ਸ਼ਬਦੰਗਲ-69

ਨਵਾਂ ਇਤਿਹਾਸ ਬਣਾ ਸਕਦੀਆਂ ਨੇ ਇਹ ਦੋ ਹਿੰਦੀ ਫ਼ਿਲਮਾਂ
===========================
       ਫ਼ਿਲਮਾਂ ਦੇ ਦਰਸ਼ਕਾਂ ਲਈ 21ਦਸੰਬਰ ਦਾ ਦਿਨ ਕਾਫੀ ਹਲਚਲ ਭਰਿਆ ਹੋਣ ਦੇ ਆਸਾਰ ਹਨ ਕਿਉਂ ਕਿ ਉਸ ਦਿਨ ਦੋ ਵੱਡੀਆਂ ਫ਼ਿਲਮਾਂ, ਸਿਨੇਮਿਆਂ ਦੇ ਪਰਦਿਆਂ ਦਾ ਸ਼ਿੰਗਾਰ ਬਣਨਗੀਆਂ। ਇਨ੍ਹਾਂ ਵਿਚੋਂ ਇਕ ਫ਼ਿਲਮ ਹੋਵੇਗੀ, ਸ਼ਾਹਰੁਖ਼ ਖ਼ਾਨ ਦੀ 'ਜ਼ੀਰੋ' ਅਤੇ ਦੂਜੀ ਹੋਵੇਗੀ, ਅਨੂਪਮ ਖੇਰ ਦੀ 'ਦ ਐਕਸੀਡੈਂਟਲ ਪ੍ਰਾਇਮ ਮਨਿਸਟਰ'। ਇਨ੍ਹਾਂ ਫ਼ਿਲਮਾਂ ਦੀ ਉਡੀਕ ਹੁਣ ਤੋਂ ਹੀ ਬਹੁਤ ਜ਼ੋਰਾਂ-ਸ਼ੋਰਾਂ ਨਾਲ਼ ਸ਼ੁਰੂ ਹੋ ਚੁੱਕੀ ਹੈ। ਉਸ ਦਿਨ ਦਰਸ਼ਕਾਂ ਲਈ ਇਹ ਫ਼ੈਸਲਾ ਕਰਨਾ ਔਖਾ ਹੋ ਜਾਵੇਗਾ ਕਿ ਉਹ ਪਹਿਲਾਂ ਕਿਹੜੀ ਫ਼ਿਲਮ ਦੇਖਣ। 
      ਸ਼ਾਹਰੁਖ਼ ਖ਼ਾਨ ਦੀ ਫ਼ਿਲਮ 'ਜ਼ੀਰੋ', ਗ਼ੌਰੀ ਖ਼ਾਨ ਦੀ ਕੰਪਨੀ 'ਰੈੱਡ ਚਿੱਲੀਜ਼ ਐਂਟਰਟੇਨਮੈਂਟ' ਦੇ ਨਿਰਮਾਣ ਹੇਠ ਤੇ ਆਨੰਦ ਐੱਲ. ਰਾਏ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ। ਇਹ ਫ਼ਿਲਮ ਉਸ ਬਾਉਣੇ ਬੰਦੇ ਬਾਰੇ ਹੈ, ਜਿਸ ਦਾ ਕਿਰਦਾਰ ਸ਼ਾਹਰੁਖ਼ ਖ਼ਾਨ ਨੇ ਨਿਭਾਇਆ ਹੈ। ਇਹ ਬਾਉਣਾ, ਇਕ ਅਦਾਕਾਰਾ ਦਾ ਕਿਰਦਾਰ ਨਿਭਾਉਂਦੀ ਅਦਾਕਾਰਾ ਕੈਟਰੀਨਾ ਕੈਫ਼ ਉੱਤੇ ਫ਼ਿਦਾ ਹੋ ਜਾਂਦਾ ਹੈ। ਅਨੁਸ਼ਕਾ ਸ਼ਰਮਾ ਵੀ ਇਸ ਫ਼ਿਲਮ ਵਿਚ ਇਕ ਅਹਿਮ ਭੂਮਿਕਾ ਨਿਭਾ ਰਹੀ ਹੈ। 
     ਦਸੰਬਰ ਦੀ 21 ਤਾਰੀਖ਼ ਨੂੰ ਨਵੀਂ ਤਾਰੀਖ਼ ਲਿਖਣ ਆ ਰਹੀ ਇਕ ਹੋਰ ਫ਼ਿਲਮ, ਅਨੂਪਮ ਖੇਰ ਵੱਲੋਂ ਬਣਾਈ ਹੋਈ 'ਦ ਐਕਸੀਡੈਂਟਲ ਪ੍ਰਾਇਮ ਮਨਿਸਟਰ' ਹੈ, ਜੋ ਸੰਜੇ ਬਾਰੂ ਵੱਲੋਂ ਲਿਖੀ ਹੋਈ, ਇਸੇ ਹੀ ਸਿਰਲੇਖ ਵਾਲ਼ੀ ਕਿਤਾਬ ਦੇ ਆਧਾਰ ਉੱਤੇ ਬਣਾਈ ਗਈ ਹੈ। ਇਸ ਫ਼ਿਲਮ ਵਿਚ ਅਨੂਪਮ ਖੇਰ ਨੇ ਕਾਂਗਰਸੀ ਪ੍ਰਧਾਨ ਮੰਤਰੀ ਰਹੇ ਮਨਮੋਹਨ ਸਿੰਘ ਦਾ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ ਵਿਚ ਅਨੂਪਮ ਖੇਰ ਵੱਲੋਂ ਧਾਰਿਆ ਗਿਆ, ਮਨਮੋਹਨ ਸਿੰਘ ਦਾ ਭੇਸ ਹੁਣ ਤੋਂ ਹੀ ਚਰਚਾ ਦਾ ਵਿਸ਼ਾ ਹੈ। 
     ਇਸ ਫ਼ਿਲਮ ਦੀ ਸ਼ੂਟਿੰਗ ਮੁਕਾ ਲਈ ਗਈ ਹੈ। ਮਨਮੋਹਨ ਸਿੰਘ ਦੇ ਸਿਆਸੀ ਸਲਾਹਕਾਰ ਅਤੇ ਸਿਆਸੀ ਵਿਸ਼ਲੇਸ਼ਕ ਰਹੇ ਸੰਜੇ ਬਾਰੂ ਦਾ ਕਿਰਦਾਰ ਅਕਸ਼ੈ ਖੰਨਾ ਨੇ ਨਿਭਾਇਆ ਹੈ। ਮੁਨੀਸ਼ ਭਾਰਦਵਾਜ ਇਸ ਫ਼ਿਲਮ ਵਿਚ ਕਪਿਲ ਸਿੱਬਲ ਬਣੇ ਦਿਸਣਗੇ ਜਦੋਂ ਕਿ ਵਿਮਲ ਵਰਮਾ ਨੇ ਲਾਲੂ ਪ੍ਰਸਾਦ ਯਾਦਵ ਦਾ ਕਿਰਦਾਰ ਨਿਭਾਇਆ ਹੈ। ਸ਼ਿਵ ਸੁਬਰਾਮਣੀਅਮ, ਪੀ. ਚਿਦੰਬਰਮ ਅਤੇ ਨਵਲ ਸ਼ੁਕਲਾ, ਯਸ਼ਵੰਤ ਸਿਨ੍ਹਾ ਬਣੇ ਨਜ਼ਰ ਆਉਣਗੇ। ਨਰਸਿਮਹਾ ਰਾਓ ਦਾ ਕਿਰਦਾਰ ਅਜੀਤ ਸਤਭਾਈ ਨੇ, ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਦਾ ਕਿਰਦਾਰ ਦਿਵਯਾ ਸੇਠ ਸ਼ਾਹ ਨੇ ਨਿਭਾਇਆ ਹੈ। ਏ. ਪੀ. ਜੇ. ਅਬਦੁਲ ਕਲਾਮ ਦਾ ਰੂਪ ਧਾਰਿਆ ਹੈ ਸੁਨੀਲ ਕੋਠਾਰੀ ਨੇ। ਜਰਮਨ ਅਦਾਕਾਰਾ ਸੁਜੇਨ ਬਰਨੇਟ ਨੇ ਸੋਨੀਆ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਪ੍ਰਦੀਪ ਚੱਕਰਵਰਤੀ ਨੇ ਪ੍ਰਣਬ ਮੁਖਰਜੀ ਦਾ ਰੂਪ ਧਾਰਿਆ ਹੈ। 
    ਇਸ ਫ਼ਿਲਮ ਦੇ ਨਿਰਦੇਸ਼ਕ ਵਿਜੇ ਰਤਨਾਕਰ ਗੁੱਟੇ, ਜਿਨ੍ਹਾਂ ਨੇ ਪਹਿਲੀ ਵਾਰ ਕਿਸੇ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ, ਦਾ ਕਹਿਣ ਹੈ, "ਸਾਨੂੰ ਇਸ ਫ਼ਿਲਮ ਦੀ ਪਹਿਲੀ ਝਲਕ ਤੋਂ ਮਿਲੇ ਹੁੰਗਾਰੇ ਨੇ ਕਾਫੀ ਟੁੰਬਿਆ ਹੈ। ਲੋਕਾਂ ਨੇ ਕਿਰਦਾਰਾਂ ਦੀ ਸ਼ਕਲੋ-ਸੂਰਤ ਬਹੁਤ ਹੀ ਪਸੰਦ ਕੀਤੀ ਹੈ। ਇੰਨੇ ਹਕੀਕੀ ਕਿਰਦਾਰਾਂ ਤੋਂ ਸਿਆਸੀ ਡਰਾਮੇ ਦੇ ਵੀ ਘੱਟ ਹਕੀਕੀ ਹੋਣ ਦੀ ਆਸ ਨਹੀਂ ਰੱਖੀ ਜਾ ਰਹੀ।"
    ਇਸ ਫ਼ਿਲਮ ਦੀ ਪਟਕਥਾ ਵਿਜੇ ਰਤਨਾਕਰ ਗੁੱਟੇ ਅਤੇ ਮਯੰਕ ਤਿਵਾੜੀ ਨੇ ਲਿਖੀ ਹੈ ਤੇ ਇਸ ਫ਼ਿਲਮ ਦਾ ਨਿਰਮਾਣ ਹੰਸਲ ਮਹਿਤਾ ਅਤੇ 'ਬੋਹਰਾ ਬ੍ਰਦਰਜ਼' ਨੇ ਕੀਤਾ ਹੈ। ਇਕ ਹੋਰ ਜਾਣਕਾਰੀ ਅਨੁਸਾਰ, ਅਵਤਾਰ ਸਾਹਨੀ ਇਸ ਫ਼ਿਲਮ ਵਿਚ ਐੱਲ. ਕੇ. ਅਡਵਾਨੀ ਬਣੇ ਦਿਸਣਗੇ, ਵਿਮਲ ਵਰਮਾ, ਲਾਲੂ ਪ੍ਰਸਾਦ ਯਾਦਵ ਅਤੇ ਅਨਿਲ ਰਸਤੋਗੀ, ਸ਼ਿਵਰਾਜ ਪਾਟਿਲ ਬਣੇ ਹੋਣਗੇ। ਆਹਨਾ ਕੁਮਰਾ ਨੇ ਇਸ ਫ਼ਿਲਮ ਵਿਚ ਪ੍ਰਿਯੰਕਾ ਗਾਂਧੀ ਦੀ ਅਤੇ ਅਰਜੁਨ ਮਾਥੁਰ ਨੇ ਰਾਹੁਲ ਗਾਂਧੀ ਦੀ ਭੂਮਿਕਾ ਨਿਭਾਈ ਹੈ। ਰਾਮ ਅਵਤਾਰ ਭਾਰਦਵਾਜ ਇਸ ਫ਼ਿਲਮ ਵਿਚ ਅਟਲ ਬਿਹਾਰੀ ਵਾਜਪਈ ਬਣੇ ਦਿਸਣਗੇ।
   ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਅਡਵਾਈਜ਼ਰ ਰਹੇ ਸੰਜੇ ਬਾਰੂ ਨੇ ਆਪਣੀਆਂ ਯਾਦਾਂ ਦੇ ਸਬੰਧ ਵਿਚ ਕਦੇ 'ਇੰਡੀਅਨ ਐਕਸਪ੍ਰੈੱਸ' ਨਾਲ਼ ਗੱਲ-ਬਾਤ ਕਰਦਿਆਂ ਇਹ ਕਿਹਾ ਸੀ, "ਇਹ ਕਿਤਾਬ ਉਨ੍ਹਾਂ (ਮਨਮੋਹਨ ਸਿੰਘ) ਦਾ ਮਾਨਵੀਕਰਨ ਕਰਦੀ ਹੈ, ਉਨ੍ਹਾਂ ਨੂੰ ਇਕ ਮਨੁੱਖ ਵਜੋਂ ਪੇਸ਼ ਕਰਦੀ ਹੈ। ਨਵੀਂ ਨਸਲ ਉਨ੍ਹਾਂ ਨੂੰ ਇਕ ਕਿਸਮ ਦਾ ਰੋਬੋਟ ਜਾਂ ਬੁੱਤ ਹੀ ਸਮਝਦੀ ਹੈ। ਉਨ੍ਹਾਂ ਦਾ 'ਸਿੰਘ ਇਜ਼ ਕਿੰਗ' ਵਾਲ਼ਾ ਅਕਸ ਜਾਂਦਾ ਰਿਹਾ ਹੈ। ਹੁਣ ਉਹ, ਸਲਾਹੇ ਜਾਣ ਦੀ ਥਾਂ, ਮਖ਼ੌਲ ਉਡਾਉਣ ਦਾ ਸਾਧਨ ਬਣ ਗਏ ਹਨ। ਮੈਂ, ਉਨ੍ਹਾਂ ਨੂੰ ਇਕ ਮਨੁੱਖ ਵਜੋਂ ਪੇਸ਼ ਕਰ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਲੋਕ ਉਨ੍ਹਾਂ ਦੇ ਮਨ ਅੰਦਰਲੀ ਬਾਤ ਮਹਿਸੂਸ ਕਰਨ।" 
    ਇਸ ਦੌਰਾਨ ਹੀ ਪਤਾ ਲੱਗਿਆ ਹੈ ਕਿ ਸੈਂਸਰ ਬੋਰਡ ਦੇ ਮੁਖੀ ਰਹੇ ਪਹਿਲਾਜ ਨਿਹਲਾਨੀ ਨੇ ਇਸ ਫ਼ਿਲਮ ਦੇ ਨਿਰਮਾਤਾਵਾਂ ਨੂੰ ਕਿਹਾ ਸੀ ਕਿ ਉਹ, ਫ਼ਿਲਮ ਪਾਸ ਕਰਾਉਣ ਲਈ ਮਨਮੋਹਨ ਸਿੰਘ ਤੋਂ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੋਂ 'ਕੋਈ ਇਤਰਾਜ਼ ਨਹੀਂ ਪ੍ਰਮਾਣ ਪੱਤਰ' ਲਿਆ ਕੇ ਦੇਣ। ਇਹ ਖ਼ਬਰ ਵੀ ਆਈ ਸੀ ਕਿ ਇਸ ਫ਼ਿਲਮ ਦੇ ਨਿਰਦੇਸ਼ਕ ਵਿਜੇ ਰਤਨਾਕਰ ਗੁੱਟੇ ਨੂੰ ਕਈ ਕਰੋੜ ਰੁਪਏ ਦੇ ਜੀ. ਐੱਸ. ਟੀ. ਘਪਲੇ ਅਧੀਨ ਗ਼੍ਰਿਫ਼ਤਾਰ ਕਰ ਲਿਆ ਗਿਆ ਸੀ। ਇਸੇ ਹੀ ਸਾਲ 3 ਅਗਸਤ ਨੂੰ ਇਸ ਤਰ੍ਹਾਂ ਦੀਆਂ ਖ਼ਬਰਾਂ ਆਈਆਂ ਸਨ ਕਿ ਗੁੱਟੇ ਦੀ ਕੰਪਨੀ 'ਵੀ ਆਰ ਜੀ ਡਿਜੀਟਲ ਕਾਰਪੋਰੇਸ਼ਨ ਪ੍ਰਾ. ਲਿ.' ਨੇ ਕੁੱਝ ਵੀ ਖਰੀਦਣ ਬਗ਼ੈਰ ਹੀ ਖ਼ਰਚੇ ਦਿਖਾਉਣ ਲਈ 149 ਜਾਅਲੀ ਬਿੱਲ ਕਟਾਏ ਸਨ, ਜਿਨ੍ਹਾਂ ਦਾ ਜੀ. ਐੱਸ. ਟੀ. 34.37 ਕਰੋੜ ਰੁਪਏ ਬਣਦਾ ਸੀ। ਇਹ ਬਿੱਲ, ਕਿਸੇ ਹੋਰ ਕੰਪਨੀ ਤੋਂ ਐਨੀਮੇਸ਼ਨ ਕਰਾਉਣ ਦੇ ਅਤੇ ਮਨੁੱਖੀ ਸੇਵਾਵਾਂ ਲੈਣ ਦੇ ਸਬੰਧ ਵਿਚ ਕਟਾਏ ਗਏ ਦੱਸੇ ਗਏ ਸਨ।
    ਮੁੰਬਈ ਤੋਂ 'ਪੀ. ਟੀ. ਆਈ.' ਨੇ ਖ਼ਬਰ ਦਿੱਤੀ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਨਜ਼ਦੀਕੀ ਦੱਸੇ ਜਾਂਦੇ ਇਕ ਮਹਾਰਾਸ਼ਟਰੀ ਵਪਾਰੀ ਦੇ ਪੁੱਤਰ ਵਿਜੇ ਰਤਨਾਕਰ ਗੁੱਟੇ ਨੂੰ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ੩੪ ਕਰੋੜ ਰੁਪਏ ਤੋਂ ਵੱਧ ਦਾ ਘਪਲਾ ਕਰਨ ਦੇ ਦੋਸ਼ ਅਧੀਨ ਹਿਰਾਸਤ ਵਿਚ ਲਿਆ ਗਿਆ ਹੈ। 'ਦ ਐਕਸੀਡੈਂਟਲ ਪ੍ਰਾਇਮ ਮਨਿਸਟਰ' ਸਿਰਲੇਖ ਅਧੀਨ ਬਣ ਰਹੀ ਫ਼ਿਲਮ ਦੇ ਨਿਰਦੇਸ਼ਕ ਗੁੱਟੇ ਨੂੰ 'ਡਾਇਰੈਕਟੋਰੇਟ ਜਨਰਲ ਆਫ਼ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਇੰਟੈਲੀਜੈਂਸ' (ਡੀ. ਜੀ. ਜੀ. ਐੱਸ. ਟੀ. ਆਈ.) ਵੱਲੋਂ ਹਿਰਾਸਤ ਵਿਚ ਲੈ ਕੇ, ਮੁੰਬਈ ਦੇ ਮੈਟਰੋਪਾਲੀਟਨ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਗੁੱਟੇ ਨੂੰ ੧੪ ਅਗਸਤ ਤਕ ਰਿਮਾਂਡ ਉੱਤੇ ਭੇਜ ਦਿੱਤਾ ਸੀ। ੧੪ ਅਗੱਸਤ ਨੂੰ ਮੁੰਬਈ ਦੀ ਇਕ ਅਦਾਲਤ ਨੇ ਗੁੱਟੇ ਨੂੰ ਇਸ ਸ਼ਰਤ ਉੱਤੇ ਜਮਾਨਤ 'ਤੇ ਛੱਡ ਦਿੱਤਾ ਹੈ ਕਿ ਉਹ ਅਗਲੇ ਛੇ ਮਹੀਨੇ ਵਿਚ ੩੪ ਕਰੋੜ ਰੁਪਏ ਸਰਕਾਰ ਨੂੰ ਦੇਣਗੇ।
     ਇਸ ਖ਼ਬਰ ਅਨੁਸਾਰ, ਗੁੱਟੇ ਦੇ ਖ਼ਿਲਾਫ਼, ਸੀ. ਜੀ. ਐੱਸ. ਟੀ. ਕਾਨੂੰਨ ਦੀ ਧਾਰਾ 132(1)(ਸੀ) ਅਧੀਨ ਕੇਸ ਦਰਜ ਕੀਤਾ ਹੋਇਆ ਹੈ। ਇਹ ਧਾਰਾ, ਉਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਲਗਾਈ ਜਾਂਦੀ ਹੈ, ਜੋ ਬੋਗਸ ਬਿੱਲ ਵਰਤ ਕੇ 'ਗ਼ਲਤ ਢੰਗ' ਨਾਲ਼ ਟੈਕਸ ਤੋਂ ਬਚਦੇ ਹਨ। ਇਨ੍ਹਾਂ ਬਿੱਲਾਂ ਬਦਲੇ ਉਨ੍ਹਾਂ ਨੇ ਕੋਈ ਚੀਜ਼ ਜਾਂ ਸੇਵਾ ਨਹੀਂ ਖਰੀਦੀ ਹੁੰਦੀ। ਇਹ ਜਾਣਕਾਰੀ ਦਿੰਦਿਆਂ, ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਗੁੱਟੇ ਦੀ ਕੰਪਨੀ 'ਵੀ ਆਰ ਜੀ ਡਿਜੀਟਲ ਕਾਰਪੋਰੇਸ਼ਨ ਪ੍ਰਾ. ਲਿ.' ਦੇ ਸਿਰ ਦੋਸ਼ ਲੱਗਿਆ ਹੈ ਕਿ ਉਸ ਨੇ 'ਹੌਰੀਜ਼ਨ ਆਊਟਸੋਰਸ ਸੌਲਿਊਸ਼ਨਜ਼ ਪ੍ਰਾ. ਲਿ.' ਨਾਂ ਦੀ ਇਕ ਹੋਰ ਕੰਪਨੀ ਤੋਂ ਐਨੀਮੇਸ਼ਨ ਅਤੇ ਮਨੁੱਖੀ ਸੇਵਾਵਾਂ ਖਰੀਦਣ ਦਾ ਢੌਂਗ ਰਚਦਿਆਂ 34.37 ਕਰੋੜ ਰੁਪਏ ਦਾ ਜੀ. ਐੱਸ. ਟੀ. ਬਚਾਉਣ ਖ਼ਾਤਰ 149 ਜਾਅਲੀ ਬਿੱਲ ਬਣਵਾਏ ਸਨ।
    ਇਸੇ ਹੀ ਸਾਲ ਮਈ ਵਿਚ 'ਡਾਇਰੈਕਟੋਰੇਟ ਜਨਰਲ ਆਫ਼ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਇੰਟੈਲੀਜੈਂਸ' (ਡੀ. ਜੀ. ਜੀ. ਐੱਸ. ਟੀ. ਆਈ.) ਨੇ ਜੀ. ਐੱਸ. ਟੀ. ਦੇ ਇਕ ਕਥਿਤ ਘਪਲੇ ਦੇ ਸਬੰਧ ਵਿਚ 'ਹੌਰੀਜ਼ਨ ਆਊਟਸੋਰਸ ਸੌਲਿਊਸ਼ਨਜ਼ ਪ੍ਰਾ. ਲਿ.' ਦੇ ਡਾਇਰੈਕਟਰ ਨੂੰ ਵੀ ਹਿਰਾਸਤ ਵਿਚ ਲੈ ਲਿਆ ਸੀ। ਇਸ ਮਾਮਲੇ ਦੀ ਜਾਂਚ ਕਰਨ ਦੌਰਾਨ ਪਤਾ ਲੱਗਿਆ ਹੈ ਕਿ ਗੁੱਟੇ ਦੀ ਕੰਪਨੀ, 'ਹੌਰੀਜ਼ਨ ਆਊਟਸੋਰਸ ਸੌਲਿਊਸ਼ਨਜ਼ ਪ੍ਰਾ. ਲਿ.' ਦੇ ਵੱਡੇ ਗਾਹਕਾਂ ਵਿਚੋਂ ਇਕ ਹੈ ਤੇ ਉਸ ਨੂੰ, ਤਕਰੀਬਨ 266 ਕਰੋੜ ਰੁਪਏ ਦਾ ਉਹ ਕੰਮ ਕਰਾ ਚੁੱਕੀ ਦਿਖਾਇਆ ਗਿਆ ਸੀ, ਜਿਸ ਦੇ ਸਬੰਧ ਵਿਚ 34.37 ਕਰੋੜ ਰੁਪਏ, ਜੀ. ਐੱਸ. ਟੀ. ਵਜੋਂ ਅਦਾ ਕਰਨੇ ਬਣਦੇ ਸਨ। ਹਕੀਕਤ ਇਹ ਹੈ ਕਿ ਗੁੱਟੇ ਦੀ ਕੰਪਨੀ ਨੇ ਇਸ ਕੰਪਨੀ ਤੋਂ ਨਾ ਕੋਈ ਕੰਮ ਕਰਾਇਆ ਸੀ, ਨਾ ਕੋਈ ਸੇਵਾ ਜਾਂ ਮਾਲ ਖ਼ਰੀਦਿਆ ਸੀ।
    ਇੱਥੇ ਦੱਸ ਦੇਣਾ ਹੀ ਚਾਹੀਦਾ ਹੈ ਕਿ ਇਸ ਸਬੰਧ ਵਿਚ ਅਸੂਲ ਇਹ ਹੈ ਕਿ ਜੇ ਇਹ ਟੈਕਸ ਅਦਾ ਨਾ ਕਰ ਕੇ, ਜਾਂ ਇਹ ਟੈਕਸ ਅਦਾ ਕਰ ਕੇ ਵਾਪਸ ਲਈ ਹੋਈ ਰਕਮ 5 ਕਰੋੜ ਤੋਂ ਵੱਧ ਹੋਵੇ ਤਾਂ ਮੁਲਜ਼ਮ ਨੂੰ ਜੁਰਮਾਨਾ ਹੋਣ ਦੇ ਨਾਲ਼-ਨਾਲ਼ 5 ਸਾਲਾਂ ਦੀ ਕੈਦ ਵੀ ਹੋ ਸਕਦੀ ਹੈ। ਤਫ਼ਤੀਸ਼ੀ ਏਜੰਸੀ ਨੇ ਇਹ ਦਾਅਵਾ ਕੀਤਾ ਹੈ ਕਿ ਗੁੱਟੇ ਦੀ ਕੰਪਨੀ ਨੇ ਸਰਕਾਰ ਤੋਂ 'ਸੈਂਟਰਲ ਵੈਲਿਊ ਐਡਿਡ ਟੈਕਸ' ਬਦਲੇ 28 ਕਰੋੜ ਰੁਪਏ ਨਕਦ ਵਾਪਸ ਲਏ ਹੋਏ ਹਨ ਜਦੋਂ ਕਿ ਇਸ ਸਬੰਧ ਵਿਚ ਪੇਸ਼ ਕੀਤੇ ਹੋਏ ਬਿੱਲ ਫ਼ਰਜ਼ੀ (ਜਆਲੀ) ਹਨ। ਇਸ ਤਰ੍ਹਾਂ ਗੁੱਟੇ ਦੇ ਸਿਰ, ਨਜਾਇਜ਼ 'ਇਨਪੁਟ ਟੈਕਸ ਕਰੈਡਿਟ' ਲੈਣ ਦਾ ਅਤੇ ਜੀ. ਐੱਸ. ਟੀ. ਵਿਭਾਗ ਤੋਂ ਜਾਅਲੀ ਬਿੱਲਾਂ ਬਦਲੇ 'ਇਨਪੁਟ ਟੈਕਸ ਕਰੈਡਿਟ' ਮੁੜਵਾਉਣ ਦੇ ਦੋਸ਼ ਲੱਗੇ ਹੋਏ ਹਨ। ਇਸ ਤਰ੍ਹਾਂ ਗੁੱਟੇ ਅਤੇ ਉਸ ਦੀ ਕੰਪਨੀ ਨੇ ਸਰਕਾਰੀ ਖ਼ਜ਼ਾਨੇ ਨਾਲ਼ ਬਹੁ-ਕਰੋੜੀ ਠੱਗੀ ਮਾਰੀ ਹੈ। ਇਹ ਵੀ ਤਾਂ ਇਕ ਰਿਕਾਰਡ ਹੀ ਹੈ।
    ਦੂਜੀ ਫ਼ਿਲਮ 'ਜ਼ੀਰੋ' ਬਣਾਉਣ ਦਾ ਐਲਾਨ ਹੀ ਬਹੁਤ ਨਾਟਕੀ ਢੰਗ ਨਾਲ਼ ਇਕ 'ਟੀਜ਼ਰ' ਦਿਖਾ ਕੇ ਕੀਤਾ ਗਿਆ ਸੀ। ਇਸ ਫ਼ਿਲਮ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਵਿਚ ਦਿਖਾਇਆ ਜਾ ਰਿਹਾ, ਸ਼ਾਹਰੁਖ਼ ਖ਼ਾਨ ਦਾ ਰੂਪ (ਬੌਣਾ) ਪਹਿਲਾਂ ਕਦੇ ਨਹੀਂ ਦਿਸਿਆ। ਇਸ, ਇਕ ਮਿੰਟ ਦੇ ਟੀਜ਼ਰ ਵਿਚ 'ਬਾਦਸ਼ਾਹ ਖ਼ਾਨ' ਨੂੰ ਇਕ ਬੌਣੇ ਦੇ ਰੂਪ ਵਿਚ, ਮੁਹੰਮਦ ਰਫ਼ੀ ਦਾ ਗੀਤ 'ਇਸ ਦੀਵਾਨੇ ਦਿਲ ਨੇ ਕਿਆ ਜਾਦੂ ਚਲਾਇਆ' ਗਾਉਂਦਿਆਂ ਦਿਖਾਇਆ ਗਿਆ ਹੈ। ਇਸ ਦੌਰਾਨ ਹੀ ਪਰਦੇ ਉੱਤੇ 'ਪਾਗ਼ਲ', 'ਮੈਂਟਲ', 'ਸ਼ਾਇਰ' ਅਤੇ 'ਧੋਖੇਬਾਜ਼' ਸ਼ਬਦ ਰੰਗ-ਬਰੰਗੇ ਰੂਪ ਵਿਚ ਆਉਂਦੇ-ਜਾਂਦੇ ਰਹਿੰਦੇ ਹਨ। ਬਹੁਤ ਧਿਆਨ ਨਾਲ਼ ਦੇਖਿਆ ਜਾਵੇ ਤਾਂ ਕੈਟਰੀਨਾ ਕੈਫ਼ ਦੇ ਚਿਹਰੇ ਦਾ ਅਕਸ, ਸ਼ਾਹਰੁਖ਼ ਖ਼ਾਨ ਦੇ ਕੋਟ ਉੱਤੇ ਛਪਿਆ ਦਿਸਦਾ ਹੈ।
   ਇਨ੍ਹਾਂ ਦੋਹਾਂ ਫ਼ਿਲਮਾਂ ਤੋਂ, ਉਨ੍ਹਾਂ ਦੇ ਨਿਰਮਾਤਾਵਾਂ ਨੂੰ ਨਵੇਂ ਦਿਸਹੱਦੇ ਕਾਇਮ ਕਰਨ, ਨਵੇਂ ਰਿਕਾਰਡ ਕਾਇਮ ਕਰਨ ਦੀਆਂ ਆਸਾਂ ਹਨ, ਪਰ ਅਸਲ ਵਿਚ ਕੀ ਬਣੇਗਾ, ਇਹ ਦੇਖਣਾ ਬਾਕੀ ਹੈ।#


ਫ਼ਿਲਮ 'ਦ ਐਕਸੀਡੈਂਟਲ ਪ੍ਰਾਇਮ ਮਨਿਸਟਰ' ਨਾਲ਼ ਸਬੰਧਤ ਕੁੱਝ ਤਸਵੀਰਾਂ









ਫ਼ਿਲਮ 'ਜ਼ੀਰੋ' ਨਾਲ਼ ਸਬੰਧਤ ਕੁੱਝ ਤਸਵੀਰਾਂ