ਸ਼ਬਦੰਗਲ-72



ਚਾਰ ਸਾਲ 'ਮੋਦੀ-ਮੋਦੀ' ਗਾਉਂਦੇ ਰਹੇ ਟੀਵੀ ਚੈਨਲ ਦੇ 
ਦੋ ਵੱਡੇ ਖ਼ਬਰਦਾਰਾਂ ਨੂੰ ਘਰੀਂ ਤੋਰਿਆ
==========================
      ਗੱਲ ਤਕਰੀਬਨ ਉਹੋ ਜਿਹੀ ਹੈ, ਜਿਹੋ ਜਿਹੀ ਕਤਲ ਦੇ ਕੇਸ ਵਿਚ ਉਮਰ ਕੈਦ ਭੁਗਤਦੇ ਇਕ ਕੈਦੀ ਨਾਲ਼, ਪੈਰੋਲ 'ਤੇ ਘਰ ਆਉਣ ਵੇਲ਼ੇ ਹੋਈ ਸੀ। ਹੁਣ ਮੇਰੇ ਪਾਠਕਾਂ ਨੂੰ ਇਹ ਪੁੱਛਣ ਦਾ ਪੂਰਾ ਹੱਕ ਹੈ ਕਿ ਉਸ ਉਮਰ ਕੈਦੀ ਨਾਲ਼ ਕਿਹੋ ਜਿਹੀ ਹੋਈ ਸੀ ਭਲਾ। ਗੱਲ ਵਿੱਢੀ ਹੈ ਤਾਂ ਸਿਰੇ ਵੀ ਲਾਉਣੀ ਪਏਗੀ, ਸੋ ਲਾ ਰਹੇ ਹਾਂ। ਉਹ ਕੈਦੀ, ਹਰ ਰਾਤ ਜੇਲ੍ਹ ਵਿਚ, ਸੌਣ ਜੋਗਾ ਹੋਣ ਖ਼ਾਤਰ, ਕੈਦੀਆਂ ਤੋਂ ਕੁੱਟ ਖਾਂਦਾ ਹੁੰਦਾ ਸੀ ਕਿਉਂ ਕਿ ਉਸ ਨੂੰ ਕੁੱਟ ਖਾਧੇ ਬਗ਼ੈਰ ਨੀਂਦ ਨਹੀਂ ਆਉਂਦੀ ਸੀ। ਉਹ ਪੈਰੋਲ 'ਤੇ ਘਰ ਆਇਆ ਤਾਂ ਹਰ ਰਾਤੇ ਆਪਣੇ ਭਰਾਵਾਂ ਨੂੰ ਕਿਹਾ ਕਰੇ, "ਯਾਰ, ਸਾਰੇ ਜਣੇ ਰਲ਼ ਕੇ ਮੇਰੇ ਚਾਰ-ਚਾਰ ਲਫੇੜੇ ਮਾਰ ਦਿਓ, ਨਹੀਂ ਤਾਂ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਣੀ।"
     ਪਿਛਲੇ ਚਾਰ ਸਾਲ 'ਮੋਦੀ-ਭਗਤ' ਰਹੇ ਮੀਡੀਆ ਵਾਲ਼ੇ, ਖ਼ਬਰਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲਏ ਜਾਣ ਦੀ ਅਤੇ ਉਨ੍ਹਾਂ ਦੀ ਤਸਵੀਰ ਦਿਖਾਉਣ ਦੀ ਮਨਾਹੀ ਕੀਤੀ ਜਾਣ 'ਤੇ, ਪੈਰੋਲ 'ਤੇ ਆਏ ਉਸ ਕੈਦੀ ਵਰਗੇ ਹੋ ਗਏ ਹਨ, ਜਿਸ ਜ਼ਿਕਰ ਪਹਿਲੇ ਪੈਰੇ ਵਿਚ ਕੀਤਾ ਗਿਆ ਹੈ। "ਹੁਣ ਉਹ ਕਹਿੰਦੇ ਨੇ ਨਾ ਮੈਂ ਮੋਦੀ ਦਾ ਨਾਂ ਲਵਾਂ, ਨਾ ਉਨ੍ਹਾਂ ਦੀ ਤਸਵੀਰ ਦਿਖਾਵਾਂ" ਦੀ ਦੁਹਾਈ ਪਾਉਣ ਵਾਲ਼ਾ ਪੁਣਯ ਪ੍ਰਸੂਨ ਬਾਜਪਈ ਵੀ ਉਨ੍ਹਾਂ ਮੀਡੀਆ ਵਾਲ਼ਿਆਂ ਵਿਚੋਂ ਹੀ ਹੈ। ਕੁੱਟ ਖਾਧੇ ਬਗ਼ੈਰ ਰਾਤ ਨੂੰ ਸੌਂ ਨਾ ਸਕਣ ਵਾਲ਼ਾ ਕੈਦੀ ਤਾਂ ਮੂੰਹ-ਜ਼ੁਬਾਨੀ ਹੀ ਲੇਲੜੀਆਂ ਕੱਢਦਾ ਹੁੰਦਾ ਸੀ, ਸਾਡੇ ਇਸ 'ਪਾਬੰਦੀਆਂ ਦੇ ਆਦੀ ਪੱਤਰਕਾਰ' ਨੇ ਤਾਂ ਇਹ ਦੁਹਾਈ ਆਪਣੇ ਲੇਖਾਂ ਵਿਚ ਵੀ ਪਾਉਣੀ ਸ਼ੁਰੂ ਕਰ ਦਿੱਤੀ ਹੈ। 'ਏਬੀਪੀ ਨਿਊਜ਼' ਚੈਨਲ ਉੱਤੇ 'ਮਾਸਟਰ ਸਟਰੋਕ' ਨਾਂ ਦਾ ਪ੍ਰੋਗਰਾਮ ਪੇਸ਼ ਕਰਦੇ ਰਹੇ, 'ਪੱਪਾ ਪੱਪਾ ਬਾਜਪਈ' ਨੇ 'ਮੋਦੀ-ਭਗਤੀ' ਵਿਚ ਵਿਘਨ ਪਾਉਣ ਵਾਲ਼ਾ ਇਹ ਹੁਕਮ ਮਿਲਣ ਮਗਰੋਂ, ਇਸ ਚੈਨਲ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਟੀਵੀ ਮੇਜ਼ਬਾਨ ਦੇ ਸਿਰ ਮੋਦੀ-ਭਗਤੀ ਇੰਨੀ ਚੜ੍ਹੀ ਹੋਈ ਸੀ ਕਿ ਹੁਣ 'ਮੋਦੀ-ਭਗਤੀ ਦੀ ਮਨਾਹੀ' ਕਰ ਦਿੱਤੀ ਜਾਣ ਮਗਰੋਂ ਉਸ ਨੂੰ ਆਪਣੀ 'ਮਾਸਟਰ ਸਟਰੋਕ' ਹੀ 'ਠੁੱਸ' ਹੋ ਗਈ ਲੱਗਦੀ ਹੈ, ਯਾਨੀ ਉਹ 'ਮੋਦੀ-ਨਸ਼ਾ' ਕਰ ਕੇ ਹੀ 'ਸੁੱਖ਼ ਦੀ ਨੀਂਦ' ਸੌਣ ਦਾ ਆਦੀ ਸੀ।
    ਨੌਕਰੀ ਤੋਂ ਹਟਾਏ ਜਾਣ ਮਗਰੋਂ ਬਾਜਪਈ 'ਚੀਚੀ ਨੂੰ ਲਹੂ ਲਾ ਕੇ ਸ਼ਹੀਦ ਕਹਾਉਣ' ਦਾ ਹੀਲਾ ਕਰਦਿਆਂ 'ਏਬੀਪੀ ਨਿਊਜ਼' ਚੈਨਲ ਉੱਤੇ 'ਸਰਕਾਰੀ ਦਬਾਅ ਹੇਠ ਗੋਡੀ ਲਾਉਣ ਦਾ' ਦੋਸ਼ ਲਗਾਉਣ ਦੇ ਆਹਰ ਵਿਚ, ਧੜਾਧੜ ਲੇਖ ਲਿਖੀ ਜਾ ਰਿਹਾ ਹੈ। ਪੱਤਰਕਾਰੀ ਦੇ ਹੁਨਰ ਪੱਖੋਂ ਬਹੁਤ ਹੀ ਖ਼ਾਮੀਆਂ ਭਰੇ ਇਨ੍ਹਾਂ ਲੇਖਾਂ ਵਿਚੋਂ ਇਕ ਲੇਖ ਵਿਚ, ਉਸ ਨੇ ਏਦਾਂ ਲਿਖਿਆ ਹੋਇਆ ਹੈ, "ਕਿਆ ਯੇ ਸੰਭਵ ਹੈ ਕਿ ਆਪ ਪ੍ਰਧਾਨ ਮੰਤ੍ਰੀ ਨਰੇਂਦ੍ਰ ਮੋਦੀ ਕਾ ਨਾਮ ਨਾ ਲੇਂ. ਆਪ ਚਾਹੇ ਤੋ ਉਨਕੇ ਮੰਤਰੀਓਂ ਕਾ ਨਾਮ ਲੇ ਲੀਜੀਏ. ਸਰਕਾਰ ਕੀ ਨੀਤੀਓਂ ਮੇਂ ਜੋ ਭੀ ਗੜਬੜੀ ਦਿਖਾਨਾ ਚਾਹਤੇ ਹੈਂ, ਦਿਖਾ ਸਕਤੇ ਹੈਂ. ਮੰਤਰਾਲਯ ਕੇ ਹਿਸਾਬ ਸੇ ਮੰਤ੍ਰੀ ਕਾ ਨਾਮ ਲੀਜੀਏ, ਪਰ ਪ੍ਰਧਾਨ ਮੰਤ੍ਰੀ ਨਰੇਂਦ੍ਰ ਮੋਦੀ ਕਾ ਜ਼ਿਕਰ ਕਹੀਂ ਨਾ ਕੀਜੀਏ. ਲੇਕਿਨ ਜਬ ਪ੍ਰਧਾਨ ਮੰਤਰੀ ਖ਼ੁਦ ਹੀ ਹਰ ਯੋਜਨਾ ਕਾ ਐਲਾਨ ਕਰਤੇ ਹੈ. ਹਰ ਮੰਤਰਾਲਯ ਕੇ ਕਾਮਕਾਜ ਸੇ ਖ਼ੁਦ ਕੋ ਜੋੜੇ ਹੂਏ ਹੈਂ ਔਰ ਉਨਕੇ ਮੰਤ੍ਰੀ ਭੀ ਜਬ ਉਨਕਾ ਹੀ ਨਾਮ ਲੇਕਰ ਯੋਜਨਾ ਯਾ ਸਰਕਾਰੀ ਨੀਤੀਓਂ ਕਾ ਜ਼ਿਕਰ ਕਰ ਰਹੇ ਹੈਂ ਤੋ ਆਪ ਕੈਸੇ ਮੋਦੀ ਕਾ ਨਾਮ ਹੀ ਨਹੀਂ ਲੇਂਗੇ. ਅਰੇ ਛੋੜ ਦੀਜੀਏ...ਕੁਛ ਦਿਨੋਂ ਤਕ ਦੇਖਤੇ ਹੈਂ ਕਿਆ ਹੋਤਾ ਹੈ. ਵੈਸੇ ਆਪ ਕਰ ਠੀਕ ਰਹੇ ਹੈਂ...ਪਰ ਅਭੀ ਛੋੜ ਦੀਜੀਏ." 
     ਇਸ ਤਰ੍ਹਾਂ ਦੀ ਲੰਗੜੀ ਜਿਹੀ ਭਾਸ਼ਾ ਵਿਚ ਲਿਖੇ ਇਨ੍ਹਾਂ ਲੇਖਾਂ ਵਿਚ ਇਸ 'ਖ਼ਬਰਦਾਰ' ਨੇ ਇਹ ਵੀ ਲਿਖਿਆ ਹੋਇਆ ਹੈ ਕਿ 'ਆਨੰਦ ਬਜ਼ਾਰ ਪੱਤ੍ਰਿਕਾ' ਦੇ ਰਾਸ਼ਟਰੀ ਚੈਨਲ 'ਏਬੀਪੀ ਨਿਊਜ਼' ਦੇ ਮਾਲਕ ਤੇ ਮੁੱਖ ਸੰਪਾਦਕ ਵੱਲੋਂ ਇਹ ਗੱਲਾਂ ੧੪ ਜੁਲਾਈ ਨੂੰ ਕੀਤੀਆਂ ਗਈਆਂ। ਮੁੱਖ ਸੰਪਾਦਕ (ਜਿਨ੍ਹਾਂ ਦਾ ਨਾਂ ਮਿਲਿੰਦ ਖਾਂਡੇਕਰ ਹੈ, ਪਰ ਇਨ੍ਹਾਂ ਲੇਖਾਂ ਵਿਚੋ ਇਹ ਨਾਂ ਵੀ 'ਮੋਦੀ ਦੇ ਨਾਂ ਵਾਂਗ ਹੀ' ਗ਼ਾਇਬ ਹੈ) ਨੇ ਮੰਨਿਆ ਹੈ ਕਿ 'ਮਾਸਟਰ ਸਟਰੋਕ' ਪ੍ਰੋਗਰਾਮ ਨੇ ਚੈਨਲ ਦੀ ਸਾਖ਼ ਵਧਾਈ ਹੈ। ਉਨ੍ਹਾਂ ਨੇ ਲਿਖਿਆ ਹੋਇਆ ਹੈ ਕਿ ਮੁੱਖ ਸੰਪਾਦਕ ਨੇ ਕਿਹਾ ਕਿ 'ਮਾਸਟਰ ਸਟਰੋਕ' ਵਿਚ ਜਿਸ ਤਰ੍ਹਾਂ ਦੀ 'ਰਿਸਰਚ' ਹੁੰਦੀ ਹੈ, ਜਿਸ ਤਰ੍ਹਾਂ ਦੀਆਂ ਖ਼ਬਰਾਂ (ਕੋ ਲੇਕਰ) 'ਗਰਾਊਂਡ ਜ਼ੀਰੋ' ਤੋਂ 'ਰਿਪੋਰਟਿੰਗ' ਹੁੰਦੀ ਹੈ। ਰਿਪੋਰਟ ਦੇ ਜ਼ਰੀਏ ਸਰਕਾਰ ਦੀਆਂ ਨੀਤੀਆਂ ਦਾ ਪੂਰਾ 'ਖਾਕਾ ਰੱਖਾ ਜਾਤਾ' ਹੈ। 'ਗ੍ਰਾਫ਼ਿਕਸ' ਅਤੇ 'ਸਕਰਿਪਟ' ਜਿਸ ਤਰ੍ਹਾਂ ਲਿਖੀ ਜਾਂਦੀ ਹੈ, ਉਹ ਚੈਨਲ ਦੇ ਇਤਿਹਾਸ ਵਿਚ ਪਹਿਲੀ ਵਾਰ ਉਨ੍ਹਾਂ ਨੇ ਵੀ ਦੇਖਿਆ।
     ਇਹ 'ਪੱਤਰਕਾਰ' ਲਿਖਦਾ ਹੈ ਕਿ ਚੈਨਲ ਅਤੇ ਉਸ ਦੇ ਪ੍ਰੋਗਰਾਮ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹਦਿਆਂ ਹੀ ਇਸ ਚੈਨਲ ਦਾ ਮਾਲਕ ਅਤੇ ਮੁੱਖ ਸੰਪਾਦਕ ਅਚਾਨਕ ਹੀ ਇਹ ਵੀ ਕਹਿਣ ਲੱਗ ਪਿਆ ਕਿ ਜੇ ਇਹ ਸਭ ਕੁੱਝ ਏਦਾਂ ਹੀ ਚਲਦਾ ਰਹੇ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਨਾਂ ਨਾ ਹੋਵੇ ਤਾਂ ਕਿਹੋ ਜਿਹਾ ਰਹੇਗਾ? 
     ਮੁੱਕਦੀ ਗੱਲ ਇਹ ਕਿ ਹੋਰ ਵੀ ਬਹੁਤ ਇੱਧਰਲੀਆਂ-ਉੱਧਰਲੀਆਂ ਮਾਰੀਆਂ ਗਈਆਂ, ਬੱਸ ਅੱਵਲ ਤੇ ਆਖ਼ਰੀ ਹੁਕਮ ਇਹੋ ਹੀ ਸੁਣਾਇਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਦਾ ਨਾਂ, ਹੁਣ ਚੈਨਲ ਦੀ ਸਕਰੀਨ ਉੱਤੇ ਲੈਣਾ ਹੀ ਨਹੀਂ ਹੈ। ਦੂਜੇ ਪਾਸੇ ਪਿਛਲੇ ਚਾਰ-ਸਵਾ ਚਾਰ ਸਾਲਾਂ ਤੋਂ ਜਿਨ੍ਹਾਂ ਦੀਆਂ ਜੀਭਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਹਲੇ ਗਾਉਣਾ ਗਿੱਝੀਆਂ ਹੋਈਆਂ ਸਨ, ਜਿਹੜੇ ਸੁੱਤੇ-ਜਾਗਦੇ 'ਮੋਦੀ-ਮੋਦੀ' ਗਾਉਂਦੇ ਰਹੇ, ਉਨ੍ਹਾਂ ਨੂੰ ਅਚਾਨਕ ਹੀ ਇਹ ਕਹਿ ਦਿੱਤਾ ਗਿਆ ਕਿ ਉਹ ਬੱਸ, ਮੋਦੀ ਸਾਹਿਬ ਨੂੰ ਆਪਣਾ 'ਜੇਠ' ਹੀ ਸਮਝ ਲੈਣ ਤੇ ਉਨ੍ਹਾਂ ਦਾ ਨਾਂ ਲੈਣ ਦੀ ਥਾਂ, ਉਨ੍ਹਾਂ ਨੂੰ 'ਭਾਈ ਜੀ', 'ਭਾਅ ਜੀ' ਜਾਂ 'ਭਾਈਆ ਜੀ' ਕਹਿ ਕੇ ਵੀ ਹਾਕ ਨਾ ਮਾਰਨ ਤਾਂ ਉਨ੍ਹਾਂ ਦਾ 'ਪੁਣਯ ਪ੍ਰਸੂਨ ਬਾਜਪਈ' ਤੋਂ 'ਪਾਪ ਅਪ੍ਰਸੰਨ ਬਾਜਪਈ' ਬਣ ਜਾਣਾ ਬਣਦਾ ਹੀ ਬਣਦਾ ਸੀ।
ਇਸ ਤੋਂ ਮਗਰੋਂ ਹੀ ਇਹ 'ਬਾਜਪਈ ਸਾਹਿਬ' ਏਦਾਂ ਫ਼ਰਮਾਅ ਗਏ ਹਨ,"ਤਮਾਮ ਰਾਜਨੀਤਿਕ ਖ਼ਬਰੋਂ ਕੇ ਬੀਚ ਯਾ ਕਹੇਂ ਸਰਕਾਰ ਕੀ ਹਰ ਯੋਜਨਾ ਕੇ ਮੱਦੇਨਜ਼ਰ ਯੇ ਬੇਹੱਦ ਮੁਸ਼ਕਿਲ ਕਾਮ ਥਾ ਕਿ ਭਾਰਤ ਕੀ ਬੇਰੁਜ਼ਗ਼ਾਰੀ ਕਾ ਜ਼ਿਕ੍ਰ ਕਰਤੇ ਹੂਏ ਕੋਈ ਰਿਪੋਰਟ ਤਈਯਾਰ ਕੀ ਜਾ ਰਹੀ ਹੋ ਔਰ ਉਸਮੇਂ ਸਰਕਾਰ ਕੇ ਰੋਜ਼ਗ਼ਾਰ ਪੈਦਾ ਕਰਨੇ ਕੇ ਦਾਵੇ ਜੋ ਕੌਸ਼ਲ ਵਿਕਾਸ ਯੋਜਨਾ ਯਾ ਮੁਦ੍ਰਾ ਯੋਜਨਾ ਸੇ ਜੁੜੀ ਹੋ, ਉਨ ਯੋਜਨਾਓਂ ਕੀ ਜ਼ਮੀਨੀ ਹਕੀਕਤ ਕੋ ਬਤਾਨੇ ਕੇ ਬਾਵਜੂਦ ਯੇ ਨਾ ਲਿਖ ਪਾਏਂ ਕਿ ਪ੍ਰਧਾਨਮੰਤ੍ਰੀ ਮੋਦੀ ਨੇ ਯੋਜਨਾਓਂ ਕੀ ਸਫਲਤਾ ਕੋ ਲੇਕਰ ਜੋ ਦਾਵਾ ਕੀਆ ਹੈ, ਵਹ ਹੈ ਕਿਆ?" 
    ਬੇਵਸੀ ਦੇਖੋ ਇਸ 'ਪਾਲਤੂ ਖ਼ਬਰਦਾਰ' ਦੀ, ਜਦੋਂ ਉਸ ਨੇ ਲਿਖਿਆ ਕਿ ਸੁਆਲ ਸੀ ਕਿ 'ਮਾਸਟਰਸਟਰੋਕ' ਦੀ ਸਾਰੀ ਟੀਮ ਦੀ ਕਲਮ ਤੋਂ 'ਪ੍ਰਧਾਨ ਮੰਤਰੀ ਨਰਿੰਦਰ ਮੋਦੀ' ਸ਼ਬਦ ਗ਼ਾਇਬ ਹੋ ਜਾਣੇ ਚਾਹੀਦੇ ਹਨ, ਪਰ ਅਗਲਾ ਸੁਆਲ ਤਾਂ ਇਹ ਵੀ ਸੀ ਕਿ ਮਾਮਲਾ ਕਿਸੇ ਅਖ਼ਬਾਰ ਦਾ ਨਹੀਂ, ਸਗੋਂ ਨਿਊਜ਼ ਚੈਨਲ ਦਾ ਸੀ। 
     ਪਿਛਲੇ ਚਾਰ ਸਾਲਾਂ ਤੋਂ ਇਸ ਟੀਵੀ ਚੈਨਲ ਨੇ ਸਰਕਾਰ ਦਾ ਮਤਲਬ 'ਨਰਿੰਦਰ ਮੋਦੀ' ਹੀ ਦੱਸਿਆ ਹੈ। ਸਰਕਾਰ ਦੀ ਹਰ ਖ਼ਬਰ ਵਿਚ ਅੱਖਾਂ ਮੀਚ ਕੇ ਮੋਦੀ ਦੀ ਫੋਟੋ ਜਾਂ ਵਿਡੀਓ ਜੜੀ ਜਾਂਦੀ ਰਹੀ ਹੈ। 'ਮਾਸਟਰ ਸਟਰੋਕ' ਦੀ 'ਅਸਲ ਮਾਸਟਰ ਸਟਰੋਕ' ਹੀ ਇਹ ਹੁੰਦੀ ਸੀ ਕਿ ਸਕਰਿਪਟ ਵਿਚ ਸ਼ਬਦ 'ਮੌਜੂਦਾ ਸਰਕਾਰ' ਆਉਣ ਸਾਰ ਸਕਰੀਨ ਉੱਤੇ 'ਮੋਦੀ ਸਾਹਿਬ ਦਾ ਸਰੂਪ' ਲਹਿਰਾਅ ਜਾਂਦਾ ਸੀ। ਜਿਉਂ ਹੀ ਕਿਸੇ ਨੇ 'ਪ੍ਰਧਾਨ ਮੰਤਰੀ' ਕਿਹਾ, ਮੋਦੀ ਦੀ ਤਸਵੀਰ 'ਪਟੱਕ ਕਰ ਕੇ' ਆ ਦਿਸਦੀ। ਹੁਣ ਹੁਕਮ ਹੋ ਗਿਆ ਕਿ ਚੈਨਲ ਉੱਤੇ ਬਾਹਲ਼ੀ 'ਮੋਦੀ-ਮੋਦੀ ਕਰਨੀ' ਬੰਦ ਕੀਤੀ ਜਾਵੇ। 'ਮਾਸਟਰ ਸਟਰੋਕੀਏ' ਬਾਜਪਈ ਨੂੰ ਇਹ ਗੱਲ ਕਿਸੇ ਤਰ੍ਹਾਂ ਵੀ ਵਾਰਾ ਨਹੀਂ ਖਾਂਦੀ ਕਿਉਂ ਕਿ ਚਾਰ ਸਾਲ ਤੋਂ ਜਿਹੜੀ ਅੱਖ, ਮੋਦੀ ਸਰਕਾਰ ਦਾ ਖਾਵੇ, ਉਹ ਹੁਣ ਵੀ ਕਿਉਂ ਨਾ ਸ਼ਰਮਾਵੇ?
    ਪਿਛਲੇ ਚਾਰ ਸਾਲਾਂ ਦੌਰਾਨ, ਟੀਵੀ ਚੈਨਲਾਂ ਉੱਤੇ 'ਮੋਦੀ-ਮੋਦੀ' ਕਰਾਉਣ ਲਈ ਸੂਚਨਾ ਮੰਤਰਾਲੇ ਦੇ 200 ਮੁਲਾਜ਼ਮ ਥੈਲੀਆਂ ਫੜਾ ਕੇ ਤਾਇਨਾਤ ਕੀਤੇ ਦੱਸੇ ਜਾਂਦੇ ਰਹੇ ਹਨ। ਤਕਰੀਬਨ ਸਾਰੇ ਟੀਵੀ ਚੈਨਲ, ਸੂਚਨਾ ਮੰਤਰਾਲੇ ਦੀ ਤਾਲ 'ਤੇ ਮੁਜਰਾ ਕਰਦੇ ਹੁੰਦੇ ਸਨ। ਜਦੋਂ ਤਕਰੀਬਨ ਸਾਰੇ ਟੀਵੀ ਚੈਨਲ ਮੋਦੀ ਸਰਕਾਰ ਦੀਆਂ ਰਖ਼ੈਲਾਂ ਬਣੇ ਹੋਏ ਸਨ ਤਾਂ 'ਏਬੀਪੀ ਨਿਊਜ਼' ਦਾ ਮੁੱਖ ਸੰਪਾਦਕ ਮਿਲਿੰਦ ਖਾਂਡੇਕਰ ਤੇ ਉਸ ਦਾ 'ਮਾਸਟਰ ਸਟਰੋਕੀਆ' ਬਾਜਪਈ ਕਿਹੜੇ ਬਾਗ਼ ਦੇ ਸ਼ਲਗਮ ਸਨ।
     ਚੈਨਲ ਵਿਚੋਂ ਕੱਢੇ ਜਾਣ ਮਗਰੋਂ ਪੁਣਯ ਪ੍ਰਸੂਨ ਬਾਜਪਈ ਵੱਲੋਂ ਲਿਖੇ ਗਏ ਲੇਖਾਂ ਦੀ ਭਾਸ਼ਾ ਤੋਂ ਤਾਂ ਉਹ ਪੱਤਰਕਾਰ ਲੱਗਦਾ ਹੀ ਨਹੀਂ। ਉਸ ਨੂੰ ਨੌਕਰੀ ਤੋਂ ਕੱਢਣ ਦੀ ਮੁੱਖ ਵਜ੍ਹਾ, ਮੋਦੀਆਂ ਵਾਲ਼ੀ ਸਰਕਾਰ ਨੂੰ ਖ਼ੁਸ਼ ਕਰਨਾ ਤਾਂ ਹੈ ਹੀ, ਇਕ ਗੁੱਝਾ ਕਾਰਨ ਇਹ ਵੀ ਸੀ ਕਿ ਬਾਜਪਈ, 'ਏਬੀਪੀ ਨਿਊਜ਼' ਦੀ ਕਾਮਯਾਬੀ ਦਾ ਧੁਰਾ ਆਪਣੇ-ਆਪ ਨੂੰ ਤੇ 'ਮਾਸਟਰ ਸਟਰੋਕ' ਨੂੰ ਸਮਝਦਿਆਂ, ਇਹ ਕਹਿਣ ਲੱਗ ਪਿਆ ਸੀ ਕਿ ਉਸ ਦੇ ਪ੍ਰੋਗਰਾਮ ਵਿਚ, ਝਾਰਖੰਡ ਵਿਚ ਗੋਡਾ ਵਿਖੇ ਲਗਾਏ ਜਾਣ ਵਾਲ਼ੇ ਥਰਮਲ ਪਾਵਰ ਪ੍ਰਾਜੈਕਟ ਬਾਰੇ ਕੀਤੀਆਂ ਗਈਆਂ ਬੇਨਿਯਮੀਆਂ ਦਾ ਜ਼ਿਕਰ ਕਰਨ ਦੀ ਵਜ੍ਹਾ ਨਾਲ਼ ਹੀ ਉਸ ਨੂੰ ਚੈਨਲ ਦੀ ਨੌਕਰੀ ਤੋਂ ਹੱਥ ਧੋਣੇ ਪਏ ਹਨ। ਉਹ ਇਹ ਵੀ ਕਹਿੰਦਾ ਹੈ ਕਿ 'ਮਾਸਟਰ ਸਟਰੋਕ' ਵਿਚ ਮੋਦੀ ਸਰਕਾਰ ਦੇ ਖੋਖਲੇ ਦਾਅਵੇ ਬੇਨਕਾਬ ਕਰਨ ਦੀ ਵਜ੍ਹਾ ਨਾਲ਼ ਵੀ ਉਸ ਦਾ ਪੱਤਾ ਕੱਟੇ ਜਾਣ ਦਾ ਮਾਹੌਲ ਬਣ ਗਿਆ ਸੀ। 
     ਪਤਾ ਲੱਗਿਆ ਹੈ ਕਿ ਬਾਜਪਈ ਨੂੰ ਝਟਕਾਉਣ ਮਗਰੋਂ ਚੈਨਲ ਦੇ ਮਾਲਕ ਦੱਸੇ ਜਾਂਦੇ ਮਿਲਿੰਦ ਖਾਂਡੇਕਰ ਨੂੰ ਵੀ ਕੱਖੋਂ ਹੌਲਾ ਕਰ ਕੇ ਘਰ ਭੇਜ ਦਿੱਤਾ ਗਿਆ ਹੈ। ਇਹ ਹਾਲ਼ ਹੈ ਮੋਦੀ ਦੀ ਬਖ਼ਸ਼ਿਸ਼ ਨਾਲ਼ 'ਨੰਬਰ ਇਕ' ਸਦਾਉਂਦੇ ਰਹੇ ਟੀਵੀ ਚੈਨਲ ਦੇ ਬੀਂਡੀ ਜੁੜੇ ਰਹੇ ਢੱਗਿਆਂ ਦਾ।#