ਮਜ਼ਹਬ ਤੇ ਸਿਆਸਤ ਰਲ਼ ਕੇ ਵੀ
ਮੁਲਕ ਉੱਤੇ ਭਾਰੂ ਨਹੀਂ ਹੋ ਸਕਦੇ
===============
ਗੱਲ ਕਰਨ ਵਿਚ ਦੇਰ ਹੋ ਗਈ ਲੱਗੇਗੀ, ਪਰ ਇਹੋ ਜਿਹੇ ਵਿਸ਼ਿਆਂ ਬਾਰੇ ਗੱਲ ਕਰਨ ਲਈ ਕੋਈ ਵੀ ਦਿਨ, ਕੋਈ ਵੀ ਸਮਾਂ ਮਾੜਾ ਨਹੀਂ ਹੁੰਦਾ। ਸੋ ਗੱਲ ਸ਼ੁਰੂ ਕਰਨ ਖ਼ਾਤਰ ਕਿਸੇ ਢੁੱਕਵੇਂ ਦਿਨ-ਵਾਰ ਦਾ ਸਹਾਰਾ ਨਾ ਲੈਂਦਿਆਂ, ਸਿੱਧਾ ਮੁੱਦੇ ਉੱਤੇ ਆਉਂਦੇ ਹਾਂ, ਸਮਾਂ ਵੀ ਬਚੇਗਾ ਤੇ ਕਾਗ਼ਜ਼ ਵੀ। ਪਿਛਲੇ ਸਾਲ ਦੀ ਗੱਲ ਹੈ ਕਿ ਅਖ਼ਬਾਰ ਪੜ੍ਹਦਿਆਂ, ਹਿੰਦੀ ਫ਼ਿਲਮਸਾਜ਼ ਅਨੁਭਵ ਸਿਨ੍ਹਾ ਦੀ ਨਜ਼ਰ ਇਕ ਇਹੋ ਜਿਹੀ ਖ਼ਬਰ ਉੱਤੇ ਪਈ, ਜੋ ਬਾਅਦ ਵਿਚ 'ਮੁਲਕ' ਨਾਂ ਦੀ ਇਕ ਫ਼ਿਲਮ ਦਾ ਰੂਪ ਧਾਰ ਕੇ, ਇਸੇ ਮਹੀਨੇ (ਅਗਸਤ) ਦੀ 3 ਤਾਰੀਖ਼ ਨੂੰ ਰਿਲੀਜ਼ ਹੋ ਕੇ, ਹਫ਼ਤੇ ਕੁ ਭਰ ਵਿਚ ਹੀ ਲਹਿ ਵੀ ਗਈ ਹੈ। ਉਸ ਖ਼ਬਰ ਦੇ ਆਧਾਰ 'ਤੇ ਸਿਨ੍ਹਾ ਨੇ ਇਕ ਕਹਾਣੀ ਲਿਖੀ ਤੇ ਦੋਸਤਾਂ ਵੱਲੋਂ ਉਸ ਕਹਾਣੀ ਬਾਰੇ ਚੰਗਾ ਹੁੰਗਾਰਾ ਮਿਲਣ ਮਗਰੋਂ ਉਨ੍ਹਾਂ ਨੇ ਇਹ ਕਹਾਣੀ, ਫ਼ਿਲਮ ਸਕਰਿਪਟ ਦੇ ਰੂਪ ਵਿਚ ਢਾਲਣੀ ਸ਼ੁਰੂ ਕਰ ਦਿੱਤੀ। 13-14 ਵਾਰ ਸੋਧ-ਸੋਧ ਕੇ ਲਿਖਣ ਮਗਰੋਂ ਸਿਨ੍ਹਾ ਨੇ ਇਹ ਸਕਰਿਪਟ, ਫ਼ਿਲਮ ਇੰਡੱਸਟਰੀ ਵਿਚ ਆਪਣੇ ਕੁੱਝ ਦੋਸਤਾਂ ਨੂੰ ਸੁਣਾਈ। ਫ਼ਿਲਮ ਨਿਰਦੇਸ਼ਕ ਸ਼ੂਜੀਤ ਸਿਰਕਾਰ ਨੇ ਇਸ ਸਕਰਪਿਟ ਦੀ ਬੜੀ ਤਾਰੀਫ਼ ਕੀਤੀ। ਉਨ੍ਹਾਂ ਨੇ ਸਿਨ੍ਹਾ ਨੂੰ ਕਿਹਾ ਕਿ ਉਹ, ਇਸ ਦੇ ਆਧਾਰ 'ਤੇ ਫ਼ਿਲਮ ਬਣਾਉਣ।
'ਮੁਲਕ' ਸਿਰਲੇਖ ਹੇਠ ਇਹ ਫ਼ਿਲਮ ਬਣਾਉਣ ਖ਼ਾਤਰ ਅਦਾਕਾਰ ਚੁਣਨ ਮਗਰੋਂ, ਸਿਨ੍ਹਾ ਨੇ ਅਦਾਕਾਰਾਂ ਨੂੰ ਇਸ ਸਕਰਿਪਟ ਦੀਆਂ ਕਾਪੀਆਂ ਵੰਡ ਦਿੱਤੀਆਂ ਤੇ ਉਨ੍ਹਾਂ ਨੂੰ ਤਿੰਨ ਮਹੀਨੇ ਅੰਦਰ ਆਪਣੇ-ਆਪਣੇ ਕਿਰਦਾਰ ਸਮਝਣ ਲਈ ਕਹਿ ਦਿੱਤਾ। ਇਕ ਮੁਸਲਮਾਨ ਦਸ਼ਿਤਗ਼ਰਦ ਦਾ ਕਿਰਦਾਰ ਨਿਭਾਉਣ ਲਈ ਤਿਆਰ ਪ੍ਰਤੀਕ ਬੱਬਰ ਨੂੰ 'ਅਮੰਗ ਦ ਬਿਲੀਵਰਜ਼' (ਮੋਮਿਨਾਂ ਵਿਚੋਂ) ਨਾਂ ਦੀ ਦਸਤਾਵੇਜ਼ੀ ਫ਼ਿਲਮ ਦੇਖਣ ਅਤੇ ਪਾਕਿਸਤਾਨੀ ਜ਼ੱਦ ਦੇ ਅਮਰੀਕੀ ਦਹਿਸ਼ਤਗ਼ਰਦ ਡੇਵਿਡ ਹੈਡਲੀ ਬਾਰੇ ਵੱਧ ਤੋਂ ਵੱਧ ਪੜ੍ਹਨ ਲਈ ਕਿਹਾ ਗਿਆ।
ਅਦਾਲਤੀ ਕਾਰਵਾਈ ਸਹੀ ਢੰਗ ਨਾਲ਼ ਦਿਖਾਈ ਜਾਣ ਖ਼ਾਤਰ ਕ੍ਰਮਵਾਰ ਬਚਾਅ ਪੱਖ ਦੇ ਵਕੀਲ ਅਤੇ ਸਰਕਾਰੀ ਵਕੀਲ ਦੇ ਕਿਰਦਾਰ ਨਿਭਾਉਣ ਵਾਲ਼ੀ ਤਾਪਸੀ ਪੰਨੂ ਅਤੇ ਆਸ਼ੂਤੋਸ਼ ਰਾਣਾ ਨੂੰ, ਲਖਨਊ ਹਾਈ ਕੋਰਟ ਦੇ ਰਿਟਾਇਰਡ ਜੱਜ ਨਦੀਮ ਸਿੱਦੀਕੀ ਵੱਲੋਂ ਸਿਖਲਾਈ ਦੁਆਉਣ ਦਾ ਪ੍ਰਬੰਧ ਕੀਤਾ ਗਿਆ। ਰਿਸ਼ੀ ਕਪੂਰ ਵੱਲੋਂ ਇਸ ਫ਼ਿਲਮ ਵਿਚ ਨਿਭਾਈਆਂ ਜਾਣ ਵਾਲ਼ੀਆਂ ਮਜ਼ਹਬੀ ਰਸਮਾਂ ਦੀ ਨਿਗਰਾਨੀ ਕਰਨ ਲਈ, ਮਲੀਹਾਬਾਦ ਤੋਂ ਇਕ ਇਸਲਾਮੀ ਸਕਾਲਰ ਸੱਦਿਆ ਗਿਆ।
ਇਹ ਫ਼ਿਲਮ ਜਹਾਨ ਭਰ ਦੇ ਸਿਨੇਮਾ ਘਰਾਂ ਵਿਚ ਰਿਲੀਜ਼ ਕੀਤੀ ਜਾਣੀ ਸੀ ਕਿ ਪਾਕਿਸਤਾਨ ਦੇ 'ਸੈਂਟਰਲ ਬੋਰਡ ਆਫ ਫ਼ਿਲਮ ਸੈਂਸਰਜ਼' ਨੇ ਇਸ ਦੇ ਟਰੇਲਰ ਉੱਤੇ ਰੋਕ ਲਾਉਣ ਤੋਂ ਮਗਰੋਂ, ਇਹ ਫ਼ਿਲਮ ਵੀ ਦਿਖਾਉਣੋਂ ਰੋਕ ਦਿੱਤੀ। ਪਾਕਿਸਤਾਨ ਸਰਕਾਰ ਦੇ ਇਸ ਫ਼ੈਸਲੇ ਦੇ ਖ਼ਿਲਾਫ਼, ਅਨੁਭਵ ਸਿਨ੍ਹਾ ਨੇ ਪਾਕਿਸਤਾਨੀਆਂ ਨੂੰ ਇਹ ਚਿੱਠੀ ਲਿਖੀ:
ਪਿਆਰੇ ਪਾਕਿਸਤਾਨੀ ਭਰਾਓ,
ਮੈਂ ਤੁਹਾਨੂੰ, ਆਪਣੇ ਮੁਲਕ ਵਿਚ ਕੁੱਝ ਦੋਖੀਆਂ ਵੱਲੋਂ ਦੇਸ਼-ਵਿਰੋਧੀ ਕਰਾਰ ਦਿੱਤੇ ਜਾਣ ਦਾ ਖ਼ਤਰਾ ਸਹੇੜਦਿਆਂ 'ਪਿਆਰੇ ਪਾਕਿਸਤਾਨੀ ਭਰਾਓ' ਕਿਹਾ ਹੈ। ਮੈਨੂੰ ਉਨ੍ਹਾਂ ਦੀ ਪ੍ਰਵਾਹ ਨਹੀਂ ਹੈ।
ਮੈਂ ਹਾਲ ਹੀ ਵਿਚ 'ਮੁਲਕ' ਨਾਂ ਦੀ ਇਕ ਫ਼ਿਲਮ ਬਣਾਈ ਹੈ। ਬਦਕਿਸਮਤੀ ਨਾਲ਼ ਤੁਸੀਂ ਇਹ ਫ਼ਿਲਮ ਦੇਖ ਨਹੀਂ ਸਕੋਗੇ ਕਿਉਂ ਕਿ ਤੁਹਾਡੇ ਮੁਲਕ ਦੇ ਸੈਂਸਰ ਬੋਰਡ ਨੇ ਤੁਹਾਨੂੰ ਆਪਣੇ ਵਤਨ ਵਿਚ ਇਹ ਫ਼ਿਲਮ ਦੇਖਣੋਂ ਵਰਜ ਦਿੱਤਾ ਹੈ।
ਮੈਨੂੰ ਯਾਦ ਹੈ ਕਿ ਜਿਸ ਦਿਨ ਭਾਰਤ ਵਿਚ ਇਸ ਫ਼ਿਲਮ ਦਾ ਟਰੇਲਰ ਆਇਆ ਸੀ ਤਾਂ ਭਾਰਤ ਅਤੇ ਪਾਕਿਸਤਾਨ ਵਿਚ ਬਹੁਤ ਸਾਰੇ ਲੋਕਾਂ ਨੇ ਉਸ ਦੇ ਖ਼ਿਲਾਫ਼ ਲਿਖਿਆ ਸੀ। ਭਾਰਤ ਵਿਚ ਕੁੱਝ ਲੋਕਾਂ ਨੂੰ, ਇਹ ਫ਼ਿਲਮ ਮੁਸਲਮਾਨਾਂ ਦੇ ਹੱਕ ਵਿਚ ਲੱਗੀ ਤੇ ਪਾਕਿਸਤਾਨ ਵਿਚ ਕੁੱਝ ਲੋਕਾਂ ਨੂੰ, ਇਕ ਸਾਂਚੇ ਵਿਚ ਢਲੇ ਮੁਸਲਮਾਨਾਂ ਦਾ ਪੱਖ ਪੂਰਦੀ ਲੱਗੀ। ਇਕ-ਦੂਜੇ ਦੇ ਵਿਰੁੱਧ, ਪਰ ਸੱਚੀ। ਮੈਂ ਇਸ ਗੱਲ 'ਤੇ ਬਜ਼ਿੱਦ ਹਾਂ ਇਹ ਫ਼ਿਲਮ 'ਪਿਆਰ' ਬਾਰੇ ਹੈ। ਪਿਆਰ ਵੀ ਉਹ, ਜੋ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲ਼ੇ ਹੈ। ਹੁਣ ਇਹ ਗੱਲ ਬਾਹਰ ਆ ਚੁੱਕੀ ਹੈ। ਪੱਤਰਕਾਰਾਂ ਨੇ ਇਹ ਫ਼ਿਲਮ ਦੇਖ ਲਈ ਹੈ ਅਤੇ ਯੂ. ਏ. ਈ. ਦਰਸ਼ਕਾਂ ਨੇ ਵੀ ਦੇਖ ਲਈ ਹੈ। ਇਹ ਫ਼ਿਲਮ ਨਾ ਤਾਂ ਮੁਸਲਮਾਨਾਂ ਦੇ ਹੱਕ ਵਿਚ ਹੈ, ਨਾ ਖ਼ਿਲਾਫ਼ ਹੈ। ਨਾ ਹੀ ਪਾਕਿਸਤਾਨ ਦੇ ਹੱਕ ਵਿਚ, ਨਾ ਖ਼ਿਲਾਫ਼ ਹੈ। ਇਹ ਤਾਂ ਉਸ ਪਿਆਰ ਬਾਰੇ ਹੈ, ਜੋ ਸਾਡੇ ਸਾਰਿਆਂ ਦੇ ਅੰਦਰ ਵਿਅਕਤੀਗਤ ਰੂਪ ਵਿਚ ਹੋਣਾ ਚਾਹੀਦਾ ਹੈ। ਇਹ, ਤੁਹਾਡੇ ਬਾਰੇ ਹੈ, ਮੇਰੇ ਬਾਰੇ ਹੈ। ਤੁਹਾਡੇ ਮੁਲਕ ਵਿਚ ਹਿੰਦੂ ਘੱਟ ਗਿਣਤੀ ਵਿਚ ਹਨ, ਸਾਡੇ ਮੁਲਕ ਵਿਚ ਮੁਸਲਮਾਨ ਘੱਟ ਗਿਣਤੀ ਵਿਚ ਹਨ। ਸਾਨੂੰ ਸਭ ਨੂੰ ਰਲ਼ ਕੇ ਅਮਨ ਅਤੇ ਸਦਭਾਵਨਾ ਨਾਲ਼ ਰਹਿਣ ਦੇ ਹੀਲੇ ਕਰਨੇ ਚਾਹੀਦੇ ਹਨ।
ਇੱਥੇ ਮੈਂ ਤੁਹਾਨੂੰ ਇਕ ਸੁਆਲ ਕਰਦਾ ਹਾਂ। ਅਜਿਹਾ ਕਿਉਂ ਹੈ ਕਿ ਉਹ ਨਹੀਂ ਚਾਹੁੰਦੇ ਕਿ ਤੁਸੀਂ ਉਹ ਫ਼ਿਲਮ ਦੇਖ ਸਕੋਂ, ਜੋ ਰਲ਼ ਕੇ ਰਹਿਣ ਬਾਰੇ ਗੱਲ ਕਰਦੀ ਹੈ। ਮੈਨੂੰ ਪਤਾ ਹੈ ਕਿ ਦੇਰ-ਸਵੇਰ, ਤੁਹਾਨੂੰ ਇਹ ਫ਼ਿਲਮ ਦੇਖਣੀ ਪਏਗੀ। ਕਿਰਪਾ ਕਰ ਕੇ ਇਹ ਫ਼ਿਲਮ ਜ਼ਰੂਰ ਦੇਖਿਓ ਤੇ ਮੈਨੂੰ ਇਹ ਲਾਜ਼ਮੀ ਦੱਸਿਓ ਕਿ ਪਕਿਸਤਾਨ ਸੈਂਸਰ ਬੋਰਡ ਨੇ ਇਸ ਫ਼ਿਲਮ ਉੱਤੇ ਪਾਬੰਦੀ ਕਿਉਂ ਲਾਈ ਹੈ। ਮੈਂ ਸੱਚੀਂ ਇਹ ਚਾਹੁੰਨਾਂ ਕਿ ਤੁਸੀਂ ਸਾਰੇ ਹੀ ਇਹ ਫ਼ਿਲਮ ਜਾਇਜ਼ ਢੰਗ ਨਾਲ਼ ਹੀ ਦੇਖਿਓ। ਓਦਾਂ, ਸਾਡੀ ਡਿਜੀਟਲ ਟੀਮ ਇਸ ਫ਼ਿਲਮ ਦੀ ਨਜਾਇਜ਼ ਨਕਲ ਰੋਕਣ ਲਈ ਸਖ਼ਤ ਮੁਸ਼ੱਕਤ ਕਰ ਰਹੀ ਹੈ।
ਆਦਰ ਸਹਿਤ
ਅਨੁਭਵ ਸਿਨ੍ਹਾ
ਮਿਤੀ: 3 ਅਗਸਤ, 2018
....
ਇਸ ਦੌਰਾਨ 'ਦ ਐਕਸਪ੍ਰੈੱਸ ਟ੍ਰਿਬਿਊਨ, ਪਾਕਿਸਤਾਨ' ਵਿਚ ਇਕ ਖ਼ਬਰ ਛਪੀ ਹੈ ਕਿ 'ਪਾਕਿਸਤਾਨ ਦੇ ਸੈਂਟਰਲ ਬੋਰਡ ਆਫ ਫ਼ਿਲਮ ਸੈਂਸਰਜ਼' ਦੇ ਮੁਖੀ ਦਾਨਿਆਲ ਗਿਲਾਨੀ ਨੇ ਇਹ ਕਿਹਾ ਹੈ, "ਸੀ. ਬੀ. ਐੱਫ. ਸੀ. ਦੇ ਮੈਂਬਰਾਂ ਨੇ 'ਮੁਲਕ' ਦੇ ਟਰੇਲਰ ਨੂੰ ਮਨਜ਼ੂਰੀ ਨਾ ਦੇਣ ਦਾ ਫ਼ੈਸਲਾ ਸਰਬਸੰਮਤੀ ਨਾਲ਼ ਕੀਤਾ ਹੈ ਕਿਉਂ ਕਿ ਇਸ ਵਿਚ ਦਿਖਾਈਆਂ ਹੋਈਆਂ ਘਟਨਾਵਾਂ ਅਤੇ ਦ੍ਰਿਸ਼ 'ਸੈਂਸਰਸ਼ਿੱਪ ਆਫ ਫ਼ਿਲਮ ਕੋਡ-1980' ਦੀ ਉਲੰਘਣਾ ਕਰਦੇ ਹਨ। ਓਦਾਂ, ਇਸ ਫ਼ਿਲਮ ਉੱਤੇ ਅਜੇ ਪਾਬੰਦੀ ਨਹੀਂ ਲਗਾਈ ਗਈ ਕਿਉਂ ਕਿ ਜਾਇਜ਼ਾ ਲਏ ਜਾਣ ਲਈ, ਇਹ ਫ਼ਿਲਮ ਬੋਰਡ ਅੱਗੇ ਪੇਸ਼ ਹੀ ਨਹੀਂ ਕੀਤੀ ਗਈ।"
ਭਾਰਤ ਵਿਚ ਲੋਕ ਇਹ ਫ਼ਿਲਮ ਦੇਖਣ ਤੋਂ ਪਹਿਲਾਂ ਕਿੱਦਾਂ ਮਹਿਸੂਸ ਕਰਦੇ ਹਨ, ਇਸ ਦੀ ਇਕ ਉਦਾਹਰਣ, ਇਲੈਕਟਰਾਨਿਕ ਮੀਡੀਆ ਵਿਚ ਕੰਮ ਕਰਦੀ ਪੂਨਮ ਲਗਾਹ ਨੇ 5 ਅਗਸਤ ਨੂੰ 'ਫੇਸਬੁੱਕ' ਉੱਤੇ ਪਾਏ ਇਸ ਅੱਪਡੇਟ ਵਿਚ ਦਿੱਤੀ ਹੈ:
'ਮੁਲਕ' ਫ਼ਿਲਮ ਕੇ ਬਾਰੇ ਮੇਂ ਬਾਤ ਕਰਨੇ ਸੇ ਪਹਿਲੇ, ਮੈਂ ਯਹਾਂ ਕਨਫੈੱਸ ਕਰਨਾ ਚਾਹਤੀ ਹੂੰ ਕਿ ਮੇਰੇ ਅੰਦਰ ਭੀ ਯੇਹ ਜਾਨਨੇ ਕੀ ਉਤਸੁਕਤਾ ਥੀ ਕਿ ਕਿਆ ਯੇਹ ਫ਼ਿਲਮ ਬਨਾਨੇ ਵਾਲਾ ਭੀ ਕੋਈ ਮੁਸਲਿਮ ਹੈ? ਜਾਤੀਵਾਦ ਔਰ ਧਰਮ ਹਮਾਰੇ ਮਨੋਂ ਮੇਂ ਇਸ ਕਦਰ ਘਰ ਕਰ ਚੁਕਾ ਹੈ ਕਿ ਯੇਹ ਬੜੇ ਬੜੇ ਨਾਰੋਂ ਸੇ, ਕ੍ਰਾਂਤੀਓਂ ਸੇ ਨਹੀਂ ਜਾਏਗਾ, ਲੇਕਿਨ ਏਕ ਐਸੀ ਫ਼ਿਲਮ ਦੇਖਨੇ ਬਾਦ ਜ਼ਰੂਰ ਜਾਨਾ ਸ਼ੁਰੂ ਹੋ ਸਕਤਾ ਹੈ, ਜਿਸ ਮਂੇ ਇਤਨੀ ਬੜੀ ਔਰ ਕੰਪਲੀਕੇਟਿਡ ਬਾਤ ਬਹੁਤ ਹੀ ਸਟੀਕ ਸਕਰਿਪਟ ਕੇ ਜ਼ਰੀਏ ਕਹੀ ਗਈ ਹੈ।...ਮੈਂ ਬੜੀ ਦੇਰ ਸੋਚਤੀ ਰਹੀ ਕਿ ਜੋ ਬਾਤ ਹਮਾਰੇ ਹਲਕ ਮੇਂ ਅਟਕੀ ਰਹਤੀ ਹੈ, ਉਸੇ ਕਹਿਨੇ ਕੇ ਲੀਏ ਸਬ ਸੇ ਅੱਛੇ ਸ਼ਬਦ ਹਮੇਂ ਮਿਲ ਹੀ ਨਹੀਂ ਪਾਤੇ, ਵੋਹ ਛੋਟੇ-ਛੋਟੇ ਸਨਟੈਨਸਿਜ਼ ਮੇਂ, ਔਰ ਇਤਨੇ ਅੱਛੇ ਕਨਵਿਨਸਿੰਗ ਲਾਜਿਕ ਕੇ ਸਾਥ ਕੈਸੇ ਕਹਿ ਦੀ! ਅਨੁਭਵ ਸਿਨਹਾ ਕੇ ਲੀਏ ਸਟੈਂਡਿੰਗ ਓਵੇਸ਼ਨ ਬਨਤੀ ਹੈ...।
...
'ਡੈਕਨ ਕ੍ਰੌਨੀਕਲ' ਵਿਚ ਸੁਪਰਨਾ ਸ਼ਰਮਾ ਲਿਖਦੀ ਹੈ: ਬੜੇ ਮਾੜੇ ਵੇਲ਼ੇ ਆ ਗਏ ਹਨ। (ਇਹੋ ਜਿਹੇ ਫ਼ਿਕਰਿਆਂ ਨਾਲ਼ ਹੀ ਡੇਢ ਕੁ ਪੈਰਾ ਲਿਖ ਕੇ ਉਹ ਅੱਗੇ ਤੁਰਦੀ ਹੈ) ਮੁਲਕ ਦੇ, ਤਬਾਹੀ ਦੇ ਦੌਰ ਵਿਚੋਂ ਲੰਘਣ ਦੌਰਾਨ ਅਨੁਭਵ ਸਿਨ੍ਹਾ ਦੀ ਲਿਖੀ ਤੇ ਨਿਰਦੇਸ਼ਤ (ਫ਼ਿਲਮ) 'ਮੁਲਕ' ਆਉਂਦੀ ਹੈ, ਜਿਸ ਦੇ ਹੱਥਾਂ ਵਿਚ ਸੰਵਿਧਾਨ ਹੈ। ਇਸ ਵਿਚ ਹਿੰਦੂ ਸ਼ਾਵਨਵਾਦ ਨੂੰ ਬਹੁਤ ਕੁੱਝ ਸੁਣਾਇਆ ਗਿਆ ਹੈ।
(ਫਿਰ ਇਹ ਬੀਬੀ, ਬਨਾਰਸ ਸ਼ਹਿਰ ਦਾ ਇਤਿਹਾਸ ਅਤੇ ਇਸ ਦੀ ਸਥਾਪਨਾ ਕਰਨ ਸਬੰਧੀ ਢਾਈ ਕੁ ਪੈਰੇ ਲਿਖਦੀ ਹੈ। ਇਹ ਵੀ ਲਿਖਦੀ ਹੈ ਕਿ ਬਨਾਰਸ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚੋਣ ਖੇਤਰ ਹੀ ਨਹੀਂ, ਸਗੋਂ ਹਰਮਨ ਪਿਆਰੀ ਸੈਰਗ਼ਾਹ ਵੀ ਹੈ। ਅੰਤ ਵਿਚ ਇਹ ਬੀਬੀ, ਇਸ ਫ਼ਿਲਮ ਉੱਤੇ 'ਕਿੱਲ੍ਹ ਕੇ ਰੌਲ਼ਾ ਪਾਉਣ' ਦਾ ਦੋਸ਼ ਲਾਉਂਦਿਆਂ ਇਸ ਨੂੰ 'ਸੂਖ਼ਮਤਾਹੀਣ' ਵੀ ਕਹਿ ਜਾਂਦੀ ਹੈ)।
'ਟਾਈਮਜ਼ ਆਫ ਇੰਡੀਆ' ਦੀ ਫ਼ਿਲਮ ਸਮੀਖਿਅਕ ਲਸਯਾਪ੍ਰਿਯਾ ਸੁੰਦਰਮ ਨੇ 'ਮੁਲਕ' ਨੂੰ ਪੰਜਾਂ ਵਿਚੋਂ ਸਾਢੇ ਤਿੰਨ ਸਟਾਰ ਦਿੰਦਿਆਂ ਲਿਖਿਆ ਹੈ ਕਿ ਇਹ ਫ਼ਿਲਮ ਉਸ ਪਰਿਵਾਰ ਦੀ ਕਹਾਣੀ ਦਿਖਾਉਂਦੀ ਹੈ, ਜਿਸ ਦਾ ਇਕ ਜੀਅ, ਦਹਿਸ਼ਤਗ਼ਰਦ ਬਣ ਜਾਂਦਾ ਹੈ ਤੇ ਉਸ ਪਰਿਵਾਰ ਦੇ ਬਾਕੀ ਜੀਅ ਆਪਣੇ ਪਰਿਵਾਰ ਦੇ ਮੱਥੇ ਤੋਂ 'ਦਹਿਸ਼ਤਗ਼ਰਦਾਂ ਦਾ ਪਰਿਵਾਰ' ਹੋਣ ਦੀ ਤੁਹਮਤ ਲਾਹੁਣ ਦੇ ਹੀਲੇ ਕਰਦੇ ਹਨ।
ਕਹਾਣੀ ਬੁਣਦਿਆਂ ਅਨੁਭਵ ਸਿਨ੍ਹਾ ਨੇ ਭਾਰਤ ਵਿਚ ਮੁਸਲਮਾਨਾਂ ਦੇ ਸਬੰਧ ਵਿਚ ਬਣਾਈ ਹੋਈ ਇਕ 'ਪੱਕੀ ਧਾਰਨਾ' ਬੇਨਕਾਬ ਕੀਤੀ ਹੈ। ਇਸ ਫ਼ਿਲਮ ਦੀ ਕਹਾਣੀ ਬਨਾਰਸ ਦੇ ਇਕ ਅਜਿਹੇ ਮੁਹੱਲੇ ਵਿਚ ਵਾਪਰਦੀ ਹੈ, ਜਿਸ ਵਿਚ ਸਤਿਕਾਰਯੋਗ ਵਕੀਲ ਮੁਰਾਦ ਅਲੀ ਮੁਹੰਮਦ (ਰਿਸ਼ੀ ਕਪੂਰ) ਤੇ ਉਸ ਛੋਟੇ ਭਰਾ ਬਿਲਾਲ ਮੁਹੰਮਦ (ਮਨੋਜ ਪਾਹਵਾ) ਦੇ ਸਾਂਝੇ ਘਰ ਦੇ ਆਂਢ-ਗੁਆਂਢ ਵਿਚ ਕਈ ਹਿੰਦੂ ਪਰਿਵਾਰ ਵੀ ਵਸਦੇ ਹਨ। ਇਸ ਘਰ ਦੀ ਨੂੰਹ ਆਰਤੀ ਮਲਹੋਤਰਾ ਮੁਹੰਮਦ (ਤਾਪਸੀ ਪੰਨੂ) ਦੇ ਪੇਕੇ ਹਿੰਦੂ ਹਨ।
'ਯੂ. ਏ. ਈ.' ਦੇ ਅਖ਼ਬਾਰ 'ਖ਼ਲੀਜ ਟਾਈਮਜ਼' ਨੇ ਇਸ ਸਬੰਧ ਵਿਚ ਏਦਾਂ ਲਿਖਿਆ, "ਮੁਲਕ ਨੇ ਉਹੋ ਜਿਹੀ ਦਾਸਤਾਨ ਸੁਣਾਉਣ ਦੀ ਹਿੰਮਤ ਕੀਤੀ ਹੈ, ਜਿਸ ਨੂੰ ਬਹੁਤ ਸਾਰੇ ਫ਼ਿਲਮਸਾਜ਼ ਹੱਥ ਲਾਉਣੋਂ ਵੀ ਯਰਕਣਗੇ। ਇਸ ਫ਼ਿਲਮ ਵਿਚ ਹੀਰੋ ਵਜੋਂ ਸਾਹਮਣੇ ਆਉਣ ਵਾਲ਼ੇ ਪੱਖਾਂ ਵਿਚ ਸਕਰਿਪਟ, ਮਜ਼ਬੂਤ ਅਦਾਕਾਰੀ ਦੇ ਨਾਲ਼-ਨਾਲ਼, ਇਹ ਦਾਸਤਾਨ ਸੁਣਾਉਣ ਲਈ, ਅਨੁਭਵ ਸਿਨ੍ਹਾ ਵੱਲੋਂ ਕੀਤੀ ਗਈ ਹਿੰਮਤ ਸ਼ਾਮਲ ਹਨ। ਮੁਲਕ ਇਕ ਨਿਡਰ ਅਤੇ ਹੌਸਲੇ ਭਰੀ ਪੇਸ਼ਕਾਰੀ ਹੈ, ਜੋ ਦੇਖਣੀ ਬਣਦੀ ਹੈ।"
ਮੁਸਲਮਾਨ ਤੇ ਹਿੰਦੂ, ਬਨਾਰਸ ਦੇ ਇਸ ਮੁਹੱਲੇ ਵਿਚ, ਇਕੋ ਹੀ ਹਾਂਡੀ ਵਿਚ ਗੋਸ਼ਤ ਅਤੇ ਕਰੇਲੇ ਰਿੰਨ੍ਹਣ ਵਾਂਗ ਰਲ਼ ਕੇ ਰਹਿੰਦੇ ਹਨ ਕਿ ਇਕ ਬੰਬ ਧਮਾਕਾ ਹੋਣ ਨਾਲ਼ ਇਸ ਹਾਂਡੀ ਵਿਚ ਸਭ ਕੁੱਝ ਬਦਲ ਜਾਂਦਾ ਹੈ। ਇਸ ਧਮਾਕੇ ਵਿਚ ਮੁਰਾਦ ਅਲੀ ਮੁਹੰਮਦ ਦੇ ਛੋਟੇ ਭਰਾ ਬਿਲਾਲ ਮੁਹੰਮਦ ਦੇ ਪੁੱਤਰ ਸ਼ਾਹਿਦ ਮੁਹੰਮਦ (ਪ੍ਰਤੀਕ ਬੱਬਰ) ਨੂੰ ਹਿੰਦੂ ਮੁਹੱਲੇਦਾਰਾਂ ਵੱਲੋਂ ਦਹਿਸ਼ਤਗ਼ਰਦ ਮੰਨ ਲਿਆ ਜਾਂਦਾ ਹੈ। ਪੁਲਸ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰਨ 'ਤੇ ਉਸ ਨੂੰ ਪੁਲਸ 'ਮੁਕਾਬਲਾ ਬਣਾ ਕੇ' ਮਾਰ ਦਿੱਤਾ ਜਾਂਦਾ ਹੈ।
ਇਸ ਤੋਂ ਮਗਰੋਂ ਉਨ੍ਹਾਂ ਸਾਰੇ ਆਂਢੀਆਂ-ਗੁਆਂਢੀਆਂ (ਹਿੰਦੂਆਂ) ਦੀਆਂ ਨਜ਼ਰਾਂ ਬਦਲ ਜਾਂਦੀਆਂ ਹਨ, ਜਿਨ੍ਹਾਂ ਨਾਲ਼, ਸੈਰ ਕਰ ਕੇ ਮੁੜਦਾ ਹੋਇਆ ਵਕੀਲ ਮੁਰਾਦ ਅਲੀ ਮੁਹੰਮਦ ਰਾਹ ਵਿਚ ਬੈਠ ਕੇ ਚਾਹ ਪੀਂਦਿਆਂ, ਕ੍ਰਿਕਟ ਬਾਰੇ ਚਰਚਾ ਕਰਦਾ ਹੁੰਦਾ ਸੀ ਤੇ ਜਿਹੜੇ ਉਸ ਦੇ ਘਰ ਕੋਈ ਜਸ਼ਨ ਹੋਣ ਦੇ ਮੌਕੇ, ਆਪਣੀਆਂ ਘਰ ਵਾਲ਼ੀਆਂ ਤੋਂ ਚੋਰੀ, ਸੁਆਦਲੇ ਕਬਾਬ ਵੀ ਖਾਂਦੇ ਹੁੰਦੇ ਸਨ।
ਮਾਮਲਾ ਅਦਾਲਤ ਵਿਚ ਚਲਿਆ ਜਾਂਦਾ ਹੈ, ਜਿੱਥੇ ਹਿੰਦੂਆਂ ਦੀ ਧੀ ਅਤੇ ਮੁਸਲਮਾਨਾਂ ਦੀ ਨੂੰਹ ਆਰਤੀ ਮਲਹੋਤਰਾ ਮੁਹੰਮਦ (ਤਾਪਸੀ ਪੰਨੂ) ਵਕੀਲ ਵਜੋਂ ਪੇਸ਼ ਹੋ ਕੇ, 'ਹਮ' ਬਨਾਮ 'ਵੋਹ' ਦੇ ਆਧਾਰ 'ਤੇ ਇਸ ਦੇਸ਼ ਦੇ ਲੋਕਾਂ ਵਿਚਾਲ਼ੇ ਪਾਏ ਹੋਏ ਸਿਆਸੀ ਪਾੜ ਦੇ ਏਜੰਡੇ ਨੂੰ ਬੇਨਕਾਬ ਕਰਦੀ ਹੈ ਤੇ ਇਸ ਮੁਸਲਿਮ ਪਰਿਵਾਰ ਨੂੰ ਧੱਕੇ ਨਾਲ਼ ਹੀ ਦਹਿਸ਼ਤਗ਼ਰਦਾਂ ਨਾਲ਼ ਰਲ਼ਾਏ ਜਾਣੋਂ ਬਚਾਉਂਦੀ ਹੈ। ਆਰਤੀ ਮੁਹੰਮਦ, ਅਦਾਲਤ ਵਿਚ ਸਾਬਤ ਕਰਦੀ ਹੈ ਕਿ ਦਹਿਸ਼ਗ਼ਰਦੀ ਦਾ ਕੋਈ ਮਜ਼ਹਬ ਨਹੀਂ ਹੁੰਦਾ ਅਤੇ ਦਹਿਸ਼ਤਗ਼ਰਦੀ ਤੇ ਸਿਆਸਤ ਰਲ਼ ਵੀ ਜਾਣ ਤਾਂ ਉਹ 'ਮੁਲਕ' ਦੀ ਭਾਵਨਾ ਅੱਗੇ ਹੀਣੀਆਂ ਤੇ ਹੌਲ਼ੀਆਂ ਹੀ ਰਹਿਣਗੀਆਂ।
ਅਫ਼ਸੋਸ ਹੈ ਕਿ ਚਾਰ-ਚੁਫੇਰਿਓਂ ਇਸ ਫ਼ਿਲਮ ਦੀਆਂ ਤਾਰੀਫ਼ਾਂ ਹੋਣ ਦੇ ਬਾਵਜੂਦ ਇਹ ਫ਼ਿਲਮ ਇਕ ਹਫ਼ਤਾ ਹੀ ਕਿਉਂ ਚੱਲੀ ਤੇ ਉਹ ਵੀ ਮਸਾਂ ਦੋ-ਦੋ ਸ਼ੋਅ! ਦਰਸ਼ਕ ਚੰਗਾ ਸਿਨੇਮਾ ਕਦੋਂ ਦੇਖਣਾ, ਸਮਝਣਾ, ਪਸੰਦ ਕਰਨਾ ਅਤੇ ਅਪਣਾਉਣਾ ਸ਼ੁਰੂ ਕਰਨਗੇ?#
'ਮੁਲਕ' ਦੇ ਨਿਰਦੇਸ਼ਕ ਅਨੁਭਵ ਸਿਨ੍ਹਾ
ਐਡਵੋਕੇਟ ਮੁਰਾਦ ਅਲੀ ਦੇ ਕਿਰਦਾਰ ਵਿਚ ਰਿਸ਼ੀ ਕਪੂਰ
ਫ਼ਿਲਮ 'ਮੁਲਕ' ਦੀਆਂ ਕੁੱਝ ਝਲਕੀਆਂ
👇
👇👇
👇


