ਸ਼ਬਦੰਗਲ-84

  ਕੁਦਰਤ ਨਗਰ ਵਸਿਆ ਦੇਖਣ ਦੀ ਰੀਝ ਲੈ
  ਕੇ ਹੀ ਤੁਰ ਗਿਆ ਗੁਰਚਰਨ ਰਾਮਪੁਰੀ
  ========================

    ਕੈਨੇਡਾ ਪੁੱਜਣ ਮਗਰੋਂ ਪੂਰੀਆਂ ਕਰਨ ਵਾਲ਼ੀਆਂ ਰੀਝਾਂ ਵਿਚੋਂ ਇਕ ਰੀਝ, ਪੰਜਾਬੀ ਸ਼ਾਇਰ ਗੁਰਚਰਨ ਰਾਮਪੁਰੀ ਦੇ 'ਦਰਸ਼ਨ ਕਰਨਾ' ਵੀ ਸੀ। ਮੈਂ ਆਪਣੀ ਇਹ ਰੀਝ ਬਾਰੇ ਆਪਣੇ ਚਿੱਤਰਕਾਰ ਮਿੱਤਰ ਜਰਨੈਲ ਸਿੰਘ ਨੂੰ ਦੱਸੀ ਹੋਈ ਸੀ। ਜਰਨੈਲ ਸਿੰਘ ਨੇ ਗੁਰਚਰਨ ਰਾਮਪੁਰੀ ਦੀ ਇਕ ਤਸਵੀਰ ਬਣਾਈ ਹੋਈ ਸੀ, ਜੋ ਉਸ ਵੱਲੋਂ ਲਗਾਈ ਹੋਈ ਇਕ ਨੁਮਾਇਸ਼ ਵਿਚ ਸਜਾਈ ਹੋਈ ਸੀ। ਮੈਂ ਉਸ ਤਸਵੀਰ ਵਿਚ ਕਾਫੀ ਦਿਲਚਸਪੀ ਦਿਖਾਈ ਤਾਂ ਜਰਨੈਲ ਸਿੰਘ ਨੇ ਦੱਸਿਆ ਕਿ ਉਹ, ਗੁਰਚਰਨ ਰਾਮਪੁਰੀ ਦੀ ਹੈ। ਉਸ ਵੇਲ਼ੇ ਹੀ ਮੈਂ 'ਰਾਮਪੁਰੀ ਜੀ' ਨੂੰ ਮਿਲਣ ਦੀ ਇੱਛਾ ਜਰਨੈਲ ਸਿੰਘ ਅੱਗੇ ਜ਼ਾਹਰ ਕਰ ਦਿੱਤੀ ਸੀ। 
    ਜਰਨੈਲ ਸਿੰਘ ਨੇ ਮੈਨੂੰ ਦੱਸਿਆ ਸੀ ਕਿ 'ਰਾਮਪੁਰੀ ਜੀ' ਤੁਰਨ-ਫਿਰਨ ਦੀ ਹਾਲਤ ਵਿਚ ਨਹੀਂ ਹਨ ਤੇ ਉਹ, ਘਰ ਵਿਚ ਵੀ ਵੀਲਚੇਅਰ ਉੱਤੇ ਹੀ ਹੁੰਦੇ ਹਨ। ਫਿਰ ਇਕ ਦਿਨ ਜਰਨੈਲ ਸਿੰਘ ਦਾ ਫੋਨ ਆ ਗਿਆ ਕਿ ਉਹ ਤਸਵੀਰ, 'ਰਾਮਪੁਰੀ ਜੀ' ਨੂੰ ਦੇਣ ਜਾਣਾ ਹੈ ਤੇ ਮੈਂ ਵੀ ਨਾਲ਼ ਜਾਣ ਲਈ ਉਨ੍ਹਾਂ ਦੇ ਸਟੁਡੀਓ ਪਹੁੰਚ ਜਾਵਾਂ। ਮੈਂ, ਜਰਨੈਲ ਸਿੰਘ ਸੇਖਾ ਅਤੇ ਜੋਗਿੰਦਰ ਸ਼ਮਸ਼ੇਰ, ਜਰਨੈਲ਼ ਸਿੰਘ ਦੀ ਕਾਰ ਵਿਚ ਬੈਠ ਕੇ 'ਰਾਮਪੁਰੀ ਜੀ' ਦੇ ਘਰ ਨੂੰ ਚੱਲ ਪਏ। ਮੈਂ, ਉਨ੍ਹਾਂ ਦੇ ਘਰ ਨੂੰ ਜਾਂਦਿਆਂ, ਰਾਹ ਵਿਚ ਉਨ੍ਹਾਂ ਦੇ ਕਈ ਅਕਸ ਆਪਣੇ ਮਨ ਵਿਚ ਕਿਆਸੇ। ਇਸ ਦੌਰਾਨ ਹੀ ਮੈਂ ਉਨ੍ਹਾਂ ਦੇ ਕਈ ਸ਼ਿਅਰਾਂ ਦੀ ਜੁਗਾਲ਼ੀ ਵੀ ਕੀਤੀ:
          ਇਸ਼ਕ ਠੋਕਰ ਤੇ ਮੁਸਕਰਾਉਂਦਾ ਹੈ।
          ਤਾਰਾ ਟੁੱਟਦਾ ਵੀ ਜਗਮਗਾਉਂਦਾ ਹੈ।

          ਹਿਜਰ ਦੀ ਰਾਤ ਨੀਂਦ ਕਦ ਔਂਦੀ,
          ਵਸਲ ਦੀ ਰਾਤ ਕੌਣ ਸੌਂਦਾ ਹੈ।

          ਤੇਰਾ ਗ਼ਮ ਹੀ ਨਿਭਾਏ ਸਾਥ ਮਿਰਾ,
          ਕੌਣ ਦੁੱਖਾਂ 'ਚ ਕੋਲ਼ ਆਉਂਦਾ ਹੈ।

          ਮੋਰ ਨੱਚਦੇ ਵੀ ਰੋਈ ਜਾਂਦੇ ਨੇ,
          ਹੰਸ ਮਰਦੇ ਸਮੇਂ ਵੀ ਗੌਂਦਾ ਹੈ।
          ਹੁਸਨ ਵੀ ਭਟਕਦਾ ਹੈ ਇਸ਼ਕ ਲਈ,
          ਚੰਨ ਧਰਤੀ ਦੁਆਲ਼ੇ ਭੌਂਦਾ ਹੈ।

          ਦੇਖ ਬਿਸਮਿਲ ਹੈ ਅੱਜ ਮਸੀਹਾ ਵੀ
          ਆ ਗਿਆ ਅਰਥੀਆਂ ਦਾ ਮੌਸਮ ਹੈ।

          ਕਿਸ ਲਈ ਸੱਯਾਦ ਨੇ ਦਰ ਪਿੰਜਰੇ ਦਾ ਖੋਲ੍ਹਿਆ
          ਮਿਹਰਬਾਨੀ ਓਸ ਦੀ ਖੰਭਾਂ ਨੂੰ ਉਡਣਾ ਭੁੱਲਿਆ।

          ਫਿਰ ਬੁਲਾਇਆ ਤੂੰ ਮਿਰਾ ਮੂੰਹ ਜ਼ਿੰਦਗੀ ਵੱਲ ਹੋ ਗਿਆ
          ਐਨ ਨੇੜੇ ਆਣ ਪਹੁੰਚੀ ਮੌਤ ਨੂੰ ਮੈਂ ਮੋੜਿਆ।

          ਜਜ਼ਬੇ 'ਚ ਹੋਵੇ ਜਾਨ ਤਾਂ ਘੜਿਆਂ ਦੀ ਲੋੜ ਕੀ
          ਹਿੱਕ ਆਸਰੇ ਹੀ ਪਾਰਲੇ ਕੰਢੇ ਨੂੰ ਜਾ ਲਵਾਂ।
    ਇਹ ਤੇ ਉਨ੍ਹਾਂ ਦੇ ਕਈ ਹੋਰ ਸ਼ਿਅਰ ਤੇ ਬੋਲ ਮੇਰੇ ਜ਼ਿਹਨ ਵਿਚ ਆ ਰਹੇ ਸਨ ਕਿ ਜਰਨੈਲ ਸਿੰੰਘ ਦੀ ਕਾਰ ਗੁਰਚਰਨ ਰਾਮਪੁਰੀ ਦੇ ਘਰ ਅੱਗੇ ਜਾ ਰੁਕੀ। 'ਰਾਮਪੁਰੀ ਜੀ' ਨੇ ਬਰਮੂਡਾ ਵਰਗੀ ਲੰਬੀ ਨਿੱਕਰ ਪਾਈ ਹੋਈ ਸੀ ਤੇ ਉਹ ਵੀਲਚੇਅਰ ਉੱਤੇ ਬੈਠੇ ਘੱਟ, 'ਢੇਰੀ ਹੋਏ ਜਿਹੇ' ਜ਼ਿਆਦਾ ਲੱਗੇ। ਉਨ੍ਹਾਂ ਦੀ ਸਰੀਰਕ ਹਾਲਤ ਦੇਖ ਕੇ, ਮੈਂ ਉਨ੍ਹਾਂ ਦੇ ਕਈ ਸ਼ਿਅਰ ਸਾਕਾਰ ਹੋਏ ਦੇਖੇ। ਮੈਨੂੰ ਲੱਗਿਆ ਕਿ 'ਇਸ ਆਦਮੀ ਦੇ ਜਜ਼ਬਿਆਂ ਵਿਚ ਹੀ ਇੰਨੀ ਜਾਨ ਹੈ ਕਿ ਇਹ, ਹਿੱਕ ਆਸਰੇ ਹੀ 'ਝਨਾਅ' ਪਾਰ ਕਰ ਸਕਦਾ' ਹੈ। ਤਾਂ ਹੀ ਇਸ ਦੀ ਨਜ਼ਰ ਵਿਚ 'ਉਹ ਮੋਰ ਨੱਚਦੇ ਰਹਿੰਦੇ ਹਨ, ਜਿਹੜੇ ਨੱਚਦਿਆਂ ਵੀ ਰੋਂਦੇ ਹਨ' ਤੇ ਉਸ ਨੂੰ 'ਉਹ ਹੰਸ ਵੀ ਦਿਸਦਾ ਰਹਿੰਦਾ ਹੈ, ਜਿਹੜਾ ਮਰਦਾ ਵੀ ਗਾਉਂਦਾ' ਹੈ।
    ਮੈਂ ਕਿੰਨਾ ਹੀ ਚਿਰ, ਉਨ੍ਹਾਂ ਨੂੰ ਵੀਲਚੇਅਰ 'ਤੇ ਬੈਠਿਆਂ, ਸਾਡੇ ਨਾਲ਼ ਟਹਿਕ-ਟਹਿਕ ਗੱਲਾਂ ਕਰਦਿਆਂ ਦੇਖਦਾ ਰਿਹਾ। ਮੈਂ ਉਨ੍ਹਾਂ ਦੀ ਇਹ ਹਾਲਤ ਹੋਣ ਦਾ ਸਬੱਬ ਪੁੱਛਿਆ ਤਾਂ ਉਹ ਕਹਿਣ ਲੱਗੇ, "ਹੁਣ ਤਾਂ ਬਹੁਤ ਸਾਲ ਹੋ ਗਏ ਨੇ ਤੇ ਇਉਂ ਹੀ ਰਹਿਣ ਦੀ ਆਦਤ ਜਿਹੀ ਪੈ ਗਈ ਏ। ਮੈਂ ਡਿੱਗ ਪਿਆ ਸਾਂ ਤੇ ਮੇਰੀ ਬਾਂਹ ਟੁੱਟ ਗਈ ਸੀ। ਮੈਂ ਅਜਿਹਾ ਡਿੱਗਿਆ ਕਿ ਬਹੁਤੇ ਲੋਕ ਮੈਨੂੰ 'ਗਿਰਿਆ ਹੋਇਆ' ਹੀ ਸਮਝ ਲਿਆ।" ਇਹ ਕਹਿੰਦਿਆਂ ਉਨ੍ਹਾਂ ਵੱਲੋਂ ਮਾਰੇ ਗਏ ਠਹਾਕੇ ਵਿਚ, ਅਸੀਂ ਵੀ ਸ਼ਾਮਲ ਸਾਂ। ਕਮਾਲ ਹੀ ਸੀ ਕਿ ਬੰਦਾ, ਜੋ ਆਪਣੇ ਦੁੱਖ ਦਾ ਜ਼ਿਕਰ ਵੀ ਲਤੀਫ਼ਾ ਬਣਾ ਕੇ ਕਰਦੈ। 
    "ਇਸ ਤਰ੍ਹਾਂ ਦੀ ਹਾਲਤ ਵਿਚ ਉਦਾਸੀ ਤਾਂ ਹਾਵੀ ਨਹੀਂ ਹੁੰਦੀ?" ਮੈਂ ਗੱਲ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਤੁਰੰਤ ਬੋਲੇ, "ਉਦਾਸੀ ਦੀ ਐਸੀ-ਤੈਸੀ, ਤੁਹਾਡੇ ਵਰਗੇ ਸੱਜਣ ਇਸ ਘਰ ਵਿਚ ਉਦਾਸੀ ਦੇ ਦਾਖ਼ਲੇ ਲਈ ਥਾਂ ਹੀ ਨਹੀਂ ਛੱਡਦੇ। ਜਦੋਂ ਮੇਰੇ ਸੱਜਣ ਮੇਰੇ ਅੰਗ-ਸੰਗ ਹੋਣ ਤਾਂ ਉਦਾਸੀ ਕਿੱਦਾਂ ਆ ਜਾਊ? ਨਾਲ਼ੇ ਊਂ ਵੀ ਉਦਾਸੀ ਦਾ ਇੱਥੇ ਆਉਣਾ ਮਨ੍ਹਾ ਹੈ।"
    ਉਨ੍ਹਾਂ ਦਾ ਸਰੀਰ ਜ਼ਰੂਰ ਲਿਫ਼ਿਆ ਹੋਇਆ ਸੀ, ਉਨ੍ਹਾਂ ਦੀ ਅਵਾਜ਼ ਬੁਲੰਦ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਵੀਲਚੇਅਰ ਸਮੇਤ ਵਾਸ਼ਰੂਮ ਅੰਦਰ ਚਲੇ ਜਾਂਦੇ ਹਨ ਤੇ 'ਸ਼ੇਵ ਕਰਨ' ਸਮੇਤ ਸਾਰਾ ਨ੍ਹਾਉਣ-ਧੋਣ ਆਪ ਹੀ ਕਰਦੇ ਹਨ। ਘਰ ਵਿਚ ਇਕੱਲੇ ਰਹਿਣ ਬਾਰੇ ਅਤੇ ਸੌਦਾ-ਸੁਲਫ਼ ਲਿਆਉਣ ਦੇ ਸਬੰਧ ਵਿਚ ਪੁੱਛਣ 'ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ, ਉਨ੍ਹਾਂ ਲਈ ਰੋਟੀ ਲੈ ਕੇ ਆਉਂਦੇ ਹਨ ਤੇ ਰਸੋਈ ਚਾਹ-ਪਾਣੀ ਦੇ ਸਾਮਾਨ ਨਾਲ਼ ਭਰੀ ਰੱਖਦੇ ਹਨ। ਸਾਡੇ ਲਈ ਉਨ੍ਹ੍ਹਾਂ ਨੇ ਚੰਗੇ ਪਾਣੀ-ਧਾਣੀ ਦਾ ਪ੍ਰਬੰਧ ਕਰਾਇਆ ਹੋਇਆ ਸੀ, ਜਿਸ ਤੋਂ ਲੱਗਦਾ ਸੀ ਕਿ ਜਰਨੈਲ ਸਿੰਘ ਨੇ ਅੱਜ, ਉਨ੍ਹਾਂ ਦੇ ਘਰ ਆਉਣ ਬਾਰੇ ਉਨ੍ਹਾਂ ਨੂੰ ਦੱਸਿਆ ਹੋਇਆ ਸੀ।
    ਉਨ੍ਹਾਂ ਦਾ ਜਨਮ 23 ਜਨਵਰੀ, 1929 ਨੂੰ ਹੋਇਆ ਸੀ ਤੇ ਉਹ, 8 ਅਕਤੂਬਰ, 2018 ਤਕ ਜੀਊਂਦੇ ਰਹੇ। ਉਹ ਆਪਣੇ ਆਖ਼ਰੀ ਸਮੇਂ ਤਕ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੋਕੁਇਟਲਮ ਵਿਚ ਰਹੇ। ਭਾਵੇਂ ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਤਕਰੀਬਨ 60 ਸਾਲ, ਪੰਜਾਬੀ ਵਿਚ ਕਵਿਤਾ ਲਿਖੀ, ਪਰ ਉਹ ਆਖ਼ਰੀ ਸਾਹ ਲੈਣ ਤਕ ਕਾਵਿਕ ਅਮਲ ਵਿਚ ਸਨ। ਆਪਣੀ ਉਮਰ ਦੇ 90ਵੇਂ ਸਾਲ ਵਿਚ ਵੀ 'ਰਾਮਪੁਰੀ ਜੀ' ਲਿਖਦੇ ਰਹੇ। ਉਨ੍ਹਾਂ ਨੇ ਆਖ਼ਰੀ ਸਾਹ ਲੈਣ ਤੋਂ ਪਹਿਲਾਂ ਵੀ ਕੁੱਝ ਲਿਖਿਆ ਸੀ, ਜੋ ਇਸ ਤਰ੍ਹਾਂ ਸੀ,"ਭੁੱਲ ਗਿਆਂ ਘਰ ਵਿਚ ਮਰੀਜ਼ ਵੀ ਹੈ, ਵਾਹ ਓਏ ਮਿਹਰਬਾਨੀ ਤੇਰੀ ਯਾਦ ਸ਼ਕਤੀ।" ਇਹ ਕੋਈ ਸੁਨੇਹਾ ਸੀ, ਉਲਾਂਭਾ ਸੀ ਜਾਂ ਕੋਈ ਸ਼ਿਅਰ ਲਿਖਣ ਦੀ ਮਸ਼ਕ ਸੀ, ਇਹ ਰਾਜ਼ ਉਹ ਆਪਣੇ ਨਾਲ਼ ਹੀ ਲੈ ਗਏ।
    ਉਨ੍ਹਾਂ ਨੇ 'ਕਣਕਾਂ ਦੀ ਖ਼ੁਸ਼ਬੋ', 'ਕੌਲ ਕਰਾਰ', 'ਅੰਨ੍ਹੀਂ ਗਲ਼ੀ', 'ਕੰਚਨੀ', 'ਕਤਲਗਾਹ', 'ਅਗਨਾਰ' ਅਤੇ 'ਕਿਰਨਾਂ ਦਾ ਆਲ੍ਹਣਾ' ਨਾਂ ਦੀਆਂ, ਸ਼ਾਇਰੀ ਦੀਆਂ 7 ਕਿਤਾਬਾਂ ਪੰਜਾਬੀ ਪਾਠਕਾਂ ਨੂੰ ਦਿੱਤੀਆਂ। 'ਦ ਸਰਕਲ ਔਫ਼ ਅਲੂਇਯਨ' (ਭਰਮ ਦਾ ਦਾਇਰਾ) ਸਿਰਲੇਖ ਹੇਠ, ਉਨ੍ਹਾਂ ਦੀਆਂ ਨਜ਼ਮਾਂ ਦਾ ਅੰਗਰੇਜ਼ੀ ਅਨੁਵਾਦ ਵੀ ਕਿਤਾਬੀ ਰੂਪ ਵਿਚ ਛਪਿਆ ਹੋਇਆ ਹੈ। ਇਹ ਕਿਤਾਬ, ਅਮਰੀਕਾ ਵਿਚ ਸਾਨ ਫਰਾਂਸਿਸਕੋ ਦੀ 'ਵੀਵਰਜ਼ ਪ੍ਰੈੱਸ' ਨੇ ਮਈ, 2011ਨੂੰ ਕੱਢੀ ਸੀ। ਇਸ ਵਿਚ ਸ਼ਾਮਲ ਕਵਿਤਾਵਾਂ ਦਾ ਅਨੁਵਾਦ, ਅਮਰਜੀਤ ਸਿੰਘ ਅਤੇ ਜੂਡੀ ਰੇਅ ਨੇ ਕੀਤਾ ਹੋਇਆ ਹੈ। ਇਸ ਕਿਤਾਬ ਦੇ ਸਬੰਧ ਵਿਚ ਚਾਰਲਸ ਜੌਹਨਸਨ ਨੇ ਇਉਂ ਲਿਖਿਆ ਹੋਇਆ ਹੈ, "ਰਾਮਪੁਰੀ ਨੇ ਭਾਵੇਂ ਸਾਡੇ ਨਾਲ਼, ਚਾਹੇ ਤਰਕ ਅਤੇ ਉਮਰ ਵਿਚਾਲੜੇ ਅਨੰਤ ਤਣਾਅ ਦੀ, ਪਿਆਰ ਦੀ, ਭਰਮ ਦੇ ਅਨੁਭਵ ਦੀ, ਵਿਦੇਸ਼ੀ ਅੰਬਰਾਂ ਹੇਠ ਬੀਤਦੇ ਜੀਵਨ ਦੀ, ਸਿਆਸੀ ਭ੍ਰਿਸ਼ਟਾਚਾਰ ਦੀ, ਜਾਂ ਜੰਗ ਦੀ ਵਿਅਰਥਤਾ ਦੀ ਹੀ ਗੱਲ ਕੀਤੀ ਹੋਵੇ, ਉਸ ਦੀਆਂ ਨਜ਼ਮਾਂ ਬੌਧਿਕ ਅਤੇ ਯਾਦ ਰਹਿਣਯੋਗ ਹਨ। ਜ਼ਿੰਦਗੀ ਦੇ ਅਹਿਮ ਅਨੁਭਵਾਂ ਦਾ ਦਾਇਰਾ ਹੀ, ਉਸ ਦਾ 'ਦ ਸਰਕਲ ਔਫ਼ ਅਲੂਇਯਨ' (ਭਰਮ ਦਾ ਦਾਇਰਾ) ਹੈ। ਇਹ ਦਾਇਰਾ, ਬਹੁਤ ਹੀ ਮਹੀਨ ਹੁਨਰ ਨਾਲ਼, ਸੁਹੱਪਣ ਨਾਲ਼ ਅਤੇ ਕਿਤੇ-ਕਿਤੇ, ਪੂਰਬ ਅਤੇ ਪੱਛਮ ਦੇ ਨਾਲ਼-ਨਾਲ਼, ਮਨੁੱਖੀ ਦਿਲ ਦੇ ਬਹੁਤ ਸਾਰੇ ਅੰਗ ਗਾਹ ਚੁੱਕੀ ਵਿਸ਼ਾਲ ਰੂਹ ਦੀ ਉਦਾਸੀ ਨਾਲ਼ ਵਾਹਿਆ ਹੋਇਆ ਹੈ।"
     ਕਹਿੰਦੇ ਨੇ 'ਰਾਮਪੁਰੀ ਜੀ' ਨੇ 1946 ਵਿਚ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ ਤੇ ਉਨ੍ਹਾਂ ਦੀਆਂ ਕਵਿਤਾਵਾਂ ਦਾ ਪਹਿਲਾ ਸੰਗ੍ਰਹਿ 1953 ਵਿਚ ਛਪਿਆ ਸੀ। ਇਸ ਸੰਗ੍ਰਹਿ ਰਾਹੀਂ ਉਨ੍ਹਾਂ ਦੀਆਂ ਨਜ਼ਮਾਂ, ਮਾਸਕੋ ਤਕ ਪੁੱਜ ਗਈਆਂ ਸਨ। ਉਨ੍ਹਾਂ ਦੀਆਂ 12 ਨਜ਼ਮਾਂ, ਰੂਸੀ ਭਾਸ਼ਾ ਵਿਚ ਅਨੁਵਾਦ ਕੀਤੀਆਂ ਗਈਆਂ ਸਨ। ਉਹ ਨਜ਼ਮਾਂ, 'ਸਕੇਤ ਪਬਲਿਸ਼ਿੰਗ ਹਾਊਸ ਔਫ ਆਰਟਿਸਟਿਕ ਲਿਟਰੇਚਰ, ਮਾਸਕੋ' ਵੱਲੋਂ 1957 ਵਿਚ ਪ੍ਰਕਾਸ਼ਤ ਇਕ ਕਾਵਿ-ਸੰਗ੍ਰਹਿ ਵਿਚ ਸ਼ਾਮਲ ਕੀਤੀਆਂ ਗਈਆਂ ਸਨ। 'ਰਾਮਪੁਰੀ ਜੀ' ਉਸ ਵੇਲ਼ੇ, ਉਨ੍ਹਾਂ 5 ਪੰਜਾਬੀ ਕਵੀਆਂ ਵਿਚੋਂ ਸਭ ਤੋਂ ਛੋਟੀ ਉਮਰ ਦੇ ਸਨ, ਜਿਨਾਂ ਦੀਆਂ ਕਵਿਤਾਵਾਂ, ਉਸ ਰੂਸੀ ਕਾਵਿ-ਸੰਗ੍ਰਹਿ ਵਿਚ ਸ਼ਾਮਲ ਕੀਤੀਆਂ ਗਈਆਂ ਸਨ। ਸ਼ਾਮਲ ਕੀਤੇ ਗਏ ਕਵੀਆਂ ਦੀ ਉਮਰ 85 ਤੋਂ 28 ਸਾਲਾਂ ਤਕ ਦੀ ਸੀ। 'ਰਾਮਪੁਰੀ ਜੀ', ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ 'ਬੀਏ ਪਾਸ' ਸਨ। 1964 ਵਿਚ ਉਹ ਕੈਨੇਡਾ ਆ ਗਏ ਤੇ ਉਨ੍ਹਾਂ ਨੇ, ਕੈਨੇਡਾ ਵਿਚ ਰੋਜ਼ੀ ਕਮਾਉਣ ਲਈ ਮਿਉਂਸੀਪਲ ਕਲੱਰਕ, ਕੱਪੜਾ ਵਿਕਰੇਤਾ, ਪੱਤਰਕਾਰ ਅਤੇ ਇਲੈਕਟਰੀਕਲ ਡਰਾਫਟਸਮੈਨ ਵਜੋਂ ਕੰਮ ਕੀਤਾ। ਉਨ੍ਹਾਂ ਨੇ 1953 ਵਿਚ 'ਸਾਹਿਤ ਸਭਾ ਰਾਮਪੁਰ' ਦੀ ਸਥਾਪਨਾ ਕੀਤੀ ਸੀ ਤੇ ਉਹ, ਕੈਨੇਡਾ ਵਿਚ ਵੀ ਕਈ ਲੇਖਕ ਜਥੇਬੰਦੀਆਂ ਦੇ ਬਾਨੀ ਰਹੇ, ਜਿਨ੍ਹਾਂ ਵਿਚੋਂ 'ਪੰਜਾਬੀ ਲੇਖਕ ਫੋਰਮ, ਵੈਨਕੂਵਰ' ਅਤੇ 'ਲੇਖਕ ਯੂਨੀਅਨ, ਕੈਨੇਡਾ' ਦੱਸਣ ਯੋਗ ਹਨ।
     'ਰਾਮਪੁਰੀ ਜੀ' ਦੀਆਂ ਕਵਿਤਾਵਾਂ ਕਈ ਭਾਸ਼ਾਵਾਂ ਵਿਚ ਅਨੁਵਾਦ ਹੀ ਨਹੀਂ ਕੀਤੀਆਂ ਗਈਆਂ, ਉਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਗ਼ਜ਼ਲਾਂ ਅਤੇ ਗੀਤ ਕਈ ਨਾਮੀ ਗਾਇਕਾਂ ਨੇ ਗਾ ਕੇ ਰਿਕਾਰਡ ਵੀ ਕਰਾਏ ਹੋਏ ਹਨ। ਉਨ੍ਹਾਂ ਦੀ ਸਾਹਿੱਤਕ ਕਾਰਗ਼ੁਜ਼ਾਰੀ ਲਈ, ਉਨ੍ਹਾਂ ਨੂੰ ਬਹੁਤ ਸਾਰਾ ਮਾਣ-ਸਨਮਾਨ ਵੀ ਬਹੁਤ ਮਿਲਦਾ ਰਿਹਾ ਹੈ। 2007 ਵਿਚ 'ਪੰਜਾਬੀ ਲੇਖਕ ਫੋਰਮ, ਵੈਨਕੂਵਰ' ਨੇ ਉਨ੍ਹਾਂ ਨੂੰ 'ਲਾਈਫਟਾਈਮ ਅਚੀਵਮੈਂਟ ਐਵਾਰਡ' ਦੇ ਕੇ ਸਨਮਾਨਿਆ ਸੀ। 1997 ਵਿਚ ਉਨ੍ਹਾਂ ਨੂੰ ਲੁਧਿਆਣਾ ਵਿਚ 'ਕੇ. ਐੱਸ. ਧਾਲੀਵਾਲ ਐਵਾਰਡ' ਦਿੱਤਾ ਗਿਆ। 1987 ਵਿਚ ਉਨ੍ਹਾਂ ਨੂੰ ਅਮਰੀਕਾ ਵਿਚ ਯੂਬਾ ਸਿਟੀ ਵਿਚ, 'ਨੰਦ ਲਾਲ ਨੂਰਪੁਰੀ ਐਵਾਰਡ' ਦਿੱਤਾ ਗਿਆ। 1984 ਵਿਚ ਉਨ੍ਹਾਂ ਨੂੰ ਪਟਿਆਲਾ ਵਿਖੇ ਪੰਜਾਬ ਭਾਸ਼ਾ ਵਿਭਾਗ ਨੇ 'ਸ਼੍ਰੋਮਣੀ ਸਾਹਿੱਕਾਰ' ਵਜੋਂ ਸਨਮਾਨਿਆ ਸੀ। 1982 ਵਿਚ ਉਨ੍ਹਾਂ ਨੂੰ ਚੰਡੀਗੜ੍ਹ ਵਿਚ 'ਪੰਜਾਬੀ ਸਾਹਿਤ ਅਕੈਡਮੀ ਇਨਾਮ' ਦਿੱਤਾ ਗਿਆ ਸੀ। 1980 ਵਿਚ ਪੰਜਾਬੀ ਲਿਖਾਰੀ ਸਭਾ, ਰਾਮਪੁਰ ਨੇ ਸਨਮਾਨਿਆ ਸੀ। 2017 ਵਿਚ ਕੈਨੇਡਾ ਵਿਚ, ਸਰੀ ਦੇ ਪੰਜਾਬ ਭਵਨ ਵਿਖੇ ਕਰਾਏ ਗਏ 'ਪੰਜਾਬੀ ਸਾਹਿਤ ਅਤੇ ਸਭਿਅਚਾਰ ਸੰਮੇਲਨ (ਉੱਤਰੀ ਅਮਰੀਕਾ)' ਵਿਚ 'ਰਾਮਪੁਰੀ ਜੀ' ਨੂੰ 'ਉਮਰ ਭਰ ਦੀਆਂ ਪ੍ਰਾਪਤੀਆਂ ਲਈ' ਸਨਮਾਨਿਆ ਗਿਆ ਸੀ।
    90 ਸਾਲਾਂ ਨੂੰ ਢੁੱਕੇ ਹੋਏ 'ਰਾਮਪੁਰੀ ਜੀ' ਅੱਜ ਦੀ ਸੂਚਨਾ ਤਕਨਾਲੋਜੀ ਨਾਲ਼ ਪੂਰੀ ਤਰ੍ਹਾਂ ਇਕ-ਸੁਰ ਸਨ। ਉਨ੍ਹਾਂ ਨੇ ਉਸ ਸੰਖੇਪ ਜਿਹੀ ਮਿਲਣੀ ਵਿਚ ਹੀ ਮੇਰੇ ਕੋਲੋਂ ਮੇਰਾ 'ਈਮੇਲ ਸਿਰਨਾਵਾਂ' ਮੰਗ ਲਿਆ ਤੇ ਉਹ 'ਇਲੈਕਟਰਾਨਿਕੀ ਸਿਸਟਮ' ਰਾਹੀਂ ਮੇਰੇ ਨਾਲ਼ ਜੁੜੇ ਰਹੇ। ਉਨ੍ਹਾਂ ਦੀਆਂ ਈ-ਮੇਲਾਂ ਵਿਚ ਆਈਆਂ ਤੇ ਉਨ੍ਹਾਂ ਦੀਆਂ ਕੁੱਝ ਲਿਖਤਾਂ ਪੜ੍ਹਨ ਦਾ ਮੌਕਾ ਮੈਨੂੰ ਮਿਲਦਾ ਰਿਹਾ ਹੈ। ਉਨ੍ਹਾਂ ਦੇ ਲਿਖੇ ਹੋਏ ਲੇਖ 'ਐ ਮੇਰੇ ਉਜੜੇ ਚਮਨ' ਦਾ ਜ਼ਿਕਰ ਕੀਤੇ ਬਗ਼ੈਰ ਇਹ ਲੇਖ ਪੂਰਾ ਨਹੀਂ ਹੋ ਸਕਣਾ। ਇਹ ਲੇਖ, ਉਨ੍ਹਾਂ ਦੇ ਪਿੰਡ ਰਾਮਪੁਰ ਦੇ ਨੇੜਿਓਂ ਲੰਘਦੀ ਨਹਿਰ ਕੰਢੇ ਸਥਿਤ 'ਨਹਿਰ ਮਹਿਕਮੇ ਦੇ ਬਾਗ਼' ਬਾਰੇ ਹੈ। ਉਹ, ਆਪਣੇ ਪਿੰਡ ਵਿਚ ਰਹਿਣ ਸਮੇਂ, ਹਰ ਐਤਵਾਰ ਉਸ ਬਾਗ਼ ਵਿਚ ਕੁੱਝ ਸਮਾਂ ਬਿਤਾਉਂਦੇ ਹੁੰਦੇ ਸਨ। ਉਸ ਬਾਗ਼ ਵਿਚ 'ਰਾਮਪੁਰੀ ਜੀ' ਨੇ ਕੁਦਰਤ ਨੂੰ ਬਹੁਤ ਨੇੜਿਓਂ ਦੇਖਿਆ। ਉਹ ਬਾਗ਼, ਉਸ ਵੇਲ਼ੇ ਇਕ ਸਦੀ ਤੋਂ ਵੱਧ ਪੁਰਾਣਾ ਸੀ। ਉਸ ਬਾਗ਼ ਵਿਚ ਹੀ ਉਨ੍ਹਾਂ ਨੇ ਕਈ ਨਜ਼ਮਾਂ ਤੇ ਗੀਤ ਲਿਖੇ। ਉਨ੍ਹਾਂ ਨੂੰ, ਉਸ ਬਾਗ਼ ਵਿਚ ਫਿਰਦਿਆਂ ਹੀ ਜੁਆਨੀ ਚੜ੍ਹੀ। ਉਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਨੇ ਉਸ ਬਾਗ਼ ਦੇ ਨਜ਼ਾਰੇ ਮਾਣੇ ਹੋਏ ਹਨ। ਇਕ ਸਮਾਂ ਆਇਆ ਜਦੋਂ ਉਹ ਬਾਗ਼ ਅਤੇ ਉਸ ਦੇ ਨਾਲ਼ ਲੱਗਦਾ ਤਕਰੀਬਨ ਦਸ ਏਕੜ ਰਕਬਾ, ਪੰਜਾਬ ਸਰਕਾਰ ਵੱਲੋਂ ਕੌਡੀਆਂ ਦੇ ਭਾਅ ਵੇਚਣ ਦੀਆਂ ਗੱਲਾਂ ਹੋਣ ਲੱਗੀਆਂ। ਇਸ ਲੇਖ ਰਾਹੀਂ ਉਨ੍ਹਾਂ ਨੇ ਉਹ ਬਾਗ਼ ਅਤੇ ਜ਼ਮੀਨ ਬਚਾਉਣ ਲਈ ਕਈ ਸੁਝਾਅ ਦਿੱਤੇ ਹੋਏ ਹਨ, ਜਿਨ੍ਹਾਂ ਵਿਚੋਂ ਇਕ ਸੁਝਾਅ ਇਸ ਜ਼ਮੀਨ ਉੱਤੇ 'ਕੁਦਰਤ ਨਗਰ' ਵਸਾਉਣ ਬਾਰੇ ਵੀ ਸੀ। ਉਹ ਉਸ ਥਾਂ, ਲਿਖਾਰੀ ਸਭਾ ਰਾਮਪੁਰ ਦਾ ਭਵਨ ਵੀ ਬਣਿਆ ਦੇਖਣਾ ਚਾਹੁੰਦੇ ਸਨ। 'ਰਾਮਪੁਰੀ ਜੀ' ਦੇ ਇਨ੍ਹਾਂ ਸੁਝਾਵਾਂ ਅਤੇ ਰੀਝਾਂ ਵੱਲ ਅਜੇ ਤਕ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ। ਕੋਈ ਜਣਾ, ਇਸ ਬਾਰੇ ਸਰਕਾਰ ਨੂੰ ਚੇਤਾ ਕਰਾਏਗਾ?#