ਤੁਹਾਡੀ 'ਵਾਜ ਹੀ ਚੱਜ ਨਾਲ਼ ਨਹੀਂ ਨਿੱਕਲ ਰਹੀ...
========================
ਕਦੇ ਕਿਸੇ ਨੇ ਇਹ ਸੋਚਣ ਦੀ ਜ਼ਹਿਮਤ ਕੀਤੀ ਹੈ ਪਈ ਅੱਜ-ਕੱਲ ਲੋਕਾਂ ਦੇ ਜਜ਼ਬਾਤ ਕਿਸ ਹੱਦ ਤਕ 'ਦੱਬ ਕੇ' ਰਹਿ ਗਏ ਹਨ? ਜਜ਼ਬਾਤ ਜ਼ਾਹਰ ਕਰਨ ਲਈ ਕੁੱਝ ਜੋੜੇ, ਕੰਨਾਂ ਦੀ ਲੋੜ ਹੁੰਦੀ ਹੈ। ਕੰਨਾਂ ਦੇ ਕੁੱਝ ਜੋੜੇ ਭਾਲਣ ਲਈ ਕੁੱਝ ਸਰੋਤਿਆਂ ਦੀ ਲੋੜ ਹੁੰਦੀ ਹੈ। ਚਾਰ ਸਰੋਤੇ ਮਿਲ ਵੀ ਜਾਣ ਤਾਂ ਇਹ ਜ਼ਰੁਰੀ ਨਹੀਂ ਹੁੰਦਾ ਕਿ ਉਨ੍ਹਾਂ ਦੇ, ਅੱਠਾਂ ਦੇ ਅੱਠ ਕੰਨ ਕੰਮ ਵੀ ਕਰਦੇ ਹੋਣ। ਚਲੋ, ਸਾਰੇ ਨਾ ਸਹੀ, ਉਨ੍ਹਾਂ ਦੇ ਚਾਰ ਕੰਨ ਵੀ ਕੰਮ ਕਰਦੇ ਹੋਣ ਤਾਂ ਤੁਹਾਡੀ ਗੱਲ ਸੁਣੀ ਜਾਣ ਦਾ ਜੁਗਾੜ ਹੋ ਸਕਦਾ ਹੈ, ਪਰ ਇਹ ਕਿੰਨਾ ਕੁ ਜ਼ਰੂਰੀ ਹੈ ਕਿ ਉਹ ਚਾਰੇ ਹੀ ਕੰਨ, ਤੁਹਾਡੀ ਗੱਲ ਸੁਣ ਕੇ, ਸਮਝੀ ਜਾਣ ਲਈ ਅੱਗੇ ਦਿਮਾਗ਼ ਤਕ ਪਹੁੰਚਦੀ ਕਰ ਦੇਣਗੇ। ਇਸ ਕਰ ਕੇ ਸਹੀ ਕੰਨ ਲੱਭਣ ਲਈ, ਸਹੀ ਬੰਦੇ ਲੱਭਣ ਦੀ ਲੋੜ ਪੈ ਸਕਦੀ ਹੈ ਤੇ ਇਹ ਵੀ ਜ਼ਰੂਰੀ ਨਹੀਂ ਹੈ ਕਿ ਲੱਭੇ ਹੋਏ ਸਹੀ ਬੰਦਿਆਂ ਦੇ ਕੰਨ ਵੀ ਸਹੀ ਤਰ੍ਹਾਂ ਨਾਲ਼ ਕੰਮ ਕਰਦੇ ਹੋਣ। ਇਹ ਤਾਂ ਸਪੱਸ਼ਟ ਕੀਤਾ ਹੀ ਜਾ ਚੁੱਕਾ ਹੈ ਕਿ ਗੱਲ ਸੁਣਨ ਨਾਲ਼ ਹੀ ਕੰਨਾਂ ਦਾ ਕੰਮ ਮੁੱਕ ਨਹੀਂ ਜਾਂਦਾ, ਸੋ ਗੱਲ ਸੁਣ ਕੇ, ਸੋਚਣ-ਵਿਚਾਰਨ ਖ਼ਾਤਰ, ਅੱਗੇ ਦਿਮਾਗ਼ ਤਕ ਵੀ ਪਹੁੰਚਾਉਣੀ ਹੁੰਦੀ ਹੈ।
ਮੇਰੀ ਪਾਠਕਾਂ ਆਲ਼ੀ ਸਰਕਾਰ, ਹੁਣ ਤਕ ਤਾਂ ਇਹ ਸੋਚਣ ਲਈ ਮਜਬੂਰ ਹੋ ਗਈ ਹੋਵੇਗੀ ਕਿ ਤੁਹਾਡੇ ਤੋਂ ਇਹ ਕਾਲ਼ਾ ਲੇਖ ਪੜ੍ਹੇ ਬਗ਼ੈਰ ਹੀ 'ਲਾਈਕ' ਕਰ ਕੇ, ਅੱਗੇ ਨਹੀਂ ਲੰਘਿਆ ਜਾਣਾ। ਜਿਸ ਨੇ ਗੱਲ ਸਮਝਣੀ ਹੈ, ਉਹ ਸਮਝਣ ਦਾ ਹੀਲਾ ਕੀਤੇ ਬਗ਼ੈਰ 'ਲਾਈਕ' ਜਾਂ 'ਡਿਸਲਾਈਕ' ਨਹੀਂ ਕਰੇਗਾ, ਪਰ ਜਿਨ੍ਹਾਂ ਨੂੰ ਪੜ੍ਹੇ ਬਗ਼ੈਰ ਹੀ 'ਲਾਈਕਣ ਦੀ ਮਰਜ਼' ਹੋਵੇਗੀ, ਉਨ੍ਹਾਂ ਦਾ ਕੋਈ ਇਲਾਜ ਨਹੀਂ ਕਿਉਂ ਕਿ ਇਹ ਮਰਜ਼ ਹੀ ਲਾਇਲਾਜ ਹੈ। ਹਾਂ, ਤਾਂ ਮੈਂ ਮਰਜ਼ ਦੇ ਸਬੰਧ ਵਿਚ ਕੀ ਅਰਜ਼ ਕਰ ਰਿਹਾ ਸਾਂ? ਗੱਲ ਸੁਣ ਕੇ ਦਿਮਾਗ਼ ਤਕ ਪਹੁੰਚਾਉਣ ਦੀ ਗੱਲ ਹੋ ਰਹੀ ਸੀ ਸ਼ਾਇਦ।
ਗੱਲ ਦਿਮਾਗ਼ ਤਕ ਪਹੁੰਚਾਉਣ ਨਾਲ਼ ਹੀ ਗੱਲ ਮੁੱਕਦੀ ਹੋਵੇ ਤਾਂ ਇਸ ਨਾਲ਼ ਦੀ ਤਾਂ ਰੀਸ ਹੀ ਕੋਈ ਨਹੀਂ। ਗੱਲ ਤਾਂ ਦਿਮਾਗ਼ ਕੋਲ਼ ਪਹੁੰਚਦੀ ਕਰ ਦਿੱਤੀ, ਪਰ ਜੇ ਦਿਮਾਗ਼ ਵੱਲੋਂ ਉਸ ਦੀ ਕੋਈ ਉੱਘ-ਸੁੱਘ ਹੀ ਨਾ ਮੁੜੀ ਤਾਂ ਗੱਲ ਤਾਂ ਕੀਤੀ-ਕਰਾਈ ਤੇ ਸੁਣੀ-ਸੁਣਾਈ ਹੀ ਖੇਹ ਹੋ ਗਈ। ਸੋ ਗੱਲ ਕਰਨ ਦੇ ਚਾਹਵਾਨ ਭਲੇਮਾਣਸਾਂ ਨੂੰ ਇਹ ਇਲਮ ਵੀ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਜਿਹੜੇ ਚਾਰ ਕੰਨਾਂ ਨੂੰ ਕੰਮ ਕਰਦੇ ਸਮਝ ਕੇ, ਗੱਲ ਉਨ੍ਹਾਂ ਵੱਲ 'ਦਾਗ਼ ਦਿੱਤੀ' ਹੈ, ਉਨ੍ਹਾਂ ਦੇ ਪਿਛਲੇ ਪਾਸੇ ਪਿਆ ਦਿਮਾਗ਼, ਗੱਲ ਸਮਝ ਕੇ ਉਸ ਦੀ ਉੱਘ-ਸੁੱਘ ਮੋੜਨ ਜੋਗਾ ਯਾਨੀ ਕੁੱਝ ਕਰਨ-ਧਰਨ ਜੋਗਾ ਵੀ ਹੈ? ਹੁਣ ਤਕ ਦੀ ਇਸ ਵਾਰਤਾ ਦਾ ਮੋਟਾ ਜਿਹਾ ਨਤੀਜਾ ਤਾਂ ਇਹੋ ਨਿੱਕਲਦਾ ਹੈ ਕਿ 'ਧੀਏ ਗੱਲ ਕਰ, ਨੂੰਹੇਂ ਕੰਨ ਕਰ' ਨਾਲ਼ ਹੀ ਗੱਲ ਮੁੱਕਦੀ-ਮੁਕਾਉਂਦੀ ਜਾਂ ਕਿਸੇ ਸਿਰੇ ਨਹੀਂ ਲੱਗਦੀ। ਇਸ ਤੋਂ ਪਹਿਲਾਂ 'ਨੂੰਹ-ਧੀ ਦੇ ਕੰਨਾਂ ਦੀ ਜਾਂਚ' ਵੀ ਕਰਾਉਣੀ ਪਏਗੀ ਤੇ ਜਾਂਚ ਦਾ ਕੰਮ, ਕੰਨਾਂ ਤਕ ਹੀ ਸੀਮਤ ਨਹੀਂ ਰਹਿਣਾ। ਗੱਲ ਪਾ ਕੇ, ਸੁਣਨ-ਸਮਝਣ ਵਾਲ਼ਾ ਦਿਮਾਗ਼ ਵੀ ਜਾਂਚ ਦੇ ਘੇਰੇ ਤੋਂ ਬਾਹਰ ਨਹੀਂ ਰੱਖਿਆ ਜਾ ਸਕੇਗਾ।
ਸੋ, ਸੱਜਣੋਂ ਅਤੇ ਸੱਜਣੀਓਂ! ਗੱਲ ਕਰਨੀ ਵੀ ਇੰਨਾ 'ਖ਼ਾਲਾ ਜੀ ਦਾ ਵਾੜਾ' ਨਹੀਂ ਕਿ ਜਦੋਂ ਉਸ ਅੰਦਰ ਵੜੋ, ਉਸ ਵਿਚੋਂ ਪੱਕਿਆ ਹੋਇਆ ਹਦਵਾਣਾ ਜਾਂ ਖ਼ਰਬੂਜ਼ਾ ਤੋੜ ਲਿਆਓ। ਇਸ ਕਰ ਕੇ ਇਸ ਜਹਾਨ ਵਿਚ ਬਹੁਤੇ ਲੋਕ, ਬੰਦ ਜਾਂ ਬੋਲ਼ੇ ਕੰਨਾਂ ਮੁੱਢ ਹੀ ਦਸਤਕਾਂ ਦੇਈ ਜਾਂਦੇ ਹਨ। ਜਿਹੜੇ ਲੋਕ ਇਹ ਜਾਣਦੇ ਹਨ ਕਿ ਇਸ ਜਹਾਨ ਵਿਚ ਬਹੁਤੇ ਕੰਨ ਅਤੇ ਉਨ੍ਹਾਂ ਪਿਛਲੇ ਦਿਮਾਗ਼, ਕਹੀ ਹੋਈ ਗੱਲ ਦਾ ਬਣਦਾ ਹੁੰਗਾਰਾ ਭਰਨ ਜੋਗੇ ਨਹੀਂ ਹਨ, ਉਹ ਆਪਣੀ ਗੱਲ, ਜੋ ਅਰਥ ਭਰਪੂਰ ਹੋਣ ਦੇ ਬਾਵਜੂਦ ਕਿਸੇ ਕੰਨ ਮੁੱਢ ਨਹੀਂ ਮਾਰਦੇ ਕਿਉਂ ਕਿ ਉਨ੍ਹਾਂ ਨੂੰ ਇਹ ਵੀ ਇਲਮ ਹੁੰਦਾ ਹੈ ਕਿ ਉਨ੍ਹਾਂ ਦੀ ਗੱਲ ਉਨ੍ਹਾਂ ਕੰਨਾਂ ਮੁੱਢ ਵੱਜ ਕੇ ਹੀ ਮੁੜ ਆਉਣੀ ਹੈ। ਇਸ ਤਰ੍ਹਾਂ ਦੇ ਬੰਦੇ ਆਪਣੀਆਂ ਗੱਲਾਂ ਆਪਣੇ ਮਨਾਂ ਵਿਚ ਹੀ ਰੱਖ ਕੇ, ਆਪਣੇ ਬਾਰੇ ਇਕ ਖ਼ੁਸ਼-ਬਾਸ਼ ਤੇ ਪੁਖ਼ਤਾ ਬੰਦੇ ਦਾ ਭੁਲੇਖਾ ਸਿਰਜਦੇ ਰਹਿੰਦੇ ਹਨ।
ਇਸ ਲਈ, ਗੱਲ ਦਾ ਕੰਨੋਂ-ਕੰਨ ਜਾਣਾ ਤਾਂ ਇਕ ਪਾਸੇ ਰਹਿ ਗਿਆ, ਮਨੋਂ-ਮਨ ਕੀਤੀਆਂ ਜਾਣ ਵਾਲ਼ੀਆਂ ਗੱਲਾਂ ਵੀ ਬਹੁਤ ਥੋੜ੍ਹੀਆਂ ਹੀ ਨਹੀਂ ਹੁੰਦੀਆਂ, ਸਗੋਂ ਜਿੰਨੀਆਂ ਹੁੰਦੀਆਂ ਹਨ, ਉਹ ਵੀ ਜਾਅਲੀ ਅਤੇ ਖੋਖਲੀਆਂ ਹੀ ਹਨ। ਇਸ ਜ਼ਮਾਨੇ ਵਿਚ ਬਹੁਤੇ ਮਨ 'ਖੋਖਲ਼ੇ ਬਹਾਨਿਆਂ' ਨਾਲ਼ ਭਰੇ ਹੋਏ ਹਨ। ਹੁਣ ਤਾਂ ਹਾਲ ਇਹ ਹੋ ਗਿਆ ਹੈ ਕਿ ਬਹੁਤੇ ਲੋਕ, ਆਪਣੇ ਜੀਵਨ-ਸਾਥੀਆਂ ਨਾਲ਼ ਵੀ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ ਕਿਉਂ ਕਿ ਉਨ੍ਹਾਂ ਨੂੰ ਇਹ ਡਰ ਰਹਿੰਦਾ ਹੈ ਕਿ ਉਨ੍ਹਾਂ ਨੂੰ, ਉਨ੍ਹਾਂ ਦੀ ਗੱਲ ਦੇ ਹਿਸਾਬ ਨਾਲ਼ ਹੀ ਕੋਈ ਦਰਜਾ ਨਾ ਦੇ ਦਿੱਤਾ ਜਾਵੇ ਜਾਂ ਨਕਾਰ ਨਾ ਦਿੱਤਾ ਜਾਵੇ। ਇਸ ਲਈ ਬਹੁਤਿਆਂ ਲੋਕਾਂ ਦੀਆਂ ਗੱਲਾਂ ਦਿਲ ਦੀਆਂ ਦਿਲ ਵਿਚ ਹੀ ਰਹਿ ਜਾਂਦੀਆਂ ਹਨ। ਲੋਕਾਂ ਦੇ ਬਾਹਰੀ ਅਕਸ ਇਹੋ ਧੁਮਾ ਦਿੰਦੇ ਹਨ ਕਿ ਕਮਜ਼ੋਰੀ ਦੇ ਸੁਹਲੇ ਕੋਈ ਨਹੀਂ ਗਾਉਂਦਾ।
ਨਿਆਣੇ, ਜੋ ਜਹਾਨ ਦਾ ਭਵਿੱਖ ਸਮਝੇ ਜਾਂਦੇ ਹਨ, ਚਿੰਤਾ ਅਤੇ ਨਿਰਾਸ਼ਾ ਦੇ ਸ਼ਿਕਾਰ ਹੋ ਕੇ 'ਮਾਨਸਕ ਦਬਾਅ ਦੀਆਂ ਬੋਤਲਾਂ' ਬਣੇ ਹੋਏ ਹਨ। ਉਨ੍ਹਾਂ ਨੂੰ ਇਹੋ ਜਿਹੇ ਦੋਸਤ ਨਹੀਂ ਲੱਭਦੇ, ਜਿਹੜੇ ਉਨ੍ਹਾਂ ਵਿਚੋਂ 'ਕੀੜੇ ਨਾ ਲੱਭਣ'। ਉਨ੍ਹਾਂ ਨੂੰ ਕਿਸੇ ਪਾਸੇ ਵੀ ਸਮਾਜਕ ਢਾਸਣਾ ਨਹੀਂ ਮਿਲਦਾ। ਇਸ ਦੀ ਵਜ੍ਹਾ ਹੈ 'ਜ਼ਿੰਦਗ਼ੀ ਦੀ ਰਫ਼ਤਾਰ ਦਾ ਤੇਜ਼ ਹੋ ਜਾਣਾ ਅਤੇ ਰੁਝੇਵਿਆਂ ਦਾ ਵਧ ਜਾਣਾ'। ਇਸ ਜ਼ਮਾਨੇ ਵਿਚ ਕਿਸੇ ਕੋਲ ਇੰਨਾ ਵਿਹਲ ਨਹੀਂ ਹੈ ਕਿ ਉਹ ਕਿਸੇ ਰੋਂਦੇ ਬੰਦੇ ਕੋਲ ਰੁਕ ਜਾਵੇ ਤੇ ਉਸ ਨੂੰ ਮੋਢਾ ਦੇਣ ਲਈ, ਘੜੀ ਕੁ ਉਸ ਕੋਲ਼ ਬਹਿ ਜਾਵੇ। ਜ਼ਿੰਦਗ਼ੀ ਦੀ ਰਫ਼ਤਾਰ ਤੇਜ਼ ਹੋਣ ਅਤੇ ਰੁਝੇਵੇਂ ਵਧ ਜਾਣ ਦੀ ਵਜ੍ਹਾ, ਸਾਡੇ ਵੱਲੋਂ 'ਥਿਆਲ਼ੀ ਉੱਤੇ ਸਰੋਂ ਜਮਾਉਣ ਦੇ ਹੀਲੇ ਕਰਨਾ ਹੀ ਨਹੀਂ, ਸਗੋਂ ਸਰੋਂ ਵੀ ਝਟਕੀ-ਪਟਕੀ ਜਮਾ ਕੇ ਦਿਖਾਉਣ ਦੇ ਹੀਲੇ ਕਰਨਾ' ਹੈ। ਇਨ੍ਹਾਂ ਹੀਲਿਆਂ ਦੌਰਾਨ ਜਜ਼ਬਾਤ ਮਾਨਣੇ ਅਤੇ ਜੀਂਦੇ ਰੱਖਣੇ, ਸਮਾਂ ਬਰਬਾਦ ਕਰਨਾ ਹੀ ਸਮਝੇ ਜਾਣ ਲੱਗੇ ਹਨ। ਇਸ ਦੌਰ ਵਿਚ ਮਨੁੱਖ ਦੀ ਉਮਰ ਵਧ ਗਈ ਹੈ, ਜ਼ਿੰਦਗ਼ੀ ਘਟ ਗਈ ਹੈ। ਮਨੁੱਖ ਜ਼ਿੰਦਗ਼ੀ ਬਿਤਾਉਂਦਾ ਨਹੀਂ, ਦਿਨ-ਕਟੀ ਕਰਦਾ ਹੈ। ਅਸੀਂ ਜੀਣ ਦੇ ਆਨੰਦ ਦਾ ਅਰਥ ਗੁਆ ਲਿਆ ਹੈ। ਸਾਨੂੰ ਕਿਸੇ ਪਾਸੇ ਜਾਣ ਦੀ ਕਾਹਲ਼ ਤਾਂ ਰਹਿੰਦੀ ਹੈ, ਮੁੜ ਕੇ ਆਉਣ ਦਾ ਚਿੱਤ-ਚੇਤਾ ਵੀ ਨਹੀਂ ਹੁੰਦਾ।
ਸਾਡੇ ਕੋਲ, ਗੱਲ ਕਹਿਣ ਲਈ ਕੰਨਾਂ ਦੀ ਥਾਂ 'ਵਟਸ ਐਪ', 'ਫੇਸਟਾਈਮ' ਅਤੇ 'ਸੋਸ਼ਲ ਮੀਡੀਆ' ਹਨ। ਸਾਥ ਦੀ ਥਾਂ, ਸਾਡੇ ਕੋਲ 'ਦਬਾਅ', 'ਚਿੰਤਾ' ਅਤੇ 'ਨਿਰਾਸ਼ਾ' ਹਨ। ਸਾਡੇ ਬਜ਼ੁਰਗਾਂ ਨੂੰ ਕਦੇ 'ਦਬਾਅ', 'ਚਿੰਤਾ' ਅਤੇ 'ਨਿਰਾਸ਼ਾ' ਨੇ ਨਹੀਂ ਘੇਰਿਆ ਸੀ ਕਿਉਂ ਕਿ ਉਹ ਇਕ-ਦੂਜੇ ਨਾਲ਼ ਗੱਲਾਂ ਕਰਦੇ ਹੁੰਦੇ ਸਨ, ਕਿਉਂ ਕਿ ਗੱਲਾਂ ਕਰਨ ਨਾਲ਼ ਮਨ ਹੌਲ਼ਾ ਹੁੰਦਾ ਹੈ। "ਠਹਿਰ ਜਾ ਯਾਰ, ਮੇਰੀ ਗੱਲ ਸੁਣ।" ਜਾਂ "ਸੁਣ ਵੀ!" ਜਾਂ "ਸੁਣ ਤਾਂ ਸਹੀ!" ਜਾਂ "ਯਾਰ, ਆਪਣਾ ਮੋਢਾ ਉਰ੍ਹਾਂ ਕਰ ਮੈਂ ਘੜੀ ਕੁ ਰੋ ਲਵਾਂ।" ਜਾਂ "ਬੱਸ ਤੂੰ ਚੁੱਪ ਕਰ ਕੇ ਬਹਿ ਤੇ ਮੇਰੇ ਮੂੰਹ ਵੱਲ ਦੇਖ।" ਵਰਗੇ ਬੋਲ ਹੁਣ ਕਿਤੋਂ ਨਹੀਂ ਸੁਣਦੇ। ਹੁਣ ਉਹ ਗੱਲਾਂ ਨਹੀਂ ਹੁੰਦੀਆਂ, ਉਹ ਬੋਲ ਜਾਂ ਅਵਾਜ਼ਾਂ ਨਹੀਂ ਨਿੱਕਲਦੀਆਂ, ਜਿਨ੍ਹਾਂ ਵਿਚ ਮਨਾਂ ਅੰਦਰਲੀ ਵੇਦਨਾ ਹੁੰਦੀ ਸੀ, ਦੁੱਖ ਹੁੰਦਾ ਸੀ, ਦਰਦ ਹੁੰਦਾ ਸੀ। ਇਹ 'ਅੰਦਰਲੀਆਂ ਗੱਲਾਂ' ਕਰਦਿਆਂ ਕਿਸੇ ਨੂੰ ਇਹ ਫ਼ਿਕਰ ਨਹੀਂ ਹੁੰਦਾ ਸੀ ਕਿ ਉਸ ਦੀਆਂ ਇਹ ਗੱਲਾਂ ਸੁਣ ਕੇ ਲੋਕ ਕੀ ਕਹਿਣਗੇ ਭਲਾ ਜਾਂ ਇਹ ਗੱਲਾਂ ਸੁਣ ਕੇ ਲੋਕ ਉਸ ਨੂੰ ਦੁਰਕਾਰ ਤਾਂ ਨਹੀਂ ਦੇਣਗੇ।
ਅੱਜ ਅਸੀਂ ਬਦਲ ਗਏ ਹਾਂ, ਸਾਡੀਆਂ ਗੱਲਾਂ ਬਦਲ ਗਈਆਂ ਹਨ, ਸਾਡੇ ਬੋਲ ਬਦਲ ਗਏ ਹਨ, ਸਾਡੀ ਅਵਾਜ਼ ਬਦਲ ਗਈ ਹੈ, ਸਾਡੀ ਆਵਾਜ਼ ਨਹੀਂ ਨਿੱਕਲਦੀ। ਅਸੀਂ ਗੱਲਾਂ ਹੀ ਨਹੀਂ ਕਰਦੇ, ਅਸੀਂ ਲੋਕਾਂ ਦੇ ਮੱਥੇ ਲੱਗਣੋਂ ਡਰਦੇ ਹਾਂ। ਅਸੀਂ ਬਿਮਾਰ ਹੋ ਗਏ ਹਾਂ, ਕਈ-ਕਈ ਮਰਜ਼ਾਂ ਦੇ ਸ਼ਿਕਾਰ ਹੋ ਗਏ ਹਾਂ। ਇਸ ਦਾ ਇਕੋ-ਇਕ ਇਲਾਜ ਹੈ:
ਜਬ ਲਗ ਦੁਨੀਆ ਰਹੀਏ ਨਾਨਕ
ਕਿਛ ਸੁਣੀਏ ਕਿਛ ਕਹੀਏ॥
ਯਾਨੀ 'ਕੁੱਝ ਸੁਣੀਏ, ਕੁੱਝ ਕਹੀਏ'। ਲੋਕਾਂ ਨੂੰ ਫਿਰ ਖੁੱਲ੍ਹ ਕੇ ਗੱਲਾਂ ਕਰਨ ਦਿਓ ਅਤੇ ਫਿਰ ਉਨ੍ਹਾਂ ਦੀਆਂ ਗੱਲਾਂ ਸੁਣੋ ਵੀ। ਲੋਕਾਂ ਦੀ ਅਵਾਜ਼ ਫਿਰ ਨਿੱਕਲੇ, ਉਸ ਦੇ ਨਿੱਕਲਣ ਦੇ ਪ੍ਰਬੰਧ ਕੀਤੇ ਜਾਣ। ਸੁਣਾਂਗੇ ਤਾਂ ਕਦੇ ਸਮਝਾਂਗੇ ਵੀ। ਸਮਝਾਂਗੇ ਤਾਂ ਹੁੰਗਾਰਾ ਵੀ ਭਰਾਂਗੇ। ਨਿਡਰ ਹੋ ਕੇ ਬੋਲੋ, ਗੱਲਾਂ ਕਰੋ, ਚੱਜ ਦੀ ਗੱਲ-ਬਾਤ ਸਿਰਜੋ! ਗੱਲ-ਬਾਤ ਕਰੋ, ਸੰਪਰਕ ਸਾਧੋ, ਸੰਵਾਦ ਬਣਾਓ!!#


