨ ਹਰ ਪਾਸਿਓਂ ਦੁਸ਼ਮਣਾਂ ਵਿਚ ਘਿਰਿਆ ਹੋਇਆ ਹੈ। ਅਮਰੀਕਾ ਨਾਲ਼ੋਂ ਯਾਰੀ ਟੁੱਟਣ ਮਗਰੋਂ ਪਾਕਿਸਤਾਨ, ਚੀਨ ਵੱਲ ਝੁਕਿਆ ਹੋਇਆ ਹੈ। ਇਮਰਾਨ ਖ਼ਾਨ ਚੋਣਾਂ ਦੌਰਾਨ ਵਾਅਦਾ ਕਰ ਚੁੱਕੇ ਹਨ ਕਿ ਉਹ, ਪਾਕਿਸਤਾਨ ਅਤੇ ਅਮਰੀਕਾ ਦੇ ਸਬੰਧ ਪਟੜੀ-ਸਿਰ ਕਰਨਗੇ। ਦੂਜੇ ਪਾਸੇ, ਪਾਕਿਸਤਾਨ ਅਤੇ ਅਮਰੀਕਾ ਦੇ ਆਪਸੀ ਸਬੰਧਾਂ ਦੇ ਮਾਹਰਾਂ ਦਾ ਕਹਿਣ ਹੈ ਕਿ ਅਮਰੀਕਾ ਅਤੇ ਪਾਕਿਸਤਾਨ ਦੇ ਆਪਸੀ ਸਬੰਧ ਸੁਧਰਨ ਦਾ ਰਾਹ, ਅਫ਼ਗਾਨਿਸਤਾਨ ਥਾਣੀਂ ਲੰਘਦਾ ਹੈ। ਇਮਰਾਨ ਖ਼ਾਨ, ਅਫ਼ਗਾਨਿਸਤਾਨ ਵਿਚ ਅਮਰੀਕਾ ਦੀ ਕਾਰਗ਼ੁਜ਼ਾਰੀ ਦੀ ਨਿਖੇਧੀ ਕਰ ਚੁੱਕੇ ਹਨ, ਜਿਸ ਕਰ ਕੇ ਇਹ ਸਬੰਧ ਸੁਧਾਰਨੇ ਇੰਨੇ ਸੌਖੇ ਨਹੀਂ ਹਨ। ਇਮਰਾਨ ਖ਼ਾਨ ਤਾਂ ਸਰਹੱਦਾਂ ਖੋਲ੍ਹਣ ਦੀ ਮੰਗ ਵੀ ਕਰ ਚੁੱਕੇ ਹਨ ਜਦੋਂ ਕਿ ਪਾਕਿਸਤਾਨੀ ਫੌਜ ਇਸ ਦੇ ਸਖ਼ਤ ਖ਼ਿਲਾਫ਼ ਹੈ। ਖ਼ਾਨ ਸਾਹਿਬ ਤਾਂ ਇਹ ਵੀ ਫ਼ਰਮਾਅ ਚੁੱਕੇ ਹਨ ਕਿ ਉਹ 'ਪਾਕਿਸਤਾਨ ਦੇ ਦੁਸ਼ਮਣ ਨੰਬਰ ਇਕ' ਯਾਨੀ ਭਾਰਤ ਨਾਲ਼ ਵਪਾਰ ਸੁਧਾਰਨਗੇ ਅਤੇ ਸਰਹੱਦੀ ਰੱਫੜਾਂ ਬਾਰੇ ਵਿਚਾਰ-ਵਟਾਂਦਰਾ ਵੀ ਕਰਨਗੇ। ਇਸ ਤਰ੍ਹਾਂ ਕਰਨਾ ਸ਼ਾਇਦ ਪਾਕਿਸਤਾਨ ਦੇ 'ਨਵੇਂ-ਨਵੇਂ ਯਾਰ' ਚੀਨ ਨੂੰ ਚੰਗਾ ਨਾ ਲੱਗੇ। 
    ਇਮਰਾਨ ਖ਼ਾਨ ਨੂੰ ਇਸ ਵਾਰ ਪ੍ਰਧਾਨ ਮੰਤਰੀ ਬਣਨਾ ਬਹੁਤ ਜ਼ਰੂਰੀ ਹੈ ਕਿਉਂ ਕਿ ਉਨ੍ਹਾਂ ਦੀ ਪਾਰਟੀ 'ਪਾਕਿਸਤਾਨ ਤਹਿਰੀਕਿ-ਇਨਸਾਫ਼' ਯਾਨੀ 'ਪੀ. ਟੀ. ਆਈ.' ਨੇ ਜੁਲਾਈ ਵਿਚ ਹੋਈਆਂ ਚੋਣਾਂ ਵਿਚ 270 ਸੀਟਾਂ ਵਿਚੋਂ 115 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ। ਇੱਥੇ ਦੱਸਣਾ ਬਣਦਾ ਹੈ ਕਿ ਇਨ੍ਹਾਂ ਵਿਚੋਂ 5 ਸੀਟਾਂ ਤਾਂ ਖ਼ਾਨ ਸਾਹਿਬ ਨੇ ਹੀ ਜਿੱਤੀਆਂ ਸਨ ਕਿਉਂ ਕਿ ਉਨ੍ਹਾਂ ਨੇ ਇਹ ਚੋਣ 5 ਸੀਟਾਂ ਤੋਂ ਲੜੀ ਸੀ ਤੇ ਇਨ੍ਹਾਂ ਸਾਰੀਆਂ ਸੀਟਾਂ ਤੋਂ ਜਿੱਤ ਕੇ ਪਾਕਿਸਤਾਨ ਦੀਆਂ ਆਮ ਚੋਣਾਂ ਵਿਚ ਇਕ ਰਿਕਾਰਡ ਕਾਇਮ ਕੀਤਾ ਸੀ। ਇਸ ਤੋਂ ਪਹਿਲਾਂ ਇਸ ਕਿਸਮ ਦਾ ਰਿਕਾਰਡ ਜ਼ੁਲਿਫ਼ਕਾਰ ਅਲੀ ਭੁੱਟੋ ਦਾ ਸੀ, ਜਿਨ੍ਹਾਂ ਨੇ 1970 ਵਿਚ 4 ਸੀਟਾਂ ਉੱਤੇ ਚੋਣ ਲੜੀ ਸੀ, ਪਰ ਉਹ 3 ਸੀਟਾਂ ਹੀ ਜਿੱਤ ਸਕੇ ਸਨ। ਇਕ ਤਰ੍ਹਾਂ ਨਾਲ਼, ਜਿਹੜੀਆਂ 5 ਸੀਟਾਂ ਤੋਂ ਇਮਰਾਨ ਖ਼ਾਨ ਜਿੱਤੇ ਹਨ, ਉਨ੍ਹਾਂ ਦੇ ਵੋਟਰਾਂ ਨੇ ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾ ਹੀ ਦਿੱਤਾ ਹੈ। 
    ਹੁਣ ਤਾਂ ਇਹੋ ਦੇਖਣਾ ਰਹਿ ਜਾਣਾ ਹੈ ਕਿ ਇੰਨਾ ਵੱਡਾ ਰਿਕਾਰਡ ਬਣਾਉਣ ਵਾਲ਼ੇ ਇਮਰਾਨ ਖ਼ਾਨ ਦੀ ਸਰਕਾਰ ਕਿਹੜੇ-ਕਿਹੜੇ ਰਿਕਾਰਡ ਕਾਇਮ ਕਰਦੀ ਹੈ।#