ਰੋਸ ਮੁਜ਼ਾਹਰਿਆਂ ਨਾਲ਼ ਬਿਮਾਰੀਆਂ ਖਹਿੜਾ ਨਹੀਂ ਛੱਡਦੀਆਂ ਬੀਬਾ!
===============================
ਕਿਸੇ ਦਾਨਿਸ਼ਵਰ ਬੰਦੇ ਨੇ ਕਿਹਾ ਹੋਇਆ ਹੈ ਕਿ ਸਹੀ ਕੰਮ ਕਰਨ ਲਈ ਕੋਈ ਦਿਨ ਮਾੜਾ ਜਾਂ ਗ਼ਲਤ ਨਹੀਂ ਹੁੰਦਾ। ਓਦਾਂ ਹੀ, ਦਾਨਿਸ਼ਵਰ ਨਾ ਸਹੀ, ਇਸ ਬੰਦੇ ਦਾ ਕਹਿਣ ਵੀ ਹੈ ਕਿ ਬਿਮਾਰੀਆਂ ਦੇ ਇਲਾਜ, ਰੋਸ ਮੁਜ਼ਾਹਰੇ ਕਰਨ ਨਾਲ਼ ਨਹੀਂ ਹੁੰਦੇ। ਬਿਮਾਰੀਆਂ ਤੋਂ ਬਚਣ ਲਈ ਉਨ੍ਹਾਂ ਦੀ ਅਗੇਤੀ ਰੋਕਥਾਮ ਕਰਨੀ ਚਾਹੀਦੀ ਹੈ, ਉਨ੍ਹਾਂ ਲਈ ਪਰਹੇਜ਼ ਕਰਨੇ ਚਾਹੀਦੇ ਹਨ। ਔਰਤਾਂ ਦਾ ਵਾਹ, 'ਛਾਤੀ ਦਾ ਕੈਂਸਰ' ਨਾਂ ਦੀ ਮਾਮੁਰਾਦ ਬਿਮਾਰੀ ਨਾਲ਼ ਪੈਂਦਾ ਰਹਿੰਦਾ ਹੈ, ਜਿਸ ਦੇ ਸਬੰਧ ਵਿਚ ਹੋਣਾ ਜਾਂ ਕਰਨਾ ਤਾਂ ਇਹ ਚਾਹੀਦਾ ਹੈ ਕਿ ਇਹ ਬਿਮਾਰੀ ਹੋਣ ਦੇ ਕਾਰਨ ਲੱਭੇ ਜਾਣ, ਪਰਹੇਜ਼ ਲੱਭੇ ਜਾਣ, ਪਰ ਹੋਇਆ ਜਾਂ ਕੀਤਾ ਕੁੱਝ ਹੋਰ ਹੀ ਜਾ ਰਿਹਾ ਹੈ। ਹੁਣ ਪਤਾ ਨਹੀਂ ਕਿਸ ਆਦਮੀ ਜਾਂ ਔਰਤ ਨੇ ਇਹ ਕਾਢ ਕੱਢੀ ਹੋਵੇਗੀ ਕਿ ੧੩ ਅਕਤੂਬਰ ਦਾ ਦਿਨ, 'ਛਾਤੀ ਦੇ ਕੈਂਸਰ' ਦੇ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ 'ਅੰਗੀ ਬਗ਼ੈਰ ਦਿਹਾੜੇ' ਵਜੋਂ ਮਨਾਇਆ ਜਾਣ ਲੱਗ ਪਿਆ। ਸਾਨੂੰ ਨਹੀਂ ਪਤਾ ਕਿ ਔਰਤਾਂ ਵੱਲੋਂ ਅੰਗੀ ਦਾ ਵਰਤਿਆ ਜਾਣਾ ਕੈਂਸਰ ਹੋਣ ਦੀ ਵਜ੍ਹਾ ਹੈ। ਹੋ ਸਕਦਾ ਹੈ ਕਿ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਕੁੱਝ ਪਤਾ ਨਾ ਹੋਵੇ ਤੇ ਇਹ ਵੀ ਹੋ ਸਕਦਾ ਹੈ ਕਿ ਇਹੋ ਜਿਹੇ ਅਣਜਾਣ ਲੋਕਾਂ ਵਿਚੋਂ ਬਹੁਤ ਸਾਰੇ, ਕੈਂਸਰ ਵਿਰੋਧੀ ਰੋਸ ਮੁਜ਼ਾਹਰਿਆਂ ਦੇ ਝੰਡਾਬਰਦਾਰ ਵੀ ਹੋਣ।
ਇਸ ਬਿਮਾਰੀ ਦੇ ਸਬੰਧ ਵਿਚ ਸਭ ਤੋਂ ਵੱਡੀ ਮਾੜੀ ਗੱਲ ਇਹ ਹੈ ਕਿ ਇਸ ਬਿਮਾਰੀ ਦੇ ਸਬੰਧ ਵਿਚ ਚਰਚਾ ਕਰਨ ਦੀ ਵੀ ਇਕ ਤਰ੍ਹਾਂ ਨਾਲ਼ ਮਨਾਹੀ ਹੀ ਹੈ। ਸਾਡੇ ਭਾਰਤੀ ਸਮਾਜ ਵਿਚ ਤਾਂ ਇਸ ਬਿਮਾਰੀ ਦੀ ਚਰਚਾ ਕਰਨ ਵਾਲ਼ੇ ਨੂੰ 'ਬੇਸ਼ਰਮ', 'ਬੇਹਯਾ' ਅਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਲਕਬ ਦੇ ਦਿੱਤੇ ਜਾਂਦੇ ਹਨ। ਕਿਸੇ ਹੋਰ ਬਾਰੇ ਤਾਂ ਕੀ ਕਹਾਂ, ਮੈਂ ਖ਼ੁਦ ਇਹ ਲੇਖ ਲਿਖਣ ਤੋਂ ਪਹਿਲਾਂ, ਇਨ੍ਹਾਂ ਤੇ ਇਨ੍ਹਾਂ ਤੋਂ ਵੀ ਭੈੜੇ ਲਕਬਾਂ ਨਾਲ਼ ਨਵਾਜ਼ੇ ਜਾਣ ਤੋਂ ਡਰਿਆ ਹੋਇਆ ਸਾਂ। ਕੁੱਝ ਸ਼ਬਦ, ਕੁੱਝ ਵਾਕ ਹੋਰ ਭਾਸ਼ਾਵਾਂ ਵਿਚ ਅਸੀਂ ਹਰ ਰੋਜ਼ ਸੁਣਦੇ-ਬੋਲਦੇ ਹਾਂ, ਪਰ ਅਸੀਂ ਆਪਣੀਆਂ ਭਾਸ਼ਾਵਾਂ ਵਿਚ ਉਨ੍ਹਾਂ ਦਾ ਉਚਾਰਣ ਕਰਨੋਂ ਜਾਂ ਉਨ੍ਹਾਂ ਦਾ ਉਚਾਰਣ ਸੁਣਨੋਂ 'ਸੰਗਦੇ' ਰਹਿੰਦੇ ਹਾਂ। ਇਹ 'ਸੰਗ-ਸ਼ਰਮ' ਛੱਡਣਾ, ਇਸ ਬਿਮਾਰੀ ਤੋਂ ਬਚਣ ਵੱਲ ਪਹਿਲਾ ਕਦਮ ਹੋਵੇਗਾ। ਅਸੀਂ ਤਾਂ ਇਹ ਲੇਖ ਲਿਖ ਕੇ ਇਹ ਕਦਮ ਪੁੱਟ ਲਿਆ ਹੈ।
'ਛਾਤੀ ਦੇ ਕੈਂਸਰ' ਦੇ ਸਬੰਧ ਵਿਚ ਜਿੰਨੇ ਮੂੰਹ ਓਨੀਆਂ ਹੀ ਗੱਲਾਂ ਨਹੀਂ, ਸਗੋਂ ਮੂੰਹਾਂ ਦੀ ਗਿਣਤੀ ਨਾਲ਼ੋਂ ਵੀ ਕਿਤੇ ਵੱਧ ਗੱਲਾਂ ਹਨ। ਹੋਰ ਤਾਂ ਹੋਰ, ਸੋਸ਼ਲ ਮੀਡੀਆ ਅਤੇ ਇੰਟਰਨੈੱਟ ਉੱਤੇ ਵੀ ਇਸ ਬਿਮਾਰੀ ਦੇ ਸਬੰਧ ਵਿਚ ਬੜਾ ਹੀ ਕੁੱਝ ਅਫ਼ਵਾਹਾਂ ਵਰਗਾ ਪਾਇਆ ਹੋਇਆ ਹੈ। ਮਿਸਾਲ ਦੇ ਤੌਰ 'ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਕੋਈ ਵੀ ਸਬੂਤ ਨਹੀਂ ਮਿਲਦਾ ਕਿ 'ਰਾਤ ਨੂੰ ਮੁੜ੍ਹਕਾ ਆਉਣੋਂ ਰੋਕਣ ਵਾਲ਼ੀਆਂ ਦਵਾਈਆਂ' ਦੀ ਵਰਤੋਂ ਕਰਨ ਅਤੇ ਅੰਗੀ ਲਾਉਣ, ਖ਼ਾਸ ਤੌਰ 'ਤੇ ਤਾਰ ਵਾਲ਼ੀ ਅੰਗੀ (ਅੰਡਰਵਾਇਰ ਬਰਾ) ਲਾਉਣ ਨਾਲ਼ ਛਾਤੀ ਦਾ ਕੈਂਸਰ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲ਼ੇ ਇਹ ਦਲੀਲਾਂ ਵੀ ਦਿੰਦੇ ਹਨ ਕਿ ਮੁੜ੍ਹਕਾ ਜਾਂ ਪਸੀਨਾ ਆਉਣੋਂ ਰੋਕਣ ਵਾਲ਼ੀਆਂ ਦਵਾਈਆਂ, ਚਮੜੀ ਵਿਚ ਜਜ਼ਬ ਹੋ ਕੇ, ਪਸੀਨਾ ਆਉਣ ਨਾਲ਼ ਜਿਸਮ ਵਿਚੋਂ ਬਾਹਰ ਆਉਣ ਵਾਲ਼ੇ ਮਾੜੇ ਤੱਤ ਵੀ ਬਾਹਰ ਨਿੱਕਲਣੋਂ ਰੋਕ ਦਿੰਦੀਆਂ ਹਨ। ਇਹ ਮਾੜੇ ਤੱਤ, ਛਾਤੀ ਵਿਚ ਜਮ੍ਹਾ ਹੋ ਕੇ ਕੈਂਸਰ ਨੂੰ ਜਨਮ ਦਿੰਦੇ ਹਨ।
'ਤਾਰ ਵਾਲ਼ੀ ਅੰਗੀ' (ਅੰਡਰਵਾਇਰ ਬਰਾ) ਦੇ ਸਿਰ ਇਹ ਦੋਸ਼ ਲਾਇਆ ਜਾਂਦਾ ਹੈ ਕਿ ਇਸ ਦੀ ਤਾਰ ਨਾਲ਼ ਛਾਤੀ ਦੇ ਹੇਠਲੀਆਂ ਨਾੜਾਂ ਦੱਬੀਆਂ ਜਾਣ ਦੀ ਵਜ੍ਹਾ ਨਾਲ਼ ਛਾਤੀ ਵਿਚਲੇ ਤਰਲ, ਜਿਸਮ ਦੇ ਹੋਰ ਹਿੱਸਿਆਂ ਵੱਲ ਵਹਿਣੋਂ ਰੁਕ ਜਾਂਦੇ ਹਨ। ਇਨ੍ਹਾਂ ਦੋਹਾਂ ਹੀ ਅਫ਼ਵਾਹਾਂ ਦਾ ਕੋਈ ਵੀ ਵਿਗਿਆਨਕ ਆਧਾਰ ਨਹੀਂ ਹੈ। ਪਸੀਨਾ ਜਾਂ ਮੁੜ੍ਹਕਾ ਰੋਕਣ ਵਾਲ਼ੀ ਸਭ ਤੋਂ ਸਮਰੱਥ ਦਵਾਈ ਵੀ ਕੱਛਾਂ ਵਿਚ ਮੁੜਕਾ ਆਉਣੋਂ ਨਹੀਂ ਰੋਕ ਸਕਦੀ। ਇਸ ਤੋਂ ਇਲਾਵਾ, ਕੈਂਸਰ ਹੋਣ ਦੀ ਵਜ੍ਹਾ ਬਣਦੇ ਬਹੁਤ ਸਾਰੇ ਤੱਤ, ਗੁਰਦਿਆਂ ਦੀ ਮਦਦ ਨਾਲ਼ ਪਿਸ਼ਾਬ ਰਾਹੀਂ ਬਾਹਰ ਨਿੱਕਲ ਜਾਂਦੇ ਹਨ ਜਾਂ ਜਿਗਰ ਰਾਹੀਂ ਪਚ ਜਾਂਦੇ ਹਨ।
ਓਦਾਂ ਵੀ, ਪਸੀਨੇ ਨੂੰ ਹੀ ਜਿਸਮ ਵਿਚੋਂ ਮਾੜਾ ਮਾਦਾ ਕੱਢਣ ਦਾ ਵਧੀਆ ਢੰਗ ਸਮਝਣਾ ਵੀ ਬਹੁਤ ਵਧੀਆ ਗੱਲ ਨਹੀਂ ਹੈ। ਜਿਸਮ ਨੂੰ ਪਸੀਨੇ ਦੀ ਬਦਬੋ ਤੋਂ ਬਚਾਈ ਰੱਖਣ ਲਈ ਵਰਤੇ ਜਾਂਦੇ ਰਸਾਇਣਕ ਪਦਾਰਥਾਂ, ਜਿਨ੍ਹਾਂ ਵਿਚ ਕਈ ਤਰ੍ਹਾਂ ਦੀਆਂ ਖ਼ੁਸ਼ਬੋਆਂ ਆਦਿ ਵੀ ਸ਼ਾਮਲ ਹਨ, ਸਮੇਤ ਇਸ ਤਰ੍ਹਾਂ ਦੀਆਂ ਹੋਰ ਸੈਂਕੜੇ ਦਵਾਈਆਂ, ਜੋ ਜਿਸਮ ਉੱਤੇ ਛਿੜਕੀਆਂ ਜਾਂਦੀਆਂ ਹਨ ਜਾਂ ਲਾਈਆਂ ਜਾਂਦੀਆਂ ਹਨ, ਕਿਸੇ ਤਰ੍ਹਾਂ ਵੀ ਛਾਤੀ ਦਾ ਕੈਂਸਰ ਹੋਣ ਦੀ ਵਜ੍ਹਾ ਨਹੀਂ ਠਹਿਰਾਈਆਂ ਜਾ ਸਕਦੀਆਂ। ਤਾਰ ਵਾਲ਼ੀ ਅੰਗੀ ਲਾਉਣ ਨਾਲ਼ ਵੀ ਕੈਂਸਰ ਨਹੀਂ ਹੁੰਦਾ। ਇਕ ਵਿਗਿਆਨਕ ਵਿਸ਼ਲੇਸ਼ਣ ਰਾਹੀਂ ਹੀ ਛਾਤੀ ਦੇ ਕੈਂਸਰ ਅਤੇ ਅੰਗੀ ਵਿਚਾਲ਼ੇ ਇਕ ਸਬੰਧ ਦੇਖਣ ਵਿਚ ਆਇਆ ਹੈ। ਇਹ ਸਬੰਧ ਇਹ ਹੈ ਕਿ ਜਿਹੜੀਆਂ ਔਰਤਾਂ ਅੰਗੀ ਲਾਉਂਦੀਆਂ ਹਨ ਅਤੇ ਜਿਹੜੀਆਂ ਔਰਤਾਂ ਅੰਗੀ ਨਹੀਂ ਲਾਉਂਦੀਆਂ, ਉਨ੍ਹਾਂ ਦੋਹਾਂ ਨੂੰ ਹੀ ਛਾਤੀ ਦਾ ਕੈਂਸਰ ਹੋਣ ਦਾ ਖ਼ਤਰਾ ਇਕੋ ਜਿਹਾ ਹੀ ਹੁੰਦਾ ਹੈ। ਹਾਂ, ਜਿਹੜੀਆਂ ਔਰਤਾਂ ਦੇ ਜਿਸਮ ਭਾਰੇ ਹਨ ਤੇ ਉਹ ਅੰਗੀ ਵੀ ਲਾਉਂਦੀਆਂ ਹਨ, ਉਨ੍ਹਾਂ ਨੂੰ ਛਾਤੀ ਦਾ ਕੈਂਸਰ ਹੋਣ ਦਾ ਖ਼ਤਰਾ ਹੋ ਸਕਦਾ ਹੈ। ਜਿਹੜੀਆਂ ਔਰਤਾਂ ਦੇ ਜਿਸਮ ਭਾਰੇ ਨਹੀਂ ਹੁੰਦੇ, ਉਹ ਅੰਗੀ ਲਾਉਣ ਜਾਂ ਨਾ ਲਾਉਣ, ਉਨ੍ਹਾਂ ਨੂੰ ਇਹ ਕੈਂਸਰ ਹੋਣ ਦਾ ਖ਼ਤਰਾ ਬਹੁਤ ਘੱਟ ਹੁੰਦਾ ਹੈ।
ਰਹੀ ਗੱਲ, ਹਰ ਸਾਲ 13 ਅਕਤੂਬਰ ਨੂੰ, 'ਛਾਤੀ ਦੇ ਕੈਂਸਰ' ਦੇ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ 'ਅੰਗੀ ਬਗ਼ੈਰ ਦਿਹਾੜਾ' ਮਨਾਏ ਜਾਣ ਦੀ ਤਾਂ ਸਾਨੂੰ ਇਸ ਤਰ੍ਹਾਂ ਕਰਨ ਦਾ ਪ੍ਰਯੋਜਨ ਸਮਝਣਾ ਵੀ ਜ਼ਰੂਰੀ ਹੈ। ਇਹ ਦਿਨ ਮਨਾਉਣ ਦਾ ਸਿਲਸਿਲਾ, 2011 ਵਿਚ ਸ਼ੁਰੂ ਕੀਤਾ ਗਿਆ। ਅਸਲ ਵਿਚ ਇਹ ਦਿਨ, ਅਕਤੂਬਰ ਦਾ ਮਹੀਨਾ, ਛਾਤੀ ਦੇ ਕੈਂਸਰ ਬਾਰੇ ਜਾਣਕਾਰੀ ਦੇਣ ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੋਣ ਕਰ ਕੇ, ਉਸ ਦੇ ਅੱਧ-ਵਿਚਾਲੇ ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦਾ ਉਦੇਸ਼ ਵੀ ਛਾਤੀ ਦੇ ਕੈਂਸਰ ਬਾਰੇ ਜਾਣਕਾਰੀ ਫੈਲਾਉਣਾ ਹੀ ਹੈ। ਇਸ ਸਬੰਧ ਵਿਚ ਕੀਤੇ ਗਏ ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਇਹ ਬਿਮਾਰੀ, ਜੋ ਔਰਤਾਂ ਲਈ ਬਹੁਤ ਹੀ ਘਾਤਕ ਸਿੱਧ ਹੋਈ ਹੈ, 2020 ਤਕ 76 ਹਜ਼ਾਰ ਔਰਤਾਂ ਦੀ ਜਾਨ ਲੈ ਸਕਦੀ ਹੈ। ਇਸ ਦਿਨ ਤੋਂ ਇਕ ਦਿਨ ਪਹਿਲਾਂ ਯਾਨੀ 12 ਅਕਤੂਬਰ ਨੂੰ ਘਰੋ-ਘਰੀ ਜਾ ਕੇ ਔਰਤਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਅਗਲੇ ਦਿਨ ਅੰਗੀਆਂ ਨਾ ਲਾਉਣ ਅਤੇ ਆਪਣੀਆਂ ਅੰਗੀਆਂ, ਆਪਣੇ ਘਰੀਂ ਛੱਡ ਜਾਣ। ਉਨ੍ਹਾਂ ਨੂੰ ਆਪਣਾ ਮੁਆਇਨਾ, ਆਪ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਅੰਗਾਂ ਵਿਚ ਕਿਤੇ ਕੈਂਸਰ ਦੀਆਂ ਅਲਾਮਤਾਂ ਤਾਂ ਨਹੀਂ ਹਨ। ਜਿਨ੍ਹਾਂ ਦੇ ਸਰੀਰਾਂ ਅੰਦਰ ਅਜਿਹੀਆਂ ਅਲਾਮਤਾਂ ਦਿਸਣ, ਉਨ੍ਹਾਂ ਨੂੰ 'ਮੈਮੋਗ੍ਰਾਮ ਸਕਰੀਨਿੰਗ' ਕਰਾਉਣ ਲਈ ਕਿਹਾ ਜਾਂਦਾ ਹੈ। 'ਮੈਮੋਗ੍ਰਾਮ ਸਕਰੀਨਿੰਗ' ਕਰਾਉਣ ਨਾਲ਼ ਛਾਤੀ ਦੇ ਕੈਂਸਰ ਦੀਆਂ ਉਨ੍ਹਾਂ ਅਲਾਮਤਾਂ ਦਾ ਵੀ ਪਤਾ ਲੱਗ ਜਾਂਦਾ ਹੈ, ਜੋ ਆਮ ਤੌਰ 'ਤੇ ਡਾਕਟਰਾਂ ਦੀ ਪਕੜ ਵਿਚ ਵੀ ਦੋ ਸਾਲ ਮਗਰੋਂ ਆਉਂਦੀਆਂ ਹਨ।
ਇਹ ਦਿਨ ਮਨਾਉਣ ਜਾਂ ਇਹ ਮੁਹਿੰਮ ਚਲਾਉਣ ਦੀ ਆਲੋਚਨਾ ਵੀ ਹੁੰਦੀ ਰਹਿੰਦੀ ਹੈ ਕਿਉਂ ਕਿ ਕੁੱਝ ਲੋਕਾਂ ਦਾ ਖ਼ਿਆਲ ਹੈ ਕਿ ਔਰਤਾਂ ਨੂੰ ਅੰਗੀਆਂ ਲਾਉਣ/ ਲਾਹੁਣ ਲਈ ਕਹਿਣਾ, ਉਨ੍ਹਾਂ ਦੇ ਜਿਸਮ ਵੱਲ ਮਾੜੀ ਨਜ਼ਰ ਨਾਲ਼ ਝਾਕਣ ਦੇ ਬਰਾਬਰ ਹੀ ਹੈ। ਓਦਾਂ, ਕਿਹਾ ਜਾਂਦਾ ਹੈ ਕਿ ਇਹ ਮੁਹਿੰਮ ਹਰ ਸਾਲ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ। ਕਿਹਾ ਜਾਂਦਾ ਹੈ ਕਿ ਇਸ ਦਿਹਾੜੇ ਔਰਤਾਂ ਵੱਲੋਂ ਅੰਗੀਆਂ ਨਾ ਲਾਉਣ ਦਾ ਇਕ ਹੋਰ ਅਰਥ ਵੀ ਹੁੰਦਾ ਹੈ। ਜਦੋਂ ਕਿਸੇ ਔਰਤ ਦੀ ਛਾਤੀ, ਕੈਂਸਰ ਜਿਹੀ ਬਿਮਾਰੀ ਦੀ ਵਜ੍ਹਾ ਨਾਲ਼ ਕੱਟਣੀ ਪੈ ਜਾਂਦੀ ਹੈ ਤਾਂ ਉਸ ਨੂੰ ਆਪਣੀ ਸਾਰੀ ਉਮਰ, ਆਪਣੇ ਜਿਸਮ ਦਾ ਇਹ ਕਜ ਲੁਕਾਉਣ ਲਈ ਅੰਗੀ ਦਾ ਸਹਾਰਾ ਲੈਣਾ ਪੈਂਦਾ ਹੈ। ਅੰਗੀ ਉਹਲੇ ਕਜ ਢਕਣ ਦੀ ਥਾਂ, ਇਸ ਤੋਂ ਬਗ਼ੈਰ ਵੀ ਇਕ-ਅੱਧਾ ਦਿਨ ਲੰਘਾਉਣ ਦੀ ਮੱਤ, ਇਸ ਦਿਨ ਹੀ ਆਉਂਦੀ ਹੈ।
ਕਹਿੰਦੇ ਨੇ ਕਿ ਅਮਰੀਕਾ ਵਿਚ ਹੀ ਹਰ ਸਾਲ ਲੱਖਾਂ ਔਰਤਾਂ, ਛਾਤੀ ਦੇ ਕੈਂਸਰ ਦੀਆਂ ਮਰੀਜ਼ ਬਣ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਤਕਰੀਬਨ ਢਾਈ ਲੱਖ ਔਰਤਾਂ ਬਹੁਤ ਹੀ ਮਾੜੀ ਹਾਲਤ ਵਿਚ ਪਹੁੰਚ ਜਾਂਦੀਆਂ ਹਨ। ਇਸ ਤੋਂ ਇਲਾਵਾ 26 ਕੁ ਸੌ ਮਰਦ ਵੀ ਇਸ ਮਰਜ਼ ਦੇ ਅੜਿੱਕੇ ਆ ਜਾਂਦੇ ਹਨ।ਹਰ ਸਾਲ 12 ਅਕਤੂਬਰ ਦੇ ਦਿਨ ਔਰਤਾਂ ਨੂੰ ਦਿੱਤੀ ਜਾਣਕਾਰੀ ਦੇਣ ਦੀ ਵਜ੍ਹਾ ਨਾਲ਼, ਬਹੁਤ ਸਾਰੀਆਂ ਔਰਤਾਂ ਇਸ ਮਾੜੀ ਬਿਮਾਰੀ ਤੋਂ ਬਚਦੀਆਂ ਹਨ। ਇਸ ਦਿਨ ਔਰਤਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਨਿਯਮਤ ਰੂਪ ਵਿਚ ਆਪਣਾ ਸਰੀਰਕ ਮੁਆਇਨਾ ਕਰਾਉਂਦੀਆਂ ਰਿਹਾ ਕਰਨ।
ਅਕਤੂਬਰ ਵਿਚ ਬਹੁਤ ਸਾਰੀਆਂ ਕੰਪਨੀਆਂ, ਛਾਤੀ ਦੇ ਕੈਂਸਰ ਸਬੰਧੀ ਜਾਣਕਾਰੀ ਦੇਣ ਲਈ ਵਰਤੇ ਜਾਂਦੇ ਗੁਲਾਬੀ ਰੰਗ ਦੀ ਵਰਤੋਂ ਕਰਦੀਆਂ ਹਨ ਤਾਂ ਕਿ ਇਹ ਰੰਗ ਦੇਖ ਕੇ ਲੋਕਾਂ ਨੂੰ ਛਾਤੀ ਦੇ ਕੈਂਸਰ ਤੋਂ ਬਚਣ ਦੀ ਜਾਣਕਾਰੀ ਹਾਸਲ ਕਰਨ ਦਾ ਚੇਤਾ ਆਵੇ। ਅਸੀਂ, ਉਨ੍ਹਾਂ ਅੱਠ ਅਦਾਰਿਆਂ ਨੂੰ ਇਸ ਲੇਖ ਰਾਹੀਂ ਸਲਾਮ ਕਰਦੇ ਹਾਂ, ਜੋ ਸਹੀ ਅਰਥਾਂ ਵਿਚ ਛਾਤੀ ਦੇ ਕੈਂਸਰ ਦੀ ਰੋਕਥਾਮ ਲਈ ਕੰਮ ਕਰਦੇ ਹਨ। ਇਨ੍ਹਾਂ ਵਿਚੋਂ ਇਕ ਅਦਾਰਾ 'ਸੂਸਨ ਜੀ. ਕੋਮੇਨ ਫਾਰ ਦ ਕਿਓਰ' ਹੈ, ਜੋ ਕੈਂਸਰ ਸਬੰਧੀ ਖੋਜਾਂ ਉੱਤੇ ਖ਼ਰਚਣ ਲਈ ਧਨ ਇਕੱਠਾ ਕਰਨ ਲਈ ਨਵੀਆਂ-ਨਵੀਆਂ ਵਿਉਂਤਾਂ ਘੜਦਾ ਰਹਿੰਦਾ ਹੈ। ਖੇਡਾਂ ਦਾ ਸਾਮਾਨ ਬਣਾਉਣ ਵਾਲ਼ੀ ਕੰਪਨੀ 'ਡਿੱਕ'ਸ ਸਪੋਰਟਿੰਗ ਗੁੱਡਜ਼' ਨੇ ਵੀ ਇਸ ਸੇਵਾ ਵਿਚ ਚੰਗਾ ਨਾਮਣਾ ਖੱਟਿਆ ਹੈ। ਹਾਰ-ਸ਼ਿੰਗਾਰ ਦਾ ਸਾਮਾਨ ਬਣਾਉਣ ਵਾਲ਼ੀ ਕੰਪਨੀ 'ਏਵਨ' ਨਾਲ਼ ਸਬੰਧਤ 'ਏਵਨ ਫਾਊਂਡੇਸ਼ਨ ਫਾਰ ਵਿਮਨ' ਨੇ ਕੈਂਸਰ ਸਬੰਧੀ ਖੋਜ-ਕਾਰਜ ਵਧਾਉਣ ਲਈ ਬਹੁਤ ਲੰਬੇ ਅਰਸੇ ਤੋਂ ਵੱਡੇ ਹੀਲੇ ਸ਼ੁਰੂ ਕੀਤੇ ਹੋਏ ਹਨ।'ਸਪੋਰਟਸ ਅਥਾਰਟੀ' ਨਾਂ ਦਾ ਇਕ ਹੋਰ ਅਦਾਰਾ ਇਸ ਕੰਮ ਲਈ ਵਰਤਿਆ ਜਾਂਦਾ 'ਗੁਲਾਬੀ ਸਾਮਾਨ' ਬਣਾਉਂਦਾ ਹੈ। 'ਡਿਜੀਟਲ ਬ੍ਰੇਨ' ਨਾਂ ਦਾ ਅਦਾਰਾ, ਛਾਤੀ ਦੇ ਕੈਂਸਰ ਦੀ ਜਾਂਚ ਕਰਦਾ ਹੈ। ਇਸ ਤੋਂ ਇਲਾਵਾ 'ਨਾਈਕੇ, ਵਿਲਸਨ ਅਤੇ ਐਪਾਰਲ ਕੰਪਨੀਆਂ' ਨੇ ਆਪਣੇ ਕੁੱਝ ਉਤਪਾਦਨਾਂ ਦਾ ਰੰਗ ਹੀ ਗੁਲਾਬੀ ਕਰ ਦਿੱਤਾ ਹੈ। ਇਹ 'ਗੁਲਾਬੀ ਮਾਲ' ਵੇਚ ਕੇ ਹੋਈ ਵੱਟਤ ਵਿਚੋਂ ਕਾਫੀ ਹਿੱਸਾ ਕੈਂਸਰ ਦੀ ਰੋਕਥਾਮ ਵਿਚ ਖ਼ਰਚਿਆ ਜਾਂਦਾ ਹੈ। ਮਰਦਾਂ ਲਈ ਖੇਡਾਂ ਦਾ ਸਾਮਾਨ ਬਣਾਉਣ ਵਾਲ਼ੀ ਕੰਪਨੀ 'ਐੱਨ ਐੱਫ ਐੱਲ' ਇਸ ਸਬੰਧ ਵਿਚ ਵੱਡਾ ਯੋਗਦਾਨ ਪਾਉਂਦੀ ਹੈ।#
