ਸ਼ਬਦੰਗਲ-77

'ਇਮਰਾਨ ਖ਼ਾਨ ਦੀ ਬੀਵੀ ਹੋਣਾ ਕੋਈ ਹਾਸਲ ਨਹੀਂ'
========================
*************************
ਰੇਹਾਮ ਖ਼ਾਨ ਵੱਲੋਂ ਵੱਡੇ ਖੁਲਾਸੇ 
*************************
    ਕੁੱਝ ਦਾਨਿਸ਼ਵਰਾਂ ਦਾ ਖ਼ਿਆਲ ਹੈ ਕਿ ਵਿਆਹ, ਬੂਰ ਦਾ ਉਹ ਲੱਡੂ ਹੈ, ਜਿਸ ਨੂੰ ਖਾਣ ਵਾਲ਼ਾ ਵੀ ਪਛਤਾਉਂਦਾ ਹੈ ਤੇ ਜਿਸ ਨੂੰ ਇਹ ਲੱਡੂ ਖਾਣਾ ਨਸੀਬ ਨਹੀਂ ਹੁੰਦਾ, ਉਹ ਵੀ ਇਸ ਲਈ ਝੂਰਦਾ ਹੈ। ਇਹ ਗੱਲ ਸਹੀ ਹੋਏਗੀ, ਪਰ ਇਮਰਾਨ ਖ਼ਾਨ ਵਰਗਿਆਂ ਵੱਲੋਂ ਇਹ ਲੱਡੂ ਤਿੰਨ-ਤਿੰਨ ਵਾਰ ਖਾਣ ਦੀ ਵਜ੍ਹਾ ਕੀ ਹੋ ਸਕਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਮੱਛੀ, ਪੱਥਰ ਚੱਟ ਕੇ ਹੀ ਮੁੜਦੀ ਹੈ। ਫਿਰ ਸਾਰੇ ਹੀ ਪੱਥਰ ਇਮਰਾਨ ਖ਼ਾਨ ਦੇ ਚੱਟਣ ਨੂੰ ਹੀ ਰੱਖ ਛੱਡੇ ਹੋਣ, ਇਹ ਵੀ ਤਾਂ ਨਹੀਂ ਹੋ ਸਕਦਾ ਨਾ। ਇਮਰਾਨ ਖ਼ਾਨ ਨੇ ਇਹ ਬੂਰ ਦੇ ਲੱਡੂ ਕਦੋਂ-ਕਦੋਂ ਖਾਧੇ ਜਾਂ ਇਹ ਪੱਥਰ ਕਦੋਂ-ਕਦੋਂ ਚੱਟੇ, ਇਹ ਦੱਸੇ ਬਗ਼ੈਰ ਵੀ ਗੱਲ ਨਹੀਂ ਬਣਨੀ। 
    ਸੰਨ 1995 ਵਿਚ ਇਮਰਾਨ ਖ਼ਾਨ ਨੇ ਜਮੀਮਾ ਗੋਲਡਸਮਿੱਥ ਨਾਲ਼ ਵਿਆਹ ਕਰਾਇਆ, ਜੋ 2004 ਤਕ ਨਿਭਿਆ। ਇਸ ਵਿਆਹ ਤੋਂ ਉਨ੍ਹਾਂ ਦੇ ਦੋ ਪੁੱਤਰ ਸੁਲੇਮਾਨ ਈਸਾ ਖ਼ਾਨ (1996 ਵਿਚ) ਅਤੇ ਕਾਸਿਮ ਖ਼ਾਨ (1999 ਵਿਚ) ਹੋਏ। ਇਹ ਵਿਆਹ ਆਪਸੀ ਰਜ਼ਾਮੰਦੀ ਨਾਲ਼ 2004 ਵਿਚ ਟੁੱਟ ਗਿਆ। ਦਸ ਕੁ ਸਾਲ ਇਮਰਾਨ ਖ਼ਾਨ ਨੇ ਸੁੱਖ ਦੇ ਸਾਹ ਲਏ ਤੇ 2015 ਦੇ ਚੜ੍ਹਦਿਆਂ ਹੀ ਉਸ ਤੋਂ ਆਪਣਾ ਇਹ ਸੁੱਖ ਝੱਲਿਆ ਨਾ ਗਿਆ ਤਾਂ ਉਸ ਨੇ ਬਰਤਾਨਵੀ-ਪਾਕਿਸਤਾਨੀ ਪੱਤਰਕਾਰਾ ਰੇਹਾਮ ਖ਼ਾਨ ਨਾਲ਼ ਵਿਆਹ ਕਰਾਉਣ ਦਾ ਐਲਾਨ ਕਰ ਦਿੱਤਾ। ਇਹ ਵਿਆਹ ਮਸਾਂ 9 ਮਹੀਨੇ ਨਿਭਿਆ ਤੇ 30 ਅਕਤੂਬਰ, 2015 ਨੂੰ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਸਾਲ਼ ਯਾਨੀ 2018 ਦੇ ਸ਼ੁਰੂ ਵਿਚ ਹੀ ਇਮਰਾਨ ਖ਼ਾਨ ਨੇ ਆਪਣੀ 'ਅਧਿਆਤਮਕ ਰਹਿਨੁਮਾ' ਰਹੀ ਬੁਸ਼ਰਾ ਮਾਨੇਕਾ ਉਰਫ਼ 'ਪਿੰਕੀ ਪੀਰਨੀ' ਨਾਲ਼ ਨਿਕਾਹ ਕਰਾ ਲਿਆ ਹੋਇਆ ਹੈ। ਵਿਚ-ਵਿਚ ਇਹੋ ਜਿਹੀਆਂ ਖ਼ਬਰਾਂ ਵੀ ਆਈਆਂ ਹਨ ਕਿ ਇਮਰਾਨ ਖ਼ਾਨ ਦਾ ਇਹ ਵਿਆਹ ਵੀ ਖ਼ਤਰੇ ਵਿਚ ਹੈ ਤੇ ਬੁਸ਼ਰਾ ਮਾਨੇਕਾ, ਸਹੁਰਾ ਘਰ ਛੱਡ ਕੇ ਆਪਣੇ ਪੇਕੀਂ ਚਲੇ ਗਈ ਹੈ। ਇਹ ਵੀ ਸੁਣਨ ਵਿਚ ਆਇਆ ਹੈ ਕਿ ਇਮਰਾਨ ਖ਼ਾਨ ਦੀ ਤੀਜੀ ਬੀਵੀ ਨੂੰ, ਉਸ ਦੀ ਪਹਿਲੀ ਬੀਵੀ ਦੇ ਪੁੱਤਰਾਂ ਨਾਲ਼ ਇਕੋ ਹੀ ਘਰ ਵਿਚ ਰਹਿਣਾ ਮਨਜ਼ੂਰ ਨਹੀਂ ਹੈ।
    ਇਮਰਾਨ ਖ਼ਾਨ ਦੇ ਵਿਆਹਾਂ ਦੇ ਇਤਿਹਾਸ ਨੇ ਇਕ ਵਾਰ ਫਿਰ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਦੌਲਤ, ਵਿਆਹ ਤਾਂ ਅਣਗਿਣਤ ਕਰਾ ਸਕਦੀ ਹੈ, ਪਰ ਉਨ੍ਹਾਂ ਤੋਂ ਸੁੱਖ ਮਿਲਣ ਦੀ ਗਰੰਟੀ ਨਹੀਂ ਦੇ ਸਕਦੀ ਹੈ। ਤੁਸੀਂ ਦੌਲਤ ਨਾਲ਼ ਸੇਜ ਤਾਂ ਖਰੀਦ ਸਕਦੇ ਹੋ, ਸੇਜ-ਸੁੱਖ ਨਹੀਂ ਖਰੀਦ ਸਕਦੇ।
ਮੁਆਫ਼ੀ ਚਾਹਾਂਗੇ ਕਿ ਇਮਰਾਨ ਦੇ ਵਿਆਹਾਂ ਦੇ ਇਤਿਹਾਸ ਵਿਚ ਕੋਈ ਅਗਲੀ ਕੜੀ ਜੁੜਨ ਤਕ ਅਸੀਂ ਇਹ ਇਤਿਹਾਸ ਵਿਚਾਲ਼ੇ ਹੀ ਛੱਡ ਕੇ, ਇਸ ਲੇਖ ਵਿਚ ਇਮਰਾਨ ਖ਼ਾਨ ਦੀ ਵਿਚਾਲੜੀ ਬੀਵੀ ਰੇਹਾਮ ਖ਼ਾਨ ਦੀ ਚਰਚਾ ਹੀ ਕਰਾਂਗੇ ਕਿਉਂ ਕਿ ਉਸ ਨੇ ਇਮਰਾਨ ਖ਼ਾਨ ਨੂੰ ਤਾਂ ਛੱਡ ਦਿੱਤਾ ਹੈ, ਪਰ ਇਮਰਾਨ ਖ਼ਾਨ ਵੱਲੋਂ ਪਾਕਿਸਤਾਨ ਦੇ ਵਜ਼ੀਰਿ-ਆਜ਼ਮ ਦੀ ਕੁਰਸੀ ਸੰਭਾਲ ਲੈਣ ਮਗਰੋਂ ਵੀ ਉਸ ਬਾਰੇ 'ਵਿਸ਼ੇਸ਼ ਟਿੱਪਣੀਆਂ' ਕਰਨੀਆਂ ਨਹੀਂ ਛੱਡੀਆਂ। ਅਸੀਂ ਆਪਣੀ ਪਾਠਕਾਂ ਵਾਲ਼ੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਮਰਾਨ ਖ਼ਾਨ ਵੱਲੋਂ ਪਾਕਿਸਤਾਨ ਦੇ ਵਜ਼ੀਰਿ-ਆਜ਼ਮ ਦੀ ਕੁਰਸੀ ਸੰਭਾਲਣ ਸਾਰ ਹੀ 'ਬਹੁਤ ਵੱਡੀ ਜਰਨਲਿਸਟ' ਸਦਾਉਂਦੀ ਤੇ ਇਮਰਾਨ ਖ਼ਾਨ ਦੀ ਦੂਜੀ ਸਾਬਕਾ ਬੀਵੀ ਰੇਹਾਮ ਖ਼ਾਨ ਨੇ ਇਹ ਕਿਹਾ ਸੀ ਅਖੇ 'ਪਾਕਿਸਤਾਨੀ ਫ਼ੌਜ ਦੀ ਕਠਪੁਤਲੀ ਹੈ ਇਮਰਾਨ ਖ਼ਾਨ।' ਇਸ ਤੋਂ ਥੋੜ੍ਹਾ ਜਿਹਾ ਪਹਿਲਾਂ, ਫਲੈਸ਼ਬੈਕ ਵਿਚ ਜਾਵਾਂਗੇ। ਰੇਹਾਮ ਖ਼ਾਨ ਨੇ 'ਰੇਹਾਮ ਖ਼ਾਨ' ਸਿਰਲੇਖ ਅਧੀਨ ਹੀ ਆਪਣੀਆਂ ਯਾਦਾਂ ਦਾ ਸੰਗ੍ਰਹਿ ਕਿਤਾਬੀ ਰੂਪ ਵਿਚ ਛਪਵਾਇਆ ਹੈ, ਜਿਸ ਵਿਚ ਉਸ ਨੇ ਕਈ ਰੱਫੜ ਭਰੀਆਂ ਗੱਲਾਂ ਕੀਤੀਆਂ ਹੋਈਆਂ ਹਨ। ਇਹ ਕਿਤਾਬ ਛਪਣ ਮਗਰੋਂ ਉਹ ਵਿਦੇਸ਼ ਗਈ ਹੋਈ, ਪਾਕਿਸਤਾਨ ਨਹੀਂ ਮੁੜੀ। ਇਸ ਕਿਤਾਬ ਵਿਚ ਰੇਹਾਮ ਖ਼ਾਨ ਨੇ ਨਸ਼ੀਲੀਆਂ ਦਵਾਈਆਂ, ਜਿਨਸੀ ਕਾਰਵਾਈਆਂ, ਭ੍ਰਿਸ਼ਟਾਚਾਰ ਅਤੇ ਹਰਾਮਦੇ ਨਿਆਣਿਆਂ ਦਾ ਜ਼ਿਕਰ ਕਰ ਕੇ ਕਈ 'ਸਕੈਂਡਲੀ ਦੋਸ਼' ਲਗਾਉਂਦਿਆਂ ਕਾਨੂੰਨੀ ਕਾਰਵਾਈਆਂ ਤੇ ਨਿੱਜੀ ਹਮਲਿਆਂ ਦੇ ਰਾਹ ਖੋਲ਼੍ਹੇ ਹੋਏ ਹਨ। ਇਸੇ ਹੀ ਵਜ੍ਹਾ ਨਾਲ਼ ਪਾਕਿਸਤਾਨ ਦੇ ਕਿਸੇ ਵੀ ਪ੍ਰਕਾਸ਼ਕ ਨੇ ਇਹ ਕਿਤਾਬ ਛਾਪਣ ਦੀ ਹਿੰਮਤ ਨਹੀਂ ਕੀਤੀ। ਇਹ ਕਿਤਾਬ ਛਪਣ ਸਾਰ ਪਾਕਿਸਤਾਨ ਵਿਚ ਚੋਣਾਂ ਹੋ ਗਈਆਂ ਤੇ ਰੇਹਾਮ ਖ਼ਾਨ ਦੇ ਸਾਬਕਾ ਸ਼ੌਹਰ ਇਮਰਾਨ ਖ਼ਾਨ, ਪਾਕਿਸਤਾਨ ਦੇ ਵਜ਼ੀਰਿ-ਆਜ਼ਮ ਬਣ ਗਏ।
    ਸਿਤਮ ਦੀ ਗੱਲ ਇਹ ਹੈ ਕਿ ਇਸ ਕਿਤਾਬ ਦੇ ਕਿਸੇ ਵੀ ਪੰਨੇ ਉੱਤੇ ਇਮਰਾਨ ਖ਼ਾਨ ਦਾ ਨਾਂ-ਭੋਗ ਨਹੀਂ ਪਾਇਆ ਹੋਇਆ, ਪਰ ਇਸ ਕਿਤਾਬ ਦੇ ਸਬੰਧ ਵਿਚ ਛਪੀ ਹਰ ਖ਼ਬਰ ਅਤੇ ਹਰ ਇੰਟਰਵਿਊ ਵਿਚ ਇਮਰਾਨ ਖ਼ਾਨ ਦਾ ਜ਼ਿਕਰ ਹੈ। ਇਸ ਕਿਤਾਬ ਦੇ ਸਭ ਤੋਂ ਮਗਰਲੇ ਸਫ਼ੇ ਉੱਤੇ ਛਪੇ ਨੋਟ ਵਿਚ ਏਦਾਂ ਲਿਖਿਆ ਹੋਇਆ ਹੈ: ਇਹ ਦਾਸਤਾਨ ਹੈ, ਉਸ ਘਰੇਲੂ ਸੁਆਣੀ ਦੀ, ਜੋ ਆਪਣੇ ਪਹਿਲੇ ਵਹਿਸ਼ੀ ਵਿਆਹ ਵਿਚੋਂ ਤਿੰਨ ਨਿਆਣੇ ਲੈ ਕੇ ਆਪਣੇ ਸ਼ੌਹਰ ਨਾਲ਼ੋਂ ਤੋੜ-ਵਿਛੋੜਾ ਕਰ ਆਈ ਅਤੇ ਜਿਸ ਨੇ ਯੂਨਾਈਟਿਡ ਕਿੰਗਡਮ ਅਤੇ ਪਾਕਿਸਤਾਨ ਵਿਚ ਇਕ ਸਫ਼ਲ ਜੀਵਨ ਉਸਾਰਿਆ। 
    ਰੇਹਾਮ ਖ਼ਾਨ ਦਾ ਕਹਿਣ ਹੈ, "ਜਦੋਂ ਤੁਸੀਂ ਸ਼ੁਰੂ ਤੋਂ ਅੰਤ ਤਕ ਇਹ ਕਿਤਾਬ ਪੜ੍ਹਦੇ ਹੋ, ਤੁਸੀਂ ਸਮਝ ਜਾਓਗੇ ਕਿ ਕਿਉਂ ਇਮਰਾਨ ਇਕ ਵਿਅਕਤੀ ਜਾਂ ਮੇਰਾ ਸਾਬਕਾ ਸ਼ੌਹਰ ਹੀ ਨਹੀਂ ਹੈ, ਸਗੋਂ ਉਹ, ਸਾਡੇ ਮੁਆਸ਼ਰੇ (ਸਮਾਜ) ਵਿਚ ਇਤਹਾਦੀ ਤੌਰ 'ਤੇ ਔਰਤਾਂ ਦੇ ਖ਼ਿਲਾਫ਼ ਸੋਚਣ ਦੀ ਵਜ੍ਹਾ ਦੀ ਨੁਮਾਇੰਦਗੀ ਵੀ ਕਰਦਾ ਹੈ।" 
    ਇਕ ਇੰਟਰਵਿਊ ਦੌਰਾਨ ਇਕ ਪੱਤਰਕਾਰ ਨੇ ਰੇਹਾਮ ਖ਼ਾਨ ਨੂੰ ਇਹ ਕਿਹਾ, "ਤੁਸੀਂ ਇਮਰਾਨ ਖ਼ਾਨ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰਦਾਸ ਮੋਦੀ, ਜੋ ਦਸ ਸਾਲ ਗੁਜਰਾਤ ਦੇ ਮੁੱਖ ਮੰਤਰੀ ਰਹੇ ਹਨ ਤੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਵਜੋਂ ਵਿਕਾਸ ਵਿਚ ਰਿਕਾਰਡ ਬਣਾਇਆ ਸੀ, ਦੀ ਮਿਸਾਲ ਅਖ਼ਤਿਆਰ ਕਰਨ ਦੀ ਸਲਾਹ ਦਿੱਤੀ ਸੀ। ਤੁਸੀਂ ਦੱਸੋਗੇ ਕਿ 'ਖ਼ਾਨ ਸਾਹਿਬ', 'ਮੋਦੀ ਸਾਹਿਬ' ਤੋਂ ਹੋਰ ਕਿਹੜੇ-ਕਿਹੜੇ ਗੁਣ ਗ੍ਰਹਿਣ ਕਰ ਸਕਦੇ ਹਨ?" ਇਸ ਦਾ ਜੁਆਬ, ਰੇਹਾਮ ਖ਼ਾਨ ਨੇ ਏਦਾਂ ਦਿੱਤਾ ਹੋਇਆ ਹੈ, "ਮੇਰਾ ਖ਼ਿਆਲ ਏ ਕਿ ਇਮਰਾਨ ਦੇ ਸੁਭਾਅ ਵਿਚ ਇਹ ਸ਼ਾਮਲ ਹੈ ਕਿ ਉਹ ਹੋਰ ਸਿਆਸਤਦਾਨਾਂ ਤੋਂ ਉਨ੍ਹਾਂ ਦੀਆਂ ਮਾੜੀਆਂ ਗੱਲਾਂ ਹੀ ਸਿੱਖਦਾ ਏ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਮੈਂ ਉਸ ਨੂੰ ਕਿਹਾ ਕਿ ਉਹ ਮੋਦੀ ਵਾਲ਼ਾ ਨਮੂਨਾ ਅਖ਼ਤਿਆਰ ਕਰੇ ਤਾਂ ਮੈਂ ਇਹੋ ਕਿਹਾ ਸੀ ਕਿ ਉਹ, ਇਕ ਚੁਣੌਤੀਆਂ ਭਰੇ ਸੂਬੇ ਵਿਚ ਦਸ ਸਾਲ ਮੁੱਖ ਮੰਤਰੀ ਬਣੇ ਰਹਿਣ ਦਾ ਤਜਰਬਾ ਹਾਸਲ ਕਰੇ ਤੇ ਫਿਰ ਵਜ਼ੀਰਿ-ਆਜ਼ਮ ਦੀ ਕੁਰਸੀ ਵੱਲ ਨਿਸ਼ਾਨਾ ਸਿੰਨ੍ਹੇ! ਬਦਕਿਸਮਤੀ ਨਾਲ਼ ਉਸ ਨੇ, ਆਪਣੇ-ਆਪ ਨੂੰ ਬਹੁਤਾ ਹੀ ਸੱਜੇ-ਪੱਖੀ ਆਗੂ ਬਣਾ ਕੇ ਦਿਖਾਉਣ ਅਤੇ ਵਜ਼ੀਰਿ-ਆਜ਼ਮ ਦੀ ਕੁਰਸੀ ਸੰਭਾਲਣ ਲਈ ਨਫ਼ਰਤ ਭਰੀ ਸਿਆਸਤ ਭੜਕਾਉਣੀ ਸ਼ੁਰੂ ਕਰ ਦਿੱਤੀ। ਚੰਗਾ ਪ੍ਰਸ਼ਾਸਨ ਦੇਣਾ ਇਮਰਾਨ ਦਾ ਨਿਸ਼ਾਨਾ ਹੀ ਨਹੀਂ ਸੀ। ਉਸ ਦਾ ਨਿਸ਼ਾਨਾ ਵਜ਼ੀਰਿ-ਆਜ਼ਮ ਬਣਨਾ ਹੀ ਸੀ। ਵਕਤ ਇਹ ਸਾਬਤ ਕਰ ਦਏਗਾ ਕਿ ਮੈਂ ਜੋ ਕੁੱਝ ਵੀ ਉਸ ਬਾਰੇ ਕਿਹਾ ਹੋਇਆ ਹੈ, ਉਹ ਕਿੰਨਾ ਕੁ ਸੱਚ ਤੇ ਸਹੀ ਹੈ।" 
    ਭਾਰਤ ਦੇ ਸਬੰਧ ਵਿਚ ਪੁੱਛੇ ਜਾਣ 'ਤੇ ਰੇਹਾਮ ਖ਼ਾਨ ਨੇ ਕਿਹਾ, "ਮੈਂ ਇਕ ਕਾਨਫ਼ਰੰਸ ਵਿਚ ਸ਼ਿਰਕਤ ਕਰਨ ਲਈ ਭਾਰਤ ਗਈ ਸੀ। ਮੈਨੂੰ ਉਨ੍ਹਾਂ ਲੋਕਾਂ ਵਲੋਂ ਦਿੱਤਾ ਗਿਆ ਅਦਬ ਤੇ ਕੀਤੀ ਗਈ ਮਹਿਮਾਨ ਨਵਾਜ਼ੀ ਬਹੁਤ ਪਸੰਦ ਆਈ। ਮੈਂ, ਦਿੱਲੀ ਵਿਚ ਆਪਣੇ ਇਕ ਮੂੰਹ-ਬੋਲੇ ਭਰਾ ਨੂੰ ਰੱਖੜੀ ਬੰਨ੍ਹਣ ਲਈ, ਰੱਖੜੀ ਮੌਕੇ ਫਿਰ ਆਉਣ ਦਾ ਵਾਅਦਾ ਕਰ ਕੇ ਆਈ ਸਾਂ, ਪਰ ਬਦਕਿਸਮਤੀ ਨਾਲ਼ ਦੋਹਾਂ ਮੁਲਕਾਂ ਵਿਚਾਲ਼ੇ ਵੀਜ਼ਾ ਦੇਣ ਦਾ ਅਮਲ ਬਹੁਤ ਹੀ ਅਕਾਊ ਹੱਦ ਤਕ ਲਮਿਆ ਦਿੱਤਾ ਗਿਆ ਹੈ। ਵੈਸੇ ਮੇਰੇ ਲਈ ਭਾਰਤ ਵੀ ਪਾਕਿਸਤਾਨ ਨਾਲ਼ੋਂ ਬਹੁਤਾ ਅਲੱਗ ਨਹੀਂ ਹੈ। ਮਸਲੇ ਉਹੀ ਨੇ, ਉਹੀ ਗ਼ੁਰਬਤ, ਉਹੀ ਭੁੱਖ, ਉਹੀ ਮਨੁੱਖੀ ਹੱਕਾਂ ਦਾ ਘਾਣ। ਸੁਪਨੇ ਵੀ ਉਹੀ ਨੇ। ਟੱਬਰਾਂ ਨੂੰ ਸੁੱਖ ਦੇਣੇ ਤੇ ਬੱਚਿਆਂ ਨੂੰ ਆਹਲਾ ਤਾਲੀਮ ਦੁਆਉਣੀ। ਸਾਡਾ ਇਤਿਹਾਸ ਅਤੇ ਵਸੇਬ (ਸਭਿਆਚਾਰ) ਸਾਂਝੇ ਨੇ। ਸਾਨੂੰ ਨਫ਼ਰਤ ਦੀ ਸਿਆਸਤ ਰੱਦ ਕਰਨ ਲਈ ਵੀ ਆਪਸੀ ਸਾਂਝ ਪਾਉਣੀ ਬਣਦੀ ਹੈ।"
    ਇਮਰਾਨ ਖ਼ਾਨ ਵੱਲੋਂ ਭਾਰਤ ਨਾਲ਼ ਸਬੰਧ ਸੁਧਾਰਨ ਬਾਰੇ ਕੀਤੀਆਂ ਗਈਆਂ ਗੱਲਾਂ ਬਾਰੇ ਪੁੱਛਣ ਦੇ ਜੁਆਬ ਵਿਚ ਉਸ ਨੇ ਕਿਹਾ, "ਅਸੀਂ ਭੁੱਲ ਜਾਂਦੇ ਹਾਂ ਕਿ ਇਮਰਾਨ, ਜੱਦੋ-ਜਹਿਦ ਕਰ ਕੇ ਇਸ ਕੁਰਸੀ ਤਕ ਨਹੀਂ ਪਹੁੰਚਿਆ, ਉਹ ਤਾਂ ਪਾਕਿਸਤਾਨੀ ਫ਼ੌਜ ਦੀ ਕਠਪੁਤਲੀ ਹੈ ਤੇ ਪੱਛਮੀ ਤਾਕਤਾਂ ਦਾ ਹੱਥਠੋਕਾ ਹੈ। ਉਹ, ਉਨ੍ਹਾਂ ਦੀ ਬੋਲੀ ਹੀ ਬੋਲੇਗਾ। ਮੈਂ ਆਪਣੀ ਕਿਤਾਬ ਵਿਚ ਇਮਰਾਨ ਬਾਰੇ ਹੈਨਰੀ ਕਿਸਿੰਗਰ ਦਾ ਇਕ ਦਿਲਚਸਪ ਟੋਟਾ ਪਾਇਆ ਹੋਇਆ ਹੈ। ਇਮਰਾਨ ਤੋਂ ਕਿਸੇ ਅਜ਼ਾਦ ਫ਼ੈਸਲੇ ਦੀ ਆਸ ਰੱਖਣਾ ਹਕੀਕੀ ਸੋਚ ਨਹੀਂ ਹੋਏਗੀ। ਨਵਾਜ਼ ਸ਼ਰੀਫ਼ ਦੀ ਛੁੱਟੀ ਹੋਣ ਦੀ ਵਜ੍ਹਾ ਇਹ ਸੀ ਕਿ ਉਹ, ਭਾਰਤ ਨੂੰ 'ਬਹੁਤ ਪਸੰਦੀਦਾ ਮੁਲਕ' ਦਾ ਰੁਤਬਾ ਦੇਣਾ ਤੇ ਉਸ ਨਾਲ਼ ਵਪਾਰ ਵਧਾਉਣਾ ਚਾਹੁੰਦੇ ਸਨ।" 
    "ਕੀ ਤੁਹਾਨੂੰ ਪਾਕਿਸਤਾਨ ਦੀ 'ਫਸਟ ਲੇਡੀ' ਨਾ ਬਣ ਸਕਣ ਦਾ ਕੋਈ ਅਫ਼ਸੋਸ ਹੈ?" ਦੇ ਜੁਆਬ ਵਿਚ ਉਸ ਨੇ ਕਿਹਾ, "ਰੱਤੀ ਭਰ ਵੀ ਨਹੀਂ! ਮੈਨੂੰ ਨਹੀਂ ਲੱਗਦਾ ਕਿ 'ਫਸਟ ਲੇਡੀ' ਬਣਨ ਵਿਚ ਕੋਈ ਖ਼ਾਸ ਗੱਲ ਹੈ। ਇਹ ਬਹੁਤ ਹੀ ਲਿੰਗਵਾਦੀ ਕਥਨ ਹੈ। ਸਾਨੂੰ ਇਹ ਗੱਲ ਸਾਰੀਆਂ ਕੁੜੀਆਂ ਅੱਗੇ ਖੋਲ੍ਹ ਦੇਣੀ ਚਾਹੀਦੀ ਹੈ ਕਿ ਕਿਸੇ ਦੀ ਬੀਵੀ ਹੋਣਾ ਵੱਡਾ ਹਾਸਲ ਨਹੀਂ ਹੈ। ਮੈਂ ਉਸ ਆਦਮੀ ਨਾਲ਼ ਵਿਆਹ ਕਰਾਇਆ ਸੀ, ਜਿਸ ਨੇ ਮੇਰੇ ਕੋਲ਼ੋਂ ਮਦਦ ਮੰਗੀ ਸੀ। ਮੈਨੂੰ ਕਦੇ ਵੀ ਕਿਸੇ ਸਿਆਸਤਦਾਨ ਜਾਂ ਹਸਤੀ ਦੀ ਬੀਵੀ ਬਣਨ ਦੀ ਇੱਛਾ ਨਹੀਂ ਹੋਈ। ਇਮਰਾਨ ਖ਼ਾਨ ਨੇ ਹੀ ਮੈਨੂੰ ਆਪਣੇ ਨਾਲ਼ ਵਿਆਹ ਕਰਾਉਣ ਲਈ ਕਿਹਾ ਸੀ ਤੇ ਕਈ ਮਹੀਨੇ ਉਹ ਮੇਰੇ ਮਗਰ-ਮਗਰ ਫਿਰਿਆ ਸੀ। ਉਹ ਮੇਰੇ ਪਿੱਛੇ ਸ਼ੈਦਾਈ ਹੋਇਆ ਪਿਆ ਸੀ, ਪਰ ਹੁਣ ਮੈਨੂੰ ਉਸ ਦੀ ਅਸਲੀਅਤ ਦਾ ਪਤਾ ਹੈ। ਮੈਂ ਉਸ ਆਦਮੀ ਦੇ ਨਾਲ਼ ਕਦੇ ਵੀ ਖੜ੍ਹੀ ਹੋਣਾ ਨਹੀਂ ਚਾਹਾਂਗੀ, ਜਿਹੜਾ ਇੰਨਾ ਗ਼ਲਤ ਹੋਵੇ। ਉਸ ਦੀ ਬੀਵੀ ਵਜੋਂ ਮੇਰੇ ਉੱਤੇ ਬਹੁਤ ਪਾਬੰਦੀਆਂ ਹੋਣੀਆਂ ਸਨ। ਮੈਨੂੰ ਕਿਸੇ ਕਠਪੁਤਲੀ ਦੀ ਕਠਪੁਤਲੀ ਬਣਨਾ ਗਵਾਰਾ ਨਹੀਂ।"
    ਕਿਸੇ ਵੱਡੇ ਦੁੱਖ ਬਾਰੇ ਪੁੱਛੇ ਜਾਣ 'ਤੇ ਰੇਹਾਮ ਖ਼ਾਨ ਕਹਿੰਦੀ ਹੈ, "ਜਿਹੜੇ ਸ਼ਖ਼ਸ ਨੂੰ ਮੈਂ ਬਹੁਤ ਜ਼ਿਆਦਾ ਪਿਆਰ ਕੀਤੈ, ਉਹੀ ਆਪਣਾ ਜਨਤਕ ਅਕਸ ਬਚਾਉਣ ਖ਼ਾਤਰ, ਮੇਰੇ ਬਾਰੇ ਕੁਫ਼ਰ ਤੋਲ ਰਿਹਾ ਹੈ। ਇਹ ਗੱਲ ਰਤਾ ਕੁ ਚੁੱਭਦੀ ਹੈ, ਬੱਸ। ਉਹ ਆਪਣੇ ਧੁੱਤਰੂਆਂ ਨੂੰ ਇਹ ਕਹਿੰਦੈ ਪਈ ਮੈਂ ਉਸ ਨੂੰ ਸੰਖੀਆ ਦੇ ਕੇ ਮਾਰਨ ਦੇ ਹੀਲੇ ਕਰਦੀ ਸਾਂ। ਉਹ ਇਹ ਗੱਲ, ਉਸ ਤੀਵੀਂ ਬਾਰੇ ਕਹਿੰਦੈ, ਜਿਹੜੀ ਉਸ ਲਈ ਅੱਧੀ-ਅੱਧੀ ਰਾਤ ਨੂੰ ਉੱਠ ਕੇ ਖਾਣਾ ਬਣਾਉਂਦੀ ਰਹੀ ਹੈ।"
    ਜਦੋਂ ਉਸ ਨੂੰ ਇਹ ਕਿਹਾ ਗਿਆ ਕਿ ਉਸ ਵੱਲੋਂ ਆਪਣੀ ਕਿਤਾਬ ਵਿਚ ਇਮਰਾਨ ਖ਼ਾਨ ਦੇ ਖ਼ਿਲਾਫ਼ ਅੱਡੀਆਂ ਚੁੱਕ-ਚੁੱਕ ਮਾੜਾ ਲਿਖਣ ਦੇ ਬਾਵਜੂਦ ਲੋਕਾਂ ਨੇ ਉਸ ਨੂੰ ਵਜ਼ੀਰਿ-ਆਜ਼ਮ ਚੁਣ ਲਿਆ ਹੈ ਤਾਂ ਉਹ ਕਹਿਣ ਲੱਗੀ, "ਉਸ ਨੂੰ ਲੋਕਾਂ ਨੇ ਨਹੀਂ ਚੁਣਿਆ, ਫੌਜ ਨੇ ਚੁਣਿਆ ਹੈ ਤੇ ਚੋਣ ਵਿਚ ਕੀਤੀ ਹੇਰਾਫੇਰੀ ਨੇ ਚੁਣਿਆ ਹੈ। ਜਿਉਂ-ਜਿਉਂ ਸਮਾਂ ਬੀਤੇਗਾ, ਮੇਰੀ ਕਿਤਾਬ ਵਿਚ ਉਸ ਬਾਰੇ ਲਿਖਿਆ ਹੋਇਆ ਇਕ-ਇਕ ਲਫ਼ਜ਼ ਸਹੀ ਸਾਬਤ ਹੋ ਜਾਏਗਾ।"#