ਮੇਘਨਾ ਗੁਲਜ਼ਾਰ ਨੇ ਕਲਮ ਰਾਹੀਂ ਆਪਣੇ ਕਲਮਕਾਰ ਬਾਪ ਨੂੰ 'ਜਣਿਆ'
==================================
ਸ਼ਾਇਰ-ਫ਼ਿਲਮਸਾਜ਼ ਗੁਲਜ਼ਾਰ ਪਿਛਲੇ ਮਹੀਨੇ 84 ਸਾਲਾਂ ਦੇ ਹੋ ਗਏ ਹਨ, ਪਰ ਉਨ੍ਹਾਂ ਤੋਂ 40 ਸਾਲ ਛੋਟੀ, ਉਨ੍ਹਾਂ ਦੀ ਧੀ ਮੇਘਨਾ ਨੇ ਉਨ੍ਹਾਂ ਦੀ ਜੀਵਨੀ ਲਿਖ ਕੇ, ਆਪਣੇ ਬਾਪ ਨੂੰ ਫਿਰ 'ਜਨਮ' ਦਿੱਤਾ ਹੈ। ਇੰਨੇ ਸਾਲ 'ਪੁਰਾਣੇ' ਹੋਣ ਦੇ ਬਾਵਜੂਦ ਸ਼ਾਇਰੀ ਵਿਚ ਗੁਲਜ਼ਾਰ ਹਾਲੇ ਵੀ 'ਸੱਜਰੇ-ਸੱਜਰੇ' ਹਨ। "ਗੁਲਜ਼ਾਰ ਦੀ ਧੀ ਹੋਣਾ ਉਸ ਲਈ ਕਿਹੋ ਜਿਹਾ ਅਨੁਭਵ ਹੈ?" ਦੇ ਜੁਆਬ ਵਿਚ ਉਹ ਕਹਿੰਦੀ ਹੈ, "ਇਹ ਬਹੁਤ ਫ਼ਖ਼ਰ ਵਾਲ਼ੀ ਗੱਲ ਹੈ। ਮੈਂ ਆਪਣੇ ਬਚਪਨ ਵਿਚ ਕਾਫੀ ਲੰਬਾ ਅਰਸਾ ਉਨ੍ਹਾਂ ਦੀ ਸ਼ਖ਼ਸੀਅਤ, ਉਨ੍ਹਾਂ ਦੀ ਸ਼ੁਹਰਤ, ਉਨ੍ਹਾਂ ਦੇ ਹੁਨਰ ਅਤੇ ਚੰਗਿਆਈਆਂ ਤੋਂ ਪੂਰੀ ਤਰ੍ਹਾਂ ਅਣਜਾਣ ਰਹੀ ਹਾਂ। ਪਹਿਲਾਂ ਤਾਂ ਉਹ ਮੈਨੂੰ ਬਾਪ ਵਜੋਂ ਹੀ ਪਿਆਰੇ ਲੱਗੇ। ਉਨ੍ਹਾਂ ਦੇ ਕਲਾਵੰਤ ਹੋਣ ਦੀ 'ਦਹਿਸ਼ਤ' ਬਹੁਤ ਬਾਅਦ ਵਿਚ ਆਈ।"
ਮੇਘਨਾ ਅਕਸਰ ਮੰਨਦੀ ਹੈ, "ਮੈਂ ਜੋ ਹਾਂ, ਉਨ੍ਹਾਂ ਦੀ ਵਜ੍ਹਾ ਨਾਲ਼ ਹਾਂ।" ਗੁਲਜ਼ਾਰ ਵੀ ਆਪਣੀ ਧੀ ਨੂੰ ਆਪਣਾ ਸ਼ੀਸ਼ਾ ਮੰਨਦੇ ਹਨ। ਆਪਣੇ ਬਾਪ ਨਾਲ਼ ਆਪਣੇ ਸਬੰਧਾਂ ਬਾਰੇ ਉਹ ਏਦਾਂ ਕਹਿੰਦੀ ਹੈ, "ਸਾਡੇ ਸਬੰਧ ਆਪਸੀ ਹੋ ਕੇ ਵੀ ਆਪੋ-ਆਪਣੇ ਹਨ। ਅਸੀਂ ਰਵਾਇਤੀ ਢੰਗ ਨਾਲ਼ ਬਾਪ-ਬੇਟੀ ਨਹੀਂ ਹਾਂ। ਅਸੀਂ ਇਕ-ਦੂਜੇ ਦੀ ਸਹਾਇਤਾ ਨਾਲ਼ ਵਧਦੇ-ਫੁਲਦੇ ਹਾਂ, ਅਸੀਂ ਇਕ-ਦੂਜੇ ਨੂੰ 'ਪਾਲ਼ਦੇ' ਹਾਂ (ਜਿੱਦਾਂ ਬੂਟੇ ਪਾਲ਼ੀਦੇ ਹਨ)।"
ਸੰਨ 2004 ਵਿਚ ਮੇਘਨਾ ਨੇ ਗੁਲਜ਼ਾਰ ਦੀ ਜੀਵਨੀ 'ਬੀਕਾਜ਼ ਹੀ ਇਜ਼' (ਕਿਉਂ ਕਿ ਉਹ ਹੈ) ਲਿਖਣੀ ਸ਼ੁਰੂ ਕੀਤੀ ਸੀ ਤੇ ਉਸ ਨੇ ਇਹ ਜੀਵਨੀ ਪੂਰੀ ਕਰਦਿਆਂ 14 ਸਾਲ ਲਾ ਦਿੱਤੇ। ਇਹ ਕਿਤਾਬ ਪਹਿਲੀ ਸਤੰਬਰ ਨੂੰ ਮੁੰਬਈ ਦੇ 'ਰਾਇਲ ਓਪੇਰਾ ਹਾਊਸ' ਵਿਚ ਰਿਲੀਜ਼ ਕੀਤੀ ਗਈ ਹੈ। ਇਸ ਮੌਕੇ 'ਤੇ ਮੇਘਨਾ ਨੇ ਕਿਹਾ, "ਬਹੁਤ ਥੋੜ੍ਹੇ ਲੋਕਾਂ ਨੂੰ ਇਕੋ ਵਾਰ ਭਰਪੂਰ ਜ਼ਿੰਦਗ਼ੀ ਜੀਣੀ ਨਸੀਬ ਹੁੰਦੀ ਹੈ। ਮੈਂ ਉਨ੍ਹਾਂ (ਗੁਲਜ਼ਾਰ) ਰਾਹੀਂ ਦੋ ਵਾਰ ਭਰਪੂਰ ਜ਼ਿੰਦਗ਼ੀ ਜਿਊਂਈ ਹੈ।" ਇਹ ਕਿਤਾਬ ਗੁਲਜ਼ਾਰ ਬਾਰੇ ਜ਼ਰੂਰ ਹੈ, ਪਰ ਇਹ, ਨਿਰੀ ਇਕ ਜੀਵਨੀ ਨਹੀਂ ਹੈ। ਇਸ ਵਿਚ ਉਨ੍ਹਾਂ ਦੇ ਅਤੀਤ ਜਾਂ ਮੁੱਢ-ਕਦੀਮ ਦੀ ਤਲਾਸ਼ ਨਹੀਂ ਕੀਤੀ ਗਈ। ਇਹ ਤਾਂ ਮੇਘਨਾ ਨੇ ਇੰਨੇ ਸਾਲਾਂ ਦੌਰਾਨ ਜਿੱਦਾਂ ਆਪਣੇ ਬਾਪ ਨੂੰ ਦੇਖਿਆ ਹੈ, ਉਸ ਦਾ ਹੀ ਵੇਰਵਾ ਹੈ। ਮੇਘਨਾ ਦਾ ਕਹਿਣ ਹੈ, "ਇਹ ਕਿਤਾਬ ਲਿਖਣ ਦਾ ਮਕਸਦ, ਇਹ ਦਰਜ ਕਰਨਾ ਨਹੀਂ ਸੀ ਕਿ ਮੈਂ ਉਨ੍ਹਾਂ ਬਾਰੇ ਕੀ ਸੋਚਦੀ (ਰਹੀ) ਹਾਂ। ਇਹ ਕਿਤਾਬ ਉਨ੍ਹਾਂ ਦੀ ਜ਼ਿੰਦਗ਼ੀ ਬਾਰੇ, ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਹੈ। ਇਹ, ਇਕ ਪੇਸ਼ਾਵਰ ਜੀਵਨੀਕਾਰ ਦੀ ਥਾਂ, ਇਕ ਧੀ ਵੱਲੋਂ ਆਪਣੇ ਬਾਪ ਬਾਰੇ ਲਿਖਿਆ ਹੋਇਆ ਬਿਰਤਾਂਤ ਹੈ।"
"ਇਹ ਕਿਤਾਬ ਲਿਖਦਿਆਂ ਤੁਸੀਂ ਕੋਈ ਸੇਧਾਂ ਵੀ ਅਖ਼ਤਿਆਰ ਕੀਤੀਆਂ ਹੋਣਗੀਆਂ?" ਦੇ ਜੁਆਬ ਵਿਚ ਉਹ ਕਹਿੰਦੀ ਹੈ, "ਉਨ੍ਹਾਂ ਦੀ ਫ਼ਿਲਮ 'ਇਜਾਜ਼ਤ' ਵਿਚ ਇਕ ਸੰਵਾਦ ਹੈ, 'ਜੋ ਸਚ ਹੈ ਔਰ ਸਹੀ ਹੈ, ਵੁਹੀ ਕਰੋ।' ਮੇਰੇ ਲਈ ਕੋਈ ਵੀ ਕੰਮ ਸਹੀ ਤਰ੍ਹਾਂ ਕਰਨ ਦਾ, ਸਭ ਤੋਂ ਚੰਗਾ ਢੰਗ ਇਹੋ ਹੈ। ਬੱਸ, ਸਿੱਧਾ-ਸਾਦਾ ਰੱਖੋ ਤੇ ਇਮਾਨਦਾਰ ਰਹੋ। ਆਪਣੀਆਂ ਪਟਕਥਾਵਾਂ ਤੇ ਫ਼ਿਲਮਾਂ ਵਿਚ ਵੀ ਮੈਂ ਇਹੋ ਹੀ ਕਰਦੀ ਹਾਂ ਤੇ ਇਹੋ ਹੀ ਮੈਂ ਆਪਣੀ ਕਿਤਾਬ ਵਿਚ ਵੀ ਕੀਤਾ ਹੈ।" ਇਸ ਸਬੰਧ ਵਿਚ ਗੁਲਜ਼ਾਰ ਨੇ ਮੇਘਨਾ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਹੈ, "ਮੈਨੂੰ ਇਹ ਗੱਲ ਬਹੁਤ ਪਸੰਦ ਆਈ ਹੈ ਕਿ ਉਸ ਨੇ, ਮੈਨੂੰ ਮਿਲਣ ਵਾਲ਼ੇ ਅਹਿਮ ਬੰਦਿਆਂ ਅਤੇ ਇਨਾਮਾਂ-ਇਕਰਾਮਾਂ ਵੱਲ ਗ਼ੌਰ ਕਰਨ ਦੀ ਥਾਂ, ਸਾਰਾ ਧਿਆਨ ਮੇਰੇ ਵੱਲ, ਮੇਰੇ ਦੋਸਤਾਂ ਵੱਲ, ਮੇਰੇ ਪਰਿਵਾਰ ਵੱਲ ਅਤੇ ਮੇਰੇ ਉਸ ਸੰਸਾਰ, ਜਿਸ ਵਿਚ ਮੈਂ ਰਹਿੰਦਾ ਹਾਂ, ਵੱਲ ਦਿੱਤਾ ਹੈ। ਉਸ ਨੇ ਮੇਰੀ ਜ਼ਿੰਦਗ਼ੀ ਵੱਲ ਆਪਣੇ ਹੀ ਜ਼ਾਵੀਏ ਤੋਂ ਦੇਖਿਆ ਹੈ। ਮੇਰੇ ਲਈ ਇਹ ਗੱਲ ਵੀ ਇਕ ਭੇਤ ਹੀ ਸੀ ਕਿ ਮੈਂ ਉਸ ਨੂੰ ਕਿਸ ਤਰ੍ਹਾਂ ਦਾ ਦਿਸਦਾ ਹਾਂ। ਇਹ ਜਾਨਣਾ ਮੇਰੇ ਲਈ ਬਹੁਤ ਹੀ ਦਿਲਚਸਪੀ ਭਰਿਆ ਹੈ ਕਿਉਂ ਕਿ ਇਹੋ ਜਿਹੀਆਂ ਗੱਲਾਂ ਪੁੱਛੀਆਂ ਨਹੀਂ ਜਾ ਸਕਦੀਆਂ।"
'ਬੀਕਾਜ਼ ਹੀ ਇਜ਼' ਵਿਚ ਮੇਘਨਾ ਨੇ ਗੁਲਜ਼ਾਰ ਬਾਰੇ ਕਈ ਉਹ ਗੱਲਾਂ ਵੀ ਦੱਸੀਆਂ ਹੋਈਆਂ ਹਨ, ਜਿਨ੍ਹਾਂ ਬਾਰੇ ਪਹਿਲਾਂ ਕਿਸੇ ਨੂੰ ਵੀ ਕੋਈ ਇਲਮ ਨਹੀਂ ਸੀ। ਇਸ ਕਿਤਾਬ ਵਿਚ ਗੁਲਜ਼ਾਰ ਦੀਆਂ ਕੁੱਝ ਇਹੋ ਜਿਹੀਆਂ ਤਸਵੀਰਾਂ ਵੀ ਛਾਪੀਆਂ ਹੋਈਆਂ ਹਨ, ਜੋ ਪਹਿਲਾਂ ਕਿਸੇ ਨੇ ਵੀ ਨਹੀਂ ਦੇਖੀਆਂ ਹੋਈਆਂ।
"'ਪਾਪੀ' (ਮੇਘਨਾ ਗੁਲਜ਼ਾਰ ਨੂੰ ਏਦਾਂ ਹੀ ਸੰਬੋਧਨ ਕਰਦੀ ਹੈ) ਕਹਿੰਦੇ ਨੇ ਕਿ ਮਾਪਿਆਂ ਵੱਲੋਂ ਇਹ ਸੋਚ ਲੈਣਾ ਬਹੁਤ ਗ਼ਲਤ ਹੈ ਕਿ ਉਹ ਆਪਣੇ ਬੱਚੇ ਨਾਲ਼ੋਂ ਵੱਧ ਜਾਣਦੇ ਨੇ। ਉਹ, ਉਮਰ ਦੇ ਹਿਸਾਬ ਨਾਲ਼ ਬੱਚੇ ਨਾਲ਼ੋਂ ਵੱਡੇ ਹੋ ਸਕਦੇ ਨੇ, ਪਰ ਮਾਪਿਆਂ ਵਜੋਂ ਤਜਰਬੇ ਦੇ ਸਬੰਧ ਵਿਚ ਉਹ ਬੱਚੇ ਦੇ ਹਾਣ ਦੇ ਹੀ ਹੁੰਦੇ ਨੇ। ਮਿਸਾਲ ਦੇ ਤੌਰ 'ਤੇ ਮੈਂ ਜਦੋਂ ਉਨ੍ਹਾਂ ਦੀ ਦੋ ਸਾਲਾਂ ਦੀ ਧੀ ਸਾਂ ਤਾਂ ਉਹ ਮੇਰੇ ਦੋ ਸਾਲਾਂ ਦੇ ਪਿਤਾ ਸਨ। ਇਸ ਤਰ੍ਹਾਂ ਅਸੀਂ ਦੋਵੇਂ ਇਕੱਠੇ ਹੀ ਸਿੱਖਦੇ-ਸਿਖਾਉਂਦੇ ਸਾਂ। ਹਾਂ, ਉਹ ਮੇਰੇ ਪਿਤਾ ਵਜੋਂ ਸਿੱਖਦੇ ਸਨ ਤੇ ਮੈਂ ਉਨ੍ਹਾਂ ਦੀ ਧੀ ਵਜੋਂ।"
ਗੁਲਜ਼ਾਰ ਦੇ ਫ਼ਿਲਮਸਾਜ਼, ਲੇਖਕ ਅਤੇ ਸ਼ਾਇਰ ਹੋਣ ਬਾਰੇ ਤਾਂ ਸਭ ਨੂੰ ਇਲਮ ਹੈ, ਪਰ 'ਬੀਕਾਜ਼ ਹੀ ਇਜ਼' ਵਿਚ ਉਨ੍ਹਾਂ ਦੀ ਸ਼ਖ਼ਸੀਅਤ ਦੀ ਇਕ ਹੋਰ ਪਰਤ ਖੋਲ੍ਹੀ ਗਈ ਹੈ, ਜਿਸ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੋਵੇਗਾ। ਇਹ ਪਰਤ ਹੈ ਕਿ ਗੁਲਜ਼ਾਰ, ਇਕ ਬਾਪ ਵਜੋਂ ਕਿਹੋ ਜਿਹੇ ਹਨ। ਇਸ ਕਿਤਾਬ ਵਿਚ ਮੇਘਨਾ ਨੇ ਲਿਖਿਆ ਹੈ ਕਿ ਕਿਵੇਂ ਹਰ ਰੋਜ਼ ਗੁਲਜ਼ਾਰ ਉਸ ਨੂੰ ਸਕੂਲ ਜਾਣ ਲਈ ਤਿਆਰ ਕਰਦੇ ਹੁੰਦੇ ਸਨ, ਉਸ ਦੇ ਵਾਲ਼ ਵਾਹੁੰਦੇ ਹੁੰਦੇ ਸਨ, ਉਸ ਦੇ ਬੂਟਾਂ ਦੇ ਤਸਮੇਂ ਬੰਨ੍ਹਦੇ ਹੁੰਦੇ ਸਨ ਅਤੇ ਆਪਣੇ ਸਿਨੇਮਾਈ ਰੁਝੇਵਿਆਂ ਦੇ ਬਾਵਜੂਦ ਕਿਵੇਂ ਸ਼ਾਮੀਂ ਚਾਰ ਵਜੇ ਵਿਹਲੇ ਹੋ ਜਾਂਦੇ ਸਨ ਕਿਉਂ ਕਿ ਉਸ ਵੇਲ਼ੇ ਉਨ੍ਹਾਂ ਦੀ ਧੀ ਨੂੰ ਸਕੂਲੋਂ ਛੁੱਟੀ ਹੋਇਆ ਕਰਦੀ ਸੀ ਅਤੇ ਕਿਵੇਂ ਉਹ, ਮੇਘਨਾ ਦੇ ਤੇਰਾਂ ਸਾਲਾਂ ਦੀ ਹੋ ਜਾਣ ਤਕ ਹਰ ਸਾਲ, ਉਸ ਦੇ ਜਨਮ ਦਿਨ ਮੌਕੇ ਲਈ ਇਕ ਕਿਤਾਬ ਲਿਖਦੇ ਹੁੰਦੇ ਸਨ।
ਇਸ ਕਿਤਾਬ ਦਾ ਜ਼ਿਕਰ ਅਧੂਰਾ ਰਹੇਗਾ, ਜੇ ਇਸ ਕਿਤਾਬ ਦੀ ਲੇਖਕਾ ਬਾਰੇ ਕੁੱਝ ਵੀ ਨਾ ਲਿਖਿਆ ਜਾਵੇ। ਮੇਘਨਾ ਨੇ 1989 ਵਿਚ 'ਦ ਟਾਈਮਜ਼ ਆਫ ਇੰਡੀਆ' ਵਿਚ ਅਜ਼ਾਦ ਲੇਖਕਾ ਵਜੋਂ ਲਿਖਣਾ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ, ਉਸ ਨੇ ਸੇਂਟ ਜ਼ੇਵੀਅਰ ਕਾਲਜ, ਮੁੰਬਈ ਤੋਂ ਸਮਾਜ ਸ਼ਾਸਤਰ ਵਿਚ ਗਰੈਜੂਏਸ਼ਨ ਕੀਤੀ ਸੀ। ਫਿਰ ਉਸ ਨੇ ਕੌਮੀ ਇਨਾਮ ਜੇਤੂ ਫ਼ਿਲਮ 'ਨਸੀਮ' ਬਣਾਉਣ ਦੌਰਾਨ, ਜਾਣੇ-ਪਛਾਣੇ ਫ਼ਿਲਮਸਾਜ਼ ਸਈਦ ਅਖ਼ਤਰ ਮਿਰਜ਼ਾ ਦੀ ਸਹਾਇਕਾ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਉਸ ਨੇ 'ਟਿਸ਼ ਸਕੂਲ ਆਫ ਆਰਟਸ, ਨਿਊ ਯਾਰਕ ਯੂਨੀਵਰਸਿਟੀ, ਨਿਊ ਯਾਰਕ' ਤੋਂ ਫ਼ਿਲਮਸਾਜ਼ੀ ਦਾ ਇਕ ਛੋਟਾ ਜਿਹਾ ਕੋਰਸ ਕੀਤਾ। ਉਸ ਨੇ 'ਮਾਚਿਸ' ਅਤੇ 'ਹੁ ਤੁ ਤੂ' ਫ਼ਿਲਮਾਂ ਵਿਚ ਆਪਣੇ ਬਾਪ ਦੀ ਸਹਾਇਕਾ ਵਜੋਂ ਕੰਮ ਕੀਤਾ। ਇਸ ਦੇ ਨਾਲ਼ ਹੀ ਉਹ ਆਪਣੀਆਂ ਫ਼ਿਲਮਾਂ ਦੀਆਂ ਪਟਕਥਾਵਾਂ ਵੀ ਲਿਖਦੀ ਰਹੀ। ਉਸ ਨੇ 'ਦੂਰਦਰਸ਼ਨ' ਲਈ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ, ਕਈ ਸੰਗੀਤਕ ਵਿਡੀਓਜ਼ ਦਾ ਨਿਰਦੇਸ਼ਨ ਕੀਤਾ ਤੇ 'ਦ ਅਮੁਲ ਇੰਡੀਆ ਸ਼ੋਅ' ਸਮੇਤ ਕਈ ਟੀਵੀ ਸ਼ੋਅਜ਼ ਦੀ ਮੇਜ਼ਬਾਨੀ ਵੀ ਕੀਤੀ।
ਮੇਘਨਾ ਦੇ ਨਿਰਦੇਸ਼ਨ ਹੇਠ ਬਣੀ ਪਹਿਲੀ ਫ਼ੀਚਰ ਫ਼ਿਲਮ 'ਫ਼ਿਲਹਾਲ' ਕੁੱਖ ਗਹਿਣੇ ਕਰਨ (ਸਰੋਗੇਸੀ) ਸਬੰਧੀ ਸੀ। ਉਸ ਨੇ 'ਸਾਹਿਤ ਅਕੈਡਮੀ' ਲਈ ਗੁਲਜ਼ਾਰ ਦੀਆਂ ਸਾਹਿਤਕ ਕਿਰਤਾਂ ਦੇ ਸਬੰਧ ਵਿਚ 'ਏ ਪਾਕਿਟਫੁਲ ਆਫ ਪੋਇਮਿਜ਼' ਸਿਰਲੇਖ ਹੇਠ ਇਕ ਨਿੱਕੀ ਫ਼ਿਲਮ ਵੀ ਬਣਾਈ ਹੋਈ ਹੈ। ਉਸ ਨੇ ਨੋਇਡਾ ਵਿਚ ਹੋਏ ਇਕ ਦੋਹਰੇ ਕਤਲ ਕਾਂਡ ਦੇ ਆਧਾਰ ਉੱਤੇ 'ਤਲਵਾਰ' ਨਾਂ ਦੀ ਫ਼ੀਚਰ ਫ਼ਿਲਮ ਵੀ ਬਣਾਈ ਸੀ। ਉਸ ਦੀ ਤਾਜ਼ਾ ਫ਼ਿਲਮ 'ਰਾਜ਼ੀ' ਵੀ ਚਰਚਾ ਵਿਚ ਹੀ ਨਹੀਂ ਰਹੀ, 2018 ਦੀਆਂ ਕਾਮਯਾਬ ਫ਼ਿਲਮਾਂ ਵਿਚ ਵੀ ਸ਼ੁਮਾਰ ਹੋਈ ਹੈ। 'ਬੀਕਾਜ਼ ਹੀ ਇਜ਼' ਮੇਘਨਾ ਦੀ ਲਿਖੀ ਹੋਈ ਪਹਿਲੀ ਕਿਤਾਬ ਹੈ।
ਇਸ ਕਿਤਾਬ ਵਿਚ ਕੀ ਹੈ ਜਾਂ ਕੀ ਨਹੀਂ, ਇਸ ਦੇ ਪਾਠਕ ਜਾਣ ਲੈਣਗੇ। ਇਸ ਕਿਤਾਬ ਦੇ ਰਿਲੀਜ਼ ਹੋਣ ਮੌਕੇ ਗੁਲਜ਼ਾਰ ਦੇ ਸਬੰਧ ਵਿਚ ਕੁੱਝ ਖੁਲਾਸੇ ਵੀ ਹੋਏ, ਜੋ ਪਾਠਕਾਂ ਨਾਲ਼ ਸਾਂਝੇ ਕਰਨੇ ਬਹੁਤ ਜ਼ਰੂਰੀ ਹਨ। ਕਿਹਾ ਜਾਂਦਾ ਹੈ ਕਿ 'ਸੰਪੂਰਨ ਸਿੰਘ ਕਾਲੜਾ' (ਗੁਲਜ਼ਾਰ ਦਾ ਅਸਲੀ ਨਾਂ) ਫ਼ਿਲਮ ਇੰਡੱਸਟਰੀ ਵਿਚ ਦਾਖਲ ਹੋਣ ਤੋਂ ਪਹਿਲਾਂ ਇਕ ਗੈਰਾਜ ਵਿਚ 'ਕਾਰ ਮਕੈਨਿਕ' ਵਜੋਂ ਕੰਮ ਕਰਦੇ ਹੁੰਦੇ ਸਨ। ਮੇਘਨਾ ਨੇ ਕਿਤਾਬ ਰਿਲੀਜ਼ ਹੋਣ ਮੌਕੇ, ਗੁਲਜ਼ਾਰ ਦੀ ਮੌਜੂਦਗ਼ੀ ਵਿਚ ਸਪੱਸ਼ਟ ਕੀਤਾ ਕਿ ਉਸ ਦਾ ਬਾਪ ਕਦੇ ਵੀ 'ਕਾਰ ਮਕੈਨਿਕ' ਨਹੀਂ ਸੀ। ਕਈ ਲੋਕ ਇਹ ਕਹਿੰਦੇ ਹਨ ਕਿ ਗੁਲਜ਼ਾਰ, ਹਾਦਸਿਆਂ ਦੀਆਂ ਸ਼ਿਕਾਰ ਹੋ ਕੇ, ਉਸ ਗੈਰਾਜ ਵਿਚ ਮੁਰੰਮਤ ਹੋਣ ਲਈ ਆਈਆਂ ਹੋਈਆਂ ਕਾਰਾਂ ਨੂੰ ਰੰਗ-ਰੋਗਨ ਕਰਿਆ ਕਰਦੇ ਸਨ। ਮੇਘਨਾ ਦੱਸਦੀ ਹੈ ਕਿ ਇਹ ਗੱਲ ਵੀ ਸਹੀ ਨਹੀਂ ਹੈ।
ਮੇਘਨਾ ਦੇ ਕਹਿਣ ਅਨੁਸਾਰ, ਗੁਲਜ਼ਾਰ, ਹਾਦਸਿਆਂ ਵਿਚ ਛੋਟੀਆਂ-ਮੋਟੀਆਂ ਖ਼ਰਾਸ਼ਾਂ ਜਾਂ ਰਗੜਾਂ ਦੀਆਂ ਸ਼ਿਕਾਰ ਹੋਈਆਂ ਕਾਰਾਂ ਦੇ ਅਸਲੀ ਰੰਗ ਨਾਲ਼ ਮਿਲਦਾ ਰੰਗ ਤਿਆਰ ਕਰ ਕੇ, ਉਸ ਨਾਲ਼ ਉਹ ਰਗੜਾਂ/ ਖ਼ਰਾਸ਼ਾਂ ਹੀ ਮਿਟਾਉਂਦੇ ਹੁੰਦੇ ਸਨ। ਗੁਲਜ਼ਾਰ ਦੀ ਅਸਲੀ ਕਾਰੀਗ਼ਰੀ, ਕਈ ਰੰਗ ਰਲ਼ਾ ਕੇ, ਉਸ ਕਾਰ ਦੇ ਅਸਲੀ ਰੰਗ ਵਰਗਾ ਰੰਗ ਬਣਾਉਣਾ ਹੀ ਸੀ।
ਉਸ ਦਿਨ ਮੁੰਬਈ ਦੇ 'ਰਾਇਲ ਓਪੇਰਾ ਹਾਊਸ' ਵਿਚ ਇਹ ਖੁਲਾਸਾ ਵੀ ਹੋਇਆ ਕਿ ਉਸ ਗੈਰਾਜ ਵਿਚ ਹੀ ਗੁਲਜ਼ਾਰ ਦੀ ਮੁਲਾਕਾਤ, ਇਕ ਇਹੋ ਜਿਹੇ ਸ਼ਖ਼ਸ ਨਾਲ਼ ਹੋਈ ਸੀ, ਜਿਸ ਨੇ ਉਨ੍ਹਾਂ ਨੂੰ ਰੁਆ ਦਿੱਤਾ ਸੀ। ਇਹ ਸ਼ਖ਼ਸ ਸਨ ਫ਼ਿਲਮ ਨਿਰਦੇਸ਼ਕ ਬਿਮਲ ਰਾਏ। ਉਨ੍ਹਾਂ ਨੇ ਹੀ ਗੁਲਜ਼ਾਰ ਨੂੰ ਉਸ ਗੈਰਾਜ ਵਿਚੋਂ ਬਾਹਰ ਲਿਆਂਦਾ ਸੀ। ਮੇਘਨਾ ਨੇ ਦੱਸਿਆ ਕਿ 'ਬਿਮਲਦਾ' ਨੇ ਗੁਲਜ਼ਾਰ ਨੂੰ ਕਿਹਾ, "ਤੂੰ ਫ਼ਿਲਮਾਂ ਲਈ ਗੀਤ ਲਿਖ, ਨਾ ਲਿਖ। ਮੇਰਾ ਸਹਾਇਕ ਬਣ, ਨਾ ਬਣ, ਪਰ ਤੂੰ ਉਸ ਗੈਰਾਜ ਵਿਚ ਵਾਪਸ ਨਹੀਂ ਜਾਏਂਗਾ।" ਗੁਲਜ਼ਾਰ ਨੇ ਵੀ ਕਿਹਾ ਕਿ ਉਨ੍ਹਾਂ ਨੂੰ 'ਬਿਮਲਦਾ' ਵੱਲੋਂ ਉਨ੍ਹਾਂ ਬਾਰੇ ਕੀਤਾ ਹੋਇਆ, ਕਿਸੇ ਮਾਂ ਵੱਲੋਂ ਆਪਣੇ ਬੱਚੇ ਲਈ ਕੀਤੇ ਹੋਏ ਫ਼ਿਕਰ ਵਰਗਾ ਫ਼ਿਕਰ, ਕਈ ਵਾਰੀ ਰੁਆ ਚੁੱਕਾ ਹੈ।
ਮੇਘਨਾ ਨੇ ਇਸ ਕਿਤਾਬ ਵਿਚ ਗੁਲਜ਼ਾਰ ਬਾਰੇ ਬਹੁਤ ਸਾਰੇ ਖੁਲਾਸੇ ਕੀਤੇ ਹੋਣਗੇ, ਪਰ ਉਸ ਨੇ ਆਪਣੇ ਮਾਪਿਆਂ ਵੱਲੋਂ ਤਲਾਕ ਲਏ ਬਗ਼ੈਰ ਜੁਦਾ ਹੋ ਜਾਣ ਬਾਰੇ ਇਕ ਸਤਰ ਵੀ ਨਹੀਂ ਲਿਖੀ। ਬਹੁਪੱਖੀ ਸਿਰਜਕ ਸਦਾਉਂਦੇ ਗੁਲਜ਼ਾਰ ਨੂੰ ਵਿਆਹ ਮਗਰੋਂ ਰਾਖੀ ਦਾ ਫ਼ਿਲਮਾਂ ਵਿਚ ਕੰਮ ਕਰਨਾ ਪਸੰਦ ਨਹੀਂ ਸੀ। ਕਸ਼ਮੀਰ ਵਿਚ ਫ਼ਿਲਮ 'ਆਂਧੀ' ਦੀ ਸ਼ੂਟਿੰਗ ਦੌਰਾਨ ਰਾਖੀ ਵੱਲੋਂ ਸੈੱਟ 'ਤੇ ਆ ਕੇ ਗੁਲਜ਼ਾਰ ਤੋਂ ਕੁੱਝ ਪੁੱਛ-ਗਿੱਛ ਕਰਨ 'ਤੇ ਗੁਲਜ਼ਾਰ ਵੱਲੋਂ ਰਾਖੀ ਨੂੰ ਕੁੱਟ-ਕੁੱਟ ਨੀਲੀ ਕਰ ਦੇਣ ਬਾਰੇ ਵੀ, ਮੇਘਨਾ ਇਸ ਕਿਤਾਬ ਵਿਚ ਚੁੱਪ ਹੈ, ਪਤਾ ਨਹੀਂ ਕਿਉਂ?#

