ਸ਼ਬਦੰਗਲ-80

ਤੁਸੀ ਤਾਂ ਪੱਤਰਕਾਰੀ ਤੋਂ ਮੁਜਰਾ ਕਰਾਉਣੋਂ ਵੀ ਬਾਜ਼ ਨਾ ਆਏ 'ਅਕਬਰਿ-ਆਜ਼ਮ'!
==============================
     ਜੇ 20 (ਹੁਣ 21) ਦੇ ਕਰੀਬ ਪੱਤਰਕਾਰ ਬੀਬੀਆਂ ਇਹ ਕਹਿ ਦੇਣ ਕਿ ਉਨ੍ਹਾਂ ਨਾਲ਼ ਵੀ 'ਜਿਨਸੀ ਧੱਕਾ' ਹੁੰਦਾ ਰਿਹਾ ਹੈ ਤੇ ਇਸ ਲਈ, ਭਾਰਤ ਦੇ ਕੇਂਦਰੀ ਮੰਤਰੀ ਵਜੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਏ ਅਤੇ ਕਿਸੇ ਜ਼ਮਾਨੇ ਵਿਚ 'ਏਸ਼ੀਅਨ ਏਜ' ਵਰਗੇ ਕਈ ਅਖ਼ਬਾਰਾਂ ਦੇ ਐਡੀਟਰ ਰਹੇ, ਮੋਬੱਸ਼ਰ ਜਾਵੇਦ ਅਕਬਰ ਯਾਨੀ ਐੱਮ. ਜੇ. ਅਕਬਰ ਜ਼ਿੰਮੇਵਾਰ ਸਨ ਤਾਂ ਇਸ ਵਿਚ ਕੁੱਝ ਤਾਂ ਸੱਚਾਈ ਹੋਵੇਗੀ ਹੀ। ਫ਼ਿਲਮ ਅਦਾਕਾਰਾ ਤਨੂਸ਼ਿਰੀ ਦੱਤਾ ਵੱਲੋਂ ਫ਼ਿਲਮ ਅਦਾਕਾਰ ਨਾਨਾ ਪਾਟੇਕਰ ਅਤੇ ਕੁੱਝ ਹੋਰ ਫ਼ਿਲਮੀ ਹਸਤੀਆਂ ਦੇ ਖ਼ਿਲਾਫ਼, ਆਪਣੇ ਨਾਲ਼ ਜਿਨਸੀ ਧੱਕਾ ਕੀਤੇ ਜਾਣ ਦੇ ਦੋਸ਼ ਲਗਾਉਣ ਮਗਰੋਂ 'ਮੀ ਠੂ' ਯਾਨੀ 'ਮੇਰੇ ਨਾਲ਼ ਵੀ' ਲਹਿਰ ਛਿੜਨ ਅਤੇ ਉਸ ਦੇ ਜ਼ੋਰ ਫੜ ਲੈਣ ਮਗਰੋਂ ਵੀਹ ਦੇ ਕਰੀਬ ਪੱਤਰਕਾਰਾਵਾਂ ਨੇ 'ਪੱਤਰਕਾਰੀ ਦੇ ਅਕਬਰਿ-ਆਜ਼ਮ' ਸਮਝੇ ਜਾਂਦੇ ਅਤੇ ਮੋਦੀ ਸਰਕਾਰ ਵਿਚ ਉਪ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਮੁਸਤਫ਼ੀ ਹੋ ਚੁੱਕੇ ਐੱਮ. ਜੇ. ਅਕਬਰ ਦੇ ਖ਼ਿਲਾਫ਼ ਇਕਸੁਰ ਹੋ ਕੇ ਅਵਾਜ਼ ਉਠਾਈ ਹੈ।
     ਆਪਣੀਆਂ ਸਹਾਇਕ ਪੱਤਰਕਾਰਾਵਾਂ ਨੂੰ ਫੜਨ ਅਤੇ ਪਲੋਸਣ ਦੇ ਨਾਲ਼-ਨਾਲ਼ ਉਨ੍ਹਾਂ ਨੂੰ ਸਤਾਉਣ ਦੇ ਦੋਸ਼ ਲੱਗਣ ਮਗਰੋਂ ਅਕਬਰ ਨੇ ਉਪ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਹੀ ਨਹੀਂ ਦੇ ਦਿੱਤਾ, ਸਗੋਂ ਇਸ ਮਾਮਲੇ ਨਾਲ਼ ਅਦਾਲਤ ਵਿਚ ਸਿੱਝਣ ਦਾ ਐਲਾਨ ਵੀ ਕਰ ਦਿੱਤਾ ਹੈ। 
ਜਿਨ੍ਹਾਂ ਪੱਤਰਕਾਰਾਵਾਂ ਨੇ ਅਕਬਰ 'ਤੇ 'ਜਿਨਸੀ ਧੱਕਾ' ਕਰਨ ਦੇ ਦੋਸ਼ ਲਾਏ ਹਨ, ਉਨ੍ਹਾਂ ਵਿਚ ਪ੍ਰਿਯਾ ਰਾਮਾਨੀ, ਗ਼ਜ਼ਾਲਾ ਵਹਾਬ, ਪ੍ਰੇਰਨਾ ਸਿੰਘ ਬਿੰਦਰਾ, ਸ਼ੁਤਾਪਾ ਪਾਲ, ਸਬਾ ਨਕਵੀ, ਰੂਥ ਡੇਵਿਡ, ਮਜਲੀ ਡੀ ਪੁਈ ਕੰਪ, ਸ਼ੂਮਾ ਰਾਹਾ, ਕਨਿਕਾ ਗਹਿਲੋਤ, ਸੁਪਰਨਾ ਸ਼ਰਮਾ, ਕਾਦੰਬਰੀ ਵਾੜੇ, ਹਰਿੰਦਰ ਬਵੇਜਾ, ਅੰਜੂ ਭਾਰਤੀ, ਮਾਲਿਨੀ ਭੂਪਤਾ, ਤੁਸ਼ਿਤਾ ਪਟੇਲ ਅਤੇ ਸਵਾਤੀ ਗੌਤਮ ਸ਼ਾਮਲ ਹਨ। ਅਕਬਰ ਨੇ ਪ੍ਰਿਯਾ ਰਾਮਾਨੀ ਦੇ ਖ਼ਿਲਾਫ਼ ਮਾਣ-ਹਾਨੀ ਦਾ ਦਾਅਵਾ ਦਾਇਰ ਕਰਾ ਦਿੱਤਾ ਹੈ। ਪ੍ਰਿਯਾ ਨੇ 2017 ਵਿਚ 'ਵੋਗ ਇੰਡੀਆ' ਵਿਚ ਲਿਖੇ ਹੋਏ ਇਕ ਲੇਖ ਦੇ ਸਬੰਧ ਵਿਚ, ਪਿਛਲੇ ਹਫ਼ਤੇ ਅਕਬਰ ਦਾ ਨਾਂ ਲਿਆ ਹੈ। ਇਸ ਲੇਖ ਵਿਚ ਉਸ ਨੇ ਮੁੰਬਈ ਦੇ ਇਕ ਹੋਟਲ ਵਿਚ, ਇਕ ਨੌਕਰੀ ਲਈ ਇੰਟਰਵਿਊ ਦੇਣ ਦੌਰਾਨ ਅਕਬਰ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤੇ ਜਾਣ ਦਾ ਵੇਰਵਾ ਲਿਖਿਆ ਹੈ। 
     ਦੂਜੇ ਪਾਸੇ ਅਕਬਰ ਨੇ ਆਪਣੇ ਮੁਕੱਦਮੇ ਵਿਚ ਕਿਹਾ ਹੈ ਕਿ ਪ੍ਰਿਯਾ ਨੇ ਉਸ ਨੂੰ ਬਦਨਾਮ ਕਰਨ ਲਈ ਇਹ ਮਨਘੜਤ ਦੋਸ਼ ਲਾਏ ਹਨ। ਅਕਬਰ ਵੱਲੋਂ ਮੰਤਰੀ ਦਾ ਅਹੁਦਾ ਛੱਡਣ ਤੋਂ ਕੁੱਝ ਚਿਰ ਮਗਰੋਂ ਹੀ ਪ੍ਰਿਯਾ ਨੇ ਟਵਿੱਟਰ ਰਾਹੀਂ ਇਹ ਕਿਹਾ, "ਅਕਬਰ ਵੱਲੋਂ ਅਸਤੀਫ਼ਾ ਦਿੱਤੇ ਜਾਣ ਨੇ ਸਾਨੂੰ ਔਰਤਾਂ ਨੂੰ ਸਹੀ ਸਾਬਤ ਕਰ ਦਿੱਤਾ ਹੈ। ਮੈਨੂੰ ਉਸ ਦਿਨ ਦੀ ਉਡੀਕ ਹੈ, ਜਦੋਂ ਮੈਨੂੰ ਅਦਾਲਤ ਵਿਚੋਂ ਇਨਸਾਫ਼ ਮਿਲੇਗਾ।" ਤਕਰੀਬਨ 20 ਪੱਤਰਕਾਰਾਵਾਂ, ਜਿਨ੍ਹਾਂ ਨੇ ਅਕਬਰ ਉੱਤੇ, ਉਨ੍ਹਾਂ ਨੂੰ ਜਿਨਸੀ ਪੱਖੋਂ ਸਤਾਏ ਜਾਣ ਦੇ ਦੋਸ਼ ਵੀ ਲਾਏ ਹਨ, ਨੇ ਅਦਾਲਤ ਨੂੰ ਕਿਹਾ ਹੈ ਕਿ ਉਹ ਪ੍ਰਿਯਾ ਦੇ ਕੇਸ ਵਿਚ ਠੋਕ ਕੇ ਗਵਾਹੀਆਂ ਅਤੇ ਬਿਆਨ ਦੇਣ ਲਈ ਤਿਆਰ ਹਨ।
     'ਵੋਗ ਇੰਡੀਆ' ਵਿਚ ਛਪੇ ਹੋਏ 'ਵੁਈ ਵਿੱਲ ਗੈੱਟ ਯੂ ਆਲ ਵਨ ਡੇ' (ਅਸੀਂ ਇਕ ਦਿਨ ਤੈਨੂੰ ਫੜ ਲਵਾਂਗੀਆਂ) ਸਿਰਲੇਖ ਹੇਠ ਛਪੇ ਲੇਖ ਵਿਚ ਪ੍ਰਿਯਾ ਰਾਮਾਨੀ ਨੇ ਏਦਾਂ ਲਿਖਿਆ ਹੋਇਆ ਹੈ:

     ਪਿਆਰੇ ਮਰਦ ਬੌਸ, 
     ਤੂੰ ਮੈਨੂੰ ਆਪਣੇ ਕੰੰਮ ਉੱਤੇ ਪਹਿਲਾ ਸਬਕ ਦਿੱਤਾ। ਮੈਂ ਉਦੋਂ 23 ਸਾਲਾਂ ਦੀ ਤੇ ਤੂੰ 43 ਸਾਲਾਂ ਦਾ ਸੀ। ਮੈਂ ਤੇਰੀਆਂ ਚੁਸਤ-ਬਿਆਨੀਆਂ ਪੜ੍ਹ-ਪੜ੍ਹ ਵੱਡੀ ਹੋ ਰਹੀ ਸਾਂ ਅਤੇ ਤੇਰੇ ਵਰਗੀ ਵਿਦਵਾਨ ਬਣਨ ਦੇ ਸੁਪਨੇ ਦੇਖਦੀ ਹੁੰਦੀ ਸਾਂ। ਤੂੰ ਮੇਰੇ, ਕੰੰਮ ਨਾਲ਼ ਸਬੰਧਤ ਨਾਇਕਾਂ ਵਿਚੋਂ ਇਕ ਸੀ। ਸਾਰੇ ਹੀ ਇਹ ਕਹਿੰਦੇ ਸਨ ਕਿ ਤੂੰ ਭਾਰਤੀ ਪੱਤਰਕਾਰੀ ਦਾ ਰੂਪ ਬਦਲ ਸੁੱਟਿਆ ਹੈ ਤੇ ਮੈਂ ਤੇਰੀ ਟੀਮ ਵਿਚ ਸ਼ਾਮਲ ਹੋਣ ਲਈ ਉਤਾਵਲੀ ਸਾਂ। ਤੇ ਆਪਾਂ ਦੱਖਣੀ ਮੁੰਬਈ ਦੇ ਇਕ ਬਹੁਤ ਹੀ ਸ਼ਾਨਦਾਰ ਹੋਟਲ, ਜਿਸ ਵਿਚ ਤੂੰ ਰਹਿੰਦਾ ਹੁੰਦਾ ਸੀ, ਵਿਚ ਮਿਲਣ ਦਾ ਸਮਾਂ ਮਿੱਥ ਲਿਆ ਤਾਂ ਕਿ ਤੂੰ ਮੇਰਾ ਇੰਟਰਵਿਊ ਕਰ ਸਕੇਂ। 
      ਸ਼ਾਮ ਦੇ 7 ਵੱਜ ਗਏ ਸਨ, ਪਰ ਮੈਂ ਪ੍ਰੇਸ਼ਾਨ ਨਹੀਂ ਸਾਂ। ਮੈਨੂੰ ਪਤਾ ਸੀ ਕਿ ਤੂੰ ਬਹੁਤ ਰੁੱਝਿਆ ਰਹਿਣ ਵਾਲ਼ਾ ਐਡੀਟਰ ਸੀ। ਜਦੋਂ ਮੈਂ ਲੌਬੀ ਵਿਚ ਪਹੁੰਚ ਗਈ, ਮੈਂ ਤੇਰੇ 'ਘਰ' ਫੋਨ ਕੀਤਾ। ਤੂੰ ਫੋਨ ਸੁਣਿਆ ਤੇ ਬੜਾ ਹੈਰਾਨ ਜਿਹਾ ਹੋਇਆ। ਤੂੰ ਕਿਹਾ 'ਹੈਂ ਸੱਚੀਂ?' ਹੋ ਸਕਦੈ ਮਹਾਨ ਐਡੀਟਰ, ਹਮਾਤੜਾਂ ਦੀਆਂ ਇੰਟਰਵਿਊਜ਼ ਏਦਾਂ ਹੀ ਲੈਂਦੇ ਹੋਣ, ਮੈਂ ਸੋਚਿਆ। ਉਸ ਵੇਲ਼ੇ ਮੇਰੇ ਅੰਦਰ, ਇਹ ਕਹਿਣ ਦੀ ਹਿੰਮਤ ਨਹੀਂ ਸੀ, "ਨਹੀਂ, ਓਏ ਜਾਨਵਰਾ, ਮੈਂ ਲੌਬੀ ਵਿਚ ਹੀ ਤੈਨੂੰ ਉਡੀਕਾਂਗੀ।"
ਫਿਰ ਖ਼ਿਆਲ ਆਇਆ ਕਿ ਤੂੰ ਜਿੰਨਾ ਵੱਡਾ ਲੇਖਕ ਏਂ, ਸ਼ਿਕਾਰੀ ਉਸ ਤੋਂ ਵੀ ਵੱਡਾ ਏਂ। ਇਹ, ਇੰਟਰਵਿਊ ਦੀ ਥਾਂ, ਆਸ਼ਕਾਨਾ ਜਿਹੀ ਮੁਲਾਕਾਤ ਜ਼ਿਆਦਾ ਸੀ। ਤੂੰ ਆਪਣੀ ਮਿੰਨੀ ਬਾਰ ਵਿਚੋਂ ਇਕ ਜਾਮ ਪੇਸ਼ ਕੀਤਾ (ਮੈਂ ਉਹ ਜਾਮ ਨਾ ਲਿਆ, ਤੂੰ ਵੋਦਕਾ ਪੀਤੀ) ਅਸੀਂ ਦੋ ਸੀਟਾਂ ਵਾਲ਼ੇ ਇਕ ਮੇਜ਼ 'ਤੇ ਬੈਠੇ ਸਾਂ। ਉਸ ਮੇਜ਼ ਦੇ ਪਾਰੋਂ ਖਿੜਕੀ ਵਿੱਚੀਂ 'ਕੁਈਨਜ਼ ਨੈੱਕਲੇਸ' ਦਿਸ ਰਿਹਾ ਸੀ (ਵਾਹ ਕਿੰਨਾ ਰੁਮਾਂਟਿਕ ਸੀ!) ਤੂੰ ਮੈਨੂੰ, ਮੇਰੀਆਂ ਸੰਗੀਤਕ ਤਰਜੀਹਾਂ ਪੁੱਛ ਕੇ, ਪੁਰਾਣੇ ਹਿੰਦੀ ਗਾਣੇ ਸੁਣਾਉਣ ਲੱਗ ਪਿਆ। ਤੈਨੂੰ ਲੱਗਦਾ ਸੀ ਕਿ ਤੂੰ ਮੇਰੇ 'ਤੇ ਛਾਇਆ ਹੀ ਹੋਇਆ ਏਂ।
     ਬੈੱਡ, ਜੋ ਇੰਟਰਵਿਊ ਦੇ ਸਬੰਧ ਵਿਚ ਬਹੁਤ ਹੀ ਡਰਾਉਣੀ ਜਿਹੀ ਚੀਜ਼ ਸੀ, ਪਹਿਲਾਂ ਹੀ ਰਾਤ ਵਾਸਤੇ ਵਿਛਾਇਆ-ਸੁਆਰਿਆ ਹੋਇਆ ਸੀ। ਇਕ ਵੇਲ਼ੇ ਤੂੰ ਬਿਸਤਰੇ ਉੱਤੇ ਆਪਣੇ ਨੇੜੇ ਥੋੜ੍ਹੀ ਜਿਹੀ ਥਾਂ ਬਣਾਉਂਦਿਆਂ ਕਿਹਾ, 'ਆ ਜਾਓ, ਇੱਥੇ ਬਹਿ ਜਾਓ।' 'ਮੈਂ ਠੀਕ ਹਾਂ', ਮੈਂ ਬਹੁਤ ਔਖੀ ਹੋ ਕੇ ਮੁਸਕਰਾਉਂਦਿਆਂ ਜੁਆਬ ਦਿੱਤਾ। ਉਸ ਰਾਤ ਮੈਂ ਬਚ ਗਈ, ਤੂੰ ਮੈਨੂੰ ਨੌਕਰੀ 'ਤੇ ਰੱਖ ਲਿਆ। ਮੈਂ ਕਈ ਮਹੀਨੇ ਤੇਰੇ ਲਈ ਕੰਮ ਕੀਤਾ, ਪਰ ਨਾਲ਼ ਹੀ ਮੈਂ ਸਹੁੰ ਵੀ ਖਾ ਲਈ ਕਿ ਮੈਂ ਕਿਸੇ ਕਮਰੇ ਵਿਚ ਤੇਰੇ ਨਾਲ਼ ਇਕੱਲੀ ਕਦੇ ਨਹੀਂ ਹੋਵਾਂਗੀ।
    ਕਈ ਸਾਲ ਬੀਤ ਗਏ, ਜਹਾਨ ਵਿਚ ਕਾਫੀ ਕੁੱਝ ਬਦਲ ਗਿਆ, ਪਰ ਤੇਰੀ ਨਸਲ ਉਹੀ ਦੀ ਉਹੀ ਰਹੀ। ਤੂੰ ਅਜੇ ਵੀ ਇਹੋ ਸੋਚਦਾ ਸੀ ਕਿ ਤੂੰ ਆਪਣੇ ਕੋਲ ਕੰਮ ਕਰਨ ਆਈ ਹੋਈ, ਕਿਸੇ ਵੀ ਕੰਮ-ਕਾਰੀ ਤੀਵੀਂ ਨੂੰ ਚੁਣ ਕੇ ਆਪਣੇ ਨਾਲ਼ ਲਿਜਾਣ ਦਾ ਹੱਕਦਾਰ ਏਂ। ਤੂੰ ਆਪਣੇ ਪੁਰਾਣੇ ਤੇ ਘਸੇ ਹੋਏ ਟਰਿੱਕ ਹਰ ਸਾਲ ਆਉਂਦੀਆਂ ਨਵੀਆਂ ਕੁੜੀਆਂ 'ਤੇ ਅਜ਼ਮਾਉਂਦਾ, ਜਿੱਦਾਂ "ਮੈਨੂੰ ਨਹਾਉਂਦਾ ਦੇਖੋ।" "ਕੀ ਮੈਂ ਤੁਹਾਨੂੰ ਕੋਈ ਸੁਨੇਹਾ ਦੇ ਸਕਦਾ ਹਾਂ?" "ਮੋਢੇ ਉੱਤੇ ਹੱਥ ਫੇਰਨਾ।" "ਹੁਣ ਮੈਂ ਆਪਣੀ 'ਬਲੋਅ ਜੌਬ' ਲਈ ਤਿਆਰ ਹਾਂ।" "ਤੁਹਾਡਾ ਵਿਆਹ ਹੋ ਚੁੱਕੈ ਭਲਾ?"
     ਤੂੰ ਅਸ਼ਲੀਲ ਫੋਨ ਕਾਲਾਂ, ਟੈਕਸਟਸ, ਗੰਦੀਆਂ ਟਿੱਪਣੀਆਂ ਅਤੇ ਜੁਆਬ ਵਿਚ ਨਾ ਟਾਲਣ ਦਾ ਮਾਹਰ ਏਂ। ਤੈਨੂੰ ਪਤਾ ਏ ਕਿ ਚੂੰਢੀ ਕਿੱਦਾਂ ਵੱਢਣੀ ਏ, ਥਾਪੀ ਕਿੱਦਾਂ ਦੇਣੀ ਹੈ, ਹੱਥ ਕਿੱਦਾਂ ਫੇਰਨਾ ਹੈ, ਸਰੀਰ ਦਾ ਰੁੱਗ ਕਿੱਦਾਂ ਭਰਨਾ ਹੈ ਅਤੇ ਕਿਸੇ ਨੂੰ ਢਾਹੁਣਾ ਕਿੱਦਾਂ ਹੈ। ਤੇਰੇ ਖ਼ਿਲਾਫ਼ ਗੱਲ ਕਰਨਾ ਹਾਲੇ ਵੀ ਇੰਨਾ ਜ਼ਿਆਦਾ ਮਹਿੰਗਾ ਪੈਂਦਾ ਹੈ ਕਿ ਬਹੁਤ ਸਾਰੀਆਂ ਮੁਟਿਆਰਾਂ ਨੂੰ ਇਹ ਵਾਰਾ ਨਹੀਂ ਖਾ ਸਕਦਾ। ਜਦੋਂ ਕਦੇ ਕੋਈ ਗੱਲ ਬਾਹਰ ਆ ਜਾਂਦੀ ਹੈ ਤਾਂ ਤੁਸੀਂ ਲਾਚਾਰ ਹੋ ਜਾਂਦੇ ਹੋ ਤੇ ਤੁਹਾਨੂੰ ਕੁੱਝ ਚਿਰ ਲਈ ਛੁੱਟੀ ਉੱਤੇ ਭੇਜ ਦਿੱਤਾ ਜਾਂਦਾ ਹੈ। ਤੇ ਫਿਰ ਅਕਸਰ ਹੀ ਤੁਹਾਨੂੰ ਛੇਤੀ ਹੀ ਬਹਾਲ ਕਰ ਦਿੱਤਾ ਜਾਂਦਾ ਹੈ। ਤੈਨੂੰ ਆਪਣੇ-ਆਪ ਨੂੰ ਬਦਲਣ ਦੀ ਭਲਾ ਕੀ ਲੋੜ, ਹੈ ਨਾ? ਭਾਵੇਂ ਕਿਸੇ ਮਰਦ ਨੂੰ ਇੰਨੀ ਹਿੰਮਤ ਨਹੀਂ ਹੋਈ ਕਿ ਉਹ ਸਾਡੇ ਬਚਾਅ ਲਈ ਸਾਡਾ ਸਾਥ ਦੇਵੇ, ਪਰ ਇਹੋ ਜਿਹੀਆਂ ਬਹਾਦਰ ਔਰਤਾਂ ਦਾ ਘਾਟਾ ਨਹੀਂ ਹੈ, ਜਿਹੜੀਆਂ ਤੇਰੇ ਗਲ਼ ਟੱਲ ਪਾਉਣ ਲਈ ਤਿਆਰ ਹਨ।

ਅਸੀਂ ਇਕ ਦਿਨ ਤੈਨੂੰ ਫੜ ਲਵਾਂਗੀਆਂ।
ਮੁੰਬਈ ਤੋਂ ਪ੍ਰਿਯਾ ਰਾਮਾਨੀ।
     ਅਸੀਂ ਇਸ ਲੇਖ ਵਿਚ ਇਨ੍ਹਾਂ ਸਭ ਔਰਤਾਂ ਦੀਆਂ ਦਾਸਤਾਨਾਂ ਦਰਜ ਨਹੀਂ ਕਰ ਸਕਾਂਗੇ, ਪਰ ਵੀਹਾਂ ਨਾਲ਼ ਦੀ ਇਕ ਹੋਰ ਦਾਸਤਾਨ ਲਾਜ਼ਮੀ ਦਰਜ ਕਰਾਂਗੇ। ਇਹ ਦਾਸਤਾਨ ਹੈ ਗ਼ਜ਼ਾਲਾ ਵਹਾਬ ਦੀ, ਜੋ ਉਸ ਨੇ 'ਦ ਵਾਇਰ' ਵਿਚ ਲਿਖੀ ਹੋਈ ਹੈ। ਇਸ ਦਾਸਤਾਨ ਵਿਚ ਉਹ, 'ਏਸ਼ੀਅਨ ਏਜ' ਵਿਚ ਇਕ ਸਿਖਾਂਦਰੂ ਪੱਤਰਕਾਰਾ ਵਜੋਂ ਕੰਮ ਸ਼ੁਰੂ ਕਰਨ ਵੇਲ਼ੇ ਦਾ ਬਿਆਨ ਦਿੰਦੀ ਹੈ। ਉਸ ਨੇ ਲਿਖਿਆ ਹੈ:
     ਉਸ ਦੀਆਂ ਨਜ਼ਰਾਂ ਮੇਰੇ ਉੱਤੇ ਟਿਕ ਗਈਆਂ ਤੇ ਮੇਰਾ ਬਦਖ਼ੁਆਬ ਸ਼ੁਰੂ ਹੋ ਗਿਆ। ਮੇਰਾ ਡੈਸਕ ਚੁਕਾ ਕੇ ਉਸ ਦੀ ਕੈਬਿਨ ਦੇ ਸਾਹਮਣੇ ਟਿਕਾ ਦਿੱਤਾ ਗਿਆ ਤਾਂ ਕਿ ਜੇ ਉਸ ਦੇ ਕਮਰੇ ਦਾ ਬੂਹਾ ਥੋੜ੍ਹਾ ਜਿਹਾ ਵੀ ਖੁੱਲ੍ਹਾ ਰਹਿ ਜਾਵੇ, ਮੇਰਾ ਤੇ ਉਸ ਦਾ ਚਿਹਰਾ ਆਹਮੋ-ਸਾਹਮਣੇ ਹੋਣ। ਉਹ ਆਪਣੇ ਡੈਸਕ ਉੱਤੇ ਬੈਠਾ ਮੇਰੇ ਵੱਲ ਦੇਖੀ ਜਾਂਦਾ ਤੇ ਅਕਸਰ ਹੀ 'ਏਸ਼ੀਅਨ ਏਜ' ਇੰਟਰਨੈੱਟ ਨੈਟਵਰਕ ਉੱਤੇ ਮੈਨੂੰ ਗੰਦੇ ਸੁਨੇਹੇ ਭੇਜੀ ਜਾਂਦਾ। ਮੇਰੇ ਬੇਵਸ ਹੋਈ ਦਿਸਣ ਦੀ ਵਜ੍ਹਾ ਨਾਲ਼ ਦਲੇਰ ਹੁੰਦਿਆਂ ਉਸ ਨੇ ਮੈਨੂੰ ਗੱਲਬਾਤ ਕਰਨ ਖ਼ਾਤਰ, ਆਪਣੀ ਕੈਬਿਨ (ਜਿਸ ਦਾ ਬੂਹਾ ਉਹ ਹਮੇਸ਼ਾ ਬੰਦ ਰੱਖਦਾ) ਅੰਦਰ ਬੁਲਾਉਣਾ ਸ਼ੁਰੂ ਕਰ ਦਿੱਤਾ। ਉਹ ਨਿੱਜੀ ਕਿਸਮ ਦੀਆਂ ਗੱਲਾਂ ਕਰਦਾ।
      ਗ਼ਜ਼ਾਲਾ ਦੀ ਦਾਸਤਾਨ ਨੂੰ ਅਸੀਂ ਜਾਣ-ਬੁੱਝ ਕੇ ਐਡਿਟ ਕਰਦਿਆਂ ਅੱਗੇ ਵਧਦੇ ਹਾਂ। ਗ਼ਜ਼ਾਲਾ ਵਹਾਬ ਅੱਗੇ ਲਿਖਦੀ ਹੈ:
      1997 ਦੀ ਪਤਝੜ ਦੀ ਗੱਲ ਹੈ ਕਿ ਮੈਂ ਕੋਡੀ ਹੋ ਕੇ (ਉਸ ਦੇ ਹੁਕਮ ਨਾਲ਼) ਡਿਕਸ਼ਨਰੀ ਦੇਖ ਰਹੀ ਸਾਂ ਕਿ ਉਹ ਮਲ੍ਹਕਚਾਰੇ ਮੇਰੇ ਪਿੱਛੇ ਆ ਖੜ੍ਹਾ ਹੋਇਆ ਤੇ ਉਸ ਨੇ ਮੈਨੂੰ ਲੱਕ ਤੋਂ ਫੜ ਲਿਆ। ਮੈਂ ਤ੍ਰਬਕ ਗਈ ਤੇ ਸਿੱਧੀ ਖੜ੍ਹਨ ਦਾ ਹੀਲਾ ਕਰਨ ਲੱਗੀ। ਉਸ ਦੇ ਹੱਥ ਮੇਰੀ ਛਾਤੀ ਤੋਂ ਮੇਰੇ ਪੁੜਿਆਂ ਤਕ ਫਿਰਨ ਲੱਗੇ। ਮੈਂ ਉਸ ਦੇ ਹੱਥ ਝਟਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਤਾਂ ਮੇਰੇ ਲੱਕ ਨੂੰ ਚੁੰਬੜੇ ਹੋਏ ਸਨ ਤੇ ਉਸ ਦੇ ਅੰਗੂਠੇ ਮੇਰੀਆਂ ਛਾਤੀਆਂ ਦੇ ਪਾਸਿਆਂ ਉੱਤੇ ਫਿਰਦੇ ਸਨ।
     ਇਨ੍ਹਾਂ ਵੀਹ ਪੱਤਰਕਾਰਾਵਾਂ ਦੀਆਂ ਵੀਹ ਦਾਸਤਾਨਾਂ ਵੀ ਇਨ੍ਹਾਂ ਦੋ ਦਾਸਤਾਨਾਂ ਵਿਚ ਹੀ ਸ਼ਾਮਲ ਸਮਝੀਆਂ ਜਾਣ। ਫ਼ਿਲਮਾਂ ਵਿਚ 'ਕਾਸਟਿੰਗ ਕਾਊਚ' ਹੋਣ ਜਾਂ ਨਾ ਹੋਣ ਦੀ ਬਹਿਸ ਚਲਦੀ ਰਹਿੰਦੀ ਹੈ, ਪਰ ਸਰਕਾਰ ਦਾ 'ਚੌਥਾ ਥੰਮ' ਸਮਝੀ ਜਾਂਦੀ ਪੱਤਰਕਾਰੀ ਵੀ ਔਰਤਾਂ ਦੀ ਲੁੱਟ-ਖਸੁੱਟ ਤੋਂ ਵਾਂਝੀ ਨਹੀਂ ਹੈ, ਇਹ ਸਾਬਤ ਕਰਨ ਲਈ ਇਕ ਵੱਡੇ ਐਡੀਟਰ, ਇਕ ਵੱਡੇ ਪੱਤਰਕਾਰ ਦੀ ਬਲੀ ਲਈ ਜਾਣਾ ਵੀ ਕੋਈ ਵੱਡੀ ਗੱਲ ਨਹੀਂ ਲੱਗਦਾ। ਜਿਸ ਧੰਦੇ ਵਿਚ ਸਾਰੀ ਉਮਰ ਇਮਾਨਦਾਰੀ ਨਾਲ਼ ਕੰਮ ਕਰਨ ਦੇ ਤੇ ਕਲਮ ਦੀ ਥਾਂ, ਡਾਂਗ ਨਾਲ਼ ਲਿਖਣ ਦੇ ਦਾਅਵੇ ਕਰਦਾ ਰਿਹਾ ਹਾਂ, ਉਹ ਵੀ 'ਅਕਬਰੀ ਕੰਜਰਖ਼ਾਨੇ' ਦਾ ਸ਼ਿਕਾਰ ਹੋ ਗਿਆ ਹੈ। ਇਸ ਵੇਲ਼ੇ ਮੈਨੂੰ ਤੇ ਮੇਰੀ ਕਲਮ ਨੂੰ ਰੋਣ ਲਈ, ਇਕ ਮੋਢੇ ਦੀ ਭਾਲ ਹੈ।#
     ਪ.ਸ.: ਇਹ ਲੇਖ ਪ੍ਰੈੱਸ ਨੂੰ ਭੇਜੇ ਜਾਣ ਤਕ ਪੱਲਵੀ ਗੋਗੋਈ ਨਾਂ ਦੀ ਇਕ ਸੀਨੀਅਰ ਪੱਤਰਕਾਰਾ ਨੇ ਦੋਸ਼ ਲਾਇਆ ਹੈ ਕਿ ਤਕਰੀਬਨ ੨੩ ਸਾਲ ਪਹਿਲਾਂ ਅਕਬਰ ਨੇ ਉਸ ਦੀ ਪੱਤ ਲੁੱਟੀ ਸੀ।