ਬਚਨ ਨਹੀਂ ਭੱਟਾਚਾਰੀਆ ਯਾਨੀ ਇਕ ਹੋਰ ਅਮਿਤਾਭ
============================
'ਮਹਿਫ਼ਿਲ ਮੇਂ ਤੇਰੀ ਹਮ ਨਾ ਰਹੇ ਜੋ, ਗ਼ਮ ਤੋ ਨਹੀਂ ਹੈ, ਗ਼ਮ ਤੋ ਨਹੀਂ ਹੈ' (ਐ ਦਿਲ ਹੈ ਮੁਸ਼ਕਿਲ), 'ਅਭੀ ਮੁਝ ਮੇਂ ਕਹੀਂ, ਬਾਕੀ ਥੋੜੀ ਸੀ ਹੈ ਜ਼ਿੰਦਗੀ' (ਅਗਨੀਪਥ), 'ਕੈਸੀ ਤੇਰੀ ਖ਼ੁਦਗ਼ਰਜ਼ੀ, ਨਾ ਧੂਪ ਚੁਨੇ ਨਾ ਛਾਉਂ' (ਯੇਹ ਜਵਾਨੀ ਹੈ ਦੀਵਾਨੀ), 'ਨਯਨ ਤਰਸੇ, ਨਯਨ ਤਰਸੇ, ਦਰਸ ਨਾ ਮਿਲੇ, ਨਯਨ ਤਰਸੇ' (ਦੇਵ ਡੀ.), 'ਮਿਹਰਬਾਨੀ ਨਹੀਂ, ਤੁਮਹਾਰਾ ਪਯਾਰ ਮਾਂਗਾ ਹੈ' (ਚੇਨਈ ਐਕਸਪ੍ਰੈੱਸ), 'ਤੇਰੇ ਸੰਗ ਬੀਤੇ ਹਰ ਲਮਹੇ ਪੇ ਹਮ ਕੋ ਨਾਜ਼ ਹੈ' (ਹਸੀ ਤੋ ਫਸੀ), 'ਕਿਆ ਕਭੀ ਸਵੇਰਾ, ਲਾਤਾ ਹੈ ਅੰਧੇਰਾ' (ਲੂਟੇਰਾ), 'ਕਹਾਨੀ ਖ਼ਤਮ ਹੈ, ਯਾ ਸ਼ੁਰੂਆਤ ਹੋਨੇ ਕੋ ਹੈ' (ਉਡਾਨ), 'ਕਹਿਤੇ ਹੈਂ ਖ਼ੁਦਾ ਨੇ ਇਸ ਜਹਾਂ ਮੇਂ ਸਭੀ ਕੇ ਲੀਏ' (ਏਜੰਟ ਵਿਨੋਦ), 'ਮੇਰਾ ਫ਼ਲਸਫ਼ਾ ਕੰਧੇ ਪੇ ਮੇਰਾ ਬਸਤਾ' (ਯੇਹ ਜਵਾਨੀ ਹੈ ਦੀਵਾਨੀ), 'ਸ਼ੀਸ਼ਮਹੱਲ ਨਾ ਮੁਝ ਕੋ ਸੁਹਾਏ' (2 ਸਟੇਟਸ), 'ਤੂ ਸਫ਼ਰ ਮੇਰਾ, ਹੈ ਤੂ ਹੀ ਮੇਰੀ ਮੰਜ਼ਿਲ' (ਐ ਦਿਲ ਹੈ ਮੁਸ਼ਕਿਲ)....
ਫ਼ਿਲਮੀ ਗੀਤਾਂ ਦੀਆਂ ਇਹ ਸਤਰਾਂ ਛਾਂਟਦਿਆਂ, ਫ਼ਿਲਮੀ ਪੱਤਰਕਾਰਾ 'ਸੰਪਦਾ ਸ਼ਰਮਾ' ਫ਼ਰਮਾਉਂਦੀ ਹੈ ਕਿ ਸ਼ਾਇਰੀ ਦੇ ਇਹ ਨਮੂਨੇ ਦੇਖ ਕੇ ਲੱਗਦਾ ਹੈ ਕਿ ਵਧੀਆ ਸ਼ਾਇਰੀ ਹੀ ਫ਼ਿਲਮੀ ਗੀਤ-ਸੰਗੀਤ ਦੀ ਰੀੜ੍ਹ ਦੀ ਹੱਡੀ ਹੈ। ਕੁੱਝ ਹਫ਼ਤਿਆਂ ਮਗਰੋਂ, ਜਿਹੜਾ ਵੀ ਨਵਾਂ ਗੀਤ ਆਉਂਦਾ ਹੈ, ਉਹ ਬੇਹਾ ਮਾਲ ਤੱਤਾ ਕਰ ਕੇ, ਲਿਖਿਆ ਹੋਇਆ ਹੀ ਲੱਗਦਾ ਹੈ। ਬੇਹੇ-ਪੁਰਾਣੇ ਮਾਲ਼ ਨੂੰ ਤੜਕਾ ਲਾ ਕੇ ਪ੍ਰੋਸਣ ਦਾ ਇਹ ਰੁਝਾਨ ਜ਼ੋਰਾਂ 'ਤੇ ਹੋਣ ਦੇ ਬਾਵਜੂਦ ਫ਼ਿਲਮ ਸਨਅਤ ਵਿਚ ਕੁੱਝ ਹੀਰੇ ਹਨ, ਜਿਨ੍ਹਾਂ ਤੋਂ ਇਸ ਸਨਅਤ ਨੂੰ ਆਸਾਂ ਹਨ। ਇਨ੍ਹਾਂ ਹੀਰਿਆਂ ਵਿਚੋਂ ਇਕ ਹੈ, ਇਕ ਹੋਰ ਅਮਿਤਾਭ (ਬਚਨ ਨਹੀਂ), ਅਮਿਤਾਭ ਭੱਟਾਚਾਰੀਆ। ਗੀਤਾਂ ਦੇ ਉਕਤ ਨਮੂਨੇ, ਇਸ ਅਮਿਤਾਭ ਯਾਨੀ ਅਮਿਤ ਭੱਟਾਚਾਰੀਆ ਦੀ 'ਕਲਮਕਾਰੀ ਦਾ ਕਮਾਲ' ਹਨ।
ਅਮਿਤਾਭ ਭੱਟਾਚਾਰੀਆ ਨੇ ਫ਼ਿਲਮੀ ਮਾਹਰਾਂ ਦਾ ਧਿਆਨ ਆਪਣੇ ਵੱਲ ਉਦੋਂ ਖਿੱਚਿਆ, ਜਦੋਂ ਉਸ ਨੇ ਅਨੁਰਾਗ ਕਸ਼ਿਅਪ ਦੀ ਫ਼ਿਲਮ 'ਦੇਵ ਡੀ' ਲਈ ਕੁੱਝ ਗੀਤ ਲਿਖੇ। ਇਸ ਤੋਂ ਮਗਰੋਂ ਉਸ ਨੇ 'ਲੂਟੇਰਾ', 'ਉਡਾਨ', 'ਐ ਦਿਲ ਹੈ ਮੁਸ਼ਕਿਲ' ਜਿਹੀਆਂ ਫ਼ਿਲਮਾਂ ਦੇ ਗੀਤ ਲਿਖੇ। ਇਹ ਗੀਤ ਲਿਖਦਿਆਂ, ਅਮਿਤਾਭ ਨੇ ਫ਼ਿਲਮੀ ਗੀਤ ਸੁਣਨ-ਮਾਨਣ ਵਾਲ਼ਿਆਂ ਦੀ ਨਬਜ਼ ਆਪਣੇ ਪੋਟਿਆਂ ਹੇਠ ਕਰ ਲਈ।
ਦੂਜੇ ਪਾਸੇ, ਅਮਿਤਾਭ ਭੱਟਾਚਾਰੀਆ, ਜਿਸ ਨੂੰ ਇਸ ਵੇਲ਼ੇ ਸੁਪਰਸਟਾਰ ਗੀਤਕਾਰ ਦਾ ਰੁਤਬਾ ਹਾਸਲ ਹੈ, ਦਾ ਕਹਿਣ ਹੈ, "ਮੈਂ ਹਾਦਸਨ ਹੀ ਗੀਤਕਾਰ ਬਣਿਆ ਹਾਂ।" ਉਸ ਦੇ ਲਿਖੇ ਹੋਏ ਕੁੱਝ 'ਲੀਕੋਂ ਹਟਵੇਂ' ਤੇ ਸਫ਼ਲ ਗੀਤਾਂ ਵਿਚ 'ਹਾਨੀਕਾਰਕ ਬਾਪੂ' (ਦੰਗਲ), 'ਇਮੋਸ਼ਨਲ ਅਤਿਆਚਾਰ' (ਦੇਵ ਡੀ), 'ਅਭੀ ਮੁਝ ਮੇਂ ਕਹੀਂ' (ਅਗਨੀਪਥ) ਅਤੇ ਹੋਰ ਕਈ ਗੀਤ ਸ਼ਾਮਲ ਹਨ।
ਉਹ, ਪਹਿਲੀ ਵਾਰ ਹੀ ਕਿਸੇ ਪੱਤਰਕਾਰ ਨੂੰ ਮਿਲਣ ਦਾ ਸਮਾਂ ਨਹੀਂ ਦੇ ਦਿੰਦਾ। ਅਸਲ ਵਿਚ ਛੇਤੀ ਕੀਤੇ ਸਮਾਂ ਦੇਣਾ ਉਸ ਦੇ ਵੱਸ ਵਿਚ ਹੀ ਨਹੀਂ ਕਿਉਂ ਕਿ ਫ਼ਿਲਮ ਸਨਅਤ ਨੇ ਇਨ੍ਹੀਂ ਦਿਨੀਂ ਉਸ ਦਾ ਪਲ-ਪਲ ਅਤੇ ਪੋਟਾ-ਪੋਟਾ ਵੰਡਿਆ ਹੋਇਆ ਹੈ। ਮੁੰਬਈ ਦੀ ਹਵਾ ਵਿਚ ਉਸ ਦੇ ਬੋਲ ਤੈਰਦੇ ਸੁਣਦੇ ਹਨ। ਕਹਿੰਦੇ ਨੇ ਇਕ ਕਹਿੰਦਾ-ਕਹਾਉਂਦਾ ਪੱਤਰਕਾਰ, 2016 ਤੋਂ ਉਸ ਕੋਲੋਂ ਇੰਟਰਵਿਊ ਕਰਨ ਲਈ ਸਮਾਂ ਮੰਗ ਰਿਹਾ ਸੀ ਤੇ ਉਸ ਦੀ ਵਾਰੀ ਇਸ ਸਾਲ ਆਈ ਹੈ। ਮੁਲਾਕਾਤ ਦਾ ਸਮਾਂ ਦਿੰਦਿਆਂ ਉਸ ਨੇ ਫੋਨ ਰਾਹੀਂ ਦਿੱਤੇ ਜੁਆਬ ਵਿਚ "ਸੌਰੀ, ਫੋਨ ਸੁਣਨ ਦਾ ਟਾਈਮ ਨਹੀਂ, ਕਿਰਪਾ ਕਰ ਕੇ 'ਟੈਕਸਟ' ਹੀ ਕਰਿਓ" ਲਿਖਿਆ ਹੋਇਆ ਸੀ। 'ਸੱਯਦ ਫਿਰਦੌਸ ਅਸ਼ਰਫ਼' ਨਾਂ ਦਾ ਇਹ ਪੱਤਰਕਾਰ ਦੱਸਦਾ ਹੈ ਕਿ ਇੰਟਰਵਿਊ ਦਾ ਸਮਾਂ ਕਈ ਵਾਰੀ ਦਿੱਤਾ ਗਿਆ ਤੇ ਕਈ ਵਾਰੀ ਇਹ ਮੁਲਾਕਾਤ ਮੁਲਤਵੀ ਕਰਨੀ ਪਈ ਕਿਉਂ ਕਿ ਉਸ ਨੂੰ ਖੜ੍ਹੇ ਪੈਰ ਗੀਤ ਲਿਖਣ ਦੀ ਸਾਈ ਮਿਲ਼ ਜਾਇਆ ਕਰਦੀ ਸੀ। ਉਸ ਨੂੰ ਮਿਲਣ ਦੇ ਚਾਹਵਾਨਾਂ ਨੂੰ ਕਈ ਵਾਰ ਏਦਾਂ ਲੱਗਣ ਲੱਗ ਪੈਂਦਾ ਹੈ ਕਿ 'ਕਿੱਥੇ ਹੋ ਸਕਣੀ ਹੈ ਇਹ ਮੁਲਾਕਾਤ, ਉਸ ਨੂੰ ਤਾਂ 'ਨਹਾਉਣ ਤਕ ਦਾ ਵਿਹਲ' ਨਹੀਂ ਹੈ। ਫਿਰ ਇਕ ਦਿਨ, ਉਸ ਦੀ 'ਪ੍ਰਚਾਰਕਾ' ਦਾ ਸੁਨੇਹਾ ਆਇਆ ਕਿ ਫਲਾਣੇ ਦਿਨ, ਉਹ (ਪੱਤਰਕਾਰ) ਅਮਿਤਾਭ ਭੱਟਾਚਾਰੀਆ ਦਾ ਇੰਟਰਵਿਊ ਕਰ ਸਕਦੇ ਹਨ।
ਕਈਆਂ ਵਸੀਲਿਆਂ ਤੋਂ ਪਤਾ ਲੱਗਿਆ ਹੈ ਕਿ ਹੁਣ 'ਵੱਡੇ ਗੀਤਕਾਰ' ਵਜੋਂ ਜਾਣਿਆ ਜਾਂਦਾ ਇਹ ਬੰਦਾ, ਗਾਇਕ ਬਣਨ ਲਈ ਮੁੰਬਈ ਗਿਆ ਸੀ ਤੇ ਉਹ ਸੰਗਦਾ ਵੀ ਬਹੁਤ ਹੁੰਦਾ ਸੀ। ਇਕ ਵਾਰ 'ਇੰਪਾਇਰ ਸਟੂਡੀਓ, ਅੰਧੇਰੀ' ਵਿਚ ਅਚਾਨਕ ਹੀ ਉਸ ਦੀ ਮੁਲਾਕਾਤ, ਅਨੂ ਮਲਿਕ ਨਾਲ਼ ਹੋ ਗਈ। ਉਸ ਦੇ ਕਹਿਣ ਅਨੁਸਾਰ, "ਮੈਂ, ਲਖਨਊ ਤੋਂ ਮੁੰਬਈ ਹਾਲੇ ਆਇਆ ਹੀ ਸਾਂ। ਮੇਰੇ ਹੱਥ ਵਿਚ ਮੇਰੀ ਅਵਾਜ਼ ਵਿਚ ਰਿਕਾਰਡ ਕੀਤੀ ਹੋਈ ਇਕ ਸੀਡੀ ਸੀ। ਮੈਂ, ਅਨੂ ਮਲਿਕ ਵੱਲ ਏਦਾਂ ਦੇਖ ਰਿਹਾ ਸਾਂ, ਜਿੱਦਾਂ ਮੈਨੂੰ ਰੱਬ ਦਿਸ ਗਿਆ ਹੋਵੇ। ਮੈਂ ਉਨ੍ਹਾਂ ਦੇ ਗੀਤ ਸਟੇਜਾਂ ਤੇ ਗਾ-ਗਾ ਵੱਡਾ ਹੋਇਆ ਸਾਂ। ਮੇਰਾ ਮੂੰਹ ਜਿੱਦਾਂ ਸੀਂਤਾ ਹੀ ਗਿਆ ਹੋਵੇ, ਮੈਥੋਂ ਬੋਲਿਆ ਨਾ ਗਿਆ।"
ਉਸ ਦੀ ਇਹ 'ਚੁੱਪ' ਉਸ ਦੇ ਗੀਤਕਾਰ ਬਣਨ ਵਿਚ ਕੰਮ ਆਈ? ਇਸ ਦਾ ਜੁਆਬ ਉਸ ਨੇ ਏਦਾਂ ਦਿੱਤਾ, "ਅਸਲ ਵਿਚ ਮੈਂ ਗੀਤਕਾਰ ਤਾਂ 'ਐਕਸੀਡੈਂਟਲੀ' ਹੀ ਬਣਿਆ ਹਾਂ। ਮੈਂ, ਮੰਗ ਮੁਤਾਬਕ 'ਬੋਲ ਘੜਨੇ' ਸਿੱਖ ਲਏ ਸਨ, ਪਰ ਮੈਂ ਹਾਲੇ ਤਕ ਕੋਈ ਸ਼ਿਅਰ ਜਾਂ ਕਵਿਤਾ ਨਹੀਂ ਲਿਖੀ। ਮੈਂ ਆਪਣੇ-ਆਪ ਨੂੰ ਕਵੀ ਜਾਂ ਸ਼ਾਇਰ ਵੀ ਨਹੀਂ ਦੱਸਦਾ। ਹਾਂ, ਹੁਣ ਗੀਤਕਾਰ ਜ਼ਰੂਰ ਕਹਾਉਂਦਾ ਹਾਂ।"
ਲਖਨਊ ਤੋਂ ਗਾਇਕ ਬਣਨ ਆਇਆ ਇਹ ਬੰਦਾ, ਗੀਤਕਾਰ ਕਿੱਦਾਂ ਬਣਿਆ?
"ਮੇਰਾ ਬਾਰਵੀਂ ਜਮਾਤ ਦਾ ਰਿਜ਼ੱਲਟ ਆਇਆ ਸੀ ਤੇ ਮੈਂ ਅਗਲੇ ਦਿਨ ਸਵੇਰੇ ਹੋਟਲ ਮੈਨੇਜਮੈਂਟ ਦਾ ਕੋਰਸ ਕਰਨ ਖ਼ਾਤਰ ਭੁਬਨੇਸ਼ਵਰ ਜਾਣਾ ਸੀ। ਉਸ ਰਾਤ ਮੈਂ ਸੌਂ ਨਾ ਸਕਿਆ। ਮੈਂ ਸੋਚਦਾ ਰਿਹਾ ਕਿ ਮੈਂ ਤਾਂ ਗਾਇਕ ਬਣਨਾ ਹੈ ਤਾਂ ਫਿਰ ਆਹ ਹੋਟਲ ਮੈਨੇਜਮੈਂਟ ਦਾ ਕੋਰਸ ਕਾਹ'ਨੂੰ ਕਰਨਾ ਹੋਇਆ। ਮੈਂ ਬਹੁਤ ਹਿੰਮਤ ਕਰ ਕੇ ਆਪਣੇ ਮਨ ਦੀ ਗੱਲ ਆਪਣੇ ਪੇਰੈਂਟਸ ਨੂੰ ਦੱਸ ਦਿੱਤੀ। ਮੇਰੇ ਮਾਪੇ ਮਨ ਤਾਂ ਗਏ, ਪਰ ਉਨ੍ਹਾਂ ਨੇ ਇਕ ਸ਼ਰਤ ਰੱਖ ਦਿੱਤੀ ਕਿ ਜੇ ਮੇਰਾ ਗਾਇਕ ਬਣਨ ਦਾ ਸੁਪਨਾ ਪੂਰਾ ਨਾ ਹੋਇਆ ਤਾਂ ਕੁੱਝ ਹੋਰ ਕਰਨ ਵਿਚ ਮਦਦ ਵਾਸਤੇ ਕੋਈ ਡਿਗਰੀ ਜ਼ਰੂਰ ਕਰਨੀ ਪਏਗੀ। ਖ਼ੈਰ ਜੀ, ਸਭ ਕੁੱਝ ਛੱਡ-ਛੁਡਾ ਕੇ, ਮੈਂ ਲਖਨਊ ਵਿਚ ਸਟੇਜ ਸ਼ੋਆਂ ਵਿਚ ਗਾਉਣ ਲੱਗ ਪਿਆ ਤੇ ਮੈਨੂੰ ਸਾਢੇ ਤਿੰਨ ਸੌ ਰੁਪਏ ਫੀ ਪ੍ਰੋਗਰਾਮ ਮਿਲਣ ਲੱਗ ਪਏ।"
1999 ਵਿਚ ਉਸ ਦੀ ਗਰੈਜੂਏਸ਼ਨ ਪੂਰੀ ਹੋ ਗਈ ਤੇ ਉਹ ਮੁੰਬਈ ਚਲੇ ਗਿਆ। ਉਸ ਦਾ ਇਕ ਮਾਮਾ, ਉੱਥੇ ਰਹਿੰਦਾ ਹੁੰਦਾ ਸੀ। ਉਹ ਵੀ ਉਸ ਨਾਲ਼ ਰਹਿਣ ਲੱਗ ਪਿਆ। ਉੱਥੇ ਜਾ ਕੇ, ਉਸ ਨੂੰ ਆਪਣਾ ਜਨਮ ਸਥਾਨ ਲਖਨਊ ਬਹੁਤ ਚੇਤੇ ਆਇਆ, ਪਰ ਇਕ ਵੱਖਰੀ ਹੀ ਵਜ੍ਹਾ ਨਾਲ਼। ਉਹ ਲਖਨਊ ਦਾ ਬਹੁਤ ਧੰਨਵਾਦੀ ਹੈ, ਜਿਸ ਨੇ ਉਸ ਨੂੰ ਹਿੰਦੀ ਅਤੇ ਉਰਦੂ ਦੀ ਮੁਹਾਰਤ ਦਿੱਤੀ। ਮੁੰਬਈ ਵਿਚ ਚਾਰ ਮਹੀਨੇ ਲੰਘ ਗਏ, ਪਰ 'ਗਾਉਣ-ਪਾਣੀ' ਦਾ ਕੋਈ ਸੀਨ ਨਾ ਬਣਿਆ। ਫਿਰ ਮਾਮੇ ਦੇ ਸਿਰ ਭਾਰ ਪਾਈ ਰੱਖਣਾ ਵੀ ਔਖਾ ਜਿਹਾ ਲੱਗਣ ਲੱਗ ਪਿਆ। ਉਹ, ਹਿੱਸੇ ਆਉਂਦਾ ਕਿਰਾਇਆ ਦੇਣ ਦਾ ਵਾਅਦਾ ਕਰ ਕੇ, ਕੁੱਝ ਦੋਸਤਾਂ ਨਾਲ਼ ਇਕ ਫਲ਼ੈਟ ਵਿਚ ਰਹਿਣ ਲੱਗ ਪਿਆ। ਉੱਥੇ ਰਹਿੰਦਿਆਂ ਉਸ ਨੂੰ ਇਕ 'ਜਿੰਗਲ' ਗਾਉਣ ਦਾ ਕੰਮ ਮਿਲਿਆ, ਜਿਸ ਬਦਲੇ ਉਸ ਨੂੰ 3,000 ਰੁਪਏ ਮਿਲੇ। ਉਸ ਨੂੰ ਇਹ ਰਕਮ 'ਬਹੁਤ ਹੀ ਵੱਡੀ' ਲੱਗੀ ਸੀ ਉਦੋਂ। ਉਸ ਨੇ ਜਿੰਗਲਾਂ ਤਾਂ ਕਈ ਗਾਈਆਂ, ਪਰ ਉਨ੍ਹਾਂ ਨਾਲ਼ ਉਹ, ਉਹੋ ਜਿਹਾ ਗਾਇਕ ਨਾ ਬਣ ਸਕਿਆ, ਜਿਹੋ ਜਿਹਾ ਬਣਨ ਖ਼ਾਤਰ ਉਹ ਮੁੰਬਈ ਆਇਆ ਸੀ। ਉਸ ਨੇ ਸੰਗੀਤਕਾਰ ਪ੍ਰੀਤਮ, ਜੋ ਖ਼ੁਦ ਫ਼ਿਲਮਾਂ ਲਈ ਸੰਘਰਸ਼ ਕਰ ਰਿਹਾ ਸੀ, ਨਾਲ਼ ਸੰਪਰਕ ਕੀਤਾ ਤੇ ਉਹ, ਮੁਫ਼ਤ ਵਿਚ ਹੀ ਉਸ ਦਾ ਸਹਾਇਕ ਬਣ ਗਿਆ। ਉਸ ਦਾ ਖ਼ਿਆਲ ਸੀ ਕਿ ਉੱਥੋਂ ਉਸ ਨੂੰ ਫ਼ਿਲਮੀ ਗੀਤ ਗਾਉਣ ਦਾ ਮੌਕਾ ਮਿਲ ਜਾਏਗਾ। ਪ੍ਰੀਤਮ ਕੋਲ ਕੰਮ ਨਹੀਂ ਸੀ, ਪਰ ਸਹਾਇਕ ਸੀ ਜਦੋਂ ਕਿ ਸੰਗੀਤਕਾਰ ਰਾਜੇਸ਼ ਰਾਏ ਕੋਲ ਕੰਮ ਸੀ, ਪਰ ਸਹਾਇਕ ਨਹੀਂ ਸੀ। ਪ੍ਰੀਤਮ ਨੇ ਜਾਣ-ਪਛਾਣ ਹੀ ਨਹੀਂ ਕਰਾਈ, ਆਪਣਾ ਸਹਾਇਕ ਵੀ ਰਾਏ ਨੂੰ ਦੇ ਦਿੱਤਾ। ਗਾਇਕ ਬਣਨ ਦਾ ਮੌਕਾ ਮਿਲਣ ਦੀ ਆਸ ਵਿਚ ਅਮਿਤ ਭੱਟਾਚਾਰੀਆ ਨੇ ਰਾਏ ਦੇ ਸਹਾਇਕ ਵਜੋਂ ਇਕ ਸਾਲ ਬਿਤਾ ਲਿਆ।
"ਇਸ ਦੌਰਾਨ ਮੈਂ 'ਕੋਰੱਸ' ਵਿਚ ਗਾਉਂਦਾ ਵੀ ਸਾਂ ਤੇ 'ਡਿਲਿਵਰੀ ਬੁਆਏ' ਵਜੋਂ ਵੀ ਕੰਮ ਕਰਦਾ ਸੀ। ਲੋੜ ਪੈਣ 'ਤੇ ਮੈਂ, ਦਫ਼ਤਰ ਦਾ ਮਾੜਾ-ਮੋਟਾ ਕੰਮ ਵੀ ਕਰ ਦਿੰਦਾ," ਅਮਿਤਾਭ ਭੱਟਾਚਾਰੀਆ ਨੇ ਦੱਸਿਆ। ਦੋ ਕੁ ਸਾਲਾਂ ਵਿਚ ਪ੍ਰੀਤਮ ਦੇ ਪੈਰ ਲੱਗ ਗਏ ਤੇ ਉਸ ਨੂੰ ਇਕ ਸਹਾਇਕ ਦੀ ਲੋੜ ਪੈ ਗਈ। ਉਸ ਨੇ ਭੱਟਾਚਾਰੀਆ ਨੂੰ ਆਪਣੇ ਕੋਲ ਸੱਦ ਲਿਆ। ਉੱਥੇ ਹੀ ਉਸ ਨੂੰ 'ਧੂਮ' ਦੇ 'ਟਾਈਟਲ ਗੀਤ' ਦਾ 'ਸਕਰੈਚ' (ਕੱਚਾ ਰੂਪ) ਗਾਉਣ ਦਾ ਮੌਕਾ ਮਿਲਿਆ। ਬਾਅਦ ਵਿਚ ਇਹ ਗੀਤ ਸ਼ਾਨ ਅਤੇ ਕੁਨਾਲ਼ ਗਾਂਜਾਵਾਲਾ ਦੀਆਂ ਅਵਾਜ਼ਾਂ ਵਿਚ ਰਿਕਾਰਡ ਕੀਤਾ ਗਿਆ ਸੀ। ਭੱਟਾਚਾਰੀਆ ਨਿਰਾਸ਼ ਤਾਂ ਹੋਇਆ, ਪਰ ਗਾਇਕ ਬਣਨ ਦੀ ਉਡੀਕ ਵਿਚ ਉਹ, ਸੁਹਿਰਦ ਸਹਾਇਕ ਵਜੋਂ ਕੰਮ ਕਰਦਾ ਰਿਹਾ।
ਇਕ ਦਿਨ, ਰਾਜੇਸ਼ ਰਾਏ ਨਾਲ਼ ਕੰਮ ਕਰਦਿਆਂ, ਭੱਟਾਚਾਰੀਆ ਨੇ ਇਕ ਗੀਤ ਦੇ 'ਕੱਚੇ ਬੋਲ' ਲਿਖੇ। ਅੱਜ ਉਸ ਨੂੰ ਉਹ ਗੀਤ ਵੀ ਚੇਤੇ ਨਹੀਂ ਹੈ, ਪਰ ਉਸ ਦੇ ਲਿਖੇ ਉਹ ਬੋਲ ਇੰਨੇ ਪਸੰਦ ਕੀਤੇ ਗਏ ਕਿ ਉਹ, ਉਸ ਗੀਤ ਦੇ 'ਪੱਕੇ ਬੋਲ' ਹੀ ਬਣ ਗਏ। ਇਹ ਸਭ ਕਿੱਦਾਂ ਹੁੰਦਾ ਹੈ, ਭੱਟਾਚਾਰੀਆ ਨੇ ਦੱਸਿਆ, "ਕੋਈ ਕੰਪੋਜ਼ਰ ਕਿਸੇ ਗੀਤ ਲਈ ਸੰਗੀਤ ਬਣਾ ਕੇ ਉਹ ਸੰਗੀਤ, ਕਿਸੇ ਗੀਤਕਾਰ ਨੂੰ ਭੇਜਦਾ ਹੈ। ਸੰਗੀਤਕਾਰ ਚਾਹੁੰਦਾ ਹੈ ਕਿ ਗੀਤਕਾਰ, ਉਸ ਸੰਗੀਤ ਦੇ ਮੁਤਾਬਕ ਕੋਈ 'ਕੱਚਾ ਜਿਹਾ ਗੀਤ' ਲਿਖੇ ਤਾਂ ਕਿ ਉਹ ਗੀਤ ਸੁਣ ਕੇ ਪ੍ਰੋਡਿਊਸਰ ਅਤੇ ਡਾਇਰੈਕਟਰ ਨੂੰ ਉਹ ਗੀਤ, ਆਪਣੀ ਫ਼ਿਲਮ ਲਈ ਢੁੱਕਵਾਂ ਲੱਗੇ। ਮੈਂ ਹਰ ਵੇਲ਼ੇ ਉੱਥੇ ਹੋਣ ਦੀ ਵਜ੍ਹਾ ਨਾਲ਼ ਇਸ ਤਰ੍ਹਾਂ ਦੇ 'ਕੱਚੇ ਗੀਤ' (ਸਕਰੈਚ) ਲਿਖਣ ਵਾਲ਼ਾ ਗੀਤਕਾਰ ਬਣ ਗਿਆ।"
ਕੁੱਝ ਸਮੇਂ ਮਗਰੋਂ ਭੱਟਾਚਾਰੀਆ ਨੂੰ ਲੱਗਿਆ ਕਿ ਉਹ ਆਪਣੇ ਇਸ 'ਨਵੇਂ ਕੰਮ' ਦਾ ਲੁਤਫ਼ ਉਠਾ ਰਿਹਾ ਹੈ, ਪਰ ਉਹ ਨਹੀਂ ਚਾਹੁੰਦਾ ਸੀ ਕਿ ਲੋਕ ਉਸ ਨੂੰ ਗੀਤਕਾਰ ਵਜੋਂ ਜਾਨਣ, ਉਹ ਤਾਂ ਗਾਇਕ ਬਣਨਾ ਚਾਹੁੰਦਾ ਸੀ। ਉਹ ਦੱਸਦਾ ਹੈ, "ਮੈਂ ਇਹ ਗੀਤ ਲਿਖਣ ਲਈ, ਆਪਣਾ ਕਲਮੀ ਨਾਂ 'ਇੰਦਰਾਨਿਲ' ਰੱਖ ਲਿਆ।" ਉਸ ਦਾ ਹਾਲ 'ਬੰਦਾ ਜੋੜੇ ਪਲ਼ੀ-ਪਲ਼ੀ, ਰਾਮ ਹੜ੍ਹਾਏ ਕੁੱਪਾ' ਵਾਲ਼ਾ ਹੋ ਗਿਆ ਸੀ, ਪਰ ਉਸ ਦੇ ਮਾਮਲੇ ਵਿਚ 'ਰਾਮ' ਦੀ ਥਾਂ 'ਤਕਦੀਰ' ਜ਼ਿਆਦਾ 'ਫਿੱਟ' ਸੀ।
'ਦੇਵ ਡੀ.' ਦਾ 'ਇਮੋਸ਼ਨਲ ਅਤਿਆਚਾਰ' ਕਿੱਦਾਂ 'ਹੋਇਆ'? 'ਇੰਦਰਾਨਿਲ ਭੱਟਾਚਾਰੀਆ' ਨੇ ਏਦਾਂ ਦੱਸਿਆ, "'ਦੇਵ ਡੀ.' ਦੇ ਡਾਇਰੈਕਟਰ ਅਨੁਰਾਗ ਕਸ਼ਿਅਪ ਨੇ ਆਪਣੇ ਮਿਊਜ਼ਿਕ ਡਾਇਰੈਕਟਰ ਅਮਿਤ ਤ੍ਰਿਵੇਦੀ ਨੂੰ ਦੋ ਸ਼ਬਦ 'ਇਮੋਸ਼ਨਲ' ਤੇ 'ਅਤਿਆਚਾਰ' ਦਿੱਤੇ ਅਤੇ ਕਿਹਾ ਕਿ ਇਹ ਦੋਵੇਂ ਸ਼ਬਦ ਉਸ ਲਈ ਲਿਖੇ ਗੀਤ ਵਿਚ ਲਾਜ਼ਮੀ ਹੋਣੇ ਚਾਹੀਦੇ ਹਨ। ਮੈਂ 'ਹੁਕਮ ਮੁਤਾਬਕ' ਗੀਤ ਦਾ 'ਸਕਰੈਚ' (ਕੱਚਾ ਗੀਤ) ਲਿਖਿਆ, ਜੋ ਇੰਨਾ ਪਸੰਦ ਕੀਤਾ ਗਿਆ ਕਿ ਉਸ ਨੂੰ ਹੀ 'ਪੱਕਾ ਗੀਤ' ਬਣਾ ਲਿਆ ਗਿਆ।" ਇਹ ਗੀਤ ਸੁਣ ਕੇ, ਡਾਇਰੈਕਟਰ ਸਾਜਿਦ ਖ਼ਾਨ ਨੇ ਉਸ ਨੂੰ ਫੋਨ ਕੀਤਾ। ਸਾਜਿਦ ਖ਼ਾਨ ਨਾਲ਼ ਹੋਈ ਉਸ ਮੁਲਾਕਾਤ ਨੇ 'ਇੰਦਰਾਨਿਲ' ਦੀ ਜ਼ਿੰਦਗੀ ਹੀ ਪਲਟ ਦਿੱਤੀ ਤੇ ਉਸ ਨੂੰ ਇਕ ਵਾਰ ਫਿਰ 'ਅਮਿਤਾਭ ਭੱਟਾਚਾਰੀਆ' ਬਣਾ ਦਿੱਤਾ। ਕਿੱਦਾਂ ਭਲਾ?
ਉਸੇ ਤੋਂ ਸੁਣੋਂ, "ਸਾਜਿਦ ਖ਼ਾਨ ਦਾ ਫੋਨ ਆਇਆ। ਉਨ੍ਹਾਂ ਨੇ ਕਿਹਾ, 'ਤੁਮ ਅਮਿਤਾਭ ਭੱਟਾਚਾਰੀਆ ਹੋ? ਤੁਮ ਨੇ ਹੀ ਇਮੋਸ਼ਨਲ ਅਤਿਆਚਾਰ ਲਿਖਾ ਹੈ? ਮੇਰੇ ਪਾਸ ਆਓ, ਮੈਨੇ ਕੁੱਛ ਗੀਤ ਲਿਖਵਾਨੇ ਹੈਂ।' ਮੈਂ ਆਪਣੀ ਸੀਡੀ ਲੈ ਕੇ ਉਸ ਕੋਲ ਚਲੇ ਗਿਆ। ਮੈਂ ਉਸ ਦੀ ਇਕ ਤਰਜ਼ ਸੁਣੀ। ਮੈਂ ਕਿਹਾ, 'ਠੀਕ ਆ ਸਰ, ਗੀਤ ਲਿਖ ਕੇ ਲਿਆਵਾਂਗਾ, ਪਰ ਪਹਿਲਾਂ ਤੁਸੀਂ ਮੇਰੀ ਸੀਡੀ ਸੁਣੋ, ਮੈਂ ਗਾਣੇ ਗਾਉਂਨਾਂ।' 'ਹੈਂ! ਤੁਮ ਗਾਨਾ ਗਾਤੇ ਹੋ? ਅੱਛਾ ਸੀਡੀ ਰਖ ਜਾ, ਮੈਂ ਸੁਨੂੰਗਾ, ਤੁਮ ਗਾਨਾ ਲਿਖ ਕੇ ਲਾਓ ਪਹਿਲੇ।' ਮੈਂ ਰਾਤ ਨੂੰ ਗੀਤ ਲਿਖ ਕੇ ਸਵੇਰੇ ਉਨ੍ਹਾਂ ਕੋਲ ਪਹੁੰਚ ਗਿਆ। ਉਨ੍ਹਾਂ ਨੇ ਮੈਥੋਂ ਦੋ ਗੀਤ ਲਿਖਾਏ ਤੋ ਦੋਵੇਂ ਹੀ ਬਹੁਤ ਪਸੰਦ ਕੀਤੇ। ਮੈਂ ਫਿਰ ਪੁੱਛਿਆ ਕਿ ਉਨ੍ਹਾਂ ਨੇ ਮੇਰੀ ਸੀਡੀ ਸੁਣੀ ਕਿ ਨਹੀਂ। ਉਨ੍ਹਾਂ ਨੇ ਪਹਿਲਾਂ ਤਾਂ ਗੋਲ਼ ਜਿਹੇ ਜੁਆਬ ਦਿੱਤੇ। ਫਿਰ ਮੇਰੇ ਵੱਲੋਂ ਦੁਬਾਰਾ ਪੁੱਛਣ 'ਤੇ ਉਨ੍ਹਾਂ ਨੇ ਕਿਹਾ, 'ਦੇਖ ਅਮਿਤਾਭ ਮੈਂ ਬਹੁਤ ਮੂੰਹ-ਫਟ ਆਦਮੀ ਹੂੰ। ਮੈਂਨੇ ਤੁਮੇਂ ਗਾਇਕੋਂ ਮੇਂ ਰਖਨਾ ਹੋ ਤੋ ਪਹਿਲੇ ਪਚਾਸ ਮੇਂ ਰਖੂੰਗਾ, ਅਗਰ ਗੀਤਕਾਰੋਂ ਮੇਂ ਰਖਨਾ ਹੋ ਤੋ ਪਹਿਲੇ ਪਾਂਚ ਮੇਂ ਰਖੂੰਗਾ। ਅਬ ਤੂ ਬੋਲ ਤੁਮ ਨੇ ਕਿਆ ਕਰਨਾ ਹੈ?' ਇਹ ਗੱਲ ਮੇਰੇ ਖ਼ਾਨੇ ਪੈ ਗਈ।" ਉਸ ਤੋਂ ਬਾਅਦ ਉਸ ਨੇ ਉਹ ਸੀਡੀ ਕਿਸੇ ਪਾਸੇ ਰੱਖ ਦਿੱਤੀ ਅਤੇ ਕਲਮ ਫੜ ਲਈ। ਉਹ, ਗਾਇਕ ਬਣਨ ਦਾ ਖ਼ਿਆਲ ਛੱਡ ਕੇ ਗੀਤਕਾਰ ਬਣ ਗਿਆ।
2010 ਵਿਚ ਉਸ ਨੂੰ ਫ਼ਿਲਮ 'ਆਈ ਐੱਮ' ਦੇ ਗੀਤ 'ਅਗਰ ਜ਼ਿੰਦਗੀ' ਲਈ 'ਨੈਸ਼ਨਲ ਫ਼ਿਲਮ ਐਵਾਰਡ' ਮਿਲ਼ਿਆ। ਉਸ ਨੇ ਪਹਿਲੀ ਵਾਰ 'ਆਮਿਰ' ਲਈ ਸਾਰੇ ਗੀਤ ਲਿਖੇ। ਉਸ ਨੂੰ ਫ਼ਿਲਮ 'ਅਗਨੀਪਥ' ਲਈ ਲਿਖੇ ਗੀਤ 'ਅਭੀ ਮੁਝ ਮੇਂ ਕਹੀਂ' ਲਈ 'ਫ਼ਿਲਮਫੇਅਰ ਐਵਾਰਡ' ਮਿਲਿਆ। ਗੀਤ ਲਿਖਣ ਵਿਚ ਉਸ ਨੂੰ 'ਚੰਨਾ ਮੇਰਿਆ' ਲਈ ਸਭ ਤੋਂ ਵੱਧ (9) ਇਨਾਮ ਮਿਲੇ ਹੋਏ ਹਨ। ਉਹ ਮੰਨਦਾ ਹੈ ਕਿ ਉਸ ਨੂੰ ਗਾਇਕ ਹੋਣ ਦਾ ਫ਼ਾਇਦਾ, ਬਣੀ ਹੋਈ ਤਰਜ਼ ਉੱਤੇ ਗੀਤ ਲਿਖਣ ਵਿਚ ਹੋਇਆ ਕਿਉਂ ਕਿ ਉਹ, ਹਰ ਲਾਈਨ, ਦਿੱਤੀ ਹੋਈ ਤਰਜ਼ ਉੱਤੇ ਗਾ-ਗਾ ਕੇ ਲਿਖਦਾ ਸੀ। ਉਹ 'ਦੰਗਲ', 'ਕਹਾਨੀ ੨', 'ਆਮਿਰ', 'ਏਜੰਟ ਵਿਨੋਦ', 'ਲੁਟੇਰਾ' ਅਤੇ 'ਚੇਨਈ ਐਕਸਪ੍ਰੈੱਸ' ਸਮੇਤ ਬਹੁਤ ਸਾਰੀਆਂ ਫ਼ਿਲਮਾਂ ਦੇ ਗੀਤ ਲਿਖ ਚੁੱਕਾ ਹੈ ਤੇ ਹੁਣ ਉਸ ਕੋਲ ਇੰਟਰਵਿਊ ਦੇਣ ਦਾ ਤਾਂ ਕੀ, ਮਰਨ ਦਾ ਵੀ ਵਿਹਲ ਨਹੀਂ ਹੈ। ਓਦਾਂ ਹੁਣ ਉਸ ਨੇ ਮਰਨਾ ਵੀ ਨਹੀਂ ਹੈ ਕਿਉਂ ਕਿ ਉਸ ਨੇ ਵੱਖਰੀ ਕਿਸਮ ਦੇ ਗੀਤ ਲਿਖਣੇ ਹਨ ਅਤੇ ਬਹੁਤ ਦੂਰ ਤਕ ਜਾਣਾ ਹੈ।#
