ਸ਼ਬਦੰਗਲ-78


ਸਿੱਖ ਲਓ ਬਾਬਿਓ ਕਿੱਦਾਂ ਬਿਤਾਉਣੇ ਬਾਕੀ ਰਹਿੰਦੇ ਚਾਰ ਦਿਨ
============================
    ਕਿੱਥੇ ਖ਼ਿਆਲ ਆਉਣਾ ਸੀ ਕਿ ਹਰ ਸਾਲ ਪਹਿਲੀ ਅਕਤੂਬਰ ਨੂੰ ਬਜ਼ੁਰਗਾਂ ਦਾ ਕੌਮਾਂਤਰੀ ਦਿਹਾੜਾ ਹੁੰਦਾ ਹੈ, ਜੇ ਮੇਰੇ ਮਿੱਤਰ ਵਿਜੇ ਬੱਗਾ ਨੇ ਸੋਸ਼ਲ ਮੀਡੀਆ ਰਾਹੀਂ ਇਕ ਸੁਨੇਹਾ ਨਾ ਭੇਜਿਆ ਹੁੰਦਾ। ਫਿਰ ਸੋਚਿਆ ਕਿ ਪਹਿਲੀ ਅਕਤੂਬਰ ਦਾ ਦਿਨ ਤਾਂ ਲੰਘ ਗਿਆ ਹੈ। ਪਹਿਲਾਂ ਕਿਹੜਾ ਆਪਾਂ ਸਾਰੇ ਕੰਮ ਵੇਲ਼ੇ ਸਿਰ ਹੀ ਕਰਦੇ ਹਾਂ। ਵਿਜੇ ਬੱਗਾ ਵੱਲੋਂ ਬਜ਼ੁਰਗਾਂ ਦੇ ਸਬੰਧ ਵਿਚ ਕੀਮਤੀ ਜਾਣਕਾਰੀ ਮਿਲਣ ਵੇਲ਼ੇ ਮੈਂ ਉਨ੍ਹਾਂ ਨਾਲ਼, ਇਸ ਜਾਣਕਾਰੀ ਦੇ ਆਧਾਰ 'ਤੇ ਇਕ ਲੇਖ ਲਿਖਣ ਦਾ ਵਾਅਦਾ ਕਰ ਲਿਆ ਸੀ ਤੇ ਇਹ ਲੇਖ, ਉਹ ਵਾਅਦਾ ਤਾਂ ਪੂਰਾ ਕਰਾ ਹੀ ਦੇਵੇਗਾ, ਸ਼ਾਇਦ ਇਸ ਦਾ ਕੋਈ ਨੁਕਤਾ ਕਿਸੇ ਦੇ ਕੰਮ ਵੀ ਆ ਜਾਵੇ। ਇਸ ਸੁਨੇਹੇ ਦੇ ਮੁੱਖ ਨੁਕਤੇ ਸਾਂਝੇ ਕਰ ਕੇ ਗੱਲ ਅੱਗੇ ਵਧਾਉਂਦੇ ਹਾਂ।
    ਆਪਾਂ ਭੁਲੇਖੇ ਵਿਚ ਰਹੀਏ ਤਾਂ ਭਾਵੇਂ ਸੌ ਵਾਰ ਰਹੀਏ, ਪਰ 60 ਸਾਲ ਤੋਂ ਵੱਧ ਉਮਰ ਵਿਚ ਸਰੀਰ ਪਹਿਲਾਂ ਜਿੰਨਾ ਫੁਰਤੀਲਾ ਨਹੀਂ ਰਹਿੰਦਾ, ਹੱਡੀਆਂ ਤੇ ਜੋੜ ਕਮਜ਼ੋਰ ਹੋ ਜਾਂਦੇ ਹਨ। ਸੋ ਇਸ ਉਮਰੇ ਬਜ਼ੁਰਗਾਂ ਨੂੰ ਉਹ ਕੰਮ ਕਰਨ ਤੋਂ ਬਚਣਾ ਹੀ ਬਣਦਾ ਹੈ, ਜਿਨ੍ਹਾਂ ਨੂੰ ਕਰਨ ਵਿਚ ਜ਼ੋਰ ਲੱਗਦਾ ਹੋਵੇ। ਜਿਹੜੇ ਬਜ਼ੁਰਗ ਹਰ ਵੇਲ਼ੇ ਕਾਹਲ ਵਿਚ ਰਹਿੰਦੇ ਹੋਣ, ਉਨ੍ਹਾਂ ਨੂੰ ਕਾਹਲ ਛੱਡ ਕੇ ਠਰੰ੍ਹਮੇ ਵਿਚ ਰਹਿਣ ਦੀ ਆਦਤ ਪਾ ਲੈਣੀ ਚਾਹੀਦੀ ਹੈ। ਸਵੇਰੇ ਅੱਖ ਖੁੱਲ੍ਹਦਿਆਂ ਹੀ ਬਿਸਤਰੇ ਤੋਂ ਤੁਰੰਤ ਉੱਠ ਖੜ੍ਹੇ ਨਾ ਹੋਵੋ ਕਿਉਂ ਕਿ ਅੱਖਾਂ ਤਾਂ ਖੁੱਲ੍ਹ ਜਾਂਦੀਆਂ ਹਨ, ਪਰ ਸਰੀਰ ਦੇ ਪੱਠੇ ਉਦੋਂ ਵੀ ਸੁਸਤ ਹੁੰਦੇ ਹਨ, ਜਿਸ ਕਰ ਕੇ ਜਿਸਮ ਪੂਰੀ ਤਰ੍ਹਾਂ ਤੁਹਾਡਾ ਕਿਹਾ ਮੰਨਣ ਦੀ ਹਾਲਤ ਵਿਚ ਨਹੀਂ ਹੁੰਦਾ। ਏਦਾਂ ਇਕ ਦਮ ਉੱਠ ਖੜ੍ਹੇ ਹੋਣ ਨਾਲ਼ ਤੁਹਾਨੂੰ ਚੱਕਰ ਵੀ ਆ ਸਕਦਾ ਹੈ। ਇਸ ਲਈ, ਉੱਠ ਕੇ ਕੁੱਝ ਦੇਰ ਲਈ ਲੱਤਾਂ ਹੇਠਾਂ ਲਮਕਾਅ ਕੇ ਮੰਜੇ ਉੱਤੇ ਬੈਠ ਕੇ ਸਾਮ-ਧਾਮ ਜਿਹੇ ਹੋਵੋ। ਬੈਠੇ-ਬੈਠੇ ਹੀ ਚਪਲਾਂ ਪਾ ਲਓ। ਜਦੋਂ ਤਨ ਤੇ ਮਨ ਪੂਰੀ ਤਰ੍ਹਾਂ ਜਾਗ ਪੈਣ ਅਤੇ ਚੇਤਨ ਹੋ ਜਾਣ ਤਾਂ ਫੇਰ ਹੀ ਬਿਸਤਰਾ ਛੱਡੋ। ਬਿਸਤਰੇ ਤੋਂ ਉੱਠਣ ਸਮੇਂ ਲਾਗੇ ਪਏ ਕਿਸੇ ਮੇਜ਼ ਜਾਂ ਕੁਰਸੀ ਜਾਂ ਖੂੰਡੀ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ। ਇਸ ਤਰ੍ਹਾਂ ਨਾ ਕਰਨ 'ਤੇ ਤੁਸੀਂ ਚਕਰਾਅ ਕੇ ਡਿੱਗ ਵੀ ਸਕਦੇ ਹੋ।
     ਡਿੱਗਣ ਤੋਂ ਯਾਦ ਆਇਆ ਕਿ ਬਜ਼ੁਰਗਾਂ ਦੇ ਡਿੱਗਣ ਦੀਆਂ ਬਹੁਤੀਆਂ ਘਟਨਾਵਾਂ ਗੁਸਲਖ਼ਾਨੇ, ਟਾਇਲਟ ਜਾਂ ਵਾਸ਼ਰੂਮ ਵਿਚ ਹੀ ਵਾਪਰਦੀਆਂ ਹਨ। ਇਨ੍ਹੀਂ ਥਾਈਂ ਮਨੁੱਖ ਇਕੱਲਾ ਹੁੰਦਾ ਹੈ। ਜੇ ਕੋਈ ਬਜ਼ੁਰਗ ਇਕੱਲਾ ਹੀ ਰਹਿੰਦਾ ਹੋਵੇ ਤਾਂ ਉਸ ਨੂੰ ਤਾਂ ਗੁਸਲਖ਼ਾਨੇ ਜਾਣ ਵੇਲ਼ੇ ਬਹੁਤ ਹੀ ਸਾਵਧਾਨ ਰਹਿਣਾ ਪਵੇਗਾ। ਜਿਹੜਾ ਮੋਬਾਈਲ ਜਾਂ ਸੈੱਲ ਫੋਨ, ਬੱਚਿਆਂ ਵੱਲੋਂ ਵਾਸ਼ਰੂਮ ਜਾਂਦਿਆਂ ਨਾਲ਼ ਲਿਜਾਣ 'ਤੇ ਬਜ਼ੁਰਗਾਂ ਨੂੰ ਗੁੱਸਾ ਆਉਂਦਾ ਹੈ, ਉਹ ਬਜ਼ੁਰਗਾਂ ਵੱਲੋਂ ਵਾਸ਼ਰੂਮ ਜਾਣ ਵੇਲ਼ੇ ਹਮੇਸ਼ਾ ਉਨ੍ਹਾਂ ਦੀ ਜੇਬ ਵਿਚ ਹੋਣਾ ਚਾਹੀਦਾ ਹੈ। ਵਾਸ਼ਰੂਮ ਵਿਚ ਬਜ਼ੁਰਗਾਂ ਨਾਲ਼ ਕੋਈ ਮਾੜੀ ਘਟਨਾ ਵਾਪਰ ਜਾਣ ਦੀ ਸੂਰਤ ਵਿਚ, ਜੇਬੀ ਫੋਨ ਦੀ ਸਹਾਇਤਾ ਨਾਲ਼ ਹੀ ਬਾਹਰ ਕਿਸੇ ਨੂੰ ਦੱਸਿਆ ਜਾ ਸਕੇਗਾ। ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਵੇਲ਼ੇ ਨਾਲ਼ ਹੀ ਆਪਣੇ ਵਾਸ਼ਰੂਮ ਵਿਚ, ਦੇਸੀ ਸੀਟ ਦੀ ਥਾਂ ਇੰਗਲਿਸ਼ ਸੀਟ ਲੁਆ ਲੈਣ। ਹੋ ਸਕੇ ਤਾਂ ਸੀਟ ਦੇ ਨੇੜੇ ਹੀ ਇਕ ਹੈਂਡਲ ਵੀ ਲੁਆ ਲੈਣ, ਜਿਸ ਨੂੰ ਫੜ ਕੇ ਉਨ੍ਹਾਂ ਨੂੰ ਉੱਠਣ ਵਿਚ ਮਦਦ ਮਿਲ ਸਕੇ।
    ਨਹਾਉਣ ਖ਼ਾਤਰ ਬੈਠਣ ਲਈ ਬਜ਼ੁਰਗਾਂ ਨੂੰ ਉੱਚੇ ਸਟੂਲ ਦੀ ਵਰਤੋਂ ਕਰਨੀ ਚਾਹੀਦੀ ਹੈ। ਗੁਸਲਖ਼ਾਨੇ ਦੇ ਫ਼ਰਸ਼ ਉੱਤੇ ਰਬੜ ਦੀ ਇਕ ਮੈਟ ਵੀ ਵਿਛੀ ਰਹੇ ਤਾਂ ਚੰਗਾ ਹੈ ਤਾਂ ਕਿ ਪੈਰ ਨਾ ਤਿਲ੍ਹਕਣ। ਜੇ ਵਾਸ਼ਰੂਮ ਦੀਆਂ ਕੰਧਾਂ ਉੱਤੇ ਟਾਈਲਾਂ ਲੱਗੀਆਂ ਹੋਣ ਤਾਂ ਹੱਥ ਗਿੱਲੇ ਹੋਣ ਦੀ ਸੂਰਤ ਵਿਚ ਕੰਧ ਦਾ ਸਹਾਰਾ ਨਾ ਲਓ ਕਿਉਂ ਕਿ ਹੱਥ ਤਿਲ੍ਹਕ ਸਕਦਾ ਹੈ। ਵਾਸ਼ਰੂਮ ਦੇ ਬਾਹਰ ਤੌਲ਼ੀਏ ਵਰਗੀ ਇਕ ਮੈਟ ਵੀ ਜ਼ਰੂਰ ਰੱਖੀ ਜਾਵੇ ਕਿਉਂ ਕਿ ਨਹਾ ਕੇ ਨਿੱਕਲਣ ਸਮੇਂ ਇਹ ਮੈਟ ਤੁਹਾਡੇ ਪੈਰਾਂ ਦੀ ਸਿੱਲ੍ਹ ਚੂਸ ਲਏਗੀ। ਇਸ ਲਈ, ਕੁੱਝ ਸਮਾਂ ਇਸ ਮੈਟ 'ਤੇ ਖੜ੍ਹ ਕੇ ਹੀ ਫ਼ਰਸ਼ ਉੱਤੇ ਪੈਰ ਰੱਖੋ। ਆਪਣੇ ਹਰ ਤਰ੍ਹਾਂ ਦੇ ਕੱਪੜੇ, ਖੜ੍ਹੇ-ਖੜ੍ਹੇ ਕਦੇ ਨਾ ਬਦਲੋ। ਕੱਪੜੇ, ਚੇਂਜਰੂਮ ਜਾਂ ਬੈੱਡਰੂਮ ਵਿਚ ਕਿਸੇ ਕੁਰਸੀ ਜਾਂ ਬੈਂਚ ਉੱਪਰ ਬੈਠ ਕੇ ਹੀ ਪਾਏ ਜਾਣ।
    ਆਪਣੀਆਂ ਨਿੱਤ ਵਰਤੋਂ ਦੀਆਂ ਚੀਜ਼ਾਂ ਕਿਸੇ ਖ਼ਾਸ ਥਾਂ ਹੀ ਰੱਖੀਆਂ ਜਾਣ ਤਾਂ ਕਿ ਲੋੜ ਪੈਣ ਵੇਲ਼ੇ ਉਨ੍ਹਾਂ ਨੂੰ ਲੱਭਣ ਦਾ ਝੰਜਟ ਨਾ ਪਵੇ। ਜੇ ਕੋਈ ਚੀਜ਼ ਰੱਖ ਕੇ ਭੁੱਲ ਜਾਣ ਦੀ ਆਦਤ ਹੋਵੇ ਤਾਂ ਜ਼ਰੂਰੀ ਚੀਜ਼ਾਂ ਦੀ ਇਕ ਲਿਸਟ ਮੇਜ਼ ਜਾਂ ਕੰਧ ਉੱਪਰ ਲਗਾ ਲਓ ਤੇ ਘਰੋਂ ਤੁਰਨ ਵੇਲ਼ੇ ਉਸ ਲਿਸਟ ਉੱਤੇ ਨਜ਼ਰ ਜ਼ਰੂਰ ਮਾਰੋ। ਜਿਹੜੀਆਂ ਦਵਾਈਆਂ ਰੋਜ਼ ਖਾਂਦੇ ਹੋਵੋਂ, ਉਨ੍ਹਾਂ ਨੂੰ ਉਸ ਡੱਬੀਦਾਰ ਪਲਾਨਰ ਵਿਚ ਰੱਖੋ, ਜਿਸ ਵਿਚ ਹਫ਼ਤੇ ਭਰ ਦੀ ਦਵਾਈ ਰੱਖੀ ਜਾ ਸਕੇ। ਪਲਾਨਰ ਵਿਚੋਂ ਦਵਾਈ ਖਾਣ ਨਾਲ਼, ਦਵਾਈ ਖਾ ਕੇ, ਖਾ ਲਈ ਜਾਂ ਨਹੀਂ ਦਾ ਭੁਲੇਖਾ ਨਹੀਂ ਪਵੇਗਾ। ਪੌੜੀਆਂ ਚੜ੍ਹਨ ਵੇਲ਼ੇ ਰੇਲਿੰਗ ਦਾ ਸਹਾਰਾ ਜ਼ਰੂਰ ਲਓ ਤੇ ਚੇਤਾ ਰੱਖੋ ਕਿ ਤੁਹਾਡਾ ਸਰੀਰ ਹੁਣ ਤੁਹਾਡੇ ਮਨ ਦਾ 'ਕਹਿਣੇਕਾਰ' ਨਹੀਂ ਰਿਹਾ। ਜਿਹੜਾ ਕੰਮ ਤੁਸੀਂ ਹਮੇਸ਼ਾ ਕਰਦੇ ਰਹੇ ਹੋ, ਉਹ ਉਮਰ ਵਧਣ ਨਾਲ਼ ਛੱਡਣਾ ਨਹੀਂ ਚਾਹੀਦਾ ਹੈ। ਘੱਟ ਤੋਂ ਘੱਟ ਆਪਣੇ ਕੰਮ, ਆਪ ਕਰਦੇ ਰਹੋ। ਘਰੋਂ ਬਾਹਰ ਆਉਣਾ-ਜਾਣਾ, ਪਾਰਕ ਦੀ ਸੈਰ ਕਰਨਾ ਨਾ ਛੱਡੋ ਅਤੇ ਛੋਟੀ-ਮੋਟੀ ਕਸਰਤ ਵੀ ਕਰਦੇ ਰਹੋ। ਕਰ ਸਕਦੇ ਹੋਵੋਂ ਤਾਂ ਯੋਗ-ਪ੍ਰਾਣਾਯਾਮ ਕਰਦੇ ਰਹੋ।
    ਘਰ ਜਾਂ ਬਾਹਰ ਹੁਕਮ ਚਲਾਉਣਾ ਬੰਦ ਕਰ ਦਿਓ। ਸਰੀਰ ਚੱਲਦਾ ਰੱਖਣ ਖ਼ਾਤਰ, ਆਪਣੇ ਲਈ ਪਾਣੀ, ਖਾਣਾ ਅਤੇ ਦਵਾਈਆਂ ਵਗ਼ੈਰਾ ਆਪ ਲਓ। ਬਹੁਤ ਜ਼ਰੂਰੀ ਹੋਵੇ ਤਾਂ ਹੀ ਇਨ੍ਹਾਂ ਕੰਮਾਂ ਵਿਚ ਕਿਸੇ ਦੀ ਸਹਾਇਤਾ ਲਓ। ਘਰ ਵਿਚ ਛੋਟੇ ਬੱਚੇ ਹੋਣ ਤਾਂ ਉਨ੍ਹਾਂ ਨਾਲ਼ ਸਮਾਂ ਬਿਤਾਓ। ਉਨ੍ਹਾਂ ਨੂੰ ਟੋਕਣਾ ਨਹੀਂ, ਸਗੋਂ ਪਿਆਰ ਨਾਲ਼ ਦੱਸਣਾ-ਸਿਖਾਉਣਾ ਹੈ। ਤੁਸੀਂ ਹੀ ਸਭ ਨਾਲ਼ ਨਿਭਣਾ ਹੈ, ਹੋਰ ਕਿਸੇ ਨੇ ਤੁਹਾਡੇ ਨਾਲ਼ ਨਹੀਂ। ਸਭ ਨਾਲ਼ ਬਣਾਈ ਰੱਖਣ ਲਈ 'ਨੋਨ', 'ਮੌਨ', 'ਕੌਨ' (ਕੌਣ) ਦਾ ਮੰਤਰ ਯਾਦ ਰੱਖੋ ਯਾਨੀ 'ਨੋਨ' ਦਾ ਮਤਲਬ ਸੁਆਦ ਉੱਤੇ ਕਾਬੂ ਰੱਖੋ। 'ਮੌਨ' ਦਾ ਅਰਥ ਚੁੱਪ ਯਾਨੀ ਲੋੜ ਪੈਣ 'ਤੇ ਹੀ ਅਤੇ ਘੱਟ ਤੋਂ ਘੱਟ ਹੀ ਬੋਲੋ। 'ਕੌਨ' (ਕੌਣ) ਦਾ ਅਰਥ ਹੈ, 'ਇਹ ਕੌਣ, ਔਹ ਕੌਣ ਜਾਂ ਇਹ ਕਿਉਂ, ਔਹ ਕਿਉਂ ਜਾਂ ਇਹ/ ਔਹ ਕਿਉਂ ਨਹੀਂ?' ਵਰਗੀ ਦਖ਼ਲਅੰਦਾਜ਼ੀ ਘਟਾ ਦਿਓ। ਇਸ ਮੰਤਰ ਨਾਲ਼ ਬਿਰਧ ਅਵੱਸਥਾ ਵਰਦਾਨ ਬਣ ਜਾਏਗੀ।
    1963 ਤੋਂ 'ਐਡਮਿਨਿਸਟਰੇਸ਼ਨ ਫਾਰ ਕਮਿਊਨਿਟੀ ਲਿਵਿੰਗ' (ਏ. ਸੀ. ਐੱਲ.) ਮਈ ਮਹੀਨੇ ਨੂੰ ਬਜ਼ੁਰਗ ਅਮਰੀਕੀਆਂ ਦੇ ਮਹੀਨੇ ਵਜੋਂ ਮਨਾਉਂਦੇ ਆ ਰਹੇ ਹਨ। ਬੁੱਢੇ ਹੋਣਾ ਜਾਂ ਬੁੱਢੇ ਹੋ ਗਏ ਮੰਨ ਲੈਣਾ ਮਨੁੱਖ ਦੇ ਆਪਣੇ ਵੱਸ ਹੈ, ਯਾਨੀ ਇਹ ਉਹ ਹਾਲਤ ਹੈ ਜਦੋਂ ਮਨੁੱਖ ਜ਼ਿੰਦਗ਼ੀ ਦੀਆਂ ਸਰਗਰਮੀਆਂ ਛੱਡਣ ਦਾ ਮਨ ਬਣਾ ਲੈਂਦਾ ਹੈ। ਇਹੋ ਜਿਹੀ ਮਾਨਸਕਤਾ ਤਾਂ ਕਈ ਜੁਆਨ ਦਿਸਦੇ ਬੰਦਿਆਂ ਦੀ ਵੀ ਹੋ ਸਕਦੀ ਹੈ। ਓਦਾਂ ਬੁਢਾਪਾ ਆਉਣਾ ਅਟਲ ਹੈ, ਇਸ ਨੂੰ ਆਉਣੋਂ ਰੋਕਿਆ ਨਹੀਂ ਜਾ ਸਕਦਾ। 'ਬੁੱਢੇ ਹੋ ਜਾਣ' ਦਾ ਮਤਲਬ 'ਵਾਧੂ ਹੋ ਜਾਣਾ' ਵੀ ਨਹੀਂ ਹੁੰਦਾ। ਨਾ ਹੀ ਇਸ ਦਾ ਅਰਥ ਜ਼ਿੰਦਗ਼ੀ ਦਾ ਖ਼ੁਸ਼ਕ ਜਾਂ ਬੋਝਲ ਹੋ ਜਾਣਾ ਹੁੰਦਾ ਹੈ। ਆਪਣੀ ਜ਼ਿੰਦਗ਼ੀ ਦੇ ਇਸ ਦੂਜੇ ਦੌਰ ਦਾ ਸੁਆਗਤ ਕਰੋ ਤੇ ਕੁੱਝ ਗੱਲਾਂ ਦਾ ਖ਼ਿਆਲ ਰੱਖਦਿਆਂ ਇਸ ਅਵੱਸਥਾ ਦਾ ਲੁਤਫ਼ ਉਠਾਓ।
    ਇਹ ਮੂਲ਼ੋਂ ਨਾ ਸੋਚਣਾ ਕਿ ਸਾਨੂੰ, ਤਮਾਮ ਉਮਰ ਗੁਜ਼ਾਰਦੀ ਬੁਤਖ਼ਾਨੇ ਮੇਂ, ਅਬ ਆਖ਼ਰੀ ਉਮਰ ਮੇਂ ਕਿਆ ਖ਼ਾਕ ਮੁਸਲਮਾਂ ਹੋਂਗੇ ਦੇ ਉਲਟ ਦੁਬਾਰਾ ਪੜ੍ਹਨੇ ਪਾਇਆ ਜਾ ਰਿਹਾ ਹੈ। ਇਹ ਗੱਲ ਹੁਣ ਗੁੱਝੀ ਨਹੀਂ ਹੈ ਕਿ ਬਜ਼ੁਰਗ਼ਾਂ ਲਈ ਸਰੀਰਕ ਸਰਗ਼ਰਮੀ ਕਈ ਮਰਜ਼ਾਂ ਦਾ ਖ਼ਤਰਾ ਘਟਾਉਂਦੀ ਹੈ ਤੇ ਹੱਡੀਆਂ ਦੇ ਨਾਲ਼-ਨਾਲ਼ ਸਾਹ-ਪ੍ਰਣਾਲੀ ਅਤੇ ਦਿਲ ਨੂੰ ਵੀ ਮਜ਼ਬੂਤ ਰੱਖਦੀ ਹੈ। ਇਨ੍ਹਾਂ ਕਸਰਤਾਂ ਵਿਚ ਤੈਰਾਕੀ, ਤੇਜ਼ ਤੁਰਨਾ, ਨੱਚਣਾ, ਸਾਈਕਲ ਚਲਾਉਣਾ ਜਾਂ ਕੋਈ ਹੋਰ ਮਨਭਾਉਂਦੀ ਕਸਰਤ, ਜੋ ਦਿਲ ਤੇ ਸਾਹ ਲਈ ਚੰਗੀ ਰਹੇ, ਸ਼ਾਮਲ ਕੀਤੀ ਜਾ ਸਕਦੀ ਹੈ। 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ 'ਗਭਰੂਆਂ' ਨੂੰ ਹਰ ਹਫ਼ਤੇ ਘੱਟ ਤੋਂ ਘੱਟ 150 ਮਿੰਟ ਹਲਕੀ ਏਅਰੋਬਿਕ ਕਸਰਤ, ਘੱਟ ਤੋਂ ਘੱਟ 75 ਮਿੰਟ ਜ਼ੋਰਦਾਰ ਏਅਰੋਬਿਕ ਕਸਰਤ ਤੇ ਇੰਨਾ ਹੀ ਸਮਾਂ ਇਹ ਦੋਵੇਂ ਕਸਰਤਾਂ ਰਲਾ ਕੇ ਕਰਨੀਆਂ ਚਾਹੀਦੀਆਂ ਹਨ। ਬਾਕੀ ਸਾਰੀਆਂ ਕਸਰਤਾਂ ਕਰਨੀਆਂ ਜ਼ਰੂਰੀ ਨਹੀਂ ਹਨ। ਉਹੀ ਕਰੋ, ਜਿਨ੍ਹਾਂ ਲਈ ਤੁਹਾਡਾ ਤਨ-ਮਨ ਮੰਨਦੇ ਹਨ।
    ਬਹੁਤ ਸਾਰੇ ਲੋਕਾਂ ਲਈ ਜ਼ਿੰਦਗੀ ਦਾ ਇਹ ਦੂਜਾ ਪੜਾਅ, ਆਪਣੇ ਸੁਪਨਿਆਂ ਦਾ ਸੰਸਾਰ ਸਿਰਜਣ ਦਾ ਜਾਂ ਉਹ ਕੁੱਝ ਕਰਨ ਦਾ ਮੌਕਾ ਹੁੰਦਾ ਹੈ, ਜੋ ਕਈ ਕਾਰਨਾਂ ਕਰ ਕੇ, ਕਰਨ ਤੋਂ ਖੁੰਝਦੇ ਰਹੇ ਹੁੰਦੇ ਹਨ। 'ਸੇਵਾ-ਮੁਕਤ' ਲੋਕਾਂ ਅੰਦਰੋਂ 'ਸੇਵਾ-ਭਾਵਨਾ' ਖ਼ਤਮ ਨਹੀਂ ਹੋ ਜਾਂਦੀ। ਉਹ ਲੋਕਾਂ ਦੀ ਸੇਵਾ ਕਰ ਸਕਦੇ ਹਨ, ਨਵੀਆਂ ਪ੍ਰਤਿਭਾਵਾਂ ਤਲਾਸ਼ ਕਰ ਸਕਦੇ ਹਨ ਅਤੇ ਨਵੇਂ ਸ਼ੁਗ਼ਲ ਸ਼ੁਰੂ ਕਰ ਸਕਦੇ ਹਨ। ਦੇਖਣ ਵਿਚ ਆਇਆ ਹੈ ਕਿ ਵੱਡੀ ਉਮਰ ਦੇ ਬਾਲਗ਼ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਵਿਚ ਬਹੁਤ ਦਿਲਚਸਪੀ ਲੈਂਦੇ ਹਨ। 'ਆਰਪ'ਸ ਐਟੀਚਿਊਡ, ਟ੍ਰੈਂਡ ਐਂਡ ਓਪੀਨੀਅਨ ਮੌਨੀਟਰ' (ਐਟਮ) ਦੀ 2016 ਦੀ ਰਿਪੋਰਟ ਅਨੁਸਾਰ, ਅੱਧੇ ਤੋਂ ਵੱਧ ਅਮਰੀਕੀਆਂ ਕੋਲ ਸਮਾਰਟਫੋਨ ਸਨ। ਇਨ੍ਹਾਂ ਫੋਨਾਂ ਵਾਲ਼ਿਆਂ ਵਿਚੋਂ ਇਨ੍ਹਾਂ ਦੀ ਸਹਾਇਤਾ ਨਾਲ਼ ਵੱਧ ਤੋਂ ਵੱਧ ਕੀਤੇ ਜਾਂਦੇ ਕੰਮਾਂ ਵਿਚ ਈਮੇਲ ਕਰਨਾ (91%), ਖ਼ਬਰਾਂ ਲੈਣੀਆਂ (72%), ਵੈੱਬਸਾਈਟਾਂ ਹੰਘਾਲਣੀਆਂ (70%) ਅਤੇ ਸੋਸ਼ਲ ਮੀਡੀਆ ਤਕ ਰਸਾਈ ਕਰਨਾ (62%) ਸ਼ਾਮਲ ਸੀ।
    ਉਮਰ ਦੇ ਇੰਨੇ ਵਰ੍ਹਿਆਂ ਦੌਰਾਨ ਹਾਸਲ ਕੀਤਾ ਹੋਇਆ ਗਿਆਨ ਤੇ ਜਾਣਕਾਰੀ ਵੰਡਣ ਦੇ ਦਿਨ ਵੀ ਇਹੋ ਹੁੰਦੇ ਹਨ। ਇਸ ਉਮਰ ਦੇ ਲੋਕ, ਕਈ ਖੇਤਰਾਂ ਵਿਚ ਵਡੇਰੀ ਉਮਰ ਦੇ ਬੱਚਿਆਂ ਦੀ ਰਹਿਨੁਮਾਈ ਕਰ ਸਕਦੇ ਹਨ। 'ਵਰਲਡ ਹੈਲਥ ਆਰਗੇਨਾਈਜ਼ੇਸ਼ਨ' ਅਨੁਸਾਰ, ਇਸ ਵੇਲ਼ੇ ਸੰਸਾਰ ਵਿਚ 80 ਸਾਲਾਂ ਦੇ ਜਾਂ ਇਸ ਤੋਂ ਵਡੇਰੀ ਉਮਰ ਦੇ ਸਾਢੇ ਬਾਰਾਂ ਕਰੋੜ ਵਿਅਕਤੀ ਹਨ। ਇਸ ਉਮਰੇ ਜਦੋਂ ਬੱਚੇ ਆਪੋ-ਆਪਣੇ ਕੰਮਾਂ 'ਤੇ ਚਲੇ ਜਾਂਦੇ ਹਨ ਤਾਂ ਤੁਸੀਂ ਘਰ ਵਿਚ ਇਕੱਲੇ ਹੁੰਦੇ ਹੋ। ਉਸ ਵੇਲ਼ੇ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੁੰਦੇ ਹੋ। ਤੁਹਾਨੂੰ ਉਹ ਸਮਾਂ, ਸਿਰਜਣਾਤਮਕ ਅਤੇ ਰਚਨਾਤਮਕ ਢੰਗ ਨਾਲ਼ ਵਰਤਣਾ ਚਾਹੀਦਾ ਹੈ। ਆਪਣੀ ਜ਼ਿੰਦਗ਼ੀ ਦੇ ਰਹਿੰਦੇ ਦਿਨ ਆਨੰਦਮਈ ਢੰਗ ਨਾਲ਼ ਬਿਤਾਉਣਾ ਤੁਹਾਡੇ ਤੰਦਰੁਸਤ ਬੁਢਾਪੇ ਦਾ ਮੁੱਖ ਜ਼ਾਮਨ ਹੈ। 
    'ਲੰਡਨ ਦੇ ਯੂਨੀਵਰਸਿਟੀ ਕਾਲਜ' ਵਿਚ ਕੀਤੇ ਗਏ ਇਕ ਅਧਿਐਨ ਨੇ ਇਹ ਸਾਬਤ ਕੀਤਾ ਹੈ ਕਿ ਖ਼ੁਸ਼-ਰਹਿਣੇ ਲੋਕ ਬਹੁਤ ਸਿਹਤਮੰਦ ਰਹਿੰਦੇ ਹਨ। ਇਸ ਅਧਿਐਨ ਵਿਚ ਇੰਗਲੈਂਡ ਵਿਚ ਰਹਿੰਦੇ 60 ਸਾਲਾਂ ਦੇ ਤੇ ਇਸ ਤੋਂ ਵਡੇਰੀ ਉਮਰ ਦੇ 3199 ਮਰਦਾਂ-ਔਰਤਾਂ ਨੂੰ ਸ਼ਾਮਲ ਕਰ ਕੇ 8 ਸਾਲ ਉਨ੍ਹਾਂ ਦੇ ਰਹਿਣ-ਸਹਿਣ ਅਤੇ ਰਾਜ਼ੀ-ਖ਼ੁਸ਼ੀ ਉੱਤੇ ਨਜ਼ਰ ਰੱਖੀ ਗਈ। ਇਸ ਨਿਗਰਾਨੀ ਤੋਂ ਪਤਾ ਲੱਗਿਆ ਕਿ ਜਿਹੜੇ ਲੋਕ ਖ਼ੁਸ਼ੀ ਨਾਲ਼ ਨਹੀਂ ਜੀਂਦੇ ਸਨ, ਉਨ੍ਹਾਂ ਨੂੰ ਖ਼ੁਸ਼-ਰਹਿਣੇ ਲੋਕਾਂ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਸਰੀਰਕ ਤਕਲੀਫ਼ਾਂ ਦਾ ਸਾਹਮਣਾ ਕਰਨਾ ਪਿਆ। ਇਸ ਅਧਿਐਨ ਦੀ ਰਿਪੋਰਟ 'ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ' ਵਿਚ ਛਪੀ ਸੀ।
    'ਦ ਲੌਂਗੇਵਿਟੀ ਪ੍ਰਾਸੈੱਸ' (ਲੰਮੀ ਉਮਰ ਦਾ ਅਮਲ) ਨਾਂ ਦੀ ਕਿਤਾਬ ਲਿਖਣ ਵਾਲ਼ੇ ਅਤੇ 'ਯੂਨੀਵਰਸਿਟੀ ਔਫ ਕੈਲਿਫੋਰਨੀਆ' ਵਿਚ ਮਨੋਵਿਗਿਆਨ ਦੇ ਪ੍ਰੋਫੈਸਰ ਰਹੇ, ਹਾਵਰਡ ਫ੍ਰੀਡਮਨ ਦਾ ਕਹਿਣ ਹੈ ਕਿ ਤੁਹਾਡੀ ਉਮਰ ਲੰਬੀ ਹੋਣ ਵਿਚ ਤੁਹਾਡੇ ਮਾਪਿਆਂ ਦੇ ਲਹੂ ਵਿਚੋਂ ਤੁਹਾਨੂੰ ਹਾਸਲ ਹੋਈਆਂ 'ਬਰਕਤਾਂ' ਦਾ ਯੋਗਦਾਨ 25 ਤੋਂ 33% ਤਕ ਹੀ ਹੁੰਦਾ ਹੈ ਜਦੋਂ ਕਿ ਇਸ ਵਿਚ ਬਾਕੀ ਸਾਰਾ ਯੋਗਦਾਨ ਤੁਹਾਡਾ ਆਪਣਾ ਹੁੰਦਾ ਹੈ। ਉਨ੍ਹਾਂ ਦੇ ਕਹਿਣ ਦਾ ਅਰਥ ਕਸਰਤ ਕਰਨ ਉੱਤੇ ਜ਼ੋਰ ਦੇਣਾ ਹੀ ਹੈ। ਤੁਹਾਨੂੰ ਆਪਣੀ ਖਾਧ-ਖੁਰਾਕ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਬੁਢਾਪੇ ਨੂੰ 'ਸੁਨਹਿਰਾ' ਬਣਾਉਣ ਲਈ, ਆਪਣੇ-ਆਪ ਨੂੰ ਕਿਸੇ ਜੁੱਜ਼ਵਕਤੀ ਕੰਮ ਲਾਈ ਰੱਖੋ ਤੇ ਉਹੀ ਕੰਮ ਚੁਣੋ, ਜਿਸ ਵਿਚ ਤੁਹਾਡੀ ਦਿਲਚਸਪੀ ਹੋਵੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਕੁੱਝ ਖ਼ਰਚਾ-ਪਾਣੀ ਵੀ ਕਮਾ ਸਕਦੇ ਹੋ। ਜਿੱਥੇ ਜਾਣਾ ਤਾਂਘਦੇ ਰਹੇ ਹੋ, ਉਨ੍ਹਾਂ ਥਾਵਾਂ ਦੀਆਂ ਯਾਤਰਾਵਾਂ ਕਰੋ।#