ਮੈਪਲ ਦਿਆ ਪੱਤਿਆ ਕੇਹੀ ਖੜ-ਖੜ ਲਾਈ ਆ...
========================
ਭੰਗ, ਜਿਸ ਨੂੰ ਕੈਨੇਡਾ ਵਿਚ 'ਪੌਟ', 'ਵੀਡ', 'ਕੈਨਾਬੀਜ਼', 'ਮੈਰੀਜੁਆਨਾ' ਜਾਂ 'ਮੈਰੀਵੁਆਨਾ' ਅਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਨਾਂ ਨਾਲ਼ ਨਵਾਜ਼ਿਆ ਗਿਆ ਹੈ, ਇਨ੍ਹੀਂ ਦਿਨੀਂ ਕੈਨੇਡਾ ਦੀ ਸਿਆਸਤ ਦਾ ਧੁਰਾ ਜਿਹਾ ਬਣਦੀ ਜਾ ਰਹੀ ਹੈ। 17 ਅਕਤੂਬਰ (2018) ਨੂੰ ਕੈਨੇਡਾ ਸਰਕਾਰ ਨੇ ਭੰਗ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਇਹ ਮਾਨਤਾ ਦੇਣ ਦਾ ਵਾਅਦਾ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਾਰਟੀ ਵੱਲੋਂ ਪਾਰਲੀਮਾਨੀ ਚੋਣ ਜਿੱਤਣ ਦੀ ਇਕ ਵਜ੍ਹਾ ਬਣਿਆ ਸੀ। ਇਹ ਵਾਅਦਾ ਪੂਰਾ ਕਰਨ ਦੀਆਂ ਤਿਆਰੀਆਂ ਚਿਰੋਕਣੀਆਂ ਕੀਤੀਆਂ ਜਾਣ ਦੇ ਬਾਵਜੂਦ, ਭੰਗ ਦੀ ਪਤੰਗ ਸਿਖ਼ਰ ਚੜ੍ਹਾਉਣ ਦੇ ਫ਼ੈਸਲੇ ਉੱਤੇ ਕਾਨੂੰਨੀ ਮੁਹਰ ਲਾਉਣ ਲਈ ੧੭ ਅਕਤੂਬਰ ਦਾ ਦਿਨ ਹੀ ਮੁਕੱਰਰ ਕਰਨ ਦਾ ਇਕ ਵਿਸ਼ੇਸ਼ ਅਰਥ ਹੈ।
ਇਹ ਗੱਲ ਸਿਰੇ ਲਾ ਕੇ ਹੀ ਅੱਗੇ ਵਧਦੇ ਹਾਂ। 17 ਅਕਤੂਬਰ ਦੇ ਦਿਨ ਹੀ ਭੰਗ ਨੂੰ ਕਾਨੂੰਨੀ ਮਾਨਤਾ ਕਿਉਂ ਦਿੱਤੀ ਗਈ? ਇਸੇ ਹੀ ਸਾਲ 20 ਜੂਨ ਨੂੰ ਟਰੂਡੋ ਨੇ ਕਿਹਾ ਸੀ ਕਿ ਅਕਤੂਬਰ ਦੀ 17 ਤਾਰੀਖ਼, ਸੂਬਿਆਂ ਨੂੰ ਇਸ ਕਾਨੂੰਨ ਸਬੰਧੀ ਤਿਆਰੀਆਂ ਕਰਨ ਖ਼ਾਤਰ ਲੋੜੀਂਦਾ ਸਮਾਂ ਦੇਣ ਲਈ ਵੀ ਮਿੱਥੀ ਗਈ ਸੀ। ਭਾਵੇਂ ਸਰਕਾਰ, ਇਹ ਤਾਰੀਖ਼ ਮਿੱਥਣ ਦੀ ਵਜ੍ਹਾ ਇਹੋ ਦੱਸ ਰਹੀ ਹੈ, ਪਰ ਸੋਸ਼ਲ ਮੀਡੀਆ ਦੇ ਹਿਸਾਬੀਆਂ-ਕਿਤਾਬੀਆਂ ਨੇ ਇਸ ਤਾਰੀਖ਼ ਦੇ ਕਈ ਹੋਰ ਅਰਥ ਵੀ ਕੱਢੇ ਹਨ, ਜਿਸ ਕਰ ਕੇ ਇਹ ਤਾਰੀਖ਼ ਕਿਸੇ ਅਟ-ਸਟੇ ਨਾਲ਼ ਹੀ ਮਿੱਥੀ ਹੋਈ ਨਹੀਂ ਲੱਗਦੀ।
ਇਸ ਮਾਮਲੇ ਦੀ ਤਹਿ ਤਕ ਪਹੁੰਚੇ ਹੋਣ ਦੇ ਕੁੱਝ ਦਾਅਵੇਦਾਰਾਂ ਦਾ ਖਿਆਲ ਹੈ ਕਿ 17 ਅਕਤੂਬਰ, 'ਭੰਗ ਸਬੰਧੀ ਸ਼ਹੀਦ' ਜ਼ਿੱਗੀ ਮਾਰਲੇ ਦਾ 50ਵਾਂ ਜਨਮ ਦਿਨ ਹੈ। ਇਕ ਹੋਰ ਪੱਖ ਅਨੁਸਾਰ, 10ਵੇਂ ਮਹੀਨੇ (ਅਕਤੂਬਰ) ਦੀ 17 ਤਾਰੀਖ਼ ਯਾਨੀ 10/17=0.58823529; 5+8+8+2+3+5+2+9=42.0…, ਜੋ 4-20 ਦੇ ਨੇੜੇ-ਤੇੜੇ ਹੈ ਤੇ ਇਹ ਭੰਗ ਪੀਣ ਦਾ ਸਰਬਵਿਆਪਕ ਸੂਚਕ ਹੈ। ਇਹ ਤਾਰੀਖ਼ 42ਵੇਂ ਹਫ਼ਤੇ ਵਿਚ ਪੈਂਦੀ ਹੋਣ ਕਰ ਕੇ ਵੀ '4-20' ਦਾ ਚੇਤਾ ਕਰਾਉਂਦੀ ਹੈ। ਇਸ ਤੋਂ ਇਲਾਵਾ 17 ਅਕਤੂਬਰ, ਭੰਗ ਲਈ ਗੀਤ ਲਿਖ-ਲਿਖ ਗਾਉਂਦਿਆਂ (ਤੇ ਪੀਂਦਿਆਂ ਵੀ) ਜਾਨ ਦੇ ਗਏ ਗੌਰਡ ਡਾਊਨੀ ਦਾ ਜਨਮ ਦਿਨ ਵੀ ਹੈ।
ਇਹ ਖੁਲਾਸੇ ਕਰਦਿਆਂ 'ਦ ਕਿੱਟ' ਦੀ ਡਿਜੀਟਲ ਐਡੀਟਰ ਜੈਨੀਫਰ ਬੇਰੀ ਨੇ 12 ਅਕਤੂਬਰ ਨੂੰ ਛਪੇ ਇਕ ਲੇਖ ਵਿਚ ਲਿਖਿਆ ਹੋਇਆ ਹੈ ਕਿ ਭਾਵੇਂ ਤੁਸੀਂ ਭੰਗ ਪੀਂਦੇ/ ਛਕਦੇ ਹੋ ਜਾਂ ਨਹੀਂ, 17 ਅਕਤੂਬਰ ਨੂੰ ਕੈਨੇਡਾ ਸਰਕਾਰ ਨੇ ਭੰਗ ਦੇ ਸਬੰਧ ਵਿਚ ਇਕ ਇਹੋ ਜਿਹਾ ਕਾਨੂੰਨ ਬਣਾ ਧਰਨਾ ਹੈ, ਜਿਸ ਵਿਚ ਸਭ ਦੇ ਸੁਣਨ-ਸਮਝਣ ਲਈ ਬੜਾ ਕੁੱਝ ਹੋਣਾ ਹੈ। ਭੰਗ, 17 ਅਕਤੂਬਰ ਤੋਂ ਕੈਨੇਡਾ ਵਿਚ ਕਾਨੂੰਨੀ ਤੇ ਸਰਕਾਰੀ ਮਾਨਤਾ ਹਾਸਲ ਕਰ ਕੇ ਹੁਣ ਇਕ ਮੁੱਦਾ ਹੀ ਨਹੀਂ ਸਿਆਸੀ ਹਥਿਆਰ ਵੀ ਬਣ ਗਈ ਹੈ।
ਕੈਨੇਡਾ ਸਰਕਾਰ ਨੇ 'ਕੈਨਾਬੀਜ਼ ਐਕਟ' ਵਿਚ ਭੰਗ ਦੀ ਪੈਦਾਵਾਰ, ਵੰਡ, ਵਿੱਕਰੀ ਅਤੇ ਇਸ ਨੂੰ ਰੱਖਣ-ਢਕਣ ਦੇ ਸਬੰਧ ਵਿਚ ਸਖ਼ਤ ਕਾਨੂੰਨੀ ਢਾਂਚਾ ਬਣਾਇਆ ਹੈ। ਇਸ ਦੇ ਤਿੰਨ ਉਦੇਸ਼ ਹਨ, ਜਿੱਦਾਂ: ਭੰਗ ਨੌਜੁਆਨਾਂ ਦੀ ਪਹੁੰਚ ਤੋਂ ਬਾਹਰ ਰੱਖਣੀ, ਇਸ ਦਾ ਮੁਨਾਫ਼ਾ ਮੁਜਰਮਾਂ ਦੀ ਪਹੁੰਚ ਤੋਂ ਦੂਰ ਰੱਖਣਾ ਅਤੇ ਬਾਲਗ਼ਾਂ ਦੀ ਪਹੁੰਚ ਕਾਨੂੰਨੀ ਭੰਗ ਤਕ ਹੀ ਰੱਖ ਕੇ ਲੋਕਾਂ ਦੀ ਸਿਹਤ ਬਚਾਉਣੀ ਅਤੇ ਉਨ੍ਹਾਂ ਦਾ ਬਚਾਅ ਕਰਨਾ। ਇਹ ਕਾਨੰੂੰਨ ਲਾਗੂ ਹੋ ਜਾਣ ਨਾਲ਼ ਵੱਖ-ਵੱਖ ਸੂਬਿਆਂ ਵਿਚ ਬਾਲਗ਼ਾਂ ਦੇ ਵਿਹਾਰ ਮੁਤਾਬਕ ਭਾਂਤ-ਭਾਂਤ ਦੀਆਂ ਬੰਦਿਸ਼ਾਂ ਲਾਗੂ ਹੋ ਗਈਆਂ ਹਨ। ਮਿਸਾਲ ਦੇ ਤੌਰ 'ਤੇ ਕੋਈ ਬਾਲਗ਼ ਕਾਨੂੰਨੀ ਤੌਰ 'ਤੇ 30 ਗ੍ਰਾਮ ਸੁੱਕੀ ਜਾਂ ਹਰੀ ਭੰਗ ਆਪਣੇ ਕੋਲ ਰੱਖ ਸਕੇਗਾ। ਉਹ, ਇਹ ਭੰਗ ਹੋਰ ਬਾਲਗ਼ਾਂ ਨਾਲ਼ ਰਲ਼ ਕੇ ਵੀ ਵਰਤ-ਵਰਤਾਅ ਸਕਦਾ ਹੈ। ਇਹ ਕਾਨੂੰਨ ਲਾਗੂ ਹੋਣ ਦੀ ਵਜ੍ਹਾ ਨਾਲ਼, ਭੰਗ ਅਤੇ ਭੰਗ ਦਾ ਤੇਲ, ਸੂਬਾਈ ਸਰਕਾਰ ਤੋਂ ਲਾਇਸੈਂਸਸ਼ੁਦਾ ਵਿਕਰੇਤਾ ਤੋਂ ਖਰੀਦੇ ਜਾ ਸਕਣਗੇ। ਜਿਨ੍ਹਾਂ ਸੂਬਿਆਂ ਅਤੇ ਵਿਚ ਪ੍ਰਚੂਨ ਵਿੱਕਰੀ ਦਾ ਪ੍ਰਬੰਧ ਨਹੀਂ ਹੋਵੇਗਾ, ਉੱਥੋਂ ਦੇ ਲੋਕ, ਫੈਡਰਲ ਸਰਕਾਰ ਦੇ ਮਨਜ਼ੂਰਸ਼ੁਦਾ ਭੰਗ ਉਤਪਾਦਕਾਂ ਤੋਂ ਭੰਗ 'ਆਨਲਾਈਨ' ਖਰੀਦ ਸਕਣਗੇ। ਨਿੱਜੀ ਵਰਤੋਂ ਲਈ ਭੰਗ ਘਰ ਵਿਚ ਉਗਾਈ ਜਾ ਸਕੇਗੀ, ਪਰ ਉਸ ਦਾ ਬੀਜ ਜਾਂ ਪਨੀਰੀ ਲਾਇਸੈਂਸੀ ਹੀ ਹੋਵੇਗੀ। ਇਕ ਘਰ ਵਿਚ ਭੰਗ ਦੇ ਚਾਰ ਬੂਟੇ ਹੀ ਲਾਏ ਜਾ ਸਕਣਗੇ। ਘਰਾਂ ਵਿਚ ਭੰਗ ਦੀਆਂ, ਖਾਧੀਆਂ-ਪੀਤੀਆਂ ਜਾਣ ਵਾਲੀਆਂ ਚੀਜ਼ਾਂ ਬਣਾਈਆਂ ਜਾ ਸਕਣਗੀਆਂ, ਪਰ ਉਨ੍ਹਾਂ ਵਿਚ 'ਆਰਗੈਨਿਕ ਸਤ' ਨਹੀਂ ਪਾਏ ਜਾ ਸਕਣਗੇ। ਇਹ ਕਾਨੂੰਨ ਲਾਗੂ ਹੋਣ ਤੋਂ ਤਕਰੀਬਨ ਇਕ ਸਾਲ ਮਗਰੋਂ, ਭੰਗ ਤੋਂ ਬਣੀਆਂ, ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸਤ ਵੀ ਵਰਤਣ ਦੀ ਖੁੱਲ੍ਹ ਹੋ ਜਾਵੇਗੀ।
ਇਲਾਜ ਲਈ ਭੰਗ ਵਰਤਣ ਵਾਲ਼ਿਆਂ ਨੂੰ 'ਡਾਕਟਰ ਦੀ ਪਰਚੀ' ਦੇ ਆਧਾਰ 'ਤੇ ਭੰਗ ਮਿਲਦੀ ਰਹੇਗੀ। ੧੮ ਸਾਲ ਤੋਂ ਘੱਟ ਉਮਰ ਦੇ ਕਿਸੇ ਵਿਅਕਤੀ ਨੂੰ ਭੰਗ ਵੇਚਣਾ ਜਾਂ ਮੁਹੱਈਆ ਕਰਨਾ-ਕਰਾਉਣਾ ਮਨ੍ਹਾਂ ਹੋਵੇਗਾ। ਨੌਜੁਆਨਾਂ ਨੂੰ ਭੰਗ ਮੁਹੱਈਆ ਕਰਨ-ਕਰਾਉਣ ਵਾਲ਼ਿਆਂ ਨੂੰ ਸਜ਼ਾ ਮਿਲੇਗੀ। ਇਸ ਤਰ੍ਹਾਂ ਕਰਨ ਵਾਲ਼ੇ ਨੂੰ ਵੱਧ ਤੋਂ ਵੱਧ 14 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਜਾ ਸਕੇਗੀ। ਇਸ ਸਬੰਧੀ ਦੋ ਜੁਰਮ ਹੋਣਗੇ: (1) ਨੌਜੁਆਨ ਨੂੰ ਭੰਗ ਦੇਣਾ ਜਾਂ ਵੇਚਣਾ ਅਤੇ (2) ਕਿਸੇ ਨੌਜੁਆਨ ਤੋਂ ਭੰਗ ਸਬੰਧੀ ਕੋਈ ਜੁਰਮ ਕਰਾਉਣਾ। ਇਸ ਕਾਨੂੰਨ ਵਿਚ ਨੌਜੁਆਨਾਂ ਨੂੰ ਭੰਗ ਦੀ ਵਰਤੋਂ ਕਰਨ ਤੋਂ ਵਰਜਣ ਦੇ ਪ੍ਰਬੰਧ ਵੀ ਕੀਤੇ ਗਏ ਹਨ। ਨੌਜੁਆਨਾਂ ਨੂੰ ਪਸੰਦ ਆਉਣ ਵਾਲ਼ੀਆਂ ਚੀਜ਼ਾਂ ਨਾਲ਼ ਭੰਗ ਦੀ ਇਸ਼ਤਿਹਾਰਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਭੰਗ ਦੀ ਪੈਕਿੰਗ ਅਤੇ ਲੇਬਲਿੰਗ, ਨੌਜੁਆਨਾਂ ਦਾ ਮਨ ਭੰਗ ਦੀ ਵਰਤੋਂ ਕਰਨ ਲਈ ਲਲਚਾਉਣ ਵਾਲ਼ੀ ਨਾ ਹੋਵੇ। ਭੰਗ ਤੇ ਭੰਗ ਵਾਲ਼ੀਆਂ ਚੀਜ਼ਾਂ ਦੀ ਵਿੱਕਰੀ, ਮਸ਼ੀਨਾਂ ਰਾਹੀਂ ਕਰਨ ਦੀ ਵੀ ਮਨਾਹੀ ਰਹੇਗੀ।ਇਨ੍ਹਾਂ ਦੀ ਇਸ਼ਤਿਹਾਰਬਾਜ਼ੀ ਵੀ ਗੁੱਝੇ ਢੰਗ ਨਾਲ਼ ਹੀ ਕਰਨ ਦੀ ਇਜਾਜ਼ਤ ਹੋਵੇਗੀ। ਇਨ੍ਹਾਂ ਮਨਾਹੀਆਂ ਦੀ ਉਲੰਘਣਾ ਕਰਨ ਵਾਲ਼ੇ ਨੂੰ 50 ਲੱਖ ਡਾਲਰ ਜੁਰਮਾਨਾ ਜਾਂ 3 ਸਾਲਾਂ ਦੀ ਕੈਦ ਦੀ ਸਜ਼ਾ ਹੋ ਸਕੇਗੀ।
ਭੰਗ ਦੀ ਵਿੱਕਰੀ ਨਿਯਮਾਂ ਅਨੁਸਾਰ ਹੀ ਹੈ, ਇਹ ਦੇਖਣ ਦੀ ਜ਼ਿੰਮੇਵਾਰੀ ਫੈਡਰਲ, ਸੂਬਾਈ ਅਤੇ ਖੇਤਰੀ ਸਰਕਾਰਾਂ ਦੀ ਹੋਵੇਗੀ। ਫੈਡਰਲ ਸਰਕਾਰ, ਭੰਗ ਦੀ ਕਾਸ਼ਤ ਵਿਚ ਨਿਯਮਾਂ ਦੀ ਪਾਲਣਾ ਕਰਾਉਣ ਲਈ ਸਖ਼ਤੀ ਕਰੇਗੀ ਅਤੇ ਭੰਗ ਦਾ ਸਾਮਾਨ ਬਣਾਏ-ਵੇਚੇ ਜਾਣ ਸਬੰਧੀ ਨਿਯਮਾਂ ਦੀ ਪਾਲਣਾ ਕਰਾਵੇਗੀ। ਉਹ, ਇਸ ਦੇ ਪ੍ਰਚਾਰ ਦੇ ਢੰਗਾਂ ਦੀ ਨਿਗਰਾਨੀ ਵੀ ਕਰੇਗੀ। ਸੂਬਾਈ ਸਰਕਾਰਾਂ ਭੰਗ ਦੀ ਵਰਤੋਂ ਕਰਨ ਵਾਲ਼ਿਆਂ ਦੀ ਘੱਟ ਤੋਂ ਘੱਟ ਉਮਰ ਦੀ ਹੱਦ ਵਧਾ ਸਕਣਗੀਆਂ, ਪਰ ਉਹ, ਇਹ ਹੱਦ ਘਟਾ ਨਹੀਂ ਸਕਣਗੀਆਂ। ਉਹ, ਆਪਣੇ ਸੂਬੇ ਵਿਚ ਕਿਸੇ ਵੱਲੋਂ ਰੱਖੀ ਜਾ ਸਕਦੀ, ਭੰਗ ਦੀ ਮਿਕਦਾਰ ਘਟਾ ਸਕਣਗੀਆਂ। ਸੂਬਾਈ ਸਰਕਾਰਾਂ, ਘਰਾਂ ਵਿਚ ਭੰਗ ਉਗਾਉਣ ਸਬੰਧੀ ਨਿਯਮ ਬਦਲ ਸਕਣਗੀਆਂ।
ਭੰਗ ਦੀ ਖ਼ਪਤ ਦੇ ਸਬੰਧ ਵਿਚ ਕੈਨੇਡਾ ਸਰਕਾਰ ਦੀ ਸੰਜੀਦਗੀ ਦਾ ਪ੍ਰਮਾਣ ਹੈ ਕਿ ਸਰਕਾਰ ਨੇ ਅਗਲੇ ਪੰਜ ਸਾਲਾਂ ਵਿਚ ਤਕਰੀਬਨ 4.6 ਕਰੋੜ ਡਾਲਰ, ਭੰਗ ਸਬੰਧੀ ਜਾਣਕਾਰੀ ਦੇਣ ਖ਼ਾਤਰ ਖ਼ਰਚਣੇ ਹਨ।ਇਸ ਪ੍ਰਾਜੈਕਟ ਅਧੀਨ, ਕੈਨੇਡਾ ਦੇ ਲੋਕਾਂ, ਖ਼ਾਸ ਤੌਰ 'ਤੇ ਨੌਜੁਆਨਾਂ ਨੂੰ ਭੰਗ ਦੀ ਵਰਤੋਂ ਕਰਨ ਦੇ ਨੁਕਸਾਨ ਦੱਸੇ ਜਾਇਆ ਕਰਨਗੇ। 'ਸਟੈਟਿਸਟਿਕਸ ਕੈਨੇਡਾ' ਦੀ ਰਿਪੋਰਟ ਅਨੁਸਾਰ, ਪਿਛਲੇ ਸਾਲ (2017), ਭੰਗ ਦੇ ਨਸ਼ੇ ਨਾਲ਼ ਸਬੰਧਤ 48 ਹਜ਼ਾਰ ਵਾਰਦਾਤਾਂ ਦੀਆਂ ਰਿਪੋਰਟਾਂ ਪੁਲਸ ਨੂੰ ਮਿਲ਼ੀਆਂ ਸਨ। ਇਨ੍ਹਾਂ ਵਿਚੋਂ 80% ਕੇਸ, ਨਜਾਇਜ਼ ਭੰਗ ਰੱਖਣ ਦੇ ਸਨ।
ਕੈਨੇਡਾ ਸਰਕਾਰ ਨੇ ਭੰਗ ਦੀ ਵਰਤਣ ਦੀ ਕਾਨੂੰਨੀ ਖੁੱਲ੍ਹ ਦੇ ਕੇ, ਇਸ ਸਬੰਧੀ ਕੁੱਝ ਬੰਦਿਸ਼ਾਂ ਵੀ ਲਾਈਆਂ ਹਨ। ਲੁਤਫ਼ ਉਠਾਉਣ ਲਈ ਭੰਗ ਵਰਤਣ ਲਈ ਵੱਖਰੇ ਨਿਯਮ ਹੋਣਗੇ ਜਦੋਂ ਕਿ ਡਾਕਟਰੀ ਲਿਹਾਜ਼ ਤੋਂ ਭੰਗ ਵਰਤਣ ਲਈ ਵੱਖਰੀਆਂ ਸ਼ਰਤਾਂ ਹੋਣਗੀਆਂ। ਭੰਗ ਦੀ ਵਰਤੋਂ ਕਰਨ ਦੀ ਥਾਂ ਬਾਰੇ ਵੀ ਖ਼ਾਸ ਹਦਾਇਤਾਂ ਹਨ। ਤੁਸੀਂ ਆਪਣੇ ਘਰਾਂ ਅੰਦਰ ਭੰਗ ਦੀ ਵਰਤੋਂ ਕਰ ਸਕਦੇ ਹੋ, ਪਰ ਉਨ੍ਹਾਂ ਘਰਾਂ ਅੰਦਰ ਕੋਈ ਕਾਰੋਬਾਰ ਨਾ ਚਲਾਇਆ ਜਾਂਦਾ ਹੋਵੇ। ਤੁਸੀਂ 'ਸਾਈਡ ਵਾਕਸ' ਅਤੇ 'ਪਾਰਕਸ' ਵਿਚ ਵੀ ਭੰਗ ਦੀ ਵਰਤੋਂ ਕਰ ਸਕਦੇ ਹੋ। ਕੁੱਝ ਸ਼ਰਤਾਂ ਪੂਰੀਆਂ ਕਰਦਿਆਂ, ਤੁਸੀਂ ਆਪਣੀਆਂ 'ਰਿਹਾਇਸ਼ੀ ਗੱਡੀਆਂ ਅਤੇ ਕਿਸ਼ਤੀਆਂ' ਵਿਚ ਵੀ ਭੰਗ ਵਰਤ ਸਕਦੇ ਹੋ, ਪਰ ਇਹ ਗੱਡੀਆਂ ਜਾਂ ਕਿਸ਼ਤੀਆਂ, ਜਿਨ੍ਹਾਂ ਵਿਚ ਸੌਣ ਦਾ ਅਤੇ ਖਾਣਾ ਬਣਾਉਣ ਦਾ ਪੱਕਾ ਪ੍ਰਬੰਧ ਹੋਣਾ ਚਾਹੀਦਾ ਹੈ, ਕਿਸੇ ਥਾਂ 'ਪਾਰਕਡ/ ਐਂਕਰਡ' (ਰੋਕੀਆਂ ਹੋਈਆਂ) ਹੋਣ। ਵਿਗਿਆਨਕ ਖੋਜ ਅਤੇ ਪਰਖ਼ ਸਬੰਧੀ ਇਮਾਰਤਾਂ ਵਿਚ ਵੀ ਭੰਗ ਵਰਤੀ ਜਾ ਸਕੇਗੀ, ਪਰ ਉਸ ਦਾ ਮਕਸਦ ਵਿਗਿਆਨਕ ਖੋਜ/ ਪਰਖ਼ ਹੀ ਹੋਣਾ ਚਾਹੀਦਾ ਹੈ। ਸਿਹਤ ਸੰਭਾਲ ਘਰਾਂ, ਕੁੱਝ ਰਿਟਾਇਰਮੈਂਟ ਹੋਮਜ਼ ਅਤੇ ਕੁੱਝ ਖ਼ਾਸ ਬਿਰਧ ਆਸ਼ਰਮਾਂ ਵਿਚ ਵਿਸ਼ੇਸ਼ ਨਿਗਰਾਨੀ ਹੇਠ ਭੰਗ ਦੀ ਵਰਤੋਂ ਕਰਾਈ ਜਾ ਸਕੇਗੀ।
ਤੁਸੀਂ ਆਪਣੇ ਕੰਮਾਂ ਵਾਲ਼ੀਆਂ ਥਾਂਵਾਂ, ਆਪਣੇ ਘਰਾਂ ਦੇ ਅੰਦਰ, ਯੂਨੀਵਰਸਿਟੀਜ਼/ ਕਾਲਜ ਅੰਦਰਲੀਆਂ ਰਿਹਾਇਸ਼ਾਂ, ਜਨਤਕ ਥਾਂਵਾਂ ਅੰਦਰ, ਕੰਮ ਵਾਲ਼ੀਆਂ ਥਾਂਵਾਂ ਅੰਦਰ, ਹੋਟਲਾਂ, ਮੋਟਲਾਂ ਅਤੇ ਸਰਾਂਵਾਂ ਦੇ ਗੈਸਟ ਰੂਮਜ਼ ਅੰਦਰ ਭੰਗ ਦੀ ਵਰਤੋਂ ਨਹੀਂ ਕਰ ਸਕੋਗੇ। ਸਕੂਲਾਂ ਵਿਚ ਅਤੇ ਉਨ੍ਹੀਂ ਥਾਂਈਂ, ਜਿੱਥੇ ਬੱਚੇ ਇਕੱਠੇ ਹੁੰਦੇ ਹੋਣ, ਸਕੂਲਾਂ ਦੇ ਮੈਦਾਨਾਂ ਵਿਚ ਅਤੇ ਇਨ੍ਹਾਂ ਮੈਦਾਨਾਂ ਤੋਂ 20 ਮੀਟਰ ਦੇ ਫ਼ਾਸਲੇ ਅੰਦਰ, ਬਾਲ ਸੰਭਾਲ ਕੇਂਦਰਾਂ (ਭਾਵੇਂ ਉਨ੍ਹਾਂ ਅੰਦਰ ਬੱਚੇ ਨਾ ਵੀ ਹੋਣ) ਵਿਚ ਭੰਗ ਨਹੀਂ ਵਰਤੀ ਜਾ ਸਕੇਗੀ।
ਕੁੱਝ ਲੋਕਾਂ ਦਾ ਖ਼ਿਆਲ ਹੈ ਕਿ ਭੰਗ, ਸ਼ਰਾਬ ਜਿੰਨੀ ਖ਼ਤਰਨਾਕ ਨਹੀਂ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਖ਼ਤਰਾ ਨਸ਼ੇ ਵਿਚ ਨਹੀਂ, ਨਸ਼ਾ ਕਰਨ ਵਾਲ਼ੇ ਵਿਚ ਹੀ ਹੁੰਦਾ ਹੈ। 'ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ' ਦੇ 'ਐਮਰਜੈਂਸੀ ਮੈਡੀਸਨ' ਦੇ ਪ੍ਰੋਫੈਸਰ ਡਾ. ਆਇਨ ਐੱਮ. ਦਾ ਕਹਿਣ ਹੈ, "ਤੁਸੀਂ ਬਰਾਕ ਓਬਾਮਾ, ਕਾਰਲ ਸੈਗਨ ਅਤੇ ਮੈਕਾਇਲ ਫੈਲਪਸ ਤੋਂ ਪੁੱਛ ਸਕਦੇ ਹੋ ਕਿ ਉਨ੍ਹਾਂ ਵੱਲੋਂ ਭੰਗ ਪੀਣ ਨਾਲ਼ ਉਨ੍ਹਾਂ ਦੀ ਤਰੱਕੀ ਵਿਚ ਕਿੰਨੀ ਕੁ ਰੁਕਾਵਟ ਪਈ ਹੈ।" ਇਸ ਦੇ ਬਾਵਜੂਦ 'ਡੌਕਟਰਜ਼ ਨੋਵਾ ਸਕੋਸ਼ੀਆ' ਦੇ ਪ੍ਰਧਾਨ ਡਾ. ਟਿਮ ਹੌਲੈਂਡ ਦਾ ਕਹਿਣ ਹੈ ਕਿ ਭੰਗ ਇੰਨੀ ਵੀ 'ਵਿਚਾਰੀ ਤੇ ਭੌਲ਼ੀ-ਭਾਲ਼ੀ' ਨਹੀਂ ਹੈ, ਜਿਸ ਕਰ ਕੇ ਉਹ, ਕਿਸੇ ਵਿਅਕਤੀ ਵੱਲੋਂ ਇਸ ਦਾ ਸੁਆਦ ਦੇਖਣ ਦੇ ਹੱਕ ਵਿਚ ਨਹੀਂ ਹਨ। ਹੁਣ ਜਦੋਂ ਕਿ ਭੰਗ ਇਕ ਅਹਿਮ ਸਿਆਸੀ ਮੁੱਦਾ ਵੀ ਬਣ ਚੁੱਕੀ ਹੈ, ਕਿਸੇ ਦਿਨ ਇਹ, ਮੈਪਲ ਦੇ ਪੱਤੇ ਨੂੰ ਪਰ੍ਹਾਂ ਕਰ ਕੇ, ਕੈਨੇਡਾ ਦੇ ਝੰਡੇ ਵਿਚ ਵੀ ਆਪਣੀ ਥਾਂ ਬਣਾਉਂਦਿਆਂ ਇਹ ਕਹਿ ਸਕਦੀ ਹੈ:
ਮੈਪਲ ਦਿਆ ਪੱਤਿਆ ਕੇਹੀ ਖੜ-ਖੜ ਲਾਈਆ,
