ਬੁੱਤ ਕੋਈ ਮਸਲਾ ਨਹੀਂ ਨਾ ਉਠਾਉਂਦੇ!
==================
ਚਲਾਕ ਹੁਕਮਰਾਨ, ਆਪਣਾ ਰਾਜ ਪ੍ਰਬੰਧ ਚਲਾਉਣ ਲਈ ਆਪਣੇ ਦਰਬਾਰਾਂ ਵਿਚ ਕਈ-ਕਈ ਸਲਾਹਦਾਤੇ ਰੱਖਿਆ ਕਰਦੇ ਹਨ, ਜਿਨ੍ਹਾਂ ਦਾ ਕੰਮ, ਸਰਕਾਰ ਦੇ ਸਿਰ ਕੋਈ ਸੰਕਟ ਮੰਡਲਾਉਣ ਸਮੇਂ, ਹੁਕਮਰਾਨ ਨੂੰ ਇਹੋ ਜਿਹੀ ਸਲਾਹ ਦੇਣਾ ਹੁੰਦਾ ਹੈ, ਜਿਸ ਨਾਲ਼ ਸਰਕਾਰ ਦਾ ਉਹ ਸੰਕਟ ਖ਼ਤਮ ਨਾ ਵੀ ਹੋਵੇ, ਟਲ਼ ਜ਼ਰੂਰ ਜਾਵੇ। ਇਸ ਸਬੰਧ ਵਿਚ ਬਹੁਤੀਆਂ ਮਿਸਾਲਾਂ ਦੇਣ ਦੀ ਲੋੜ ਨਹੀਂ ਹੈ ਕਿਉਂ ਕਿ ਇਹ ਲੇਖ ਇਹੋ ਜਿਹੀ ਇਕ ਸਲਾਹ ਬਾਰੇ ਹੀ ਹੈ। ਜੇ ਦਿੱਤੀ ਹੋਈ ਸਲਾਹ ਮੰਨੀ ਨਹੀਂ ਜਾਂਦੀ ਤਾਂ ਸਲਾਹਦਾਤੇ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ। ਓਦਾਂ, ਕਿਸੇ ਵੱਲੋਂ ਦਿੱਤੀ ਹੋਈ ਸਾਲਾਹ ਮੰਨ ਲਈ ਜਾਣ ਮਗਰੋਂ ਵੀ ਸਲਾਹਦਾਤੇ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ ਕਿਉਂ ਕਿ ਅਹਿਮੀਅਤ ਤਾਂ ਉਹ ਸਲਾਹ ਮੰਨ ਕੇ, ਉਸ ਨੂੰ ਅਮਲੀ ਰੂਪ ਦੇਣ ਵਾਲ਼ੇ ਦੀ ਹੀ ਹੁੰਦੀ ਹੈ।
ਬਹੁਤ ਖੋਜ-ਪੜਤਾਲ ਕਰਨ ਦੇ ਬਾਵਜੂਦ ਅਸੀਂ, 182 ਮੀਟਰ ਉੱਚਾ, ਸਰਦਾਰ ਵੱਲਭ ਭਾਈ ਪਟੇਲ ਦਾ ਬੁੱਤ, ਜਿਸ ਨੂੰ 'ਸਟੈਚੂ ਆਫ ਯੂਨਿਟੀ' ਵੀ ਕਿਹਾ ਜਾ ਰਿਹਾ ਹੈ, ਸਥਾਪਤ ਕਰਨ ਦੀ ਸਲਾਹ ਦੇਣ ਵਾਲ਼ੇ ਦਾ ਖੁਰਾ-ਖੋਜ ਨਹੀਂ ਲੱਭ ਸਕੇ। ਹਾਂ, ਇੰਨਾ ਜ਼ਰੂਰ ਪਤਾ ਲੱਗ ਗਿਆ ਹੈ ਕਿ ਇਸ ਤਰ੍ਹਾਂ ਦੀ ਤਜਵੀਜ਼ 2010 ਦੇ ਅਖੀਰ ਵਿਚ ਆਈ ਸੀ। ਅਕਤੂਬਰ, 2013 ਵਿਚ ਇਸ ਬੁੱਤ ਦੀ ਸਥਾਪਨਾ ਦੇ ਕੰਮ ਲਈ ਟੈਂਡਰ ਮੰਗ ਲਏ ਗਏ ਸਨ। ਉਸੇ ਹੀ ਮਹੀਨੇ, ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੇ, ਸਰਦਾਰ ਸਰੋਵਰ ਦੇ ਨੇੜੇ ਇਸ ਬੁੱਤ ਦਾ ਨੀਂਹ-ਪੱਥਰ ਰੱਖਿਆ ਸੀ। ਬੁੱਤ ਲਾਉਣ ਦੀ ਸਲਾਹ ਨੂੰ ਅਮਲੀ ਰੂਪ ਦੇਣ ਲਈ, ਪੂਰੇ ਪੰਜ ਸਾਲ ਲੱਗ ਗਏ। ਇਸ ਸਬੰਧੀ ਵੱਡਾ ਕਮਾਲ ਇਹ ਹੋਇਆ ਕਿ ਇਹ ਕੰਮ, ਮਿੱਥੇ ਸਮੇਂ ਵਿਚ ਹੀ ਨਹੀਂ ਹੋਇਆ, ਸਗੋਂ ਇਸ ਦਾ ਬੱਜਟ ਵੀ ਉੱਨਾ ਹੀ ਰਿਹਾ, ਜਿੰਨਾ ਸੋਚਿਆ ਗਿਆ ਸੀ।
ਬੁੱਤ ਲਾਉਣ ਸਬੰਧੀ ਵਿਰੋਧ ਵੀ ਚਿਰੋਕਣਾ ਪਹਿਲਾਂ ਹੋਣਾ ਸ਼ੁਰੂ ਹੋ ਗਿਆ ਸੀ, ਇਹ ਵੱਖਰੀ ਗੱਲ ਹੈ ਕਿ ਵਿਰੋਧਿਆ ਗਿਆ ਬੁੱਤ, ਸਰਦਾਰ ਪਟੇਲ ਦਾ ਨਾ ਹੋ ਕੇ, ਮਾਇਆਵਤੀ ਅਤੇ ਕਾਂਸ਼ੀ ਰਾਮ ਦਾ ਸੀ। ਮਾਇਆਵਤੀ ਨੇ 2008 ਵਿਚ, ਕਾਂਸ਼ੀ ਰਾਮ ਦੀ ਬਗਲ ਵਿਚ ਆਪਣਾ ਇਕ ਬੁੱਤ ਨਹੀਂ, ਕਈ ਬੁੱਤ ਯੂਪੀ ਦੇ ਵੱਖ-ਵੱਖ ਸ਼ਹਿਰਾਂ ਵਿਚ ਲੁਆਏ ਸਨ। ਲਖਨਊ ਵਿਚ ਆਪਣੇ ਤੇ ਕਾਂਸ਼ੀ ਰਾਮ ਦੇ ਬੁੱਤ ਸਮੇਤ ਡਾ. ਅੰਬੇਦਕਰ ਅਤੇ ਉਨ੍ਹਾਂ ਦੀ ਪਤਨੀ ਦੇ ਬੁੱਤ ਦੀ ਨਕਾਬਕੁਸ਼ਾਈ ਕਰਦਿਆਂ ਮਾਇਆਵਤੀ ਨੇ ਕਿਹਾ ਸੀ ਕਿ ਯੂਪੀ ਦੇ ਕਈ ਸ਼ਹਿਰਾਂ ਵਿਚ ਮਾਇਆਵਤੀ ਅਤੇ ਕਾਂਸ਼ੀਰਾਮ ਦੇ ਬੁੱਤ, ਕਾਂਸ਼ੀ ਰਾਮ ਹੁਰਾਂ ਦੀ ਇੱਛਾ ਮੁਤਾਬਕ ਹੀ ਲਾਏ ਗਏ ਸਨ। ਇਹੋ ਜਿਹੇ ਬਾਦਸ਼ਾਹੀ ਕੰਮਾਂ ਦੀ ਆਲੋਚਨਾ, ਭੁੱਖ ਦੇ ਸਤਾਏ ਲੋਕ ਅਕਸਰ ਹੀ ਕਰ ਦਿਆ ਕਰਦੇ ਹਨ। ਭਲਾ ਤਾਜ ਮਹੱਲ ਬਣਾਉਣ ਦਾ ਵਿਰੋਧ ਕਿਹੜਾ ਘੱਟ ਕੀਤਾ ਗਿਆ ਸੀ। ਲਖਨਊ ਵਿਚ ਕਾਂਸ਼ੀ ਰਾਮ ਅਤੇ ਮਾਇਆਵਤੀ ਦੇ ਬੁੱਤ, ਉਸੇ ਹੀ ਥੜ੍ਹੇ ਉੱਤੇ ਖੜ੍ਹੇ ਕੀਤੇ ਗਏ ਸਨ, ਜਿਸ ਉੱਤੇ ਪਹਿਲਾਂ ਡਾਕਟਰ ਅੰਬੇਦਕਰ ਅਤੇ ਉਨ੍ਹਾਂ ਦੀ ਪਤਨੀ ਰਾਮਬਾਈ ਦੇ ਬੁੱਤ ਲਾਏ ਹੋਏ ਸਨ। ਮਾਇਆਵਤੀ ਨੇ ਤਾਂ ਉਸ ਵੇਲ਼ੇ ਇਹ ਵੀ ਕਹਿ ਦਿੱਤਾ ਸੀ ਕਿ ਕਾਂਸ਼ੀ ਰਾਮ ਚਾਹੁੰਦੇ ਸਨ ਕਿ ਆਗੂਆਂ ਦੇ ਬੁੱਤ ਉਨ੍ਹਾਂ ਦੇ ਜੀਂਦੇ-ਜੀਅ ਲਗਾ ਦਿੱਤੇ ਜਾਣ। ਇਹ ਉਨ੍ਹਾਂ ਦਾ ਹੀ ਕਹਿਣ ਸੀ ਕਿ ਉਨ੍ਹਾਂ ਦੇ ਬੁੱਤ ਨਾਲ਼ ਮਾਇਆਵਤੀ ਦਾ ਬੁੱਤ ਵੀ ਲਾਇਆ ਜਾਵੇ। ਉਸ ਵੇਲ਼ੇ ਹੀ ਲਖਨਊ ਡਿਵੈਲਪਮੈਂਟ ਅਥਾਰਿਟੀ ਨੇ ਇਹ ਦਾਅਵਾ ਕੀਤਾ ਸੀ ਕਿ ਇਹ ਤੇ ਇਸ ਤਰ੍ਹਾਂ ਦੇ ਕਈ ਹੋਰ ਬੁੱਤ ਲਾਉਣ ਉੱਤੇ 5,919 ਕਰੋੜ ਰੁਪਏ ਖ਼ਰਚ ਆਏ ਸਨ।
ਇਸ ਦਾ ਮਤਲਬ ਇਹ ਨਹੀਂ ਕਿ ਸਰਦਾਰ ਪਟੇਲ਼ ਦਾ ਬੁੱਤ, ਵਿਰੋਧ ਕੀਤੇ ਬਗ਼ੈਰ ਹੀ ਲੱਗ ਗਿਆ ਸੀ। ਕਹਿੰਦੇ ਨੇ ਸਰਦਾਰ ਪਟੇਲ ਦੇ ਇਸ ਬੁੱਤ ਉੱਤੇ ਤਾਂ ਰਲਾ-ਮਿਲ਼ਾ ਕੇ 8,000 ਕਰੋੜ ਰੁਪਏ ਖ਼ਰਚ ਆਏ ਹਨ। ਇੰਨਾ ਖ਼ਰਚਾ ਕਰ ਕੇ ਇਹ ਬੁੱਤ ਲਾਉਣ ਦਾ ਵਿਰੋਧ ਕਰਨ ਵਾਲ਼ਿਆਂ ਦਾ ਕਹਿਣ ਹੈ ਕਿ ਜੇ ਕਿਤੇ ਸਰਦਾਰ ਪਟੇਲ ਦੇ ਜੀਂਦੇ-ਜੀਅ ਇਹ ਬੁੱਤ ਲਾਉਣ ਦਾ ਹੀਲਾ ਕੀਤਾ ਜਾਂਦਾ ਤਾਂ ਇਸ ਦਾ ਸਭ ਤੋਂ ਵੱਧ ਜ਼ੋਰਦਾਰ ਵਿਰੋਧ ਖ਼ੁਦ ਸਰਦਾਰ ਪਟੇਲ ਨੇ ਕਰਨਾ ਸੀ ਤੇ ਉਨ੍ਹਾਂ ਨੇ ਇਸ ਨੂੰ 'ਸਿਰੇ ਦੀ ਫ਼ਜ਼ੂਲਖ਼ਰਚੀ' ਮੰਨਣਾ ਸੀ। ਭਾਰਤ ਭਰ ਵਿਚ ਰਾਜਕੁਮਾਰਾਂ ਦੀਆਂ ਰਿਆਸਤਾਂ ਅਤੇ ਸਹੂਲਤਾਂ ਖੋਹਣ ਵਾਲ਼ੇ ਸਰਦਾਰ ਪਟੇਲ਼ ਦਾ ਅਹਿਸਾਨ ਸਾਰੇ ਭਾਰਤ ਸਿਰ ਸੀ, ਨਾ ਕਿ ਸਿਰਫ਼ ਗੁਜਰਾਤ ਦੇ ਸਿਰ।
ਕਹਿੰਦੇ ਨੇ ਇਸ ਬੁੱਤ, ਜਿਸ ਨੂੰ 'ਸਟੈਚੂ ਆਫ ਯੂਨਿਟੀ' ਕਿਹਾ ਗਿਆ ਹੈ, ਦੀ ਉਚਾਈ (182 ਮੀਟਰ), ਅਮਰੀਕੀ ਸ਼ਹਿਰ ਨਿਊ ਯਾਰਕ ਵਿਚ ਲੱਗੇ ਹੋਏ 'ਸਟੈਚੂ ਆਫ ਲਿਬਰਟੀ' ਦੀ ਉਚਾਈ ਨਾਲ਼ੋਂ ਦੁੱਗਣੀ ਹੈ। ਇਸ ਦਾ ਵਿਰੋਧ ਕਰਨ ਵਾਲ਼ਿਆਂ ਦਾ ਕਹਿਣ ਹੈ ਕਿ ਜੇ ਇਹ ਬੁੱਤ, 'ਸਟੈਚੂ ਆਫ ਲਿਬਰਟੀ' ਨਾਲ਼ੋਂ ਚਾਰ ਗੁਣਾ ਉੱਚਾ ਵੀ ਹੁੰਦਾ ਤਾਂ ਭਾਰਤ ਨੇ ਅਮਰੀਕਾ ਨਾਲ਼ੋਂ ਤਾਂ ਵਧੀਆ ਨਹੀਂ ਹੋ ਜਾਣਾ ਸੀ। ਹੋ ਸਕਦਾ ਸਰਦਾਰ ਪਟੇਲ ਇਹ ਕਹਿ ਦਿੰਦੇ ਕਿ ਦੁੱਗਣੀ ਉਚਾਈ ਦਾ ਬੁੱਤ ਲਾਉਣ ਨਾਲ਼ੋਂ, ਭਾਰਤੀ ਲੋਕਾਂ ਦੀ ਪ੍ਰਤੀ ਜੀਅ ਆਮਦਨੀ, ਜੋ 2,000 ਡਾਲਰ ਤੋਂ ਵੀ ਘੱਟ ਹੈ, ਵਧਾ ਕੇ ਅਮਰੀਕੀਆਂ ਦੀ ਪ੍ਰਤੀ ਜੀਅ ਆਮਦਨ, ਜੋ 60,000 ਡਾਲਰ ਹੈ, ਨਾਲ਼ੋਂ ਦੁੱਗਣੀ ਕਰ ਦਿੱਤੀ ਜਾਵੇ। ਇਸ ਬੁੱਤ ਦੇ ਸਬੰਧ ਵਿਚ ਮਾਰੀ ਜਾਂਦੀ, ਇਕ ਹੋਰ ਹਾਸੋ-ਹੀਣੀ ਫੜ੍ਹ ਇਹ ਹੈ ਕਿ ਇਸ ਦੀ ਸ਼ਾਨ, ਚੀਨ ਦੇ 177 ਫੁੱਟੇ 'ਸਪਰਿੰਗ ਟੈਂਪਲ' ਨਾਲੋਂ ਵੀ ਵੱਧ ਹੈ।
ਕਿਹਾ ਜਾਂਦਾ ਹੈ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇਸ ਬੁੱਤ ਉੱਤੇ 'ਮੇਡ ਇਨ ਚਾਈਨਾ' ਲਿਖਿਆ ਜਾਣਾ ਬਣਦਾ ਹੈ। ਇਹੋ ਜਿਹੀਆਂ ਖ਼ਬਰਾਂ ਵੀ ਆਈਆਂ ਹਨ ਕਿ ਇਸ ਬੁੱਤ ਨੂੰ ਲੱਗਿਆ ਹੋਇਆ ਕਾਂਸਾ, ਚੀਨ ਤੋਂ ਮੰਗਾਇਆ ਹੋਇਆ ਹੈ। ਕੋਈ ਵੀ ਬੁੱਤ ਲਾਉਣ ਦਾ ਫ਼ਾਇਦਾ ਕਿੰਨਾ ਕੁ ਹੁੰਦਾ ਹੈ ਤੇ ਕਿਨ੍ਹਾਂ ਨੂੰ ਹੁੰਦਾ ਹੈ, ਇਹ ਸੋਚਣ-ਵਿਚਾਰਨ ਵਾਲ਼ੀ ਗੱਲ ਹੈ। ਪਹਿਲਾਂ-ਪਹਿਲ ਜਦੋਂ ਅੰਗਰੇਜ਼ ਆਏ ਤਾਂ ਉਨ੍ਹਾਂ ਨੇ ਸੋਚਿਆ ਕਿ ਭਾਰਤ ਵਿਚ ਬਰਤਾਨਵੀ ਸ਼ਾਹੀ ਖ਼ਾਨਦਾਨ ਦੇ ਲੋਕਾਂ ਦੇ ਬੁੱਤ ਲਗਾਉਣ ਨਾਲ਼ ਭਾਰਤੀਆਂ ਨੂੰ ਖ਼ੁਸ਼ੀ ਹੋਵੇਗੀ। ਫਿਰ ਉਨ੍ਹਾਂ ਨੇ ਸੋਚਿਆ ਕਿ ਬਾਗ਼ੀ ਸੋਚ ਵਾਲ਼ੇ ਲੋਕ, ਆਪਣੇ ਰਵਾਇਤੀ ਹੁਕਮਰਾਨਾਂ ਦੇ ਬੁੱਤ ਦੇਖ ਕੇ ਉਨ੍ਹਾਂ ਸਾਹਮਣੇ ਝੁਕਣ ਵਿਚ ਮਾਣ ਮਹਿਸੂਸ ਕਰਨਗੇ। ਇਸ ਤੋਂ ਮਗਰੋਂ ਹੀ ਸਮਰਾਟ ਐਡਵਰਡ ਸੱਤਵੇਂ ਨੇ ਪੂਨਾ ਵਿਚ 'ਸ਼ਿਵਾ ਜੀ ਮੈਮੋਰੀਅਲ' ਦਾ ਨੀਂਹ-ਪੱਥਰ ਰੱਖਦਿਆਂ, ਸ਼ਿਵਾ ਜੀ ਨੂੰ 'ਭਾਰਤ ਦਾ ਮਹਾਨ ਯੋਧਾ ਅਤੇ ਨੀਤੀਵਾਨ' ਤੇ ਮਰਹੱਟਿਆਂ ਦੀ ਸ਼ਾਨ ਵਧਾਉਣ ਵਾਲ਼ਾ ਨੇਤਾ ਕਿਹਾ ਸੀ। ਬੁੱਤਾਂ ਦੀ ਰਾਜਨੀਤੀ, ਲੋਕਾਂ ਦਾ ਧਿਆਨ, ਅਸਲ ਮਸਲਿਆਂ ਵੱਲੋਂ ਹਟਾ ਕੇ, ਹੋਰ ਪਾਸੇ ਲਾਉਣ ਦਾ ਮੁੱਖ ਸਾਧਨ ਰਹੀ ਹੈ। ਮਹਾਤਮਾ ਗਾਂਧੀ ਦੇ ਬੁੱਤਾਂ ਉੱਤੇ ਕਾਲਖ਼ ਮਲ਼ੀ ਜਾਣੀ ਤੇ ਫਿਰ ਬੁੱਤਾਂ ਦੀ ਨੁਹਾਈ-ਧੁਆਈ ਕਰਾਈ ਜਾਣੀ ਇਹੋ ਕੁੱਝ ਤਾਂ ਕਰਦੀ ਰਹੀ ਹੈ। ਕਦੇ ਕਿਸੇ ਬੁੱਤ ਨੇ ਉਸ ਉੱਤੇ ਕਾਲਖ਼ ਮਲ਼ੀ ਜਾਣ ਤੇ ਫਿਰ ਉਸ ਨੂੰ ਨਹਾਉਣ-ਧੁਆਉਣ ਵੇਲ਼ੇ ਉਸ ਉੱਤੇ ਠੰਢਾ ਪਾਣੀ ਪਾਉਣ 'ਤੇ ਇਤਰਾਜ਼ ਕੀਤਾ ਹੈ? ਬੁੱਤਾਂ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਇਹੋ ਹੈ ਕਿ ਉਹ ਮਸਲਿਆਂ ਦੇ ਸ਼ਿਕਾਰ ਹੁੰਦੇ ਰਹਿੰਦੇ ਹਨ, ਪਰ ਖ਼ੁਦ ਕੋਈ ਮਸਲਾ ਨਹੀਂ ਉਠਾਉਂਦੇ। ਹਰ ਬੁੱਤ, ਬੋਲ ਕੇ ਵਿਰੋਧ ਜਾਂ ਰੋਸ ਪ੍ਰਗਟ ਕਰਨ ਦੀ ਥਾਂ, ਹਰ ਜ਼ੁਲਮ ਚੁੱਪ ਕਰ ਕੇ ਸਹਿਣ ਦੀ ਪ੍ਰੇਰਨਾ ਹੀ ਦਿੰਦਾ ਹੈ।
ਸਰਦਾਰ ਪਟੇਲ ਦਾ ਬੁੱਤ ਲਾਉਣ ਦਾ ਸੁਝਾਅ ਦੇਣ ਤੋਂ ਅੱਠ ਸਾਲ ਬਾਅਦ, ਮੁੱਖ ਮੰਤਰੀ ਤੋਂ ਪ੍ਰਧਾਨ ਮੰਤਰੀ ਹੋ ਗਏ ਨਰਿੰਦਰ ਮੋਦੀ ਨੇ ਪਟੇਲ ਦੇ ਜਨਮ ਦਿਨ ਮੌਕੇ, ਉਨ੍ਹਾਂ ਦੇ 182 ਮੀਟਰ ਉੱਚੇ ਬੁੱਤ ਦੀ ਨਕਾਬਕੁਸ਼ਾਈ ਕਰ ਕੇ ਭਾਰਤ ਦਾ ਹੀ ਨਹੀਂ, ਜਹਾਨ ਭਰ ਦਾ ਸਭ ਤੋਂ ਉੱਚਾ ਬੁੱਤ ਲੋਕਾਂ ਦੇ ਸਾਹਮਣੇ ਲਿਆਂਦਾ। ਇਹ ਬੁੱਤ, ਗੁਜਰਾਤ ਵਿਚ ਨਰਮਦਾ ਨਦੀ ਦੇ ਸਾਧੂ ਟਾਪੂ ਵਿਚ ਲਾਇਆ ਗਿਆ ਹੈ। 31 ਅਕਤੂਬਰ (2018) ਨੂੰ ਇਹ ਬੁੱਤ ਦੇਸ਼ ਦੇ ਸਮਰਪਣ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਏਦਾਂ ਫ਼ਰਮਾਇਆ, "ਏਕਤਾ ਕਾ ਯਹ ਬੁੱਤ, ਉਨ ਲੋਗੋਂ ਕੋ ਜਵਾਬ ਹੈ, ਜੋ ਭਾਰਤ ਕੇ ਅਸਤਿਤਵ ਪਰ ਨੁਕਤਾਚੀਨੀ ਕਰਤੇ ਹੈਂ। ਇਸ ਕੀ ਊਚਾਈ, ਨੌਜਵਾਨੋਂ ਕੋ ਯਾਦ ਦਿਲਾਤੀ ਰਹੇਗੀ ਕਿ ਦੇਸ਼ ਕਾ ਭਵਿਸ਼ਯ, ਇਸ ਬੁਤ ਜਿਤਨਾ ਹੀ ਬੜਾ ਹੈ। ਯਹ, ਇੰਜੀਨੀਅਰਿੰਗ ਔਰ ਟੈਕਨਾਲੋਜੀ ਕੇ ਪ੍ਰਤੀ ਹਮਾਰੀ ਆਸਾਨ ਪਹੁੰਚ ਕਾ ਪ੍ਰਤੀਕ ਭੀ ਹੋਗਾ।"
'ਭਾਰਤ ਨੂੰ ਇਕ-ਮੁੱਠ ਕਰਨ ਲਈ' ਸਰਦਾਰ ਪਟੇਲ ਦਾ ਮਾਣ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ, "ਮਿੱਤਰੋਂ, ਅਗਰ ਸਰਦਾਰ ਪਟੇਲ ਨੇ ਦੇਸ਼ ਮੇਂ ਏਕਤਾ ਨਾ ਕੀ ਹੋਤੀ ਤੋ ਹਮੇਂ ਸੋਮਨਾਥ ਕੇ ਮੰਦਿਰ ਮੇਂ ਮਾਥਾ ਟੇਕਨੇ ਜਾਨੇ ਕੇ ਲੀਏ ਜਾਂ ਹੈਦਰਾਬਾਦ ਕਾ ਚਾਰਮੀਨਾਰ ਦੇਖਨੇ ਜਾਨੇ ਕੇ ਲੀਏ ਵੀਜ਼ਾ ਲੇਨਾ ਪੜਤਾ। ਆਜ ਭਾਰਤ, ਸਰਦਾਰ ਪਟੇਲ ਕੀ ਅੋਰ ਸੇ ਦਿਖਾਏ ਹੂਏ ਮਾਰਗ ਪਰ ਚਲਤੇ ਹੂਏ, ਵਿਸ਼ਵ ਕੀ ਸਬ ਸੇ ਮਹਾਨ ਆਰਥਿਕ ਔਰ ਯੁਧ-ਨੀਤਕ ਤਾਕਤ ਬਨਨੇ ਜਾ ਰਹਾ ਹੈ।"
ਇਸ ਬੁੱਤ ਦਾ ਨਮੂਨਾ, ਪਦਮ ਭੂਸ਼ਨ ਰਾਮ ਵੀ ਸੂਤਰ ਨੇ ਬਣਾਇਆ ਹੈ ਤੇ ਇਸ ਨੂੰ ਇਸ ਆਕਾਰ ਦੀ ਮੂਰਤੀ ਦਾ ਰੂਪ 'ਲਾਰਸਨ ਐਂਡ ਟੂਬਰੋ' ਨਾਂ ਦੀ ਕੰਪਨੀ ਨੇ 'ਸਰਦਾਰ ਸਰੋਵਰ ਨਰਮਦਾ ਨਿਗਮ ਲਿਮਿਟਿਡ' ਦੇ ਸਹਿਯੋਗ ਨਾਲ਼ ਦਿੱਤਾ ਹੈ। ਇਸ ਇਲਾਕੇ ਦੇ ਕਿਸਾਨਾਂ ਅਤੇ ਕਬਾਇਲੀਆਂ ਨੇ ਇਸ ਪ੍ਰਾਜੈਕਟ ਨੂੰ ਕੁਦਰਤੀ ਵਸੀਲਿਆਂ ਦੀ ਬਰਬਾਦੀ ਹੀ ਦੱਸਿਆ ਹੈ। ਇਸ ਬੁੱਤ ਦੀਆਂ ਉਦਘਾਟਨੀ ਰਸਮਾਂ ਮੌਕੇ ਤਕਰੀਰ ਕਰਦਿਆਂ ਮੋਦੀ ਨੇ ਇਸ 'ਬੁੱਤ ਨੂੰ ਕੰਮ ਲਾਉਂਦਿਆਂ' ਕਿਹਾ ਕਿ ਸੰਸਾਰ ਦਾ ਇਹ ਸਭ ਤੋਂ ਉੱਚਾ ਬੁੱਤ, ਭਾਰਤ ਨੂੰ ਖੇਰੂੰ-ਖੇਰੂੰ ਕਰਨ ਦੀਆਂ ਸਾਜ਼ਿਸ਼ਾਂ ਨਾਕਾਮ ਕਰਨ ਲਈ, ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੀ ਹਿੰਮਤ ਦਾ ਚੇਤਾ ਕਰਾਇਆ ਕਰੇਗਾ। ਯਾਨੀ ਇਹ ਬੁੱਤ ਵੀ ਕੰਮ ਕਰੇਗਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਲਗਾਏ ਹੋਏ ਹੋਰ ਬੁੱਤਾਂ ਅਤੇ ਲਗਾਏ ਜਾਣ ਵਾਲ਼ੇ ਬੁੱਤਾਂ ਦੀ ਗਿਣਤੀ ਵੀ ਕਰਾਈ। ਇਹ ਬੁੱਤ ਬਣਾਉਣ ਲਈ 70 ਹਜ਼ਾਰ ਟੱਨ ਸੀਮੈਂਟ, 6 ਹਜ਼ਾਰ ਟੱਨ ਇਸਪਾਤ ਅਤੇ 17 ਸੌ ਮੀਟਰਿਕ ਟਨ ਕਾਂਸਾ ਲੱਗਿਆ ਹੈ। ਇਸ ਬੁੱਤ ਦੇ ਅੰਦਰ 135 ਮੀਟਰ ਉੱਚੀ ਗੈਲਰੀ ਬਣਾਈ ਗਈ ਹੈ, ਜਿਸ ਤੋਂ ਦਰਸ਼ਕ ਬੁੱਤ ਦੇ ਆਲੇ-ਦੁਆਲੇ ਦਾ ਵਿਸ਼ਾਲ ਦ੍ਰਿਸ਼ ਦੇਖ ਸਕਿਆ ਕਰਨਗੇ।
ਬੁੱਤ ਬੋਲਦੇ ਨਹੀਂ, ਕਿਸੇ ਗੱਲੋਂ ਇਤਰਾਜ਼ ਨਹੀਂ ਕਰਦੇ ਅਤੇ ਮਸਲੇ ਨਹੀਂ ਉਠਾਉਂਦੇ, ਪਰ 'ਕਮਾਉਂਦੇ' ਜ਼ਰੂਰ ਹਨ। ਬਣਦਿਆਂ ਹੀ ਕਮਾਉਣਾ ਸ਼ੁਰੂ ਕਰ ਗਏ ਇਸ ਬੁੱਤ ਦੇ ਸਥਾਪਤ ਹੋਣ ਸਾਰ ਖ਼ਬਰ ਆਈ ਹੈ ਕਿ ਇਸ ਨੂੰ ਦੇਖਣ ਲਈ ਲਗਾਈ ਗਈ ਟਿਕਟ, ਤਾਜ ਮਹਿਲ ਦੇਖਣ ਲਈ ਲਗਾਈ ਹੋਈ ਟਿਕਟ ਤੋਂ 7 ਗੁਣਾ ਵੱਧ ਹੈ। ਦੂਜੇ ਸ਼ਬਦਾਂ ਵਿਚ, ਇਹ ਬੁੱਤ ਦੇਖਣਾ, ਤਾਜ ਮਹਿਲ ਦੇਖਣ ਨਾਲ਼ੋਂ ਮਹਿੰਗਾ ਪਿਆ ਕਰੇਗਾ। ਵਿਦੇਸ਼ ਤੋਂ ਆਏ ਸੈਲਾਨੀਆਂ ਨੂੰ ਤਾਜ ਮਹਿਲ ਦੇਖਣ ਲਈ 50 ਰੁਪਏ ਦੀ ਟਿਕਟ ਲੈਣੀ ਪੈਂਦੀ ਹੈ ਜਦੋਂ ਕਿ ਇਹ ਬੁੱਤ ਦੇਖਣ ਲਈ 350 ਰੁਪਏ ਦੀ ਟਿਕਟ ਲੈਣੀ ਪਿਆ ਕਰੇਗੀ। ਜਹਾਨ ਦਾ 7ਵਾਂ ਅਜੂਬਾ 50 ਰੁਪਏ ਵਿਚ ਤੇ 'ਏਕਤਾ ਦਾ ਬੁੱਤ' ਦੇਖਣਾ ਆਮ ਆਦਮੀ ਨੂੰ 350 ਰੁਪਏ ਵਿਚ ਪਏਗਾ। ਇਸ ਬੁੱਤ ਨੇੜੇ ਪਹੁੰਚਣ ਲਈ ਬੱਸ ਦਾ ਕਿਰਾਇਆ 30 ਰੁਪਏ ਹੈ। ਹੈ ਨਾ 'ਆਮ ਕੇ ਆਮ, ਔਰ ਗੁਠਲੀਓਂ ਕੇ ਦਾਮ', ਉਹ ਵੀ ਸੱਤ ਗੁਣਾ?#

