ਸੌ ਸਾਲਾਂ ਦੀ ਹੋ ਕੇ ਵੀ ਨੱਚਣੋਂ
ਨਹੀਂ ਹਟਦੀ ਇਹ ਯੋਗਣ
=============
ਬੜੀ ਵਾਰ ਸੁਣਦੇ ਹਾਂ ਕਿ 'ਦਿਲ ਹੋਣਾ ਚਾਹੀਦਾ ਜੁਆਨ, ਉਮਰਾਂ 'ਚ ਕੀ ਰੱਖਿਐ'। ਓਦਾਂ ਸੋਚਿਆ ਜਾਵੇ ਤਾਂ 'ਸਟੈਂਟਾਂ' ਅਤੇ 'ਬਾਈਪਾਸਾਂ' ਦੇ ਆਸਰੇ ਨਾਲ਼ ਚਲਦਾ ਦਿਲ ਵੀ ਕਿੰਨਾ ਕੁ ਚਿਰ ਜੁਆਨ ਰਹਿ ਸਕਦਾ ਹੈ ਤੇ ਉਮਰਾਂ ਵਿਚ ਕੀ-ਕੀ ਨਹੀਂ ਰੱਖਿਆ। ਹੋਰ ਕਿਸੇ ਬਾਰੇ ਤਾਂ ਕੁੱਝ ਨਹੀਂ ਕਿਹਾ ਜਾ ਸਕਦਾ, ਮੈਂ ਬੜੀ ਵਾਰੀ ਸੋਚਦਾਂ ਕਿ ਰਿਟਾਇਰ ਹੋ ਕੇ ਕੈਨੇਡਾ ਵਰਗੇ ਮੁਲਕ ਕੀ ਲੈਣ ਆ ਗਏ ਹਾਂ। ਨਾ ਤਾਂ ਤੁਸੀਂ ਇਸ ਉਮਰੇ ਸਿਖਿਆਰਥੀ ਬਣੇ ਸਜਦੇ ਹੋ, ਨਾ ਹੀ ਵਿਦਿਆਰਥੀ! ਆਪਣੇ ਮੁਲਕ ਵਿਚ ਕੀਤੀਆਂ ਹੋਈਆਂ ਕਮਾਈਆਂ, ਇੱਥੇ ਲਿਆ ਕੇ ਖ਼ਰਚਣ ਦਾ ਵੀ ਹੌਂਸਲਾ ਨਹੀਂ ਪੈਂਦਾ ਕਿਉਂ ਕਿ ਉਹ ਰਕਮ ਇਸ ਧਰਤੀ ਉੱਤੇ ਪੈਰ ਰੱਖਦਿਆਂ ਹੀ ਕਈ ਗੁਣਾ ਹੀਣੀ ਹੋ ਜਾਣੀ ਹੈ।
ਇਹੋ ਜਿਹੀ ਉਧੇੜ-ਬੁਣ ਵਿਚ ਹੀ ਕਿਸੇ ਇਹੋ ਜਿਹੀ ਸ਼ਖ਼ਸੀਅਤ ਬਾਰੇ ਸੁਣ-ਪੜ੍ਹ ਲਈਦਾ ਹੈ, ਜਿਸ ਨੇ ਜ਼ਿੰਦਗ਼ੀ ਵਿਚ ਅੱਗੇ ਵਧਣ ਲਈ ਆਪਣੀ ਉਮਰ ਨੂੰ ਆਪਣੇ ਪੁਰਾਣੇ ਲਿਬਾਸ ਵਾਂਗ ਲਾਹ ਸੁੱਟਿਆ ਹੋਇਆ ਹੈ ਤੇ ਸੌ-ਸੌ ਸਾਲ ਹੰਢਾ ਕੇ ਵੀ ਕੰਮ ਕਰਨਾ ਨਹੀਂ ਛੱਡਿਆ, ਜ਼ਿੰਦਗ਼ੀ ਨੂੰ ਧੜਕਦੀ ਰੱਖਿਆ ਹੋਇਆ ਹੈ। ਇਹੋ ਜਿਹੀਆਂ ਸ਼ਖ਼ਸੀਅਤਾਂ ਸਾਡੇ ਸਲਾਮਾਂ ਦੀਆਂ ਪਾਤਰ ਬਣ ਜਾਂਦੀਆਂ ਹਨ ਤੇ ਪ੍ਰੇਰਨਾ ਦਾ ਸਾਧਨ ਬਣ ਜਾਂਦੀਆਂ ਹਨ। ਇਸ ਵਾਰ ਇਕ ਇਹੋ ਜਿਹੀ ਸ਼ਖ਼ਸੀਅਤ ਦੀ ਬਾਤ ਹੀ ਪਾ ਲੈਂਦੇ ਹਾਂ ਤੇ ਇਹ ਸ਼ਖ਼ਸੀਅਤ ਹੈ ਤਾਓ ਪੋਰਚਨ ਲਿੰਚ। ਇਸੇ ਹੀ ਅਗਸਤ ਦੀ 13 ਤਾਰੀਖ਼ ਨੂੰ ਉਹ 100 ਸਾਲਾਂ ਦੀ ਹੋ ਗਈ ਹੈ। ਜਹਾਨ ਵਿਚ ਬਥੇਰੇ ਲੋਕ ਸੌ-ਸੌ ਸਾਲਾਂ ਦੇ ਹੋ ਜਾਂਦੇ ਹਨ, ਜਿਸ ਕਰ ਕੇ ਤਾਓ ਪੋਰਚਨ ਲਿੰਚ ਦੇ, ਸੌ ਸਾਲਾਂ ਦੀ ਹੋਣ ਦੀ ਵੀ ਬਹੁਤੀ ਅਹਿਮੀਅਤ ਨਹੀਂ ਹੋਣੀ ਸੀ। ਅਹਿਮੀਅਤ ਹੈ ਤਾਂ ਇਸ ਗੱਲ ਦੀ ਕਿ ਉਹ ਆਪਣੇ ਸੌ ਸਾਲਾਂ ਦੇ ਸਰੀਰ ਨੂੰ ਹਾਲੇ ਵੀ ਉਸ ਤਰ੍ਹਾਂ ਵਰਤਦੀ ਹੈ, ਜਿਸ ਤਰ੍ਹਾਂ ਵਰਤਣ ਲਈ, ਉਸ ਦੀ ਉਮਰ ਤੋਂ ਅੱਧੀ ਉਮਰ ਦੇ ਲੋਕ ਵੀ ਕਤਰਾਉਣ ਲੱਗ ਪੈਂਦੇ ਹਨ। ਉਸ ਬਾਰੇ ਕੋਈ ਹੋਰ ਗੱਲ ਕਰਨ ਤੋਂ ਪਹਿਲਾਂ ਇਹ ਦੱਸ ਦੇਣਾ ਚਾਹੀਦਾ ਹੈ ਕਿ ਇਹ ਬਿਰਧ ਔਰਤ ਆਪਣੇ ਹੰਢੇ ਹੋਏ ਜਿਸਮ ਨਾਲ਼ ਕੀ-ਕੀ ਕ੍ਰਿਸ਼ਮੇਂ ਕਰਦੀ ਹੈ।
ਇਹ ਲੇਖ ਲਿਖੇ ਜਾਣ ਲਈ, ਇਹ 'ਸੌ ਸਾਲਾ ਮੁਟਿਆਰ' ਚੁਣੇ ਜਾਣ ਦੀ ਇਕ ਵਜ੍ਹਾ ਇਹ ਵੀ ਹੈ ਕਿ ਇਸ ਦਾ ਸਬੰਧ ਭਾਰਤ ਨਾਲ਼ ਵੀ ਹੈ। 1918 ਵਿਚ ਜੰਮੀ ਇਸ ਬੀਬੀ ਦਾ ਬਾਪ ਤਾਂ ਫਰਾਂਸੀਸੀ ਸੀ, ਪਰ ਮਾਂ ਭਾਰਤਣ ਸੀ, ਜੋ ਆਪਣੀ ਇਸ ਧੀ ਨੂੰ ਜਨਮ ਦੇਣ ਸਾਰ ਰੱਬ ਨੂੰ ਪਿਆਰੀ ਹੋ ਗਈ ਸੀ। ਮਾਂ ਦੇ ਸੁਰਗਵਾਸਣ ਹੋਣ ਮਗਰੋਂ ਤਾਓ ਪੋਰਚਨ ਲਿੰਚ ਦਾ ਪਾਲਣ-ਪੋਸ਼ਣ ਉਸ ਦੇ ਇਕ ਚਾਚੇ ਨੇ ਕੀਤਾ। ਉਹ ਬੜੇ ਮਾਣ ਨਾਲ਼ ਦੱਸਦੀ ਹੈ ਕਿ ਉਸ ਦਾ ਬਚਪਨ, ਦੱਖਣੀ ਭਾਰਤੀ ਸ਼ਹਿਰ ਪਾਂਡੀਚਰੀ ਵਿਚ ਬੀਤਿਆ ਹੋਇਆ ਹੈ। 1954 ਤਕ ਇਹ ਸ਼ਹਿਰ, ਫਰਾਂਸ ਦੇ ਕਬਜ਼ੇ ਹੇਠ ਸੀ। ਪਾਂਡੀਚਰੀ ਵਿਚ ਹੀ ਉਸ ਨੂੰ ਯੋਗ-ਅਭਿਆਸ ਦਾ ਗਿਆਨ ਮਿਲਿਆ। ਉਹ, ਉਸ ਵੇਲ਼ੇ ਮਸਾਂ ਅੱਠਾਂ ਸਾਲਾਂ ਦੀ ਸੀ, ਜਦੋਂ ਉਸ ਨੇ ਆਪਣੇ ਨਾਲ਼ੋਂ ਰਤਾ ਕੁ ਵਡੇਰੇ ਮੁੰਡਿਆਂ ਨੂੰ ਸਮੁੰਦਰ ਦੇ ਕੰਢੇ ਆਪਣੇ ਜਿਸਮਾਂ ਨਾਲ਼ ਬਹੁਤ ਸੁੰਦਰ ਮੁਦਰਾਵਾਂ ਬਣਾਉਂਦੇ ਦੇਖਿਆ। ਉਹ, ਘਰ ਆ ਕੇ, ਉਨ੍ਹਾਂ ਮੁੰਡਿਆਂ ਦੀ ਰੀਸੇ ਯੋਗ-ਮੁਦਰਾਵਾਂ ਬਣਾਉਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਸ ਦੀ ਚਾਚੀ ਨੇ ਉਸ ਨੂੰ ਕਿਹਾ ਕਿ 'ਇਹ, ਕੁੜੀਆਂ-ਬੁੜੀਆਂ ਦੇ ਕਰਨ ਵਾਲ਼ਾ ਕੰਮ ਨਹੀਂ ਏ।'
"ਜੇ ਮੁੰਡੇ ਇਸ ਤਰ੍ਹਾਂ ਜੰਗ-ਪਲੰਗੇ ਜਿਹੇ ਕਰ ਲੈਂਦੇ ਆ ਤਾਂ ਮੈਂ ਕਿਉਂ ਨਹੀਂ ਕਰ ਸਕਦੀ?" ਪੈਂਦੀ ਸੱਟੇ ਉਹ ਕਹਿਣ ਲੱਗੀ। ਉਹ ਵੀ ਹਰ ਰੋਜ਼ ਸਮੁੰਦਰ-ਕੰਢੇ ਜਾਣ ਲੱਗ ਪਈ। ਉਸ ਨੇ ਉਨ੍ਹਾਂ ਮੁੰਡਿਆਂ ਨੂੰ ਦੇਖ-ਦੇਖ ਹੀ ਬਹੁਤ ਸਾਰੇ ਆਸਨ ਸਿੱਖ ਲਏ, ਪਰ ਉਸ ਨੂੰ ਸਾਲ ਕਈ ਲੱਗ ਗਏ। ਹੁਣ ਉਹ ਕਹਿੰਦੀ ਹੈ, "ਤੁਹਾਡਾ ਇਰਾਦਾ ਕੁੱਝ ਕਰਨ ਦਾ ਹੋਵੇ, ਬੱਸ ਫੇਰ ਕੀ ਆ, ਅੱਗੇ ਵਧੋ ਤੇ ਕਰ ਸੁੱਟੋ!"
ਉਸ ਦਾ ਚਾਚਾ ਵਿਟਲ ਪੋਰਚਨ, ਜੋ ਏਸ਼ੀਆ ਅਤੇ ਅਫ਼ਰੀਕਾ ਵਿਚ 'ਰੇਲਰੋਡ ਲਾਈਨਾਂ' ਦਾ ਕੰਮ ਕਰਦਾ ਹੁੰਦਾ ਸੀ, ਮਹਾਤਮਾ ਗਾਂਧੀ ਸਮੇਤ ਬਹੁਤ ਸਾਰੇ ਮਹਾਨ ਅਧਿਆਤਮਵਾਦੀ ਲੋਕਾਂ ਨੂੰ ਜਾਣਦਾ ਸੀ। 12 ਸਾਲ ਦੀ ਉਮਰ ਵਿਚ ਪੋਰਚਨ ਲਿੰਚ ਆਪਣੇ ਚਾਚੇ ਨਾਲ਼, ਮਹਾਤਮਾ ਗਾਂਧੀ ਦੇ ਇਕ ਸਤਿਆਗ੍ਰਹਿ ਵਿਚ ਸ਼ਾਮਲ ਹੋਈ ਸੀ। ਉਹ ਦੱਸਦੀ ਹੈ ਕਿ ਜ਼ਿੰਦਗ਼ੀ ਦੇ ਅਹਿਮ ਸਬਕ ਉਸ ਨੇ ਆਪਣੇ ਚਾਚੇ ਤੋਂ ਹੀ ਸਿੱਖੇ ਸਨ।
"ਚਾਚਾ ਕਹਿੰਦਾ ਹੁੰਦਾ ਸੀ, 'ਕਿਸੇ ਨੂੰ ਕਦੇ ਵੀ ਨਾ ਕਹੋ ਕਿ ਉਹ ਤੁਹਾਨੂੰ ਸਮਝੇ, ਲੋਕਾਂ ਨੂੰ ਖ਼ੁਦ ਸਮਝਣ ਦੇ ਹੀਲੇ ਕਰੋ ਤੇ ਕਿਸੇ ਦਾ ਤਿਰਸਕਾਰ ਨਾ ਕਰੋ'," ਉਸ ਨੇ ਕਿਹਾ। ਉਸ ਦਾ ਚਾਚਾ, ਉਸ ਲਈ ਸਹੀ ਸੋਚ ਅਤੇ ਸਹੀ ਮਾਨਸਕਤਾ ਦਾ ਭਰਪੂਰ ਸਰੋਤ ਸੀ। ਉਹ ਦੱਸਦੀ ਹੈ, "ਹਰ ਸਵੇਰ ਚਾਚਾ ਕਹਿੰਦਾ ਹੁੰਦਾ ਸੀ, 'ਦਿਨ ਕਿੰਨਾ ਵਧੀਆ ਹੈ। ਹੈ ਨਾ?' ਹਰ ਦਿਨ ਇਹ ਸੋਚਦਿਆਂ ਜਾਗੋ ਕਿ ਇਹ ਦਿਨ ਵੱਡਾ ਦਿਨ ਹੋਵੇਗਾ ਤੇ ਸੱਚੀਂ ਹੀ ਉਹ ਹੋਵੇਗਾ ਵੀ।"
1939 ਵਿਚ, ਤਾਓ ਪੋਰਚਨ ਲਿੰਚ, ਭਾਰਤ ਤੋਂ ਫਰਾਂਸ ਰਵਾਨਾ ਹੋ ਗਈ। ਉੱਥੇ ਜੰਗ ਖ਼ਤਮ ਹੋਣ ਮਗਰੋਂ ਉਸ ਨੇ ਫਰਾਂਸ ਅਤੇ ਇੰਗਲੈਂਡ ਵਿਚ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ। ਉੱਥੋਂ 1949 ਵਿਚ ਉਹ ਅਮਰੀਕਾ ਚਲੀ ਗਈ। ਇਸ ਤੋਂ ਛੇਤੀ ਹੀ ਮਗਰੋਂ ਉਹ, ਇਕ ਅਦਾਕਾਰਾ ਵਜੋਂ ਹਾਲੀਵੁਡ ਵਿਚ ਕੰਮ ਕਰਨ ਲੱਗ ਪਈ। ਅਦਾਕਾਰਾ ਵਜੋਂ ਉਸ ਨੇ 'ਮੈਟਰੋ-ਗੋਲਡਵਿਨ-ਮੇਅਰ ਸਟੂਡੀਓਜ਼' ਨਾਲ਼ ਕੰਮ ਕਰਨ ਦਾ ਇਕਰਾਰਨਾਮਾ ਕਰ ਲਿਆ। ਉੱਥੇ ਉਸ ਨੇ 'ਸ਼ੋਅ ਬੋਟ' ਅਤੇ 'ਦ ਲਾਸਟ ਟਾਈਮ ਆਈ ਸਾਅ ਪੈਰਿਸ' ਸਮੇਤ ਬਹੁਤ ਸਾਰੀਆਂ ਫ਼ਿਲਮਾਂ ਵਿਚ ਅਤੇ 'ਦ ਬੌਬ ਹੋਪ ਸ਼ੋਅ' ਅਤੇ 'ਆਈ ਮੈਰੀਡ ਜੋਨ' ਸਮੇਤ ਕਈ ਟੀਵੀ ਸ਼ੋਆਂ ਵਿਚ ਕੰਮ ਕੀਤਾ। ਉਸ ਨੇ ਲੇਖਕਾ, ਨਿਰਮਾਤਰੀ ਅਤੇ ਇੰਟਰਨੈਸ਼ਨਲ ਫ਼ਿਲਮ ਬ੍ਰੋਕਰ ਵਜੋਂ ਵੀ ਕੰਮ ਕੀਤਾ ਤੇ ਮਾਰਲਿਨ ਮੁਨਰੋ, ਅਲਿਜ਼ਬੈੱਥ ਟੇਲਰ ਅਤੇ ਦੇਵ ਆਨੰਦ ਜਿਹੀਆਂ ਫ਼ਿਲਮੀ ਹਸਤੀਆਂ ਦੀ ਸੰਗਤ ਵੀ ਮਾਣੀ।
1950ਵਿਆਂ ਵਿਚ ਉਸ ਨੇ ਬੀ. ਕੇ. ਐੱਸ. ਆਇਯੇਂਗਰ ਅਤੇ ਇੰਦਰਾ ਦੇਵੀ ਵਰਗੇ ਯੋਗਾ-ਮਾਹਰਾਂ ਕੋਲੋਂ 'ਯੋਗ' ਦੀ ਸਿਖਲਾਈ ਹਾਸਲ ਕੀਤੀ। ਇਸ ਤੋਂ ਮਗਰੋਂ ਉਸ ਨੇ ਹਾਲੀਵੁਡ ਵਿਚ ਕਲਾਰਕ ਗੇਬਲ ਸਮੇਤ ਕਈ ਅਦਾਕਾਰਾਂ ਨੂੰ 'ਯੋਗ' ਦੀ ਸਿਖਲਾਈ ਦਿੱਤੀ।
ਫ੍ਰੈੱਡ ਅਸਟੇਅਰ ਸਟੂਡੀਓ ਵਿਚ ਇਕ ਕਲਾਸ ਨੂੰ ਯੋਗਾ ਦੀ ਸਿਖਲਾਈ ਦੇਣ ਦੌਰਾਨ ਪੋਰਚਨ ਲਿੰਚ ਨੇ ਕਿਹਾ, "ਮੇਰੇ ਲਈ ਯੋਗਾ ਹਰ ਪ੍ਰਾਣੀ ਅੰਦਰ ਤੇ ਘਾਹ ਦੀ ਪੱਤੀ-ਪੱਤੀ ਅੰਦਰ ਹੈ। ਇਹ ਜ਼ਿੰਦਗ਼ੀ ਦੀ ਊਰਜਾ ਨਾਲ਼ ਜੀਉਂਦਾ ਹੈ। ਜੇ ਮੈਂ ਇਸ ਨੂੰ ਆਪਣੇ ਅੰਦਰ ਮਹਿਸੂਸ ਕਰ ਸਕਦੀ ਹਾਂ ਤਾਂ ਮੈਂ ਇਸ ਕਮਰੇ ਵਿਚ ਮੌਜੂਦ ਹਰ ਵਿਅਕਤੀ ਦੇ ਸੰਪਰਕ ਵਿਚ ਹਾਂ।"
ਸੰਨ 2012 ਵਿਚ 'ਗਿੰਨੀਜ਼ ਵਰਲਡ ਰੈਕਰਡਜ਼' ਵਾਲ਼ਿਆਂ ਨੇ ਉਸ ਨੂੰ 'ਜਹਾਨ ਦੀ ਸਭ ਤੋਂ ਸਿਆਣੀ ਉਮਰ ਦੀ ਯੋਗਾ-ਅਧਿਆਪਕਾ' ਵਜੋਂ ਮਾਨਤਾ ਦਿੱਤੀ। ਇਸੇ ਹੀ ਸਾਲ ੧੩ ਅਗੱਸਤ ਨੂੰ ਉਹ 100 ਸਾਲਾਂ ਦੀ ਹੋ ਕੇ 'ਜਹਾਨ ਭਰ ਦੀ ਸਭ ਨਾਲ਼ੋਂ ਚਰਚਿਤ ਸ਼ਖ਼ਸੀਅਤ' ਬਣ ਗਈ ਹੈ। ਹੁਣ ਤਕ ਉਹ ਵਾਈਨ ਤਾਂ ਪੀ ਲੈਂਦੀ ਹੈ, ਪਰ ਉਸ ਨੇ ਬੀਅਰ ਜਾਂ ਕੋਈ ਹੋਰ ਸ਼ਰਾਬ ਨਹੀਂ ਪੀਤੀ।
87 ਸਾਲਾਂ ਦੀ ਉਮਰ ਵਿਚ ਤਾਓ ਪੋਰਚਨ ਲਿੰਚ ਨੇ 'ਬਾਲਰੂਮ ਡਾਂਸ' ਕਰਨਾ ਸ਼ੁਰੂ ਕੀਤਾ ਤੇ ਇਸ ਕਲਾ ਵਿਚ 750 ਵਾਰ ਪਹਿਲੇ ਸਥਾਨ ਹਾਸਲ ਕਰ ਕੇ ਇਨਾਮ ਵੀ ਜਿੱਤੇ। 96 ਸਾਲ ਦੀ ਉਮਰ ਵਿਚ ਉਹ 'ਐੱਨ ਬੀ ਸੀ' ਦੇ ਪ੍ਰੋਗਰਾਮ 'ਅਮੈਰੀਕਾ'ਜ਼ ਗੌਟ ਟੈਲੈਂਟ' ਵਿਚ ਸ਼ਾਮਲ ਹੋਈ ਤਾਂ ਜੱਜਾਂ ਨੇ ਉਸ ਨੂੰ 'ਖੜ੍ਹੇ ਹੋ ਕੇ ਸਲਾਮੀ' (ਸਟੈਂਡਿੰਗ ਓਵੇਸ਼ਨ) ਦਿੱਤੀ। ਉਸ ਨੇ ਹਾਲ ਹੀ ਵਿਚ 'ਏ ਬੀ ਸੀ' ਦੇ ਸ਼ੋਅ 'ਡਾਂਸਿੰਗ ਵਿਦ ਦ ਸਟਾਰਜ਼' ਵਿਚ ਵੀ ਸ਼ਿਰਕਤ ਕੀਤੀ ਸੀ। ਜਦੋਂ ਉਸ ਨੂੰ ਪੁੱਛਦੇ ਹਾਂ ਕਿ ਉਸ ਨੇ 'ਇਹ ਸੈਂਚਰੀ ਕਿੱਦਾਂ ਮਾਰੀ?' ਉਹ ਬੜੇ ਭਰੋਸੇ ਨਾਲ਼ ਕਹਿੰਦੀ ਹੈ, "ਦੁਨੀਆ ਉੱਤੇ ਇਹੋ ਜਿਹਾ ਕੁੱਝ ਨਹੀਂ ਹੈ, ਜੋ ਤੁਸੀਂ ਨਹੀਂ ਕਰ ਸਕਦੇ।"
ਇਸ ਵੇਲ਼ੇ ਵੀ ਉਹ ਨਿਊ ਯਾਰਕ ਵਿਖੇ, ਹਫ਼ਤੇ ਵਿਚ 'ਯੋਗਾ' ਦੀਆਂ 8 ਕਲਾਸਾਂ ਲੈਂਦੀ ਹੈ। ਉਹ 'ਯੋਗਾ' ਸਬੰਧੀ ਕੈਂਪ ਲਗਾਉਂਦੀ ਹੈ ਅਤੇ ਹਰ ਸਾਲ 'ਯੋਗਾ' ਬਾਰੇ ਹੁੰਦੀਆਂ ਕਾਨਫ਼ਰੰਸਾਂ ਵਿਚ ਤਕਰੀਰਾਂ ਹੀ ਨਹੀਂ ਕਰਦੀ, ਪੂਰੀ ਸਰਗ਼ਰਮੀ ਨਾਲ਼ ਉਨ੍ਹਾਂ ਵਿਚ ਸ਼ਿਰਕਤ ਵੀ ਕਰਦੀ ਹੈ। ਇਸ ਸਾਲ ਉਹ, ਐਰੀਜ਼ੋਨਾ, ਸਿੰਗਾਪੁਰ, ਦੁਬਈ, ਸਲੋਵੇਨੀਆ, ਫਰਾਂਸ, ਚੀਨ ਅਤੇ ਭਾਰਤ ਦਾ ਗੇੜਾ ਮਾਰਨਾ ਚਾਹੁੰਦੀ ਹੈ। 1960ਵਿਆਂ ਵਿਚ ਉਸ ਨੇ ਬੀਮੇ ਦੀਆਂ ਪਾਲਿਸੀਆਂ ਵੇਚਦੇ ਬਿੱਲ ਲਿੰਚ ਨਾਲ਼ ਵਿਆਹ ਕਰਾ ਲਿਆ ਤੇ ਫਿਰ ਉਹ ਹਾਰਟਸਡੇਲ ਚਲੇ ਗਏ, ਜਿੱਥੇ ਉਨ੍ਹਾਂ ਦੋਹਾਂ ਨੇ 'ਅਮੈਰੀਕਨ ਵਾਈਨ ਸੋਸਾਇਟੀ' ਸਥਾਪਤ ਕੀਤੀ। 1982 ਵਿਚ ਬਿੱਲ ਲਿੰਚ ਦੀ ਮੌਤ ਹੋ ਗਈ ਤੇ ਉਹ ਇਕੱਲੀ ਰਹਿ ਗਈ। ਉਨ੍ਹਾਂ ਦੇ ਕੋਈ ਔਲਾਦ ਨਹੀ ਸੀ। ਉਹ ਸ਼ਾਕਾਹਾਰੀ ਹੈ।
'ਯੋਗਾ' ਦੀ ਉਸਤਾਦ ਰਹੀ ਪੋਰਚਨ ਲਿੰਚ, ਬਾਲਰੂਮ ਡਾਂਸ ਦੇ ਆਪਣੇ ਉਸਤਾਦ ਤੇ ਭਾਈਵਾਲ ਐਂਤਨ ਬਿਲੋਜ਼ੋਰੋਵ, ਜੋ ਉਸ ਤੋਂ ਤਕਰੀਬਨ 70 ਸਾਲ ਛੋਟਾ ਹੈ, ਤੋਂ ਨੱਚਣ ਦੇ ਸਬਕ ਲੈਂਦੀ ਰਹਿੰਦੀ ਹੈ। ਤਿੰਨ ਵਾਰ ਚੂਲ਼ਾ ਬਦਲਣ ਦੇ ਅਪ੍ਰੇਸ਼ਨ ਕਰਾ ਚੁੱਕੀ ਇਹ ਕੌਤਕੀ ਬੀਬੀ, ਇਕ ਵੀ ਤਾਲ ਨਹੀਂ ਖੁੰਝਾਉਂਦੀ। ਉਹ ਅਕਸਰ ਹੀ ਇਹ ਕਹਿੰਦੀ ਹੈ, "ਕੁੱਝ ਵੀ ਨਾਮੁਮਕਿਨ ਨਹੀਂ ਹੈ। ਜੇ ਤੁਸੀਂ ਇਸ ਗੱਲ ਵਿਚ ਭਰੋਸਾ ਰੱਖੋ ਤਾਂ ਸਭ ਕੁੱਝ ਮੁਮਕਿਨ ਹੈ।" ਉਹ, ਬਾਰੀਕ ਉੱਚੀ ਅੱਡੀ ਵਾਲ਼ੀ ਜੁੱਤੀ ਪਾ ਕੇ 'ਮਾਚੂ ਪਿਚੂ' ਪਹਾੜ ਵੀ ਸਰ ਕਰ ਚੁੱਕੀ ਹੈ।#
